ਸ਼ਿਸਤਾਂ ਹੋਰ ਨਿਸ਼ਾਨੇ ਹੋਰ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਨੀਲਾ ਗਿੱਦੜ?æææਜੀ ਹਾਂ, ਨੀਲਾ ਗਿੱਦੜ! ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਅੱਠਵੀਂ ਤੋਂ ਥੱਲੜੀ ਕਿਸੇ ਜਮਾਤ ਵਿਚ ਲੱਗੀ ਹੋਈ ਪੰਜਾਬੀ ਦੀ ਕਿਤਾਬ ਵਿਚ ਇਸ ਸਿਰਲੇਖ ਵਾਲਾ ਇਕ ਪਾਠ ਹੁੰਦਾ ਸੀ। ਇਹ ਭੇਤ ਤਾਂ ਹਾਲੇ ਤੱਕ ਵੀ ਨਹੀਂ ਖੁੱਲ੍ਹਿਆ ਕਿ ਇਸ ਪਾਠ ਦੇ ਲੇਖਕ ਨੇ ਗਿੱਦੜ ਨੂੰ ਨੀਲੇ ਰੰਗ ਦਾ ਹੀ ਕਿਉਂ ਦਿਖਾਇਆ? ਪੀਲਾ, ਹਰਾ, ਸੰਤਰੀ ਜਾਂ ਕਿਸੇ ਹੋਰ ਰੰਗ ਦਾ ਕਿਉਂ ਨਹੀਂ? ਇਹੋ ਜਿਹੀਆਂ ਸੋਚਾਂ ਤਾਂ ਵੱਡੇ ਹੋਇਆਂ ਨੂੰ ਹੀ ਘੇਰਦੀਆਂ ਹਨ। ਉਦੋਂ ਬਾਲ ਮਨ ਵਿਚ ਇਹੋ ਜਿਹੇ ਗੁੱਝੇ ਸਵਾਲ ਪੈਦਾ ਹੀ ਨਹੀਂ ਸਨ ਹੁੰਦੇ। ਬੱਸ, ਇੰਨੀ ਗੱਲ ਯਾਦ ਹੈ ਕਿ ਅਸੀਂ ਇਹ ਸਬਕ ਵੱਡੇ ਚਾਅ ਨਾਲ ਹੁੱਬ-ਹੁੱਬ ਕੇ ਪੜ੍ਹਦੇ ਹੁੰਦੇ ਸਾਂ। ਇਸ ਲੇਖ ਦੇ ਵਿਚਾਲੇ ਜਿਹੇ ਇਕ ਚਿੱਤਰ ਵੀ ਛਪਿਆ ਹੁੰਦਾ ਸੀ। ਇਸ ਵਿਚ ਧਰਤੀ ‘ਤੇ ਦੱਬੇ ਹੋਏ ਲਲਾਰੀ ਦੇ ਮੱਟ ਵਿਚੋਂ ਅੱਧਾ ਕੁ ਬਾਹਰ ਨੂੰ ਨਿੱਕਲਿਆ ਗਿੱਦੜ ਦਿਖਾਇਆ ਹੁੰਦਾ ਸੀ। ਆਪਣੇ ਆਪ ਨੂੰ ਗੂੜ੍ਹੇ ਨੀਲੇ ਰੰਗ ‘ਚ ਰੰਗਿਆ ਦੇਖ ਕੇ ਗਿੱਦੜ ਦੇ ਮਨ ਵਿਚ ਫਰੇਬ ਆ ਜਾਂਦਾ ਹੈ। ਉਹ ਕਾਹਲੇ ਪੈਰੀਂ ਤੁਰਦਾ ਜੰਗਲ ਵਿਚ ਜਾ ਕੇ ਸਾਰੇ ਜਾਨਵਰਾਂ ਦੇ ਇਕੱਠ ਨੂੰ ਬੜੀ ਟੌਹਰ ਨਾਲ ਸੰਬੋਧਨ ਕਰਦਾ ਹੈ।
ਆਪਣੇ ਨਵੇਂ ਰੂਪ ਦਾ ਰੋਅਬ-ਦਾਬ ਜਮਾਉਣ ਲਈ ਉਹ ਕਿਹੋ ਜਿਹੀਆਂ ਡੀਂਗਾਂ ਮਾਰਦਾ ਹੈ ਅਤੇ ਉਸ ਦੇ ਪਾਖੰਡ ਦਾ ਪਰਦਾਫਾਸ਼ ਕਿਵੇਂ ਹੁੰਦਾ ਹੈ, ਇਹ ਘੁੰਡੀ ਰਤਾ ਕੁ ਠਹਿਰ ਕੇ ਖੋਲ੍ਹਦੇ ਹਾਂ। ਪਹਿਲਾਂ ਉਨ੍ਹਾਂ ਦਿਨਾਂ ਵਿਚ ਹੀ ਪੜ੍ਹੀ-ਸੁਣੀ ਇੱਕ ਹੋਰ ਜੰਗਲੀ ਸਾਖੀ ਦਾ ਵਰਣਨ ਕਰ ਦਿਆਂ, ਜਿਸ ਵਿਚ ਬਘਿਆੜ ਦੀ ਨੰਗੀ ਚਿੱਟੀ ਸੀਨਾ-ਜ਼ੋਰੀ ਦਾ ਜ਼ਿਕਰ ਹੈ।
ਭੁੱਖ ਨਾਲ ਵਿਆਕੁਲ ਹੋਇਆ ਬਘਿਆੜ ਪਾਣੀ ਪੀਣ ਲਈ ਨਦੀ ਕਿਨਾਰੇ ਜਾ ਪਹੁੰਚਿਆ। ਉਸ ਤੋਂ ਥੋੜ੍ਹਾ ਹਟਵਾਂ ਭੇਡ ਦਾ ਲੇਲਾ ਵੀ ਪਾਣੀ ਪੀ ਰਿਹਾ ਸੀ। ਉਹ ਨੂੰ ਦੇਖਦਿਆਂ ਹੀ ਬਘਿਆੜ ਦੀ ਭੁੱਖ ਹੋਰ ਚਮਕ ਪਈ। ਮਾਸਖੋਰਾ ਬਘਿਆੜ ਤਾਂ ਬਿਨ ਪੁੱਛਿਆ ਹੀ ਲੇਲੇ ਨੂੰ ਪਾੜ ਕੇ ਖਾ ਜਾਂਦਾ, ਪਰ ਜਾਪਦਾ ਹੈ ਕਿ ਇਸ ਕਹਾਣੀ ਵਿਚਲਾ ਬਘਿਆੜ ‘ਦੀਨ-ਈਮਾਨ’ ਦੇ ਪ੍ਰਗਟਾਵੇ ਦਾ ਪਾਖੰਡ ਕਰਨ ਵਾਲਾ ਹੋਣੈ। ਇਸੇ ਲਈ ਉਸ ਨੇ ਲੇਲੇ ਨੂੰ ਨਿਗਲਣ ਦਾ ਬਹਾਨਾ ਬਣਾਇਆ, “ਓਏ, ਤੈਨੂੰ ਦੀਂਹਦਾ ਨਹੀਂ, ਮੈਂ ਇਧਰ ਪਾਣੀ ਪੀ ਰਿਹੈਂ, ਤੂੰ ਜੂਠਾ ਕਰੀ ਜਾਨੈ?” ਬਘਿਆੜ ‘ਤਾਂਹ ਨੂੰ ਬੂਥੀ ਚੁੱਕ ਕੇ ਬੋਲਿਆ।
“ਹਜ਼ੂਰ, ਇਹ ਕਿਵੇਂ ਹੋ ਸਕਦਾ ਹੈ? ਪਾਣੀ ਤਾਂ ਤੁਹਾਡੇ ਵੱਲੋਂ ਇਧਰ ਨੂੰ ਵਗ ਰਿਹੈ, ਸਗੋਂ ਤੁਹਾਡਾ ਜੂਠਾ ਮੈਂ ਪੀ ਰਿਹਾਂ!” ਲੇਲਾ ਅਧੀਨਗੀ ਨਾਲ ਬੋਲਿਆ।
ਬਿਨਾਂ ਛਿੱਥੇ ਪਿਆਂ ਮੀਸਣੇ ਬਘਿਆੜ ਨੇ ਨਿਮਾਣੇ ਲੇਲੇ ਸਿਰ ਇਕ ਹੋਰ ਦੋਸ਼ ਮੜ੍ਹ ਦਿੱਤਾ। ਅਖੇ, ਤੂੰ ਪਿਛਲੇ ਸਾਲ ਫਲਾਣੀ ਜਗ੍ਹਾ ਮੈਨੂੰ ਗਾਲਾਂ ਕਿਉਂ ਕੱਢੀਆਂ ਸਨ?”
