ਆਰ ਡੀ ਐਕਸ ਕੇਸ ਵਿਚ ਭਾਈ ਰਾਜੋਆਣਾ ਨੂੰ ਦਸ ਸਾਲ ਕੈਦ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਅਧੀਨ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪਟਿਆਲਾ ਦੀ ਅਦਾਲਤ ਨੇ ਆਰਡੀਐਕਸ ਕੇਸ ਵਿਚ ਦਸ ਸਾਲ ਕੈਦ ਤੇ ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲਿਸ ਨੇ ਭਾਈ ਰਾਜੋਆਣਾ ਖ਼ਿਲਾਫ਼ 22 ਦਸੰਬਰ, 1995 ਨੂੰ ਥਾਣਾ ਸਿਟੀ ਰਾਜਪੁਰਾ ਵਿਚ ਇਹ ਕੇਸ ਉਦੋਂ ਦਰਜ ਕੀਤਾ ਗਿਆ ਸੀ, ਜਦੋਂ ਸੀਆਈਏ ਸਟਾਫ ਪਟਿਆਲਾ ਨੇ ਬੇਅੰਤ ਸਿੰਘ ਕਤਲ ਕੇਸ ਬਾਰੇ ਰਾਜਪੁਰਾ ਤੋਂ ਕੀਤੀ ਗਈ ਗ੍ਰਿਫਤਾਰੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿਚੋਂ 12 ਕਿਲੋ ਆਰਡੀਐਕਸ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।
ਪਟਿਆਲਾ ਪੁਲਿਸ ਨੇ ਭਾਈ ਰਾਜੋਆਣਾ ਨੂੰ ਗ੍ਰਿਫਤਾਰ ਕਰਕੇ ਚੰਡੀਗੜ੍ਹ ਪੁਲਿਸ ਹਵਾਲੇ ਕਰ ਦਿੱਤਾ ਸੀ ਤੇ ਕਤਲ ਕੇਸ ਦੀ ਸੁਣਵਾਈ ਬੁੜੈਲ ਜੇਲ੍ਹ ਦੇ ਅੰਦਰ ਬਣੀ ਵਿਸ਼ੇਸ਼ ਅਦਾਲਤ ਵਿਚ ਹੀ ਹੋਈ ਤੇ 31 ਜੁਲਾਈ, 2008 ਨੂੰ ਉਸ ਨੂੰ ਫਾਂਸੀ ਦੀ ਸਜ਼ਾ ਹੋਈ। ਇਸ ਉਪਰੰਤ 15 ਸਾਲਾਂ ਬਾਅਦ 15 ਜਨਵਰੀ, 2010 ਨੂੰ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਇਸ ਕੇਸ ਤਹਿਤ ਭਾਈ ਰਾਜੋਆਣਾ ਨੂੰ ਪਹਿਲੀ ਵਾਰ ਪਟਿਆਲਾ ਦੀ ਅਦਾਲਤ ਵਿਚ 29 ਸਤੰਬਰ, 2010 ਨੂੰ ਪੇਸ਼ ਕੀਤਾ ਗਿਆ ਜਿੱਥੇ ਇਸ ਕੇਸ ਦੀ ਪ੍ਰਕਿਰਿਆ ਸ਼ੁਰੂ ਹੋਈ ਤੇ ਉਨ੍ਹਾਂ ਨੂੰ ਕਈ ਵਾਰ ਅਦਾਲਤ ਵਿਚ ਲਿਆਂਦਾ ਗਿਆ।
ਫਾਂਸੀ ਦੀ ਸਜ਼ਾ ਨੂੰ ਅਮਲ ਵਿਚ ਲਿਆਉਣ ਬਾਰੇ ਹੁਕਮਾਂ ਤੋਂ ਬਾਅਦ ਛਿੜੇ ਵਿਵਾਦ ਕਾਰਨ ਵਿਸਫੋਟਕ ਸਮੱਗਰੀ ਵਾਲਾ ਕੇਸ ਫਿਰ ਤੋਂ ਲਟਕ ਗਿਆ। 21 ਜਨਵਰੀ ਨੂੰ ਤਕਰੀਬਨ ਸਾਲ ਬਾਅਦ ਉਨ੍ਹਾਂ ਨੂੰ ਮੁੜ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਤੇ ਵਧੀਕ ਸੈਸ਼ਨ ਜੱਜ ਸੰਜੀਵ ਬੇਰੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਚਾਰ ਫਰਵਰੀ ਦੀ ਪੇਸ਼ੀ ਦੌਰਾਨ ਭਾਈ ਰਾਜੋਆਣਾ ਦੇ ਬਿਆਨ ਦਰਜ ਹੋਏ। ਫੈਸਲੇ ਦੌਰਾਨ ਅਦਾਲਤ ਨੇ ਭਾਈ ਰਾਜੋਆਣਾ ਨੂੰ ਦਸ ਸਾਲ ਦੀ ਕੈਦ ਤੇ ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
ਇਸ ਕੇਸ ਵਿਚ ਇਕ ਇੰਸਪੈਕਟਰ ਸਮੇਤ ਚਾਰ ਪੁਲਿਸ ਮੁਲਾਜ਼ਮਾਂ ਦੇ ਬਿਆਨ ਦਰਜ ਹੋਏ ਹਨ। ਇਸ ਪੇਸ਼ੀ ਮੌਕੇ ਵੀ ਭਾਈ ਰਾਜੋਆਣਾ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿਚ ਲਿਆਂਦਾ ਗਿਆ ਤੇ ਸਾਰਾ ਕੋਰਟ ਕੰਪਲੈਕਸ ਪੁਲਿਸ ਛਾਉਣੀ ਬਣਿਆ ਰਿਹਾ। 1995 ਵਿਚ ਹੀ ਉਸ ਖ਼ਿਲਾਫ਼ ਥਾਣਾ ਸਦਰ ਪਟਿਆਲਾ ਵਿਚ ਵੀ ਅਸਲਾ ਬਰਾਮਦਗੀ ਦਾ ਕੇਸ ਦਰਜ ਕੀਤਾ ਗਿਆ ਸੀ ਜੋ ਅਜੇ ਸੁਣਵਾਈ ਅਧੀਨ ਹੈ ਤੇ ਇਸ ਕੇਸ ਦੀ ਅਗਲੀ ਸੁਣਵਾਈ 16 ਫਰਵਰੀ ਨੂੰ ਹੈ।
_________________________________________________________
ਏਜੰਸੀਆਂ ‘ਤੇ ਗੁੰਮਰਾਹ ਕਰਨ ਦਾ ਦੋਸ਼
ਪੱਤਰਕਾਰਾਂ ਨੂੰ ਵੰਡੀ ਹੱਥ ਲਿਖਤ ਰਾਹੀਂ ਭਾਈ ਰਾਜੋਆਣਾ ਨੇ ਆਖਿਆ ਕਿ ਏਜੰਸੀਆਂ ਦੇ ਕੁਝ ਬੰਦੇ ਲਗਾਤਾਰ ਇਹ ਪ੍ਰਚਾਰ ਕਰ ਰਹੇ ਹਨ ਕਿ ਮਾਰਚ 2012 ਤੋਂ ਬਾਅਦ ਉਨ੍ਹਾਂ ਵੱਲੋਂ ਜਾਰੀ ਕੀਤੀਆਂ ਕੁਝ ਅਪੀਲਾਂ ਤੇ ਪੱਤਰ ਸਰਕਾਰੀ ਏਜੰਸੀਆਂ ਵੱਲੋਂ ਲਿਖੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਦੀ ਭੈਣ ਕਮਲਦੀਪ ਕੌਰ ‘ਤੇ ਵੀ ਇਲਜ਼ਾਮ ਲਾਏ ਜਾ ਰਹੇ ਹਨ ਪਰ ਇਹ ਗੱਲਾਂ ਬੇਬੁਨਿਆਦ ਹਨ। ਭਾਈ ਰਾਜੋਆਣਾ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਵੱਲੋਂ ਜਾਰੀ ਕੀਤੇ ਗਏ ਸਾਰੇ ਪੱਤਰ ਉਨ੍ਹਾਂ ਵੱਲੋਂ ਖੁਦ ਲਿਖੇ ਜਾਂਦੇ ਰਹੇ ਹਨ। ਇਸ ਲਈ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਹੋਣ ਦੀ ਲੋੜ ਹੈ। ਵਧੀਕ ਸੈਸ਼ਨ ਜੱਜ ਸੰਜੀਵ ਬੇਰੀ ਦੀ ਅਦਾਲਤ ਵਿਚ ਭਾਈ ਰਾਜੋਆਣਾ ਨੇ ਜੱਜ ਨੂੰ ਸੰਬੋਧਨ ਹੁੰਦੇ ਹੋਏ ਕਿਹਾ ”ਸਤਿਕਾਰਯੋਗ ਜੱਜ ਸਾਹਿਬ, ਤੁਸੀਂ ਸਤਿਕਾਰਯੋਗ ਹੋ, ਮੇਰਾ ਇਸ ਅਦਾਲਤ ਨਾਲ ਕੋਈ ਨਿੱਜੀ ਵੈਰ ਵਿਰੋਧ ਜਾਂ ਗਿਲਾ ਸ਼ਿਕਵਾ ਨਹੀਂ। ਮੇਰਾ ਹਿੰਦੁਸਤਾਨ ਦੇ ਨਿਆਇਕ ਪ੍ਰਣਾਲੀ ਵਿਚ ਕੋਈ ਭਰੋਸਾ ਨਹੀਂ। ਇਨ੍ਹਾਂ ਅਦਾਲਤਾ ਵੱਲੋਂ ਦਿੱਤੀ ਹੋਈ ਹਰ ਸਜ਼ਾ ਮੈਨੂੰ ਆਪਣੇ ਗੁਰੂ ਵੱਲੋਂ ਭੇਜਿਆ ਹੋਇਆ ਇਕ ਤਗਮਾ ਲਗਦਾ ਹੈ। ਮੈਂ ਇਸ ਅਦਾਲਤ ਰਾਹੀਂ ਹਿੰਦੁਸਤਾਨ ਤੋਂ ਆਜ਼ਾਦੀ ਦੀ ਮੰਗ ਕਰਦਾ ਹਾਂ।” ਇਹ ਕਹਿੰਦੇ ਹੀ ਉਸ ਨੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਇਸ ਤੋਂ ਬਾਅਦ ਜੱਜ ਸਾਹਿਬ ਨੂੰ ਫ਼ਤਹਿ ਬੁਲਾਈ ਤੇ ਜੱਜ ਸਾਹਿਬ ਨੇ ਮੁਸਕਰਾ ਕੇ ਸਤਿਕਾਰ ਨਾਲ ਫ਼ਤਹਿ ਦਾ ਜਵਾਬ ਦਿੱਤਾ।
_________________________________________________________
ਆਰæਡੀæਐਕਸ਼ ਕੇਸ ਦੀ ਕਹਾਣੀ
