ਇਤਿਹਾਸ ਅਤੇ ਮਿਥਿਹਾਸ ਨੂੰ ਆਧਾਰ ਬਣਾ ਕੇ ਕਮਾਲ ਦੇ ਨਾਵਲ ਅਤੇ ਕਹਾਣੀਆਂ ਦੀ ਰਚਨਾ ਕਰਨ ਵਾਲਾ ਜਿਊੜਾ ਮਨਮੋਹਨ ਬਾਵਾ ਘੁਮੱਕੜ ਵੀ ਹੈ। ਵੱਖ ਵੱਖ ਥਾਂਵਾਂ ਉਸ ਨੇ ਪੈਦਲ, ਸਾਈਕਲ ਉਤੇ ਜਾਂ ਹੋਰ ਸਾਧਨਾਂ ਰਾਹੀਂ ਗਾਹੀਆਂ ਹੋਈਆਂ ਹਨ। ‘ਸਾਧੂ, ਮੰਦਿਰ ਅਤੇ ਸ਼ੇਰ’ ਲੇਖ ਵਿਚ ਉਸ ਨੇ ਰਾਜਸਥਾਨ ਦੇ ਸ਼ਹਿਰ ਅਲਵਰ ਅਤੇ ਇਸ ਦੇ ਨੇੜਲੇ ਇਲਾਕੇ ਦੀ ਯਾਤਰਾ ਬਾਰੇ ਲਿਖਿਆ ਹੈ ਅਤੇ ਉਥੇ ਮਿਲੇ ਲੋਕਾਂ ਦਾ ਹਾਲ ਬਿਆਨ ਕੀਤਾ ਹੈ।
ਉਸ ਦੀ ਇਹ ਰਚਨਾ ਵੀ ਕਿਸੇ ਕਹਾਣੀ ਤੋਂ ਘੱਟ ਨਹੀਂ, ਸਗੋਂ ਕਹਾਣੀ ਵਿਚਲਾ ਸਾਧ ਪਾਤਰ ਮੱਲੋ-ਮੱਲੀ ਧਿਆਨ ਖਿੱਚਦਾ ਹੈ। -ਸੰਪਾਦਕ
ਮਨਮੋਹਨ ਬਾਵਾ
ਦਿੱਲੀ ਤੋਂ 150 ਕਿਲੋਮੀਟਰ ਦੀ ਦੂਰੀ ‘ਤੇ ਦਿੱਲੀ-ਜੈਪੁਰ ਵਾਲੀ ਪੁਰਾਣੀ ਸੜਕ ਉਤੇ ਅਲਵਰ ਉਸ ਵੇਲੇ ਪ੍ਰਾਚੀਨ ਨੁਹਾਰ ਵਾਲਾ ਛੋਟਾ ਜਿਹਾ ਸ਼ਹਿਰ ਹੋਇਆ ਕਰਦਾ ਸੀ, ਜਿਵੇਂ ਨਵੀਂ ਸਭਿਅਤਾ ਦਾ ਇਸ ‘ਤੇ ਕੋਈ ਅਸਰ ਨਾ ਹੋਇਆ ਹੋਵੇ। ਮੈਂ ਗੁਰਦੁਆਰੇ ਵਿਚ ਆਪਣਾ ਸਮਾਨ ਰੱਖ ਕੇ ਅਲਵਰ ਦੀ ਸੈਰ ਕਰਨ ਨਿਕਲ ਪਿਆ ਅਤੇ ਬਾਜ਼ਾਰਾਂ ਵਿਚ ਝਾਕਦੇ ਛੱਜਿਆਂ, ਰੰਗ-ਬਰੰਗੇ ਕੱਪੜੇ ਪਾਈ ਰਾਜਸਥਾਨੀ ਤੀਵੀਆਂ-ਆਦਮੀਆਂ ਅਤੇ ਭਾਂਤ-ਭਾਂਤ ਦੀਆਂ ਵਸਤੂਆਂ ਵਿਕਦੀਆਂ ਵੇਖਦਾ ਰਿਹਾ।
ਅਗਲੀ ਸਵੇਰ ਉਠ ਕੇ ਮੈਂ ਆਪਣੇ ਪਿੱਠੂ ਵਿਚ ਸਮਾਨ ਬੰਨ੍ਹਿਆਂ ਅਤੇ ਗੁਰਦੁਆਰੇ ਦੇ ਭਾਈ ਤੋਂ ‘ਆਟੇ ਪਾੜੇ ਦੇ ਮੰਦਰ’ ਵੱਲ ਜਾਣ ਵਾਲੇ ਰਸਤੇ ਬਾਰੇ ਪੁੱਛਿਆ। ਦੋ ਕੁ ਵਰ੍ਹੇ ਪਹਿਲਾਂ ਹਰਿਦੁਆਰ ਤੋਂ ਬਦਰੀਨਾਥ ਜਾਣ ਵਾਲੇ ਪੈਦਲ ਮਾਰਗ ‘ਤੇ ਤੁਰਦਿਆਂ ਮੇਰੀ ਜਾਣ-ਪਛਾਣ ਇਕ ਸਾਧੂ ਨਾਲ ਹੋ ਗਈ ਸੀ। ਲੰਮਾ ਕੱਦ, ਪਤਲਾ ਚੁਸਤ ਸਰੀਰ, ਉਮਰ ਸੱਤਰ ਕੁ ਸਾਲ, ਮੋਢਿਆਂ ਤੋਂ ਥੱਲੇ ਤੱਕ ਲਮਕਦੇ ਵਾਲ ਅਤੇ ਗਿੱਠ ਕੁ ਲੰਮੀ ਚਿੱਟੀ ਦਾਹੜੀ। ਜੋ ਇਕ ਹੋਰ ਵਿਸ਼ੇਸ਼ਤਾ ਸੀ ਉਸ ਵਿਚ, ਉਹ ਸੀ ਉਸ ਦੇ ਹੱਥ ਵਿਚ ਫੜਿਆ ਹੋਇਆ ਟਕੂਆ। ਇਹ ਜਾਣਨ ਵਿਚ ਵੀ ਮੈਨੂੰ ਕੋਈ ਦੇਰ ਨਹੀਂ ਸੀ ਲੱਗੀ ਕਿ ਉਹ ਸਿੱਖ ਸਾਧ ਹੈ। ਵਿਛੜਨ ਲੱਗਿਆਂ ਉਸ ਮੈਨੂੰ ਆਖਿਆ ਕਿ ਮੈਂ ਉਸ ਦੇ ਅਲਵਰ ਦੇ ਡੇਰੇ ‘ਤੇ ਜ਼ਰੂਰ ਆਵਾਂ।
ਭਾਈ ਜੀ ਉਸ ਸਿੱਖ ਸਾਧ ਨੂੰ ਜਾਣਦੇ ਸਨ ਅਤੇ ਮੈਂ ਉਸ ਤੋਂ ਆਟੇ ਪਾੜੇ ਦੇ ਮੰਦਰ ਜਾਣ ਵਾਲਾ ਰਸਤਾ ਚੰਗੀ ਤਰ੍ਹਾਂ ਪੁੱਛ ਕੇ ਤੁਰ ਪਿਆ। ਅਲਵਰ ਦੀਆਂ ਗਲੀਆਂ, ਝੌਪੜੀਆਂ ਅਤੇ ਫੇਰ ਖੇਤਾਂ ਵਿਚੋਂ ਲੰਘਦੀ ਹੋਈ ਪਗਡੰਡੀ, ਪਥਰੀਲੀ ਘਾਟੀ ਵਿਚੋਂ ਹੋ ਕੇ ਲੰਘਣ ਲੱਗੀ। ਦੋਵੇਂ ਪਾਸੇ ਪਹਾੜ, ਇਸ ਦੀਆਂ ਢਲਾਣਾਂ ਕੰਢੇਦਾਰ ਝਾੜੀਆਂ ਨਾਲ ਢੱਕੀਆਂ ਹੋਈਆਂ, ਸੱਜੇ ਪਾਸੇ ਅਲਵਰ ਦੇ ਕਿਲ੍ਹੇ ਦੀ ਕੰਧ ਦਿਸ ਰਹੀ ਸੀ।
ਦੋ ਕੁ ਘੰਟੇ ਤੁਰਦੇ ਰਹਿਣ ਤੋਂ ਬਾਅਦ ਰੁੱਖਾਂ ਦੇ ਝੁੰਡ ਵਿਚਕਾਰ ਪੁਰਾਣਾ ਜਿਹਾ ਖੂਹ ਦਿਸਿਆ ਅਤੇ ਖੂਹ ਦੇ ਪਿੱਛੇ ਕਰ ਕੇ ਆਟੇ ਪਾੜੇ ਦਾ ਮੰਦਰ। ਮੰਦਰ ਦਾ ਦਰਵਾਜ਼ਾ ਅੱਧਾ ਕੁ ਖੁੱਲ੍ਹਾ ਸੀ। ਬੂਹਾ ਲੰਘਦਿਆਂ ਸੋਚ ਰਿਹਾ ਸਾਂ ਕਿ ਜੇ ਟਕੂਏ ਵਾਲਾ ਸਾਧ ‘ਸੰਪੂਰਨ ਸਿੰਘ’ ਨਾ ਮਿਲਿਆ ਤਾਂ ਕਿਤੇ ਮੁੜ ਦਸ ਕਿਲੋਮੀਟਰ ਵਾਪਸ ਨਾ ਜਾਣਾ ਪਵੇ! ਬੂਹਾ ਲੰਘਦਿਆਂ ਹੀ ਵਿਹੜਾ, ਵਿਚਕਾਰ ਜਿਹੇ ਧੂਣੀ, ਆਲੇ-ਦੁਆਲੇ ਦੋ-ਤਿੰਨ ਕੋਠੜੀਆਂ ਅਤੇ ਨਿੱਕਾ ਜਿਹਾ ਮੰਦਰ।
ਮੰਦਰ ਵਿਚ ਸੁੱਕਾ ਜਿਹਾ, ਕਾਲੇ ਰੰਗ ਦਾ ਸਾਧੂ ਧੂਣੀ ਅੱਗੇ ਬੈਠਾ ਸੀ। ਮੈਂ ‘ਜੈ ਰਾਮ ਜੀ ਕੀ’ ਕਹਿ ਕੇ ਉਸ ਨੂੰ ਸੰਪੂਰਨ ਸਿੰਘ ਬਾਰੇ ਪੁੱਛਿਆ।
“ਬਾਹਰ ਗਿਆ ਹੋਇਆ।” ਉਸ ਨੇ ਉਤਰ ਦਿੱਤਾ।
“ਕਦ ਆਵੇਗਾ?”
