ਸੰਤਾਲੀ ਵਾਲੀ ਵੰਡ ਦਾ ਬਿਆਨ

ਪੰਜਾਬ ਵਿਚ ਜੰਮੇ-ਪਲੇ ਅਤੇ ਅੱਜ ਕੱਲ੍ਹ ਇੰਗਲੈਂਡ ਵੱਸਦੇ ਚਿੱਤਰਕਾਰ ਬਲਰਾਜ ਖੰਨਾ (ਜਨਮ 1940) ਦਾ ਯੂਰਪੀ ਚਿੱਤਰਕਾਰਾਂ ਵਿਚ ਬੜਾ ਮਾਣ-ਤਾਣ ਹੈ। ਕੁਝ ਕਲਾ ਆਲੋਚਕਾਂ ਨੇ ਉਹਦੀ ਚਿੱਤਰਕਾਰੀ ਨੂੰ ਪੌਲ ਕਲੀ ਅਤੇ ਜੋਨ ਮੀਰੋ ਦੀ ਚਿੱਤਰਕਾਰੀ ਨਾਲ ਮੇਚਿਆ ਹੈ। ਬੁਰਸ਼ ਦੇ ਨਾਲ ਨਾਲ ਉਹਨੇ ਕਲਮ ਵੀ ਖੂਬ ਵਾਹੀ ਹੈ। ਉਹਦੀਆਂ ਲਿਖਤਾਂ ਵਿਚ ਵੱਖ ਵੱਖ ਵਕਤਾਂ ਦੀਆਂ ਹਕੀਕਤਾਂ ਝਾਤੀ ਮਾਰਦੀਆਂ ਹਨ।