ਪੁਲਿਸ ਵੱਲੋਂ ਦਾਇਰ ਦੋਸ਼ ਪੱਤਰ ਵਿਚ ਕਿਹਾ ਗਿਆ ਸੀ ਕਿ ਸੀਆਈਏ ਦੇ ਮੁਖੀ ਥਾਣੇਦਾਰ ਦਵਿੰਦਰ ਸਿੰਘ ਮੱਲ੍ਹੀ ਗਗਨ ਚੌਕ ਰਾਜਪੁਰਾ ਵਿਖੇ ਵਿਸ਼ੇਸ਼ ਜਾਂਚ ਕਰ ਰਹੇ ਸਨ। ਉਸ ਵੇਲੇ ਪੰਜਾਬੀ ਯੂਨੀਵਰਸਿਟੀ ਵਿਖੇ ਸਾਇਮਸ ਕਾਨਫਰੰਸ ਕਰਕੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਰੂਪ ਵਿਚ ਆਉਣਾ ਸੀ। ਸਵੇਰੇ ਸਾਢੇ ਨੌਂ ਵਜੇ ਜਦੋਂ ਅਣਪਛਾਤੇ ਵਿਅਕਤੀ ਨੂੰ ਰੋਕਿਆ ਤਾਂ ਉਸ ਨੇ ਸਾਇਆਨਾਈਡ ਕੈਪਸੂਲ ਖਾਣ ਦੀ ਨਾਕਾਮ ਕੋਸ਼ਿਸ਼ ਕੀਤੀ। ਪੁਲਿਸ ਦੀ ਕਹਾਣੀ ਮੁਤਾਬਕ ਬਾਅਦ ਵਿਚ ਉਸ ਵਿਅਕਤੀ ਦੀ ਪਛਾਣ ਕੀਤੀ ਗਈ ਤਾਂ ਉਹ ਬਲਵੰਤ ਸਿੰਘ ਰਾਜੋਆਣਾ ਜੋ ਬੇਅੰਤ ਸਿੰਘ ਕੇਸ ਵਿਚ ਅਦਾਲਤ ਵੱਲੋਂ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਇਸ ਦੀ ਸੂਚਨਾ ਸਾਬਕਾ ਮੁੱਖ ਮੰਤਰੀ ਦੇ ਕਤਲ ਦੀ ਜਾਂਚ ਕਰ ਰਹੀ ਜਾਂਚ ਏਜੰਸੀ ਸੀਬੀਆਈ ਨੂੰ ਦਿੱਤੀ ਗਈ। ਪੁਲਿਸ ਮੁਤਾਬਕ ਉਸ ਕੋਲੋਂ ਧਮਾਕਾਖੇਜ਼ ਸਮੱਗਰੀ ਤਕਰੀਬਨ 12 ਕਿਲੋਗ੍ਰਾਮ, 43 ਡੈਟੋਨੇਟਰ, ਪੰਜ ਦਿਨ ਰਾਤ ਵਾਲੀਆਂ ਸਵਿੱਚਾਂ, ਦੋ ਰਿਵਾਲਵਰ, 10 ਪੈਨਸਿਲ ਬੰਬ, ਚਾਰ ਬੰਡਲ ਕਾਲੀਆਂ ਤੇ ਤਿੰਨ ਬੰਡਲ ਲਾਲ ਤਾਰਾਂ ਬਰਾਮਦ ਕੀਤੀਆਂ। ਦਿਲਚਸਪ ਗੱਲ ਇਹ ਹੈ ਕਿ ਅਕਤੂਬਰ 2010 ਵਿਚ ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਪਰ ਇਸ ਕੇਸ ਦਾ ਦੋਸ਼ ਪੱਤਰ ਹੀ ਅਕਤੂਬਰ 2010 ਨੂੰ ਦਾਇਰ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਭਾਰਤ ਦੀ ਨਿਆਂ ਪ੍ਰਣਾਲੀ ‘ਤੇ ਭੋਰਾ ਵੀ ਵਿਸ਼ਵਾਸ ਨਹੀਂ ਹੈ ਜਿਸ ਕਰਕੇ ਉਹ ਕਿਸੇ ਵੀ ਉੱਚ ਅਦਾਲਤ ਵਿਚ ਕੋਈ ਵੀ ਅਪੀਲ ਨਹੀਂ ਕਰਨਗੇ। ਉਨ੍ਹਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ।

Be the first to comment

Leave a Reply

Your email address will not be published.