ਲੇਲੇ ਨੇ ਫਿਰ ਮਾਸੂਮੀਅਤ ਨਾਲ ਜਵਾਬ ਦਿੱਤਾ, “ਤੁਹਾਨੂੰ ਭੁਲੇਖਾ ਲੱਗ ਰਿਹੈ ਸ੍ਰੀ ਮਾਨ! ਤੁਹਾਡੀ ਸ਼ਾਨ ਦੇ ਖ਼ਿਲਾਫ਼ ਬੋਲਣ ਵਾਲਾ ਕੋਈ ਹੋਰ ਹੋਵੇਗਾ; ਕਿਉਂਕਿ ਪਿਛਲੇ ਸਾਲ ਤਾਂ ਮੈਂ ਜੰਮਿਆ ਵੀ ਨਹੀਂ ਸਾਂ।æææਮੇਰੀ ਉਮਰ ਹੀ ਦਸ ਕੁ ਮਹੀਨਿਆਂ ਦੀ ਏ ਹਜ਼ੂਰ ਮਹਾਰਾਜ!!”
“ਤੂੰ ਨਹੀਂ ਤਾਂ ਤੇਰੀ ਮਾਂ ਹੋਵੇਗੀ।” ਤਕੜੇ ਦਾ ਸੱਤੀਂ ਵੀਹੀਂ ਸੌ ਪੂਰਾ ਕਰਨ ਵਾਲੀ ਮੱਕਾਰੀ ਨਾਲ ਖੂਨੀ ਬਘਿਆੜ ਗਰੀਬ ਲੇਲੇ ਉਤੇ ਝਪਟ ਪਿਆ ਅਤੇ ਪਲਾਂ ਛਿਣਾਂ ਵਿਚ ਉਸ ਦੀ ਅਲਖ ਮੁਕਾ ਦਿੱਤੀ।
ਜੰਗਲੀ ਸੱਭਿਆਚਾਰ ਦੀਆਂ ਇਨ੍ਹਾਂ ਲੋਕ ਕਹਾਣੀਆਂ ਦੇ ਨਾਲ ਨਾਲ ਸੱਭਿਅਕ ਸਮਝੇ ਜਾਂਦੇ ਆਪਣੇ ਮਨੁੱਖੀ ਸਮਾਜ ਦੀਆਂ ਲੋਟੂ ਚਲਾਕੀਆਂ ਦਾ ਵੀ ਵੇਰਵਾ ਸੁਣਦੇ ਚੱਲੀਏ। ਕਹਿੰਦੇ ਨੇ, ਕੋਈ ਹੱਟਾ-ਕੱਟਾ ਪੇਂਡੂ ਬੰਦਾ ਦੂਰੋਂ ਪਾਰੋਂ ਛਲਾਰੂ (ਬੱਕਰੀ ਦਾ ਬੱਚਾ) ਖਰੀਦ ਕੇ ਆਪਣੇ ਪਿੰਡ ਨੂੰ ਤੁਰਿਆ ਆ ਰਿਹਾ ਸੀ। ਰਸਤੇ ਵਿਚ ਉਸ ਨੂੰ ਚੋਰ ਟੱਕਰ ਪਏ। ਚੋਰਾਂ ਸੋਚਿਆ ਕਿ ਤਕੜੇ ਜੁੱਸੇ ਵਾਲੇ ਪੇਂਡੂ ਨਾਲ ਧੌਲ-ਧੱਫਾ ਕਰ ਕੇ ਛਲਾਰੂ ਖੋਹਿਆ ਨਹੀਂ ਜਾਣਾ। ਕਿਉਂ ਨਾ ਇਸ ਨੂੰ ਜੁਗਤ ਨਾਲ ਭੌਂਦੂ ਬਣਾ ਕੇ ਲੁੱਟਿਆ ਜਾਵੇ?
