ਸਾਧੂ ਫੈਸਲਾ ਕਰਨਗੇ ਕੌਣ ਹੋਵੇ ਭਾਰਤ ਦਾ ਪ੍ਰਧਾਨ ਮੰਤਰੀ

-ਜਤਿੰਦਰ ਪਨੂੰ
ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕ-ਰਾਜ ਹੈ, ਸਭ ਤੋਂ ਵਧੀਆ ਭਾਵੇਂ ਨਹੀਂ ਬਣ ਸਕਿਆ। ਇਥੇ ਅਗਲੇ ਸਾਲ ਲੋਕਤੰਤਰ ਦਾ ਮਹਾਂਕੁੰਭ ਹੋਣਾ ਹੈ, ਜਿਸ ਵਿਚ ਸਾਰੇ ਦੇਸ਼ ਦੇ ਲੋਕਾਂ ਨੇ ਮੁਲਕ ਦੀ ਵਾਗਡੋਰ ਅਗਲੇ ਪੰਜ ਸਾਲਾਂ ਲਈ ਕਿਸੇ ਧਿਰ ਨੂੰ ਸੌਂਪਣ ਦਾ ਫਤਵਾ ਦੇਣਾ ਹੈ। ਫਤਵਾ ਦੇਣ ਸਮੇਂ ਕੁਝ ਲੋਕ ਇਹ ਸੋਚਣਗੇ ਕਿ ਉਹ ਇਸ ਮੁਲਕ ਦੀ ਦਿਸ਼ਾ ਤੈਅ ਕਰਨ ਚੱਲੇ ਹਨ, ਕੁਝ ਸੋਚਣਗੇ ਕਿ ਉਨ੍ਹਾਂ ਨੂੰ ਦਿਸ਼ਾ ਦੇ ਨਾਲ ਮਤਲਬ ਨਹੀਂ ਅਤੇ ਉਹ ਤਾਂ ਸਿਰਫ ਇੱਕ ਜਾਂ ਦੂਸਰੀ ਪਾਰਟੀ ਨਾਲ ਵਫਾ ਨਿਭਾਉਣ ਚੱਲੇ ਹਨ ਤੇ ਕੁਝਨਾਂ ਨੂੰ ਸਿਰਫ ਇਹ ਚੇਤਾ ਹੋਵੇਗਾ ਕਿ ਖੜੇ ਹੋਏ ਉਮੀਦਵਾਰਾਂ ਵਿਚੋਂ ਸਾਡੇ ਲਈ ਨਿੱਜੀ ਤੌਰ ਉਤੇ ਫਲਾਣਾ ਚੰਗਾ ਰਹੇਗਾ। ਜਿਹੜੇ ਲੋਕ ਚਾਰ ਨੋਟਾਂ ਪਿੱਛੇ ਵੋਟਾਂ ਵੇਚਣ ਜਾਂ ਨਸ਼ੇ ਦੇ ਲੋਰ ਵਿਚ ਖੂਹ ਵਿਚ ਵੀ ਡਿੱਗਣ ਨੂੰ ਤਿਆਰ ਹੋ ਜਾਂਦੇ ਹਨ, ਉਨ੍ਹਾਂ ਨੂੰ ਅਸੀਂ ਕਿਸੇ ਵੀ ਖਾਤੇ ਵਿਚ ਨਹੀਂ ਗਿਣ ਰਹੇ। ਥਾਲੀ ਦਾ ਬਤਾਊਂ ਜਿੱਧਰ ਨੀਵਾਣ ਹੋਈ, ਉਧਰ ਨੂੰ ਰਿੜ੍ਹ ਜਾਣਾ ਹੁੰਦਾ ਹੈ।
ਹੁਣ ਜਦੋਂ ਉਸ ਚੋਣ ਵਾਲੇ ਮਹਾਂਕੁੰਭ ਵਿਚ ਸਿਰਫ ਪੰਦਰਾਂ ਮਹੀਨੇ ਰਹਿੰਦੇ ਹਨ, ਦੇਸ਼ ਉਤੇ ਕਬਜ਼ੇ ਦੀ ਦੌੜ ਵਿਚ ਲੱਗੀਆਂ ਧਿਰਾਂ ਆਪੋ ਆਪਣੇ ਦਾਅ ਲੜਾਉਣ ਲਈ ਤਿੱਖਾ ਵਗਣ ਲੱਗੀਆਂ ਹਨ। ਸਭ ਤੋਂ ਤਿੱਖੀ ਭਾਰਤੀ ਜਨਤਾ ਪਾਰਟੀ ਵਗਦੀ ਜਾਪਦੀ ਹੈ, ਪਰ ਉਸ ਇੱਕ ਪਾਰਟੀ ਦੇ ਅੰਦਰ ਕਈ ਪਾਰਟੀਆਂ ਹਨ, ਜਿਨ੍ਹਾਂ ਵਿਚ ਇੱਕ ਦੂਸਰੇ ਦੀ ਲੱਤ ਖਿੱਚਣ ਦਾ ਕੰਮ ਹੋ ਰਿਹਾ ਹੈ। ਜੇ ਸਿਆਸੀ ਪਾਰਟੀਆਂ ਵਿਚੋਂ ਸਭ ਤੋਂ ਤਿੱਖੀ ਭਾਜਪਾ ਵਗਦੀ ਜਾਪਦੀ ਹੈ ਤਾਂ ਇਸ ਦੇ ਅੰਦਰਲੇ ਧੜਿਆਂ ਤੇ ਧਿਰਾਂ ਵਿਚੋਂ ਨਰਿੰਦਰ ਮੋਦੀ ਦਾ ਪੱਖ ਸਭ ਤੋਂ ਵੱਧ ਸਰਗਰਮ ਹੈ। ਪਾਰਟੀ ਦਾ ਕੌਮੀ ਪ੍ਰਧਾਨ ਰਾਜਨਾਥ ਸਿੰਘ ਦੋ ਵਾਰੀ ਇਹ ਗੱਲ ਕਹਿ ਚੁੱਕਾ ਹੈ ਕਿ ‘ਮੈਂ ਆਖਰੀ ਵਾਰ ਕਹਿ ਰਿਹਾ ਹਾਂ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਿਸੇ ਵੀ ਉਮੀਦਵਾਰ ਦੇ ਪੱਖ ਜਾਂ ਵਿਰੋਧ ਵਿਚ ਕੋਈ ਗੱਲ ਕੋਈ ਆਗੂ ਨਹੀਂ ਕਰੇਗਾ’, ਇਸ ਦੇ ਬਾਵਜੂਦ ਜਿਸ ਕੋਲ ਮੀਡੀਏ ਵਾਲੇ ਪੁੱਛਣ ਚਲੇ ਜਾਂਦੇ ਹਨ, ਉਹ ਆਪਣੇ ਮਨ ਦੀ ਗੱਲ ਕਹਿ ਦਿੰਦਾ ਹੈ। ਬਹੁਤਾ ਕਰ ਕੇ ਨਰਿੰਦਰ ਮੋਦੀ ਦੀ ਟੋਲੀ ਇਹ ਕੰਮ ਕਰ ਰਹੀ ਹੈ ਤੇ ਇਸ ਤਰ੍ਹਾਂ ਪਾਰਟੀ ਦਾ ਉਸ ਇੱਕੋ ਬੰਦੇ ਦੇ ਸਾਹਮਣੇ ਬੌਣੀ ਸਾਬਤ ਹੋਣ ਵਾਲਾ ਅਮਲ ਉਸ ਨੂੰ ਭਾਈਬੰਦ ਪਾਰਟੀਆਂ ਦੇ ਆਗੂਆਂ ਉਤੇ ਭਾਰੂ ਕਰਨ ਵੱਲ ਵਧ ਰਿਹਾ ਜਾਪਦਾ ਹੈ।
ਬੀਤੇ ਹਫਤੇ ਇਸ ਵਿਚ ਦੋ ਮੋੜ ਆਏ, ਜਿਨ੍ਹਾਂ ਵਿਚ ਨਰਿੰਦਰ ਮੋਦੀ ਨੂੰ ਉਭਾਰ ਕੇ ਪੇਸ਼ ਕਰਨ ਦਾ ਕੰਮ ਮੀਡੀਏ ਦੇ ਇੱਕ ਖਾਸ ਹਿੱਸੇ ਨੇ ਬੜੀ ਤੇਜ਼ ਸਰਗਰਮੀ ਨਾਲ ਕੀਤਾ ਹੈ। ਮੀਡੀਆ ਇਸ ਹਫਤੇ ਸਿਰਫ ਮੀਡੀਆ ਨਹੀਂ ਰਿਹਾ। ਇਸ ਦਾ ਕਾਰਨ ਜਨਤਾ ਦਲ ਯੂਨਾਈਟਿਡ ਦੇ ਪ੍ਰਧਾਨ ਸ਼ਰਦ ਯਾਦਵ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ। ਸ਼ਰਦ ਯਾਦਵ ਨੇ ਸਾਫ ਕਿਹਾ ਹੈ ਕਿ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਮੁਹਿੰਮ ਦੇ ਪਿੱਛੇ ਭਾਰਤ ਦੇ ਕਾਰਪੋਰੇਟ ਸੈਕਟਰ ਦੀ ਇੱਕ ਖਾਸ ਧਿਰ ਕੰਮ ਕਰ ਰਹੀ ਹੈ। ਮੀਡੀਏ ਦਾ ਜਿਹੜਾ ਹਿੱਸਾ ਇਸ ਵਕਤ ਮੋਦੀ-ਚਾਲੀਸਾ ਪੜ੍ਹ ਰਿਹਾ ਹੈ, ਉਹ ਉਸ ਕਾਰਪੋਰੇਟ ਸੈਕਟਰ ਦੀ ਕ੍ਰਿਪਾ ਨਾਲ ਆਪਣਾ ਹਲਵਾ-ਮੰਡਾ ਵੀ ਕਰ ਰਿਹਾ ਸੁਣੀਂਦਾ ਹੈ।
