ਹਿੰਦੂਤਵ ਅਤੇ ਭਾਰਤੀ ਸਮਾਜ

ਅਜੋਕੇ ਹਾਲਾਤ ਵਿਚ ਹਿੰਦੂਤਵੀ ਤਾਕਤਾਂ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਲਈ ਤਰਲੋਮੱਛੀ ਹੋ ਰਹੀਆਂ ਹਨ। ਆਰæਐਸ਼ਐਸ਼ ਇਨ੍ਹਾਂ ਵਿਚ ਮੋਹਰੀ ਹੈ ਅਤੇ ਭਾਰਤ ਦਾ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਿੰਦੂਤਵੀ ਵਿਚਾਰਧਾਰਾ ਦਾ ਬੋਲਬਾਲਾ ਕਰਨ ਲਈ ਯਤਨਸ਼ੀਲ ਹੈ। ਇਸ ਲੇਖ ਵਿਚ ਸ਼ ਹਾਕਮ ਸਿੰਘ ਨੇ ਹਿੰਦੂ ਧਰਮ, ਇਸ ਵਿਚ ਭਾਰੂ ਹੋਈ ਮਨੂੰਵਾਦੀ ਵਿਚਾਰਧਾਰਾ, ਭਾਰਤ ਵਿਚ ਕਾਬਜ ਹੋਏ ਮੁਸਲਿਮ ਹਮਲਾਵਰਾਂ ਦੇ ਹਾਂਦਰੂ ਤੇ ਮਨਫੀ ਪੱਖਾਂ, ਭਗਤੀ ਲਹਿਰ ਅਤੇ ਸਿੱਖ ਧਰਮ ਦੇ ਪਏ ਪ੍ਰਭਾਵ ਨੂੰ ਕਲਮਬੰਦ ਕੀਤਾ ਹੈ।

-ਸੰਪਾਦਕ

ਹਾਕਮ ਸਿੰਘ
ਆਰæਐਸ਼ਐਸ਼ ਭਾਰਤੀ ਸਭਿਆਚਾਰ ਨੂੰ ਹਿੰਦੂਤਵ ਅਨੁਸਾਰ ਢਾਲਣ ਲਈ ਯਤਨਸ਼ੀਲ ਹੈ। ਹਿੰਦੂ ਧਰਮ ਪੁਰਾਤਨ ਸਮੇਂ ਤੋਂ ਭਾਰਤੀ ਸਮਾਜ ਵਿਚ ਪ੍ਰਚਲਿਤ ਹੈ। ਹਿੰਦੂ ਅਧਿਆਤਮਕ ਵਿਚਾਰਧਾਰਾ ਅਤੇ ਫਿਲਾਸਫੀ ਦਾ ਵਿਸ਼ਵ ਦੀ ਧਾਰਮਿਕ ਤੇ ਬੌਧਿਕ ਵਿਚਾਰਧਾਰਾ ਵਿਚ ਵਿਸ਼ੇਸ਼ ਸਥਾਨ ਹੈ ਪਰ ਹਿੰਦੂਤਵ ਦੀ ਇਨ੍ਹਾਂ ਨਾਲ ਕੋਈ ਸਾਂਝ ਨਹੀਂ ਹੈ ਕਿਉਂਕਿ ਇਹ ਵਿਚਾਰਧਾਰਾ ਨਹੀਂ, ਸਮਾਜਿਕ ਪ੍ਰਣਾਲੀ ਹੈ। ਹਿੰਦੂਤਵ ਮੰਨੂ ਸਮ੍ਰਿਤੀ ‘ਤੇ ਆਧਾਰਤ ਭਾਰਤੀ ਸਮਾਜ ਨੂੰ ਜਨਮ ਤੇ ਨਿਰਧਾਰਤ ਵਰਣਾਂ ਵਿਚ ਵੰਡ ਕੇ ਹਰ ਵਰਣ ਦੇ ਕਰਤੱਵ ਅਤੇ ਅਧਿਕਾਰ ਨਿਯਤ ਕਰਨ ਦੀ ਵਿਧੀ ਹੈ। ਇਸ ਵਿਚ ਬ੍ਰਾਹਮਣ ਵਰਗ ਨੂੰ ਉਤਮ ਮੰਨਿਆ ਅਤੇ ਸਮਾਜ ਵਿਚ ਵਿਸ਼ੇਸ਼ ਅਧਿਕਾਰਾਂ ਦਾ ਹੱਕਦਾਰ ਬਣਾਇਆ ਗਿਆ ਹੈ।
ਬ੍ਰਾਹਮਣ ਦੀ ਉਤਮਤਾ ਸਿੱਧ ਕਰਨ ਲਈ ਹਿੰਦੂ ਸਭਿਆਚਾਰ ਵਿਚ ਬ੍ਰਾਹਮਣਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਅਨੂਪ ਅਧਿਕਾਰਾਂ ਦਾ ਬਹੁਤ ਮਿਥਿਹਾਸ ਰਚਿਆ ਗਿਆ ਹੈ। ਹਿੰਦੂ ਸਭਿਆਚਾਰ ਵਿਚ ਸਮਾਜ ਦੀ ਸਥਿਤੀ ਅਤੇ ਪ੍ਰਾਪਤੀਆਂ ਦਾ ਇਤਿਹਾਸ ਲਿਖਣ ਦੀ ਪ੍ਰਥਾ ਨਹੀਂ ਸੀ। ਇਤਿਹਾਸ ਦੀ ਥਾਂਵੇਂ ਸਥਾਨ ਅਤੇ ਸਮੇਂ ਦੇ ਸਬੰਧਾਂ ਨੂੰ ਰਲਗੱਡ ਕਰਕੇ ਕਲਪਿਤ ਵਿਅਕਤੀਆਂ ਦੀਆਂ ਕਰਾਮਾਤਾਂ ਦੇ ਮਿਥਿਹਾਸ ਰਚਣ ਦੀ ਰੀਤ ਸੀ। ਰਾਮਾਇਣ ਅਤੇ ਮਹਾਂਭਾਰਤ ਐਸੇ ਹੀ ਮਿਥਿਹਾਸਾਂ ਦੇ ਉਦਾਹਰਣ ਹਨ।
ਹਿੰਦੂਤਵ ਦੇ ਸਮਾਜਕ ਯੋਗਦਾਨ ਦੀ ਜਾਣਕਾਰੀ ਤੇ ਭਾਰਤੀ ਇਤਿਹਾਸ ਦੇ ਅਧਿਐਨ ਤੋਂ ਹੀ ਮਿਲ ਸਕਦੀ ਹੈ ਪਰ ਭਾਰਤੀ ਇਤਿਹਾਸ ਦੇ ਕਈ ਉਚੇਚੇ ਦੌਰਾਂ ਵਿਚ ਵਾਪਰੀਆਂ ਘਟਨਾਵਾਂ ਵਿਚ ਹਿੰਦੂਤਵ ਦੇ ਰੋਲ ਤੋਂ ਉਸ ਦੇ ਯੋਗਦਾਨ ਦਾ ਸਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ, ਜਿਸ ਦਾ ਯਤਨ ਕਰਦੇ ਹਾਂ।