“ਕੁਝ ਪਤਾ ਨਹੀਂ, ਰਾਤ ਪੈਣ ਤੱਕ ਆ ਜਾਵੇ ਜਾਂ ਨਾ ਹੀ ਆਵੇ।”
ਮੈਂ ਆਪਣਾ ਸਮਾਨ ਵਰਾਂਡੇ ਜਿਹੇ ਵਿਚ ਰੱਖਿਆ। ਕੁਝ ਦੇਰ ਆਰਾਮ ਕੀਤਾ ਤੇ ਬਾਹਰ ਸੈਰ ਕਰਨ ਲਈ ਤੁਰ ਪਿਆ।
“ਕਿਧਰ ਜਾ ਰਹੇ?” ਸਾਧ ਨੇ ਪੁੱਛਿਆ।
“ਬਾਹਰ ਸੈਰ ਕਰਨ।”
“ਲਗਦਾ, ਪਹਿਲੀ ਵਾਰ ਆਏ ਹੋ।”
“ਹਾਂ, ਕਿਉਂ?”
“ਕੁਝ ਨਹੀਂ। ਬਸ ਜ਼ਰਾ ਕੁ ਅੱਗੇ ਜਾ ਕੇ ਰਾਜੇ ਦੀ ਸ਼ਿਕਾਰਗਾਹ ਸ਼ੁਰੂ ਹੋ ਜਾਂਦੀ ਹੈ। ਸ਼ਿਕਾਰਗਾਹ ਦਾ ਮਤਲਬ ਸਮਝਦੇ ਹੋ?”
“ਹਾਂ, ਸਮਝਦਾ ਹਾਂ।”
“ਠੀਕ ਏ ਫੇਰ।”
ਮੈਂ ਆਪਣੇ ਝੋਲੇ ਵਿਚ ਖੁਖਰੀ ਅਤੇ ਪਾਣੀ ਦੀ ਬੋਤਲ ਰੱਖ ਕੇ ਬਾਹਰ ਨਿਕਲ ਗਿਆ ਅਤੇ ਸ਼ਿਕਾਰਗਾਹ ਵੱਲ ਤੁਰ ਪਿਆ ਜਿਸ ਬਾਰੇ ਸਾਧ ਨੇ ‘ਨਾ ਜਾਣ’ ਦਾ ਸੰਕੇਤ ਕੀਤਾ ਸੀ। ਉਨ੍ਹੀਂ ਦਿਨੀਂ ਮੈਨੂੰ ਯਾਦ ਆ ਰਿਹਾ ਹੈ, ਕਿ ਮੈਂ ਮਾਨਸਿਕ ਤੌਰ ‘ਤੇ ਕਾਫੀ ਦੁਖੀ ਸੀ; ਦੁਖੀ ਅਤੇ ਇਕੱਲਾ ਜਿਹਾ। ਜਦੋਂ ਵੀ ਮੇਰੀ ਮਾਨਸਿਕ ਅਵਸਥਾ ਇਸ ਤਰ੍ਹਾਂ ਦੀ ਹੁੰਦੀ ਸੀ ਤਾਂ ਮੈਂ ਕਿਸੇ ਇਸੇ ਤਰ੍ਹਾਂ ਦੇ ਨਿਰਜਨ ਜਿਹੇ ਇਲਾਕੇ ਵੱਲ ਤੁਰ ਪੈਦਾ ਸਾਂ। ਅਣਜਾਣ ਰਸਤਿਆਂ ‘ਤੇ ਤੁਰਦਿਆਂ ਅਤੇ ਆਪਣੇ ਆਪ ਨੂੰ ਖਤਰਿਆਂ ਵਿਚ ਪਾ ਕੇ ਕੁਝ ਦੇਰ ਲਈ ਸਾਰੇ ਦੁੱਖ ਭੁੱਲ ਜਾਂਦੇ ਸਨ। ਐਡਵੈਂਚਰ ਕਰਨ ਦਾ ਇਹ ਕਰਮ ਵੀ ਖਾਲੀ ਮਨ ਨੂੰ ਭਰਨ ਵਿਚ ਸਹਾਈ ਹੁੰਦਾ ਸੀ। ਡਾਕੂ ਸ਼ੇਰ ਦਾ ਡਰ ਜਾਂ ਭੁੱਖ ਪਿਆਸ ਸਾਧਾਰਨ ਜਿਹੇ ਲੱਗਣ ਲੱਗਦੇ ਸਨ।
ਤਿੰਨ-ਚਾਰ ਘੰਟੇ ਇਧਰ ਉਧਰ ਘੁੰਮਣ ਤੋਂ ਬਅਦ ਮੰਦਰ ਵਿਚ ਵਾਪਸ ਆ ਗਿਆ। ਮੇਰੇ ਚੰਗੇ ਭਾਗ, ਕੁਝ ਦੇਰ ਬਾਅਦ ਹੀ ਟਕੂਏ ਵਾਲਾ ਸਾਧ ਸੰਪੂਰਨ ਸਿੰਘ ਵੀ ਆ ਗਿਆ। ਮੈਨੂੰ ਵੇਖ ਕੇ ਬੜਾ ਪ੍ਰਸੰਨ ਹੋਇਆ। ਹਾਲ-ਚਾਲ ਪੁੱਛਣ ਤੋਂ ਬਾਅਦ ਪੁੱਛਿਆ, “ਬਾਹਰ ਕਿਥੇ ਗਿਆ ਸੀ?”