ਜਿਹੜੀਆਂ ਦੋ ਖਾਸ ਘਟਨਾਵਾਂ ਇਸ ਹਫਤੇ ਵਿਚ ਨਰਿੰਦਰ ਮੋਦੀ ਦੇ ਪੱਖ ਵਿਚ ਹਵਾ ਜ਼ਰਾ ਹੋਰ ਤੇਜ਼ ਕਰਨ ਵਾਲੀਆਂ ਬਣ ਗਈਆਂ, ਉਨ੍ਹਾਂ ਵਿਚੋਂ ਇੱਕ ਤਾਂ ਖੁਦ ਮੋਦੀ ਦਾ ਦਿੱਲੀ ਦੇ ਸ੍ਰੀਰਾਮ ਕਾਲਜ ਵਿਚ ਆ ਕੇ ਭਾਸ਼ਣ ਦੇਣਾ ਸੀ। ਮੋਦੀ ਦਾ ਸਾਰਾ ਭਾਸ਼ਣ ਮੀਡੀਏ ਨੇ ਨਾਲੋ-ਨਾਲ ਵਿਖਾਇਆ, ਜਿਹੜੀ ਆਮ ਗੱਲ ਮੰਨੀ ਜਾ ਸਕਦੀ ਹੈ। ਉਸ ਨੇ ਇੱਕ ਤੋਂ ਵੱਧ ਵਾਰੀ ਇਹੋ ਜਿਹੇ ਭਾਸ਼ਣ ਰਾਹੁਲ ਗਾਂਧੀ ਦੇ ਵੀ ਸੁਣਾਏ ਤੇ ਵਿਖਾਏ ਹੋਏ ਹਨ। ਜਦੋਂ ਮੋਦੀ ਭਾਸ਼ਣ ਦਿੰਦਾ ਪਿਆ ਸੀ ਤਾਂ ਉਸ ਦੇ ਬਾਹਰ ਹੋ ਰਹੇ ਰੋਸ-ਵਿਖਾਵੇ ਵੀ ਮੀਡੀਏ ਨੇ ਵਿਖਾ ਦਿੱਤੇ, ਤਾਂ ਕਿ ਨਿਰਪੱਖਤਾ ਦਾ ਪ੍ਰਭਾਵ ਕਾਇਮ ਰਹੇ, ਪਰ ਇਹ ਕਾਫੀ ਨਹੀਂ ਸੀ। ਭਾਰਤ ਦਾ ਮੀਡੀਆ ਹਰ ਗੱਲ ਵਿਚ ਵਾਲ਼ ਦੀ ਖੱਲ ਲਾਹੁਣ ਤੱਕ ਜਾਂਦਾ ਹੈ, ਪਰ ਨਰਿੰਦਰ ਮੋਦੀ ਦੇ ਭਾਸ਼ਣ ਦੇ ਸਵਾਲ ਉਤੇ ਉਸ ਨੇ ਇਹ ਜਾਣਨ ਦੇ ਬਾਵਜੂਦ ਕਿ ਉਹ ਸਿਰਫ ਝੂਠ ਨੂੰ ਪਰਾਤ ਵਿਚ ਪਾ ਕੇ ਗੁੰਨ੍ਹਣ ਲੱਗਾ ਰਿਹਾ ਹੈ, ਮੀਡੀਏ ਨੇ ਬਹੁਤੀ ਚੀਰ-ਪਾੜ ਨਹੀਂ ਕੀਤੀ।
ਮੋਦੀ ਦਾ ਝੂਠ ਕੀ ਸੀ? ਇਸ ਬਾਰੇ ਤੱਥ ਮੂੰਹੋਂ ਬੋਲਦੇ ਹਨ। ਉਸ ਨੇ ਇੱਕ ਗੱਲ ਇਹ ਕਹੀ ਕਿ ਦਿੱਲੀ ਮੈਟਰੋ ਦੇ ਰੇਲ ਡੱਬੇ ਹੁਣ ਗੁਜਰਾਤ ਵਿਚੋਂ ਬਣ ਕੇ ਆਉਂਦੇ ਹਨ। ਇਹ ਗੱਲ ਗਲਤ ਨਹੀਂ, ਪਰ ਖਾਸ ਵੀ ਨਹੀਂ। ਪੰਜਾਬ ਵਿਚ ਰੇਲ ਕੋਚ ਫੈਕਟਰੀ ਲੱਗੀ ਹੋਈ ਹੈ, ਉਸ ਦੇ ਬਣਾਏ ਡੱਬੇ ਇੱਕ ਦਿੱਲੀ ਸ਼ਹਿਰ ਦੀ ਮੈਟਰੋ ਨਾਲੋਂ ਵੱਧ ਸਾਰੇ ਭਾਰਤ ਦੀ ਰੇਲਵੇ ਵਰਤ ਰਹੀ ਹੈ ਤੇ ਜਦੋਂ ਇਹ ਰੇਲ ਕੋਚ ਫੈਕਟਰੀ ਨਹੀਂ ਸੀ ਲੱਗੀ, ਉਦੋਂ ਕਿਸੇ ਹੋਰ ਥਾਂ ਬਣੇ ਡੱਬੇ ਵਰਤੇ ਜਾਂਦੇ ਸਨ, ਗੱਡੀਆਂ ਡੱਬਿਆਂ ਤੋਂ ਬਗੈਰ ਨਹੀਂ ਸਨ ਚੱਲਦੀਆਂ। ਜੇ ਗੁਜਰਾਤ ਵਿਚ ਮੈਟਰੋ ਰੇਲ ਦੇ ਡੱਬਿਆਂ ਦਾ ਕਾਰਖਾਨਾ ਲੱਗਾ ਹੈ ਤਾਂ ਕਿਸੇ ਹੋਰ ਰਾਜ ਵਿਚ ਕੋਈ ਹੋਰ ਕਾਰਖਾਨਾ ਵੀ ਲੱਗਾ ਹੋਵੇਗਾ। ਇਸ ਤੋਂ ਸਿਵਾ ਸਾਰੀਆਂ ਗੱਲਾਂ ਮੋਦੀ ਨੇ ਗਲਤ ਕਹੀਆਂ। ਮਿਸਾਲ ਵਜੋਂ ਉਸ ਨੇ ਇਹ ਕਹਿ ਦਿੱਤਾ ਕਿ ਅੱਜ ਦਿੱਲੀ ਸ਼ਹਿਰ ਨੂੰ ਦੁੱਧ ਦੀ ਸਪਲਾਈ ਗੁਜਰਾਤ ਤੋਂ ਹੋ ਰਹੀ ਹੈ, ਪਰ ਇਸ ਸਪਲਾਈ ਵਿਚ ਨਰਿੰਦਰ ਮੋਦੀ ਦਾ ਕੀ ਯੋਗਦਾਨ ਹੈ? ਦੁੱਧ ਦੀ ਸਪਲਾਈ ਤਾਂ ਸਾਰੇ ਦੇਸ਼ ਵਿਚ ਦੁੱਧ ਇਨਕਲਾਬ ਦੀ ਮੋਹਰੀ ਮੰਨੀ ਜਾਂਦੀ ਸੰਸਥਾ ‘ਅਮੁਲ’ ਵੱਲੋਂ ਕੀਤੀ ਜਾਂਦੀ ਹੈ, ਜਿਹੜੀ ਗੁਜਰਾਤ ਦੇ ਆਨੰਦ ਸ਼ਹਿਰ ਵਿਚ ਆਨੰਦ ਮਿਲਕ ਯੂਨੀਅਨ ਨਾਲ ਸਬੰਧਤ ਹੈ, ਜਿਸ ਦੇ ਪਹਿਲੇ ਅੱਖਰਾਂ ਤੋਂ ‘ਅਮੁਲ’ ਬਣਿਆ ਹੈ ਤੇ ਉਹ 1946 ਵਿਚ ਬਣੀ ਸੀ, ਜਦ ਕਿ ਨਰਿੰਦਰ ਮੋਦੀ ਦਾ ਆਪਣਾ ਜਨਮ 1950 ਵਿਚ ਹੋਇਆ ਸੀ। ਇਹ ਮਿਸਾਲ ਸਿਰਫ ਨਰਿੰਦਰ ਮੋਦੀ ਦੀ ਹੈ ਕਿ ਉਹ ਆਪਣੇ ਜਨਮ ਤੋਂ ਪਹਿਲਾਂ ਬਣੀ ਸੰਸਥਾ ਦੇ ਕੰਮ ਦਾ ਸਿਹਰਾ ਵੀ ਆਪਣੇ ਉਸ ਰਾਜ ਦੇ ਨਾਂ ਲੈ ਰਿਹਾ ਹੈ, ਜਿਸ ਨੂੰ ਹਾਲੇ ਇੱਕ ਦਹਾਕਾ ਹੋਇਆ ਹੈ।
ਨਰਿੰਦਰ ਮੋਦੀ ਨੇ ਇਹ ਵੀ ਕਹਿ ਦਿੱਤਾ ਕਿ ਗੁਜਰਾਤ ਤੋਂ ਭਿੰਡੀ ਯੂਰਪ ਤੇ ਹੋਰ ਪੱਛਮੀ ਦੇਸ਼ਾਂ ਵੱਲ ਸਪਲਾਈ ਕੀਤੀ ਜਾਂਦੀ ਹੈ, ਪਰ ਇਹ ਗੱਲ ਸੱਚ ਹੁੰਦੇ ਹੋਏ ਵੀ ਉਸ ਦੇ ਬਹੁਤੀ ਪੱਖ ਵਿਚ ਨਹੀਂ ਜਾਂਦੀ। ਸਾਡੇ ਕੋਲ ਭਾਰਤ ਵਿਚ ਭਿੰਡੀ ਦੀ ਪੈਦਾਵਾਰ ਦੇ ਅੰਕੜੇ ਪਏ ਹਨ। ਪਿਛਲੇਰੇ ਸਾਲ ਦੇ ਅੰਕੜਿਆਂ ਮੁਤਾਬਕ ਪੱਛਮੀ ਬੰਗਾਲ ਵਿਚ 839 ਮੀਟਰਿਕ ਟਨ ਭਿੰਡੀ ਹੋਈ, ਬਿਹਾਰ ਵਿਚ 754 ਮੀਟਰਿਕ ਟਨ, ਉੜੀਸਾ ਵਿਚ 651 ਮੀਟਰਿਕ ਟਨ ਤੇ ਗੁਜਰਾਤ ਵਿਚ 466 ਮੀਟਰਿਕ ਟਨ ਭਿੰਡੀ ਹੋਈ ਸੀ। ਪੱਛਮੀ ਬੰਗਾਲ ਵਿਚੋਂ ਭਾਰਤ ਦੀ 18æ48 ਫੀਸਦੀ ਭਿੰਡੀ ਨਿਕਲੀ, ਬਿਹਾਰ ਵਿਚੋਂ 16æ60 ਫੀਸਦੀ, ਉੜੀਸਾ ਵਿਚੋਂ 14æ33 ਫੀਸਦੀ, ਜਦ ਕਿ ਗੁਜਰਾਤ ਵਿਚੋਂ ਸਿਰਫ 10æ26 ਫੀਸਦੀ ਪੈਦਾ ਹੋਈ ਸੀ। ਇਹ ਗੱਲ ਮੀਡੀਆ ਸਾਹਮਣੇ ਨਹੀਂ ਲਿਆਇਆ।
ਸਿਰਫ ਝੂਠ ਗੁੰਨ੍ਹਣ ਦੀ ਗੱਲ ਤਾਂ ਅਸੀਂ ਕਹਿ ਦਿੱਤੀ, ਉਂਜ ਮੁਹਾਵਰਾ ‘ਨਿਰਾ ਲੂਣ’ ਗੁੰਨ੍ਹਣ ਦਾ ਹੈ ਅਤੇ ਮੋਦੀ  ਨੇ ਦਿੱਲੀ ਵਿਚ ਲੂਣ ਵੀ ਗੁੰਨ੍ਹ ਦਿੱਤਾ। ਉਸ ਨੇ ਕਹਿ ਦਿੱਤਾ ਕਿ ਸਾਰਾ ਭਾਰਤ ਗੁਜਰਾਤ ਦਾ ਲੂਣ ਖਾਂਦਾ ਹੈ। ਬਹੁਤ ਬਦਤਮੀਜ਼ੀ ਵਾਲੀ ਇਹ ਗੱਲ ਕਹਿਣ ਸਮੇਂ ਉਸ ਨੂੰ ਇਹ ਵੀ ਚੇਤਾ ਨਾ ਰਿਹਾ ਤੇ ਮੀਡੀਆ ਵੀ ਇਸ ਗੱਲ ਦੀ ਚਰਚਾ ਕਰਨ ਤੋਂ ਪਰਹੇਜ਼ ਕਰ ਗਿਆ ਕਿ ਮਹਾਤਮਾ ਗਾਂਧੀ ਦਾ ਇੱਕ ਸੱਤਿਆਗ੍ਰਹਿ ਸਿਰਫ ਲੂਣ ਦੀ ਪੈਦਾਵਾਰ ਬਾਰੇ ਸੀ ਤੇ ਭਾਰਤ ਦੇ ਲੋਕ ਗੁਜਰਾਤ ਦਾ ਲੂਣ ਉਦੋਂ ਤੋਂ ਖਾਂਦੇ ਹਨ, ਨਰਿੰਦਰ ਮੋਦੀ ਦੇ ਮੁੱਖ ਮੰਤਰੀ ਬਣਨ ਪਿੱਛੋਂ ਨਹੀਂ ਖਾਣ ਲੱਗੇ। ਉਸ ਦੇ ਇਸ ਹਕੀਕਤ ਨੂੰ ਮਿਹਣੇ ਵਾਂਗ ਵਰਤਣ ਪਿੱਛੋਂ ਕੁਝ ਦੂਸਰੇ ਰਾਜਾਂ ਦੇ ਲੋਕ ਵੀ ਇਹੋ ਜਿਹੇ ਕਈ ਮਿਹਣੇ ਦੇ ਸਕਦੇ ਹਨ। ਜੇ ਗੁਜਰਾਤ ਵਿਚ ਲੂਣ ਪੈਦਾ ਹੁੰਦਾ ਹੈ ਤਾਂ ਉਥੇ ਕੁਝ ਚੀਜ਼ਾਂ ਘੱਟ ਵੀ ਹੁੰਦੀਆਂ ਹਨ। ਮਿਸਾਲ ਵਜੋਂ ਪੰਜਾਬ ਵਿਚ ਚਾਵਲ 92,73,000 ਮੀਟਰਿਕ ਟਨ ਪੈਦਾ ਹੋਏ, ਆਂਧਰਾ ਪ੍ਰਦੇਸ਼ ਵਿਚ 44,71,000, ਛੱਤੀਸਗੜ੍ਹ ਵਿਚ 30,69,000, ਉਤਰ ਪ੍ਰਦੇਸ਼ ਵਿਚ 26,23,000 ਤੇ ਹਰਿਆਣੇ ਵਿਚ 18,16,000 ਮੀਟਰਿਕ ਟਨ ਹੋਏ ਸਨ ਤੇ ਗੁਜਰਾਤ ਨੇ ਸਿਰਫ ਦੂਸਰੇ ਰਾਜਾਂ ਤੋਂ ਲੈ ਕੇ ਖਾਧੇ ਸਨ।
