ਸਿਮਰਤੀਆਂ ਦੇ ਦੇਸ਼ ਤੁਰ ਗਈ ਮਾਂ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਹਥਲੇ ਲੇਖ ਵਿਚ ਡਾæ ਭੰਡਾਲ ਨੇ ਮਾਂ ਦੀ ਮਮਤਾ ਅਤੇ ਉਸ ਦੇ ਤੁਰ ਜਾਣ ਉਪਰੰਤ ਪੈਦਾ ਹੋਏ ਖਲਾਅ ਦੀ ਗੱਲ ਕੀਤੀ ਹੈ।

ਉਨ੍ਹਾਂ ਦੇ ਸ਼ਬਦਾਂ ਵਿਚੋਂ ਅਜਿਹਾ ਦਰਦ ਉਭਰਦਾ ਹੈ ਕਿ ਸ਼ਬਦ ਸਿੰਮਦੇ ਮਹਿਸੂਸ ਹੁੰਦੇ ਹਨ। ਮਾਂ ਦੇ ਤੁਰ ਜਾਣ ਪਿਛੋਂ ਮੁੜ ਮੁੜ ਕੰਨਾਂ ਵਿਚ ਬੋਲ ਗੂੰਜਦੇ ਹਨ, ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ। ਇਸ ਲੇਖ ਵਿਚ ਡਾæ ਭੰਡਾਲ ਨੇ ਮਾਂ ਦੇ ਤੁਰ ਜਾਣ ਦਾ ਦਰਦ ਬਹੁਤ ਹੀ ਤੀਬਰ ਰੂਪ ਵਿਚ ਉਭਾਰਿਆ ਹੈ। ਕਹਿੰਦੇ ਹਨ, ਮਾਂ ਚਲੇ ਗਈ ਏ ਤਾਂ ਉਸ ਦੇ ਨਾਲ ਹੀ ਮਰਨਹਾਰੀ ਹੋ ਗਈ ਏ ਉਸ ਦੀਆਂ ਅਸੀਸਾਂ ਦੀ ਝੜੀ, ਦੁਆਵਾਂ ਦਾ ਸ਼ੁਭ-ਕਰਮਨ, ਸ਼ੁਭ-ਇਛਾਵਾਂ ਦੀ ਕਿਣਮਿਣ, ਯੁੱਗਾਂ ਜੇਡੀ ਉਮਰ ਦੀ ਕਾਮਨਾ ਅਤੇ ਦਿਲੀ ਵਲਵਲਿਆਂ ਦਾ ਮੋਹਵੰਤਾ ਸ਼ਗੂਫਾ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ

ਮਾਂ ਅਮੁੱਕ ਯਾਤਰਾ ‘ਤੇ ਤੁਰ ਗਈ ਹੈ, ਜਿਥੋਂ ਕਦੇ ਕੋਈ ਨਹੀਂ ਪਰਤਦਾ, ਕੋਈ ਹੁੰਗਾਰਾ ਨਹੀਂ ਭਰਦਾ, ਕਦੇ ਕੋਈ ਸੁੱਖ-ਸੁਨੇਹਾ ਨਹੀਂ ਆਉਂਦਾ, ਕਦੇ ਕਿਸੇ ਪਰਤਣਾ ਤਾਂ ਕੀ ਪਰਤਣ ਦੀ ਕੋਈ ਆਸ ਵੀ ਨਹੀਂ ਏ। ਸਦਾ ਲਈ ਤੁਰ ਗਏ ਲੋਕ ਅਕਸਰ ਹੀ ਹੌਲੀ ਹੌਲੀ ਚੇਤਿਆਂ ਵਿਚੋਂ ਖੁਰਦੇ ਜਾਂਦੇ ਨੇ ਅਤੇ ਫਿਰ ਕਦੇ ਕਦਾਈਂ ਹੀ ਦੂਰ ਤੁਰ ਗਏ ਦੀ ਯਾਦ ਸਾਡੇ ਮਨ ਦੇ ਬਰੂਹੀਂ ਦਸਤਕ ਦਿੰਦੀ ਏ।