ਭਾਰਤ ਦੀ ਵੈਦਿਕ ਸੱਭਿਅਤਾ ਵਿਚੋਂ ਜੈਨ, ਹਿੰਦੂ ਅਤੇ ਬੁੱਧ ਧਰਮ ਵਿਕਸਿਤ ਹੋਏ ਸਨ। ਹਿੰਦੂ ਧਰਮ ਨੇ ਮਨੂੰ ਦੀ ਸਮਾਜਕ ਵਰਣ ਵੰਡ ਪ੍ਰਣਾਲੀ ਨੂੰ ਆਪਣੇ ਧਰਮ ਦਾ ਆਧਾਰ ਬਣਾ ਲਿਆ ਜਿਸ ਨਾਲ ਸਮਾਜ ਵਿਚ ਊਚ-ਨੀਚ ਦੀਆਂ ਭਾਵਨਾਵਾਂ ਪੈਦਾ ਹੋ ਗਈਆਂ ਅਤੇ ਬ੍ਰਾਹਮਣਾਂ ਨੇ ਨੀਵੀਆਂ ਜਾਤਾਂ ਨਾਲ ਪੱਖ ਪਾਤ ਤੇ ਸ਼ੂਦਰਾਂ ਨਾਲ ਅਣਮਨੁੱਖੀ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ। ਵਰਣ ਵੰਡ ਨੇ ਭਾਰਤੀ ਸਮਾਜ ਦੀ ਬੁਨਿਆਦੀ ਏਕਤਾ ਭੰਗ ਕਰ ਦਿੱਤੀ। ਬਿਖਰੇ ਹੋਏ ਹਿੰਦੂਤਵੀ ਸਮਾਜ ਦੇ ਬਹੁਤੇ ਲੋਕਾਂ ਨੂੰ ਬ੍ਰਾਹਮਣਾਂ ਨੇ ਵਹਿਮਾਂ ਭਰਮਾਂ ਵਿਚ ਪਾ ਕੇ ਆਪਣੇ ਮਾਨਸਿਕ ਗੁਲਾਮ ਬਣਾ ਲਿਆ ਅਤੇ ਉਨ੍ਹਾਂ ਨੂੰ ਸ਼ੂਦਰਾਂ ਨਾਲ ਘ੍ਰਿਣਾ ਕਰਨ ਲਈ ਸ਼ਹਿ ਦੇਣ ਲੱਗ ਪਏ।
ਬੁੱਧ ਅਤੇ ਜੈਨ ਧਰਮ ਦੇ ਉਪਾਸ਼ਕਾਂ ਨੇ ਹਿੰਦੂਤਵ ਵਲੋਂ ਸਮਾਜ ਵਿਚ ਪਾਈ ਫੁੱਟ ਅਤੇ ਅਨਿਆਂ ਨੂੰ ਦੂਰ ਕਰਨ ਦੇ ਯਤਨ ਕੀਤੇ। ਬੋਧੀ ਸ਼ਾਸਕਾਂ ਨੇ ਲੋਕਾਂ ਦੀ ਏਕਤਾ ਅਤੇ ਬਿਹਤਰੀ ਨੂੰ ਆਪਣੇ ਰਾਜ ਦਾ ਮਨੋਰਥ ਬਣਾਇਆ। ਅਸ਼ੋਕ ਨੇ ਕਾਲਿੰਗਾ ਦੇ ਦੁਖਾਂਤ ਤੋਂ ਪੀੜਤ ਹੋ ਕੇ ਲੋਕਾਂ ਨੂੰ ਖੁਸ਼ਹਾਲ ਕਰਨ ਦਾ ਉਪਰਾਲਾ ਕੀਤਾ ਅਤੇ ਕਨਿਸ਼ਕ ਨੇ ਲੋਕਾਂ ਵਿਚ ਗਿਆਨ ਦੀ ਸਿੱਖਿਆ ਤੇ ਪ੍ਰਸਾਰ ਦੇ ਪ੍ਰਬੰਧ ਦੀ ਸ਼ਲਾਘਾਯੋਗ ਵਿਵਸਥਾ ਕੀਤੀ। ਹਰਸ਼ਵਰਧਨ ਨੇ ਵੀ ਸਮਾਜ ਦੀ ਬਿਹਤਰੀ ਲਈ ਭਾਰੀ ਉਦਮ ਕੀਤਾ। ਜੈਨ ਅਤੇ ਬੋਧੀ ਮਹਾਰਾਜਿਆਂ ਨੇ ਸਮਾਜ ਦੀ ਖੁਸ਼ਹਾਲੀ ਨੂੰ ਮੁੱਖ ਰਖ ਕੇ ਨੀਤੀਆਂ ਬਣਾਈਆਂ ਪਰ ਸ਼ੰਕਰਾਚਾਰੀਆ ਦੇ ਸ਼ਰਧਾਲੂਆਂ ਨੇ ਬੁੱਧ ਅਤੇ ਜੈਨ ਧਰਮ ਦੇ ਸ਼ਾਸਕਾਂ ‘ਤੇ ਹਿੰਸਕ ਵਾਰ ਕਰਕੇ ਉਨ੍ਹਾਂ ਦੇ ਰਾਜਾਂ ਦਾ ਖਾਤਮਾ ਕਰ ਦਿੱਤਾ।
ਬੋਧੀ ਤੇ ਜੈਨ ਰਾਜਾਂ ਦੇ ਖਾਤਮੇ ‘ਤੇ ਹਿੰਦੂਤਵੀ ਰਾਜ ਕਾਇਮ ਹੋ ਗਿਆ ਅਤੇ ਨੀਵੀਆਂ ਜਾਤਾਂ ਨਾਲ ਪੱਖ ਪਾਤ ਤੇ ਅਨਿਆਂ ਅਤੇ ਬੋਧੀਆਂ ਨਾਲ ਵੈਰ ਹੋਣ ਲੱਗ ਪਿਆ। ਰਾਜਪੂਤ ਰਾਜੇ ਦੂਜੇ ਰਾਜਪੂਤ ਰਾਜਿਆਂ ਨਾਲ ਵੈਰ ਕਰਦੇ ਸਨ ਜਿਸ ਨਾਲ ਸਮਾਜਿਕ ਵਖਰੇਵਾਂ ਹੋਰ ਵਧ ਗਿਆ। ਭਾਰਤ ਦੀ ਸਮਾਜਿਕ ਫੁੱਟ ਅਤੇ ਰਾਜ ਪ੍ਰਬੰਧਾਂ ਦੀ ਕਮਜ਼ੋਰੀ ਦੀ ਜਾਣਕਾਰੀ ਮਿਲਣ ‘ਤੇ ਭਾਰਤ ਦੀ ਪੱਛਮੀ ਸਰਹੱਦ ਨਾਲ ਲਗਦੀਆਂ ਸ਼ਕਤੀਆਂ ਉਸ ‘ਤੇ ਹਮਲਾ ਕਰਨ ਲਈ ਉਤਸ਼ਾਹਿਤ ਹੋ ਗਈਆਂ।