ਪੰਜਾਬ ਵਿਚ ਕਣਕ ਵੀ ਉਸੇ ਸਾਲ 1,07,25,000 ਮੀਟਰਿਕ ਟਨ ਹੋਈ ਸੀ, ਉਤਰ ਪ੍ਰਦੇਸ਼ ਵਿਚ 69,24,000 ਅਤੇ ਹਰਿਆਣੇ ਵਿਚ 38,82,000 ਮੀਟਰਿਕ ਟਨ ਹੋਈ ਸੀ। ਕੀ ਕਦੇ ਕਿਸੇ ਨੇ ਇਹ ਕਿਹਾ ਹੈ ਕਿ ਗੁਜਰਾਤ ਅਜੇ ਤੱਕ ਦੂਸਰਿਆਂ ਦਾ ਅੰਨ ਖਾਂਦਾ ਹੈ? ਦੇਸ਼ ਆਪੋ ਵਿਚ ਸਾਂਝ ਰੱਖ ਕੇ ਚੱਲਦੇ ਹਨ, ‘ਮੈਂ ਹੀ ਮੈਂ’ ਦੀ ਸੋਚ ਨਾਲ ਦੇਸ਼ ਵਿਚ ਨਾ ਇੱਕਸੁਰਤਾ ਰਹਿ ਸਕਦੀ ਹੈ ਤੇ ਨਾ ਇਸ ਦੀ ਅਖੰਡਤਾ ਯਕੀਨੀ ਹੋ ਸਕਦੀ ਹੈ। ਮੋਦੀ ਦੇ ਸਿਰ ਵਾਲਾ ਕੀੜਾ ਕਿਸੇ ਹੋਰ ਦੇ ਸਿਰ ਵਿਚ ਵੀ ਭੁੜਕ ਸਕਦਾ ਹੈ।
ਦੂਸਰੀ ਘਟਨਾ ਇਸ ਹਫਤੇ ਕੁੰਭ ਦੇ ਮੇਲੇ ਵਿਚ ਲੱਗੀ ਸੰਤਾਂ ਦੀ ਉਹ ਧਰਮ-ਸੰਸਦ ਹੈ, ਜਿਸ ਵਿਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਉਚੇਚ ਨਾਲ ਕੁਝ ਲੋਕ ਸਰਗਰਮ ਹੋਏ ਰਹੇ ਸਨ। ਉਥੇ ਕੁੰਭ ਦੇ ਮੇਲੇ ਆਏ ਸਾਧਾਂ-ਸੰਤਾਂ ਨੂੰ ਆਪਣੀ ਆਤਮਾ ਦੀ ਮੈਲ ਲਾਹੁਣ ਜਾਂ ਆਪਣੇ ਧਰਮ-ਕਰਮ ਦੇ ਖੇਤਰ ਤੱਕ ਸੀਮਤ ਰਹਿਣਾ ਚਾਹੀਦਾ ਸੀ, ਰਾਜਨੀਤੀ ਦੇ ਅਖਾੜੇ ਵਿਚ ਕਬੱਡੀ ਪਾਉਣ ਦੀ ਕੋਸ਼ਿਸ਼ ਨਹੀਂ ਸੀ ਕਰਨੀ ਚਾਹੀਦੀ। ਪਹਿਲਾਂ ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਸਾਧ-ਸੰਤ ਬਣੇ ਕਿਉਂ ਸਨ? ਇਸ ਲਈ ਕਿ ਉਨ੍ਹਾਂ ਨੂੰ ਦੁਨੀਆਂ ਜਾਂ ਦੁਨੀਆਦਾਰੀ ਦਾ ਮੋਹ ਨਹੀਂ ਸੀ ਰਹਿ ਗਿਆ। ਉਹ ਆਪਣੇ ਆਪ ਨੂੰ ਈਸ਼ਵਰ ਲਈ ਸਮਰਪਤ ਮੰਨਦੇ ਹਨ। ਜੇ ਉਨ੍ਹਾਂ ਦੀਆਂ ਈਸ਼ਵਰ ਨਾਲ ਸਿੱਧੀਆਂ ਤਾਰਾਂ ਵੀ ਜੁੜੀਆਂ ਹੋਣ ਤਾਂ ਅਗਲੇ ਦਿਨ ਉਠ ਕੇ ਮਾਲਾ ਫੇਰਨ ਜੋਗੇ ਉਹ ਗ੍ਰਹਿਸਥੀ ਲੋਕਾਂ ਦੀ ਕਿਰਤ ਨਾਲ ਪੈਦਾ ਹੋਇਆ ਅਨਾਜ ਖਾ ਕੇ ਹੁੰਦੇ ਹਨ। ਕਹਿੰਦੇ ਇਹ ਹਨ ਕਿ ਮਾਲਾ ਫੇਰਨ ਨਾਲ ਮੋਕਸ਼ ਪ੍ਰਾਪਤ ਹੋਵੇਗਾ। ਜਦੋਂ ਮੋਕਸ਼ ਪ੍ਰਾਪਤ ਹੋ ਗਿਆ ਤਾਂ ਕਹਿੰਦੇ ਹਨ ਕਿ ਅਸੀਂ ਚਲੇ ਜਾਵਾਂਗੇ ਤੇ ਗ੍ਰਹਿਸਥੀ ਲੋਕ ਇਥੇ ਬੈਠੇ ਰਹਿ ਜਾਣਗੇ। ਜਿਨ੍ਹਾਂ ਗ੍ਰਹਿਸਥੀਆਂ ਦਾ ਦਿੱਤਾ ਖਾਂਦੇ ਹਨ, ਉਨ੍ਹਾਂ ਨੂੰ ਇਥੇ ਛੱਡ ਕੇ ਆਪ ਇਕੱਲੇ ਸਵਰਗ ਧਾਮ ਚਲੇ ਜਾਣ ਵਾਲੇ ਸਾਧ-ਸੰਤ ਇਮਾਨਦਾਰ ਨਹੀਂ ਕਹੇ ਜਾ ਸਕਦੇ। ਅਸਲੀਅਤ ਇਹ ਹੈ ਕਿ ਸਾਧ-ਸੰਤ ਉਹ ਲੋਕ ਬਣਦੇ ਹਨ, ਜਿਹੜੇ ਆਪਣੇ ਹੱਥੀਂ ਕਿਰਤ ਕਰ ਕੇ ਖਾਣ ਨੂੰ ਤਿਆਰ ਨਹੀਂ ਹੁੰਦੇ ਤੇ ਬੇਗਾਨੀ ਕਿਰਤ ਆਸਰੇ ਸਾਰਾ ਜੀਵਨ ਗੁਜ਼ਾਰਨ ਦੇ ਨਾਲ ਮੁਫਤ ਦਾ ਇੱਜ਼ਤ-ਮਾਣ ਵੀ ਹਾਸਲ ਕਰਨ ਦੀ ਝਾਕ ਰੱਖਦੇ ਹਨ। ਜੇ ਉਹ ਆਮ ਲੋਕਾਂ ਵਾਂਗ ਜੀਵਨ ਵਿਚ ਰਹਿੰਦੇ ਤੇ ਜੀਵਨ ਦੀਆਂ ਔਕੜਾਂ ਦਾ ਸਾਹਮਣਾ ਕੀਤਾ ਹੁੰਦਾ ਤਾਂ ਇਹ ਜਾਣ ਸਕਦੇ ਸਨ ਕਿ ਇਸ ਦੇਸ਼ ਨੂੰ ਤਰੱਕੀ ਵੱਲ ਲਿਜਾਣ ਲਈ ਫਲਾਣੇ ਆਗੂ ਦੀ ਲੋੜ ਹੈ?
ਅਸੀਂ ਇਥੇ ਕਈ ਇਸ ਤਰ੍ਹਾਂ ਦੇ ਸਾਧਾਂ ਨੂੰ ਜਾਣਦੇ ਹਾਂ, ਜਿਹੜੇ ਚਾਰ ਟਕਿਆਂ ਖਾਤਰ ਕਿਸੇ ਬਦਮਾਸ਼ ਨੂੰ ਵੀ ‘ਗੁਰੂ ਮਹਾਰਾਜ ਦੇ ਦਰ-ਘਰ ਦਾ ਸੇਵਕ’ ਆਖ ਕੇ ਅਰਦਾਸ ਕਰ ਦਿੰਦੇ ਹਨ, ਕੁੰਭ ਵਾਲੀ ਧਰਮ-ਸੰਸਦ ਵਿਚ ਐਸ਼ ਦੀ ਜ਼ਿੰਦਗੀ ਲਈ ਕਿਸੇ ਪਾਸੇ ਤੋਂ ਉਨ੍ਹਾਂ ਦੇ ਆਸ਼ਰਮ ਨੂੰ ਚਾਰ ਦਮੜੇ ਵੱਧ ਮਿਲ ਜਾਣ ਕਰ ਕੇ ਇਹੋ ਜਿਹੇ ਫੈਸਲੇ ਕੀਤੇ ਜਾ ਰਹੇ ਹੋਣ ਤਾਂ ਹੈਰਾਨੀ ਨਹੀਂ ਹੋ ਸਕਦੀ। ਅਸੀਂ ਤਾਂ ‘ਸਾਧਾਂ ਨੂੰ ਕੀ ਸਵਾਦਾਂ ਨਾਲ’ ਦੀ ਗੱਲ ਸੁਣੀ ਸੀ, ਇਥੇ ਸਾਧ ਆਪਣੇ ਸਵਾਦ ਨੂੰ ਜ਼ਬਾਨ ਤੋਂ ਵਧਾ ਕੇ ਰਾਜ-ਪ੍ਰੋਹਿਤ ਬਣਨ ਦੇ ਸੁਫਨੇ ਤੱਕ ਲਿਜਾਣ ਲੱਗ ਪਏ ਹਨ।
