ਕੋਠੀ ਲੱਗਿਆਂ ‘ਤੇ ਇੱਕ ਪਾਰਕੀ ਸੱਥ ਚਰਚਾ

ਚੰਗੇਰੇ ਭਵਿੱਖ ਲਈ ਪਰਦੇਸੀਂ ਜਾ ਵੱਸਣਾ ਪੰਜਾਬ ਦੀ ਨਵੀਂ ਪੀੜ੍ਹੀ ਦਾ ਸੁਪਨਾ ਵੀ ਹੈ ਅਤੇ ਚੰਗੇ ਭਾਗਾਂ ਦੇ ਦਰ ਖੁਲ੍ਹਣਾ ਵੀ। ਪਰਦੇਸਾਂ ਵਿਚ ਖਾਸ ਕਰਕੇ ਅਮਰੀਕਾ, ਕੈਨੇਡਾ ਜਿਹੇ ਵਿਕਸਿਤ ਮੁਲਕਾਂ ਵਿਚ ਸਾਡੀ ਨਵੀਂ ਪੀੜ੍ਹੀ ਨੇ ਮੱਲਾਂ ਵੀ ਬਥੇਰੀਆਂ ਮਾਰੀਆਂ ਹਨ, ਪਰ ਸਾਡੀ ਪਿਛਲੇਰੀ ਪੀੜ੍ਹੀ ਲਈ ਕਈ ਵਾਰ ਪਰਦੇਸ ਇਕ ਅਜੀਬ ਕੁੜਿੱਕੀ ਬਣ ਜਾਂਦੇ ਹਨ-ਨਾ ਉਹ ਏਧਰਲੇ ਰਹਿ ਜਾਂਦੇ ਹਨ ਤੇ ਨਾ ਉਧਰਲੇ।

ਇਹੋ ਜੀਵਨ ਹੈ ਜਿਸ ਨੂੰ ਪ੍ਰਿੰæ ਬਲਕਾਰ ਸਿੰਘ ਬਾਜਵਾ ਨੇ Ḕਕੋਠੀ ਲੱਗਣਾḔ ਕਿਹਾ ਹੈ। ਇਸ ਲੇਖ ਲੜੀ ਵਿਚ ਉਨ੍ਹਾਂ ਕੋਠੀ ਲੱਗੇ ਬਜ਼ੁਰਗਾਂ ਦੀ ਪੀੜਾ ਦੀ ਸਾਰ ਲਈ ਹੈ। ਇਹ Ḕਕੋਠੀ ਲੱਗੇḔ ਬਜ਼ੁਰਗ ਜਦੋਂ ਕਿਸੇ ਪਾਰਕ ਵਿਚ ‘ਕੱਠੇ ਹੁੰਦੇ ਹਨ ਤਾਂ ਆਪੋ ਵਿਚ ਦੁਖੜੇ ਫੋਲਦੇ ਹਨ। ਹਥਲੇ ਲੇਖ ਵਿਚ ਬਜ਼ੁਰਗਾਂ ਦੀ ਅਜਿਹੀ ਹੀ ਇਕ ਢਾਣੀ ਆਪਣੇ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਦੇ ਬਹਾਨੇ ਆਪਣੇ ਦੁੱਖੜੇ ਸਾਂਝੇ ਕਰਦੀ ਹੈ। ਕਿਸੇ ਦੀ ਜ਼ਮੀਨ ਕਿਸੇ ਨੇ ਦੱਬ ਲਈ, ਕਿਸੇ ਦੀ ਘਰ ਵਾਲੀ ਤੁਰ ਗਈ ਤੇ ‘ਕੱਲਾ ਰਹਿ ਗਿਆ, ਕਿਸੇ ਨੇ ਕਿੱਲਿਆਂ ਨਾਲੋਂ ਮਸੀਂ ਕਿੱਲਾ ਤੁੜਾਇਆæææ। -ਸੰਪਾਦਕ

ਪ੍ਰਿੰæ ਬਲਕਾਰ ਸਿੰਘ ਬਾਜਵਾ
ਬਅਲਕਅਰਬਅਜੱਅ1935@ਗਮਅਲਿ।ਚੋਮ
ਫੋਨ: 647-402-2170

ਸਿਆਲ ‘ਚ ਚੱਲਦੇ ਵੇਲਣੇ ਜਿਨ੍ਹਾਂ ਵੇਖੇ ਹਨ, ਉਨ੍ਹਾਂ ਨੂੰ ਧੂੜ, ਕੜਾਹੇ, ਚੁੰਬੀ, ਗੰਡ ਆਦਿ ਸ਼ਬਦਾਵਲੀ ਦਾ ਪਤਾ ਹੈ। ਕੜਾਹੇ ‘ਚ ਪਾਏ ਗੰਨੇ ਦੇ ਰਸ ਦਾ ਕੜ ਜਦੋਂ ਪਾਟਣ ‘ਤੇ ਆ ਜਾਂਦਾ, ਪਰਾਲੀ ਜਾਂ ਚੂਰਾ ਝੋਕਾ ਲਾਉਂਦਾ ਜਾਂ ਕੋਲ ਖੜ੍ਹਾ ਕੋਈ ਬੋਲ ਉਠਦਾ, “ਓਏ ਫੜੋ ਪੋਣੀਆਂ ਤੇ ਲਾਹੋ ਸ਼ੂਕਦੀ ਰੌਹ ਦੇ ਉਪਰਲੇ ਕੜ ਤੋਂ ਮੈਲ।” ਇਹਨੂੰ ਜੁੱਲੀ ਪਾਟਣਾ ਕਹਿੰਦੇ ਸਨ।
ਇਸ ਵਾਰ ਅੱਧਾ ਮਈ ਟੱਪ ਗਿਆ ਸੀ। ਇਥੇ (ਟੋਰਾਂਟੋ, ਕੈਨੇਡਾ) ਠੰਡ ਦੀ ਜੁੱਲੀ ਕੁਝ ਦੇਰ ਨਾਲ ਪਾਟੀ। ਠੰਡ ਹਟਦਿਆਂ ਹੀ ਪਾਰਕਾਂ ‘ਚ ਰੌਣਕਾਂ ਲੱਗ ਗਈਆਂ। ਪਾਰਕ ‘ਚ ਲੱਗੀ ਰੌਣਕ ‘ਚ ਬੈਠਣ ਦਾ ਇੱਕ ਦਿਨ ਰੌਂਅ ਬਣ ਗਿਆ। ਦੂਰੋਂ ਆਵਾਜ਼ ਆਈ, “ਪ੍ਰਿੰਸੀਪਲਾ, ਸੁਣਾ ਕਿਸੇ Ḕਕੋਠੀ ਲੱਗੇḔ ਹੋਰ ਪਰਵਾਸੀ ਬੇਲੀ ਦੀ ਕਹਾਣੀ।”
“ਕਾਹਦੀਆਂ ਕਹਾਣੀਆਂ ਨੇ ਵੀਰਨੋ! ਤੁਹਾਡੀਆਂ ਤੇ ਮੇਰੀਆਂ ਕਹਾਣੀਆਂ ਨੇ। ਸਾਡੀਆਂ ਆਪਣੀਆਂ। ਤਕਰੀਬਨ ਹਰ ਘਰ ਦੇ ਬਾਪੂ ਦੀ ਕਹਾਣੀ ਏ, ਥੋੜ੍ਹੇ ਬਹੁਤੇ ਅੰਤਰ ਨਾਲ।”
ਇੱਕ ਕਾਹਲੇ ਨੇ ਗੱਲ ਵਿਚੋਂ ਹੀ ਫੜ੍ਹ ਲਈ। ਸਾਡੇ ਪਿੰਡ ਇੱਕ ਲੰਬੜ ਹੁੰਦਾ ਸੀ। ਕੁੜੀਆਂ ਵਿਆਹੁੰਦਿਆਂ ਘਰ ਦਾ ਮੂੰਹ ਦੂਜੇ ਪਾਸੇ ਲੱਗ ਗਿਆ। ਛੋਟਾ ਚੌਦਾਂ ਕਰ ਗਿਆ ਸੀ। ਉਹ ਘਰ ਦੀ ਬਦਹਾਲੀ ਦੂਰ ਕਰਨ ਵਾਸਤੇ ਸੱਤਰਵਿਆਂ ‘ਚ ਅਮਰੀਕਾ ਨਿਕਲ ਆਇਆ। ਏਧਰਲੀ ਡਾਲਰੀ ਕਮਾਈ ਨੇ ਮੂਧਾ ਪਿਆ ਗੁਜ਼ਾਰਾ ਸਿੱਧਾ ਕਰ ਦਿੱਤਾ। ਵੱਡਾ ਭਰਾ ਬੇਔਲਾਦ ਤੁਰ ਗਿਆ। ਵਿਚਕਾਰਲਾ ਪਿੰਡ ਰਹਿ ਗਿਆ। ਤੱਤਿਆਂ ਸਮਿਆਂ ‘ਚ ਬਾਬਿਆਂ ਤੇ ਪੁਲਿਸ ਦੇ ਡਰੋਂ ਮੁੱਛ ਫੁੱਟ ਮੁੰਡੇ ਨੂੰ ਚਾਚੇ ਕੋਲ ਵਿੰਗੇ ਟੇਢੇ ਜੁਗਾੜ ਰਾਹੀਂ ਕੱਢ ਦਿੱਤਾ। ਚਾਚੇ-ਭਤੀਜੇ ਦੀ ਦੋਹਰੀ ਕਮਾਈ ਨਾਲ ਜ਼ਮੀਨ ਵੀ ਹੋਰ ਲੈ ਲਈ ਤੇ ਤਿੰਨ ਮੰਜ਼ਿਲੀ ਕੋਠੀ ਵੀ ਖੜ੍ਹੀ ਕਰ ਲਈ। ਗੱਲ ਛੋਟੀ ਕਰਦਾਂ, ਐਸ ਵੇਲੇ ਪੱਚੀ ਕਿੱਲੇ ਜ਼ਮੀਨ ਤੇ ਦੂਰੋਂ ਦਿੱਸਦੀ ਕੋਠੀ ਖੜ੍ਹੀ ਹੈ। ਉਥੇ ਵਾਲਾ ਭਰਾ ਪੰਜਵੇਂ ਛੇਵੇਂ ਮਹੀਨੇ ਅਮਰੀਕਾ ਗੇੜਾ ਕੱਢਦਾ ਰਹਿੰਦਾ। ਖੇਤੀ ਸਾਂਝੀ ਕਰਦੈ ਤੇ ਕੋਠੀ ਭਾਂ ਭਾਂ ਪਈ ਕਰਦੀ ਐ। ਦੂਜੀ ਤੇ ਤੀਜੀ ਮੰਜ਼ਿਲ ਵਿਚ ਭੂੰਡਾਂ ਦੀਆਂ ਖੱਖਰਾਂ, ਕਬੂਤਰਾਂ ਦੇ ਰੈਣ ਬਸੇਰੇ ਤੇ ਵਿੱਠਾਂ ਦੇ ਢੇਰ ਲੱਗੇ ਹੋਏ ਨੇ। ਜਟਕੇ ਭਰਮ ਜ਼ਮੀਨ ਵੇਚਣ ਨਹੀਂ ਦਿੰਦੇ। ਚਾਚਾ-ਭਤੀਜਾ ਕਹਿੰਦੇ, ਮੁਕਾ ਪਰੇ। ਤੇਰੇ ਭਤੀਜੇ ਤੇ ਪੋਤੇ ਤਾਂ ਪਿੰਡ ਵੱਲ ਮੂੰਹ ਨਹੀਂ ਕਰਦੇ। ਸਾਡੇ ਕੋਲੋਂ ਏਥੇ ਸਟੋਰਾਂ ਤੇ ਪੰਪਾਂ ਦੇ ਕੰਮਾਂ ‘ਚੋਂ ਸਿਰ ਖੁਰਕਣ ਦੀ ਵਿਹਲ ਨਹੀਂ। ਲਓ ਬਈ, ਹੁਣ ਇਸ ਲੰਬੜ ਦੇ ਘਰ ‘ਤੇ ਇੱਕ ਸੰਕਟ ਮੰਡਰਾ ਰਿਹੈ। ਭਰਾ ਅੜਿਆ ਕਾਹਦਾ, Ḕਕੋਠੀ ਹੀ ਲੱਗਾ ਹੋਇਐ।Ḕ ਕਹਿੰਦਾ, “ਲੈ ਜ਼ਮੀਨ ਬਿਨਾ ਜੱਟ ਕਾਹਦਾ। ਮੇਰੇ ਜਿਉਂਦੇ ਜੀ ਇਹ ਨਈਂ ਹੋਵੇਗਾ।”
ਅੱਗੋਂ ਡਰੈਵਰ ਭਾਊ ਨੇ ਵਾਰੀ ਚੁੱਕ ਲਈ। ਅਜਨਾਲੇ ਲਾਗਲੇ ਛੀਨੇ ਚਾਰ ਭਰਾ ਵੀ ਸੱਤਰਵਿਆਂ ‘ਚ ਕੈਨੇਡਾ ਆ ਗਏ। ਵੱਡਾ ਭਰਾ ‘ਕੱਲਾ ਪਿੰਡ ਰਹਿ ਗਿਆ। ਕੈਨੇਡੀਅਨ ਡਾਲਰਾਂ ਨਾਲ ਜੱਟ ਦੇ ਪੁੱਤਾਂ ਨੇ ਕਿੱਲਿਆਂ ਨੂੰ ਵਲਣ ਦੀ ਕੀਤੀ। ਚਾਰਾਂ ਦੀ ਕਮਾਈ ਇਕੱਠੀ। ਟਰੱਕ, ਟੈਕਸੀਆਂ ਦਾ ਕਾਰੋਬਾਰ ਉਦੋਂ ਚੰਗਾ ਕਮਾਊ ਸੀ। ਆਪਣੇ ‘ਚੋਂ ਹੁਸ਼ਿਆਰ ਭਾਊ ਦੇ ਲੱਕ ਦੁਆਲੇ ਡਾਲਰ ਬੰਨ੍ਹ ਇੰਡੀਆ ਭੇਜ ਦਿੱਤਾ। ਸਸਤੀਆਂ ਜ਼ਮੀਨਾਂ ਤੇ ਜਰਬ ਖਾ ਬਣੇ ਰੁਪਏ ਨਾਲ ਉਨ੍ਹਾਂ ਕੋਈ ਚਾਰ ਮੁਰੱਬੇ ਖਰੀਦ ਲਏ। ਬਾਹਰੇ ‘ਚ ਧੁੰਮਾਂ ਪੈ ਗਈਆਂ। Ḕਛੀਨਿਆਂ ਦਾ ਡੇਰਾ ਦੂਰੋਂ ਚਮਕਦਾḔ ਦੀਆਂ ਬਾਤਾਂ ਪੈਂਦੀਆਂ। ਨਾਲ ਹੀ ਜੱਟ ਵਹਿਬਤ ਵੀ ਜ਼ੋਰ ਫੜ੍ਹਦੀ ਗਈ। ਦਾਰੂ ਏਦਾਂ ਚੱਲਦੀ ਜਿਵੇਂ Ḕਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ।Ḕ ਟੈਕਸੀ-ਟਰੱਕ ਦੀ ਵਾਰੀ ਵਾਹ, ਜੱਗ ਖੁੱਲ੍ਹ ਜਾਂਦੇ। ਕਈ ਵਾਰੀ ਤਾਂ ਸਵੇਰੇ ਚਾਹ ਦੀ ਥਾਂ ਲੰਡੂ ਹਾੜੇ ਨਾਲ ਸਰੀਰ ਬੱਝਦੇ। ਅਗਲੀ ਪੀੜੀ ਦੇ ਵਿਆਹ ਸ਼ਾਦੀਆਂ ਸਮੇਂ ਇੰਡੀਆ ‘ਚ ਦਾਰੂ ਦੀ ਛਬੀਲ ਲਾ ਦਿੰਦੇ। ਸਮਾਂ ਪਾ ਕੇ ਅਗਲੀ ਪੀੜ੍ਹੀ ਗੱਭਰੂ ਤੇ ਵਰ ਪ੍ਰਾਪਤ ਹੋ ਗਈ। ਅੱਗੋਂ ਉਨ੍ਹਾਂ ਦੇ ਬੱਚੇ ਵੀ ਗੱਭਰੂ ਹੋ ਗਏ। ਸਾਂਝੀ ਜ਼ਮੀਨ ਵੰਡੀ ਗਈ। ਪਰ ਪਿੰਡ ਵਾਲੀ ਜੱਦੀ ਦੇ ਪੁਆੜੇ ਪੈ ਗਏ। ਕਿੱਥੇ ਪੰਜ ਭਰਾਵਾਂ ਦੀ ਸਲਾਹ ਤੇ ਭਰੱਪਣ, ਕਿੱਥੇ ਹੁਣ ਦੋ ਦਰਜਨ ਜਟਕਾ ਖੂਨ ਵੰਡ ਨਾ ਹੋਣ ਦੇਵੇ। ਇੱਕ ਨੇ ਚੋਟੀ ਦਾ ਦਿੱਸਣ ਲਈ ਪਿੰਡ ਨੇੜੇ ਹੀ ਕਿੱਲੇ ਕੁ ਦਾ ਵਾਗਲਾ ਮਾਰ ਵੱਡੀ ਕੋਠੀ ਬਣਾ ਲਈ। ਦੂਜਿਆਂ ਨੇ ਵੀ ਅੰਮ੍ਰਿਤਸਰ ਦੀਆਂ ਅਰਬਨ ਕਾਲੋਨੀਆਂ ਵਿਚ ਕੋਠੀਆਂ ਲੈ ਲਈਆਂ। ਬਈ! ਹੁਣ ਪੈਨਸ਼ਨਾਂ ਵੀ ਲੱਗ ਗਈਆਂ ਨੇ ਤੇ ਵਿਹਲੇ ਹਾਂ। ਜਾਇਆ ਕਰਾਂਗੇ, ਮੌਜਾਂ ਕਰਿਆ ਕਰਾਂਗੇ।
ਪਰ ਏਧਰੋਂ ਦਾਰੂ ਵੀ ਸਰੀਰ ‘ਤੇ ਆਪਣੇ ਰੰਗ ਵਿਖਾਉਣ ਲੱਗ ਪਈ। ਸ਼ੱਕਰ ਰੋਗ ਤਾਂ ਸਭ ਨੂੰ ਹੀ ਸੀ, ਪਰ ਕੁਝ ਨੂੰ ਹੱਦੋਂ ਵੱਧ। ਕਿਡਨੀ ਫੇਲ੍ਹ ਹੋਣ ਕੰਢੇ। ਇੰਡੀਆ ਦੇ ਇਲਾਜ ਤੋਂ ਅਸੰਤੁਸ਼ਟ ਕੈਨੇਡਾ ਭੱਜ ਆਉਂਦੇ। ਮੁੰਡਿਆਂ ਕੋਲ ਵਿਹਲ ਕਿੱਥੇ। ਕੋਠੀਆਂ ਰੱਬ ਆਸਰੇ। ਚਮਗਿੱਦੜਾਂ ਦੇ ਵਾਸੇ। ਇਹ ਕਹਾਣੀ ਸਮੇਟਣੀ ਔਖੀ ਹੈ। ਜਟਕੀ ਹਉਮੈ ਕਰਕੇ ਨਾ ਭੋਇੰ ਵਿਕੇ, ਨਾ ਕੋਠੀ। ਸਭ ਤੋਰੀਆਂ ਵਾਂਗ ਕੋਠੀ ਲੱਗੇ ਹੋਏ ਨੇ।
ਮਾਸਟਰ ਕਹਿੰਦਾ, ਮੈਂ ਬਾਈ ਜ਼ਮੀਨ ਨੂੰ ਜੱਟ ਜੱਫਾ ਨਹੀਂ ਮਾਰਿਆ। ਆਪਣਾ ਹਿੱਸਾ ਸੰਨ ਦੋ ਹਜ਼ਾਰ ‘ਚ ਹੀ ਬਿਲੇ ਲਾ ਦਿੱਤਾ ਸੀ। ਬਾਪੂ ਵੇਲੇ ਪਹਿਲਾਂ ਉਹਦੇ ਭਤੀਜੇ ਵਾਹੁੰਦੇ ਸੀ। ਫਿਰ ਮੇਰੇ ਭਤੀਜੇ ਵਾਹੁਣ ਲੱਗ ਪਏ। ਕੋਈ ਅੱਧੀ ਸਦੀ ਤੋਂ ਵਾਹ ਰਹੇ ਸੀ। ਮੈਂ ਸ਼ਹਿਰ ਰਹਿੰਦਾ ਸੀ ਜਿੱਥੇ ਨੌਕਰੀ ਸੀ। ਉਨ੍ਹਾਂ ਸਾਲਾਂ ‘ਚ ਆੜ੍ਹਤੀਏ ਤੇ ਕਾਰੋਬਾਰੀ ਟੈਕਸ ਚੋਰੀ ਲਈ ਜ਼ਮੀਨਾਂ ਵੱਲ ਮੁਹਾਰਾਂ ਮੋੜ ਤੁਰੇ ਸਨ। ਅਣਚਾਹੇ ਜਿਹੇ ਰੇਟ ਦੀਆਂ ਪੇਸ਼ਕਸ਼ਾਂ ਆ ਰਹੀਆਂ ਸਨ। ਮੁੰਡੇ ਬਾਹਰ ਸਨ। ਸੋਚਿਆ ਕਿ ਮੁੰਡੇ ਮੌਰਗੇਜਾਂ ਹੇਠ ਦੱਬੇ ਮੌਰ ਤੁੜਾ ਰਹੇ ਨੇ। ਉਨ੍ਹਾਂ ਦੇ ਦਾਦੇ ਦੀ ਜ਼ਮੀਨ ਹੈ, ਜੱਦੀ ਜਾਇਦਾਦ ਦੇ ਹੁਣ ਅਸਲ ਵਾਰਸ ਹਨ। ਇੱਕਦਮ ਪੈਸੇ ਵੱਟੇ ਤੇ ਸਿੱਧੇ ਉਨ੍ਹਾਂ ਨੂੰ ਭੇਜ ਦਿੱਤੇ। ਜਦੋਂ ਖਰੀਦਦਾਰ ਨੂੰ ਕਬਜ਼ਾ ਦੇਣ ਪੈਲੀ ਬੰਨ੍ਹੇ ਖੜ੍ਹਾ ਹੋਇਆ, ਇੱਕ ਵਾਰੀ ਹੌਲ ਜ਼ਰੂਰ ਪਿਆ। ਚੱਲਦੀ ਮੋਟਰ ਤੋਂ ਪਾਣੀ ਪੀਤਾ, ਚਰਨਾਮਤੀ ਸਿਰ ਤੋਂ ਦੀ ਸੁੱਟੀ। ਪਿੰਡ ‘ਚ ਤਾਂ ਪਹਿਲਾਂ ਹੀ ਗੱਲ ਪਹੁੰਚ ਗਈ ਹੋਈ ਸੀ ਕਿ ਸੂਬੇਦਾਰ ਦੇ ਮਾਸਟਰ ਨੇ ਪੈਲੀ ਵੇਚ ਦਿੱਤੀ ਹੈ। ਪੈਲੀ ਹੈ ਵੀ ਐਨ ਪਿੰਡ ਮੁੱਢ, ਨਿਆਈਂ। ਏਨੇ ਨੂੰ ਵਾਹਵਾ ‘ਕੱਠ ਹੋ ਗਿਆ। ਝੋਨੇ ਦੀ ਨਿੱਸਰੀ ਫਸਲ ਝੂਮ ਰਹੀ ਸੀ। ਮੋਟਰ ਨੇੜਿਓਂ ਇੱਕ ਮੁੱਠ ਚੁੱਕੀ ਤੇ ਰੁਮਾਲ ‘ਚ ਲਵੇਟ ਜੇਬ ‘ਚ ਪਾ ਲਈ। ਭਤੀਜਿਆਂ ਨੂੰ ਕਿਹਾ, Ḕਲਓ ਪੁੱਤੋ, ਅਸੀਂ ਪੈਲੀ ਇਨ੍ਹਾਂ ਬਾਊਆਂ ਨੂੰ ਰਹਿਣ ਕਰ ਦਿੱਤੀ ਹੈ। ਹੁਣ ਇਹ ਮਾਲਕ ਜੇ। ਐਤਕੀਂ ਦੀ ਫਸਲ ਇਹ ਵੰਡਾਉਣਗੇ।Ḕ ਮੁੜਦਿਆਂ ਹੀ ਕਨਸੋਆਂ ਮਿਲਣ ਲੱਗ ਪਈਆਂ, Ḕਐਵੇਂ ਛੱਡ’ਤੀ, ਸਾਨੂੰ ਕਬਜ਼ਾ ਛੱਡਣਾ ਨਹੀਂ ਸੀ ਚਾਹੀਦਾ, ਸਾਡਾ ਕੀ ਵਿਗਾੜ ਲੈਂਦਾ ਮਾਹਟਰ।Ḕ