ਮਾਂ ਤੁਰ ਗਈ ਏ ਅਤੇ ਬਸ ਕੁਝ ਰਸਮਾਂ ਰਹਿ ਗਈਆਂ ਨੇ ਨਿਭਾਉਣ ਲਈ। ਇਹ ਰਸਮਾਂ ਕੁਝ ਧਾਰਮਿਕ, ਕੁਝ ਸਮਾਜਿਕ। ਕੁਝ ਮਨ ਦੀਆਂ ਸਮਝੌਤੀਆਂ, ਕੁਝ ਮਨ ਦੇ ਟਿਕਾਉ ਲਈ। ਕੁਝ ਮਾਂ ਦੀ ਅੰਤਿਮ ਯਾਤਰਾ ਨੂੰ ਮੁਖਾਤਬ, ਕੁਝ ਉਸ ਦੀ ਸਦੀਵੀ ਆਤਮਿਕ ਸ਼ਾਂਤੀ ਲਈ-ਕੁਝ ਮਨ ਦੀ ਤਹਿ ‘ਚੋਂ ਨਿਭਾਉਣਾ ਚਾਹੁੰਦੇ ਹਾਂ ਅਤੇ ਕੁਝ ਸਮਾਜ ਵਿਚ ਰਹਿੰਦਿਆਂ ਸਮਾਜਿਕ ਰਹੁ-ਰੀਤਾਂ ਦੇ ਨਿਭਾ ਖਾਤਰ ਨਿਭਾਉਂਦੇ ਹਾਂ। ਕੁਝ ਨੂੰ ਚਿੱਤ ਨਾਲ ਨਿਭਾਉਂਦੇ ਹਾਂ, ਕੁਝ ਨੂੰ ਨਿਭਾਉਣ ਲਈ ਆਪਣੇ ਚਿੱਤ ਨੂੰ ਵੀ ਮਾਰਦੇ ਹਾਂ।
ਚਿਖਾ ਚਿਣੀ ਜਾ ਰਹੀ ਏ। ਫੁੱਲਾਂ ਤੋਂ ਵੀ ਹੌਲੀ ਮਾਂ ਦੇ ਸੋਹਲ ਸਰੀਰ ‘ਤੇ ਰੱਖੀਆਂ ਭਾਰੀਆਂ ਲੱਕੜਾਂ ਦਾ ਮਨ ‘ਤੇ ਬਹੁਤ ਭਾਰ ਏ। ਬੜਾ ਦਰਦੀਲਾ ਹੁੰਦਾ ਏ ਆਪਣੀ ਜਨਮਦਾਤੀ ਨੂੰ ਅਗਨ ਹਵਾਲੇ ਕਰਨਾ। ਆਪਣੀ ਔਲਾਦ ਦੀਆਂ ਬਲਾਵਾਂ ਆਪਣੇ ਉਪਰ ਲੈਣ ਵਾਲੀ ਮਾਂ, ਪਲ ਪਲ ਕਰਕੇ ਜਲ ਰਹੀ ਏ ਜਿਸ ਨਾਲ ਮੇਰਾ ਅੰਤਰੀਵ ਰਾਖ ਹੋ ਰਿਹਾ ਏ। ਅਜਿਹੀਆਂ ਰਸਮਾਂ ਬੜੇ ਭਰੇ ਮਨ ਨਾਲ ਨਿਭਾਉਂਦਿਆਂ ਅੰਦਰਲਾ ਤਾਂ ਤਿੜਕ ਹੀ ਜਾਂਦਾ ਏ।
ਹਰ ਪਲ ਮੱਤਾਂ ਦੇਣ ਵਾਲੀ ਅਤੇ ਆਪਣੀ ਹੋਂਦ ਦਾ ਹਾਸਲ ਬਣਨ ਵਾਲੀ ਮਾਂ ਦੇ ਅਸਥ ਇਕ ਪੋਟਲੀ ਵਿਚ ਲੈ ਜਦ ਵਗਦੇ ਪਾਣੀਆਂ ਦੇ ਹਵਾਲੇ ਕਰਦੇ ਹਾਂ ਤਾਂ ਅੰਦਰ ਨੂੰ ਧੂਹ ਪੈਂਦੀ ਏ। ਭਰੇ ਮਨ ਨਾਲ ਮਾਂ ਨੂੰ ਸਦੀਵੀ ਅਲਵਿਦਾ ਆਖ ਬੋਝਲ ਕਦਮਾਂ ਨਾਲ ਸੁੰਨ-ਮਸੁੰਨ ਘਰ ਨੂੰ ਖਾਲੀ ਹੱਥ ਪਰਤਣਾ ਪੈਂਦਾ ਏ। ਘਰ ਵਿਚ ਪੈਂਦੇ ਭੁਲੇਖਿਆਂ ‘ਚੋਂ ਮਾਂ ਨੂੰ ਕਿਆਸਦਿਆਂ ਚੁੱਪ ਦੀ ਮਾਤਮੀ ਖਾਮੋਸ਼ੀ ਵਿਚ ਉਤਰਨਾ ਬਹੁਤ ਔਖਾ ਹੁੰਦਾ ਏ।
ਮਾਂ ਦੇ ਸਦੀਵੀ ਯਾਤਰਾ ‘ਤੇ ਤੁਰ ਜਾਣ ਨਾਲ ਖਾਮੋਸ਼ ਹੋ ਜਾਂਦੇ ਨੇ ਉਸ ਨਾਲ ਜੁੜੇ ਰੁਝੇਵੇਂ, ਘਰ ਵਿਚ ਪੈਦਾ ਹੋਣ ਵਾਲੀ ਸੁਖਨਮਈ ਹਲਚਲ ਅਤੇ ਵਿਹੜੇ ਵਿਚ ਸੰਗੀਤਕ ਸੁਰਾਂ ਛੇੜਨ ਵਾਲੀ ਉਸ ਦੀ ਡੰਗੋਰੀ ਦੀ ਠੱਕ ਠੱਕ।
