ਗਊ ਸੇਵਾ, ਮੋਦੀ ਤੇ ਪਹਿਲੂ ਖਾਨ ਦੇ ਹਮਲਾਵਰ

ਸੋਲਾਂ ਜੂਨ ਨੂੰ ਰਾਜਸਥਾਨ ਦੇ ਪ੍ਰਤਾਪਗੜ੍ਹ ਕਸਬੇ ਵਿਚ ਕਮਿਊਨਿਸਟ ਕਾਰਕੁਨ ਜ਼ਫਰ ਹੁਸੈਨ ਨੂੰ ਨਗਰਪਾਲਿਕਾ ਦੇ ਕਰਿੰਦਿਆਂ ਵਲੋਂ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। ਜ਼ਫਰ ਹੁਸੈਨ ਦਾ ਕਸੂਰ ਕੇਵਲ ਇਹ ਸੀ ਕਿ ਉਹ ਖੁੱਲ੍ਹੀਆਂ ਥਾਂਵਾਂ ਉਪਰ ਜੰਗਲ-ਪਾਣੀ ਜਾਣ ਵਾਲੀਆਂ ਔਰਤਾਂ ਦੀਆਂ ਤਸਵੀਰਾਂ ਅਤੇ ਵੀਡੀਓ ਬਣਾ ਰਹੇ ਸਰਕਾਰੀ ਕਰਿੰਦਿਆਂ ਦੀ ਇਸ ਕਾਰਵਾਈ ਦਾ ਵਿਰੋਧ ਕਰ ਰਿਹਾ ਸੀ

ਅਤੇ ਸਵੱਛ ਭਾਰਤ ਅਭਿਆਨ ਤਹਿਤ ਬਣਾਏ ਨਾਕਾਰਾ ਪਖਾਨਿਆਂ ਦੀ ਮੁਰੰਮਤ ਤੇ ਸਹੀ ਰੱਖ-ਰਖਾਅ ਦੀ ਮੰਗ ਕਰਦਾ ਆ ਰਿਹਾ ਸੀ। ਗਊ ਰੱਖਿਅਕਾਂ ਤੋਂ ਲੈ ਕੇ ਅੰਕੜਿਆਂ ਵਿਚ ਸਵੱਛ ਭਾਰਤ ਦੇ ਕਾਗਜ਼ੀ ਟੀਚੇ ਪੂਰੇ ਕਰਨ ਵਿਚ ਜੁਟੇ ਸਰਕਾਰੀ ਕਰਿੰਦਿਆਂ ਦੀ ਖੂਨੀ ਮੁਹਿੰਮ ਡੂੰਘੀ ਫਿਕਰਮੰਦੀ ਦਾ ਵਿਸ਼ਾ ਹੈ। ਬੀæਬੀæਸੀæ ਹਿੰਦੀ ਦੇ ਰੇਡੀਓ ਐਡੀਟਰ ਰਾਜੇਸ਼ ਜੋਸ਼ੀ ਨੇ ਇਸ ਲੇਖ ਵਿਚ ਲਿੰਚ ਮੌਬ ਵਰਤਾਰੇ ਦੀਆਂ ਪਰਤਾਂ ਫਰੋਲਦਿਆਂ ਇਸ ਵਿਚ ਹਾਕਮ ਜਮਾਤੀ ਪਾਰਟੀਆਂ ਦੀ ਭੂਮਿਕਾ ਦੀ ਨਿਸ਼ਾਨਦੇਹੀ ਕੀਤੀ ਹੈ। -ਸੰਪਾਦਕ

ਤਸਵੀਰ ਨੰਬਰ ਇਕ: ਸਤੰਬਰ 2011; ਗੁਜਰਾਤ ਦੇ ਸਮਾਗਮ ਵਿਚ ਮੰਚ ਉਪਰ ਬੈਠਾ ਮੁੱਖ ਮੰੰਤਰੀ ਨਰੇਂਦਰ ਮੋਦੀ ਖੇੜਾ ਦੇ ਇਮਾਮ ਸਈਦ ਮਹਿਦੀ ਹੁਸੈਨ ਬਾਬਾ ਦੇ ਹੱੱਥੋਂ ਮੁਸਲਮਾਨਾਂ ਦੀ ਗੋਲ ਟੋਪੀ ਪਹਿਨਣ ਤੋਂ ਇਨਕਾਰ ਕਰ ਦਿੰਦਾ ਹੈ। ਰਾਜਸਥਾਨ ਦੇ ਅਲਵਰ ਸ਼ਹਿਰ ਵਿਚ ਤੇਰਾਂ ਸਾਲ ਦਾ ਵਿਪਿਨ ਯਾਦਵ ਆਪਣੇ ਘਰ ਵਿਚ ਟੀਵੀ ਉਪਰ ਇਹ ਦ੍ਰਿਸ਼ ਦੇਖ ਰਿਹਾ ਹੈ।
ਤਸਵੀਰ ਨੰਬਰ ਦੋ: ਮਾਰਚ 2017; ਰੁਦਰ-ਰਾਕਸ਼ੀ ਮਾਲਾਵਾਂ ਨਾਲ ਲੱਦਿਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਾਰਾਣਸੀ ਦੀ ਗਊਸ਼ਾਲਾ ਵਿਚ ਗਊਆਂ ਨੂੰ ਹਰਾ ਚਾਰਾ ਅਤੇ ਗੁੜ ਚਾਰ ਰਿਹਾ ਹੈ। ਵਿਪਿਨ ਯਾਦਵ ਹੁਣ 19 ਸਾਲ ਦਾ ਜਵਾਨ ‘ਗਊ ਰੱਖਿਅਕ’ ਬਣ ਚੁੱਕਾ ਹੈ ਅਤੇ ਆਪਣੇ ਘਰ ਵਿਚ ਟੀæਵੀæ ਉਪਰ ਪ੍ਰਧਾਨ ਮੰਤਰੀ ਦੀ ਗਊ ਸੇਵਾ ਨੂੰ ਵੀ ਦੇਖ ਰਿਹਾ ਹੈ।
