ਭਗੀਰਥੀ

ਪੰਜਾਬੀ ਸਭਿਆਚਾਰ ਵਿਚ ਖੁਸਰਿਆਂ ਜਾਂ ਹੀਜੜਿਆਂ ਦਾ ਹਮੇਸ਼ਾ ਇਕ ਖਾਸ ਸਥਾਨ ਰਿਹਾ ਹੈ। ਉਹ ਹਰ ਖੁਸ਼ੀ ਦੇ ਮੌਕੇ-ਭਾਵੇਂ ਮੁੰਡਾ ਜੰਮਿਆ ਹੋਵੇ ਜਾਂ ਮੁੰਡੇ ਦਾ ਵਿਆਹ ਹੋਇਆ ਹੋਵੇ, ਵਧਾਈਆਂ ਲੈ ਕੇ ਹਾਜ਼ਰ ਹੁੰਦੇ ਹਨ। ਉਨ੍ਹਾਂ ਦੇ ਸਰੀਰ ਵਿਚ ਕਿਸੇ ਕਮੀ ਲਈ ਉਹ ਆਪ ਜ਼ਿੰਮੇਵਾਰ ਨਹੀਂ ਹਨ ਪਰ ਫਿਰ ਵੀ ਸਾਡੇ ਸਮਾਜ ਵਿਚ ਉਨ੍ਹਾਂ ਨੂੰ ਹਿਕਾਰਤ ਨਾਲ ਵੇਖਿਆ ਜਾਂਦਾ ਰਿਹਾ ਹੈ। ਇਥੋਂ ਤੱਕ ਕਿ ਉਨ੍ਹਾਂ ਨੂੰ ਸਾਂਝੇ ਸ਼ਮਸ਼ਾਨਘਾਟ ਵਿਚ ਆਪਣੇ ਮੁਰਦੇ ਦਫਨ ਕਰਨ ਦਾ ਵੀ ਹੱਕ ਨਹੀਂ ਸੀ।

ਉਹ ਵੀ ਇਨਸਾਨ ਹਨ, ਬਲਕਿ ਕਈ ਵਾਰ ਆਮ ਇਨਸਾਨਾਂ ਨਾਲੋਂ ਵੀ ਬਿਹਤਰ ਸਾਬਤ ਹੁੰਦੇ ਹਨ, ਇਹੀ ਗਾਥਾ ਆਪਣੀ ਇਸ ਲਿਖਤ ਵਿਚ ਲੇਖਕ ਮਨਮੋਹਨ ਕੌਰ ਨੇ ਬਿਆਨੀ ਹੈ। -ਸੰਪਾਦਕ

ਮਨਮੋਹਨ ਕੌਰ
ਫੋਨ: 91-98149-68849

ਪੂਰਨਮਾਸ਼ੀ ਦੀ ਰਾਤ ਸੀ, ਮੇਰੀ ਸੁਹਾਗ ਰਾਤ। ਉਸ ਰਾਤ ਵਰਗਾ ਚੰਨ ਮੈਂ ਜ਼ਿੰਦਗੀ ‘ਚ ਸ਼ਾਇਦ ਕਦੀ ਨਹੀਂ ਦੇਖਿਆ-ਚਮਕਦਾ, ਗੋਲ ਮਟੋਲ। ਪੈਰ ਕਾਰ ‘ਚੋਂ ਬਾਹਰ ਰਖੇ ਤਾਂ ਸਾਹਮਣੇ ਖੜ੍ਹਾ ਚੰਨ ਮੁਸਕਰਾਵੇ, ਮੈਨੂੰ ਇੰਨਾ ਨੇੜੇ ਜਾਪਿਆ ਜਿਵੇਂ ਆਪਣੇ ਕਲਾਵੇ ‘ਚ ਹੀ ਲੈ ਲਵੇਗਾ। ਮੈਂ ਉਸ ਨੂੰ ਵਿਸਮਾਦੀ ਨਜ਼ਰਾਂ ਨਾਲ ਦੇਖ ਰਹੀ ਸਾਂ ਤਾਂ ਬਹੁਤ ਹੀ ਹਸੀਨ ਹੱਥਾਂ ਨੇ ਮੇਰਾ ਹੱਥ ਫੜ੍ਹਿਆ। ਘੁੰਡ ‘ਚੋਂ ਹੀ ਮੈਂ ਉਸ ਹਸੀਨ ਚਿਹਰੇ ਨੂੰ ਦੇਖਿਆ। ਫਿਰ ਉਸ ਨੇ ਘੁੰਡ ਚੁੱਕ ਕੇ ਮੈਨੂੰ ਦੇਖਿਆ। ਪੰਜ ਚਾਂਦੀ ਦੇ ਸਿੱਕੇ ਮੇਰੀ ਤਲੀ ‘ਤੇ ਧਰੇ। ਨਾਲ ਹੀ ਕੋਲ ਖੜ੍ਹੇ ਬੇਜੀ ਵੱਲ ਮੂੰਹ ਕਰਕੇ ਭਾਰੀ ਮਰਦਾਨਾ ਆਵਾਜ਼ ‘ਚ ਬੋਲੀ, “ਬੇਜੀ! ਬਹੂ ਤਾਂ ਤੁਹਾਡੀ ਡੱਬੀ ‘ਚ ਬੰਦ ਕਰਨ ਜੋਗੀ ਹੈ।” ਫਿਰ ਮੇਰੇ ਕੰਨ ‘ਚ ਬੋਲੀ, “ਤੇਰਾ ਸਿਰ ਦਾ ਸਾਈਂ ਹੀਰਾ ਵੇ, ਸਾਂਭ ਕੇ ਰੱਖੀਂ!” ਉਸ ਮੇਰੀਆਂ ਸੱਤ ਬਲਾਵਾਂ ਲਈਆਂ ਅਤੇ ਬੇਜੀ ਤੋਂ ਪਾਣੀ ਦੀ ਗੜਵੀ ਲੈ ਮੇਰੇ ਇਸ ਤਰ੍ਹਾਂ ਨੇੜੇ ਕੀਤੀ ਕਿ ਗੜਵੀ ਦੇ ਪਾਣੀ ‘ਚੋਂ ਮੇਰੇ ਚਿਹਰੇ ਨਾਲ ਚੰਨ ਵੀ ਦਿਸਿਆ। ਕਹਿਣ ਲੱਗੀ, “ਦੇਖ ਵਹੁਟੀਏ! ਤੇਰੇ ਸਵਾਗਤ ਲਈ ਅੱਜ ਚੰਨ ਵੀ ਜ਼ਮੀਨ ‘ਤੇ ਉਤਰ ਆਇਆ ਵੇ।” ਮੈਂ ਛੂਈ ਮੂਈ ਹੋ ਜ਼ਮੀਨ ਵਲ ਦੇਖਣ ਲੱਗੀ। ਜਦੋਂ ਨਜ਼ਰ ਉਠਾਈ ਤਾਂ ਬੇਜੀ ਨੂੰ ਪਾਣੀ ਦੀ ਗੜਵੀ ਫੜਾ ਉਹ ਛੁਈਂ-ਮੁਈਂ ਹੋ ਗਈ।
ਮੈਂ ਉਦੋਂ 20-21ਵੇਂ ਸਾਲ ਵਿਚ ਸਾਂ। ਇੰਨੇ ਸਾਲ ਪੜ੍ਹਾਈ ਵੱਲ ਹੀ ਧਿਆਨ ਰਿਹਾ, ਬਹੁਤ ਹੀ ਸਾਦ ਮੁਰਾਦੀ ਜ਼ਿੰਦਗੀ ਦੇਖੀ ਸੀ। ਬੀæ ਐਡæ ਕਰ ਰਹੀ ਸਾਂ ਕਿ ਇਨ੍ਹਾਂ ਵਲੋਂ ਰਿਸ਼ਤਾ ਆਇਆ ਤੇ ਸ਼ਾਦੀ ਦਾ ਬਿਗਲ ਵੱਜ ਗਿਆ। ਸਾਡੀ ਦੇਖ ਦਿਖਾਈ ਵੀ ਗੁਰਦੁਆਰੇ ਹੀ ਹੋਈ ਸੀ। ਸਿਰਫ ਦੋ ਅੱਖਾਂ ਚਾਰ ਹੋਈਆਂ, ਨਾ ਕੋਈ ਸਵਾਲ, ਨਾ ਜਵਾਬ। ਬਸ ਇੰਨੀ ਕੁ ਹੀ ਸੀ ਪਹਿਲੀ ਮਿਲਣੀ।
ਇਹ ਬੇਜੀ ਦੇ ਲਾਡਲੇ ਪਰ ਸਰਵਣ ਪੁੱਤਰ ਸਨ, ਘਰ ਦੇ ਆਖਰੀ ਬਰਾਤੀ ਦੀ ਵੀ ਲੋੜ ਪੂਰੀ ਕਰਕੇ ਕਮਰੇ ‘ਚ ਆਏ ਤਾਂ ਮੈਂ ਖਿੜਕੀ ‘ਚ ਚੰਨ ਤੇ ਉਸ ਦੀਆਂ ਠੰਡੀਆਂ ਰਿਸ਼ਮਾਂ ਨੂੰ ਮਾਣ ਰਹੀ ਸਾਂ, ਇਹ ਮੇਰੇ ਕੋਲ ਆ ਕੇ ਖੜ੍ਹੇ ਹੋ ਗਏ, “ਦੇਖੋ! ਅੱਜ ਚੰਨ ਕਿੰਨਾ ਵੱਡਾ, ਨਜ਼ਦੀਕ ਅਤੇ ਸੋਹਣਾ ਲੱਗ ਰਿਹਾ ਹੈ ਜਿਵੇਂ ਸਾਡੀ ਖਿੜਕੀ ‘ਤੇ ਪਹਿਰਾ ਦੇ ਰਿਹਾ ਹੋਵੇ।”
“ਹਾਂ ਹੈ ਤੇ ਸਹੀ ਪਰ ਮੈਂ ਤਾਂ ਆਪਣੇ ਚੰਨ ਨੂੰ ਦੇਖ ਰਿਹਾਂ।” ਇਨ੍ਹਾਂ ਮੇਰੇ ਮੋਢੇ ‘ਤੇ ਹੱਥ ਰੱਖਦਿਆਂ ਕਿਹਾ, “ਉਹ ਚੰਨ ਮੇਰੇ ਚੰਨ ਨਾਲੋਂ ਫਿਕਾ ਹੈ।”
ਮੈਂ ਸ਼ਰਮਾ ਕੇ ਫਿਰ ਖਿੜਕੀ ਵਲ ਦੇਖਣ ਲੱਗੀ। ਇੰਨੇ ‘ਚ ਦੇਖਿਆ ਕਿ ਦੂਰ ਗਲੀ ਦੇ ਚੁਬਾਰੇ ਦੀ ਖਿੜਕੀ ਵਿਚ ਉਹੀ ਪਿਆਰੀ ਜਿਹੀ ਔਰਤ ਸਾਡੇ ਵਲ ਦੇਖ ਰਹੀ ਸੀ। ਮੈਂ ਇੱਕ ਦਮ ਇਨ੍ਹਾਂ ਤੋਂ ਸਵਾਲੀਆ ਨਜ਼ਰ ਨਾਲ ਪੁੱਛਿਆ ਕਿ ਇਹ ਕੌਣ ਹੈ, ਭਗੀਰਥੀ।
“ਭਗੀਰਥੀ ਹਿਜੜਿਆਂ ਦਾ ਸਰਦਾਰ ਏ। ਇਹ ਪਾਕਿਸਤਾਨ ਤੋਂ ਹਿਜਰਤ ਕਰਕੇ ਆਏ ਰਿਫੂਜ਼ੀਆਂ ਨਾਲ ਹੀ ਆਏ ਸਨ। ਮੁਸਲਮਾਨਾਂ ਵਲੋਂ ਖਾਲੀ ਕੀਤੇ ਮਕਾਨਾਂ ਵਿਚੋਂ ਇੱਕ ਇਨ੍ਹਾਂ ਨੇ ਵੀ ਖਰੀਦ ਲਿਆ ਸੀ।” ਮੇਰੀ ਉਤਸੁਕਤਾ ਵੇਖ ਉਨ੍ਹਾਂ ਮੈਨੂੰ ਦੱਸਿਆ। ਤਾਹੀਓਂ ਗਲੀ ਦਾ ਨਾਂ ਹਿਜੜਿਆਂ ਵਾਲੀ ਗਲੀ ਪੈ ਗਿਆ।
ਗਲੀ ‘ਚੋਂ ਲੰਘਦਿਆਂ, ਅਕਸਰ ਭਗੀਰਥੀ ਆਪਣੇ ਗਰੁਪ ਨਾਲ ਗਲੀ ਵਿਚ ਹੀ ਮਿਲ ਜਾਂਦੀ। ਉਹ ਮੇਰੇ ਨਾਲ ਬਹੁਤ ਹੀ ਮੋਹ ਕਰਨ ਲੱਗ ਪਈ, ਜਦੋਂ ਮਿਲਦੀ, ਘੁੱਟ ਕੇ ਕਲਾਵੇ ‘ਚ ਲੈ ਲੈਂਦੀ। ਕਹਿੰਦੀ, “ਨੀ ਵਹੁਟੀਏ ਤੂੰ ਤਾਂ ਨਿਰੀ ਪੁਰੀ ਲੋਗੜ ਏਂ! ਪੱਕੀ ਪੀਡੀ ਹੋ ਜਾਹ, ਤਾਂਹੀਂ ਮੁੰਡਾ ਜੰਮੇਂਗੀ।” ਸ਼ਰਾਰਤ ਨਾਲ ਉਹ ਮੇਰੀਆਂ ਗੱਲ੍ਹਾਂ ‘ਤੇ ਚੂੰਡੀ ਵੱਢਦੀ। ਢੋਲਕੀ ਦੀ ਥਾਪ ਅਤੇ ਥਿਰਕਦੇ ਪੈਰਾਂ ਦੇ ਘੂੰਗਰੂਆਂ ਦੀ ਆਵਾਜ਼ ਨਾਲ ਉਹ ਅਕਸਰ ਸਾਡੇ ਦੋਵਾਂ ਦੀਆਂ ਬਲਾਵਾਂ ਲੈਂਦੀ। ਮੈਨੂੰ ਵੀ ਉਹ ਚੰਗੀ ਲੱਗਣ ਲੱਗੀ। ਜਦੋਂ ਉਹ ਆਪਣੇ ਨਾਲ ਘੁੱਟਦੀ ਤਾਂ ਮੈਨੂੰ ਉਸ ਦੇ ਸੀਨੇ ‘ਚੋਂ ਮਾਂ ਵਰਗੀ ਹੀ ਖੁਸ਼ਬੂ ਆਉਂਦੀ।
ਸੱਚ ਦਸਾਂ! ਮੈਨੂੰ ਕਿੰਨਰ ਤੋਂ ਬਹੁਤ ਡਰ ਲੱਗਦਾ ਸੀ। ਜਦੋਂ ਵੀ ਕਦੀ ਕਿਸੇ ਸ਼ਾਦੀ-ਵਿਆਹ, ਮੁੰਡਾ ਜੰਮਣ ‘ਤੇ ਜਾਂ ਟਰੇਨ ਵਿਚ ਗਾਉਂਦਿਆਂ ਨੱਚਦਿਆਂ ਦੇਖਦੀ, ਉਨ੍ਹਾਂ ਦੀਆਂ ਹੋਛੀਆਂ ਹਰਕਤਾਂ ਬੁਰੀਆਂ ਲੱਗਦੀਆਂ, ਪਰ ਭਗੀਰਥੀ ਦੇ ਪਿਆਰ ਅਤੇ ਮੋਹ ਕਾਰਨ ਅਕਸਰ ਉਨ੍ਹਾਂ ਬਾਰੇ ਸੋਚਦੀ ਰਹਿੰਦੀ। ਲੋਕ ਇਨ੍ਹਾਂ ਨੂੰ ਨਫਰਤ ਕਿਉਂ ਕਰਦੇ ਹਨ? ਸਰੀਰ ਦੇ ਵਿਕਲਾਂਗ ਹੋਣ ‘ਚ ਇਨ੍ਹਾਂ ਦਾ ਕਸੂਰ ਤਾਂ ਨਹੀਂ! ਕਿਉਂ ਇਹ ਲੋਕ ਪੇਟ ਖਾਤਿਰ ਦਰ ਦਰ ਭਟਕਦੇ ਹਨ! ਕਈਂ ਵਾਰੀ ਇਨ੍ਹਾਂ ਦੀਆਂ ਮੰਗਾਂ ਕਾਰਨ ਲੋਕੀਂ ਪ੍ਰੇਸ਼ਾਨ ਹੋ ਇਨ੍ਹਾਂ ਨੂੰ ਦੁਤਕਾਰਦੇ ਵੀ ਹਨ। ਪਸ਼ੂਆਂ ਨਾਲੋਂ ਵੀ ਬਦਤਰ ਇਨ੍ਹਾਂ ਨਾਲ ਸਲੂਕ ਹੁੰਦਾ ਹੈ। ਭਿਖਾਰੀ ‘ਤੇ ਤਰਸ ਕਰਕੇ ਅਸੀਂ 10-20 ਰੁਪਏ ਭੀਖ ਦੇ ਦਿੰਦੇ ਹਾਂ ਪਰ ਇਨ੍ਹਾਂ ‘ਤੇ ਕੋਈ ਤਰਸ ਨਹੀਂ ਕਰਦਾ।