ਪਹਿਲਾਂ, ਉਮੈਦ ਖਲੀਫੇ ਦੇ ਜਰਨੈਲ ਮੁਹੰਮਦ ਬਿਨ ਕਾਸਿਮ ਨੇ ਸਿੰਧ ਅਤੇ ਮੁਲਤਾਨ ‘ਤੇ ਕਬਜ਼ਾ ਕਰ ਲਿਆ। ਫਿਰ ਮਹਿਮੂਦ ਗਜ਼ਨੀ ਨੇ ਭਾਰਤ ‘ਤੇ 17 ਹਮਲੇ ਕੀਤੇ ਅਤੇ ਉਤਰੀ ਭਾਰਤ ਦੇ ਕਈ ਸ਼ਹਿਰਾਂ ਤੇ ਮੰਦਿਰਾਂ ਨੂੰ ਲੁਟਿਆ। ਅਖੀਰਲੇ ਹਮਲੇ ਵਿਚ ਉਸ ਨੇ ਕਾਠੀਆਵਾੜ ਦੇ ਪ੍ਰਸਿਧ ਸੋਮਨਾਥ ਮੰਦਿਰ ਨੂੰ ਲੁਟਿਆ। ਮਹਿਮੂਦ ਗਜ਼ਨੀ ਮਗਰੋਂ ਮੁਹੰਮਦ ਗੌਰੀ ਨੇ ਦਿੱਲੀ ਅਤੇ ਅਜਮੇਰ ਦੇ ਰਾਜੇ ਪ੍ਰਿਥਵੀ ਰਾਜ ਨੂੰ ਹਰਾ ਕੇ ਬਿਹਾਰ ਅਤੇ ਬੰਗਾਲ ‘ਤੇ ਹਮਲੇ ਕਰ ਦਿੱਤੇ। ਉਸ ਨੇ ਆਪਣੇ ਗੁਲਾਮ ਕੁਤਬ-ਉਦ-ਦੀਨ ਐਬਕ ਨੂੰ ਫੌਜਾਂ ਦੀ ਕਮਾਨ ਸੰਭਾਲੀ ਹੋਈ ਸੀ ਜੋ ਉਸ ਦੀ ਮੌਤ ਪਿਛੋਂ ਦਿੱਲੀ ਦਾ ਗੁਲਾਮ ਸੁਲਤਾਨ ਬਣਿਆ। ਸੁਲਤਾਨ ਅਤੇ ਮੁਗਲ ਬਾਦਸ਼ਾਹ ਤਕਰੀਬਨ ਸੱਤ ਸਦੀਆਂ ਭਾਰਤ ‘ਤੇ ਰਾਜ ਕਰਦੇ ਰਹੇ।
ਭਾਰਤ ‘ਤੇ ਮੁਸਲਮਾਨੀ ਰਾਜ ਦੇ ਤਿੰਨ ਪਹਿਲੂ ਵਰਣਨਯੋਗ ਹਨ-ਪਹਿਲਾ, ਮੁਸਲਮਾਨ ਸ਼ਾਸਕ ਭਾਰਤ ਦੇ ਧਾਰਮਿਕ ਅਤੇ ਸਮਾਜਿਕ ਜੀਵਨ ਵਿਚ ਬੇਲੋੜੀ ਦਖਲਅੰਦਾਜ਼ੀ ਨਹੀਂ ਕਰਦੇ ਸਨ। ਭਾਰਤ ਪਿੰਡਾਂ ਦਾ ਦੇਸ਼ ਸੀ ਅਤੇ ਹਰ ਪਿੰਡ ਆਰਥਿਕ ਅਤੇ ਸਮਾਜਿਕ ਪੱਖੋਂ ਲਗਭਗ ਆਤਮ ਨਿਰਭਰ ਸੀ। ਮੁਸਲਮਾਨ ਸ਼ਾਸਕ ਪੇਂਡੂ ਜੀਵਨ ਵਿਚ ਦਖਲ ਨਹੀਂ ਦਿੰਦੇ ਸਨ ਅਤੇ ਪਿੰਡ ਵਾਸੀਆਂ ਦਾ ਵੀ ਸ਼ਾਸਕਾਂ ਦੇ ਸਿਆਸੀ ਤੇ ਦੂਜੇ ਝਗੜਿਆਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਸੀ। ਮੁਸਲਮਾਨ ਅਤੇ ਹਿੰਦੂ ਸ਼ਾਸਕਾਂ ਵਿਚ ਕਾਫੀ ਸਹਿਯੋਗ ਵੀ ਸੀ। ਮੁਸਲਮਾਨ ਸੁਲਤਾਨਾਂ ਅਤੇ ਬਾਦਸ਼ਾਹਾਂ ਦੇ ਕਈ ਦਰਬਾਰੀ ਤੇ ਦੀਵਾਨ ਹਿੰਦੂ ਸਨ ਅਤੇ ਫੌਜ ਵਿਚ ਕਈ ਜਰਨੈਲ ਤੇ ਸਿਪਾਹੀ ਵੀ।
ਦੂਜਾ, ਸੁਲਤਾਨਾਂ ਅਤੇ ਬਾਦਸ਼ਾਹਾਂ ਨੇ ਆਪਣੀਆਂ ਔਰਤਾਂ, ਗੁਲਾਮਾਂ, ਵਿਦੇਸ਼ੀਆਂ ਤੇ ਹਿੰਦੂਆਂ ਨੂੰ ਬਣਦੇ ਅਧਿਕਾਰ ਦਿੱਤੇ ਹੋਏ ਸਨ। ਇਸ ਪੱਖੋਂ ਉਨ੍ਹਾਂ ਦੇ ਰਾਜ ਬਹੁਤ ਹੱਦ ਤਕ ਧਰਮ ਨਿਰਪੱਖ ਅਤੇ ਨਿਆਂਪੂਰਨ ਸਨ। ਮਹਿਮੂਦ ਗਜ਼ਨੀ ਭਾਵੇਂ ਮੰਦਿਰ ਲੁਟਦਾ ਸੀ ਪਰ ਉਸ ਦਾ ਇੱਕ ਵਡਾ ਜਰਨੈਲ ਤਿਲਕ ਹਿੰਦੂ ਸੀ। ਉਹ ਭਾਰਤੀ ਫੌਜ ਨੂੰ ਆਪਣੇ ਮੁਸਲਮਾਨ ਵੈਰੀਆਂ ਵਿਰੁਧ ਵਰਤਦਾ ਸੀ। ਰਜ਼ੀਆ ਸੁਲਤਾਨਾ ਇਸਤਰੀ ਹੁੰਦਿਆਂ ਸੁਲਤਾਨ ਬਣ ਗਈ ਸੀ। ਇਹੋ ਨਹੀਂ, ਉਸ ਦਾ ਸਭ ਤੋਂ ਵਡਾ ਸਹਾਇਕ ਇਥੋਪੀਆ ਦਾ ਵਸਨੀਕ ਇੱਕ ਅਫਰੀਕਨ ਸੀ। ਸ਼ੇਰ ਸ਼ਾਹ ਸੂਰੀ ਨੇ ਉਤਰੀ ਭਾਰਤ ਵਿਚ ਲੋਕਾਂ ਦਾ ਜੀਵਨ ਸੁਖਾਵਾਂ ਕਰਨ ਲਈ ਕਾਫੀ ਆਰਥਿਕ ਸੁਧਾਰ ਕੀਤਾ। ਅਕਬਰ ਅਤੇ ਮੁਗਲ ਬਾਦਸ਼ਾਹਾਂ ਸਮੇਂ ਉਤਰੀ ਭਾਰਤ ਨੇ ਬਹੁਤ ਤਰੱਕੀ ਕੀਤੀ, ਹਿੰਦੂਆਂ ਤੇ ਮੁਸਲਮਾਨਾਂ ਵਿਚ ਮਿਲਵਰਤਣ ਸੀ, ਲੋਕ ਖੁਸ਼ਹਾਲ ਸਨ ਅਤੇ ਸਭਿਆਚਾਰ ਬਹੁਤ ਪ੍ਰਫੁਲਿਤ ਸੀ।
ਤੀਜਾ, ਮੁਸਲਮਾਨ ਬਾਦਸ਼ਾਹਾਂ ਦੇ ਰਾਜ ਸਮੇਂ ਆਮ ਲੋਕਾਂ ਦੀ ਬੁਹਗਿਣਤੀ ਭਗਤੀ ਅਤੇ ਸੂਫੀ ਲਹਿਰਾਂ ਦੇ ਪ੍ਰਭਾਵ ਅਧੀਨ ਹਿੰਦੂ ਧਰਮ ਦੀ ਮੰਨੂਵਾਦੀ ਜਾਤ-ਪਾਤ ਪ੍ਰਣਾਲੀ ਨੂੰ ਨਾਕਾਰਨ ਲੱਗ ਪਈ ਸੀ। ਭਗਤ ਜਾਤ-ਪਾਤ ਤੇ ਮੂਰਤੀ ਪੂਜਾ ਦਾ ਖੰਡਨ ਕਰਦੇ ਸਨ ਅਤੇ ਮਨੁੱਖੀ ਆਜ਼ਾਦੀ ਤੇ ਬਰਾਬਰੀ ਦਾ ਸਮਰਥਨ। ਭਗਤ ਕਬੀਰ ਨੇ ਤੇ ਇਥੋਂ ਤਕ ਆਖ ਦਿੱਤਾ ਸੀ, “ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥”
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਵੀ ਭਗਤਾਂ ਦੇ ਮਾਨਵਵਾਦੀ ਵਿਚਾਰਾਂ ਦਾ ਸਮਰਥਨ ਕੀਤਾ। ਗੋਕਲ ਚੰਦ ਨਾਰੰਗ ਦਾ ਵਿਚਾਰ ਹੈ ਕਿ ਭਗਤੀ ਲਹਿਰ ਹਿੰਦੂ ਸਮਾਜ ਦੇ ਸੁਧਾਰ ਲਈ ਹੋਂਦ ਵਿਚ ਆਈ ਸੀ। ਪਰ ਹਿੰਦੂ ਸਮਾਜ ਦਾ ਤਾਂ ਆਧਾਰ ਹੀ ਜਾਤ-ਪਾਤ ਅਤੇ ਮੂਰਤੀ ਪੂਜਾ ਸੀ। ਉਨ੍ਹਾਂ ਦਾ ਖੰਡਨ ਕਰਨ ਵਾਲੀ ਲਹਿਰ ਨੂੰ ਹਿੰਦੂ ਸਮਾਜ ਦੀ ਸੁਧਾਰਕ ਕਿਵੇਂ ਆਖਿਆ ਜਾ ਸਕਦਾ ਹੈ? ਇਹ ਵੱਖਰੀ ਗੱਲ ਹੈ ਕਿ ਬਿਪਰ ਨੇ ਰਾਜ ਸ਼ਕਤੀਆਂ ਦੀ ਸਹਾਇਤਾ ਨਾਲ ਭਗਤੀ ਵਿਚਾਰਧਾਰਾ ਨੂੰ ਵੀ ਆਪਣੇ ਕਰਮ ਕਾਂਡਾਂ ਵਿਚ ਉਲਝਾ ਲਿਆ।
ਸਤਾਰਵੀਂ ਅਤੇ ਅਠਾਰਵੀਂ ਸਦੀ ਦੇ ਭਾਰਤ ਦਾ ਇਤਿਹਾਸ ਉਸ ਦੇ ਭੁਗੋਲ ਨਾਲ ਵੀ ਸਬੰਧ ਰੱਖਦਾ ਹੈ। ਭੁਗੋਲ ਦੇ ਆਧਾਰ ‘ਤੇ ਭਾਰਤ ਤਿੰਨ ਮੁੱਖ ਭਾਗਾਂ ਵਿਚ ਵੰਡਿਆ ਹੋਇਆ ਹੈ: ਉਤਰ, ਮੱਧ ਅਤੇ ਦੱਖਣ। ਉਤਰੀ ਅਤੇ ਦੱਖਣੀ ਭਾਰਤ ਦੇ ਇਤਿਹਾਸ ਅਤੇ ਸਭਿਆਚਾਰ ਵਿਚ ਬਹੁਤੀ ਸਾਂਝ ਨਹੀਂ ਹੈ। ਅਸਲ ਵਿਚ ਵਿੰਧਿਆ ਪਰਬਤ ਅਤੇ ਮੱਧ ਭਾਰਤ ਉਤਰ ਤੇ ਦੱਖਣੀ ਭਾਰਤ ਨੂੰ ਇੱਕ ਦੀਵਾਰ ਬਣ ਕੇ ਵੰਡਦੇ ਹਨ। ਇਸ ਵਖਰੇਵੇਂ ਕਾਰਨ ਉਤਰੀ ਭਾਰਤ ਨੂੰ ਹੀ ਅਸਲੀ ਹਿੰਦੋਸਤਾਨ ਸਮਝਿਆ ਜਾਂਦਾ ਰਿਹਾ ਹੈ। ਅੰਗਰੇਜ਼ ਤੇ ਯੂਰਪੀ ਸ਼ਕਤੀਆਂ ਭਾਰਤ ਵਿਚ ਦੱਖਣ ਤੇ ਮੱਧ ਭਾਰਤ ਰਾਹੀਂ ਦਾਖਲ ਹੋਈਆਂ ਸਨ। ਅੰਗਰੇਜ਼ ਸੌ ਸਾਲ ਤੋਂ ਵੱਧ ਫਰਾਂਸੀਸੀਆਂ, ਹੈਦਰ ਅਲੀ ਅਤੇ ਟੀਪੂ ਸੁਲਤਾਨ ਵਿਰੁਧ ਜੰਗਾਂ ਲੜਦੇ ਰਹੇ, ਫਿਰ ਵੀ ਉਹ ਆਪਣੇ ਆਪ ਨੂੰ ਭਾਰਤੀ ਸ਼ਕਤੀ ਨਾ ਬਣਾ ਸਕੇ। ਰੌਬਰਟ ਕਲਾਈਵ ਵਲੋਂ ਬੰਗਾਲ ਦੇ ਨਵਾਬ ਸਰਾਜ-ਉਦ-ਦੌਲਾ ਨੂੰ ਹਰਾਉਣ ਮਗਰੋਂ ਹੀ ਉਹ ਹਿੰਦੋਸਤਾਨ ਵਿਚ ਇੱਕ ਰਾਜਸੀ ਸ਼ਕਤੀ ਬਣ ਕੇ ਉਭਰ ਸਕੇ।