ਮਾਂ ਦੇ ਤੁਰ ਜਾਣ ਨਾਲ ਉਦਾਸ ਹੋ ਗਈਆਂ ਨੇ ਓਟਿਆਂ ‘ਤੇ ਸਦਾ ਬੈਠੀਆਂ ਰਹਿਣ ਵਾਲੀਆਂ ਘੁੱਗੀਆਂ। ਪਰਦੇਸੀ ਪਰਿੰਦਿਆਂ ਨੂੰ ਰਾਤ ਦੀ ਬੇਹੀ ਰੋਟੀ ਦੇ ਭੋਰੇ ਖਵਾਉਣ ਵਾਲੀ ਮਾਂ ਨੂੰ ਉਡੀਕਦੇ ਨੇ ਬਨੇਰੇ ‘ਤੇ ਬੈਠੇ ਸਿਰ ਸੁੱਟੀ ਪੰਛੀ। ਉਨ੍ਹਾਂ ਨੂੰ ਅਜੇ ਵੀ ਆਸ ਏ ਕਿ ਮਾਂ ਸ਼ਾਇਦ ਸ਼ਹਿਰ ਤੋਂ ਪਰਤ ਆਵੇਗੀ ਅਤੇ ਫਿਰ ਆਪਣਾ ਨਿੱਤ ਦਾ ਕਰਮ ਦੁਹਰਾਏਗੀ। ਉਹ ਪਾਵੇਗੀ ਮਿੱਟੀ ਦੇ ਕਟੋਰੇ ਵਿਚ ਪਾਣੀ ਅਤੇ ਵਿਹੜੇ ਵਿਚ ਖਿਲਾਰੇਗੀ ਚਿੜੀਆਂ ਲਈ ਚੋਗ।
ਮਾਂ ਦੇ ਤੁਰ ਜਾਣ ਨਾਲ ਸੰਦੂਕ ਵਿਚ ਪਈਆਂ ਫੁਲਕਾਰੀਆਂ, ਚਾਦਰਾਂ, ਰਜਾਈਆਂ, ਖੇਸਾਂ, ਸਿਰਹਾਣਿਆਂ ਅਤੇ ਇਨ੍ਹਾਂ ਉਪਰ ਰੀਝਾਂ ਨਾਲ ਪਾਏ ਫੁੱਲ-ਬੂਟੇ, ਤੋਤੇ, ਚਿੜੀਆਂ ਅਤੇ ਮੋਰ ਬਹੁਤ ਉਦਾਸ ਨੇ। ਵਿਰਾਸਤੀ ਵਸਤਾਂ ਹੁਣ ਰਹਿੰਦੀ ਉਮਰ ਮਾਂ ਦੇ ਕੰਬਦੇ ਹੱਥਾਂ ਦੀ ਛੂਹ ਲਈ ਤਰਸਣਗੀਆਂ। ਕਦੇ ਨਹੀਂ ਪਰਤਣੀ ਇਨ੍ਹਾਂ ਨੂੰ ਗਾਹੇ-ਬਗਾਹੇ ਨਿਹਾਰਨ ਵਾਲੀ ਲੋਚਾ।
ਬੜਾ ਲਿੰਬ-ਪੋਚ ਕੇ ਰੱਖਦੀ ਸੀ ਮਾਂ ਆਪਣੇ ਚੁੱਲੇ ਚੌਂਕੇ ਨੂੰ। ਉਸ ਦੀ ਬੜੀ ਤਮੰਨਾ ਸੀ ਕਿ ਕੜ੍ਹਿਆ ਦੁੱਧ, ਮੱਕੀ ਦੀ ਰੋਟੀ ਅਤੇ ਸਾਗ ਖਾਣ ਵਾਲੇ ਉਸ ਦੇ ਲਾਡਲੇ ਜੀਵਨ ਦੀਆਂ ਸੁੱਚੀਆਂ ਪੈੜਾਂ ਸਿਰਜਣ। ਸਾਗ ਦੀ ਲੱਪ ਵਿਚ ਪਾਈ ਮੱਖਣ ਦੀ ਡਲੀ ਵਿਚੋਂ ਅਸੀਸ ਡੁੱਲ੍ਹਦੀ ਸੀ। ਪਰ ਹੁਣ ਖਾਮੋਸ਼ ਏ ਤੌੜੀ, ਕਾੜ੍ਹਨੀ ਤੇ ਇਨ੍ਹਾਂ ਵਿਚਲੇ ਦੁੱਧ ਅਤੇ ਸਾਗ ਦੀ ਸਾਰੇ ਘਰ ਵਿਚ ਫੈਲਦੀ ਖੁਸ਼ਬੂ। ਬਹੁਤ ਮਾਯੂਸ ਹੋ ਗਿਆ ਏ ਚੌਂਕਾ, ਇਸ ‘ਚ ਪਈਆਂ ਤੌੜੀਆਂ, ਚਕਲੇ ਅਤੇ ਵੇਲਣੇ।
