ਗੈਂਗਸਟਰ ਖੁਦਕੁਸ਼ੀ ਮਾਮਲੇ ‘ਤੇ ਉਠੇ ਸਵਾਲ

ਚੰਡੀਗੜ੍ਹ: ਡੱਬਵਾਲੀ ਨੇੜੇ ਤਿੰਨ ਗੈਂਗਸਟਰਾਂ ਦੀ ਮੌਤ ‘ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਘੇਰਾ ਪੈਣ ਮਗਰੋਂ ਤਿੰਨਾਂ ਗੈਂਗਸਟਰਾਂ ਨੇ ਖੁਦ ਨੂੰ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਦੂਜੇ ਪਾਸੇ ਇਲਾਕੇ ਦੇ ਲੋਕ ਦੱਬੀ ਸੁਰ ਵਿਚ ਆਖਣ ਲੱਗੇ ਹਨ ਕਿ ਉਨ੍ਹਾਂ ਖੁਦਕੁਸ਼ੀ ਨਹੀਂ ਕੀਤੀ ਸਗੋਂ ਮੁਕਾਬਲੇ ਵਿਚ ਮਾਰੇ ਗਏ।

ਪਿੰਡ ਸੁਖੇਰਾਖੇੜਾ ਦੀ ਢਾਣੀ ਤੋਂ ਅੱਠ ਕਿਲੋਮੀਟਰ ਦੂਰ ਪਿੰਡ ਚੌਟਾਲਾ ਦੇ ਸਾਬਕਾ ਸਰਪੰਚ ਕ੍ਰਿਸ਼ਨ ਕੁਮਾਰ ਨੇ ਦਾਅਵਾ ਕੀਤਾ ਹੈ ਤਿੰਨੇ ਗੈਂਗਸਟਰਾਂ ਨੂੰ ਪੰਜਾਬ ਪੁਲਿਸ ਨੇ ਮੁਕਾਬਲੇ ਵਿਚ ਮਾਰਿਆ ਹੈ। ਸਾਬਕਾ ਸਰਪੰਚ ਨੇ ਕਿਹਾ ਕਿ ਉਸ ਵੱਲੋਂ ਪਿੰਡ ਵਾਸੀਆਂ ਕੋਲੋਂ ਇਕੱਤਰ ਜਾਣਕਾਰੀ ਅਨੁਸਾਰ ਪੁਲਿਸ ਨੇ ਢਾਣੀ ਵਿਚਲੇ ਮਕਾਨ ਵਿਚ ਮੌਜੂਦ ਪੰਜ ਨੌਜਵਾਨਾਂ ਵਿਚੋਂ ਤਿੰਨ ਨੂੰ ਮੁਕਾਬਲੇ ‘ਚ ਮਾਰ ਮੁਕਾਇਆ ਹੈ।
ਕਾਬਲੇਗੌਰ ਹੈ ਕਿ ਪੰਜਾਬ ਤੇ ਹਰਿਆਣਾ ਪੁਲਿਸ ਵੱਲੋਂ ਪਿੰਡ ਸੁਖੇਰਾਖੇੜਾ ਦੀ ਢਾਣੀ ਨੇੜੇ ਸਾਂਝੀ ਕਾਰਵਾਈ ਕੀਤੀ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਘਿਰੇ ਤਿੰਨ ਗੈਂਗਸਟਰਾਂ ਨੇ ਖੁਦ ਨੂੰ ਗੋਲੀਆਂ ਮਾਰ ਲਈਆਂ। ਗੈਂਗਸਟਰਾਂ ਦੀ ਸ਼ਨਾਖਤ ਜਸਪ੍ਰੀਤ ਸਿੰਘ Ḕਜੰਪੀ’ ਉਰਫ Ḕਜਿੰਮੀ ਡੌਨ’, ਕੰਵਲਜੀਤ ਸਿੰਘ ਉਰਫ ਬੰਟੀ ਤੇ ਨਿਸ਼ਾਨ ਸਿੰਘ ਵਜੋਂ ਹੋਈ ਸੀ। ਜਸਪ੍ਰੀਤ ਤੇ ਕੰਵਲਜੀਤ ਢਾਣੀ ਵਿਚ ਬਣੇ ਮਕਾਨ ਦੀ ਛੱਤ ‘ਤੇ ਮ੍ਰਿਤਕ ਪਾਏ ਗਏ ਜਦੋਂਕਿ ਨਿਸ਼ਾਨ ਸਿੰਘ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜਿਆ। ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਤ ਇਹ ਤਿੰਨੇ ਗੈਂਗਸਟਰ ਅੱਜ-ਕੱਲ੍ਹ Ḕਜਿੰਮੀ ਡੌਨ’ ਗੈਂਗ ਨਾਂ ਹੇਠ ਅਪਰਾਧਾਂ ਨੂੰ ਅੰਜਾਮ ਦਿੰਦੇ ਸਨ।
___________________________________________
ਸਿੱਧਾ ਸਾਧਾ ਜਸਪ੍ਰੀਤ ਇੰਜ ਬਣਿਆ ਜੰਪੀ ਡੌਨ
ਫਰੀਦਕੋਟ: ਪਿੰਡ ਸਖੇਰਾ ਖੇੜਾ (ਹਰਿਆਣਾ) ਵਿਚ ਮਾਰਿਆ ਗਿਆ ਗੈਂਗਸਟਰ ਜਸਪ੍ਰੀਤ ਸਿੰਘ ਉਰਫ ਜੰਪੀ ਡੌਨ ਜਦੋਂ ਛੋਟਾ ਸੀ ਤਾਂ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਿੰਡ ਰੋੜੀ ਕਪੂਰਾ ਦੇ ਸਾਬਕਾ ਸਰਪੰਚ ਗੁਰਮੇਜ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਪੜ੍ਹਾਈ ਵਿਚ ਹੁਸ਼ਿਆਰ ਸੀ ਪਰ ਕੁਝ ਅਸਰ ਰਸੂਖ ਰੱਖਣ ਵਾਲੇ ਬੰਦਿਆਂ ਨੇ ਉਸ ਦੀ ਚਾਰ ਕਿੱਲੇ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰ ਲਿਆ ਸੀ। ਜਸਪ੍ਰੀਤ ਨੇ ਆਪਣੀ ਜ਼ਮੀਨ ਵਾਪਸ ਲੈਣ ਲਈ ਪੁਲੀਸ ਤੇ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਪਰ ਕਿਸੇ ਨੇ ਉਸ ਦੀ ਮਦਦ ਨਾ ਕੀਤੀ। ਇਸ ਤੋਂ ਬਾਅਦ ਉਹ ਗੈਂਗਸਟਰ ਰਣਜੀਤ ਸੇਵੇਵਾਲਾ ਦੇ ਸੰਪਰਕ ਵਿਚ ਆ ਗਿਆ ਅਤੇ ਉਸ ਦੀ ਆਮ ਜ਼ਿੰਦਗੀ ਖਤਮ ਹੋ ਗਈ। ਜੈਤੋ ਥਾਣੇ ਦੇ ਇਕ ਇੰਸਪੈਕਟਰ ਨੇ ਜਸਪ੍ਰੀਤ ਸਿੰਘ ਨੂੰ ਬਿਨਾਂ ਗੱਲੋਂ ਲੋਕਾਂ ਸਾਹਮਣੇ ਕੁੱਟਿਆ ਸੀ ਅਤੇ ਉਸ ਖਿਲਾਫ਼ ਝੂਠਾ ਕੇਸ ਵੀ ਦਰਜ ਕੀਤਾ ਸੀ। ਇਸ ਤੋਂ ਤੰਗ ਆ ਕੇ ਉਹ ਅਪਰਾਧ ਦੀ ਦੁਨੀਆਂ ਵਿਚ ਚਲਾ ਗਿਆ।