ਰੋਮ ਵਿਚ ਗੋਆ ਦੀ ਸਰਦਾਰੀ

ਗੁਲਜ਼ਾਰ ਸਿੰਘ ਸੰਧੂ
ਕੀ ਤੁਸੀਂ ਜਾਣਦੇ ਹੋ ਕਿ ਵਰਤਮਾਨ ਪੋਪ ਫਰਾਂਸਿਸ ਦੀ ਡਾਕ ਦੇਖਣ ਵਾਲੀ ਦੱਖਣੀ ਗੋਆ ਦੀ ਜੰਮੀ ਜਾਈ ਸਿਸਟਰ ਲਿਊਸੀ ਬਰਿੱਟੋ 69 ਹੈ। ਉਹ ਹਿੰਦੀ, ਮਰਾਠੀ ਤੇ ਕੋਂਕਨ ਤੋਂ ਬਿਨਾ ਪੁਰਤਗੀਜ਼ ਪੋਲਿਸ਼, ਜਰਮਨ, ਫਰਾਂਸੀਸੀ, ਸਪੈਨਿਸ਼ ਤੇ ਅੰਗਰੇਜ਼ੀ ਭਾਸ਼ਾਵਾਂ ਜਾਣਦੀ ਹੈ। ਪੋਪ ਨੂੰ ਹਰ ਰੋਜ਼ ਦੁਨੀਆਂ ਭਰ ਤੋਂ ਡੇਢ ਦੋ ਸੌ ਚਿੱਠੀਆਂ ਆਉਂਦੀਆਂ ਹਨ। ਲਿਖਣ ਵਾਲੇ ਬੱਚੇ ਵੀ ਹਨ, ਬੁੱਢੇ ਤੇ ਲੋੜਵੰਦ ਵੀ।

ਕੈਥੋਲਿਕ ਚਰਚ ਨੂੰ ਪ੍ਰਣਾਏ ਧਰਮੀ ਲੋਕ ਪੋਪ ਕੋਲੋਂ ਕੇਵਲ ਸ਼ੁਭ ਇਛਾਵਾਂ ਤੇ ਦੁਆਵਾਂ ਦੇ ਚਾਹਵਾਨ ਹਨ। ਘਰੇਲੂ ਝਗੜਿਆਂ ਦਾ ਹੱਲ ਪੁੱਛਣ ਵਾਲੇ ਵੀ। ਸਿਸਟਰ ਲਿਊਸੀ ਸਭ ਦੇ ਭੇਤ ਗੁਪਤ ਰੱਖਦੀ ਹੈ। ਉਹ ਇਸ ਤੋਂ ਪਹਿਲਾਂ ਪੋਪ ਬੈਨੇਡਿਕਟ ਤੇ ਪੋਪ ਜੌਹਨ ਪਾਲ ਦੀ ਡਾਕ ਵੀ ਦੇਖਦੀ ਰਹੀ। ਪੋਪ ਦੇ ਸਕੱਤਰੇਤ ਵਿਚ 300 ਅਧਿਕਾਰੀ ਤੇ ਕਰਮਚਾਰੀ ਹਨ। ਉਹ ਇਕੱਲੀ ਹੀ ਭਾਰਤੀ ਹੈ। ਉਹ ਹਰ ਤਿੰਨ ਸਾਲ ਪਿਛੋਂ ਗੋਆ ਵਿਚ ਆਪਣੀ ਜਨਮ ਭੂਮੀ ਵੇਖਣ ਆਉਂਦੀ ਹੈ।
ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਪੋਪ ਦਾ ਮੁਖ ਦਫਤਰ ਦੁਨੀਆਂ ਦੇ ਸਭ ਤੋਂ ਨਿੱਕੇ ਦੇਸ਼ ਵੈਟੀਕਨ ਸਿਟੀ ਵਿਚ ਹੈ। ਇਸ ਦੇਸ਼ ਦਾ ਕੁੱਲ ਰਕਬਾ ਚੱਪਾ 1æ4 ਮੁਰੱਬਾ ਮੀਲ ਹੈ। ਤੇ ਇਸ ਦੀ ਵੱਸੋਂ ਕਦੀ ਵੀ ਇਕ ਹਜ਼ਾਰ ਤੋਂ ਵਧ ਨਹੀਂ ਹੋਈ। ਤੇ ਇਥੋਂ ਦਾ ਕੋਈ ਵਸਨੀਕ ਅਨਪੜ੍ਹ ਨਹੀਂ।