ਉਨ੍ਹਾਂ ਨੇ ਸਕੀਮ ਅਨੁਸਾਰ ਪਹਿਲਾਂ ਇਕ ਚੋਰ ਨੂੰ ਭੇਜਿਆ ਜੋ ਕੁੱਛੜ ਛਲਾਰੂ ਚੁੱਕੀ ਜਾ ਰਹੇ ਪੇਂਡੂ ਦੇ ਨਾਲ-ਨਾਲ ਤੁਰ ਪਿਆ। ਮਾੜੀ ਮੋਟੀ ਦੁਆ-ਸਲਾਮ ਕਰ ਕੇ ਚੋਰ ਬੋਲਿਆ, “ਬਾਈ ਕਤੂਰਾ ਬੜਾ ਸੋਹਣਾ ਐ, ਕਿੱਥੋਂ ਲੈ ਕੇ ਆਇਐਂ?”
“ਕਤੂਰਾ?” ਪੇਂਡੂ ਅੱਖਾਂ ਪਾੜ ਕੇ ਨਾਲ ਦੇ ਰਾਹੀ ਵੱਲ ਦੇਖ ਕੇ ਬੋਲਿਆ, “ਦਿਸਦਾ ਨ੍ਹੀਂ? ਇਹ ਕਤੂਰਾ ਨਹੀਂ ਛਲਾਰੂ ਐ, ਜੋ ਬੜੀ ਚੰਗੀ ਨਸਲ ਦਾ ਹੈ। ਪੈਸੇ ਖਰਚ ਕੇ ਲਿਆਇਆਂ ਫਲਾਣੇ ਪਿੰਡੋਂ।”
“ਮੰਨ ਨਾ ਮੰਨ ਭਾਈ, ਮੈਨੂੰ ਤਾਂ ਇਹ ਕਤੂਰਾ ਹੀ ਲਗਦਾ ਹੈ।” ਝੂਠੀ-ਮੂਠੀ ਹੈਰਾਨੀ ਵਾਲਾ ਮੂੰਹ ਬਣਾਉਂਦਿਆਂ ਇੰਨੀ ਗੱਲ ਕਹਿ ਕੇ ਚੋਰ ਛੋਹਲੇ ਪੈਰੀਂ ਆਪਣੇ ਰਾਹ ਲੱਗਾ। ਥੋੜ੍ਹੇ ਚਿਰ ਬਾਅਦ ਦੂਜਾ ਚੋਰ, ਪੇਂਡੂ ਨਾਲ ਆ ਰਲਿਆ। ਉਹ ਬੜੇ ਹੰਮੇ ਨਾਲ ਪੇਂਡੂ ਨੂੰ ਕਹਿਣ ਲੱਗਾ, “ਲਗਦਾ ਐ, ਚੰਗੇ ਈ ਪੈਸੇ ਖਰਚ ਆਇਐਂ ਵੀਰਿਆ ਕਤੂਰੇ ‘ਤੇæææਬੜੀ ਕੀਮਤੀ ਨਸਲ ‘ਚੋਂ ਜਾਪਦੈ?”