Ḕਚਿੜੀਆਂ ਉਡੀਆਂ ਤੇ ਕੁੜੀਆਂ ਗਈਆਂ ਸਹੁਰੀਂ, ਮੁੜ ਕਿਸਮਤ ਨਾਲ ਪੇਕੀਂ ਆਵਣḔ ਕਹਾਵਤ ਨਾਲ ਬਾਬੂ ਸਿੰਘ ਨੇ ਆਪਣੇ ਇੱਕ ਫੌਜੀ ਕਰਨਲ ਆੜੀ ਦੇ ਵੇਦਨਾ ਭਰੇ ਘਟਨਾਕ੍ਰਮ ਦੀ ਗੱਲ ਸੁਣਾਉਣੀ ਅਰੰਭ ਦਿੱਤੀ। ਕਹਾਵਤ ਭਾਵੇਂ ਪੁਰਾਣੀ ਹੈ, ਪਰ ਅੱਜ ਇਹ ਸਾਡੇ ਪਰਵਾਸੀ ਪਰਿਵਾਰਾਂ ‘ਤੇ ਵੀ ਪੂਰੀ ਢੁਕਦੀ ਐ। ਕਰਨਲ ਦੀ ਖੰਨੇ ਲਾਗੇ 15 ਕਿੱਲੇ ਜ਼ਮੀਨ ਏ। ਵੱਡੇ ਮੁੰਡੇ ਦਾ ਵਿਆਹ ਏਧਰ ਇੱਕ ਚੰਗੇ ਪਰਿਵਾਰ ਦੀ ਕੁੜੀ ਨਾਲ ਹੋ ਗਿਆ। ਕਰਨਲ ਸਾਹਿਬ ਆਪਣੀ ਪਤਨੀ ਤੇ ਛੋਟੇ ਮੁੰਡੇ ਨਾਲ ਏਧਰ ਆ ਗਿਆ। ਪਿੱਛੋਂ ਛੋਟੇ ਦਾ ਵੀ ਵਿਆਹ ਹੋ ਗਿਆ ਤੇ ਸਾਰਾ ਪਰਿਵਾਰ ਏਧਰ ਆ ਸੈਟ ਹੋਇਆ। ਪਰ ਇੱਕ ਅਨਹੋਣੀ ਦੁਰਘਟਨਾ ਵਿਚ ਕਰਨਲ ਦੀ ਪਤਨੀ ਚੱਲ ਵਸੀ। ਪਰਿਵਾਰ Ḕਚ ਲੋਹੜੇ ਦਾ ਸੋਗ ਛਾ ਗਿਆ। ਕਰਨਲ ‘ਕੱਲਾ ਰਹਿ ਗਿਆ। ਸੁਭਾਅ ਪੱਖੋਂ ਕੁਝ ਗੁਸੈਲ ਤੇ ਹਰਖੀ ਸੀ, ਜਿਸ ‘ਤੇ ਫੌਜੀ ਪਾਨ ਚੜ੍ਹੀ ਹੋਈ ਸੀ, Ḕਇੱਕ ਕੌੜਤੁੰਮਾ, ਦੂਜਾ ਨਿੰਮ ਚੜ੍ਹਿਆ।Ḕ ਮੂੰਹੋਂ ਨਿਕਲੀਆਂ ਕੌੜੀਆਂ ਕੁਸੈਲੀਆਂ ਗੱਲਾਂ ਧੀਆਂ ਪੁੱਤ ਤਾਂ ਜਰ ਲੈਂਦੇ ਪਰ ਨੂੰਹਾਂ ਨਹੀਂ ਜਰਦੀਆਂ। ਵੈਸੇ ਮੁੰਡੇ ਪੂਰਾ ਧਿਆਨ ਰੱਖਦੇ। ਪਰ ਦੋਸਤੋ, ਵਡੇਰੀ ਉਮਰੇ ਬੰਦੇ ਲਈ ਸਾਥ ਹੋਰ ਵੀ ਜ਼ਰੂਰੀ ਹੋ ਜਾਂਦੈ। ਬੀਵੀ ਤਾਂ ਉਮਰ ਭਰ ਦੀ ਸਾਥਣ, ਸਲਾਹਕਾਰ, ਕੁੰਜੀਬਰਦਾਰ, ਕੁੱਕ, ਸਹਾਇਕ, ਲੀੜੇ-ਲੱਤੇ ਦੀ ਸੰਭਾਲ ਕਰਦੀ ਇੱਕ ਭਰੋਸੇਯੋਗ ਨਰਸ ਹੋ ਨਿਬੜਦੀ ਹੈ। ਉਹ ਬੰਦੇ ਦੇ ਉਚੇ ਨੀਵੇਂ ਚੁੱਭਵੇਂ ਬੋਲਾਂ ‘ਤੇ ਵੀ ਪਰਦਾ ਪਾ ਲੈਂਦੀ। ਹੁਣ ਸਾਰੀ ਪੰਡ ‘ਕੱਲੇ ਦੇ ਮੋਢਿਆਂ ‘ਤੇ ਆ ਪਈ। ਪਿੱਛੇ ਦਾ ਵੀ ਫਿਕਰ। ਕੋਠੀ ‘ਚ ਬਿਠਾਏ ਭੱਈਆ ਭੱਈਅਣ ਨੇ ਆਪਣੇ ਦੇਸ਼ ਜਾਣਾ ਹੁੰਦੈ। ਮੁਸੀਬਤਾਂ ਹੀ ਮੁਸੀਬਤਾਂ।
ਬਾਬੂ ਸਿੰਘ ਨੇ ਗੱਲ ਜਾਰੀ ਰੱਖੀ, ਸਾਹਿਬ ‘ਕੱਲਾ! ਪਹਿਲਾਂ ਤਾਂ ਉਹ ਗੱਲ ਕਰਦਿਆਂ ਹੀ ਡੁੱਲ੍ਹ ਪੈਂਦਾ। ਹੌਲੀ ਹੌਲੀ ਸੰਭਲ ਗਿਆ। ਕੀ ਕੀ ਦੱਸਾਂ ਕਰਨਲ ਦੇ ਦੁੱਖਾਂ ਬਾਰੇ। ਹੁਣ ਉਹਦੀ ਉਮਰ ਵੀ ਸੱਤਰਾਂ ਨੂੰ ਟੱਪ ਚੱਲੀ ਹੈ। ਜਦੋਂ ਕਿਤੇ ਲੋਰ ‘ਚ ਹੁੰਦੈ, ਕਹਿੰਦਾ, Ḕਯਾਰੋ ਨੂੰਹਾਂ ਨੂੰਹਾਂ ਹੀ ਹੁੰਦੀਆਂ ਹਨ, ਧੀਆਂ ਧੀਆਂ। ਪਤਾ ਨਹੀਂ ਕਿਉਂ ਸਹੁਰੇ ਨੂੰ ਬਾਪ ਨਹੀਂ ਸਮਝਦੀਆਂ, ਤੂੰ ਹੀ ਸਹੁਰੀਏ ਮਰਨਾ ਸੀ, ਕੁਝ ਚਿਰ ਪਹਿਲਾਂ ਮਰ ਜਾਂਦੀਓਂ, ਵਿਆਹ ਤਾਂ ਕਰ ਲੈਂਦਾ!