ਰੰਗਮੰਚ ਦੀ ਰੂਹ ਅਜਮੇਰ ਸਿੰਘ ਔਲਖ ਦੀ ਆਖਰੀ ਅਲਵਿਦਾ

ਚੰਡੀਗੜ੍ਹ: ਮਾਲਵੇ ਦੇ ਰੰਗਮੰਚ ਦੀ ਰੂਹ ਪ੍ਰੋæ ਅਜਮੇਰ ਸਿੰਘ ਔਲਖ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਇਹ ਰੰਗਮੰਚੀ ਕੈਂਸਰ ਦੀ ਬਿਮਾਰੀ ਨਾਲ ਪੀੜਤ ਸੀ। ਉਹ ਇਕ ਮਹੀਨੇ ਤੋਂ ਇਸ ਹਸਪਤਾਲ ਵਿਚ ਕੈਂਸਰ ਦਾ ਇਲਾਜ ਕਰਾ ਰਹੇ ਸਨ। ਔਲਖ ਦਾ ਜਨਮ 19 ਅਗਸਤ 1942 ਨੂੰ ਕੁੰਭੜਵਾਲ, ਮਾਨਸਾ ਜ਼ਿਲ੍ਹੇ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਕੌਰ ਸਿੰਘ ਅਤੇ ਮਾਤਾ ਦਾ ਨਾਂ ਹਰਨਾਮ ਕੌਰ ਸੀ।

ਉਨ੍ਹਾਂ ਐਮæਏæ ਪੰਜਾਬੀ ਕੀਤੀ ਅਤੇ ਵਿਦਿਆਰਥੀਆਂ ਨੂੰ ਇਕ ਆਦਰਸ਼ ਅਧਿਆਪਕ ਵਜੋਂ ਸਿੱਖਿਅਤ ਕਰਨ ਦੇ ਨਾਲ-ਨਾਲ ਸਾਹਿਤ ਰਾਹੀਂ ਸਮਾਜਿਕ ਸਰੋਕਾਰਾਂ ਨਾਲ ਜੋੜਦਿਆਂ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿਚੋਂ ਸੇਵਾ ਮੁਕਤ ਹੋਏ।
ਪੰਜਾਬ ਦੇ ਕਿਰਸਾਨੀ ਜੀਵਨ ਦੀਆਂ ਸਮੱਸਿਆਵਾਂ ਨੂੰ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਪੇਸ਼ ਕਰਨ ਵਾਲਾ ਪੰਜਾਬੀ ਦਾ ਇਹ ਪ੍ਰਤੀਨਿੱਧ ਨਾਟਕਕਾਰ ਸੀ। ਪ੍ਰੋæ ਅਜਮੇਰ ਸਿੰਘ ਔਲਖ ਉਨ੍ਹਾਂ ਕੁਝ ਲੋਕਾਂ ਵਿਚੋਂ ਇਕ ਸਨ ਜਿਨ੍ਹਾਂ ਆਪਣੀ ਜ਼ਿੰਦਗੀ ਸਾਹਿਤ ਰਾਹੀਂ ਲੋਕਾਂ ਨੂੰ ਸਮਰਪਤ ਕੀਤੀ। ਉਹ ਖੁਦ ਹੀ ਨਹੀਂ ਬਲਕਿ ਉਨ੍ਹਾਂ ਦਾ ਪੂਰਾ ਪਰਿਵਾਰ ਹੀ ਸਾਹਿਤ ਤੇ ਖਾਸ ਕਰ ਕੇ ਨਾਟਕ ਤੇ ਰੰਗਮੰਚ ਰਾਹੀਂ ਲੋਕਾਂ ਨੂੰ ਚੇਤਨ ਕਰਨ ਲਈ ਨਿਰੰਤਰ ਕਾਰਜਸ਼ੀਲ ਰਿਹਾ।
ਅਜਮੇਰ ਔਲਖ ਨੂੰ 2006 ਵਿਚ ਇਕਾਂਗੀ-ਸੰਗ੍ਰਹਿ ‘ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ’ ਲਈ ਭਾਰਤੀ ਸਾਹਿਤ ਅਕਾਦਮੀ ਅਵਾਰਡ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਸਿਰਮੌਰ ਪੁਰਸਕਾਰ ਪੰਜਾਬੀ ਸਾਹਿਤ ਰਤਨ ਨਾਲ ਵੀ ਸਨਮਾਨਿਆ ਗਿਆ। ਉਹ ਜਮਹੂਰੀ ਸਭਾ ਪੰਜਾਬ ਦੇ ਪ੍ਰਧਾਨ, ਦੇਸ਼ ਭਗਤ ਯਾਦਗਾਰ ਕਮੇਟੀ, ਪੰਜਾਬ ਸੰਗੀਤ ਅਕਾਦਮੀ ਅਤੇ ਕੇਂਦਰੀ ਲੇਖਕ ਸਭਾ ਦੇ ਸਰਗਰਮ ਮੈਂਬਰ ਸਨ। ਉਹ ਉਮਰ ਦੇ ਅੱਠਵੇਂ ਦਹਾਕੇ ਵਿਚ ਵੀ ਦੁਨੀਆਂ ਭਰ ਵਿਚ ਜਾ ਕੇ ਨਾਟਕ ਖੇਡ ਰਹੇ ਸਨ ਅਤੇ ਨਵੀਂ ਪੀੜ੍ਹੀ ਨੂੰ ਪੁਸਤਕ ਮੇਲਿਆਂ ਰਾਹੀਂ ਸਾਹਿਤ ਨਾਲ ਜੋੜ ਰਹੇ ਸਨ। ਉਨ੍ਹਾਂ ਦਾ ਸੁਪਨਾ ਅਤੇ ਮਿਸ਼ਨ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਨਾ ਸੀ। ਉਨ੍ਹਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਤ ਕੀਤਾ ਗਿਆ। ਉਹ ਸੇਵਾ-ਮੁਕਤ ਪੰਜਾਬੀ ਲੈਕਚਰਾਰ ਹੁਣ ਕੁਲਵਕਤੀ ਤੌਰ ‘ਤੇ ਰੰਗਮੰਚ ਕਾਮਾ ਬਣਿਆ।
ਡਾæ ਅਜਮੇਰ ਔਲਖ ਨੇ ਆਪਣੇ ਸਾਹਿਤਕ ਖੇਤਰ ਵਿਚ ਬਹੁਤ ਮਾਣ-ਸਨਮਾਨ ਹਾਸਲ ਕੀਤੇ ਜਿਵੇਂ- ਭਾਰਤੀ ਸੰਗੀਤ ਨਾਟਕ ਅਕਾਦਮੀ, ਨਵੀਂ ਦਿੱਲੀ ਵੱਲੋਂ 22 ਮਾਰਚ 2006 ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾæ ਏæਪੀæਜੇ ਅਬਦੁਲ ਕਲਾਮ ਨੇ ਆਪਣੇ ਕਰ-ਕਮਲਾਂ ਨਾਲ ਵਿਗਿਆਨ ਭਵਨ ਨਵੀਂ ਦਿੱਲੀ ਪੁਰਸਕਾਰ ਦਿੱਤਾ ਗਿਆ।
ਭਾਰਤੀ ਸਾਹਿਤ ਅਕਾਦਮੀ ਨੇ 2006 ਵਿਚ ਇਕਾਂਗੀ ਸੰਗ੍ਰਹਿ ‘ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ’ ਨੂੰ ਪੁਰਸਕਾਰ ਮਿਲਿਆ। ਸੰਨ 2000 ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਨਾਟਕਕਾਰ ਦਾ ਪੁਰਸਕਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤਾ ਗਿਆ। ਸੰਨ 2003 ਵਿਚ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਨਾਟਕਕਾਰ ਅਵਾਰਡ ਦਿੱਤਾ ਗਿਆ।
ਮਸ਼ਹੂਰ ਨਾਟਕ: ਲਘੂ ਤੇ ਇਕਾਂਗੀ ਨਾਟਕ ਅਰਬਦ ਨਰਬਦ ਧੁੰਦੂਕਾਰਾ-1978, ਬਗਾਨੇ ਬੋਹੜ ਦੀ ਛਾਂ 1981, ਅੰਨ੍ਹੇ ਨਿਸ਼ਾਨਚੀ 1983, ਮੇਰੇ ਚੋਣਵੇਂ ਇਕਾਂਗੀ 1985, ਗਾਨੀ 1990, ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ 2004। ਪੂਰੇ ਨਾਟਕ- ਭੱਜੀਆਂ ਬਾਂਹਾਂ 1987 (ਕਹਾਣੀਕਾਰ ਵਰਿਆਮ ਸੰਧੂ ਦੀ ਕਹਾਣੀ ‘ਭੱਜੀਆਂ ਬਾਂਹਾਂ’ ਦਾ ਨਾਟਕੀ ਰੂਪਾਂਤਰਨ ਕੀਤਾ), ਸੱਤ ਬਗਾਨੇ 1988, ਕੇਹਰ ਸਿੰਘ ਦੀ ਮੌਤ 1992, ਇਕ ਸੀ ਦਰਿਆ 1994, ਝਨਾਂ ਦੇ ਪਾਣੀ 2000, ਨਿੱਕੇ ਸੂਰਜਾਂ ਦੀ ਲੜਾਈ 2004 ਆਦਿ।