ਸਾਕਾ ਨੀਲਾ ਤਾਰਾ ਵੇਲੇ ਮਾਰਨ ਵਾਲਿਆਂ ਦੀ ਬਣੇਗੀ ਸ਼ਹੀਦ ਗੈਲਰੀ

ਅੰਮ੍ਰਿਤਸਰ: ਸਾਕਾ ਨੀਲਾ ਤਾਰਾ ਫੌਜੀ ਹਮਲੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਮਾਰੇ ਗਏ ਜੁਝਾਰੂ ਅਤੇ ਸ਼ਰਧਾਲੂਆਂ ਦੀਆਂ ਤਸਵੀਰਾਂ ਤੇ ਯਾਦਾਂ ਵਾਲੀ ਵੱਖਰੀ ਗੈਲਰੀ ਸ੍ਰੀ ਅਕਾਲ ਤਖਤ ਦੇ ਨੇੜੇ ਬਣਾਈ ਗਈ ਸ਼ਹੀਦੀ ਯਾਦਗਾਰ ਦੇ ਜ਼ਮੀਨਦੋਜ਼ ਹਾਲ ਵਿਚ ਸਥਾਪਤ ਹੋਵੇਗੀ, ਜਿਸ ਨੂੰ ਦਮਦਮੀ ਟਕਸਾਲ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਜਾਵੇਗਾ।

ਦਮਦਮੀ ਟਕਸਾਲ ਵੱਲੋਂ ਕੀਤੀ ਗਈ ਮੰਗ ਨੂੰ ਪ੍ਰਵਾਨ ਕਰਦਿਆਂ ਜੂਨ 1984 ਵਿਚ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੌਰਾਨ ਮਾਰੇ ਗਏ ਸ਼ਹੀਦਾਂ ਦੀਆਂ ਤਸਵੀਰਾਂ ਦੀ ਵੱਖਰੀ ਗੈਲਰੀ ਬਣਾਈ ਜਾਵੇਗੀ। ਸਾਕਾ ਨੀਲਾ ਤਾਰਾ ਫੌਜੀ ਹਮਲੇ ਦੀ ਯਾਦਗਾਰ 2012 ਵਿਚ ਸ੍ਰੀ ਅਕਾਲ ਤਖਤ ਨੇੜੇ ਗੁਰਦੁਆਰੇ ਦੇ ਰੂਪ ਵਿਚ ਸਥਾਪਤ ਕੀਤੀ ਗਈ ਸੀ। ਇਸ ਇਮਾਰਤ ਦਾ ਜ਼ਮੀਨਦੋਜ਼ ਹਾਲ ਉਸ ਵੇਲੇ ਤੋਂ ਹੀ ਖਾਲੀ ਹੈ, ਜਿਸ ਨੂੰ ਹੁਣ ਸ਼ਹੀਦ ਗੈਲਰੀ ਵਜੋਂ ਵਰਤਿਆ ਜਾਵੇਗਾ। ਇਸ ਹਾਲ ਦਾ ਰਕਬਾ ਲਗਭਗ 500 ਵਰਗ ਗਜ਼ ਤੋਂ ਵੱਧ ਹੈ, ਜਿਸ ਵਿਚ ਇਹ ਸ਼ਹੀਦ ਗੈਲਰੀ ਨੂੰ ਵੱਖ-ਵੱਖ ਭਾਗਾਂ ਵਿਚ ਵੰਡ ਕੇ ਸਥਾਪਤ ਕੀਤਾ ਜਾਵੇਗਾ। ਵੇਰਵਿਆਂ ਮੁਤਾਬਕ ਪ੍ਰਸਤਾਵਿਤ ਗੈਲਰੀ ਦੇ ਇਕ ਭਾਗ ਵਿਚ ਫੌਜੀ ਹਮਲੇ ਦੌਰਾਨ ਮਾਰੇ ਗਏ ਜੁਝਾਰੂਆਂ ਤੇ ਸ਼ਰਧਾਲੂਆਂ ਦੀਆਂ ਤਸਵੀਰਾਂ ਸ਼ਾਮਲ ਹੋਣਗੀਆਂ ਅਤੇ ਦੂਜੇ ਭਾਗ ਵਿਚ ਸਕਰੀਨ ਰਾਹੀਂ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੇ ਇਤਿਹਾਸ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਜਾਣਕਾਰੀ ਵੱਖ-ਵੱਖ ਭਾਸ਼ਾਵਾਂ ਵਿਚ ਹੋਵੇਗੀ। ਤੀਜੇ ਭਾਗ ਵਿਚ ਉਸ ਵੇਲੇ ਦੀਆਂ ਯਾਦਾਂ ਨੂੰ ਸੰਭਾਲਿਆ ਜਾਵੇਗਾ, ਜਿਨ੍ਹਾਂ ਵਿਚ ਗੋਲੀਆਂ ਦੇ ਨਿਸ਼ਾਨ ਨਾਲ ਪ੍ਰਭਾਵਿਤ ਵਸਤਾਂ ਆਦਿ ਸ਼ਾਮਲ ਹਨ।