ਅੰਗਰੇਜ਼ਾਂ ਦੇ ਰਾਜ ਤੋਂ ਪਹਿਲੋਂ ਭਾਰਤ ਵਿਚ ਦੋ ਵੱਡੀਆਂ ਸ਼ਕਤੀਆਂ ਕ੍ਰਿਆਸ਼ੀਲ ਸਨ-ਮਰਾਠੇ ਅਤੇ ਸਿੱਖ। ਮਰਾਠਾ ਦੇਸ਼ ਮੱਧ ਭਾਰਤ ਦਾ ਭਾਗ ਹੈ ਅਤੇ ਮਰਾਠੇ ਮੱਧ ਭਾਰਤੀ ਸ਼ਕਤੀ ਸਨ। ਉਹ ਉਤਰੀ ਭਾਰਤ ਦੇ ਵਸਨੀਕਾਂ ਨੂੰ ਵਿਦੇਸ਼ੀ ਸਮਝਦੇ ਸਨ। ਮਰਾਠਿਆਂ ਨੇ ਪੇਸ਼ਵਾ ਬ੍ਰਾਹਮਣਾਂ ਦੀ ਅਗਵਾਈ ਹੇਠ ਉਤਰੀ ਭਾਰਤ ਵਿਚ ਬਹੁਤ ਮਾਰ-ਧਾੜ ਕੀਤੀ ਸੀ। ਮਰਾਠੇ ਹਮਲਾਵਰ ਆਪਣੇ ਆਪ ਨੂੰ ਗੈਰ-ਮਰਾਠਿਆਂ ਨਾਲੋਂ ਮਹਾਨ ਅਤੇ ਬਹਾਦਰ ਸਮਝ ਕੇ ਉਨ੍ਹਾਂ ਨਾਲ ਬਦਸਲੂਕੀ ਕਰਦੇ ਸਨ। ਬੰਗਾਲ ‘ਤੇ ਕਬਜ਼ਾ ਕਰਕੇ ਉਨ੍ਹਾਂ ਬੰਗਾਲੀਆਂ ‘ਤੇ ਭਾਰੀ ਅਤਿਆਚਾਰ ਕੀਤੇ ਜਿਸ ਦੀ ਪੀੜਾ ਬੰਗਾਲੀ ਲੋਕਧਾਰਾ ਵਿਚ ਪ੍ਰਗਟ ਹੋਈ। ਉਤਰੀ ਭਾਰਤ ਦੇ ਹੋਰ ਕਈ ਇਲਾਕਿਆਂ ਵਿਚ ਮਰਾਠਿਆਂ ਨੇ ਬਹੁਤ ਜ਼ੁਲਮ ਢਾਹੇ। ਉਨ੍ਹਾਂ ਨੂੰ ਆਪਣੀ ਸ਼ਕਤੀ ‘ਤੇ ਬਹੁਤ ਗੁਮਾਨ ਸੀ। ਉਹ ਦਿੱਲੀ ਜਿੱਤ ਕੇ ਭਾਰਤ ‘ਤੇ ਮਰਾਠਾ ਰਾਜ ਕਾਇਮ ਕਰਨ ਦੇ ਚਾਹਵਾਨ ਸਨ। ਆਮ ਲੋਕ ਉਨ੍ਹਾਂ ਦੇ ਜ਼ੁਲਮਾਂ ਤੋਂ ਬਹੁਤ ਤੰਗ ਸਨ।
1761 ਵਿਚ ਪਾਣੀਪਤ ਦੀ ਤੀਜੀ ਜੰਗ ਵਿਚ ਅਹਿਮਦ ਸ਼ਾਹ ਅਬਦਾਲੀ ਨੇ ਮਰਾਠਿਆਂ ਨੂੰ ਕਰਾਰੀ ਹਾਰ ਦਿੱਤੀ ਜਿਸ ਨਾਲ ਉਨ੍ਹਾਂ ਦੀ ਘੁਮੰਡੀ ਮਾਨਸਿਕਤਾ ਬੁਰੀ ਤਰ੍ਹਾਂ ਵਲੂੰਧਰੀ ਗਈ। ਉਨ੍ਹਾਂ ਦਾ ਦਿੱਲੀ ਜਿੱਤ ਕੇ ਭਾਰਤ ‘ਤੇ ਰਾਜ ਕਰਨ ਦਾ ਸੁਪਨਾ ਵੀ ਢਹਿ ਢੇਰੀ ਹੋ ਗਿਆ। ਉਹ ਆਪਣੀ ਵਿਕਰਿਤ ਮਾਨਸਿਕਤਾ ਨੂੰ ਦਿਲਾਸਾ ਦੇਣ ਲਈ ਦਿੱਲੀ ‘ਤੇ ਹਮਲਾ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਸਨ ਕਿ ਅੰਗਰੇਜ਼ਾਂ ਨੇ ਤਿੰਨ ਜੰਗਾਂ ਵਿਚ ਮਰਾਠਾ ਰਾਜਸੀ ਸ਼ਕਤੀ ਦਾ ਭੋਗ ਪਾ ਦਿੱਤਾ। ਉਸ ਵਿਕਰਿਤ ਮਾਨਸਿਕ ਅਵਸਥਾ ਅਤੇ ਭਾਰਤ ‘ਤੇ ਰਾਜ ਕਰਨ ਦੀ ਦਿਲ ਵਿਚ ਸੰਭਾਲੀ ਇੱਛਾ ਨੇ ਹੀ ਮਰਾਠਾ ਦੇਸ਼ ਦੇ ਬ੍ਰਹਾਮਣਾਂ ਨੂੰ ਆਰæਐਸ਼ਐਸ਼ ਜੈਸੀ ਮੰਨੂਵਾਦੀ, ਹਿੰਸਕ ਅਤੇ ਫੁੱਟਪਾਊ ਅਰਧ-ਫੌਜੀ ਸੰਸਥਾ ਸਥਾਪਤ ਕਰਨ ਲਈ ਪ੍ਰੇਰਿਤ ਕੀਤਾ। ਸ਼ਾਇਦ ਉਸੇ ਸੋਚ ਨੇ ਉਨ੍ਹਾਂ ਨੂੰ ਆਪਣੇ ਖੇਤਰ ਨੂੰ ਮਹਾਨ ਰਾਸ਼ਟਰ ਆਖਣ ਲਈ ਉਤਸ਼ਾਹਿਤ ਵੀ ਕੀਤਾ ਹੋਵੇ।