ਕਦੀ ਕਿਸੇ ਨੇ ਇਨ੍ਹਾਂ ਨੂੰ ਸਰਕਾਰੀ-ਗੈਰ ਸਰਕਾਰੀ ਨੌਕਰੀ ਦੇ ਕਾਬਿਲ ਨਹੀਂ ਸਮਝਿਆ। ਹੋਰ ਤਾਂ ਕੀ, ਇਨ੍ਹਾਂ ਲੋਕਾਂ ਨੂੰ ਧਾਰਮਿਕ ਸਥਾਨਾਂ ‘ਤੇ ਜਾਣ ਦੀ ਵੀ ਇਜਾਜ਼ਤ ਨਹੀਂ। ਸਮਾਜ ਦੇ ਇਹ ਇੱਕ ਕੱਟੇ ਅੰਗ ਵਾਂਙੂੰ ਹਨ। ਹੋਰ ਤਾਂ ਹੋਰ ਆਪਣੇ ਮਾਂ ਬਾਪ ਵਲੋਂ ਵੀ ਨਕਾਰੇ ਜਾਂਦੇ ਹਨ। ਇਥੋਂ ਤੱਕ ਕਿ ਇਹ ਬੀਮਾਰ ਹੋਣ ਤਾਂ ਕੋਈ ਡਾਕਟਰ ਵੀ ਇਨ੍ਹਾਂ ਕੋਲ ਨਹੀਂ ਬਹੁੜਦਾ। ਰਾਜਿਆਂ-ਮਹਾਰਾਜਿਆਂ ਦੇ ਸਮੇਂ ਇਨ੍ਹਾਂ ਦੀ ਕਿੰਨੀ ਪੁੱਛ ਹੁੰਦੀ ਸੀ! ਇਹ ਉਨ੍ਹਾਂ ਦੀ ਗੋਲੀ ਜਾਂ ਸਹੇਲੀ ਬਣ ਕੇ ਰਹਿੰਦੇ ਸਨ, ਕਈ ਵਾਰੀ ਸੂਹੀਏ ਦਾ ਵੀ ਕੰਮ ਕਰਦੇ ਸਨ।
ਭਗੀਰਥੀ ਆਪਣੇ ਘਰ ਹੀ ਹਰ ਮੰਗਲਵਾਰ ਆਪਣੇ ਇਸ਼ਟ ਦੀ ਪੂਜਾ ਕਰਦੀ ਅਤੇ ਆਪਣੀ ਘਰ ਦੀ ਮੁਹਾਠ ‘ਤੇ ਖੜ੍ਹੀ ਹੋ ਬੂੰਦੀ ਵਾਲੇ ਲੱਡੂਆਂ ਦਾ ਪ੍ਰਸ਼ਾਦ ਬੱਚਿਆਂ ‘ਚ ਵੰਡਦੀ।
ਇਨ੍ਹੀਂ ਦਿਨੀਂ ਮੈਨੂੰ ਲੱਡੂ ਬਹੁਤ ਸਵਾਦ ਲੱਗਦੇ। ਇੱਕ ਮੰਗਲਵਾਰ ਮੈਂ ਲੱਡੂ ਖਾਣ ਦਾ ਲਾਲਚ ਨਾ ਛਡ ਸਕੀ ਤੇ ਬੱਚਿਆਂ ਨਾਲ ਦੋਵੇਂ ਹੱਥ ਖੋਲ੍ਹ ਕੇ ਖੜ੍ਹੀ ਹੋ ਗਈ। ਪ੍ਰਸ਼ਾਦਿ ਵੰਡ ਕੇ ਉਹ ਮੈਨੂੰ ਅੰਦਰ ਲੈ ਗਈ। ਆਪਣੇ ਹੱਥੀਂ ਲੱਡੂ ਖਵਾਏ। ਫਿਰ ਮੇਰੀ ਝੋਲੀ ‘ਚ ਫਲ ਤੇ ਪਤਾਸੇ ਪਾਉਂਦਿਆਂ ਬੋਲੀ, “ਦੁੱਧੀ ਨ੍ਹਾਵੇਂ, ਪੁੱਤੀਂ ਫਲੇਂ।”
ਮੈਨੂੰ ਦਾਦੀ ਦੀ ਗੱਲ ਯਾਦ ਆ ਗਈ। ਦਾਦੀ ਹਮੇਸ਼ਾ ਹਰ ਗਰਭਵਤੀ ਨੂੰ ਅਸੀਸ ਦਿੰਦੀ, “ਪੁੱਤਰ! ਰੱਬ ਤੈਨੂੰ ਪੁੱਤਰ ਦੇਵੇ ਜਾਂ ਧੀ ਦੇਵੇ, ਤੀਜੀ ਚੀਜ਼ ਨਾ ਦੇਵੇ।” ਦਾਦੀ ਦੀ ਗੱਲ ਦੀ ਮੈਨੂੰ ਹੁਣ ਸਮਝ ਲੱਗੀ ਕਿ ਤੀਜੀ ਚੀਜ਼ ਦਾ ਇਸ਼ਾਰਾ ਕਿਸ ਤਰਫ ਸੀ।
ਭਗੀਰਥੀ ਨੇ ਸ਼ਰਬਤ ਲਿਆ ਮੇਰੇ ਹੱਥ ਫੜਾਇਆ। ਮੈਂ ਘੁੱਟ ਘੁੱਟ ਪੀਂਦਿਆਂ ਘਰ ਨੂੰ ਧਿਆਨ ਨਾਲ ਵੇਖਣ ਲੱਗੀ। ਥੱਲੇ ਚਾਰ ਕਮਰੇ ਸਨ, ਉਨ੍ਹਾਂ ਵਿਚ ਮੋਟੇ ਗੱਦੇਦਾਰ ਲਾਲ ਰੰਗ ਦੇ ਕਾਲੀਨ ਵਿਛੇ ਸਨ ਅਤੇ ਉਪਰ ਗੋਲ ਸਿਰਹਾਣੇ ਰੱਖੇ ਸਨ। ਘਰ ਵਿਚ ਸਹੂਲਤ ਦੀ ਹਰ ਚੀਜ਼ ਸੀ। ਅੰਮਾ ਨੇ ਦੱਸਿਆ ਕਿ ਉਹ ਪਰਿਵਾਰ ਦੇ ਬਾਰਾਂ ਜੀਅ ਹਨ, ਰਲ ਮਿਲ ਕੇ ਖਾਂਦੇ-ਪੀਂਦੇ ਅਤੇ ਭਗੀਰਥੀ ਨੂੰ ਅੰਮਾ ਕਹਿ ਕੇ ਬੁਲਾਉਂਦੇ ਸਨ। ਘਰ ਦੇ ਇੱਕ ਕੋਨੇ ‘ਚ ਛੋਟਾ ਜਿਹਾ ਮੰਦਿਰ ਸੀ, ਜਿਸ ਵਿਚ ਰਾਮ, ਸੀਤਾ ਤੇ ਹਨੂੰਮਾਨ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਸਨ।
ਮੰਦਿਰ ਦੇਖਦਿਆਂ ਜ਼ਿਹਨ ‘ਚ ਦਾਦੀ ਮਾਂ ਤੋਂ ਸੁਣੀ ਲੋਕ ਕਥਾ ਘੁੰਮਣ ਲੱਗੀ ਕਿ ਰਾਮ, ਸੀਤਾ ਅਤੇ ਲਛਮਣ ਬਨਵਾਸ ਲਈ ਤੁਰੇ ਤਾਂ ਸਾਰੀ ਖਲਕਤ ਵਿਰਲਾਪ ਕਰਦੀ ਨਾਲ ਤੁਰ ਪਈ। ਹਨੇਰਾ ਪੈ ਗਿਆ ਤਾਂ ਰਾਮ ਜੀ ਨੇ ਬੇਨਤੀ ਕਰਦਿਆਂ ਕਿਹਾ ਕਿ ਸਾਰੇ ਨਰ-ਨਾਰੀ ਵਾਪਿਸ ਚਲੇ ਜਾਓ, ਜ਼ਾਰੋ ਜ਼ਾਰ ਰੋਂਦੀ ਖਲਕਤ ਵਾਪਿਸ ਚਲੀ ਗਈ ਪਰ ਜੋ ਨਾ ਨਰ ਸਨ, ਨਾ ਨਾਰੀ; ਆਗਿਆ ਨਾ ਮਿਲਣ ਕਾਰਨ ਵਾਪਿਸ ਨਾ ਗਏ, ਉਹ ਉਥੇ ਹੀ ਵੱਸ ਗਏ।
ਜਦੋਂ ਚੌਦਾਂ ਸਾਲ ਬਾਅਦ ਰਾਮ ਜੀ ਵਾਪਿਸ ਆਏ ਤਾਂ ਉਨ੍ਹਾਂ ਨੂੰ ਉਥੇ ਹੀ ਵੱਸਿਆਂ ਤੇ ਉਡੀਕਦਿਆਂ ਦੇਖ ਹੈਰਾਨ ਰਹਿ ਗਏ। ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਤੁਸੀਂ ਨਰ-ਨਾਰੀ ਨੂੰ ਜਾਣ ਲਈ ਕਿਹਾ ਸੀ, ਸਾਡੇ ਲਈ ਹੁਕਮ ਨਹੀਂ ਕੀਤਾ ਸੀ। ਰਾਮ ਜੀ ਦੀਆਂ ਅੱਖਾਂ ‘ਚ ਅਥਰੂ ਆ ਗਏ, ਉਨ੍ਹਾਂ ਵਰ ਦਿੱਤਾ, ਹਰ ਖੁਸ਼ੀ ‘ਤੇ ਜੋ ਲੋਕ ਤੁਹਾਨੂੰ ਖੁਸ਼ ਰੱਖਣਗੇ, ਉਹ ਮਨਚਿੰਦਿਆ ਫਲ ਪਾਉਣਗੇ।”
ਇੰਨੇ ‘ਚ ਬੇਜੀ ਮੈਨੂੰ ਲਭਦੇ ਆ ਪਹੁੰਚੇ ਕਿਉਂਕਿ ਗਲੀ ਦੇ ਬੱਚਿਆਂ ਨੇ ਮੇਰਾ ਅੰਮਾ ਦੇ ਘਰ ਹੋਣਾ ਦਸ ਦਿੱਤਾ ਸੀ। ਅੰਮਾ ਨੇ ਮੇਰੇ ਦੁਪੱਟੇ ਦੀਆਂ ਚਾਰਾਂ ਚੂਕਾਂ ਵਿਚ ਡਰਾਈ-ਫੂਰਟ ਬੰਨ੍ਹ ਮੈਨੂੰ ਤੋਰਿਆ।
ਵਾਪਿਸ ਆਉਂਦਿਆਂ ਬੇਜੀ ਨੇ ਘੁਰਕਦਿਆਂ ਕਿਹਾ, “ਨਾ ਧੀਏ! ਵੱਤ ਇਨ੍ਹਾਂ ਲੋਕਾਂ ਦੇ ਘਰ ਜਾਣਾ ਲੋਕ ਖਰਾ ਨਹੀਂ ਸਮਝਦੇ, ਮੁੜ ਕੇ ਨਾ ਜਾਵੀਂ।” ਉਨ੍ਹਾਂ ਚੁੰਨੀ ਦੀਆਂ ਚੂਕਾਂ ਤੋਂ ਡਰਾਈ-ਫਰੂਟ ਇੱਕ ਪਾਸੇ ਰੱਖ ਚੁੰਨੀ ਨੂੰ ਝੱਟਪੱਟ ਧੋ ਦਿੱਤਾ। ਮੈਨੂੰ ਮੂੰਹ ਹੱਥ ਧੋ ਕੇ ਕਪੜੇ ਬਦਲਣ ਦੀ ਤਾਕੀਦ ਕੀਤੀ। ਸ਼ੁਕਰ ਐ! ਮੈਂ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੇ ਘਰ ਤੋਂ ਲੱਡੂ ਖਾ ਕੇ ਅਤੇ ਸ਼ਰਬਤ ਪੀ ਆਈ ਹਾਂ।
ਬੇਜੀ ਦੇ ਰੋਕਣ ‘ਤੇ ਵੀ ਅੰਮਾ ਲਈ ਮੇਰਾ ਮੋਹ ਘੱਟ ਨਾ ਹੋਇਆ। ਮੈਂ ਉਸ ਨੂੰ ਰੋਜ਼ ਖਿੜਕੀ ‘ਚ ਬੈਠਿਆਂ ਵੇਖ ਲੈਂਦੀ। ਮੇਰੇ ਲਈ ਇੱਕ ਖੁਸ਼ੀ ਦੀ ਗੱਲ ਹੋਈ ਕਿ ਮੇਰੀ ਸਰਕਾਰੀ ਨੌਕਰੀ ਲੱਗ ਗਈ। ਜੁਆਇਨ ਕਰਨ ਪਿਛੋਂ ਮੈਂ ਇਨ੍ਹਾਂ ਦੇ ਨਾਲ ਜਾ ਕੇ ਅੰਮਾ ਨਾਲ ਖੁਸ਼ੀ ਸਾਂਝੀ ਕੀਤੀ। ਕਾਜੂ ਬਰਫੀ ਨਾਲ ਸਭ ਦਾ ਮੂੰਹ ਮਿੱਠਾ ਕਰਵਾਇਆ। ਅੰਮਾ ਖੁਸ਼ੀ ਨਾਲ ਆਪੇ ਤੋਂ ਬਾਹਰ ਹੋ ਗਈ। ਕਮਰੇ ‘ਚ ਗਈ ਅਤੇ ਉਨਾਬੀ ਰੰਗ ਦਾ ਕਸ਼ਮੀਰੀ ਕੁੜਤਾ ਲੈ ਕੇ ਬਾਹਰ ਆਈ, “ਲੈ ਧੀਏ! ਇਹ ਰੰਗ ਤੇਰੇ ‘ਤੇ ਬਹੁਤ ਜਚੂ। ਤਰੱਕੀਆਂ ਪਾਵੇਂ ਧੀਏ, ਬੁੱਢ ਸੁਹਾਗਣ ਹੋਵੇਂ, ਸੋਨੇ ਦੇ ਛੱਤਰ ਝੂਲਣæææ।” ਉਸ ਨੇ ਅਸੀਸਾਂ ਦੀ ਵਾਛੜ ਕਰ ਦਿੱਤੀ। ਸਾਡੇ ਵਿਚ ਇੱਕ ਵਿਸਮਾਦੀ ਮੋਹ ਅਤੇ ਖਿੱਚ ਦੀ ਚਿਣਗ ਜਾਗ ਉਠੀ।
ਆਫਿਸ ਜਾਣ ਕਰਕੇ ਮੈਂ ਵੀ ਮਸ਼ਰੂਫ ਰਹਿਣ ਲੱਗੀ, ਅੰਮਾ ਵੀ ਘੱਟ ਵੱਧ ਦਿਸਦੀ ਕਿਉਂਕਿ ਸਰਦੀ ਰੁੱਤੇ ਵਿਆਹ-ਸ਼ਾਦੀਆਂ ਹੋਣ ਕਾਰਨ ਸ਼ਾਇਦ ਉਹ ਵੀ ਰੁਝੀ ਰਹਿੰਦੀ ਸੀ।
ਅੰਮਾ ਦੀਆਂ ਅਸੀਸਾਂ ਰੰਗ ਲਿਆਈਆਂ, ਸਾਡੇ ਘਰ ਚੰਨ ਵਰਗੇ ਪੁੱਤਰ ਨੇ ਜਨਮ ਲਿਆ। ਜਦੋਂ ਮੈਂ ਹਸਪਤਾਲੋਂ ਮੁੜੀ ਤਾਂ ਅੰਮਾ ਨੂੰ ਪਤਾ ਲੱਗਣ ਦੀ ਦੇਰ ਸੀ ਕਿ ਸਾਡਾ ਵਿਹੜਾ ਢੋਲਕ ਅਤੇ ਘੁੰਗਰੂਆਂ ਨਾਲ ਗੂੰਜਣ ਲੱਗ ਪਿਆ। ਉਸ ਬੱਚੇ ਨੂੰ ਝੋਲੀ ਪਾ ਲਿਆ ਅਤੇ ਬੌਬੀ ਤੇ ਨੂਰੀ ਨਾਲ ਉਚੀ ਹੇਕ ‘ਚ ਗਾਉਣ ਲੱਗੀ, “ਤੁਝੇ ਸੂਰਜ ਕਹੂੰ ਯਾ ਚੰਦਾ, ਤੁਝੇ ਦੀਪ ਕਹੂੰ ਯਾ ਤਾਰਾ। ਮੇਰਾ ਨਾਮ ਕਰੇਗਾ ਰੋਸ਼ਨ, ਜਗ ਮੇਂ ਮੇਰਾ ਰਾਜ ਦੁਲਾਰਾ।”
ਤਿੰਨਾਂ ਨੇ ਨੱਚ ਨੱਚ ਵਿਹੜਾ ਹਿਲਾ ਦਿੱਤਾ। ਅੰਮਾ ਨੇ ਪਾਣੀ ਦਾ ਗਿਲਾਸ ਮੰਗਾਇਆ ਅਤੇ ਤਿੰਨੇ ਜਣੀਆਂ ਕਾਕੇ ਦੀ ਪੋਪੀ ‘ਤੇ ਬਾਰ ਬਾਰ ਪਾਣੀ ਪਾ ਸ਼ਰਾਰਤ ਕਰਨ। ਆਖਿਰ ਕਾਕੇ ਨੂੰ ਪਿਸ਼ਾਬ ਦੀ ਲੰਬੀ ਧਾਰ ਮਾਰਦਾ ਦੇਖ ਵਿਹੜੇ ‘ਚ ਹਾਸੜ ਪੈ ਗਿਆ। ਅੰਮਾਂ ਬੋਲੀ, “ਅਰੇ ਵਾਹ ਇਹ ਤਾਂ ਘੋੜੇ ਵਰਗਾ ਮਰਦ ਐ!”