ਉਂਜ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਇਹ ਪੈਂਤੜਾ ਵੀ ਹੈਰਾਨੀ ਵਾਲਾ ਹੈ ਕਿ ਦੇਸ਼ ਦੇ ਸਾਧੂ-ਸੰਤਾਂ ਨੂੰ ਇਹ ਫੈਸਲਾ ਦੇਣ ਦਾ ਹੱਕ ਹੈ ਕਿ ਇਸ ਦੇਸ਼ ਦਾ ਆਗੂ ਕੌਣ ਹੋਵੇ? ਜੇ ਇੱਕ ਧਰਮ ਵਿਚ ਆਸਥਾ ਵਾਲੇ ਸਾਧੂ-ਸੰਤਾਂ ਨੂੰ ਇਹ ਹੱਕ ਦੇਣਾ ਹੈ ਤਾਂ ਦੂਸਰੇ ਧਰਮਾਂ ਵਾਲਿਆਂ ਨੂੰ ਕਿਉਂ ਨਹੀਂ ਹੋਵੇਗਾ? ਕੱਲ੍ਹ ਨੂੰ ਹਰ ਕੋਈ ਆਪੋ ਆਪਣੇ ਧਰਮ ਦੇ ਚਾਰ ਜਾਂ ਚੌਤੀ ਸੌ ਸਾਧ ਜੋੜ ਕੇ ਫੁਰਮਾਨ ਜਾਰੀ ਕਰ ਦੇਵੇਗਾ ਕਿ ਫਲਾਣਾ ਨਹੀਂ, ਅਸਲ ਵਿਚ ਫਲਾਣਾ ਆਗੂ ਇਸ ਦੇਸ਼ ਦੀ ਅਗਵਾਈ ਲਈ ਚੁਣਿਆ ਜਾਣਾ ਚਾਹੀਦਾ ਹੈ। ਫਿਰ ਕੀ ਅੰਤਲਾ ਫੈਸਲਾ ਇਨ੍ਹਾਂ ਨੂੰ ਸੌਂਪਿਆ ਜਾਣਾ ਚਾਹੀਦਾ ਹੈ? ਇਹ ਗੱਲ ਇਸ ਦੇਸ਼ ਦੇ ਲੋਕਾਂ ਨੂੰ ਹਰਗਿਜ਼ ਨਹੀਂ ਮੰਨਣੀ ਚਾਹੀਦੀ। ਜਿਹੜੇ ਸਾਧਾਂ-ਸੰਤਾਂ ਨੇ ਆਪਣੇ ਟੱਬਰ ਦੇ ਚਾਰ ਜੀਆਂ ਦੀ ਜ਼ਿੰਮੇਵਾਰੀ ਚੁੱਕਣ ਤੋਂ ਡਰ ਕੇ ਜੰਗਲਾਂ ਵਿਚ ਜਾ ਡੇਰਾ ਲਾਇਆ ਜਾਂ ਪਹਾੜਾਂ ਉਤੇ ਜਾ ਚੜ੍ਹੇ ਸੀ, ਉਨ੍ਹਾਂ ਨੂੰ ਇਹੋ ਜਿਹਾ ਕੋਈ ਹੱਕ ਕਿੱਦਾਂ ਦਿੱਤਾ ਜਾ ਸਕਦਾ ਹੈ ਕਿ ਦੇਸ਼ ਦੇ ਲੋਕਾਂ ਨੂੰ ਇਹ ਸੇਧਾਂ ਦੇਣ ਕਿ ਫਲਾਣੇ ਆਗੂ ਨੂੰ ਪ੍ਰਧਾਨ ਮੰਤਰੀ ਬਣਾਓ ਤੇ ਫਲਾਣਾ ਨਾ ਬਣਨ ਦਿਓ। ਜੇ ਭਾਰਤ ਦੇ ਲੋਕ ਇਹੋ ਜਿਹੀਆਂ ਬੇਸੁਰੀਆਂ ਸੁਰਾਂ ਵੱਲ ਧਿਆਨ ਦੇਣ ਤੁਰ ਪਏ ਤਾਂ ਇਹ ਉਨ੍ਹਾਂ ਦੀ ਘੋਰ ਬਦਕਿਸਮਤੀ ਹੋਵੇਗੀ, ਜਿਸ ਨੂੰ ਪੀੜ੍ਹੀਆਂ ਤੱਕ ਭੁਗਤਣਾ ਪਵੇਗਾ।

Be the first to comment

Leave a Reply

Your email address will not be published.