ਸਿੱਖ ਮਿਸਲਦਾਰਾਂ ਦਾ ਵੀ ਅੰਗਰੇਜ਼ੀ ਰਾਜ ਦੀ ਸਥਾਪਨਾ ਤੋਂ ਪਹਿਲੋਂ ਪੰਜਾਬ ਵਿਚ ਇੱਕ ਵੱਡੀ ਸ਼ਕਤੀ ਵਜੋਂ ਉਗਮਨ ਹੋ ਗਿਆ ਸੀ। ਪੰਜਾਬੀ ਕੌਮ ਦੇ ਵਿਕਾਸ ਵਿਚ ਗੁਰੂ ਨਾਨਕ ਵਿਚਾਰਧਾਰਾ ਦਾ ਭਾਰੀ ਯੋਗਦਾਨ ਹੈ। ਉਸੇ ਵਿਚਾਰਧਾਰਾ ਦੇ ਡੂੰਘੇ ਪ੍ਰਭਾਵ ਕਾਰਨ ਸਿੱਖ ਮਿਸਲਦਾਰ ਹਲੀਮੀ ਤੇ ਲੋਕ ਭਲਾਈ ਨੂੰ ਸਮਰਪਿਤ ਅਤੇ ਅਨਿਆਂ ਦੇ ਵਿਰੋਧੀ ਸਨ। ਉਨ੍ਹਾਂ ਕਈ ਵਾਰ ਦਿੱਲੀ ਜਿੱਤੀ ਪਰ ਕਦੇ ਵੀ ਭਾਰਤ ‘ਤੇ ਰਾਜ ਕਰਨ ਦੀ ਇੱਛਾ ਨਹੀਂ ਜਤਾਈ। ਅਸਲ ਵਿਚ ਸਿੱਖਾਂ ਦੀ ਦਿੱਲੀ ਅਤੇ ਭਾਰਤ ‘ਤੇ ਰਾਜ ਕਰਨ ਦੀ ਕੋਈ ਮਨਸ਼ਾ ਨਹੀਂ ਸੀ, ਉਹ ਤਾਂ ਮੁਗਲ ਰਾਜ ਵਲੋਂ ਗੁਰੂ ਸਾਹਿਬਾਨ ਅਤੇ ਸਿੱਖਾਂ ‘ਤੇ ਕੀਤੇ ਜ਼ੁਲਮਾਂ ਦਾ ਹਿਸਾਬ ਬਰਾਬਰ ਕਰਨ ਦੇ ਚਾਹਵਾਨ ਸਨ। ਉਹ ਭਾਰਤ ਨੂੰ ਵਿਦੇਸ਼ ਸਮਝਦੇ ਸਨ। ਉਨ੍ਹਾਂ ਦੀ ਇਸ ਸੋਚ ਦੀ ਪ੍ਰੋੜ੍ਹਤਾ ਸ਼ਾਹ ਮੁਹੰਮਦ ਨੇ ਵੀ ਕੀਤੀ ਹੈ। ਉਹ ਲਿਖਦਾ ਹੈ, “ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ।” ਇਸੇ ਸੋਚ ਅਧੀਨ ਸਿੱਖਾਂ ਨੇ 1857 ਦੇ ਗਦਰ ਵਿਚ ਗਦਰੀਆਂ ਦੀ ਹਮਾਇਤ ਨਾ ਕੀਤੀ।
ਪੰਜਾਬੀ ਗੁਰਬਾਣੀ ਦੇ ਮਾਨਵਵਾਦੀ ਅਤੇ ਕਿੱਸਾ ਕਵੀਆਂ ਦੇ ਸੂਫੀਆਨਾ ਅਤੇ ਰੋਮਾਂਚਕ ਵਿਚਾਰਾਂ ਦੀ ਮਹਿਕ ਦਾ ਅਨੰਦ ਮਾਣ ਰਹੇ ਸਨ ਕਿ ਦਯਾਨੰਦ ਗੁਜਰਾਤੀ ਦੇ ਮੰਨੂਵਾਦੀ ਆਰੀਆ ਸਮਾਜ ਨੇ ਵੰਡੀਆਂ ਪਾ ਕੇ ਸੁਖੀ ਵਸਦੇ ਪੰਜਾਬ ਨੂੰ ਬਰਬਾਦ ਕਰ ਦਿੱਤਾ। ਆਰੀਆ ਸਮਾਜ ਨੇ ਪੰਜਾਬੀ ਹਿੰਦੂਆਂ ਨੂੰ ਵੈਦਿਕ ਕਾਲ ਦੇ ਨਾਗਰਿਕ ਹੋਣ ਦਾ ਭਰਮ ਪਾ ਕੇ ਆਪਣੀ ਮਾਂ-ਬੋਲੀ ਅਤੇ ਸਭਿਆਚਾਰ ਤੋਂ ਪਰਾਏ ਕਰ ਦਿੱਤਾ। ਉਹ ਪੰਜਾਬ ਦੇ ਜੰਮਪਲ ਹੋ ਕੇ ਵੀ ਪੰਜਾਬੀ ਨਾ ਰਹੇ ਅਤੇ ਭਾਰਤ ਦੇ ਹੋਰ ਕਿਸੇ ਸਭਿਆਚਾਰ ਨੇ ਉਨ੍ਹਾਂ ਨੂੰ ਸਵੀਕਾਰਿਆ ਨਾ। ਆਪਣੀ ਨਾਗਰਿਕਤਾ ਦੇ ਆਧਾਰ ਤੋਂ ਮੁਨਕਰ ਹੋ ਕੇ ਉਹ ਆਪਣੀ ਬੇਗਾਨਗੀ ਲਈ ਪੰਜਾਬ ਨੂੰ ਕੋਸਦੇ ਅਤੇ ਉਸ ਨਾਲ ਵੈਰ ਕਮਾਉਂਦੇ ਰਹੇ। ਕਾਂਗਰਸ ਵਿਚ ਉਹ ਇੱਕ ਪ੍ਰਭਾਵਸ਼ਾਲੀ ਪੰਜਾਬ ਵਿਰੋਧੀ ਧੜਾ ਬਣ ਕੇ ਉਭਰੇ ਅਤੇ ਪੰਜਾਬ ਦਾ ਵੱਧ ਤੋਂ ਵੱਧ ਨੁਕਸਾਨ ਕਰਨ ਲਈ ਵਿਆਕੁਲ ਰਹੇ। ਲਗਭਗ ਇੱਕ ਸਦੀ ਦਾ ਬਣਵਾਸ ਕੱਟ ਕੇ ਉਨ੍ਹਾਂ ਨੂੰ ਮੁੜ ਪੰਜਾਬ ਅਤੇ ਪੰਜਾਬੀ ਦੀ ਸ਼ਰਨ ਲੈਣੀ ਪਈ।
ਮਰਾਠਾ ਦੇਸ਼ ਦੇ ਬ੍ਰਾਹਮਣਾਂ ਦੀ ਆਰæਐਸ਼ਐਸ਼ ਭਾਰਤ ‘ਤੇ ਰਾਜ ਕਰਨ ਨੂੰ ਆਪਣਾ ਜਮਾਂਦਰੂ ਹੱਕ ਸਮਝਦੀ ਸੀ। ਉਹ ਹਿੰਦੂ ਮਹਾਂ ਸਭਾ ਨਾਲ ਮਿਲ ਕੇ ਭਾਰਤ ‘ਤੇ ਹਿੰਦੂਤਵੀ ਰਾਜ ਸਥਾਪਤ ਕਰਨ ਦੀ ਚਾਹਵਾਨ ਸੀ ਅਤੇ ਮਹਾਤਮਾ ਗਾਂਧੀ ਤੋਂ ਸਹਿਯੋਗ ਦੀ ਆਸ ਕਰਦੀ ਸੀ। ਗਾਂਧੀ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ ਜਿਸ ਨਾਲ ਉਨ੍ਹਾਂ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ। ਗਾਂਧੀ ਕਾਂਗਰਸ ਦੀਆਂ ਨੀਤੀਆਂ ਵਿਚ ਹਿੰਦੂ ਧਾਰਮਿਕ ਵਿਚਾਰਾਂ ਨੂੰ ਰਲਗੱਡ ਕਰਨ ਲੱਗ ਪਿਆ, ਜਿਸ ਨਾਲ ਬਹੁਤੇ ਮੁਸਲਮਾਨ ਕਾਂਗਰਸ ਛੱਡ ਗਏ ਅਤੇ ਉਸ ਵਲੋਂ ਹਿੰਦੂ ਵਿਚਾਰਧਾਰਾ ਦਾ ਸਮਰਥਨ ਭਾਰਤ ਦੀ ਵੰਡ ਦਾ ਕਾਰਨ ਬਣ ਗਿਆ।