ਅੰਮਾ ਨੇ ਮੇਰੀ ਝੋਲੀ ਸ਼ਗਨ ਪਾਇਆ ਅਤੇ ਕਾਕੇ ਲਈ ਪੰਜ ਸਰਦੀਆਂ ਦੇ ਸੂਟ ਦਿੱਤੇ। ਬੇਜੀ ਨੇ ਵੀ ਚਾਵਲ, ਗੁੜ, ਕੱਪੜੇ 1100 ਰੁਪਏ ਸ਼ਗਨ ਦੇ ਪਾਏ। ਅੰਮਾ ਵਾਰ ਵਾਰ ਕਾਕੇ ਨੂੰ ਚੁੰਮ ਰਹੀ ਸੀ ਜਿਵੇਂ ਉਸ ਦਾ ਹੀ ਨਾਤੀ ਹੋਵੇ।
ਰੋਜ਼ ਕਾਕੇ ਨੂੰ ਮਿਲ ਕੇ ਜਾਣਾ ਅੰਮਾ ਦਾ ਨੇਮ ਬਣ ਗਿਆ। ਹੁਣ ਬੇਜੀ ਦੀ ਵੀ ਅੰਮਾ ਪ੍ਰਤੀ ਕੁੜਿੱਤਣ ਘਟ ਗਈ। ਉਨ੍ਹਾਂ ਨੂੰ ਲੱਗਦਾ, ਘਰ ‘ਚ ਖੁਸ਼ੀਆਂ ਭਗੀਰਥੀ ਦੀਆਂ ਅਸੀਸਾਂ ਕਾਰਨ ਆਈਆਂ ਨੇ।
ਇੱਕ ਰਾਤ ਬਹੁਤ ਤੇਜ਼ ਦੀ ਬਾਰਿਸ਼ ਹੋ ਰਹੀ ਸੀ, ਵਾਰ ਵਾਰ ਬਿਜਲੀ ਕੜਕਦੀ ਦੇਖ ਬੀਜੀ ਮੈਨੂੰ ਘੜੀ ਮੁੜੀ ਆਵਾਜ਼ ਦਿੰਦੇ, “ਧੀਏæææਪੁੱਤਰ! ਨੱਢੇ ਨੂੰ ਛਾਤੀ ਨਾਲ ਲਾ ਲੈ ਸੂ, ਸ਼ੌਦਾ ਡਰ ਜਾਸੀ।”
ਅੱਧੀ ਰਾਤ ਡੋਰ ਬੈਲ ਵੱਜੀ ਤਾਂ ਬੇਜੀ ‘ਵ੍ਹਾਗੁਰੂ ਸੁੱਖ ਰੱਖੇ! ਇਸ ਵੱਸਦੇ ਮੀਂਹ ‘ਚ ਕੌਣ ਏ?’ ਬੋਲਦਿਆਂ ਦਰਵਾਜ਼ੇ ਵੱਲ ਵਧੇ। ਬਾਹਰੋਂ ਆਵਾਜ਼ ਸੁਣਨ ਤੋਂ ਪਹਿਲਾਂ ਹੀ ਦਰਵਾਜ਼ਾ ਖੋਲ੍ਹ ਦਿੱਤਾ, “ਹਾਏ! ਭਗੀਰਥੀ, ਤੂੰ ਇਸ ਵਕਤ! ਖੈਰ ਤਾਂ ਹੈ।”
ਅਸੀਂ ਦੋਵੇਂ ਉਠ ਕੇ ਦਰਵਾਜ਼ੇ ਵੱਲ ਆਏ, ਭਗੀਰਥੀ ਦੇ ਗਰੁਪ ਨਾਲ ਇੱਕ ਸੋਹਣੀ 21-22 ਸਾਲ ਦੀ ਜਵਾਨ ਲੜਕੀ ਸੀ ਜੋ ਸਿਰ ਤੋਂ ਲੈ ਕੇ ਪੈਰਾਂ ਤੱਕ ਬਾਰਿਸ਼ ਨਾਲ ਨੁੱਚੜੀ ਹੋਈ ਸੀ ਤੇ ਫਟੀ ਲਗਾਰਾ ਚੁੰਨੀ ਨਾਲ ਸਰੀਰ ਨੂੰ ਕੱਜ ਰਹੀ ਸੀ। ਮੇਰੇ ਮੂੰਹੋਂ ਅੱਬੜਵਾਹੇ ਨਿਕਲਿਆ, “ਅੰਮਾ ਇਹ ਕੌਣ ਏ? ਤੇ ਤੁਸੀਂ ਇਸ ਵਕਤ ਵਰ੍ਹਦੇ ਮੀਂਹ ‘ਚ ਕਿੱਥੋਂ?”
“ਇਹ ਰਾਣੀ ਏæææ।”
ਰਾਣੀ। ਕਿੰਨੀ ਸੋਹਣੀ ਮਾਸੂਮ! ਨਾਮ ਦੀ ਰਾਣੀ ਪਰ ਲੱਗਦਾ ਸੀ ਉਸ ਦੀ ਕਿਸਮਤ ਲੀਰੋ ਲੀਰ ਸੀ।
ਸਾਰੇ ਡਿਓਢੀ ਵਿਚ ਤਖਤਪੋਸ਼ Ḕਤੇ ਬੈਠ ਗਏ। ਅੰਮਾ ਨੇ ਰਾਣੀ ਬਾਬਤ ਦੱਸਣਾ ਸ਼ੁਰੂ ਕੀਤਾ, “ਧੀਏ! ਅਸੀਂ ਤਾਂ ਲਾਗਲੇ ਪਿੰਡ ‘ਚ ਤਿੰਨ ਚਾਰ ਮੁੰਡੇ ਹੋਣ ‘ਤੇ ਅਤੇ ਦੋ ਕੁ ਨਵੇਂ ਵਿਆਹੇ ਘਰਾਂ ‘ਚ ਵਧਾਈ ਦੇਣ ਗਏ ਸਾਂ, ਰਾਤ ਪੈ ਗਈ, ਫੇਰ ਉਪਰੋਂ ਬਾਰਿਸ਼ ਆ ਗਈ। ਸੜਕ Ḕਤੇ ਖੜ੍ਹੇ ਬੱਸ-ਟਾਂਗਾ ਉਡੀਕ ਰਹੇ ਸਾਂ ਕਿ ਰਾਣੀ ਫਟੇ ਹਾਲੀਂ ਵਰ੍ਹਦੇ ਮੀਂਹ ‘ਚ ਦੌੜਦੀ ਸਾਡੇ ਨਾਲ ਆ ਰਲੀ। ਹੱਥ ਜੋੜ ਕਹਿਣ ਲੱਗੀ, ‘ਮੈਨੂੰ ਬਚਾ ਲਉ। ਮੇਰਾ ਕੋਈ ਨਹੀਂ। ਚਾਰ ਦਿਨ ਹੋਏ ਮੇਰਾ ਦਾਦਾ ਗੁਜ਼ਰ ਗਿਆ। ਪਿੰਡ ਦਾ ਸਰਪੰਚ ਹਮਦਰਦੀ ਦਿਖਾਉਣ ਬਹਾਨੇ ਮੇਰੇ ਕੋਲ ਆਇਆ ਅਤੇ ਮੇਰੀ ਇੱਜਤ ਲੁੱਟਣ ਦੀ ਕੋਸ਼ਿਸ਼ ਕੀਤੀ। ਮੈਂ ਕਿਸੇ ਤਰ੍ਹਾਂ ਬੱਚ ਨਿਕਲੀ। ਰੱਬ ਦਾ ਵਾਸਤਾ, ਮੈਨੂੰ ਆਪਣੇ ਕੋਲ ਰੱਖ ਲਉ!’