ਮਾਂ ਦੇ ਤੁਰ ਜਾਣ ਨਾਲ ਹੀ ਮਾਂ ਦੇ ਆਲੇ-ਦੁਆਲੇ ਸਿਰਜਿਆ ਰਿਸ਼ਤਿਆਂ ਦਾ ਤਲਿੱਸਮ ਤਿੜਕਣ ਲੱਗ ਪਿਆ ਏ। ਰਿਸ਼ਤਿਆਂ ਦਾ ਨਿੱਘ-ਮਾਣਨੀ ਅਤੇ ਰੋਅਬ-ਜਮਾਉਣੀ ਮਨ-ਬਿਰਤੀ ਵੀ ਤਿੜਕਣ ਦੀ ਪੀੜਾ ਹੰਢਾ ਰਹੀ ਏ। ਜਾਰੋ-ਜਾਰ ਰੋਂਦਾ ਏ ਸਾਂਝਾਂ, ਸ਼ਫਾਕਤਾਂ, ਸਿਆਣਪਾਂ ਅਤੇ ਸੋਚਾਂ ਦਾ ਵਿਯੋਗਿਆ ਕਾਫਲਾ। ਸਬੰਧਾਂ ‘ਚ ਮੋਹ-ਮੁਹੱਬਤ ਦਾ ਨਿੱਘ ਭਰਨ ਵਾਲੀ ਮਾਂ ਦੀ ਅਣਹੋਂਦ ਨੇ ਚਾਅ-ਚਸ਼ਮਿਆਂ ਦੀ ਧਾਰਾ ਨੂੰ ਸੁੱਕਣੇ ਪਾ ਦਿਤਾ ਏ।
ਮਾਂ ਚਲੇ ਗਈ ਏ ਤਾਂ ਉਸ ਦੇ ਨਾਲ ਹੀ ਮਰਨਹਾਰੀ ਹੋ ਗਈ ਏ ਉਸ ਦੀਆਂ ਅਸੀਸਾਂ ਦੀ ਝੜੀ, ਦੁਆਵਾਂ ਦਾ ਸ਼ੁਭ-ਕਰਮਨ, ਸ਼ੁਭ-ਇਛਾਵਾਂ ਦੀ ਕਿਣਮਿਣ, ਯੁੱਗਾਂ ਜੇਡੀ ਉਮਰ ਦੀ ਕਾਮਨਾ ਅਤੇ ਦਿਲੀ ਵਲਵਲਿਆਂ ਦਾ ਮੋਹਵੰਤਾ ਸ਼ਗੂਫਾ।
ਮਾਂ ਤੁਰ ਗਈ ਏ ਤਾਂ ਹੁਣ ਕਿਸੇ ਨੇ ਨਹੀਂ ਘਰ ਤੋਂ ਦੂਰ ਜਾਂਦੀਆਂ ਪੈੜਾਂ ਨੂੰ ਨਿਹਾਰਨਾ, ਦਰਾਂ ਵਿਚ ਪਾਣੀ ਡੋਲ੍ਹਣਾ, ਬਲਾਵਾਂ ਉਤਾਰਨੀਆਂ ਅਤੇ ਜਲਦੀ ਤੇ ਵੇਲੇ ਸਿਰ ਵਾਪਸ ਪਰਤ ਆਉਣ ਦੀ ਤਾਕੀਦ ਕਰਨੀ। ਕਿਸੇ ਨੇ ਨਹੀਂ ਦਿਨ ਢਲਦੇ ਸਾਰ ਹੀ ਦਰਾਂ ਵਿਚ ਖੜਨਾ, ਦੂਰ ਤੀਕ ਘਰ ਨੂੰ ਮੁੜਦੀ ਪੈੜ-ਚਾਲ ਦੀ ਉਡੀਕ ਕਰਨੀ, ਬਰਾਂਡੇ ਵਿਚ ਮੰਜੇ ‘ਤੇ ਬੈਠ ਕੇ ਅੱਖਾਂ ‘ਤੇ ਹੱਥਾਂ ਦੀ ਓਟ ਬਣਾ ਕੇ ਰਾਹ ਤੱਕਣਾ ਅਤੇ ਕਮਜ਼ੋਰ ਹੋਣ ਦੇ ਬਾਵਜੂਦ ਘਰ ਪਰਤਿਆਂ ਲਈ ਪਾਣੀ/ਚਾਹ/ਦੁੱਧ ਦਾ ਗਲਾਸ ਲੈ ਕੇ ਉਨ੍ਹਾਂ ਦੀ ਭੁੱਖ ਨੂੰ ਆਪਣੇ ਵਿਚ ਸਮਾਉਣਾ।
ਮਾਂ ਦੇ ਤੁਰ ਜਾਣ ਨਾਲ ਹੀ ਤੁਰ ਗਏ ਨੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ, ਭਤੀਜੇ-ਭਤੀਜੀਆਂ ਨਾਲ ਲਡਾਏ ਲਾਡ, ਉਨ੍ਹਾਂ ਦੀਆਂ ਕੀਤੀਆਂ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਅਤੇ ਮਾਂ ਦੀਆਂ ਝਿੜਕਾਂ ਦਾ ਵਿਸਮਾਦ।