ਆਰæਐਸ਼ਐਸ਼ ਮਰਾਠਿਆਂ ਅਤੇ ਗੁਜਰਾਤੀਆਂ ਵਿਚ ਫਰਕ ਕਰਦੀ ਹੈ। ਉਸ ਵਿਚ ਸਿਰਕੱਢ ਮਰਾਠੇ ਆਗੂਆਂ ਦੀ ਘਾਟ ਰਹੀ ਹੈ। ਇਸ ਲਈ ਹੁਣ ਉਸ ਨੇ ਨਰਿੰਦਰ ਮੋਦੀ ਨੂੰ ਆਪਣਾ ਰਾਜਸੀ ਆਗੂ ਚੁਣਿਆ ਹੈ। ਉਹ ਗੁਜਰਾਤੀ ਅਤੇ ਮਾਰਵਾੜੀ ਉਦਯੋਗਪਤੀਆਂ ਤੇ ਵਪਾਰੀਆਂ ਦਾ ਨੁਮਾਇੰਦਾ ਅਤੇ ਹਿੰਦੂਤਵੀ ਵਿਚਾਰਧਾਰਾ ਦਾ ਸਮਰਥਕ ਹੈ। ਉਦਯੋਗਪਤੀਆਂ ਦੀਆਂ ਕਾਮਨਾਵਾਂ ਅਤੇ ਆਰæਐਸ਼ਐਸ਼ ਦੇ ਹਿੰਦੂਤਵੀ ਏਜੰਡੇ ਵਿਚ ਕੋਈ ਸਾਂਝ ਨਹੀਂ ਹੈ। ਉਦਯੋਗਪਤੀ ਲਾਹੇਵੰਦ ਆਰਥਿਕ ਨੀਤੀਆਂ ਤੇ ਸਮਾਜ ਵਿਚ ਸ਼ਾਂਤੀ ਚਾਹੁੰਦੇ ਹਨ ਅਤੇ ਆਰæਐਸ਼ਐਸ਼ ਸਮਾਜ ਨੂੰ ਮੰਨੂਵਾਦੀ ਜਾਤ-ਪਾਤ ਪ੍ਰਣਾਲੀ ਵਿਚ ਢਾਲਣ ਲਈ ਉਥਲ ਪੁਥਲ ਕਰਨਾ ਚਾਹੁੰਦੀ ਹੈ। ਇਹ ਦੋਵੇਂ ਉਦੇਸ਼ ਇੱਕ ਦੂਜੇ ਤੋਂ ਵੱਖਰੇ, ਅਸਬੰਧਤ ਅਤੇ ਉਲਟ ਹਨ। ਮੋਦੀ ਇਨ੍ਹਾਂ ਦੋ ਅਸਬੰਧਤ ਉਦੇਸ਼ਾਂ ਵਿਚ ਸੰਤੁਲਨ ਲਿਆਉਣ ਦਾ ਯਤਨ ਕਰ ਰਿਹਾ ਹੈ।
ਆਰæਐਸ਼ਐਸ਼ ਦੇ ਬ੍ਰਾਹਮਣ ਆਗੂ ਭਾਰਤ ਨੂੰ ਇਕ ਹਿੰਦੂਤਵੀ ਬਸਤੀ ਬਣਾਉਣ ਅਤੇ ਮੱਧ ਭਾਰਤ ਨੂੰ ਉਤਰ ਭਾਰਤ ਵਾਲੀ ਮਹੱਤਤਾ ਦੇਣ ਦੇ ਚਾਹਵਾਨ ਹਨ। ਅਸਲ ਵਿਚ ਇਹ ਇੱਛਾਵਾਂ ਪੇਸ਼ਵਾਵਾਂ ਦੇ ਤਿੰਨ ਸੌ ਸਾਲ ਪੁਰਾਣੇ ਅਸਫਲ ਮਨੋਰਥਾਂ ਦਾ ਹੀ ਆਧੁਨਿਕ ਰੂਪ ਹਨ। ਇਨ੍ਹਾਂ ਦੀ ਸਫਲਤਾ ਲਈ ਆਰæਐਸ਼ਐਸ਼ 1925 ਤੋਂ ਨਾਕਾਮ ਕੋਸ਼ਿਸ਼ਾਂ ਕਰਦੀ ਆ ਰਹੀ ਹੈ ਪਰ ਹੁਣ ਉਸ ਦੀ ਲੋਕਾਂ ਦੀ ਨੀਚ ਬਿਰਤੀ ਨੂੰ ਅਪੀਲ ਕਰਨ ਵਾਲੀ ਫਿਰਕੂ ਵਿਚਾਰਧਾਰਾ ਨੂੰ ਹੁੰਗਾਰਾ ਮਿਲਣ ਲੱਗ ਪਿਆ ਹੈ। ਆਮ ਲੋਕ ਹਾਲੇ ਵੀ ਭਾਰਤੀ ਸਭਿਆਚਾਰਾਂ ਵਿਚ ਹਿੰਦੂਤਵੀ ਇੱਕਸਾਰਤਾ ਲਿਆਉਣ ਦਾ ਬਹੁਤ ਵਿਰੋਧ ਕਰਦੇ ਹਨ ਕਿਉਂਕਿ ਭਾਰਤ ਬਹੁ-ਕੌਮੀ ਦੇਸ਼ ਹੈ ਅਤੇ ਇਸ ਦੀਆਂ ਕੌਮੀਅਤਾਂ ਆਪਣੀਆਂ ਭਾਸ਼ਾਵਾਂ, ਸਭਿਆਚਾਰ, ਇਤਿਹਾਸ ਤੇ ਕਾਮਨਾਵਾਂ ‘ਤੇ ਫਖਰ ਕਰਦੀਆਂ ਹਨ। ਸੰਵਿਧਾਨ ਵਿਚ ਵੀ ਕੌਮੀ ਰਾਜਾਂ ਨੂੰ ਸਾਰਥਕ ਅਧਿਕਾਰ ਦਿੱਤੇ ਗਏ ਹਨ ਅਤੇ ਭਾਰਤ ਨੂੰ ਰਾਜਾਂ ਦਾ ਸੰਘ (ੂਨਿਨ ਾ ੰਟਅਟeਸ) ਆਖਿਆ ਗਿਆ ਹੈ। ਆਰæਐਸ਼ਐਸ਼ ਜ਼ਬਰਦਸਤੀ ਲੋਕਾਂ ਦੀ ਸੋਚ, ਪਹਿਰਾਵੇ, ਖਾਣੇ, ਭਾਸ਼ਾ, ਸਿੱਖਿਆ, ਪਾਠ ਪੂਜਾ ਦੀਆਂ ਵਿਧੀਆਂ ਅਤੇ ਇਸ਼ਟਾਂ ਵਿਚ ਇੱਕਸਾਰਤਾ ਲਿਆਉਣ ਦੇ ਯਤਨ ਕਰਦੀ ਹੈ ਜਿਸ ਨਾਲ ਸਮਾਜ ਵਿਚ ਬਦਅਮਨੀ ਫੈਲ ਰਹੀ ਹੈ।
