ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਅੰਦਰ ਕਾਂਗਰਸ ਨੂੰ ਘੇਰਨ ਲਈ ਉਠੇ ਅਕਾਲੀ ਉਸ ਸਮੇਂ ਘਿਰ ਗਏ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੜ੍ਹੇ ਹੋ ਕੇ ਇਹ ਚਿਤਾਵਨੀ ਦੇ ਦਿੱਤੀ ਕਿ ਉਨ੍ਹਾਂ ਕੋਲ ਪਿਛਲੀ ਸਰਕਾਰ ਦੇ ਆਗੂਆਂ ਵੱਲੋਂ ਰੇਤ ਦੇ ਕਾਰੋਬਾਰ ਵਿਚ ਬੇਨੇਮੀਆਂ ਕਰਨ ਵਾਲੀਆਂ ਦੀ ਲਿਸਟ ਹੈ ਤੇ ਉਹ ਹੁਣੇ ਪੜ੍ਹੇ ਕੇ ਸੁਣਾ ਸਕਦੇ ਹਨ। ਇਸ ਪਿੱਛੋਂ ਸਾਰੇ ਅਕਾਲੀ ਵਿਧਾਇਕ ਚੁੱਪ ਚਾਪ ਆਪਣੀਆਂ ਕੁਰਸੀਆਂ ਉਤੇ ਬੈਠ ਗਏ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਦਨ ਵਿਚਕਾਰ ਆ ਕੇ ਸਰਕਾਰ ਤੇ ਸਪੀਕਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ ਤਾਂ ਤਕਰੀਬਨ ਇਕ ਘੰਟੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, Ḕਮੇਰੇ ਕੋਲ ਪੂਰੀ ਸੂਚੀ ਪਈ ਹੈ, ਜਿਨ੍ਹਾਂ ਨੇ ਰੇਤ ਦੇ ਠੇਕੇ ਲਏ ਹੋਏ ਹਨ ਅਤੇ ਜੇਕਰ ਤੁਸੀਂ ਨਾ ਬੈਠੇ ਤਾਂ ਸਭ ਦੇ ਨਾਂ ਬੋਲ ਦਿਆਂਗਾ।’
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨਾਲ ਸਬੰਧਤ ਟਰਾਂਸਪੋਰਟ ਕੰਪਨੀਆਂ ਅਤੇ ਬਾਦਲਾਂ ਦੇ ਹੋਰ ਵਪਾਰਕ ਕੰਮ ਵੀ ਕਾਂਗਰਸੀ ਮੈਂਬਰਾਂ ਦੇ ਨਿਸ਼ਾਨੇ ਉਤੇ ਰਹੇ। ਅਕਾਲੀ ਦਲ ਦੇ ਮੈਂਬਰਾਂ ਨੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਿਸਾਨੀ ਮੁੱਦਿਆਂ ‘ਤੇ ਸਪੀਕਰ ਦੇ ਆਸਨ ਸਾਹਮਣੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪ੍ਰਸ਼ਨ ਕਾਲ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਏ ਜਾਣ ਬਾਅਦ ਅਕਾਲੀ ਦਲ ਦੇ ਮੈਂਬਰਾਂ ਦਾ ਮੰਤਰੀ ਨਾਲ ਸਿੱਧਾ ਟਕਰਾਅ ਹੋ ਗਿਆ। ਕਾਂਗਰਸੀ ਤੇ ਅਕਾਲੀ ਮੈਂਬਰਾਂ ਦਰਮਿਆਨ ਟਕਰਾਅ ਨੂੰ ਦੇਖਦਿਆਂ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਦਨ ਵਿਚੋਂ ਦੋ ਵਾਰ ਵਾਕਆਊਟ ਕੀਤਾ ਜਦੋਂ ਕਿ ਅਕਾਲੀਆਂ ਨੇ ਸਪੀਕਰ ਦੇ ਆਸਣ ਅੱਗੇ ਦੋ ਵਾਰ ਪ੍ਰਦਰਸ਼ਨ ਕੀਤਾ। ਬਾਦਲ ਪਰਿਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਦਾ ਮੁੱਦਾ ਸਦਨ ਵਿਚ ਵਾਰ-ਵਾਰ ਉਠਣ ਕਾਰਨ ਅਕਾਲੀ ਮੈਂਬਰਾਂ ਨੂੰ ਨਮੋਸ਼ੀ ਝੱਲਣੀ ਪਈ।
ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਹਰੀਕੇ ‘ਚ ਜੰਗਲੀ ਜੀਵ ਰੱਖ ਨੂੰ ਵਿਕਸਤ ਕਰਨ ਬਾਰੇ ਪੁੱਛੇ ਸਵਾਲ ਉਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਪਣੀ ਪਾਣੀ ਵਾਲੀ ਬੱਸ ਚਲਾਉਣ ਲਈ ਰੋਪੜ ਹੈੱਡ ਵਰਕਸ ਤੋਂ ਪਾਣੀ ਛੁਡਾ ਕੇ 5000 ਕਿਸਾਨਾਂ ਦੀ ਫਸਲ ਡੋਬ ਦਿੱਤੀ ਸੀ ਅਤੇ ਅੱਜ ਇਹ ਅਕਾਲੀ ਕਿਸ ਹੱਕ ਨਾਲ ਕਿਸਾਨਾਂ ਦੀ ਗੱਲ ਕਰ ਰਹੇ ਹਨ। ਇਹ ਬੱਸ ਵੀ ਮਸਾਂ 10 ਕੁ ਦਿਨ ਚੱਲੀ। ਉਨ੍ਹਾਂ ਕਿਹਾ ਕਿ ਜੇਕਰ ਪਿਛਲੀ ਸਰਕਾਰ ਨੂੰ ਬੱਸਾਂ ਚਲਾਉਣ ਦਾ ਹੀ ਸ਼ੌਕ ਸੀ ਤਾਂ 350 ਕਰੋੜ ਘਾਟੇ ਵਿਚ ਚੱਲ ਰਹੀ ਪੀæਆਰæਟੀæਸੀæ ਦੀਆਂ ਬੱਸਾਂ ਨੂੰ ਕਿਉਂ ਨਹੀਂ ਚਲਾਇਆ? ਬਾਦਲ ਪਰਿਵਾਰ ਨੇ ਸੱਤਾ ਵਿੱਚ ਆਉਣ ਬਾਅਦ ਆਪਣੀਆਂ ਬੱਸਾਂ ਦੀ ਗਿਣਤੀ ਵਿਚ ਅਥਾਹ ਵਾਧਾ ਕੀਤਾ।
ਬਾਦਲ ਪਰਿਵਾਰ ਦਾ ਕਰੀਬੀ ਹੀ ਬੱਸਾਂ ਦੇ ਟਾਈਮ ਟੇਬਲ ਬਣਾਉਂਦਾ ਹੈ, ਜਿਸ ਕਾਰਨ ਪੀæਆਰæਟੀæਸੀæ ਨੂੰ ਨਿੱਤ ਦਿਨ ਘਾਟਾ ਪੈਂਦਾ ਗਿਆ। ਇਸ ਬਾਅਦ ਅਕਾਲੀ ਦਲ ਦੇ ਮੈਂਬਰਾਂ ਨੇ ਮੰਤਰੀ ਦੀ ਸੀਟ ਨੇੜੇ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਅਕਾਲੀ ਮੈਂਬਰਾਂ ਦਾ ਸ਼ੋਰ ਸ਼ਰਾਬਾ ਐਨਾ ਜ਼ਿਆਦਾ ਵਧ ਗਿਆ ਕਿ ਨੌਬਤ ਟਕਰਾਅ ਤੱਕ ਦੀ ਆ ਗਈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਦਖਲ ਦਿੰਦਿਆਂ ਸਪੀਕਰ ਨੂੰ ਕਿਹਾ ਕਿ ਅਕਾਲੀ ਦਲ ਦੇ ਮੈਂਬਰਾਂ ਵੱਲੋਂ ਮੰਤਰੀ ‘ਤੇ ਨਿੱਜੀ ਹਮਲੇ ਕੀਤੇ ਜਾ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਅਤੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਮੰਤਰੀ ਦਾ ਵਿਰੋਧ ਕੀਤਾ। ਸਦਨ ਵਿਚ ਸ਼ੋਰ ਸ਼ਰਾਬਾ ਹੋਰ ਵਧ ਗਿਆ ਤੇ ਅਖੀਰ ਸਪੀਕਰ ਨੂੰ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ।
ਇਸ ਬਾਅਦ ਧਿਆਨ ਦਿਵਾਊ ਮਤੇ ਰਾਹੀਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਬਾਦਲਾਂ ਦੀ ਮਾਲਕੀ ਵਾਲੀਆਂ ਟਰਾਂਸਪੋਰਟ ਕੰਪਨੀਆਂ ਦੀਆਂ ਬੱਸਾਂ ਵਿਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮਤੇ ਦੇ ਜਵਾਬ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਗੈਰ ਕਾਨੂੰਨੀ ਬੱਸਾਂ ਖਿਲਾਫ਼ ਵਿਜੀਲੈਂਸ ਬਿਊਰੋ ਤੇ ਟਰਾਂਸਪੋਰਟ ਵਿਭਾਗ ਵੱਲੋਂ ਸਾਂਝੀ ਮੁਹਿੰਮ ਚਲਾਈ ਗਈ ਹੈ। ਇਸ ਮਾਮਲੇ ਦੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
_______________________________________________
ਕੇæਪੀæਐਸ਼ ਗਿੱਲ ਨੂੰ ਸ਼ਰਧਾਂਜਲੀ ਦੇਣ ਤੋਂ ਹੰਗਾਮਾ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਸੂਬੇ ਦੇ ਸਾਬਕਾ ਡੀæਜੀæਪੀæ ਕੇæਪੀæਐਸ਼ ਗਿੱਲ ਨੂੰ ਸ਼ਰਧਾਂਜਲੀ ਦੇਣ ਦੇ ਮੁੱਦੇ ‘ਤੇ ਹੰਗਾਮਾ ਹੋਇਆ। ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਡੀæਜੀæਪੀæ ਨੂੰ ਸਿੱਖਾਂ ‘ਤੇ ਜ਼ੁਲਮ ਕਰਨ ਦਾ ਦੋਸ਼ੀ ਕਰਾਰ ਦਿੱਤਾ ਅਤੇ ਇਸ ਨੂੰ ਸਦਨ ਦੀ ਰਵਾਇਤ ਦੇ ਉਲਟ ਦੱਸਿਆ। ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸੁਖਬੀਰ ਬਾਦਲ ਨੇ ਸਦਨ ਵਿਚ ਸ਼ਰਧਾਂਜਲੀਆਂ ਦੇਣ ਦਾ ਵਿਰੋਧ ਕੀਤਾ, ਜਦੋਂ ਕਿ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਦੇ ਤਰਕ ਦੀ ਨਿੰਦਾ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਮਰਹੂਮ ਕੇæਪੀæਐਸ਼ ਗਿੱਲ ਦੇ ਖਾਸ ਮੰਨੇ ਜਾਂਦੇ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਵਿਚ ਘਿਰੇ ਰਹਿਣ ਵਾਲੇ ਪੁਲੀਸ ਅਧਿਕਾਰੀ ਸੁਮੇਧ ਸਿੰਘ ਸੈਣੀ ਨੂੰ ਸਾਢੇ ਤਿੰਨ ਸਾਲ ਪੁਲਿਸ ਮੁਖੀ ਲਾਈ ਰੱਖਿਆ।