ਹੁਣ ਕਦੇ ਨਹੀਂ ਮਾਂ ਦੀ ਹਾਕ ਨੇ ਤੁਹਾਡੇ ਰੁਤਬਿਆਂ ਨੂੰ ਤੁਹਾਡੇ ਵਿਚੋਂ ਮਨਫੀ ਕਰਨਾ, ਦਬਕੇ ਨੇ ਤੁਹਾਡੀ ਅਫਸਰੀ ਦੀ ਫੂਕ ਕੱਢਣੀ, ਰੋਅਬ ਨੇ ਤੁਹਾਡੀ ਸ਼ਾਨੋ-ਸ਼ੌਕਤ ਨੂੰ ਅੰਬਰ ਤੋਂ ਧਰਤੀ ‘ਤੇ ਉਤਾਰਨਾ ਅਤੇ ਘੁਰਕੀ ਨੇ ਤੁਹਾਡੀ ਅੜਬਾਈ ਨੂੰ ਆਪਣੀ ਔਕਾਤ ਦੇ ਸਨਮੁੱਖ ਕਰਨਾ। ਉਸ ਦੀ ਉਮਰ ਭਰ ਦੀ ਕਮਾਈ ਸਿਆਣਪ ਸਾਹਵੇਂ ਤੁਹਾਡੀਆਂ ਕਿਤਾਬੀ ਸਿਆਣਪਾਂ ਬੌਣੀਆਂ ਅਤੇ ਉਸ ਦੀ ਜੀਵਨ-ਜਾਚ ਸਨਮੁੱਖ ਤੁਹਾਡੀ ਜੀਵ-ਸ਼ੈਲੀ ਨਿਗੂਣੀ।
ਮਾਂ ਦੇ ਤੁਰ ਜਾਣ ਨਾਲ ਪੈਦਾ ਹੁੰਦਾ ਏ, ਇਕ ਖਲਾਅ ਜਿਸ ਨੂੰ ਕੋਈ ਵੀ, ਕਦੇ ਵੀ ਨਹੀਂ ਭਰ ਸਕਦਾ। ਇਸ ਨੂੰ ਸਿਰਫ ਮਾਂ ਹੀ ਭਰ ਸਕਦੀ ਏ। ਮਾਂ ਦਾ ਕੋਈ ਨਹੀਂ ਬਦਲ। ਇਕ ਖੱਪਾ ਸਾਰੀ ਉਮਰ ਰੜਕਦਾ ਰਹਿੰਦਾ ਏ ਅਤੇ ਇਸ ਦੇ ਖਾਲੀਪਣ ‘ਚੋਂ ਹੀ ਅਸੀਂ ਬਹੁਤੀ ਵਾਰ ਜੀਵਨ ਦਾ ਸੱਚ ਅਤੇ ਅੰਦਰੂਨੀ ਪਰਤਾਂ ਨੂੰ ਫਰੋਲਦੇ। ਮਾਂ ਦੀ ਘਾਟ ਦਾ ਅਹਿਸਾਸ ਸਿਰਫ ਮਾਂ-ਮਛੋਰ ਹੀ ਜਾਣਦੇ ਹਨ ਜਾਂ ਇਸ ਦਾ ਤੀਬਰ ਅਹਿਸਾਸ ਸਿਰਫ ਉਦੋਂ ਹੀ ਹੁੰਦਾ ਏ ਜਦ ਉਹ ਤੁਰ ਜਾਂਦੀ ਏ।
ਮਾਂ ਦੇ ਤੁਰ ਜਾਣ ਨਾਲ ਅਲੋਪ ਹੋ ਗਿਆ ਏ ਇਕ ਮਿਲਣ ਬਿੰਦੂ, ਜਿਥੇ ਸਾਰੀਆਂ ਰਿਸ਼ਤੇਦਾਰੀਆਂ ਤੇ ਸਾਕ-ਸਕੀਰੀਆਂ ਮਿਲਦੀਆਂ ਸਨ ਅਤੇ ਮਾਂ ਹਰ ਇਕ ਨੂੰ ਬਣਦੀ ਥਾਂ ਦਿੰਦੀ ਸੀ। ਉਸ ਦੀ ਕਚਹਿਰੀ ਵਿਚ ਆਪਸੀ ਰੰਜਿਸ਼ਾਂ, ਗਲਤ-ਫਹਿਮੀਆਂ, ਅਫਵਾਹਾਂ ਅਤੇ ਭਰਮਾਂ ਦਾ ਨਿਪਟਾਰਾ ਹੁੰਦਾ। ਉਹ ਬਿਨਾ ਕਿਸੇ ਲਿਹਾਜ ਦੇ ਝਾੜ, ਦੁਲਾਰ ਅਤੇ ਉਦਾਸੇ ਚਿਹਰਿਆਂ ‘ਤੇ ਖੁਸ਼ੀ ਦੀ ਪਰਤ ਖਿਲਾਰ ਵੀ ਸਕਦੀ ਸੀ। ਉਸ ਦੇ ਸਾਹਵੇਂ ਸਾਰੇ ਬਰਾਬਰ। ਅਣਲਿਖੇ ਅਸੂਲਾਂ ਅਤੇ ਸਚਿਆਰੇ ਕਾਨੂੰਨਾਂ ਦੀ ਪਾਲਣਾ, ਉਸ ਦਾ ਨਿਯਮ। ਹਰ ਇਕ ਨੂੰ ਉਸ ਦੀ ਔਕਾਤ ਵਿਚ ਰੱਖਣਾ, ਉਸ ਦਾ ਅਹਿਦ।
ਅੱਖਰਾਂ ‘ਚੋਂ ਆਪਣੇ ਆਪ ਨੂੰ ਵਿਸਥਾਰਦਿਆਂ ਦੇਖ ਮਾਂ ਬਹੁਤ ਖੁਸ਼ ਹੁੰਦੀ ਪਰ ਉਸ ਨੂੰ ਸਦਾ ਇਹ ਫਿਕਰ ਹੁੰਦਾ ਸੀ ਕਿ ਅੱਖਰਾਂ ਨਾਲ ਮੱਥਾ ਮਾਰਨ ਵਾਲਾ ਮੇਰਾ ਲਾਡਲਾ ਆਪਣੀ ਸਿਹਤ ਨਾ ਖਰਾਬ ਕਰ ਲਵੇ। ਅਕਸਰ ਹੀ ਕਹਿੰਦੀ ਕਿ ਪੁੱਤ ਬਹੁਤ ਰਾਤ ਹੋ ਗਈ ਏ ਸੌਂ ਜਾਹ। ਹੁਣ ਨਹੀਂ ਕਿਸੇ ਨੇ ਇੰਨੇ ਮੋਹ ਨਾਲ ਦਿਲ ਦੀ ਫਿਕਰਮੰਦੀ ‘ਚੋਂ ਸੌਂ ਜਾਣ ਲਈ ਕਹਿਣਾ ਅਤੇ ਨਾ ਹੀ ਮਮਤਾਈ ਲੋਰ ਨੇ ਸੁਪਨਿਆਂ ਦੀ ਦੁਨੀਆਂ ਵਿਚ ਬਿਖਰਨਾ। ਬੜੀ ਵਾਰ ਮਾਂ ਨੂੰ ਸਮਝਾਉਂਦਾ ਸਾਂ ਕਿ ਇਨ੍ਹਾਂ ਹਰਫਾਂ ਨੇ ਮੈਨੂੰ ਬੜਾ ਕੁਝ ਦਿਤਾ ਏ। ਤੇਰੀ ਕਿਰਤ ਕਮਾਈ ਅਤੇ ਇਨ੍ਹਾਂ ਅੱਖਰਾਂ ਦਾ ਕਰਜ ਉਤਾਰਨ ਲਈ ਹੀ ਇਨ੍ਹਾਂ ਨਾਲ ਗੁਫਤਗੂ ਕਰਦਾ ਹਾਂ। ਪਰ ਭੋਲੀ ਮਾਂ ਨੂੰ ਇਸ ਨਾਲ ਕੀ ਸਰੋਕਾਰ। ਉਹਨੂੰ ਤਾਂ ਆਪਣੇ ਲਾਡਲੇ ਦੀ ਸਿਹਤ ਦਾ ਫਿਕਰ ਹੀ ਟਿਕਣ ਨਹੀਂ ਸੀ ਦਿੰਦਾ।
ਮਾਂ ਦੇ ਸਦੀਵੀ ਵਿਛੋੜੇ ਨਾਲ ਹੀ ਬੜਾ ਕੁਝ ਚੇਤਿਆਂ ਦੀ ਜੂਹ ‘ਚ ਉਭਰਨ ਲੱਗਦਾ ਏ। ਮਾਂ ਦੱਸਦੀ ਹੁੰਦੀ ਸੀ ਕਿ ਕੁੱਛੜ ਚੁੱਕ ਕੇ ਵੀਹ ਵੀਹ ਕੋਹ ਤੁਰ ਕੇ ਥਕਾਵਟ ਨਹੀਂ ਸੀ ਹੁੰਦੀ! ਕਿਵੇਂ ਆੜ ਵਿਚ ਬੱਚਿਆਂ ਨੂੰ ਲਿਟਾ ਕੇ ਕਪਾਹ ਚੁਗਦਿਆਂ, ਮੁਸੱæਕਤ ਨਾਲ ਜ਼ਿੰਦਗੀ ਜਿਉਣ ਦੇ ਰਾਹੇ ਤੋਰਿਆ ਅਤੇ ਕਿਵੇਂ ਕੱਚੀਆਂ ਕੰਧਾਂ ਨੂੰ ਘਰ ਦੇ ਅਰਥ ਦੇਣ ਲਈ ਰਾਤ-ਦਿਨ ਮਿਹਨਤ ਦੇ ਸੁੱਖਨਮਈ ਸਫਰ ਦਾ ਸਹਿਜ-ਅਨੰਦ ਮਾਣਿਆ।