“ਐਵੇਂ ਸੈਰ ਕਰਨ, ਪਰ ਮੈਂ ਸ਼ਿਕਾਰਗਾਹ ਵੱਲ ਨਹੀਂ ਗਿਆ।” ਮੈਂ ਉਸ ਦਾ ਡਰ ਦੂਰ ਕਰਨ ਖਾਤਰ ਆਖਿਆ। ਉਹ ਰਤਾ ਕੁ ਹੱਸਿਆ ਤੇ ਬੋਲਿਆ, “ਸ਼ੇਰ ਇਹ ਨਹੀਂ ਵੇਖਿਆ ਕਰਦੇ ਕਿ ਸ਼ਿਕਾਰਗਾਹ ਦੀ ਸੀਮਾ ਕਿਥੇ ਖਤਮ ਹੁੰਦੀ ਹੈ।”
ਸੰਪੂਰਨ ਸਿੰਘ ਦੇ ਪਿਛਲੇ ਜੀਵਨ ਬਾਰੇ ਕੁਝ ਮੈਨੂੰ ਪਹਿਲਾਂ ਪਤਾ ਸੀ, ਕੁਝ ਉਸ ਨੇ ਹੁਣ ਦੱਸ ਦਿੱਤਾ: ਪਹਿਲੇ ਵਿਸ਼ਵ ਯੁੱਧ ਵਿਚ ਇਹ ਫੌਜ ਵਿਚ ਭਰਤੀ ਹੋ ਗਿਆ ਸੀ ਅਤੇ ਅਰਬ ਦੇਸ਼ਾਂ ਵਿਚ ਜਰਮਨ ਦੀਆਂ ਫੌਜਾਂ ਨਾਲ ਲੜਾਈ ਵਿਚ ਹਿੱਸਾ ਲੈਂਦਾ ਰਿਹਾ। ਜੰਗ ਖਤਮ ਹੋਣ ਤੋਂ ਬਅਦ ਉਹ ਆਪਣੇ ਬਾਕੀ ਫੌਜੀਆਂ ਨਾਲ ਬਸਰੇ ਤੋਂ ਪਾਣੀ ਦੇ ਜਹਾਜ਼ ਵਿਚ ਬੈਠ ਕੇ ਬੰਬਈ (ਹੁਣ ਮੁੰਬਈ) ਆਣ ਉਤਰਿਆ। ਉਨ੍ਹਾਂ ਦੀ ਪੰਜਾਬ ਜਾਣ ਵਾਲੀ ਸਪੈਸ਼ਲ ਗੱਡੀ ਦੇ ਜਾਣ ਨੂੰ ਹਾਲ ਦੋ ਤਿੰਨ ਦਿਨ ਬਾਕੀ ਸਨ।æææ
“ਇਕ ਸ਼ਾਮ ਮੈਂ ਬੰਬਈ ਦੇ ਸਮੁੰਦਰ ਕੰਢੇ ਸੈਰ ਕਰ ਰਿਹਾ ਸੀ।” ਉਹ ਦੱਸਣ ਲੱਗਾ- “ਮੈਂ ਇਕ ਇਕੱਲੀ ਤੀਵੀਂ ਨੂੰ ਰੇਤ ਵਿਚੋਂ ਨਿਕਲੀ ਚਟਾਨ ਉਤੇ ਬੈਠਿਆਂ ਵੇਖਿਆ। ਮੈਂ ਉਸ ਵੱਲ ਤੱਕਿਆ, ਪਰ ਉਸ ਨੇ ਨਜ਼ਰ ਚੁੱਕ ਕੇ ਮੇਰੇ ਵੱਲ ਨਹੀਂ ਤੱਕਿਆ। ਦੁੱਧ ਵਰਗੀ ਚਿੱਟੀ-ਗੋਰੀ ਇਹ ਕੋਈ ਪਾਰਸੀ ਤੀਵੀਂ ਸੀ। ਲੱਗਦਾ ਸੀ, ਜਿਵੇਂ ਬਹੁਤ ਦੁਖੀ ਹੋਵੇ। ਮੈਂ ਉਸ ਦੇ ਪਿੱਛੇ ਖੜ੍ਹਾ ਹੋ ਕੇ ਉਸ ਵੱਲ ਵੇਖਣ ਲੱਗਾ। ਅਚਾਨਕ ਉਹ ਉਠੀ ਅਤੇ ਸਮੁੰਦਰ ਵਿਚੋਂ ਉਠ ਰਹੀਆਂ ਲਹਿਰਾਂ ਵੱਲ ਦੌੜ ਪਈ। ਮੈਨੂੰ ਲੱਗਿਆ, ਜਿਵੇਂ ਉਹ ਖੁਦਕੁਸ਼ੀ ਕਰਨ ਦੀ ਨੀਅਤ ਨਾਲ ਦੌੜ ਰਹੀ ਹੈ। ਮੈਂ ਉਸ ਦੇ ਪਿੱਛੇ ਦੌੜਿਆ ਅਤੇ ਉਸ ਦੇ ਬਹੁਤ ਡੂੰਘੇ ਪਾਣੀ ਵਿਚ ਜਾਣ ਤੋਂ ਪਹਿਲਾਂ ਹੀ ਉਸ ਨੂੰ ਫੜ ਕੇ ਪਾਣੀ ਤੋਂ ਬਾਹਰ ਲੈ ਆਇਆ। ਬੱਸ ਉਹ ਇਕ ਟੱਕ ਮੇਰੇ ਵੱਲ ਵੇਖੀ ਜਾਏ। ਜੇ ਮੈਂ ਪੁੱਛਾਂ ਤਾਂ ਰੋਈ ਜਾਏ। ਮੇਰੇ ਬਹੁਤ ਪੁੱਛਣ ਤੋਂ ਉਸ ਨੇ ਦੱਸਿਆ ਕਿ ਉਹ ਸੱਚਮੁੱਚ ਮਰਨ ਦੀ ਨੀਅਤ ਨਾਲ ਆਈ ਸੀ ਅਤੇ ਕਿਸੇ ਵੀ ਹਾਲਤ ਵਿਚ ਘਰ ਵਾਪਸ ਨਹੀਂ ਜਾਵੇਗੀ। ਮੇਰੇ ਮਨ ਵਿਚ ਪਤਾ ਨਹੀਂ ਕੀ ਆਇਆ, ਕਿ ਮੈਂ ਉਸ ਨੂੰ ਪੁੱਛਿਆ- ‘ਮੇਰੇ ਨਾਲ ਚਲੇਂਗੀ – ਪੰਜਾਬ?’ ਉਸ ਨੇ ‘ਹਾਂ’ ਵਿਚ ਸਿਰ ਹਿਲਾ ਦਿੱਤਾ। ਮੈਂ ਉਸ ਨੂੰ ਘਰ ਲੈ ਆਇਆ। ਆਦਮਪੁਰ ਦੇ ਲਾਗੇ ਘਰ ਸੀ ਮੇਰਾ। ਦੋ ਵੱਡੇ ਭਰਾ ਭਰਜਾਈਆਂ, ਪਿੰਡ ਦੀਆਂ ਤੀਵੀਆਂ ਉਸ ਗੋਰੀ-ਚਿਟੀ ਪਾਰਸਣ ਨੂੰ ਹੱਥ ਲਾ-ਲਾ ਵੇਖਦੀਆਂ।æææ ਉਹ ਮਾੜੀ ਹੁੰਦੀ ਗਈ ਅਤੇ ਤਿੰਨ ਚਾਰ ਸਾਲ ਬਾਅਦ ਮਰ ਗਈ। ਮੈਨੂੰ ਉਸ ਦੇ ਮਰਨ ਦਾ ਬਹੁਤ ਗਮ ਹੋਇਆ। ਮਨ ਐਸਾ ਖਰਾਬ ਹੋਇਆ ਕਿ ਘਰ ਛੱਡ ਕੇ ਬਾਹਰ ਨਿਕਲ ਗਿਆæææ ਉਸ ਤੋਂ ਬਾਅਦ ਕੁਝ ਵਰ੍ਹੇ ਕਿਸੇ ਟੋਲੀ ਨਾਲ ਮਿਲ ਕੇ ਡਕੈਤੀਆਂ ਕਰਦਾ ਰਿਹਾ, ਫੇਰ ਦਿੱਲੀ ਸਦਰ ਬਜ਼ਾਰ ਵਿਚ ਆ ਕੇ ਚੌਕੀਦਾਰੀ ਦਾ ਕੰਮ ਕਰਨ ਲੱਗਾ ਅਤੇ ਉਸ ਤੋਂ ਬਾਅਦ ਸਾਧ ਹੋ ਕੇ ਇਥੇ ਆ ਡੇਰਾ ਜਮਾਇਆ।”
ਅਗਲੀ ਸਵੇਰ ਮੈਂ ਆਪਣੇ ਪਿੱਠੂ ਵਿਚ ਕੁਝ ਖਾਣ ਪੀਣ ਅਤੇ ਪੇਂਟਿੰਗ ਕਰਨ ਦਾ ਸਮਾਨ ਪਾ ਕੇ ਬਾਹਰ ਨਿਕਲ ਗਿਆ। ਗਿਆਰਾਂ ਕੁ ਵਜੇ ਤੱਕ ਪੇਂਟਿੰਗ ਖਤਮ ਹੋ ਗਈ। ਪੇਂਟਿੰਗ ਕਰਦਿਆਂ ਮੈਂ ਇਕ ਆਦਮੀ ਨੂੰ ਪਹਾੜੀ ਵੱਲ ਚੜ੍ਹਦਿਆਂ ਵੇਖਿਆ ਸੀ। ਮੇਰੇ ਪੁੱਛਣ ‘ਤੇ ਉਸ ਨੇ ਦੱਸਿਆ ਕਿ ਇਸ ਪਹਾੜੀ ਨੂੰ ਪਾਰ ਕਰਨ ਤੋਂ ਬਾਅਦ ਬਹੁਤ ਵੱਡਾ ਸਰੋਵਰ ਆ ਜਾਂਦਾ ਹੈ। ਨਾਮ ਸਿਲੀਸਰ ਝੀਲ ਦੱਸਿਆ। ਇਹ ਵੀ ਦੱਸਿਆ ਕਿ ਜੇ ਉਥੋਂ ਸੜਕੋ-ਸੜਕੀ ਜਾਣ ਹੋਵੇ ਤਾਂ ਪੰਦਰਾਂ-ਵੀਹ ਕਿਲੋਮੀਟਰ ਪੈਂਦੀ ਹੈ। ਪੇਂਟਿੰਗ ਖਤਮ ਕਰਨ ਤੋਂ ਬਾਅਦ ਮੈਂ ਵੀ ਉਸ ਦੀ ਦੱਸੀ ਪਗਡੰਡੀ ਉਤੇ ਤੁਰ ਪਿਆ, ਪਰ ਪਹਾੜੀ ਦਾ ਉਪਰਲਾ ਸਿਰਾ ਜੋ ਥੱਲਿਓਂ ਬਹੁਤ ਨੇੜੇ ਲਗਦਾ ਸੀ, ਜਾਂ ਤਾਂ ਓਨਾ ਨੇੜੇ ਨਹੀਂ ਸੀ, ਜਾਂ ਮੈਂ ਕਿਸੇ ਗਲ਼ਤ ਰਸਤੇ ਪੈ ਗਿਆ ਸਾਂ। ਕੁਝ ਦੇਰ ਬਾਅਦ ਕੰਡਿਆਲੀਆਂ ਝਾੜੀਆਂ ਤੋਂ ਬਚਦਾ ਅਤੇ ਤਿਲਕਣੀਆਂ ਚਟਾਨਾਂ ਤੋਂ ਹੁੰਦਾ ਜਦ ਮੈਂ ਪਹਾੜ ਦੇ ਉਪਰਲੇ ਸਿਰੇ ‘ਤੇ ਪਹੁੰਚਿਆ, ਤਦ ਤੱਕ ਸੂਰਜ ਕਾਫ਼ੀ ਥੱਲੇ ਚਲਾ ਗਿਆ ਸੀ।
ਉਪਰ ਖੜ੍ਹਾ ਹੋ ਕੇ ਪਹਾੜ ਦੀ ਦੂਜੀ ਦਿਸ਼ਾ ਵੱਲ ਤੱਕਿਆ ਤਾਂ ਸਿਲੀਸਰ ਝੀਲ ਖੁਸ਼ਕ ਜੰਗਲਾਂ ਅਤੇ ਪਹਾੜੀ ਢਲਾਣਾਂ ਵਿਚਕਾਰ ਚਾਂਦੀ ਵਾਂਗ ਚਮਕ ਰਹੀ ਸੀ। ਝੀਲ ਉਤੇ ਜਾਣ ਦਾ ਪ੍ਰੋਗਰਾਮ ਕਿਸੇ ਅਗਲੀ ਫੇਰੀ ‘ਤੇ ਛੱਡ ਕੇ ਮੈਂ ਵਾਪਸ ਤੁਰ ਪਿਆ। ਹਾਲੇ ਥੋੜ੍ਹਾ ਜਿਹਾ ਹੀ ਤੁਰਿਆ ਸਾਂ ਕਿ ਮੈਨੂੰ ਲੱਗਿਆ ਜਿਵੇਂ ਅੱਗੇ ਕੋਈ ਵੱਡੇ ਆਕਾਰ ਦੇ ਜੰਗਲੀ ਜਾਨਵਰ ਖੜ੍ਹੇ ਹਨ, ਇਕ ਤੋਂ ਵੱਧ। ਜੰਗਲੀ ਸੂਰ ਸੀ, ਸ਼ੇਰ ਸੀ ਜਾਂ ਲੱਕੜਬੱਗਾ? ਮੈਂ ਕੁਝ ਨਹੀਂ ਜਾਣ ਸਕਿਆ, ਪਰ ਡਰ ਜ਼ਰੂਰ ਗਿਆ। ਕੁਝ ਦੇਰ ਚਟਾਨ ਪਿਛੇ ਲੁਕਿਆ ਬੈਠਾ ਰਿਹਾ, ਚੁੱਪ-ਚਾਪ। ਜਦ ਮੇਰੇ ਰਸਤੇ ਵਿਚ ਪੈਂਦੀਆਂ ਝਾੜੀਆਂ ਵਿਚ ਹਿਲਜੁਲ ਬੰਦ ਨਾ ਹੋਈ ਤਾਂ ਮੈਂ ਪਿਛਲੇ ਪੈਰੀਂ ਉਪਰ ਵੱਲ ਪਰਤ ਪਿਆ।