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦ ਗੈਲਰੀ ਤਿਆਰ ਕਰਨ ਦੀ ਜ਼ਿੰਮੇਵਾਰੀ ਟਕਸਾਲ ਨੂੰ ਸੌਂਪੀ ਗਈ ਹੈ। ਉਹ ਜਲਦੀ ਹੀ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨਾਲ ਗੱਲਬਾਤ ਕਰ ਕੇ ਤਰੀਕ ਤੈਅ ਕਰਨਗੇ ਅਤੇ ਗੈਲਰੀ ਦੀ ਸਥਾਪਨਾ ਲਈ ਕੰਮ ਸ਼ੁਰੂ ਕੀਤਾ ਜਾਵੇਗਾ। ਗੈਲਰੀ ਦੀ ਸਥਾਪਨਾ ਲਈ ਮਾਹਿਰਾਂ ਦੀ ਮਦਦ ਲਈ ਜਾਵੇਗੀ ਅਤੇ ਅਤਿ ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਇਸ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਸ਼ਹੀਦੀ ਯਾਦਗਾਰ ਦੀ ਉਸਾਰੀ ਦੀ ਕਾਰ ਸੇਵਾ ਵੀ ਦਮਦਮੀ ਟਕਸਾਲ ਨੂੰ ਸੌਂਪੀ ਗਈ ਸੀ ਅਤੇ ਗੈਲਰੀ ਦੀ ਸੇਵਾ ਵੀ ਉਨ੍ਹਾਂ ਨੂੰ ਸੌਂਪੀ ਹੈ।
___________________________________________
ਮੌਤਾਂ ਦੀ ਗਿਣਤੀ ਦਾ ਪਤਾ ਲਾਉਣ ਬਾਰੇ ਕੇਂਦਰ ਕੋਲ ਪਹੁੰਚ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਖੁਲਾਸਾ ਕੀਤਾ ਕਿ ਕਮੇਟੀ ਵੱਲੋਂ ਕੇਂਦਰ ਸਰਕਾਰ ਖਾਸ ਕਰ ਕੇ ਰੱਖਿਆ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਨੂੰ ਪੱਤਰ ਭੇਜ ਕੇ ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਵਿਚ ਮਾਰੇ ਗਏ ਲੋਕਾਂ ਦੀ ਅਧਿਕਾਰਤ ਗਿਣਤੀ ਬਾਰੇ ਪਤਾ ਲਾਇਆ ਜਾਵੇਗਾ। ਇਸ ਸਬੰਧੀ ਦਮਦਮੀ ਟਕਸਾਲ ਨੂੰ ਵੀ ਪਤਾ ਲਾਉਣ ਲਈ ਆਖਿਆ ਗਿਆ ਹੈ।