ਹੋਰ ਪੁਛਦੇ ਹੋ ਤਾਂ ਵੈਟੀਕਨਸਿਟੀ ਸਾਰੇ ਪਾਸਿਉਂ ਰੋਮ ਵਿਚ ਘਿਰਿਆ ਹੋਇਆ ਹੈ ਤੇ ਰੋਮ ਇਟਲੀ ਦੀ ਰਾਜਧਾਨੀ ਹੈ। ਇਸ ਦੇਸ਼ ਦੀ ਸ਼ਕਤੀ ਵੀ ਕਮਾਲ ਹੈ। ਦੁਨੀਆਂ ਦੇ ਕੋਨੇ ਕੋਨੇ ਵਿਚ ਕੈਥੋਲਿਕ ਚਰਚ ਨੂੰ ਪ੍ਰਣਾਏ ਈਸਾਈ ਪੋਪ ਦੇ ਹੁਕਮਾਂ ਅਨੁਸਾਰ ਚਲਦੇ ਹਨ। ਵੈਟੀਕਨ ਸਿਟੀ ਦੀ ਰਾਜਧਾਨੀ ਆਪਣੀ ਹੈ। ਜਿਵੇਂ ਡਾਕਖਾਨਾ ਖਾਸ।
ਇਥੇ ਵੱਡੀ ਲਾਇਬਰੇਰੀ ਹੀ ਨਹੀਂ, ਨਕਸ਼ਾ ਗੈਲਰੀ ਵੀ ਹੈ। ਰਫੀਲ ਤੇ ਮਾਈਕੋਲੈਂਜਲੇ ਤੋਂ ਬਿਨਾ ਇਥੇ ਦਰਜਨਾਂ ਮੂਰਤੀਕਾਰਾਂ, ਚਿੱਤਰਕਾਰਾਂ ਨੇ ਭਾੜੇ ਉਤੇ ਅਤੇ ਭਾੜੇ ਤੋਂ ਬਿਨਾ ਖੁਸ਼ੀ ਖੁਸ਼ੀ ਕੰਮ ਕੀਤਾ ਹੈ।
ਮਾਈਕਲੈਂਜਲੋ ਦੀ ਮੌਤ ਸ਼ੇਕਸਪੀਅਰ ਦੇ ਜਨਮ ਵਰ੍ਹੇ ਵਿਚ ਹੋਈ। ਉਹ ਸ਼ੇਕਸਪੀਅਰ ਤੋਂ ਬਹੁਤ ਪਹਿਲਾਂ ਲੋਕਾਂ ਦੇ ਦਿਲਾਂ ਵਿਚ ਵੱਸ ਚੁਕਾ ਸੀ। ਕੀ ਇਹ ਹੈਰਾਨੀ ਦੀ ਗੱਲ ਨਹੀਂ ਕਿ ਸ਼ੇਕਸਪੀਅਰ ਦੇ ਜੀਵਨ ਤੇ ਕਾਰਜ ਬਾਰੇ ਤਾਂ ਹਾਲੀ ਵੀ ਭੁਲੇਖੇ ਤੇ ਭਰਮ ਹਨ। ਪਰ ਮਾਈਕਲੈਂਜਲੋ ਦਾ ਜੀਵਨ ਬਿਰਤਾਂਤ ਮਹੀਨਾਵਾਰ ਟਿੱਪਣੀਆਂ ਸਹਿਤ ਮਿਲਦਾ ਹੈ। ਇਸ ਕਾਰਨ ਉਸ ਵਲੋਂ ਆਪਣੇ ਭਰਾਵਾਂ ਤੇ ਭਤੀਜੇ ਨੂੰ ਲਿਖੀਆਂ 495 ਵੱਡ-ਆਕਾਰੀ ਚਿੱਠੀਆਂ ਹਨ। ਭਾਵੇਂ ਉਸ ਦੀ ਕਲਾ ਤੇ ਕਵਿਤਾ ਵੀ ਉਸ ਦੇ ਜੀਵਨ ਦੀ ਮੂੰਹ-ਬੋਲਦੀ ਤਸਵੀਰ ਹੈ।
1983 ਵਿਚ ਭਾਰਤ ਸਰਕਾਰ ਦੇ ਵਿਦਿਆ ਮੰਤਰਾਲੇ ਨੇ ਫਰਾਂਸ ਇੰਡੀਆ ਵਿਜ਼ਟਰਸ਼ਿੱਪ ਪ੍ਰੋਗਰਾਮ ਅਧੀਨ ਮੈਨੂੰ ਤੇ ਤਾਮਿਲ ਪੱਤਰਕਾਰ ਤੇ ਲੇਖਿਕਾ ਵਾਸੰਤੀ ਨੂੰ 15 ਦਿਨ ਲਈ ਫਰਾਂਸ ਭੇਜਿਆ ਸੀ। ਅਸੀਂ ਦਿੱਲੀ ਤੋਂ ਤੁਰਨ ਸਮੇਂ ਰਾਹ ਵਿਚ ਪੈਂਦੇ ਇਟਲੀ, ਆਸਟਰੀਆ ਤੇ ਸਵਿਜ਼ਰਲੈਂਡ ਦੇਸ਼ ਦੇਖਣ ਦਾ ਫੈਸਲਾ ਕੀਤਾ ਸੀ। ਵੈਟੀਕਨਸਿਟੀ ਵਿਖੇ ਮਾਈਕਲੈਂਜਲੋ ਦੀ ਚਿੱਤਰਕਾਰੀ ਦਾ ਅਨੰਦ ਮੈਂ 35 ਸਾਲ ਪਹਿਲਾਂ ਮਾਣ ਚੁਕਾ ਹਾਂ।
