ਕ੍ਰਿਕਟ: ਭਾਰਤ ਨੂੰ ਹਰਾ ਕੇ ਪਾਕਿਸਤਾਨ ਬਣਿਆ ਚੈਂਪੀਅਨ

ਲੰਡਨ: ਪਾਕਿਸਤਾਨ ਨੇ ਰਵਾਇਤੀ ਵਿਰੋਧੀ ਭਾਰਤ ਨੂੰ 180 ਦੌੜਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫੀ ਜਿੱਤ ਲਈ। ਪਾਕਿਸਤਾਨ ਦੀ ਇਹ 2009 ਟੀ ਟਵੰਟੀ ਵਿਸ਼ਵ ਕੱਪ ਤੋਂ ਬਾਅਦ ਤੀਜੀ ਵੱਡੀ ਖਿਤਾਬੀ ਜਿੱਤ ਹੈ। ਉਸ ਦਾ 50 ਓਵਰਾਂ ਦੇ ਕ੍ਰਿਕਟ ਮੈਚ ਵਿਚ ਦੂਜਾ ਆਈæਸੀæਸੀæ ਖਿਤਾਬ ਹੈ। ਇਸ ਜਿੱਤ ਤੋਂ ਬਾਅਦ ਉਸ ਨੇ ਵੱਡੇ ਮੈਚਾਂ ਵਿਚ ਭਾਰਤ ਖਿਲਾਫ਼ ਚੰਗਾ ਪ੍ਰਦਰਸ਼ਨ ਨਾ ਕਰ ਸਕਣ ਦੇ ਬਣੇ ਅਕਸ ਨੂੰ ਤੋੜ ਦਿੱਤਾ।

ਭਾਰਤ ਨੇ ਪਹਿਲਾਂ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਜੋ ਗਲਤ ਸਾਬਤ ਹੋਇਆ। ਗੇਂਦਬਾਜ਼ੀ ਅਤੇ ਅੰਤ ਵਿਚ ਬੱਲੇਬਾਜ਼ਾਂ ਦੇ ਸ਼ਰਮਨਾਕ ਪ੍ਰਦਰਸ਼ਨ ਨਾਲ ਭਾਰਤੀ ਟੀਮ ਕਿਸੇ ਤਰ੍ਹਾਂ ਵੀ ਮੁਕਾਬਲੇ ਵਿਚ ਨਜ਼ਰ ਨਹੀਂ ਆਈ ਅਤੇ ਉਸ ਨੂੰ ਕਿਸੇ ਆਈæਸੀæਸੀæ ਟੂਰਨਾਮੈਂਟ ਦੇ ਫਾਈਨਲ ਵਿਚ ਪਹਿਲੀ ਵਾਰ ਪਾਕਿਸਤਾਨ ਹੱਥੋਂ ਸ਼ਿਕਸਤ ਝੱਲਣੀ ਪਈ ਹੈ।
ਪਾਕਿਸਤਾਨੀ ਦੀ ਜਿੱਤ ਦਾ ਹੀਰੋ ਸਲਾਮੀ ਬੱਲੇਬਾਜ਼ ਫਖ਼ਰ ਜ਼ਮਾਨ ਰਿਹਾ ਜਿਸ ਨੇ 106 ਗੇਂਦਾਂ ‘ਤੇ 12 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਬਦੌਲਤ 114 ਦੌੜਾਂ ਬਣਾਈਆਂ। ਉਸ ਨੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਮਾਰਿਆ ਅਤੇ ਚਾਰ ਵਿਕਟਾਂ ‘ਤੇ ਟੀਮ ਨੂੰ 338 ਦੌੜਾਂ ਦੇ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਉਸ ਨੇ ਅਜ਼ਹਰ ਅਲੀ ਨਾਲ (59) ਪਹਿਲੀ ਵਿਕਟ ਲਈ 128 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਬਾਅਦ ਮੁਹੰਮਦ ਹਫੀਜ਼ (ਨਾਬਾਦ) 57, ਬਾਬਰ ਆਜ਼ਮ ਨੇ 46 ਅਤੇ ਇਮਾਦ ਵਸੀਮ (ਨਾਬਾਦ) 25 ਨੇ ਵੀ ਲੋੜੀਂਦਾ ਸਹਿਯੋਗ ਦਿੱਤਾ। ਭਾਰਤੀ ਟੀਮ ਇਸ ਦੇ ਜਵਾਬ ਵਿਚ 30æ3 ਓਵਰਾਂ ਵਿਚ 158 ਦੌੜਾਂ ‘ਤੇ ਢੇਰ ਹੋ ਗਈ। ਭਾਰਤ ਨੂੰ 150 ਤੋਂ ਪਾਰ ਪਹੁੰਚਾਉਣ ਦਾ ਸਿਹਰਾ ਹਾਰਦਿਕ ਪੰਡਿਆ ਨੂੰ ਜਾਂਦਾ ਹੈ। ਉਸ ਨੇ 43 ਗੇਂਦਾਂ ‘ਤੇ ਚਾਰ ਚੌਕਿਆਂ ਅਤੇ ਛੇ ਛੱਕਿਆਂ ਦੀ ਮਦਦ ਨਾਲ 76 ਦੌੜਾਂ ਬਣਾਈਆਂ। ਮੁਹੰਮਦ ਆਮਿਰ ਨੇ ਭਾਰਤੀ ਪਾਰੀ ਦਾ ਅੰਤ ਕੀਤਾ। ਉਸ ਨੇ 16 ਦੌੜਾਂ ਦੇ ਕੇ ਤਿੰਨ ਵਿਕਟਾਂ ਲਈ। ਹਸਨ ਅਲੀ ਅਤੇ ਸ਼ਾਦਾਬ ਖਾਨ ਨੇ ਦੋ ਦੋ ਵਿਕਟਾਂ ਲਈਆਂ। ਆਮਿਰ ਨੇ ਭਾਰਤ ਦੇ ਸਿਖਰਲੇ ਕ੍ਰਮ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਉਸ ਨੇ ਪਹਿਲੇ ਤਿੰਨ ਓਵਰਾਂ ਵਿਚ ਰੋਹਿਤ ਸ਼ਰਮਾ, ਕਪਤਾਨ ਕੋਹਲੀ ਦੇ ਵਿਕਟ ਲਏ। ਰੋਹਿਤ ਟੰਗ ਅੜਿੱਕਾ ਆਊਟ ਹੋਇਆ। ਭਾਰਤੀ ਗੇਂਦਬਾਜ਼ਾਂ ਨੇ ਸ਼ੁਰੂਆਤੀ ਤਿੰਨ ਓਵਰ ਚੰਗੇ ਸੁੱਟੇ, ਪਰ ਮਗਰੋਂ ਫਖ਼ਰ ਅਤੇ ਅਜ਼ਹਰ ਦੀ ਭਾਈਵਾਲੀ ਨੇ ਭਾਰਤੀ ਗੇਂਦਬਾਜਾਂ ਦੇ ਹੌਸਲੇ ਭੰਨ ਦਿੱਤੇ। ਭਾਰਤ ਦੇ ਦੋਵੇਂ ਸਪਿੰਨਰ ਮਹਿੰਗੇ ਸਾਬਤ ਹੋਏ। ਉਨ੍ਹਾਂ ਨੂੰ ਕੋਈ ਵਿਕਟ ਨਹੀਂ ਮਿਲਿਆ।
ਭਾਰਤ ਦੇ ਸ਼ਿਖਰ ਧਵਨ ਨੂੰ ਸਭ ਤੋਂ ਵਧ 338 ਦੌੜਾਂ ਬਣਾਉਣ ਲਈ ਗੋਲਡਨ ਬੈਟ ਦਾ ਐਵਾਰਡ ਮਿਲਿਆ। ਉਸ ਨੇ ਸਾਬਕਾ ਆਸਟਰੇਲਿਆਈ ਕਪਤਾਨੀ ਰਿਕੀ ਪੌਂਟਿੰਗ ਨੇ ਗੋਲਡਨ ਬੈਟ ਦਾ ਐਵਾਰਡ ਦਿੱਤਾ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੂੰ ਟੂਰਨਾਮੈਂਟ ਵਿਚ ਸਭ ਤੋਂ ਵਧ 13 ਵਿਕਟਾਂ ਲਈ ਗੋਲਡਨ ਬਾਲ ਇਨਾਮ ਮਿਲਿਆ, ਜੋ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਦਿੱਤਾ।
_____________________________________________________
ਬੈਡਮਿੰਟਨ ਵਿਚ ਭਾਰਤ ਦੇ ਸ੍ਰੀਕਾਂਤ ਦੀ ਖਿਤਾਬੀ ਜਿੱਤ
ਜਕਾਰਤਾ: ਭਾਰਤੀ ਸ਼ਟਲਰ ਕਿਦਾਂਬੀ ਸ੍ਰੀਕਾਂਤ ਨੇ ਜਪਾਨ ਦੇ ਕਾਜ਼ੂਮਾਸਾ ਸਾਕਾਈ ਨੂੰ ਫਾਈਨਲ ਵਿਚ ਹਰਾ ਕੇ ਇੰਡੋਨੇਸ਼ੀਆ ਸੁਪਰ ਸੀਰੀਜ਼ ਪ੍ਰੀਮੀਅਰ ਪੁਰਸ਼ ਸਿੰਗਲਜ਼ ਖਿਤਾਬ ਆਪਣੀ ਝੋਲੀ ਪਾ ਲਿਆ ਹੈ, ਜੋ ਉਸ ਦਾ ਤੀਜਾ ਸੁਪਰ ਸੀਰੀਜ਼ ਖਿਤਾਬ ਹੈ। ਦੁਨੀਆਂ ਦੇ 22ਵੇਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਨੇ ਇਸ ਟੂਰਨਾਮੈਂਟ ਦੇ ਫਾਈਨਲ ‘ਚ 47ਵੀਂ ਰੈਂਕਿੰਗ ਦੇ ਸਕਾਈ ਨੂੰ 37 ਮਿੰਟ ਵਿਚ 21-11, 21-19 ਨਾਲ ਹਰਾ ਕੇ 75 ਹਜ਼ਾਰ ਡਾਲਰ ਦਾ ਇਨਾਮ ਹਾਸਲ ਕੀਤਾ। ਸ੍ਰੀਕਾਂਤ ਨੇ 2014 ਵਿਚ ਚਾਈਨਾ ਸੁਪਰ ਸੀਰੀਜ਼ ਪ੍ਰੀਮੀਅਰ ਅਤੇ 2015 ‘ਚ ਇੰਡੀਆ ਸੁਪਰ ਸੀਰੀਜ਼ ਖਿਤਾਬ ਵੀ ਆਪਣੇ ਨਾਂ ਕੀਤਾ ਹੋਇਆ ਹੈ।