ਤਸਵੀਰ ਨੰਬਰ ਤਿੰਨ: ਅਪਰੈਲ 2017; ਅਲਵਰ ਲਾਗੇ 55 ਸਾਲ ਦਾ ਪਹਿਲੂ ਖ਼ਾਨ ਪਸ਼ੂ ਮੇਲੇ ਤੋਂ ਖ਼ਰੀਦੀਆਂ ਗਊਆਂ ਨੂੰ ਟਰੱਕ ਉਪਰ ਲੱਦ ਕੇ ਆਪਣੇ ਸਾਥੀਆਂ ਨਾਲ ਜਾ ਰਿਹਾ ਹੈ। ਲੰਮੀ ਦਾੜ੍ਹੀ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਮੁਸਲਮਾਨ ਹੈ। ਰਸਤੇ ਵਿਚ ‘ਗਊ ਰੱਖਿਅਕਾਂ’ ਦੀ ਟੋਲੀ ਟਰੱਕ ਰੋਕਦੀ ਹੈ, ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਗਊਆਂ ਨੂੰ ਬੁੱਚੜਖ਼ਾਨੇ ਲਿਜਾਇਆ ਜਾ ਰਿਹਾ ਹੈ। ਉਹ ਟਰੱਕ ਰੋਕ ਕੇ ਪਹਿਲੂ ਖ਼ਾਨ ਅਤੇ ਉਸ ਦੇ ਸਾਥੀਆਂ ਨੂੰ ਬਾਹਰ ਧੂਹ ਲੈਂਦੇ ਹਨ ਅਤੇ ਭਜਾ ਭਜਾ ਕੇ ਕੁੱਟਦੇ ਹਨ। ਬਾਅਦ ਵਿਚ ਪੁਲਿਸ ਕਹਿੰਦੀ ਹੈ ਕਿ ਵਿਪਿਨ ਯਾਦਵ ਉਨ੍ਹਾਂ ਵਿਚ ਸਭ ਤੋਂ ਅੱਗੇ ਸੀ। ਪਹਿਲੂ ਖ਼ਾਨ ਬਾਅਦ ਵਿਚ ਹਸਪਤਾਲ ਜਾ ਕੇ ਦਮ ਤੋੜ ਦਿੰਦਾ ਹੈ।
ਕਿਉਂ ਬਣਦੇ ਹਨ ਗਊ ਰੱਖਿਅਕ?
ਤੁਸੀਂ ਪੁੱਛ ਸਕਦੇ ਹੋ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਗਊ ਨੂੰ ਚਾਰਾ ਖਵਾਉਣ ਜਾਂ ਫਿਰ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਮੁਸਲਿਮ ਟੋਪੀ ਪਹਿਨਣ ਤੋਂ ਇਨਕਾਰ ਕਰਨ ਅਤੇ ਪਹਿਲੂ ਖ਼ਾਨ ਨੂੰ ਕੁੱਟ ਕੁੱਟ ਮਾਰ ਦੇਣ ਦੀ ਵਾਰਦਾਤ ਵਿਚ ਕੀ ਸਬੰਧ ਹੈ? ਕੋਈ ਸਿੱਧਾ ਸਬੰਧ ਨਹੀਂ ਹੈ। ਬਹੁਤ ਸੰਭਵ ਹੈ ਕਿ ਵਿਪਿਨ ਯਾਦਵ ਨੇ ਟੀæਵੀæ ਉਪਰ ਉਹ ਦ੍ਰਿਸ਼ ਦੇਖੇ ਹੀ ਨਾ ਹੋਣ; ਲੇਕਿਨ ਤੇਰਾਂ ਸਾਲ ਦੇ ਬੱਚੇ ਤੋਂ ‘ਗਊ ਰੱਖਿਅਕ’ ਬਣਨ ਦੇ ਸਫ਼ਰ ਵਿਚ ਜਿਨ੍ਹਾਂ ਪ੍ਰਤੀਕਾਂ ਨੇ ਉਸ ਉਪਰ ਅਸਰ ਪਾਇਆ ਹੋਵੇਗਾ, ਉਨ੍ਹਾਂ ਵਿਚ ਉਹ ਨਰੇਂਦਰ ਮੋਦੀ ਜ਼ਰੂਰ ਰਿਹਾ ਹੋਵੇਗਾ ਜੋ ਮੁੱਖ ਮੰਤਰੀ ਹੋਣ ਦੇ ਬਾਵਜੂਦ ਮੁਸਲਮਾਨਾਂ ਦੀ ਟੋਪੀ ਨੂੰ ਖ਼ਾਰਜ ਕਰਨ ਤੋਂ ਨਹੀਂ ਝਿਜਕਦਾ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹਜ਼ਾਰ ਕੰਮ ਛੱਡ ਕੇ ਸਭ ਤੋਂ ਪਹਿਲਾਂ ਗਊ ਸੇਵਾ ਲਈ ਤਿਆਰ ਰਹਿੰਦਾ ਹੈ।
ਵਿਪਿਨ ਯਾਦਵ ਨੂੰ ਅਲਵਰ ਕੋਲ ਪਹਿਲੀ ਅਪਰੈਲ 2017 ਨੂੰ ਉਹ ਮੁਸਲਮਾਨ ਮਿਲ ਗਿਆ ਜੋ ਗਊਆਂ ਨੂੰ ਲੱਦ ਕੇ ਲਿਜਾ ਰਿਹਾ ਸੀ। ਸੰਭਵ ਤੌਰ ‘ਤੇ ਗਊ ਰੱਖਿਅਕਾਂ ਦੇ ਦਿਮਾਗ ਵਿਚ ਦੁਸ਼ਮਣ ਦੀ ਤਸਵੀਰ ਪਹਿਲਾਂ ਤੋਂ ਹੀ ਸਾਫ਼ ਸੀ। ਅਲਵਰ ਦੇ ਹਾਈਵੇਅ ਉਪਰ ਉਹ ‘ਦੁਸ਼ਮਣ’ ਉਨ੍ਹਾਂ ਦੇ ਹੱਥ ਲੱਗ ਗਿਆ।