ਇੱਕ ਟਰੱਕ ਵਾਲੇ ਨੂੰ ਹੱਥ ਦਿਤਾ ਤੇ ਉਹ ਭਲਾਪੁਰਸ਼ ਸਾਨੂੰ ਇੱਥੇ ਛਡ ਗਿਆ। ਖੈਰ, ਅਸੀਂ ਇਸ ਨੂੰ ਨਾਲ ਲੈ ਤਾਂ ਆਏ, ਸੋਚਦੀ ਆਂ, ਮਹੱਲੇ ਦੇ ਚਾਰ ਪੰਜ ਮੌਹਤਬਰਾਂ ਨੂੰ ਨਾਲ ਲੈ ਥਾਣੇ ਖਬਰ ਕਰ ਆਈਏ ਤਾਂ ਜੁ ਇਸ ਨੂੰ ਕਿਸੇ ਆਸਰਾ ਘਰ ਭੇਜ ਸਕੀਏ।” ਅੰਮਾ ਬੋਲੀ।
ਰਾਣੀ ਚੀਕਾਂ ਮਾਰ ਕੇ ਰੋਣ ਲੱਗੀ, “ਨਾ ਮਾਂ! ਮੈਂ ਕਿਧਰੇ ਨਹੀਂ ਜਾਣਾ।” ਉਸ ਨੇ ਅੰਮਾ ਦੇ ਪੈਰ ਫੜ੍ਹ ਲਏ। ਉਸ ਨੂੰ ਰੌਂਦਿਆਂ ਦੇਖ ਸਾਰੇ ਹੀ ਰੋ ਪਏ। ਮੈਂ ਉਸ ਨੂੰ ਮੋਢਿਆਂ ਤੋਂ ਫੜ੍ਹ ਕੇ ਉਠਾਇਆ, ਮਹਿਸੂਸ ਹੋਇਆ ਜਿਵੇਂ ਉਸ ਦੇ ਚੁੰਨੀ ਦੇ ਹੇਠਾਂ ਕਮੀਜ਼ ਨਹੀਂ ਹੈ। ਮੈਂ ਰੋਂਦੀ ਕੁਰਲਾਂਦੀ ਨੂੰ ਆਪਣੇ ਕਮਰੇ ‘ਚ ਲੈ ਗਈ। ਉਹ ਹੱਥ ਜੋੜ ਰਹੀ ਸੀ, “ਭੈਣ ਬਣ ਕੇ ਮੈਨੂੰ ਕਿਧਰੇ ਨਾ ਭੇਜੀਂ।” ਮੈਂ ਉਸ ਨੂੰ ਗਲ ਲਾਇਆ, “ਭੈਣ ਬਣਾਇਆ ਈ ਨਾ ਰਾਣੀਏ, ਫਿਰ ਮੇਰੇ ‘ਤੇ ਭਰੋਸਾ ਰੱਖ, ਕਿਧਰੇ ਨਹੀਂ ਤੈਨੂੰ ਭੇਜਦੇ।”
ਮੈਂ ਉਸ ਨੂੰ ਕੱਪੜੇ ਦਿੱਤੇ ਅਤੇ ਚਾਹ ਬਣਾਉਣ ਰਸੋਈ ਵੱਲ ਚਲੀ ਗਈ। ਰਾਣੀ ਕੱਪੜੇ ਬਦਲ ਕੇ ਬਾਹਰ ਆ ਗਈ।
ਚਾਹ ਪੀਂਦਿਆਂ ਬੇਜੀ ਬੋਲੇ, “ਭਲਾ ਹੋਵੇ ਤੇਰਾ ਭਗੀਰਥੀਏ, ਤੇਰੀ ਜਨਨੀ ਧੰਨ ਹੈ, ਜਿਸ ਨੇ ਤੈਨੂੰ ਜੰਮਿਆ! ਲੋਕਾਂ ਤੈਨੂੰ ਦੁਰਕਾਰਿਆ, ਪਰ ਤੂੰ ਤਾਂ ਨਿਥਾਵਿਆਂ-ਨਿਆਸਰਿਆਂ ਦੀ ਮਾਂ ਬਣ ਗਈ ਏਂ। ਸਵੇਰੇ ਮੈਂ ਵੀ ਤੇਰੇ ਨਾਲ ਥਾਣੇ ਜਾਸਾਂ। ਭਲੀ ਲੋਕੇ! ਤੂੰ ਫਿਕਰ ਨਾ ਕਰ।” ਫਿਰ ਉਹ ਰਾਣੀ ਨੂੰ ਨਾਲ ਲੈ ਕੇ ਚਲੇ ਗਏ ਕਿਉਂਕਿ ਉਹ ਆਪਣੇ ਆਪ ਨੂੰ ਉਨ੍ਹਾਂ ਕੋਲ ਮਹਿਫੂਜ਼ ਸਮਝਦੀ ਸੀ।
ਸਵੇਰੇ ਗੁਰਦੁਆਰਾ ਤੇ ਸੁਧਾਰ ਕਮੇਟੀ ਦੇ ਪ੍ਰਧਾਨ ਅਤੇ ਦੋ ਚਾਰ ਹੋਰ ਬੰਦੇ ਭਗੀਰਥੀ ਤੇ ਰਾਣੀ ਨਾਲ ਥਾਣੇ ਗਏ। ਰਾਣੀ ਨੇ ਉਥੇ ਆਪਣਾ ਬਿਆਨ ਦਰਜ ਕਰਵਾਇਆ ਕਿ ਮੈਂ ਬਾਲਿਗ ਹਾਂ। ਬਿਨਾ ਕਿਸੇ ਦਬਾਅ ਦੇ ਆਪਣੇ ਹੋਸ਼ੋ-ਹਵਾਸ਼ ‘ਚ ਅੰਮਾ ਭਗੀਰਥੀ ਨਾਲ ਰਹਿਣਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਹੋਰ ਕੋਈ ਮਹਿਫੂਜ਼ ਜਗ੍ਹਾ ਨਹੀਂ ਲੱਗਦੀ।
ਰਾਣੀ ਭਗੀਰਥੀ ਕੋਲ ਰਹਿ ਕੇ ਖੁਸ਼ ਸੀ। ਉਹ ਪ੍ਰਾਈਵੇਟ ਬੀæਏæ ਫਾਈਨਲ ਕਰ ਰਹੀ ਸੀ। ਅੰਮਾ ਨੇ ਉਸ ਦੀ ਫੀਸ ਭਰ ਦਿੱਤੀ। ਕਦੀ ਕਦਾਈਂ ਹਿਸਟਰੀ ਜਾਂ ਪੁਲੀਟੀਕਲ ਸਾਇੰਸ ਦਾ ਕੋਈ ਪ੍ਰਸ਼ਨ ਪੁੱਛਣ-ਸਮਝਣ ਆ ਜਾਂਦੀ ਅਤੇ ਕਿੰਨੀ ਦੇਰ ਗਗਨ ਨੂੰ ਖਿਡਾਉਂਦੀ ਰਹਿੰਦੀ। ਸ਼ਾਮ ਨੂੰ ਹਰ ਰੋਜ਼ ਮੇਰੇ ਨਾਲ ਮੁਹੱਲੇ ਦੇ ਗੁਰਦੁਆਰੇ ਵੀ ਚਲੀ ਜਾਂਦੀ, ਝਾੜੂ ਲਾਉਣ ਦੀ ਸੇਵਾ ਕਰਦੀ ਤੇ ਬਾਕੀ ਕੁੜੀਆਂ ਨਾਲ ਕੀਰਤਨ ਵੀ ਸਿੱਖਦੀ।
ਭਗੀਰਥੀ ਹੁਣ ਘਰ ਹੀ ਰਹਿੰਦੀ, ਕੁਝ ਰਾਣੀ ਕਰਕੇ ਤੇ ਕੁਝ ਸ਼ੁਗਰ ਤੇ ਬਲੱਡ ਪ੍ਰੈਸ਼ਰ ਹੋਣ ਕਰਕੇ। ਬੇਜੀ ਦੇ ਕਹਿਣ ‘ਤੇ ਮੁਹੱਲੇ ਦਾ ਕੈਮਿਸਟ ਜਸਮੀਤ ਅਕਸਰ ਅੰਮਾ ਨੂੰ ਚੈਕ ਕਰਕੇ ਜਾਂਦਾ। ਬੜਾ ਸਾਊ ਮੁੰਡਾ ਸੀ, ਘਰ ਵਿਚ ਉਹ ਤੇ ਉਸ ਦੀ ਬੁੱਢੀ ਮਾਂ ਸੀ। ਰਾਣੀ ਅਤੇ ਜਸਮੀਤ ਦੀਆਂ ਅੱਖਾਂ ਇੱਕ ਦੂਸਰੇ ਨੂੰ ਕਹਿੰਦੀਆਂ-ਸੁਣਦੀਆਂ ਲੱਗਦੀਆਂ। ਆਖਿਰ ਉਸ ਦੀ ਮਾਂ ਇੱਕ ਦਿਨ ਭਗੀਰਥੀ ਕੋਲ ਆਈ ਤੇ ਬੋਲੀ, “ਹੱਲਾ ਭੈਣੇ! ਤੂੰ ਇਸ ਤਰ੍ਹਾਂ ਕਰੇਂ, ਰਾਣੀ ਨੂੰ ਮੇਰੀ ਝੋਲੀ ‘ਚ ਪਾ ਦੇਵੇਂ, ਭਲਾ ਹੋਸੀ ਆ। ਤੇਰੀ ਜ਼ਿੰਮੇਵਾਰੀ, ਸਾਡੀ ਜ਼ਿੰਮੇਵਾਰੀ ਹੋਸੀ।”