ਪਹਿਲੇ ਚੋਰ ਦੀ ਗੱਲ ਸੁਣ ਕੇ ਅੱਧਾ ਕੁ ਸ਼ੱਕੀ ਹੋਇਆ ਪੇਂਡੂ ਪੂਰੇ ਗੜ੍ਹਕੇ ਦੀ ਥਾਂ ਜੀਭ ਜਿਹੀ ਮਲਦਾ ਕਹਿੰਦਾ, “ਭਾਈ ਇਹæææਕæææਤੂæææਰਾ ਤਾਂ ਨਹੀਂ, ਛਲਾਰੂ ਲੈ ਕੇ ਆਇਆਂ।” ਇੰਜ ਕਹਿ ਕੇ ਉਹ ਅੱਖਾਂ ਉਘਾੜ ਉਘਾੜ ਕੇ ਕੁੱਛੜ ਚੁੱਕੇ ਛਲਾਰੂ ਵੱਲ ਦੇਖਣ ਲੱਗ ਪਿਆ। ਉਸ ਦੇ ਵਿਸ਼ਵਾਸ ਨੂੰ ਜਰਬਾਂ ਆ ਗਈਆਂ।
“ਇਮਾਨਦਾਰੀ ਤਾਂ ਖੰਭ ਲਾ ਕੇ ਉਡ ਗਈ ਐ ਸਾਡੇ ਦੇਸ਼ ‘ਚੋਂ”, ਫਰੇਬੀ ਹਾਸੀ ਹੱਸਦਿਆਂ ਦੂਜਾ ਚੋਰ ਪੇਂਡੂ ਨੂੰ ਭੁਚਲਾਉਣ ਲੱਗਿਆ, “ਭੋਲੇ ਪਾਤਸ਼ਾਹਾ, ਤੈਨੂੰ ਕਿਸੇ ਨੇ ਠੱਗ ਲਿਐæææਛਲਾਰੂ ਦੇ ਭੁਲੇਖੇ ਕਤੂਰਾ ਚੁੱਕ ਕੇ ਫੜਾ ‘ਤਾæææਘਰ ਗਏ ਨੂੰ ਤੈਨੂੰ ਗਾਲਾਂ ਪੈਣਗੀਆਂ।” ਪੇਂਡੂ ਦੇ ਮਨ ਵਿਚ ਸ਼ਹੁ ਪਾ ਕੇ ਦੂਜਾ ਚੋਰ ਤੁਰਦਾ ਬਣਿਆ।
ਹੁਣ ਦੁਚਿੱਤੀ ‘ਚ ਪਿਆ ਤੁਰਿਆ ਜਾਂਦਾ ਪੇਂਡੂ ਸ਼ੱਕੀ ਤੇ ਵਹਿਮੀ ਹੋ ਗਿਆ। ਚੋਰਾਂ ਨੇ ਗੱਲਾਂ ਦਾ ਕੜਾਹ ਬਣਾ ਬਣਾ ਕੇ ਉਸ ਦਾ ਐਸਾ ਸਿਰ ਘੁਮਾਇਆ ਕਿ ਉਹ ਨੂੰ ਮਹਿਸੂਸ ਹੋਣ ਲੱਗ ਪਿਆ ਕਿ ਵਾਕਿਆ ਈ ਉਹਦੇ ਨਾਲ ਚਾਰ ਸੌ ਵੀਹ ਹੋ ਗਈ ਲਗਦੀ ਐ! ਦੋ ਬੰਦੇ ਝੂਠ ਥੋੜ੍ਹੀ ਬੋਲ ਸਕਦੇ ਐ। ਇੰਜ ਬਦ-ਹਵਾਸੀ ਦਾ ਸ਼ਿਕਾਰ ਹੋ ਕੇ ਗਿੱਟੀਆਂ ਗਿਣਦਾ ਤੁਰਿਆ ਜਾਂਦਾ ਉਹ ਕੁੱਛੜਲੇ ਛਲਾਰੂ ਵੱਲ ਟੀਰੀ ਨਜ਼ਰ ਨਾਲ ਦੇਖਦਾ। ਉਹਦੇ ਦਿਲੋ-ਦਿਮਾਗ ਵਿਚ ‘ਕਤੂਰੇ’ ਨੇ ਫਤੂਰ ਮਚਾ ਦਿੱਤਾ। ਉਹ ਦਾ ਸ਼ੱਕ ‘ਯਕੀਨ’ ਵਿਚ ਬਦਲ ਰਿਹਾ ਸੀ ਕਿ ਇੰਨੇ ਨੂੰ ਤੀਜਾ ਚੋਰ ਆ ਮਿਲਿਆ। ਇੱਧਰ ਉਧਰ ਦੀਆਂ ਅੱਲ-ਵਲੱਲੀਆਂ ਮਾਰ ਕੇ ਛਲਾਰੂ ਵੱਲ ਗਹੁ ਨਾਲ ਤੱਕਦਿਆਂ, ਉਹ ਇਕ ਦਮ ਚਹਿਕਿਆ, “ਮੰਨ ਗਏ ਬਈ ਭਰਾ ਦੀ ਪਾਰਖੂ ਨਜ਼ਰ ਨੂੰ! ਬਾਈ ਤਾਂ ਤਕੜਾ ਈ ਸ਼ਿਕਾਰੀ ਲੱਗਦੈæææਕਿੰਨਾ ਚੁਕੰਨਾ ਕਤੂਰਾ ਭਾਲ ਕੇ ਲਿਆਂਦਾ ਐ ਕਿਤਿਉਂæææ!!” ਇਹ ਗੱਲ ਸੁਣਦਿਆਂ ਸਾਰ ਦੰਦੀਆਂ ਪੀਂਹਦਿਆਂ ਪੇਂਡੂ ਨੇ ਕੁੱਛੜ ਚੁੱਕਿਆ ਛਲਾਰੂ ਔਹ ਮਾਰਿਆ ਵਗਾਹ ਕੇ! ਜਿਨ੍ਹਾਂ ਤੋਂ ਛਲਾਰੂ ਖਰੀਦ ਕੇ ਲਿਆਇਆ ਸੀ, ਉਨ੍ਹਾਂ ਨੂੰ ਗਾਲਾਂ ਕੱਢਦਾ ਪਿਛਾਂਹ ਮੁੜ ਪਿਆ।
ਲੇਖ ਦੇ ਅਰੰਭ ਵਿਚ ਛੋਹੀ ਨੀਲੇ ਗਿੱਦੜ ਵਾਲੀ ਕਹਾਣੀ ਮੁਕਾ ਕੇ ਅੱਗੇ ਵਧਦੇ ਹਾਂ। ਅਜੀਬੋ-ਗਰੀਬ ਰੰਗ ਢੰਗ ਵਾਲਾ ਅਣਪਛਾਤਾ ਜਾਨਵਰ ਦੇਖ ਕੇ ਜੰਗਲ ਦੇ ਸਾਰੇ ਜਾਨਵਰ ਉਸ ਤੋਂ ਭੈਅ ਖਾਣ ਲੱਗੇ। ਉਤੋਂ ਉਸ ਨੇ ਸਾਰਿਆਂ ਨੂੰ ‘ਕੱਠੇ ਕਰ ਕੇ ਡੀਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਅਖੇ, ਅੱਜ ਤੋਂ ਜੰਗਲ ਵਿਚ ਸ਼ੇਰ ਦੀ ਬਾਦਸ਼ਾਹੀ ਖ਼ਤਮ! ਰੱਬ ਨੇ ਹੁਣ ਮੈਨੂੰ ਸ਼ਹਿਨਸ਼ਾਹ ਬਣਾ ਕੇ ਭੇਜਿਆ ਹੈ। ਉਸ ਦੇ ਇਸ ਐਲਾਨ ਤੋਂ ਜੰਗਲ ਦੇ ਮਾਰਖੋਰੇ ਜਾਨਵਰ ਵੀ ਭੈਅਭੀਤ ਹੋ ਗਏ। ਹਾਲੇ ਉਸ ਦੀਆਂ ਫੜ੍ਹਾਂ ਦੀ ਚਰਚਾ ਚੱਲ ਹੀ ਰਹੀ ਸੀ ਕਿ ਦੂਰ ਕਿਤੇ ਪਹਾੜੀ ਦੀ ਗੁੱਠ ‘ਚੋਂ ਗਿੱਦੜਾਂ ਦੇ ਹਵਾਂਕਣ ਦੀਆਂ ਆਵਾਜ਼ਾਂ ਆਈਆਂ। ਕਈ ਦਿਨਾਂ ਬਾਅਦ ਭਾਈਚਾਰੇ ਦੀਆਂ ਸੁਰੀਲੀਆਂ ਕੂਕਾਂ ਸੁਣ ਕੇ ਨੀਲਾ ਗਿੱਦੜ ਵੀ ਹਵਾਂਕਣ ਲੱਗ ਪਿਆ। ‘ਬੋਲਣ ਪਾਜੁ ਉਘਾੜਿਆ’ ਅਨੁਸਾਰ ਉਸ ਦਾ ਸਾਰਾ ਪਖੰਡ ਨੰਗਾ ਹੋ ਗਿਆ। ਗੁੱਸੇ ‘ਚ ਆਏ ਬਘਿਆੜਾਂ ਨੇ ਉਸ ਦੀਆਂ ਲੀਰਾਂ ਲਾਹ ਸੁੱਟੀਆਂ।
ਲਉ ਜੀ, ਹੁਣ ਇਨ੍ਹਾਂ ਲੋਕ-ਕਥਾਵਾਂ ਦਾ ਮਿਸ਼ਰਨ ਬਣਾ ਕੇ, ਇਨ੍ਹਾਂ ‘ਚੋਂ ਵੱਖ ਵੱਖ ਪਾਤਰ ਚੁਣ ਲਈਏ ਅਤੇ ਉਨ੍ਹਾਂ ਦੇ ਚਰਿੱਤਰ, ਆਦਤਾਂ ਤੇ ਕਰਤੂਤਾਂ ਚਿਤਵਦਿਆਂ ਆਪਣੇ ਦੇਸ਼ ਜਾ ਵੜੀਏ; ਜਿਥੇ ਅਨੇਕ ਭਾਂਤ ਦੇ ਸਿਆਸੀ ਆਗੂ ਆਪੋ ਆਪਣਾ ਛਿੰਭ ਚਲਾ ਰਹੇ ਹਨ। ਕੋਈ ਚਿੱਟਾ, ਕੋਈ ਭਗਵਾਂ, ਕੋਈ ਨੀਲਾ ਬਣ ਕੇ ਜਨਤਾ ਰੂਪੀ ਜੰਗਲ ਵਾਸੀਆਂ ਨੂੰ ਬੁੱਧੂ ਬਣਾ ਰਿਹਾ ਹੈ। ਕੋਈ ਹੇਰਾਫੇਰੀ ਦੇ ਦਾਅ ਖੇਡਦਿਆਂ ਛਲਾਰੂ ਦਾ ਕਤੂਰਾ ਬਣਾਈ ਜਾ ਰਿਹਾ। ਕਿਤੇ ਕਤੂਰੇ ਨੂੰ ਛਲਾਰੂ ਦੱਸ ਕੇ ਭੋਲੀ ਜਨਤਾ ਦੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ। ਕਿਤੇ ਕੋਈ ਧਾਰਮਿਕ ਲਿਬਾਸ ਪਹਿਨ ਕੇ ਲੇਲੇ ਵਰਗੇ ਨਿਮਾਣੇ ਸ਼ਰਧਾਲੂਆਂ ਦਾ ਸ਼ੋਸ਼ਣ ਕਰ ਰਿਹਾ ਹੈ। ਸਿਧਰੇ ਪੇਂਡੂ ਕੋਲੋਂ ਛਲਾਰੂ ਲੁੱਟਣ ਵਾਲੇ ਫਰੇਬੀ ਠੱਗਾਂ ਵਾਂਗ ਕੁੱਫਰ ਤੋਲਦਿਆਂ ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਨੀਲੇ ਗਿੱਦੜਾਂ ਦਾ ਪਾਜ ਖੁੱਲ੍ਹ ਜਾਣ ਦੇ ਬਾਵਜੂਦ ਲੋਕ ਬਘਿਆੜਾਂ ਵਾਲਾ ਫਾਰਮੂਲਾ ਵਰਤਣੋਂ ਨਹੀਂ ਹਟਦੇ।