ਰਾਜੀਵ ਗਾਂਧੀ ਦਾ ਉਹ ਬਿਆਨ
ਥੋੜ੍ਹੀ ਦੇਰ ਲਈ ਗਊ, ਗਊ ਰੱਖਿਅਕ ਅਤੇ ਮੁਸਲਮਾਨਾਂ ਨੂੰ ਭੁੱਲ ਜਾਓ, ਤੇ ਚੇਤੇ ਕਰੋ 1983-84 ਦੇ ਉਸ ਦੌਰ ਨੂੰ ਜਦੋਂ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਮਰਜੀਵੜਿਆਂ ਨੇ ਪੰਜਾਬ ਵਿਚ ਖ਼ਾਲਿਸਤਾਨੀ ਲਹਿਰ ਚਲਾਈ ਹੋਈ ਸੀ। ਇੰਦਰਾ ਗਾਂਧੀ ਨੇ ਭਿੰਡਰਾਂਵਾਲੇ ਦਾ ਖ਼ਾਤਮਾ ਕਰਨ ਲਈ ਹਰਿਮੰਦਰ ਸਾਹਿਬ ਉਪਰ ਫ਼ੌਜ ਤੋਂ ਹਮਲਾ ਕਰਵਾ ਦਿੱਤਾ। ਸਿੱਖਾਂ ਵਿਚ ਗੁੱਸਾ ਫੈਲ ਗਿਆ ਅਤੇ 31 ਅਕਤੂਬਰ ਨੂੰ ਉਸੇ ਦੇ ਦੋ ਸਿੱਖ ਅੰਗ ਰੱਖਿਅਕਾਂ ਨੇ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ। ਅਗਲੇ ਕਈ ਦਿਨਾਂ ਤਕ ਦਿੱਲੀ, ਕਾਨਪੁਰ ਅਤੇ ਬੋਕਾਰੋ ਤੋਂ ਲੈ ਕੇ ਕਲਕੱਤਾ ਤਕ ਥਾਂ ਥਾਂ ਲੋਕਾਂ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਸੈਂਕੜੇ ਬੇਗੁਨਾਹ ਸਿੱਖਾਂ ਦਾ ਦਿੱਲੀ ਦੀਆਂ ਸੜਕਾਂ ਉਪਰ ਕਤਲ ਕਰ ਦਿੱਤਾ ਗਿਆ, ਜਾਂ ਜ਼ਿੰਦਾ ਸਾੜ ਦਿੱਤੇ ਗਏ। ਆਪਣੀ ਮਾਂ ਦੀ ਮੌਤ ਤੋਂ ਬਾਅਦ ਨਵੇਂ ਨਵੇਂ ਪ੍ਰਧਾਨ ਮੰਤਰੀ ਬਣੇ ਰਾਜੀਵ ਗਾਂਧੀ ਨੇ ਕਿਹਾ, “ਕੁਛ ਦਿਨ ਲਈ ਲੋਕਾਂ ਨੂੰ ਲੱਗਿਆ ਕਿ ਭਾਰਤ ਹਿੱਲ ਰਿਹਾ ਹੈ, ਲੇਕਿਨ ਜਦੋਂ ਕੋਈ ਬੜਾ ਦਰਖ਼ਤ ਡਿਗਦਾ ਹੈ ਤਾਂ ਧਰਤੀ ਹਿੱਲਦੀ ਹੈ।” ਬਹੁਤ ਸਾਰੇ ਲੋਕਾਂ ਨੇ ਇਸ ਨੂੰ ਸਿੱਖਾਂ ਦੀਆਂ ਹੱਤਿਆਵਾਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਵਾਂਗ ਦੇਖਿਆ।
ਮੋਦੀ ਦੇ ਬਿਆਨ ਵਿਚ ਝਲਕ
ਠੀਕ ਇਸੇ ਤਰ੍ਹਾਂ ਜਦੋਂ ਨਰੇਂਦਰ ਮੋਦੀ ਨੇ ਗੁਜਰਾਤ ਦੇ ਮੁਸਲਮਾਨਾਂ ਵਿਰੋਧੀ ਫ਼ਸਾਦਾਂ ਤੋਂ ਬਾਅਦ ਕਿਹਾ- “ਗੁਜਰਾਤ ਵਿਚ ਜੋ ਮੈਂ ਕੀਤਾ ਹੈ, ਉਹਦੇ ਲਈ 56 ਇੰਚ ਦੀ ਛਾਤੀ ਹੋਣੀ ਚਾਹੀਦੀ ਹੈ”, ਤਾਂ ਇਸ ਬਿਆਨ ਦੇ ਪਿਛਲਾ ਸੰਦੇਸ਼ ਕਿਸੇ ਤੋਂ ਗੁੱਝਾ ਨਹੀਂ ਰਿਹਾ; ਯਾਨੀ ਸਿਆਸੀ ਲਾਮਬੰਦੀ ਲਈ ਹਜੂਮ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਖੁੱਲ੍ਹੀ ਸੜਕ ਉਪਰ ਆਪਣੇ ਦੁਸ਼ਮਣ ਦੀ ਸ਼ਨਾਖ਼ਤ ਕਰ ਕੇ ਥਾਏਂ ਮਾਰ ਦੇਣ ਵਾਲੇ ਲੋਕਾਂ ਨੂੰ ਭਰੋਸਾ ਹੁੰਦਾ ਹੈ ਕਿ ਪਰਦੇ ਦੇ ਪਿਛਿਓਂ ਉਨ੍ਹਾਂ ਨੂੰ ਰਾਜਤੰਤਰ ਦੀ ਮਦਦ ਅਤੇ ਹਮਾਇਤ ਮਿਲੇਗੀ। ਇਸ ਲਈ ਹੁਣ ਉਹ ਆਪਣੀਆਂ ਹਿੰਸਕ ਕਾਰਵਾਈਆਂ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਪਰ ਵੀ ਪਾਉਣ ਲੱਗੇ ਹਨ। ਪੁਲਿਸ, ਪੈਰਾ-ਮਿਲਟਰੀ, ਅਦਾਲਤ, ਦੰਡ ਵਿਧਾਨ ਅਤੇ ਜੇਲ੍ਹ ਵਰਗੇ ਰਾਜ ਸੱਤਾ ਦੇ ਹਥਿਆਰ ਮੌਜੂਦ ਰਹਿਣ ਦੇ ਬਾਵਜੂਦ ਹਿੰਸਕ ਹਜੂਮ ਨਾਲ ਨਜਿੱਠਣ ਵਿਚ ਪ੍ਰਸ਼ਾਸਨ ਅਕਸਰ ਢਿੱਲ ਵਰਤਦਾ ਹੈ।
ਸਮਾਜ ਸ਼ਾਸਤਰੀ ਦੀਪਾਂਕਰ ਗੁਪਤਾ ਅਨੁਸਾਰ, “ਆਮ ਤੌਰ ‘ਤੇ ਹਲਕੇ ਦੇ ਵਿਧਾਇਕ ਜਾਂ ਸੰਸਦ ਮੈਂਬਰ ਇਸ ਕਾਰਨ ਤੁਰੰਤ ਹਰਕਤ ਵਿਚ ਨਹੀਂ ਆਉਂਦੇ ਕਿਉਂਕਿ ਉਨ੍ਹਾਂ ਨੂੰ ਲੋਕ ਹਮਾਇਤ ਖੁੱਸਣ ਦਾ ਡਰ ਹੁੰਦਾ ਹੈ। ਉਹ ਪਹਿਲਾਂ ਫ਼ਸਾਦ ਹੋਣ ਦਿੰਦੇ ਹਨ ਅਤੇ ਸਭ ਕੁਝ ਠੰਢਾ ਹੋਣ ਦਾ ਇੰਤਜ਼ਾਰ ਕਰਦੇ ਹਨ; ਜਿਵੇਂ ਬਾਬਰੀ ਮਸਜਿਦ ਢਾਹੁਣ ਵਕਤ ਪੀæਵੀæ ਨਰਸਿਮਹਾ ਰਾਓ ਨੇ ਕੀਤਾ ਸੀ।” ਲੇਕਿਨ ਚੌਕਸੀ ਗਰੋਹ ਵਲੋਂ ਆਪਣੇ ਦੁਸ਼ਮਣ ਨੂੰ ਕੁੱਟ ਕੁੱਟ ਕੇ ਮਾਰਨ ਅਤੇ ਫਿਰਕੂ ਫ਼ਸਾਦਾਂ ਵਿਚ ਬੁਨਿਆਦੀ ਫ਼ਰਕ ਹੁੰਦਾ ਹੈ। ਚੌਕਸੀ ਗਰੋਹ ਖ਼ਾਸ ਵਿਚਾਰ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ ਆਪਣੇ ਆਦਰਸ਼ ਨੂੰ ਹਾਸਲ ਕਰਨ ਲਈ ਉਹ ਕਾਨੂੰਨ ਹੱਥ ਲੈਣ ਤੋਂ ਵੀ ਨਹੀਂ ਝਿਜਕਦਾ।
ਉਨ੍ਹਾਂ ਨੂੰ ਭਰੋਸਾ ਹੁੰਦਾ ਹੈ ਕਿ ਉਨ੍ਹਾਂ ਦਾ ਕੁਝ ਨਹੀਂ ਵਿਗੜੇਗਾ, ਕਿਉਂਕਿ ਉਹ ਇਹ ਕੰਮ ‘ਵੱਡੇ ਸਮਾਜੀ ਉਦੇਸ਼’ ਲਈ ਕਰ ਰਹੇ ਹਨ- ਐਸਾ ਉਦੇਸ਼ ਜਿਸ ਨੂੰ ਹਾਸਲ ਕਰਨ ਲਈ ਖ਼ੁਦ ਪ੍ਰਧਾਨ ਮੰਤਰੀ ਵੀ ਜੁਟਿਆ ਹੋਇਆ ਹੈ।
ਮਸਲਨ, ਮੁਸਲਿਮ ਟੋਪੀ ਤੋਂ ਇਨਕਾਰ ਕਰਦਿਆਂ ਜਾਂ ਗਊ ਸੇਵਾ ਕਰਦਿਆਂ ਪ੍ਰਧਾਨ ਮੰਤਰੀ ਦੀ ਤਸਵੀਰ ਖ਼ਾਸ ਸੰਦੇਸ਼ ਦਿੰਦੀ ਹੈ। ਇਹ ਤਸਵੀਰ ਬਹੁਤ ਸਾਰੇ ਲੋਕਾਂ ਦਾ ਉਦੇਸ਼ ਤੈਅ ਕਰਨ ਵਿਚ ਮਦਦ ਕਰਦੀ ਹੈ ਅਤੇ ਉਸ ਉਦੇਸ਼ ਦੇ ਰਸਤੇ ਵਿਚ ਆਉਣ ਵਾਲੀ ਕਿਸੇ ਵੀ ਰੁਕਾਵਟ ਨੂੰ ਹਟਾ ਦੇਣ ਦੀ ਜੁਅਰਤ ਵੀ।
ਕਿਥੋਂ ਮਿਲਦੀ ਹੈ ਗਊ ਰੱਖਿਅਕਾਂ ਨੂੰ ਤਾਕਤ?