ਅੰਮਾ ਨੇ ਰਾਣੀ, ਬੇਜੀ ਅਤੇ ਮਹੱਲੇ ਵਾਲਿਆਂ ਨਾਲ ਸਲਾਹ ਪਿਛੋਂ ਰਿਸ਼ਤਾ ਤੈਅ ਕਰ ਦਿੱਤਾ। ਗੁਰਦੁਆਰੇ ਵਿਚ ਹੀ ਲਾਵਾਂ ਕਰਵਾ ਕੇ ਅੰਮਾ ਨੇ ਵੱਡੇ ਭੋਜ ਦਾ ਪ੍ਰਬੰਧ ਕੀਤਾ। ਮਹੱਲੇ ਵਾਲੇ ਹੀ ਜਾਂਝੀ ਤੇ ਮਾਂਝੀ ਵੀ ਬਣੇ। ਜਸਮੀਤ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਅੰਮਾ ਨੇ ਤਾਂ ਭਰੇ ਘਰ ਨੂੰ ਹੋਰ ਭਰ ਦਿੱਤਾ। ਮੁਹੱਲੇ ਵਾਲਿਆਂ ਵੀ ਰਾਣੀ ਨੂੰ ਕੀਮਤੀ ਤੋਹਫੇ ਦਿੱਤੇ। ਜਸਮੀਤ ਨੇ ਸ਼ਹਿਰੋਂ ਬਾਹਰ ਬਣਦੀ ਕੋਠੀ ‘ਚ ਸਮਾਨ ਸਜਾ ਲਿਆ ਅਤੇ ਰਾਣੀ ਦੀ ਡੋਲੀ ਵੀ ਉਸੇ ਕੋਠੀ ‘ਚ ਲੈ ਗਿਆ।
ਰਾਣੀ ਦੀ ਡੋਲੀ ਤੋਰਨ ਵਕਤ ਅੰਮਾ ਇਸ ਤਰ੍ਹਾਂ ਰੋਈ ਜਿਵੇਂ ਆਪਣੇ ਢਿੱਡੋਂ ਜਾਈ ਬੱਚੀ ਲਈ ਕੋਈ ਰੋਂਦਾ ਕੁਰਲਾਉਂਦਾ ਹੈ।
ਅੰਮਾ ਹੁਣ ਉਦਾਸ ਅਤੇ ਬਿਮਾਰ ਰਹਿਣ ਲੱਗੀ। ਅੰਮਾ ਨੂੰ ਉਦਾਸ ਦੇਖ ਮੈਂ ਗਗਨ ਨੂੰ ਜ਼ਿਆਦਾ ਸਮੇਂ ਲਈ ਉਨ੍ਹਾਂ ਕੋਲ ਛੱਡ ਜਾਂਦੀ। ਦੂਜਾ ਕਾਰਨ ਇਹ ਵੀ ਸੀ ਕਿ ਮੇਰੀ ਨਨਾਣ ਦਾ ਜਣੇਪਾ ਵੀ ਨੇੜੇ ਸੀ, ਉਨ੍ਹਾਂ ਕੋਲ ਪਹਿਲਾਂ ਵੀ ਦੋ ਬੇਟੀਆਂ ਸਨ। ਬੇਜੀ ਨੂੰ ਅਕਸਰ ਖਬਰਸਾਰ ਲੈਣ ਜਾਣਾ ਪੈਂਦਾ। ਪਿੰਡ ਵਿਚ ਮੇਰੀ ਚੋਣ ਡਿਊਟੀ ਲੱਗਣ ਕਾਰਨ ਗਗਨ ਨੂੰ ਇਕ-ਦੋ ਵਾਰ ਉਨ੍ਹਾਂ ਕੋਲ ਰਾਤ ਵੀ ਛੱਡਣਾ ਪਿਆ। ਉਹ ਇਨਾ ਰਲ ਮਿਲ ਗਿਆ ਕਿ ਉਨ੍ਹਾਂ ਦਾ ਜ਼ਰਾ ਵੀ ਵਿਸਾਹ ਨਾ ਖਾਂਦਾ।
ਸਮਾਂ ਬੀਤਦਿਆਂ ਪਤਾ ਹੀ ਨਾ ਲੱਗਾ। ਗਗਨ ਪੰਜ ਸਾਲ ਦਾ ਹੋ ਗਿਆ ਅਤੇ ਸਕੂਲ ਵੀ ਜਾਣ ਲੱਗ ਗਿਆ। ਸਕੂਲੋਂ ਮੁੜਦਿਆਂ ਹੀ ਬੈਗ ਰੱਖ ਅੰਮਾ ਨੂੰ ਮਿਲਣ ਚਲਾ ਜਾਂਦਾ। ਉਹ ਅੰਮਾ ਨੂੰ ਬੇਜੀ ਵਾਂਗ ਆਜੀ ਹੋ ਕਹਿੰਦਾ ਸੀ।
ਗਗਨ ਦੀ ਦੇਖਾ-ਦੇਖੀ ਮੁਹੱਲੇ ਦੇ ਹੋਰ ਬੱਚੇ ਸ਼ਾਮ ਨੂੰ ਅੰਮਾ ਦੇ ਵਿਹੜੇ ਹੀ ਖੇਡਦੇ, ਅੰਮਾ ਵੀ ਬੱਚਿਆਂ ਨਾਲ ਬੱਚਾ ਬਣ ਕ੍ਰਿਕਟ, ਲੁੱਕਣ ਮੀਟੀ, ਕੋਟਲਾ ਛਪਾਕੀ ਖੇਡਦੀ। ਹਨੇਰਾ ਪੈਣ ਤੱਕ ਬੱਚੇ ਘਰਾਂ ਨੂੰ ਨਾ ਪਰਤਦੇ, ਬੱਚੇ ਅੰਮਾ ਦੀ ਜਾਨ ਸਨ।
ਇੱਕ ਐਤਵਾਰ ਸਵੇਰੇ ਹੀ ਬੱਚਿਆਂ ਨੇ ਅੰਮਾ ਦੇ ਵਿਹੜੇ ਰੌਣਕ ਲਾਈ ਹੋਈ ਸੀ। ਉਥੇ ਹੀ ਸਾਰੇ ਨਹਾ ਰਹੇ ਸਨ। ਅੰਮਾ ਨੇ ਕੜਾਹ-ਪੂਰੀ ਦਾ ਨਾਸ਼ਤਾ ਕਰਵਾਇਆ। ਬੱਚੇ ਖੂਬ ਮੌਜ ਮਸਤੀ ਕਰ ਰਹੇ ਸਨ। ਅਚਾਨਕ ਬੱਚਿਆਂ ਨਾਲ ਖੇਡਦਿਆਂ ਅੰਮਾ ਡਿਗ ਪਈ। ਕੋਹਰਾਮ ਮੱਚ ਗਿਆ। ਗਗਨ ਦੌੜਦਾ ਸਾਹੋ ਸਾਹੀ, ਰੋਂਦਾ ਆਇਆ, “ਮਾਮਾ, ਆਜੀ ਗਿਰ ਗਏ, ਆ ਜੀ।” ਅਸੀਂ ਤਿੰਨੇਂ ਭਗੀਰਥੀ ਦੇ ਘਰ ਵਲ ਦੌੜੇ ਅਤੇ ਦੇਖਿਆ ਅੰਮਾ ਦੇ ਨੱਕ ਵਿਚੋਂ ਖੂਨ ਨਿਕਲ ਰਿਹਾ ਸੀ। ਮੈਂ ਸਰੀਰ ਨੂੰ ਛੂਹਿਆ, ਠੰਡਾ ਬਰਫ ਹੋਇਆ ਪਿਆ ਸੀ। ਇਹ ਡਾਕਟਰ ਨੂੰ ਲੈਣ ਲਈ ਦੌੜੇ। ਸਾਰੇ ਅੰਮਾ ਦੇ ਪੈਰ ਝੱਸਣ ਲੱਗੇ। ਝੱਟ ਸਾਰੇ ਮਰਦ ਤੀਵੀਆਂ ਇੱਕਠੇ ਹੋ ਗਏ। ਬੇਜੀ ਨੇ ਅੰਮਾ ਦੇ ਕੋਲ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਮਾੜਾ ਮੋਟਾ ਸਾਹ ਚੱਲ ਰਿਹਾ ਸੀ ਪਰ ਡਾਕਟਰ ਦੇ ਆਉਣ ਤੋਂ ਪਹਿਲਾਂ ਹੀ ਅੰਮਾ ਦੇ ਸਵਾਸ ਪੂਰੇ ਹੋ ਗਏ।