ਚਿੱਟੇ ਅਤੇ ਨੀਲੇ ਰੰਗਾਂ ਦਾ ਜ਼ਿਕਰ ਆਉਣ ‘ਤੇ ਮੈਨੂੰ ਆਪਣੇ ਸਕੂਲ ਟਾਈਮ ਦੀਆਂ ਕੰਧਾਂ ‘ਤੇ ਲਿਖੇ ਨਾਹਰੇ ਯਾਦ ਆ ਗਏ। ਨਕਸਲੀਆਂ ਨੇ ਪੰਜਾਬ ‘ਚ ਤੀਜੀ ਧਿਰ ਦਾ ਪਿੜ ਬੰਨ੍ਹਣ ਲਈ ਨਾਹਰਾ ਲਾਇਆ ਸੀ,
ਚਿੱਟੇ ਬਗਲੇ ਨੀਲੇ ਮੋਰ
ਇਹ ਵੀ ਚੋਰ ਤੇ ਉਹ ਵੀ ਚੋਰ।
ਲੇਕਿਨ ਗਫਲਤ ਦੀ ਨੀਂਦ ‘ਚ ਮਸਤ ਹੋਏ ਦੇਸ਼ਵਾਸੀਆਂ, ਖਾਸ ਕਰ ਕੇ ਪੰਜਾਬੀਆਂ ਨੇ, ਨਾ ਉਦੋਂ ਰੰਗ ਬਰੰਗੇ ਬਗਲਿਆਂ-ਗਿੱਦੜਾਂ ਦਾ ਖਹਿੜਾ ਛੱਡਿਆ ਸੀ ਅਤੇ ਨਾ ਹੀ ਨਿਕਟ ਭਵਿੱਖ ਵਿਚ ਅਜਿਹੀ ਕੋਈ ਸੰਭਾਵਨਾ ਨਜ਼ਰ ਆਉਂਦੀ ਹੈ। ਬਹਿਰੂਪੀਏ ਗਿੱਦੜ ਵੀ ਬਾਦਸ਼ਾਹੀਆਂ ਮਾਣ ਰਹੇ ਹਨ। ਬੇਵੱਸ ਹੋਏ ਲੇਲੇ ਵੀ ਦਹਾੜਦੇ ਹੋਏ ਬਘਿਆੜ, ਬਦਰੰਗੇ ਗਿੱਦੜ ਵਗੈਰਾ ਸਾਜ਼ਿਸ਼ੀ ਜੁੱਟ ਬਣਾ ਕੇ ਲਾਰਿਆਂ, ਵਾਅਦਿਆਂ ਤੇ ਝੂਠੇ ਦਾਅਵਿਆਂ ਨਾਲ ਪਰਜਾ ਨੂੰ ਪਰਚਾਈ ਜਾਂਦੇ ਹਨ। ਅਜਿਹਾ ਤਾਣਾ ਬਾਣਾ ਦੇਖਦਿਆਂ ਹਰਭਜਨ ਸਿੰਘ ਬੈਂਸ ਦਾ ਸ਼ਿਅਰ ਯਾਦ ਆਉਂਦਾ ਹੈ ਜੋ ਕਾਫ਼ੀਆ ਤੁਕਾਂਤ ਪੱਖੋਂ ਨਕਸਲੀਆਂ ਦੇ ਉਪਰ ਦੱਸੇ ਨਾਹਰੇ ਦਾ ਹਿੱਸਾ ਹੀ ਜਾਪਦਾ ਹੈ,
ਦੁਸ਼ਮਣ ਹੱਥ ਨਿਆਂ ਦੀ ਡੋਰ
ਸ਼ਿਸਤਾਂ ਹੋਰ ਨਿਸ਼ਾਨੇ ਹੋਰ!

Be the first to comment

Leave a Reply

Your email address will not be published.