ਛੇਤੀ ਹੀ ਘੁਸਮੁਸਾ ਹੋ ਗਿਆ। ਹੁਣ ਥੱਲੇ ਵੱਲ ਜਾਣ ਦਾ ਮਤਲਬ ਸੀ, ਰਸਤੇ ਵਿਚ ਹੀ ਕਿਤੇ ਨਪੈ ਜਾਣਾ। ਜੇ ਜੰਗਲੀ ਜਾਨਵਰਾਂ ਦੀ ‘ਖਟ-ਖਟ’ ਨਾ ਹੁੰਦੀ ਤਾਂ ਸ਼ਾਇਦ ਤੁਰ ਹੀ ਪੈਂਦਾ, ਪਰ ਹੁਣ ਮੈਂ ਇਕ ‘ਵਾਚ ਟਾਵਰ’ ਦੇ ਖੰਡਰ ਵਿਚ ਰਾਤ ਬਿਤਾਉਣ ਵਿਚ ਹੀ ਆਪਣਾ ਭਲਾ ਸਮਝਿਆ। ਇਹ ‘ਵਾਚ ਟਾਵਰ’ ਮਕਬਰੇ ਦੇ ਆਕਾਰ ਦਾ ਸੀ, ਫਰਸ਼ ਤਕਰੀਬਨ ਅੱਠ ਫੁੱਟ ਲੰਮਾ ਅਤੇ ਇੰਨਾ ਹੀ ਚੌੜਾ, ਛੱਤ ਵੱਲ ਗੁੰਬਦ। ਅੰਦਰ ਜਾਣ ਵਾਲਾ ਰਸਤਾ ਛੋਟਾ ਜਿਹਾ।
“ਸ਼ੇਰ ਇਹ ਨਹੀਂ ਵੇਖਦੇ ਕਿ ਸ਼ਿਕਾਰਗਾਹ ਦੀ ਸੀਮਾ ਕਿਥੇ ਖ਼ਤਮ ਹੁੰਦੀ ਹੈ।” ਸੰਪੂਰਨ ਸਿੰਘ ਦੀ ਆਖੀ ਗੱਲ ਮੈਨੂੰ ਯਾਦ ਆਉਣ ਲੱਗੀ। ਜੰਗਲੀ ਜਾਨਵਰਾਂ ਤੋਂ ਬਚਾਓ ਲਈ ਮੈਂ ਵਾਚ ਟਾਵਰ ਦੇ ਬੂਹੇ ਸਾਹਮਣੇ ਝਾੜੀਆਂ ਕੱਟ ਕੇ ਰੱਖ ਦਿੱਤੀਆਂ। ਕੁਝ ਸੁੱਕੀਆਂ ਲੱਕੜਾਂ ਇਕੱਠੀਆਂ ਕਰ ਕੇ ਅੱਗ ਬਾਲੀ, ਝੋਲੇ ਵਿਚੋਂ ਪੰਜੀਰੀ ਕੱਢ ਕੇ ਖਾਧੀ, ਪਾਣੀ ਪੀਤਾ, ਖੁਖਰੀ ਹੱਥ ਵਿਚ ਫੜੀ ਅਤੇ ਖੰਡਰ ਦੀ ਕੰਧ ਨਾਲ ਢਾਸਣਾ ਲੈ ਕੇ ਬੈਠ ਗਿਆ। ਕਾਫ਼ੀ ਰਾਤ ਗਏ ਤੱਕ ਜਾਗਦਿਆਂ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ ਸੁਣਦਾ ਜਿਹਾ। ਫੇਰ ਪਤਾ ਨਹੀਂ ਕਦੋਂ ਨੀਂਦ ਆ ਗਈ।
ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕਿਸੇ ਪੰਛੀ ਦੇ ‘ਟਿਊਂ-ਟਿਊਂ’ ਦੀ ਤਿੱਖੀ ਆਵਾਜ਼ ਨਾਲ ਜਾਗ ਖੁੱਲ੍ਹ ਗਈ। ਮੈਂ ਉਠਿਆ, ਰਾਤ ਦੇ ਡਰ ਅਤੇ ਜੰਗਲੀ ਜਾਨਵਰਾਂ ਦੇ ਸੁਫ਼ਨਿਆਂ ਬਾਰੇ ਸੋਚਦਿਆਂ ਆਕੜੀ ਲਈ ਅਤੇ ਬੂਟ ਪਾ ਕੇ ਥੱਲੇ ਵੱਲ ਤੁਰ ਪਿਆ। ਦੁਪਹਿਰ ਤੋਂ ਕੁਝ ਦੇਰ ਪਹਿਲਾਂ ਜਦ ਮੈਂ ਮੰਦਰ ਪਹੁੰਚਿਆ ਤਾਂ ਸੰਪੂਰਨ ਸਿੰਘ ਕਿਤੇ ਗਿਆ ਹੋਇਆ ਸੀ ਅਤੇ ਬਾਜਰੇ ਦੀਆਂ ਮੋਟੀਆਂ ਮੋਟੀਆਂ ਦੋ ਰੋਟੀਆਂ ਮੇਰੇ ਵਾਲੇ ਕਮਰੇ ਵਿਚ ਕੱਪੜੇ ਵਿਚ ਲਪੇਟੀਆਂ ਪਈਆਂ ਸਨ।