ਹਜ਼ਾਰਾਂ ਸਾਲਾਂ ਤੋਂ ਉਤਰ ਭਾਰਤ ਨੂੰ ਹੀ ਭਾਰਤ ਸਮਝਿਆ ਜਾਂਦਾ ਰਿਹਾ ਹੈ। ਮੋਦੀ ਨੇ ਵਾਰਾਣਸੀ ਤੋਂ ਲੋਕ ਸਭਾ ਦੀ ਸੀਟ ਜਿੱਤ ਕੇ ਮੱਧ ਭਾਰਤ ਨੂੰ ਉਤਰ ਭਾਰਤ ਦੀ ਥਾਂ ਦੇਣ ਦਾ ਯਤਨ ਕੀਤਾ ਸੀ ਜੋ ਸਫਲ ਨਾ ਹੋਇਆ। ਹੁਣ ਯੋਗੀ ਅਦਿੱਤਿਯਾਨਾਥ ਨੂੰ ਨਵਾਂ ਰੂਪ ਦੇ ਕੇ ਮੱਧ ਭਾਰਤੀ ਬਣਾਉਣ ਦੀ ਕਵਾਇਦ ਹੋ ਰਹੀ ਹੈ।
ਹਿੰਦੂਤਵ ਲੋਕਤੰਤਰ ਦਾ ਵਿਰੋਧੀ ਹੈ ਅਤੇ ਆਰæਐਸ਼ਐਸ਼ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ। ਪਰ ਆਜ਼ਾਦੀ ਦੀ ਲਹਿਰ ਨੇ ਭਾਰਤੀ ਸਮਾਜ ਦੀ ਨੀਂਹ ਧਰਮ ਨਿਰਪੱਖ ਲੋਕਤੰਤਰ ‘ਤੇ ਰੱਖ ਦਿੱਤੀ ਸੀ ਜੋ ਪਿਛਲੇ ਸੌ ਸਾਲ ਤੋਂ ਸਮਾਜਿਕ ਜੀਵਨ ਦਾ ਉਦੇਸ਼ ਬਣੀ ਹੋਈ ਹੈ ਅਤੇ ਭਾਰਤੀ ਸੰਵਿਧਾਨ ਵਲੋਂ ਪ੍ਰਵਾਣਿਤ ਹੈ। ਲੋਕਾਂ ਦੀ ਮਾਨਸਿਕਤਾ ਵਿਚ ਵੀ ਆਜ਼ਾਦੀ ਦੀ ਜਦੋਜਹਿਦ ਦੀ ਵਿਸ਼ੇਸ਼ ਥਾਂ ਹੈ। ਆਜ਼ਾਦੀ ਦੇ ਸੰਘਰਸ਼ ਵਿਚ ਖੱਬੇਪੱਖੀ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਅਤੇ ਬੁਧੀਜੀਵੀਆਂ ਦਾ ਭਾਰੀ ਯੋਗਦਾਨ ਰਿਹਾ ਹੈ। ਬੰਗਾਲ, ਪੰਜਾਬ ਅਤੇ ਮਾਲਾਬਾਰ ਵਿਚ ਅੰਗਰੇਜ਼ਾਂ ਵਿਰੁਧ ਹਥਿਆਰਬੰਦ ਸੰਘਰਸ਼ ਵੀ ਹੋਏ ਹਨ। ਹੁਣ ਆਮ ਲੋਕਾਂ ਦੀਆਂ ਜਮਹੂਰੀ ਭਾਵਨਾਵਾਂ ਅਤੇ ਕਿਸਾਨਾਂ, ਮਜ਼ਦੂਰਾਂ ਤੇ ਵਿਦਿਆਰਥੀਆਂ ਦੇ ਸੰਗਠਨ ਲੋਕਤੰਤਰ ਵਿਰੋਧੀ ਆਰæਐਸ਼ਐਸ਼ ਦੇ ਰਾਹ ਵਿਚ ਭਾਰੀ ਰੁਕਾਵਟ ਬਣੇ ਹੋਏ ਹਨ।
ਆਰæਐਸ਼ਐਸ਼ ਮੋਦੀ ਤੋਂ ਆਪਣੀ ਹਮਾਇਤ ਬਦਲੇ ਪ੍ਰਸ਼ਾਸਨ ਤੋਂ ਸਮਾਜਿਕ ਪਰਿਵਰਤਨ ਲਿਆਉਣ ਵਿਚ ਸਹਾਇਤਾ ਦੀ ਆਸ ਕਰਦੀ ਹੈ ਪਰ ਪ੍ਰਸ਼ਾਸਨ ਦਾ ਫਰਜ਼ ਕਾਨੂੰਨ ਲਾਗੂ ਕਰਨਾ ਹੈ, ਸਮਾਜਿਕ ਪਰਿਵਰਤਨ ਲਿਆਉਣਾ ਨਹੀਂ। ਆਰæਐਸ਼ਐਸ਼ ਵਲੋਂ ਸ਼ੁਰੂ ਕੀਤੀ ਸਮਾਜਿਕ ਉਥਲ ਪੁਥਲ ਵਿਤਕਰੇ ਦੇ ਸ਼ਿਕਾਰ ਮੁਸਲਮਾਨ, ਦਲਿਤ, ਆਦਿਵਾਸੀ ਅਤੇ ਬੇਰੋਜ਼ਗਾਰ ਲੋਕਾਂ ਨੂੰ ਸੰਜੀਦਾ ਸੰਘਰਸ਼ ਛੇੜਨ ਲਈ ਮਜਬੂਰ ਕਰਕੇ ਖਾੜਕੂਵਾਦ ਨੂੰ ਸੱਦਾ ਦੇ ਰਹੀ ਹੈ। ਵਿਸ਼ਵ ਸ਼ਕਤੀ ਹੋਣ ਦੇ ਭਰਮ ਵਿਚ ਭਾਰਤ ਨੇ ਗਵਾਂਢੀ ਦੇਸ਼ਾਂ-ਪਾਕਿਸਤਾਨ, ਚੀਨ, ਨੇਪਾਲ ਅਤੇ ਬੰਗਲਾਦੇਸ ਨਾਲ ਸਬੰਧ ਵਿਗਾੜ ਕੇ ਸਰਹੱਦ ‘ਤੇ ਵੀ ਅਸਥਿਰਤਾ ਪੈਦਾ ਕਰ ਲਈ ਹੈ। ਭਾਰਤ ਇਤਿਹਾਸ ਦੇ ਇੱਕ ਐਸੇ ਦੌਰ ਵਲ ਨੂੰ ਵਧ ਰਿਹਾ ਹੈ ਜਿਸ ਵਿਚ ਲੋਕਤੰਤਰ ਲਹਿਰ ਅਤੇ ਹਥਿਆਰਬੰਦ ਸੰਘਰਸ਼ ਪ੍ਰਸੰਗਕ ਹੋ ਰਹੇ ਹਨ।