ਮਾਂ ਦੇ ਤੁਰ ਜਾਣ ਨਾਲ ਹੀ ਉਦਾਸ ਹੋ ਗਈਆਂ ਨੇ ਉਹਦੀਆਂ ਮੱਝਾਂ ਤੇ ਗਾਂਵਾਂ, ਉਸ ਦੀਆਂ ਘੜੋਲੀਆਂ ਅਤੇ ਘੜਵੰਝੀਆਂ, ਭੜੋਲੇ ਅਤੇ ਭੜੋਲੀਆਂ। ਸਾਂਭ ਸਾਂਭ ਕੇ ਰੱਖੀਆਂ ਵਸਤਾਂ, ਪੋਟਲੀਆਂ ਅਤੇ ਪੇਟੀਆਂ। ਬਹੁਤ ਮਹਿਫੂਜ਼ ਸੀ ਉਸ ਦਾ ਅਜ਼ੀਮ ਖਜਾਨਾ, ਵਿਰਾਸਤ, ਅਮੁੱਲ-ਜਖੀਰਾ ਜੋ ਉਸ ਨੇ ਆਪਣੇ ਪੋਤੇ-ਪੋਤੀਆਂ ਦੇ ਵਿਆਹਾਂ ਲਈ ਆਪਣੇ ਬੱਚਿਆਂ ਤੋਂ ਲੁਕੋ ਕੇ ਰੱਖਿਆ ਸੀ। ਇਸੇ ਕਰਕੇ ਹੀ ਆਪਣੀ ਪੋਤੀ ਦੀ ਬੇਵਕਤੀ ਮੌਤ ‘ਤੇ ਉਹ ਟੁੱਟ ਗਈ ਸੀ। ਇਸ ਸਦਮੇ ‘ਚੋਂ ਉਭਰਨਾ ਉਸ ਦੀ ਬਜ਼ੁਰਗ ਅਵਸਥਾ ਲਈ ਅਸੰਭਵ ਸੀ ਅਤੇ ਹੌਲੀ ਹੌਲੀ ਉਹ ਆਪਣੀ ਪੋਤੀ ਦੇ ਦੇਸ਼ ਨੂੰ ਹੀ ਉਡਾਰੀ ਮਾਰ ਗਈ।
ਅਸੀਸਾਂ, ਦੁਆਵਾਂ ਅਤੇ ਸ਼ੁਭ-ਇੱਛਾਵਾਂ ਵੰਡਣ ਵਾਲੀ ਮਾਂ ਇਕ ਉਦਾਸ ਜਿਹੀ ਤਸਵੀਰ ਬਣ ਕੇ ਕੰਧ ‘ਤੇ ਲਟਕ ਜਾਵੇਗੀ। ਉਸ ਦੀ ਬਹੁਤ ਯਾਦ ਆਵੇਗੀ ਜਦ ਕਿਸੇ ਬਜ਼ੁਰਗੀ ਨਸੀਹਤ ਦੀ ਤੋਟ ਆਵੇਗੀ, ਉਸ ਦੀਆਂ ਸਹਿਜ-ਸਿਆਣਪਾਂ ਦਾ ਘਾਟਾ ਮਨ-ਮਸਤਕ ਨੂੰ ਖੜਕਾਵੇਗਾ, ਉਸ ਦੀਆਂ ਸੱਚੀਆਂ ਤੇ ਕੋਰੀਆਂ ਗੱਲਾਂ ਦਾ ਵਰਕਾ ਮਨ ਦੇ ਚਿੱਤਰਪੱਟ ‘ਤੇ ਉਭਰੇਗਾ, ਉਸ ਦੀ ਬੇਬਾਕੀ ਤੇ ਬੇ-ਲਿਹਾਜੀ ਦਾ ਗੱਲਾਂਬਾਤਾਂ ਵਿਚ ਜ਼ਿਕਰ ਆਵੇਗਾ, ਉਸ ਦੇ ਸਿਰੜ-ਸਾਧਨਾ ਦੀ ਸਾਖੀ, ਸਾਥੀਆਂ ਦੀ ਗੱਲਬਾਤ ਦਾ ਵਿਸ਼ਾ ਬਣੇਗੀ ਅਤੇ ਉਸ ਦੇ ਭਵਿੱਖਮੁਖੀ ਵਿਚਾਰਾਂ ਦਾ ਵਰਣਨ ਜੀਵਨ-ਸ਼ੈਲੀ ਨੂੰ ਪ੍ਰਭਾਵਿਤ ਕਰੇਗਾ।