ਸਾਧ ਦੇ ਸ਼ਾਮੀਂ ਵਾਪਸ ਆਉਣ ਅਤੇ ਉਸ ਦੇ ਪੁੱਛਣ ‘ਤੇ ਮੈਂ ਆਪਣੀ ਰਾਤ ਬਾਰੇ ਦੱਸਿਆ ਤਾਂ ਉਸ ਨੇ ਬਹੁਤ ਉਤਸੁਕਤਾ ਪ੍ਰਗਟ ਨਹੀਂ ਕੀਤੀ। ਰਾਤ ਕਾਫੀ ਦੇਰ ਤੱਕ ਅਸੀਂ ਦੋਵੇਂ ਗੱਲਾਂ ਕਰਦੇ ਰਹੇ।
ਅੱਧੀ ਕੁ ਰਾਤ ਵੇਲੇ ਮੰਦਰ ਦੇ ਦਰਵਾਜ਼ੇ ‘ਤੇ ਖਟ ਖਟ ਹੋਈ, ਜਿਵੇਂ ਕੋਈ ਦਰਵਾਜ਼ੇ ਉਤੇ ਜ਼ੋਰ ਦੀ ਹੱਥ ਮਾਰ ਰਿਹਾ ਹੋਵੇ। ਨਾਲ ਹੀ ਕਿਸੇ ਦੇ ਪੈਰਾਂ ਅਤੇ ਸਾਹਾਂ ਦੀ ਆਵਾਜ਼, ਪਰ ਦਰਵਾਜ਼ਾ ਕਿਸੇ ਨੇ ਉਠ ਕੇ ਨਾ ਖੋਲ੍ਹਿਆ। ਕਾਫ਼ੀ ਦੇਰ ਆਵਾਜ਼ ਆਉਂਦੀ ਰਹੀ, ਫੇਰ ਬੰਦ ਹੋ ਗਈ। ਸਵੇਰੇ ਉਠ ਕੇ ਮੈਂ ਸੰਪੂਰਨ ਸਿੰਘ ਨੂੰ ਪੁੱਛਿਆ ਕਿ ਰਾਤੀਂ ਕੋਈ ਆ ਕੇ ਬੂਹਾ ਖੜਕਾਉਂਦਾ ਰਿਹਾ, ਤੁਸੀਂ ਖੋਲ੍ਹਿਆ ਕਿਉਂ ਨਹੀਂ? ਸਾਧ ਹੱਸਿਆ ਅਤੇ ਮੇਰਾ ਹੱਥ ਫੜ ਕੇ ਦਰਵਾਜ਼ੇ ਕੋਲ ਲੈ ਗਿਆ ਅਤੇ ਦਰਵਾਜ਼ੇ ਵੱਲ ਇਸ਼ਾਰਾ ਕਰਦਿਆਂ ਬੋਲਿਆ- “ਵੇਖ!”
“ਇਹ ਕੀ ਹੈ?” ਮੈਂ ਦਰਵਾਜ਼ੇ ਉਤੇ ਡੂੰਘੀਆਂ ਝਰੀਟਾਂ ਵੇਖਦਿਆਂ ਪੁੱਛਿਆ।
“ਇਹ ਸ਼ੇਰ ਦੇ ਨੌਂਹਾਂ ਦੇ ਨਿਸ਼ਾਨ ਹਨ। ਕਦੀ ਕਦੀ ਸ਼ੇਰ ਆਉਂਦਾ ਹੈ ਅਤੇ ਦਰਵਾਜ਼ੇ ਉਤੇ ਪੰਜੇ ਮਾਰਦਾ ਹੈ, ਜਿਵੇਂ ਦਰਵਾਜ਼ਾ ਖੋਲ੍ਹਣ ਲਈ ਕਹਿ ਰਿਹਾ ਹੋਵੇ। ਲੋਕੀਂ ਕਹਿੰਦੇ ਹਨ ਕਿ ਮੰਦਰ ਦੇ ਪਹਿਲੇ ਪੁਜਾਰੀ ਨੇ ਮਰਨ ਤੋਂ ਬਾਅਦ ਸ਼ੇਰ ਦਾ ਜਨਮ ਧਾਰ ਲਿਆ ਹੋਇਆ ਹੈ। ਮੈਂ ਵੀ ਇਸ ਨੂੰ ਕਈ ਵਾਰੀ ਵੇਖਿਆ ਹੈ। ਕਿਸੇ ਨੂੰ ਕੁਝ ਨਹੀਂ ਕਹਿੰਦਾæææ।”
ਅੱਜ ਮੈਂ ਸੋਚਦਾ ਹਾਂ ਕਿ ਸੱਚਮੁੱਚ ਉਸ ਸ਼ੇਰ ਵਿਚ ਪੁਜਾਰੀ ਦੀ ਆਤਮਾ ਸੀ? ਜਾਂ ਉਸ ਪਾਰਸੀ ਤੀਵੀਂ ਦੀæææ?