ਡਾਕਟਰ ਨੇ ਚੈਕ ਕਰਕੇ ਨਾਂਹ ਵਿਚ ਸਿਰ ਹਿਲਾਇਆ। ਸਭ ਦੀਆਂ ਅੱਖਾਂ ਵਹਿ ਤੁਰੀਆਂ। ਬੇਜੀ ਪਾਠ ਕਰਦੇ ਰੋਣ ਲੱਗ ਪਏ। ਉਨ੍ਹਾਂ ਇਸ਼ਾਰੇ ਨਾਲ ਸਭ ਨੂੰ ਪਾਠ ਕਰਨ ਲਈ ਕਿਹਾ। ਅੰਮਾ ਦੇ ਪਰਿਵਾਰ ਦੇ ਜੀਅ ਵੀ ਵਿਲ੍ਹਕ ਰਹੇ ਸਨ। ਬੌਬੀ, ਅਨੀਤਾ, ਸਾਧਨਾ ਬੁਸ ਬੁਸ ਕਰਦੀਆਂ ਰੋ ਰਹੀਆਂ ਸਨ। ਆਪਣੇ ਸੌਖਾਂ ਨੂੰ ਚੇਤੇ ਕਰ ਰਹੀਆਂ ਸਨ। ਮਾਪਿਆਂ ਆਪਣੀ ਆਂਦਰ ਹੋ ਕੇ ਵੀ ਤਿਆਗ ਦਿੱਤਾ ਸੀ, ਇੱਕ ਅੰਮਾ ਸੀ ਜਿਸ ਨੇ ਆਪਣੇ ਸਮਝ ਸੀਨੇ ਲਾਇਆ। ਇਵੇਂ ਲੱਗ ਰਿਹਾ ਸੀ ਜਿਵੇਂ ਸਾਜ਼ ਵੀ ਰੋ ਰਹੇ ਹੋਣ। ਅੰਮਾ ਬਾਰੇ ਪਤਾ ਲੱਗਣ ‘ਤੇ ਜਸਮੀਤ ਅਤੇ ਰਾਣੀ ਵੀ ਆ ਗਏ। ਰਾਣੀ ਤਾਂ ਰੋ ਰੋ ਝੱਲੀ ਹੋ ਰਹੀ ਸੀ, ‘ਮਾਂ, ਮਾਂ!’ ਉਹ ਅੰਮਾ ਨਾਲ ਲਿਪਟ ਰਹੀ ਸੀ, ‘ਮਾਂ ਮੈਨੂੰ ਤੂੰ ਨਵਾਂ ਜਨਮ ਦਿੱਤਾ, ਤੇਰੇ ਕਾਰਨ ਮੈਂ ਗੋਲੀ ਤੋਂ ਰਾਣੀ ਬਣੀ, ਮੈਨੂੰ ਛੱਡ ਕੇ ਨਾ ਜਾਹ।’
ਇਨ੍ਹਾਂ ਨੇ ਬਾਜ਼ਾਰ ਤੋਂ ਕਫਨ ਦਾ ਕੱਪੜਾ, ਗੱਲ ਦੇ ਵਸਤਰ, ਸਾਬਣ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਲੈ ਆਂਦੀਆਂ। ਪਾਠ ਸੰਪਨ ਹੋਇਆ ਤਾਂ ਅੰਮਾ ਨੂੰ ਇਸ਼ਨਾਨ ਕਰਵਾਇਆ ਗਿਆ। ਇੰਨੇ ਨੂੰ ਰਾਜਪੁਰੇ ਤੋਂ ਪੰਜ ਬਜ਼ੁਰਗ ਹਿਜੜੇ ਅੰਦਰ ਆਏ ਜਿਨ੍ਹਾਂ ਨੂੰ ਖਬਰ ਕਰਨ ਲਈ ਜਸਮੀਤ ਨੂੰ ਭੇਜਿਆ ਗਿਆ ਸੀ, ਕਿਉਂਕਿ ਸੂਰਜ ਡੁੱਬਣ ਤੋਂ ਪਹਿਲਾਂ ਸਸਕਾਰ ਕਰਨਾ ਸੀ। ਅੰਮਾ ਦਾ ਬੀਬਾਣ ਗੁਬਾਰਿਆਂ ਨਾਲ ਸਜਾਇਆ ਗਿਆ। ਬੇਜੀ ਨੇ ਉਸ ‘ਤੇ ਰੋਂਦਿਆਂ ਦੁਸ਼ਾਲਾ ਪਾਇਆ ਅਤੇ ਸਿਰ ‘ਤੇ ਪੀਲੀ ਦਸਤਾਰ ਸਜਾ ਦਿੱਤੀ। ਇਸ ਰੂਪ ‘ਚ ਅੰਮਾ ਸਾਧਵੀ ਲੱਗ ਰਹੀ ਸੀ। ਸਾਰੇ ਬੱਚੇ ਦੁਆਲੇ ਖੜ੍ਹੇ ਰੋ ਰਹੇ ਸਨ। ਭਾਈ ਜੀ ਨੇ ਅਰਦਾਸਾ ਸੋਧਿਆ ਤਾਂ ਪੰਜ ਬਜ਼ੁਰਗ ਅੱਗੇ ਆਏ, ਜੁੱਤੀਆਂ ਲਾਹ ਜ਼ੋਰ ਜ਼ੋਰ ਦੀ ਭਗੀਰਥੀ ਨੂੰ ਮਾਰਦਿਆਂ ਬੋਲਣ ਲੱਗੇ, “ਜਾਹ ਭਗੀਰਥੀ, ਮੁੜ ਇਸ ਜੂਨੇ ਨਾ ਆਈਂ।”
ਇੰਨੇ ‘ਚ ਗਗਨ ਵਿਲ੍ਹਕਦਾ ਹੋਇਆ ਭਗੀਰਥੀ ਦੇ ਜਨਾਜ਼ੇ ਉਪਰ ਲੇਟ ਗਿਆ ਅਤੇ ਤੜਫਦਾ ਚੀਕਣ ਲੱਗਾ, “ਮੇਰੇ ਆਜੀ ਨੂੰ ਨਾ ਮਾਰੋ, ਮੇਰੇ ਆਜੀ ਨੂੰ ਨਾ ਮਾਰੋ।” ਮੁੰਡੇ ਨੂੰ ਘਰਕਦਾ ਦੇਖ ਸਾਰਿਆਂ ਦੇ ਮੂੰਹੋਂ ਚੀਕਾਂ ਨਿਕਲ ਗਈਆਂ। ਬੜੀ ਮੁਸ਼ਕਿਲ ਨਾਲ ਗਗਨ ਨੂੰ ਅਲੱਗ ਕੀਤਾ।
ਰਾਤ ਉਤਰ ਆਈ। ਦਫਨਾਉਣ ਲਈ ਲਿਜਾਣ ਲੱਗੇ। ਹਿਜੜਿਆਂ ਦੇ ਰਿਵਾਜ਼ ਹੈ ਕਿ ਉਨ੍ਹਾਂ ਨੂੰ ਰਾਤ ਸਮੇਂ ਹੀ ਦਫਨਾਇਆ ਜਾਂਦਾ ਹੈ ਕਿਉਂਕਿ ਵਹਿਮ ਹੈ ਕਿ ਜੇ ਕੋਈ ਨਰ ਜਾਂ ਨਾਰੀ ਉਨ੍ਹਾਂ ਨੂੰ ਦਫਨਾਉਂਦਾ ਦੇਖ ਲਵੇ ਤਾਂ ਅਗਲੇ ਜਨਮ ਉਹ ਹਿਜੜਾ ਬਣ ਜਾਂਦਾ ਹੈ। ਉਨ੍ਹਾਂ ਦੇ ਮਰਨ ‘ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਅਤੇ ਵੱਡਾ ਭੋਜ ਕੀਤਾ ਜਾਂਦਾ ਹੈ।
ਹਿਜੜੇ ਅੰਮਾ ਨੂੰ ਕਬਰਿਸਤਾਨ ਦੇ ਬਾਹਰਲੇ ਖੁੱਲ੍ਹੇ ਮੈਦਾਨ ‘ਚ ਦਫਨ ਕਰਨ ਤੱਕ ਜੁੱਤੀਆਂ ਮਾਰਦੇ ਰਹੇ। ਅੰਮਾ ਦੇ ਜਾਣ ਨਾਲ ਜਿਵੇਂ ਸਾਰਾ ਮੁਹੱਲਾ ਸੁੰਨਾ ਹੋ ਗਿਆ।
ਰੋਜ਼ ਵਾਂਗ ਮੈਂ ਅੰਮਾ ਦੀ ਖਿੜਕੀ ਵਲ ਦੇਖਿਆ, ਖਾਲੀ ਦੇਖ ਕਲੇਜਾ ਮੂੰਹ ਨੂੰ ਆ ਗਿਆ। ਅੱਜ ਵੀ ਮੇਰੀ ਖਿੜਕੀ ਦੇ ਬਾਹਰ ਫਿਰ ਚੰਦਰਮਾ ਸੀ, ਪਰ ਉਦਾਸ ਉਦਾਸ, ਅਧੂਰਾ ਅਧੂਰਾ। ‘ਅੰæææਮੂæææ।” ਰੋਂਦਿਆਂ ਮੈਂ ਖਿੜਕੀ ਬੰਦ ਕਰ ਦਿਤੀ।