ਸਲਮਾਨ ਖਾਨ ਦਾ ਅਰਸ਼ ਤੇ ਫਰਸ਼

ਜਗਜੀਤ ਸਿੰਘ ਸੇਖੋਂ
ਸਲਮਾਨ ਖਾਨ ਦੀ ਨਵੀਂ ਫਿਲਮ ‘ਟਿਊਬਲਾਈਟ’ ਉਸ ਤਰ੍ਹਾਂ ਨਹੀਂ ਚਮਕ ਸਕੀ ਜਿਸ ਤਰ੍ਹਾਂ ਇਸ ਤੋਂ ਆਸ ਕੀਤੀ ਜਾ ਰਹੀ ਸੀ। ਪਹਿਲੇ ਦਿਨ ਇਸ ਫਿਲਮ ਨੇ 20 ਕਰੋੜ ਦੇ ਕਰੀਬ ਰੁਪਏ ਕਮਾਏ ਜੋ ਫਿਲਮ ਬਣਾਉਣ ਵਾਲਿਆਂ ਦੀ ਆਸ ਨਾਲੋਂ ਕਿਤੇ ਘੱਟ ਸਨ। ਦੂਜੇ ਅਤੇ ਤੀਜੇ ਦਿਨ ਵੀ ਇਹੀ ਹਾਲ ਰਿਹਾ। ਤਿੰਨ ਦਿਨਾਂ ਵਿਚ 100 ਕਰੋੜ ਕਮਾਉਣੇ ਬੱਸ ਸੁਪਨਾ ਹੀ ਰਹਿ ਗਿਆ। ਇਸ ਫਿਲਮ ਨੂੰ ਤਾਂ ਕੁਝ ਫਿਲਮ ਆਲੋਚਕਾਂ ਅਤੇ ਦਰਸ਼ਕਾਂ ਨੇ ਰੱਦ ਹੀ ਕਰ ਸੁੱਟਿਆ ਹੈ;

ਹਾਲਾਂਕਿ ਫਿਲਮ ਦੇ ਹੱਕ ਵਿਚ ਵੀ ਕੁਝ ਆਲੋਚਕਾਂ ਨੇ ਲਿਖਿਆ ਹੈ। ਨੁਕਤਾਚੀਨੀ ਕਰਨ ਵਾਲਿਆਂ ਨੇ ਤਾਂ ਇਥੋਂ ਤੱਕ ਲਿਖ ਦਿੱਤਾ ਹੈ ਕਿ ਇਹ ਫਿਲਮ ਸਿਰਫ਼ ਸਲਮਾਨ ਖਾਨ ਦੇ ਨਾਂ ‘ਤੇ ਹੀ ਕਮਾਈ ਕਰ ਰਹੀ ਹੈ। ਇਸ ਫਿਲਮ ਵਿਚ ਸਲਮਾਨ ਖਾਨ ਦੀ ਅਦਾਕਾਰੀ ਕਿਸੇ ਵੀ ਕੰਮ ਦੀ ਨਹੀਂ।
ਫਿਲਮ ਵਿਚ ਮੁਖ ਨਾਇਕ ਸਲਮਾਨ ਖਾਨ ਨੂੰ ਭੋਲਾ-ਭਾਲਾ ਦਿਖਾਇਆ ਗਿਆ ਹੈ, ਪਰ ਸਲਮਾਨ ਖਾਨ ਇਸ ਕਿਰਦਾਰ ਵਿਚ ਜਾਨ ਫੂਕਣ ਵਿਚ ਅਸਫਲ ਰਿਹਾ ਹੈ। ਉਂਜ ਵੀ ਜਦੋਂ 50 ਸਾਲਾਂ ਦਾ ਸਲਮਾਨ 20 ਸਾਲ ਦੇ ਮੁੰਡੇ ਦਾ ਕਿਰਦਾਰ ਨਿਭਾਏਗਾ ਤਾਂ ਇਸ ਤਰ੍ਹਾਂ ਹੀ ਹੋਣਾ ਸੀ। ਇਸ ਫਿਲਮ ਦੀ ਕਹਾਣੀ 1962 ਵਾਲੀ ਚੀਨ ਤੇ ਭਾਰਤ ਜੰਗ ਦੁਆਲੇ ਬੁਣੀ ਗਈ ਹੈ। ਉਂਜ ਇਹ ਫਿਲਮ ਪਹਿਲਾਂ ਬਣੀ ਹਾਲੀਵੁੱਡ ਫਿਲਮ ‘ਲਿਟਲ ਬੁਆਏ’ ਦੀ ਹੀ ਕਾਪੀ ਹੈ। ‘ਲਿਟਲ ਬੁਆਏ’ 2015 ਵਿਚ ਬਣਾਈ ਗਈ ਸੀ ਅਤੇ ਇਸ ਦੀ ਕਹਾਣੀ ਅੱਠ ਸਾਲ ਦੇ ਮੁੰਡੇ ‘ਤੇ ਆਧਾਰਤ ਹੈ। ‘ਟਿਊਬਲਾਈਟ’ ਵਿਚ ਵੀ ਮੁੰਡੇ ਵਾਲਾ ਕਿਰਦਾਰ ਪਾਇਆ ਗਿਆ ਹੈ, ਪਰ ਮੁਖ ਕਹਾਣੀ ਸਲਮਾਨ ਖਾਨ ਵਾਲੇ ਕਿਰਦਾਰ ਦੁਆਲੇ ਹੀ ਘੁੰਮਦੀ ਹੈ। ਫਿਲਮ ਦੀ ਘੱਟ ਕਮਾਈ ਤੋਂ ਸਲਮਾਨ ਖਾਨ ਔਖਾ ਤਾਂ ਹੋਇਆ ਹੈ, ਪਰ ਉਸ ਨੇ ਸਬਰ ਦਾ ਘੁੱਟ ਭਰਦਿਆਂ ਇਹੀ ਕਿਹਾ ਹੈ ਕਿ ਫਿਲਮ ਨੇ ਉਸ ਦੀ ਆਸ ਤੋਂ ਵੱਧ ਕਮਾਈ ਕੀਤੀ ਹੈ। ਵਾਪਰਕ ਨੁਕਤੇ ਤੋਂ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ 300 ਕਰੋੜ ਰੁਪਏ ਦੇ ਕਰੀਬ ਕਮਾਈ ਕਰ ਸਕੇਗੀ, ਜਦਕਿ ਇਸ ਦਾ ਬਜਟ 100 ਕਰੋੜ ਰੁਪਏ ਦਾ ਸੀ। ਉਂਜ ਵੀ ‘ਬਾਹੂਬਲੀ’ ਅਤੇ ‘ਦੰਗਲ’ ਵਰਗੀਆਂ ਫਿਲਮਾਂ ਜਦੋਂ 2000 ਕਰੋੜ ਰੁਪਏ ਤੱਕ ਦੀ ਕਮਾਈ ਕਰ ਚੁੱਕੀਆਂ ਹਨ ਤਾਂ ਸਲਮਾਨ ਖ਼ਾਨ ਦੀ ਫਿਲਮ ਦੀ ਇੰਨੀ ਘੱਟ ਕਮਾਈ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਬਹੁਤ ਪ੍ਰੇਸ਼ਾਨ ਕਰ ਰਹੀ ਹੈ। ਹੁਣ ਤਾਂ ਇਸ ਫਿਲਮ ਨਾਲ ਸਲਮਾਨ ਖਾਨ ਦੀ ਅਦਾਕਾਰੀ ਉਤੇ ਵੀ ਸਵਾਲ ਖੜ੍ਹਾ ਹੋ ਗਿਆ ਹੈ। ਉਹ ਆਪਣੇ ਕਿਰਦਾਰ ਨਾਲ ਨਿਆਂ ਨਹੀਂ ਕਰ ਸਕਿਆ ਹੈ।