ਛੇ ਸਾਲ ਦੀ ਉਮਰ ਵਿਚ ਸਿਰ ਤੋਂ ਮਾਂ ਦਾ ਸਾਇਆ ਗੁਆ ਚੁੱਕਣ ਵਾਲਾ ਇਹ ਹੋਣਹਾਰ ਵਿਅਕਤੀ ਯੋਗ ਮਾਇਆ ਸਹਾਇਤਾ, ਬਾਦਸ਼ਾਹਾਂ ਵਲੋਂ ਦਿੱਤੇ ਗਏ ਠੇਕਿਆਂ ਦੀ ਮੁਕਰ-ਮੁਕਰਾਈ, ਤੇ ਉਗਰਾਹੀ ਲਈ ਕਚਹਿਰੀਆਂ ਵਿਚ ਧੱਕੇ ਖਾਂਦੇ ਬੁੱਤ-ਤਰਾਸ਼ੀ ਦਾ ਇਹ ਮਾਹਰ ਚਿੱਤਰਕਾਰੀ ਦੀ ਦੁਨੀਆਂ ਵਿਚ ਏਨਾ ਨਾਮਣਾ ਖੱਟ ਗਿਆ।
ਮਾਈਕਲੈਂਜਲੋ ਸੱਠ ਸਾਲ ਦਾ ਸੀ ਜਦੋਂ ਉਸ ਨੂੰ ਪੋਪ ਪਾਲ ਤੀਜੇ ਨੇ ਆਪਣਾ ਸਰਕਾਰੀ ਬੁੱਤਘਾੜਾ ਬਣਾਇਆ ਤੇ ਉਸ ਨੇ ਵੈਟੀਕਨ ਵਿਚ ਆਪਣੀ ਚਿੱਤਰਕਾਰੀ ਤੇ ਬੁੱਤ-ਤਰਾਸ਼ੀ ਦੇ ਜੌਹਰ ਵਿਖਾਏ। ਇਨ੍ਹਾਂ ਦਿਨਾਂ ਵਿਚ ਹੀ ਉਸ ਨੇ ਸੰਨ 1536 ਈਸਵੀ ਵਿਚ ਭਾਰਤ ਉਤੇ ਬਾਬਰ ਦੇ ਹਮਲੇ ਤੋਂ ਦਸ ਸਾਲ ਪਹਿਲਾਂ ਸਿਸਟੀਨ ਚੈਪਲ ਦੇ ਗਿਰਜਾਘਰ ਵਿਚ ‘ਦੀ ਲਾਸਟ ਜਜਮੈਂਟ’ ਦੀ ਸਿਰਜਣਾ ਕੀਤੀ। ਕਿਆਮਤ ਦੇ ਦਿਨ ਨਾਲ ਸਬੰਧਤ ਇਸ ਚਿੱਤਰਕਾਰੀ ਵਿਚ ਉਸ ਨੇ ਕਮਾਲ ਦੀਆਂ ਬੁਰਸ਼ ਛੂਹਾਂ ਵਰਤੀਆਂ ਹਨ। ਇਨ੍ਹਾਂ ਦਾ ਸਿੱਕਾ ਹਾਲੀ ਵੀ ਕਾਇਮ ਹੈ। ਇਥੋ ਮਾਈਕਲੈਂਜਲੋ ਨੇ ਕਰੋਪੀ ਦੇ ਮੂੰਹ ਆਏ ਮਨੁੱਖ ਦੇ ਬੰਦ ਬੰਦ ਕਟੀਂਦੇ ਹੋਣ ਦੀ ਦਸ਼ਾ ਸਿਰਜੀ ਹੈ।