ਇਸ ਨੂੰ ਉਦੋਂ ਹੋਰ ਤਾਕਤ ਮਿਲਦੀ ਹੈ ਜਦੋਂ ਕੋਈ ਜੱਜ ਰਿਟਾਇਰ ਹੋਣ ਤੋਂ ਇਕ ਦਿਨ ਪਹਿਲਾਂ ਗਊ ਨੂੰ ਕੌਮੀ ਪਸ਼ੂ ਕਰਾਰ ਦਿੱਤੇ ਜਾਣ ਦੀ ਸਿਫ਼ਾਰਸ਼ ਕਰਦਾ ਹੈ ਜਾਂ ਫਿਰ ਅਦਾਲਤ ਦੇ ਆਦੇਸ਼ ਵਿਚ ਗਊ ਨੂੰ ਕੌਮੀ ਧਨ ਐਲਾਨਿਆ ਜਾਂਦਾ ਹੈ। ਮਸ਼ਹੂਰ ਪੱਤਰਕਾਰ ਸਿਧਾਰਥ ਵਰਧਰਾਜਨ ਅਨੁਸਾਰ, ਐਸੇ ਅਦਾਲਤੀ ਆਦੇਸ਼ਾਂ ਨਾਲ “ਭੀੜ ਮਾਨਸਿਕਤਾ ਵਾਲੇ ਲੋਕਾਂ ਦਾ ਹੌਸਲਾ ਵਧਦਾ ਹੈ ਅਤੇ ਉਨ੍ਹਾਂ ਵਿਚ ਇਹ ਵਿਸ਼ਵਾਸ ਵੀ ਵਧਦਾ ਹੈ ਕਿ ਅਸੀਂ ਸੜਕ ਉਪਰ ਜਾ ਕੇ ਜੋ ਵੀ ਚਾਹੀਏ, ਕਰ ਸਕਦੇ ਹਾਂ, ਪੁਲਿਸ ਸਾਡੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰੇਗੀ ਅਤੇ ਜੇ ਕਰੇਗੀ ਵੀ ਤਾਂ ਅਦਾਲਤ ਵਿਚ ਜੱਜਾਂ ਵਲੋਂ ਵੀ ਸਾਡੇ ਪ੍ਰਤੀ ਨਰਮ ਰਵੱਈਆ ਅਖ਼ਤਿਆਰ ਕੀਤਾ ਜਾਵੇਗਾ।”
ਫਿਰ ਅਫ਼ਵਾਹਾਂ, ਤੱਥਾਂ ਦੀ ਅਣਦੇਖੀ, ਖ਼ਾਸ ਫਿਰਕੇ ਦੇ ਪਹਿਰਾਵੇ ਜਾਂ ਧਾਰਮਿਕ ਅਕੀਦਿਆਂ ਪ੍ਰਤੀ ਤੁਅੱਸਬ ਜਾਂ ਘ੍ਰਿਣਾ ਵਰਗੀਆਂ ਕਈ ਚੀਜ਼ਾਂ ਸੜਕ ਉਪਰ ਤੁਰੰਤ ਮਰਨ-ਮਾਰਨ ਦਾ ਫ਼ੈਸਲਾ ਕਰਨ ਲਈ ਉਕਸਾਉਂਦੀਆਂ ਹਨ। ਜਿਵੇਂ ਸਤੰਬਰ 2015 ਵਿਚ ਦਿੱਲੀ ਨੇੜੇ ਦਾਦਰੀ ਵਿਚ ਹੋਇਆ, ਜਿਥੇ ਹਿੰਦੂ ਹਜੂਮ ਨੇ 50 ਸਾਲ ਦੇ ਅਖ਼ਲਾਕ ਨੂੰ ਉਸ ਦੇ ਘਰੋਂ ਧੂਹ ਕੇ ਕੁੱਟ ਕੁੱਟ ਕੇ ਮਾਰ ਦਿੱਤਾ, ਕਿਉਂਕਿ ਹਮਲਾਵਰਾਂ ਨੂੰ ਸ਼ੱਕ ਸੀ ਕਿ ਅਖ਼ਲਾਕ ਨੇ ਆਪਣੀ ਫਰਿੱਜ ਵਿਚ ਗਊ ਮਾਸ ਰੱਖਿਆ ਹੋਇਆ ਹੈ।
ਲਿੰਚ ਮੌਬ
ਹਮਲਾਵਰਾਂ ਪ੍ਰਤੀ ਸਖ਼ਤ ਰਵੱਈਆ ਅਖ਼ਤਿਆਰ ਕਰਨ ਦੀ ਬਜਾਏ ਭਾਜਪਾ ਆਗੂ ਅਤੇ ਮੋਦੀ ਵਜ਼ਾਰਤ ਵਿਚ ਸਭਿਆਚਾਰ ਬਾਰੇ ਮੰਤਰੀ ਮਹੇਸ਼ ਚੰਦ ਸ਼ਰਮਾ ਦਾ ਬਿਆਨ ਆਉਂਦਾ ਹੈ ਕਿ ਇਸ ਨੂੰ “ਹਾਦਸਾ ਸਮਝਿਆ ਜਾਵੇ ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਦੀ ਫਿਰਕੂ ਰੰਗਤ ਨਾ ਦਿੱਤੀ ਜਾਵੇ।” æææਤੇ ਜਦੋਂ ਕੋਈ ਮੁਲਜ਼ਮ ਜੇਲ੍ਹ ਵਿਚ ਬਿਮਾਰੀ ਨਾਲ ਮਰ ਜਾਂਦਾ ਹੈ ਤਾਂ ਉਸ ਦੀ ਲਾਸ਼ ਨੂੰ ਤਿਰੰਗੇ ਵਿਚ ਲਪੇਟਿਆ ਜਾਂਦਾ ਹੈ ਅਤੇ ਮਹੇਸ਼ ਸ਼ਰਮਾ ਉਸ ਦੇ ਅੱਗੇ ਦੋਨੋਂ ਹੱਥ ਜੋੜ ਕੇ ਇਸ ਤਰ੍ਹਾਂ ਝੁਕਦਾ ਹੈ, ਜਿਵੇਂ ਸਰਹੱਦ ਉਪਰ ਲੜਦਿਆਂ ਮਾਰੇ ਗਏ ਕਿਸੇ ਸ਼ਹੀਦ ਨੂੰ ਸ਼ਰਧਾਂਜਲੀ ਦੇ ਰਿਹਾ ਹੋਵੇ। ਐਸੀ ਹਮਾਇਤ ਮਿਲਣ ‘ਤੇ ਲਿੰਚ ਮੌਬ ਜਾਂ ਖ਼ੂਨੀ ਗਰੋਹ ਦਾ ਹਿੱਸਾ ਬਣਨਾ ਫ਼ਖ਼ਰ ਵਾਲੀ ਗੱਲ ਬਣ ਜਾਂਦੀ ਹੈ ਅਤੇ ਇਸ ਨਾਲ ਇਲਾਕੇ ਵਿਚ ਰੋਹਬ-ਦਾਬ ਵੀ ਵਧਦਾ ਹੈ।
ਸਮਾਜ ਸ਼ਾਸਤਰੀ ਦੀਪਾਂਕਰ ਅਨੁਸਾਰ, “ਇਹ ਨਸ਼ੇ ਦੀ ਲਤ ਵਾਂਗ ਹੁੰਦਾ ਹੈ। ਮੈਂ ਨਸ਼ੇ ਦਾ ਆਦੀ ਹੋ ਜਾਂਦਾ ਹਾਂ ਅਤੇ ਨਸ਼ਾ ਕਰਦਾ ਹਾਂ, ਪਰ ਤੁਹਾਨੂੰ ਇਹ ਪਤਾ ਨਹੀਂ ਲੱਗੇਗਾ ਕਿ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲਾ ਕੌਣ ਹੈ।”
ਹਾਦਸਾ ਮੰਨਣ ਦੀ ਫ਼ਿਤਰਤ
ਕਾਨੂੰਨ ਆਪਣੇ ਹੱਥ ਵਿਚ ਲੈ ਕੇ ਸੜਕ ਉਪਰ ਨਿਆਂ ਕਰਨ ਦੇ ਜਜ਼ਬੇ ਨਾਲ ਭਰੇ ਲੋਕਾਂ ਦੇ ਹਜੂਮ ਪਿੱਛੇ ਜੇ ਸਿਆਸੀ ਹਮਾਇਤ ਵੀ ਹੋਵੇ ਤਾਂ ਤੁਹਾਨੂੰ ਉਸ ਦਾ ਪਤਾ ਨਹੀਂ ਲੱਗ ਸਕੇਗਾ। ਹੱਤਿਆ ਹੋਣ ਤੋਂ ਬਾਅਦ ਸਿਆਸਤਦਾਨ ਜਾਂ ਤਾਂ ਖ਼ਾਮੋਸ਼ ਰਹਿੰਦੇ ਹਨ ਅਤੇ ਮਜਬੂਰੀਵਸ ਰਸਮੀ ਸ਼ਬਦਾਂ ਵਿਚ ਘਟਨਾ ਦੀ ਆਲੋਚਨਾ ਕਰਦੇ ਹਨ, ਜਾਂ ਫਿਰ ਉਸ ਨੂੰ ਆਮ ਹਾਦਸਾ ਕਰਾਰ ਦੇ ਕੇ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਸ ਲਈ ਬਲਾਤਕਾਰ ਦੀਆਂ ਘਟਨਾਵਾਂ ਉਪਰ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦਾ ਇਹ ਬਿਆਨ ਕਿ “ਮੁੰਡੇ ਹਨ, ਮੁੰਡਿਆਂ ਤੋਂ ਗ਼ਲਤੀ ਹੋ ਜਾਂਦੀ ਹੈ; ਤਾਂ ਕੀ ਰੇਪ ਲਈ ਉਨ੍ਹਾਂ ਨੂੰ ਫਾਹੇ ਲਾ ਦਿਆਂਗੇ?”, ਐਨ ਉਸੇ ਤਰ੍ਹਾਂ ਦਾ ਹੈ, ਜਿਵੇਂ ਅਖ਼ਲਾਕ ਦੀ ਹੱਤਿਆ ਤੋਂ ਬਾਅਦ ਨਰੇਂਦਰ ਮੋਦੀ ਦੀ ਵਜ਼ਾਰਤ ਦੇ ਸਭਿਆਚਾਰਕ ਮੰਤਰੀ ਮਹੇਸ਼ ਸ਼ਰਮਾ ਦਾ ਬਿਆਨ ਸੀ; ਜਾਂ ਫਿਰ 2002 ਵਿਚ ਗੁਜਰਾਤ ਦੇ ਮੁਸਲਿਮ ਵਿਰੋਧੀ ਫ਼ਸਾਦਾਂ ਉਪਰ ਨਰੇਂਦਰ ਮੋਦੀ ਦਾ ਇਹ ਬਿਆਨ ਕਿ “ਕਤੂਰਾ ਵੀ ਕਾਰ ਥੱਲੇ ਆ ਜਾਂਦਾ ਹੈ ਤਾਂ ਸਾਨੂੰ ਦਰਦ ਮਹਿਸੂਸ ਹੁੰਦਾ ਹੈ ਕਿ ਨਹੀਂ? ਹੁੰਦਾ ਹੈ।”
ਹਿੰਸਾ ਕਿਥੋਂ ਤਕ ਸਹੀ ਹੈ?
ਰਾਸ਼ਟਰੀ ਸਵੈਮਸੇਵਕ ਸੰਘ ਦੇ ਸਵੈਮਸੇਵਕ ਅਤੇ ਭਾਜਪਾ ਦੇ ਸਾਬਕਾ ਸਿਧਾਂਤਕਾਰ ਕੇæਐਨæ ਗੋਵਿੰਦਾਚਾਰੀਆ ਨੂੰ ਸੰਘ ਪਰਿਵਾਰ ਦੇ ਕੁਝ ਬਹੁਤ ਹੀ ਸੁਲਝੇ ਹੋਏ ਵਿਚਾਰਕਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। ਹਜੂਮ ਦੀ ਹਿੰਸਾ ਨੂੰ ਉਹ ਜਾਇਜ਼ ਨਹੀਂ ਠਹਿਰਾਉਂਦੇ ਅਤੇ ਦੋ-ਟੁੱਕ ਸ਼ਬਦਾਂ ਵਿਚ ਕਹਿੰਦੇ ਹਨ ਕਿ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਹ ਵੀ ਗਊ ਰੱਖਿਅਕਾਂ ਦੀਆਂ ਕਾਰਵਾਈਆਂ ਦਾ ਕਾਰਨ ਅਤੇ ਆਧਾਰ ਤਲਾਸ਼ਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ ਬੀæਬੀæਸੀæ ਨੂੰ ਕਿਹਾ, “ਉਹ (ਗਊ ਰੱਖਿਅਕ) ਸੋਚਦੇ ਹੋਣਗੇ ਕਿ ਹੁਣ ਤਕ ਤਾਂ ਅਸੀਂ ਬਹੁਤ ਕੁਝ ਬਰਦਾਸ਼ਤ ਕਰਦੇ ਹੀ ਆਏ ਹਾਂ, ਗਊ ਹੱਤਿਆ ਆਮ ਹੁੰਦੀ ਦੇਖਦੇ ਰਹੇ ਹਾਂæææ ਰਾਜਸੱਤਾ ਵਲੋਂ ਹਮੇਸ਼ਾ ਸਾਡੀਆਂ ਬਾਹਾਂ ਮਰੋੜਨ ਦੀ ਕੋਸ਼ਿਸ਼ ਹੀ ਕੀਤੀ ਗਈ ਹੈ। ਹਿੰਦੂ ਸਮਾਜ ਦੇ ਅੰਦਰ ਲੋਕਾਂ ਨੂੰ ਇੰਞ ਲੱਗਦਾ ਹੈ।”
ਸਹੀ ਠਹਿਰਾਉਣ ਦਾ ਰੁਝਾਨ
ਇਸ ਤਰਕ ਦੀ ਐਨਕ ਨਾਲ ਦੇਖੀਏ ਤਾਂ ਅਖ਼ਲਾਕ ਤੋਂ ਲੈ ਕੇ ਪਹਿਲੂ ਖ਼ਾਨ ਦੀ ਗਊ ਰੱਖਿਅਕਾਂ ਵਲੋਂ ਕੀਤੀ ਗਈ ਹੱਤਿਆ ਅਤੇ ਡਰ ਫੈਲਾਉਣ ਦੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ। ਇਹੀ ਨਹੀਂ, ਗੋਵਿੰਦਾਚਾਰੀਆ ਵੀ ਹਿੰਸਾ ਨੂੰ ਸਵੈ-ਰੱਖਿਆ ਦੱਸਦਾ ਹੈ ਅਤੇ ਕਹਿੰਦਾ ਹੈ- “ਆਪਣੀ ਸਵੈ-ਰੱਖਿਆ ਲਈ ਤਾਂ ਇਹ ਲੋਕ (ਹਿੰਸਾ) ਕਰ ਹੀ ਸਕਦੇ ਹਨ। ਐਸਾ ਨਹੀਂ ਮੰਨਿਆ ਜਾ ਸਕਦਾ ਕਿ ਸਾਰੇ ਲੋਕ ਬੌਧਿਕ ਸਮਰੱਥਾ ਮੁਤਾਬਿਕ ਕੰਮ ਕਰਨਗੇ, ਭਾਵਨਾਤਮਕ ਆਧਾਰ ਵੀ ਤਾਂ ਹੁੰਦਾ ਹੈ।” ਪਰ ਖ਼ੂਨੀ ਹਜੂਮ ਪ੍ਰਤੀ ਨਰਮਗੋਸ਼ਾ ਵਰਤਣ, ਉਸ ਨੂੰ ਉਕਸਾਉਣ ਜਾਂ ਉਨ੍ਹਾਂ ਦੀਆਂ ਖ਼ੂਨੀ ਕਾਰਵਾਈਆਂ ਨੂੰ ਜਾਇਜ਼ ਠਹਿਰਾਉਣ ਲਈ ਕੇਵਲ ਸਿਆਸੀ ਆਗੂ ਹੀ ਜ਼ਿੰਮੇਵਾਰ ਨਹੀਂ। ਰਾਜ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਵੀ ਇਹ ਕੰਮ ਕਰਦਾ ਆ ਰਿਹਾ ਹੈ।