_____________________________________________
ਅਜੈਬ ਸਿੰਘ ਭੱਟੀ ਬਣੇ ਡਿਪਟੀ ਸਪੀਕਰ
ਚੰਡੀਗੜ੍ਹ: ਵਿਧਾਨ ਸਭਾ ਹਲਕਾ ਮਲੋਟ ਦੇ ਵਿਧਾਇਕ ਅਜੈਬ ਸਿੰਘ ਭੱਟੀ ਨੂੰ ਵਿਧਾਨ ਸਭਾ ਦਾ ਡਿਪਟੀ ਸਪੀਕਰ ਚੁਣਿਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਭੱਟੀ ਦਾ ਨਾਮ ਤਜਵੀਜ਼ ਕੀਤਾ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਦੀ ਤਾਈਦ ਕੀਤੀ। ਸ੍ਰੀ ਭੱਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਐਲਾਨੀ ਗਈ। ਮੁੱਖ ਮੰਤਰੀ ਅਤੇ ਸਦਨ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਭੱਟੀ ਨੂੰ ਡਿਪਟੀ ਸਪੀਕਰ ਬਣਨ Ḕਤੇ ਵਧਾਈ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਭੱਟੀ ਚੰਗਾ ਪ੍ਰਸ਼ਾਸਨਿਕ ਤਜਰਬਾ ਰੱਖਦੇ ਹਨ ਤੇ ਸਿਆਸਤ ਸ੍ਰੀ ਭੱਟੀ ਦੇ ਖੂਨ ਵਿਚ ਹੈ ਜੋ ਉਨ੍ਹਾਂ ਨੂੰ ਆਪਣੇ ਪਿਤਾ ਮਰਹੂਮ ਅਰਜਨ ਸਿੰਘ ਕੋਲੋਂ ਵਿਰਸੇ ਵਿਚ ਮਿਲੀ ਹੈ, ਜਿਨ੍ਹਾਂ ਨੇ 1957 ਵਿੱਚ ਨਿਹਾਲ ਸਿੰਘ ਵਾਲਾ ਦੇ ਤਤਕਾਲੀ ਸਾਂਝੇ ਹਲਕੇ ਤੋਂ ਵਿਧਾਨ ਸਭਾ ਚੋਣ ਲੜੀ ਸੀ।
________________________________________________
ਸੁਖਪਾਲ ਖਹਿਰਾ ਸਮੁੱਚੇ ਬਜਟ ਸੈਸ਼ਨ ਲਈ ਮੁਅੱਤਲ
ਚੰਡੀਗੜ੍ਹ: ਸਪੀਕਰ ਨੇ Ḕਆਪ’ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਰਹਿੰਦੇ ਬਜਟ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਸ੍ਰੀ ਖਹਿਰਾ ‘ਤੇ ਸਦਨ ਦੀ ਵੀਡੀਓ ਬਣਾ ਕੇ ਫੇਸਬੁੱਕ ਉਤੇ ਅਪਲੋਡ ਕਰਨ ਸਬੰਧੀ ਕਾਰਵਾਈ ਦੀ ਮੰਗ ਕੀਤੀ ਸੀ। ਸਪੀਕਰ ਨੇ ਖਹਿਰਾ ਦਾ ਮੋਬਾਈਲ ਫੋਨ ਕਬਜ਼ੇ ‘ਚ ਲੈਣ, ਰਹਿੰਦੇ ਸੈਸ਼ਨ ਦੌਰਾਨ ਮੁਅੱਤਲ ਕਰਨ ਅਤੇ ਮਾਮਲਾ ਮਰਿਆਦਾ ਕਮੇਟੀ ਨੂੰ ਸੌਂਪਣ ਦਾ ਐਲਾਨ ਕੀਤਾ।