ਜੇ ਵੈਟੀਕਨ ਸਿਟੀ ਦੀ ਅੰਦਰਲੀ ਸ਼ਕਤੀ ਦੀ ਗੱਲ ਦੁਹਰਾਉਣੀ ਹੋਵੇ ਤਾਂ ਇਕ ਚੌਥਾਈ ਮੁਰੱਬਾ ਮੀਲ ਦਾ ਪ੍ਰਭਾਵ ਇਟਲੀ ਦੇ ਸਾਰੇ ਦੇਸ਼ ਨਾਲੋਂ ਵੱਧ ਹੈ। ਖਾਣਾ-ਪੀਣਾ ਤੇ ਬਿਜਲੀ ਤਕ ਆਯਾਤ (ਇੰਪੋਰਟ) ਕਰਨ ਵਾਲੇ ਨਿੱਕੇ ਜਿਹੇ ਰਾਜ ਦੀ ਡਾਕ ਤਾਰ ਪ੍ਰਣਾਲੀ, ਰੇਡੀਓ ਸਟੇਸ਼ਨ, ਬੈਂਕਿੰਗ ਸਿਸਟਮ, ਟਕਸਾਲ, ਸਿੱਕਾ, ਮੁਹਰ ਤੇ ਅਖਬਾਰ ਆਦਿ ਆਪਣੇ ਹਨ।
ਕੈਲਾਸ਼ ਪੁਰੀ ਦਾ ਚਲਾਣਾ: 1965 ਤੋਂ ਬਰਤਾਨਵੀ ਨਾਗਰਿਕ ਬਣੀ ਕੈਲਾਸ਼ ਪੁਰੀ 90 ਸਾਲ ਦੀ ਲੰਮੀ ਤੇ ਸਫਲ ਉਮਰਾ ਭੋਗ ਕੇ ਰੱਬ ਨੂੰ ਪਿਆਰੀ ਹੋ ਗਈ ਹੈ। ਉਸ ਨੇ ਉਪਨਿਆਸਕਾਰੀ ਹੀ ਨਹੀਂ ਕੀਤੀ, ਕਵਿਤਾ ਵੀ ਲਿਖੀ। ਪਰ ਉਸ ਦਾ ਸਮੁੱਚਾ ਜੀਵਨ ਇਸਤਰੀ ਸ਼ਕਤੀਕਰਨ ਨੂੰ ਸਮਰਪਤ ਰਿਹਾ।
ਉਸ ਦੀਆਂ ਰਚਨਾਵਾਂ ਵਿਚੋਂ, ਮੈਂ ਇੱਕ ਔਰਤ, ਕਟਹਿਰੇ ਵਿਚ ਖੜੀ ਔਰਤ, ਦੋ ਤਜਵੀਜ਼ਾਂ, ਸੁਭਾਗਵਤੀ, ਕਾਲਾ ਮਣਕਾ, ਘਰੋਂ ਪਾਰ ਘਰ, ਔਰਤ ਦੀ ਔਕਾਤ ਤੇ ਪੈਗਾਮੇ-ਮੁਹੱਬਤ ਬਹੁਤ ਮਕਬੂਲ ਹੋਈਆਂ। ਉਸ ਦਾ ਕੱਢਿਆ ‘ਰੂਪਵਤੀ’ 1968 ਤੋਂ 1978 ਤੱਕ ਬਹੁਤ ਪੜ੍ਹਿਆ ਜਾਣ ਵਾਲਾ ਰਸਾਲਾ ਰਿਹਾ। ਉਹ ਤੇ ਉਸ ਦਾ ਪਤੀ ਗੋਪਾਲ ਸਿੰਘ ਪੁਰੀ ਬੜੇ ਮਿਲਣਸਾਰ ਤੇ ਮਹਿਮਾਨ ਨਿਵਾਜ ਜੀਊੜੇ ਸਨ। 1980 ਵਾਲੀ ਬਰਤਾਨਵੀ ਵਿਸ਼ਵ ਪੰਜਾਬੀ ਕਾਨਫਰੰਸ ਸਮੇਂ ਮੈਂ ਤੇ ਸੰਤ ਸਿੰਘ ਸੇਖੋਂ ਦੋ ਦਿਨ ਉਨ੍ਹਾਂ ਦੇ ਲਿਵਰਪੂਲ ਵਾਲੇ ਘਰ ਰਹੇ ਸਾਂ। 1995 ਵਿਚ ਉਸ ਦੇ ਪਤੀ ਗੋਪਾਲ ਸਿੰਘ ਪੁਰੀ ਦੇ ਅਕਾਲ ਚਲਾਣੇ ਪਿਛੋਂ ਮੇਰੀ ਪਤਨੀ ਸੁਰਜੀਤ ਵੀ ਕੈਲਾਸ਼ ਪੁਰੀ ਨੂੰ ਮਿਲ ਕੇ ਆਈ ਸੀ।
ਸਾਡੇ ਕੋਲ ਉਸ ਜੋੜੀ ਵਲੋਂ ਦਿਤੇ ਤੁਹਫੇ ਹਾਲੀ ਵੀ ਹਨ, ਜਿਹੜੇ ਉਨ੍ਹਾਂ ਦੀ ਯਾਦ ਦਿਲਵਾਉਂਦੇ ਰਹਿੰਦੇ ਹਨ।