Ḕ ਬਹੁਤੇ ਹੀ ਵਿਰਾਗੇ ਹੋਏ ਹਨ। ਇਸ ਦਾ ਅੰਦਾਜ਼ਾ ਉਹ ਹੀ ਲਾ ਸਕਦੈ ਜਿਸ ਨਾਲ ਇਹੋ ਜਿਹਾ ਭਾਣਾ ਵਰਤ ਗਿਆ ਹੋਵੇ। ਹੁਣ ਮੁੰਡੇ ਤੇ ਨੂੰਹਾਂ ਕਹਿੰਦੇ, ਉਥੇ ਸੈਂਟਰ ਬੰਦ ਕਰ ਆਉ। ਪੈਸਾ ਏਧਰ ਲੈ ਆਓ। ਦੋਸਤੋ! ਇਹ ਕਹਿਣਾ ਸੌਖਾ, ਕਰਨਾ ਬੜਾ ਔਖੈ-ਜਿਸ ਤਨ ਲਾਗੇ ਸੋਈ ਜਾਣੇ ਕੌਣ ਜਾਣੇ ਪੀੜ ਪਰਾਈ। ਅੱਜਕੱਲ੍ਹ ਉਹ ‘ਕੱਲਾ ਖੰਨੇ ਕੋਠੀ ‘ਚ ਬੈਠਾ ਨਿਰਾਸ਼ਾ ਦੇ ਆਲਮ ‘ਚ ਡੁੱਬਾ ਹੋਇਐ। ਪੈਸੇ ਦੀ ਕੋਈ ਘਾਟ ਨਹੀਂ। ਪੈਨਸ਼ਨ, ਜ਼ਮੀਨ ਦੀ ਹੀ ਬਥੇਰੀ ਹੈ।
ਹੈਡਮਾਸਟਰ ਗੁਰਦੇਵ ਸਿੰਘ ਆਪਣੇ ਤਜਰਬੇ ਨੂੰ ਸਾਂਝਾ ਕਰਨ ਲਈ ਉਤਾਵਲਾ ਸੀ। ਦੱਸਣ ਲੱਗਾ, ਪਿੱਛੇ ਜਿਹੇ ਮੈਂ ਕਾਫੀ ਦੇਰ ਬਾਅਦ ਇੱਕ ਭੋਗ ‘ਤੇ ਪਿੰਡ ਗਿਆ ਹੋਇਆ ਸਾਂ। ਸਾਡੇ ਪਿੰਡ ਕਿਸੇ ਢਿੱਲੋਂ ਸਰਦਾਰ ਨੇ ਬਾਹਰੋਂ ਆ ਕੇ ਚੋਖੀ ਪੈਲੀ ਖਰੀਦ ਕੇ ਐਨ ਵਿਚਕਾਰ ਕੋਠੀ ਖੜ੍ਹੀ ਕਰ ਲਈ ਹੋਈ ਸੀ। ਫਿਰਨੀ ਤੋਂ ਹੀ ਦਿੱਸਦੀ ਸੀ। ਭੋਗ ਪਿੱਛੋਂ ਕੁਰਸੀਆਂ ‘ਤੇ ਬੈਠੇ ਸੀ। ਤਾਏ ਦੇ ਪੁੱਤ ਭਰਾ ਦੇ ਮੁੰਡੇ ਨੇ ਢਿੱਲੋਂ ਸਾਹਿਬ ਨੂੰ ਦੱਸਿਆ, Ḕਇਹ ਮੇਰੇ ਚਾਚਾ ਜੀ ਨੇ। ਜਿੱਥੇ ਬੈਠੇ ਹਾਂ ਇਸ ਕੋਠੀ ਵਾਲਾ ਪਲਾਟ ਹੈਡਮਾਸਟਰ ਹੋਰਾਂ ਦਾ ਹੁੰਦਾ ਸੀ। ਇਨ੍ਹਾਂ ਨੇ ਪਲਾਟ ਤੇ ਜ਼ਮੀਨ ਵੇਚ ਦਿੱਤੀ।Ḕ
ਢਿੱਲੋਂ ਮੇਰੇ ਵੱਲ ਇਉਂ ਝਾਕਿਆ, ਜਿਵੇਂ ਮੈਂ ਕੋਈ ਵੱਡਾ ਮੂਰਖ ਹੋਵਾਂ। ਗੱਲਾਂ ‘ਚ ਗੱਲ ਪਾ, ਮੈਥੋਂ ਕਹਿਣੋਂ ਰਹਿ ਨਾ ਹੋਇਆ, “ਦਰਸ਼ਨਾ, ਮੈਂ ਕਿਹੜਾ ਪੈਲੀ ਵੇਚ ਜੂਆ ਖੇਡਿਆ ਜਾਂ ਨਸ਼ਾ ਪੱਤਾ ਕੀਤਾ। ਪੈਸੇ ਤੇਰੇ ਭਾਈਆਂ ਨੂੰ ਅੱਗੇ ਦੇ ਦਿੱਤੇ। ਉਨ੍ਹਾਂ ਅੱਗੇ ਕੈਨੇਡਾ ਵਿਚ ਵਧੀਆ ਮਕਾਨ ਲਏ ਹੋਏ ਨੇ। ਆਪਣੇ ਕੰਮ-ਕਾਰ ਚੰਗੇ ਚਲਾ ਰਹੇ ਨੇ। ਉਹ ਕੈਨੇਡਾ ਵਿਚ ਲਹਿਰਾਂ-ਬਹਿਰਾਂ ‘ਚ ਨੇ। ਬੱਚੇ ਉਨ੍ਹਾਂ ਦੇ ਯੂਨੀਵਰਸਟੀਆਂ ਵਿਚ ਪੜ੍ਹਦੇ ਈ। ਇਹ ਹੁਣ ਸਮੇਂ ਦਾ ਨਵਾਂ ਦੌਰ ਈ। ਅੱਗੇ ਵਧਣ ਲੱਗਿਆਂ, ਪਿੱਛਾ ਤਾਂ ਛੱਡਣਾ ਹੀ ਪੈਂਦਾ। ਜੇ ਇਸ ਨਾਲ ਚੁੰਬੜਿਆ ਰਹਿੰਦਾ ਅੱਜ, ਹੋ ਸਕਦਾ ਹੈ ਇਥੇ ਵੱਟ-ਬੰਨੇ ਦੇ ਝਗੜਿਆਂ ‘ਚ ਅਦਾਲਤੀ ਗਧੀਗੇੜਾਂ ਵਿਚ ਤਰੀਕਾਂ ਭੁਗਤਦਾ ਫਿਰਦਾ। ਇਹ ਮੇਰਾ ਇੱਕ ਦੂਰਅੰਦੇਸ਼ੀ ਵਾਲਾ ਫੈਸਲਾ ਸੀ। ਜਿਸ ਦੇ ਹੱਕ ਵਿਚ ਤੂੰ ਵੀ ਨਹੀਂ ਸੀ ਤੇ ਨਾ ਤੇਰੀ ਚਾਚੀ ਅਤੇ ਨਾ ਉਹਦੇ ਭਰਾ। ਕਚਹਿਰੀਆਂ ‘ਚ ਅੱਜ ਦੇ ਲੀਡਰਾਂ, ਦਲਾਲਾਂ ਤੇ ਲੰਬੜਾਂ ਦੀ ਆਪਸ ਵਿਚ Ḕਕੁਕੜ ਦੀ ਟੰਗ ਸਾਂਝੀḔ ਈ। ਸਾਨੂੰ ਪਰਵਾਸੀਆਂ ਨੂੰ ਕੀਹਨੇ ਪੁੱਛਣਾ ਸੀ।
ਛੱਡ ਗੱਲਾਂ ਪੁਰਾਣੀਆਂ। ਗੱਲਾਂ ਕਰ ਸਮੇਂ ਦੇ ਹਾਣ ਦੀਆਂ। ਉਹ ਦਿਨ ਗਏ ਜਦੋਂ ਪੈਲੀ ਜੱਟ ਨੂੰ ਆਖਦੀ ਹੁੰਦੀ ਸੀ, Ḕਜੱਟਾ! ਮੈਂ ਤੈਨੂੰ ਬੱਧੇ ਨੂੰ ਛੁਡਾ ਲਊਂ, ਤੈਥੋਂ ਮੈਨੂੰ ਨਈਂ ਛੁਡਾਇਆ ਜਾਣਾ।Ḕ ਨਵੇਂ ਸਮਿਆਂ ਦਾ ਦੌਰ ਈ। ਸਿੱਖਿਆ ਬੰਦੀ ਛੋੜ ਸਿੱਧ ਹੋ ਰਹੀ ਆ ਬੰਦੇ ਦੀ। ਝਾਤੀ ਮਾਰ ਜ਼ਰਾ ਆਪਣੇ ਵੱਡੇ ਚਾਚੇ ਦੇ ਮੁੰਡਿਆਂ ਵੱਲ, ਦਿਹਾੜੀ ਦੱਪੇ, ਤੇ ਕੱਟੀਆਂ-ਵੱਛੀਆਂ ਮਗਰ ਭੱਜੇ ਫਿਰਦੇ ਨੇ, ਜੋ ਨਾ ਡਿੱਠਾ ਸੋਈਓ ਮਿੱਠਾ।” ਕੋਲ ਬੈਠਿਆਂ ਦੇ ਚਿਹਰਿਆਂ ‘ਤੇ ਸਹਿਮਤੀ ਝਲਕ ਰਹੀ ਸੀ।
ਦਸਵਾਂ ਦਹਾਕਾ ਹੰਢਾ ਰਹੇ ਬੁਧੀਮਾਨ ਮਾਸਟਰ ਨੇ ਇੱਕ ਫਾਰਸੀ ਦੇ ਸ਼ੇਅਰ Ḕਕਸੇ ਨਾ ਦੀਦਮ ਅਜ਼ ਰਾਹੇ ਰਾਸਤ ਗੁੰਮਸ਼ੁਦਾ ਅਸਤḔ ਨਾਲ ਗੱਲ ਤੋਰੀ। ਭਾਵ Ḕਸਿੱਧੇ ਰਾਹ ਤੁਰਦਾ ਕਦੀ ਕੋਈ ਗੁਆਚਾ ਨਹੀਂ ਦੇਖਿਆ।Ḕ ਸਮੇਂ ਦੇ ਹਾਣ ਦੇ ਫੈਸਲੇ ਸਹੀ ਸਿੱਧ ਹੁੰਦੇ ਹਨ।
ਪ੍ਰੋæ ਕੁਲਵਿੰਦਰ ਨੇ ਆਪਣੇ ਬਜ਼ੁਰਗ ਵੀਰਾਂ ਦੀ ਅਜੋਕੀ ਸਥਿਤੀ ਨੂੰ ਸਮੇਟਣ ਲਈ Ḕਫਰਾਗ ਸਿੰਡਰੋਮḔ ਦੇ ਅਸੂਲ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਹਿੰਦਾ, ਡੱਡੂ ਠੰਡੇ, ਨੀਮ ਠੰਡੇ, ਨੀਮ ਤੱਤੇ, ਤੱਤੇ ਪਾਣੀਆਂ ਵਿਚ ਪੈ ਜਾਣ ਪਿੱਛੋਂ ਉਨ੍ਹਾਂ ਤਾਪਮਾਨਾਂ ਨੂੰ ਆਪਣੇ ਸਰੀਰਕ ਤਾਪਮਾਨ ਦੇ ਅਨੁਕੂਲ ਕਰ ਜਿਉਣਾ ਜਾਰੀ ਰੱਖਦੈ। ਪਰ ਜੇ ਕਿਤੇ ਉਹ ਬਹੁਤੇ ਹੀ ਠੰਡੇ-ਤੱਤੇ ਪਾਣੀਆਂ ਨੂੰ ਆਪਣੇ ਅਨੁਕੂਲ ਬਣਾਉਣ ਲਈ ਲਗਾਤਾਰ ਆਪਣੇ ਰਿਸਣ ਪਦਾਰਥਾਂ ਦੀ ਆਪਣੀ ਸਮਰੱਥਾ ਤੋਂ ਵੱਧ ਵਰਤੋਂ ਕਰ ਬਹਿੰਦਾ ਹੈ, ਫਿਰ ਮਰ ਜਾਂਦਾ ਹੈ। ਇਹ ਹਾਲ ਆਦਮੀ ਦਾ ਹੁੰਦੈ। ਸਾਨੂੰ ਆਪਣੇ ਆਪ ਨੂੰ ਸਮਿਆਂ, ਉਮਰਾਂ ਤੇ ਸਥਿਤੀਆਂ ਨਾਲ ਢਾਲ ਲੈਣਾ ਚਾਹੀਦੈ। ਅਸਲ ਦਾਨਸ਼ਵਰ ਉਹ ਬੰਦਾ ਹੁੰਦੈ ਜੋ ਜਾਂ ਹਾਲਤਾਂ ਨੂੰ ਆਪਣੇ ਮੁਤਾਬਕ ਢਾਲ ਲਏ, ਨਹੀਂ ਤਾਂ ਆਪ ਢਲ ਜਾਵੇ।