ਕਾਨੂੰਨੀ ਜਾਮਾ ਪਹਿਨਾਉਣ ਦੀ ਕੋਸ਼ਿਸ਼
ਜਿਵੇਂ ਦਵੇਂਦਰ ਫੜਨਵੀਸ ਦੀ ਸਰਕਾਰ ਨੇ ਮਹਾਰਾਸ਼ਟਰ ਵਿਚ ਗਊ ਹੱਤਿਆ ਉਪਰ ਪਾਬੰਦੀ ‘ਤੇ ਨਜ਼ਰ ਰੱਖਣ ਲਈ ‘ਕਾਰਕੁਨਾਂ’ ਨੂੰ ਸ਼ਨਾਖ਼ਤੀ ਕਾਰਡ ਦੇਣ ਲਈ ਇਸ਼ਤਿਹਾਰ ਦਿੱਤਾ ਸੀ, ਜਿਸ ਦੇ ਹੁੰਗਾਰੇ ਵਜੋਂ ਸੈਂਕੜੇ ਲੋਕਾਂ ਨੇ ਅਰਜ਼ੀਆਂ ਦਿੱਤੀਆਂ। ਇਨ੍ਹਾਂ ਵਿਚ ਜ਼ਿਆਦਾਤਰ ਹਿੰਦੂਤਵੀ ਜਥੇਬੰਦੀਆਂ ਨਾਲ ਜੁੜੇ ਉਹੀ ਲੋਕ ਸਨ ਜੋ ਆਪਣੇ ਹੱਥ ਵਿਚ ਆਈ ਗ਼ੈਰ-ਕਾਨੂੰਨੀ ਤਾਕਤ ਉਪਰ ਕਾਨੂੰਨ ਦੀ ਮੋਹਰ ਲਗਵਾਉਣਾ ਚਾਹੁੰਦੇ ਸਨ।
ਕੁਝ ਸਾਲ ਪਹਿਲਾਂ ਛੱਤੀਸਗੜ੍ਹ ਵਿਚ ਸਰਕਾਰ ਅਤੇ ਪੁਲਿਸ ਦੀ ਮਦਦ ਨਾਲ ਸ਼ੁਰੂ ਕੀਤੀ ਗਈ ਸਲਵਾ ਜੂਡਮ ਵੀ ਹਜੂਮ ਦੇ ਖ਼ੂਨੀ ਇਸਤੇਮਾਲ ਦੀ ਇਕ ਮਿਸਾਲ ਹੈ। ਮਸ਼ਹੂਰ ਵਕੀਲ ਪ੍ਰਸ਼ਾਂਤ ਭੂਸ਼ਣ ਖ਼ੂਨੀ ਹਜੂਮ ਨੂੰ ‘ਲੈਜਿਟੀਮੇਸੀ’ ਦੇਣ ਦੇ ਲਈ ਨਿਆਂਪਾਲਿਕਾ ਸਮੇਤ ਸਮੁੱਚੀ ਸਥਾਪਤੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਉਨ੍ਹਾਂ ਬੀæਬੀæਸੀæ ਨੂੰ ਕਿਹਾ, “ਮੁੱਖਧਾਰਾ ਸਿਆਸੀ ਪਾਰਟੀਆਂ ਜੋ ਸੱਤਾਧਾਰੀ ਰਹਿ ਚੁੱਕੀਆਂ ਹੁੰਦੀਆਂ ਹਨ ਜਾਂ ਜਿਨ੍ਹਾਂ ਵਿਚ ਸੱਤਾ ਵਿਚ ਆਉਣ ਦੀ ਸਮਰੱਥਾ ਹੁੰਦੀ ਹੈ, ਉਨ੍ਹਾਂ ਖ਼ਿਲਾਫ਼ ਗੰਭੀਰ ਕਾਰਵਾਈ ਕਰਨ ਦਾ ਦਮ ਬਹੁਤ ਘੱਟ ਦੇਖਣ ਵਿਚ ਆਉਂਦਾ ਹੈ।”
ਫਿਰ ਜਦੋਂ ਪ੍ਰਧਾਨ ਮੰਤਰੀ ਤੋਂ ਲੈ ਕੇ ਮੁਲਕ ਦੀਆਂ ਨਿਆਂ ਮੂਰਤੀਆਂ ਤਕ ਜਿਸ ਗਊ ਦੀ ਸੇਵਾ ਵਿਚ ਜੁਟੀਆਂ ਹੋਣ, ਉਸ ਨੂੰ ਟਰੱਕ ਵਿਚ ਲੱਦ ਕੇ ਲਿਜਾਣ ਵਾਲੇ ਪਹਿਲੂ ਖ਼ਾਨ ਨੂੰ ‘ਗਊ ਰੱਖਿਅਕਾਂ’ ਦੇ ਕ੍ਰੋਧ ਤੋਂ ਕੌਣ ਬਚਾ ਸਕਦਾ ਹੈ? ਆਪਣੇ ਇਕ ਭਾਸ਼ਣ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖ਼ੁਦ ਮੰਨਿਆ ਸੀ ਕਿ ਗਊ ਰੱਖਿਅਕਾਂ ਦੇ ਨਾਂ ਹੇਠ ਬਹੁਤ ਸਾਰੇ ਲੋਕ ਮੁਜਰਮਾਨਾ ਕਾਰਵਾਈਆਂ ਵਿਚ ਲੱਗੇ ਹੋਏ ਹਨ।