ਘਰ ਦੇ ਕੇਂਦਰ ਬਿੰਦੂ ਤੋਂ ਕੰਧ ‘ਤੇ ਲਟਕਦੀ ਤਸਵੀਰ ਤੀਕ ਦਾ ਸਫਰ, ਇਕ ਚੀਸ, ਡੂੰਘਾ ਦਰਦ, ਬੇਜ਼ੁਬਾਨ ਵੇਦਨਾ, ਖਾਰੇ ਅੱਥਰੂ ਦੀ ਤ੍ਰਾਸਦੀ, ਹਉਕੇ ਦਾ ਸਾਹਾਂ ਵਿਚ ਫੈਲਣਾ, ਅੱਖਰਾਂ ਦਾ ਗਮ ਬਣ ਕੇ ਵਕਤ ਦੇ ਵਰਕੇ ‘ਤੇ ਪਸਰਨਾ ਅਤੇ ਬੋਲਾਂ ਵਿਚ ਪੀੜ ਦਾ ਸਮਾਉਣਾ। ਮਾਂ ਦੀ ਤਸਵੀਰ ‘ਚੋਂ ਉਸ ਦੇ ਸੁਪਨਿਆਂ ਨੂੰ ਨਿਹਾਰਨਾ ਅਤੇ ਆਪਣੇ-ਆਪ ਨੂੰ ਉਸ ਦੇ ਸੁਪਨਿਆਂ ਤੱਕ ਵਿਸਥਾਰਨਾ-ਸਿਮਰਤੀਆਂ ਦੇ ਦੇਸ਼ ਤੁਰ ਗਈ ਮਾਂ ਨੂੰ ਸੱਚੀ-ਸੁੱਚੀ ਸ਼ਰਧਾਂਜਲੀ। ਉਸ ਦੇ ਸੰਘਰਸ਼ਸ਼ੀਲ ਜੀਵਨ ਨੂੰ ਪਾਕ ਅਕੀਦਤ, ਉਸ ਦੇ ਸਮੁੱਚੇ ਅਸਤਿਤਵ ਨੂੰ ਸ਼ਰਧਾ ਦੇ ਫੁੱਲ।
ਮਾਂ ਤੁਰ ਗਈ ਏ ਤਾਂ ਨਾਲ ਹੀ ਅਲਵਿਦਾ ਹੋ ਗਈ ਏ ਉਸ ਦੀ ਰਹਿਨੁਮਾਈ, ਸੁਯੋਗ ਅਗਵਾਈ, ਨਿੱਕੀਆਂ ਨਿੱਕੀਆਂ ਬਾਤਾਂ ‘ਚੋਂ ਜੀਵਨ ਦੇ ਸੁੱਚੇ ਮੁੱਲਾਂ ਦਾ ਵਿਖਿਆਨ, ਕਰਮਯੋਗਤਾ ਅਤੇ ਕਰਮ-ਸਾਧਨਾ ਦੇ ਸੰਗਮ ‘ਚੋਂ ਵਿਸਤ੍ਰਿਤ ਹੁੰਦਾ ਇਨਸਾਨ।
ਮਾਂ ਤਾਂ ਤੁਰ ਗਈ ਏ ਪਰ ਮਾਂ ਨੇ ਸਦਾ ਹੀ ਚੇਤਿਆ ਵਿਚ ਰਹਿਣਾ, ਉਸ ਦੀ ਸੁੱਚੀ-ਨਰੋਈ ਸੋਚ ਜੀਵਨ ਦਾ ਗਹਿਣਾ, ਘਰ ਦੀ ਹਰ ਵਸਤ ਵਿਚ ਉਸ ਦਾ ਅਕਸ ਚਾਰੇ ਪਾਸੇ ਪਸਰੀ ਉਸ ਦੀ ਹੋਂਦ, ਆਲੇ-ਦੁਆਲੇ ਵਿਚ ਪੈਂਦਾ ਝਉਲਾ। ਉਸ ਦੀ ਸ਼ਖਸੀਅਤ ਦੇ ਔਲਾਦ ਵਿਚੋਂ ਦੀਦਾਰੇ, ਉਸ ਦੇ ਸਰੋਕਾਰਾਂ ਦੀ ਉਸ ਦੇ ਬਾਗ-ਬਗੀਚੇ ਵਿਚੋਂ ਝਰਦੀ ਰੋਸ਼ਨੀ ਦੀ ਕਾਤਰ ਅਤੇ ਜੀਵਨ ਸੰਘਰਸ਼ ਦੀ ਤਪਸ਼।
ਮਾਂ ਨੂੰ ਸੱਚੀ ਸੁੱਚੀ ਅਕੀਦਤ ਏ ਉਸ ਦੀਆਂ ਨਸੀਹਤਾਂ ‘ਤੇ ਅਮਲ, ਜੀਵਨ-ਜਾਚ ਨੂੰ ਸਜ਼ਦਾ, ਕਿਰਤ-ਸਾਧਨਾ ਨੂੰ ਸਲਾਮ, ਕਦਰਾਂ-ਕੀਮਤਾਂ ਨੂੰ ਜੀਵਨ ‘ਚ ਪਾਲਣਾ, ਮੋਹ ਨੂੰ ਚੌਗਿਰਦੇ ਵਿਚ ਫੈਲਾਉਣਾ, ਮਮਤਾਈ ਸੋਚ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਨਾਮ ਲਾਉਣਾ ਅਤੇ ਸਮਾਜ ਨੂੰ ਕੁਝ ਸਾਰਥਕ, ਸਵੱਛ, ਸੁੱਚਾ ਤੇ ਸੁਯੋਗ ਦੇਣ ਦੇ ਕੇ ਇਸ ਜਹਾਨ ਤੋਂ ਰੁਖਸਤ ਹੋਣਾ।