“ਡਾਕਟਰ, ਫਿਰ ਇਹਦਾ ਮਤਲਬ ਹੋਇਆ, ਸਭ ਕੁਝ ਛੱਡ-ਛਡਾ ਦਈਏ ਤੇ ਰਾਮ ਆਸਰੇ ਆਖਰੀ ਸਾਹਾਂ ਦਾ ਇੰਤਜ਼ਾਰ ਕਰਨ ਲੱਗ ਜਾਈਏ।” ਕਿਸੇ ਨੇ ਗੱਲ ਕੱਟੀ।
“ਨਹੀਂ ਬਾਈ। ਕਦੀ ਨਾ ਭੁਲੀਏ ਕਿ ਜਦੋਂ ਪੰਛੀ ਜਾਂ ਜਹਾਜ਼ ਗਗਨਾਂ ‘ਚ ਉਡਦਾ ਉਡਦਾ ਧਰਤੀ ‘ਤੇ ਉਤਰਨ ਲੱਗਦੈ, ਉਹ ਆਪਣੇ ਖੰਭ ਇਕੱਠੇ ਕਰਦਾ ਹੌਲੀ ਹੌਲੀ ਧਰਤੀ ‘ਤੇ ਆ ਲੱਗਦੈ। ਸਾਨੂੰ ਵਡੇਰੀ ਉਮਰੇ ਬਹੁਤੇ ਖੰਭ ਨਹੀਂ ਖਿਲਾਰਨੇ ਚਾਹੀਦੇ।”
“ਇਹ ਨਾ ਸਹੀ। ਸਗੋਂ ਆਪਣੇ ਵਡਾਰੂਆਂ, ਆਪਣੇ ਗੁਰੂਆਂ, ਪੀਰਾਂ ਪੈਗੰਬਰਾਂ ਤੋਂ ਵੀ ਕੋਈ ਸਬਕ ਲਈਏ, ਰੱਜ ਨਾ ਕੋਈ ਜੀਵਿਆ ਸਭ ਝੂਠੇ ਧਰਵਾਸੇ।” ਗਿਆਨੀ ਬੋਲਿਆ, “ਮੈਂ ਤੁਹਾਨੂੰ ਇੱਕ ਬਹੁਤਾ ਹੀ ਸੌਖਾ ਪਰ ਸਰਲ ਜਿਹਾ ਤਰੀਕਾ ਦਸਦਾਂ: ਮਾਫ ਕਰ ਦਿਓ ਜਾਂ ਮਾਫੀ ਮੰਗ ਲਵੋ, ਫੋਕੀ ਹੈਂਕੜ ‘ਚ ਨਾ ਰਹੋ, ਨਾਨਕ ਨੀਵਾਂ ਜੋ ਚਲੇ ਲੱਗੇ ਨਾ ਤੱਤੀ ਵਾਓ ਵੀ ਯਾਦ ਰੱਖੀਏ, ਦੂਰ ਪਿੱਛੇ ਗਗਨਾਂ ਵਿਚ ਲਾਲੀ ਛੱਡ ਜਾਵਾਂਗੇ, ਸੂਰਜ ਵਾਂਗੂ ਲਹਿੰਦੇ ਲਹਿੰਦੇ ਲਹਿ ਜਾਵਾਂਗੇ।” ਨੇ ਚਰਚੇ ਨੂੰ ਵਧੀਆ ਮੋੜ ਦਿੱਤਾ।
ਪ੍ਰਿੰਸੀਪਲ ਬੋਲਿਆ, “ਵੈਸੇ ਤਾਂ ਗੱਲਾਂ ਦਾ ਪੀਹਣ ਕਦੀ ਮੁੱਕਿਆ ਨਹੀਂ। ਨਾ ਮੁੱਕ ਸਕਦੈ। ਦੋਸਤੋ, ਮੈਂ ਗਿਆਨੀ ਦੀ ਗੱਲ Ḕਘਰ ਸੀ ਪੇਕੜਾ ਸਹੁਰੀਂ ਜਾਣਾ ਅੰਤḔ ਯਾਦ ਕਰਦਾ ਰਹਿੰਦਾਂ, ਹੋਰ ਵੀ ਸੁਣਿਆ ਹੋਇਐ, Ḕਗੱਲ ਸੁਣ ਆਥਣੇ ਨੀ ਮੇਰੀਏ ਸਾਥਣੇ ਨੀ, ਵਰਕੇ ਜ਼ਿੰਦਗੀ ਦੇ ਚਿੱਟੇ, ਪਾ ਜਾ ਕੋਈ ਰੰਗ ਦੇ ਛਿੱਟੇ।Ḕ ਕੋਈ ਮਿਸਾਲ ਪੈਦਾ ਕਰ ਜਾਈਏ, ਛੱਡੀਆਂ ਜਾਇਦਾਦ ਤੋਂ ਇਲਾਵਾ, ਜਿਸ ਨੂੰ ਪਰਿਵਾਰ ਕਿਹਾ ਕਰੇ, Ḕਬਾਪੂ ਕਹਿੰਦਾ ਹੁੰਦਾ ਸੀ।Ḕ ਆਓ! ਆਲਮ ਲੋਹਾਰ ਦੇ ਬੋਲਾਂ Ḕਇੱਕ ਦਿਨ ਅਸਾਂ ਪਰਦੇਸੀਆਂ ਵੇ ਆਲਮਾ ਛੱਡ ਜਾਣਾ, ਕੁੰਢਾ ਮਾਰ ਕੇ ਇਨ੍ਹਾਂ ਹਵੇਲੀਆਂ ਦਾḔ ਨਾਲ ਅੱਜ ਦੀ ਸੱਥ ਚਰਚਾ ਮੁਕਾਈਏ, ਇਹ ਨਈਂ ਮੁਕਣੀਆਂ, ਬਾਕੀ ਫੇਰ, ਕੱਲ ਮਿਲਾਂਗੇ, ਸਭ ਨੂੰ ਫਤਿਹ ਪ੍ਰਵਾਨ ਹੋਵੇ!