ਇਸ ਲੇਖ ਵਿਚ ਆਮਨਾ ਕੌਰ ਨੇ ਉਹਦੇ ਨਵੇਂ ਨਾਵਲ ‘ਲਾਈਨ ਆਫ ਬਲੱਡ’ ਬਾਰੇ ਚਰਚਾ ਕੀਤੀ ਹੈ। -ਸੰਪਾਦਕ

ਆਮਨਾ ਕੌਰ
ਇੰਗਲੈਂਡ ਵਸਦੇ ਮਸ਼ਹੂਰ ਚਿੱਤਰਕਾਰ ਬਲਰਾਜ ਖੰਨਾ ਦੇ ਨਵੇਂ ਨਾਵਲ ‘ਲਾਈਨ ਆਫ਼ ਬਲੱਡ’ ਵਿਚ 1947 ਵਾਲੀ ਵੰਡ ਦਾ ਦਰਦ ਬਿਆਨ ਕੀਤਾ ਗਿਆ ਹੈ। ਬਲਰਾਜ ਉਦੋਂ ਸੱਤ ਵਰ੍ਹਿਆਂ ਦਾ ਸੀ ਜਦੋਂ ਪੰਜਾਬ ਦੇ ਦੋ ਟੋਟੇ ਹੋ ਗਏ ਸਨ। ਜਿਸ ਕਸਬੇ ਵਿਚ ਉਸ ਦੇ ਪੁਰਖੇ ਵਸਦੇ ਸਨ, ਉਹ ਵਾਹੀ ਗਈ ਲਕੀਰ ਦੇ ਐਨ ਉਪਰ ਸੀ ਅਤੇ ਉਸ ਵਕਤ ਜੋ ਕਤਲੋਗਾਰਤ ਹੋਈ ਤੇ ਜਿੱਦਾਂ ਮਨੁੱਖਤਾ ਦਾ ਘਾਣ ਹੋਇਆ, ਉਹ ਸਾਰਾ ਕੁਝ ਬਲਰਾਜ ਦੇ ਜ਼ਿਹਨ ਅੰਦਰ ਡੂੰਘਾ ਬੈਠ ਗਿਆ ਅਤੇ ਹੁਣ 70 ਵਰ੍ਹਿਆਂ ਬਾਅਦ ਉਸ ਨੇ ਇਹ ਗੰਢ ਨਾਵਲ ਲਿਖ ਕੇ ਖੋਲ੍ਹੀ ਹੈ।
‘ਲਾਈਨ ਆਫ ਬਲੱਡ’ ਤੋਂ ਪਹਿਲਾਂ ਬਲਰਾਜ ਖੰਨਾ ਨੇ ਕਈ ਪੁਸਤਕਾਂ ਲਿਖੀਆਂ ਹਨ। ਇਨ੍ਹਾਂ ਵਿਚੋਂ 1984 ਵਿਚ ਛਪੇ ਨਾਵਲ ‘ਨੇਸ਼ਨ ਆਫ ਫੂਲਜ਼’ ਨੂੰ ਅੰਗਰੇਜ਼ੀ ਵਿਚ 1950 ਤੋਂ ਬਾਅਦ ਛਪੇ ਅਹਿਮ 200 ਨਾਵਲਾਂ ਵਿਚ ਸ਼ੁਮਾਰ ਕੀਤਾ ਗਿਆ ਹੈ। ਇਸ ਨਾਵਲ ਬਦਲੇ ਉਹਨੂੰ ਵੱਕਾਰੀ ਵਿਨੀਫਰੈਡ ਹੋਲਟਬੀ ਇਨਾਮ ਨਾਲ ਨਵਾਜਿਆ ਗਿਆ। ਇਸ ਨਾਵਲ ਵਿਚ ਉਸ ਨੇ ਚੰਡੀਗੜ੍ਹ ਦਾ ਵੀ ਜ਼ਿਕਰ ਕੀਤਾ ਹੈ ਜਿਥੇ ਉਹ ਆਪਣੀ ਚੜ੍ਹਦੀ ਉਮਰ ਵਿਚ ਰਿਹਾ ਸੀ ਅਤੇ ਪੜ੍ਹਾਈ ਮੁਕੰਮਲ ਕੀਤੀ ਸੀ। ਅਸਲ ਵਿਚ ਬਲਰਾਜ ਖੰਨਾ ਦਾ ਚਿੱਤਰਕਾਰ ਬਣਨਾ ਵੀ ਮਹਿਜ਼ ਇਤਫ਼ਾਕ ਹੀ ਸੀ। ਚੰਡੀਗੜ੍ਹ ਪੜ੍ਹਦਿਆਂ ਪੜ੍ਹਦਿਆਂ 1962 ਵਿਚ ਉਹ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਲਈ ਆਕਸਫੋਰਡ ਯੂਨੀਵਰਸਿਟੀ ਚਲਾ ਗਿਆ। ਉਦੋਂ ਭਾਰਤ ਅਤੇ ਚੀਨ ਵਿਚਕਾਰ ਲੜਾਈ ਲੱਗਣ ਕਾਰਨ ਉਹ ਚੰਡੀਗੜ੍ਹ ਵਾਲੇ ਇਮਤਿਹਾਨ ਨਾ ਦੇ ਸਕਿਆ। ਉਂਜ ਜਦੋਂ ਉਹ ਚਿੱਤਰਕਾਰ ਬਣਿਆ ਤਾਂ ਉਸ ਨੇ 1971 ਵਿਚ ਬੰਗਲਾਦੇਸ਼ ਦੀ ਕਾਇਮੀ ਦੇ ਪ੍ਰਸੰਗ ਵਿਚ ਉਸ ਨੇ ਆਪਣੀ ਮਸ਼ਹੂਰ ਪੇਂਟਿੰਗ ‘ਬਰਥ ਆਫ਼ ਨੇਸ਼ਨ’ ਬਣਾਈ ਜੋ ਅੱਜ ਕੱਲ੍ਹ ਦਿੱਲੀ ਦੀ ਨੈਸ਼ਨਲ ਗੈਲਰੀ ਆਫ਼ ਮੌਡਰਨ ਆਰਟ ਵਿਚ ਪਈ ਹੈ। ਇਹ ਪੇਂਟਿੰਗ ਗੈਲਰੀ ਨੇ 1983 ਵਿਚ ਖਰੀਦੀ ਸੀ।
ਬਲਰਾਜ ਖੰਨਾ ਨੇ 1947 ਦੀ ਵੰਡ ਬਾਰੇ ਕੋਈ ਪੇਂਟਿੰਗ ਤਾਂ ਨਹੀਂ ਬਣਾਈ, ਪਰ ਬੰਗਲਾਦੇਸ਼ ਬਾਰੇ ਬਣਾਈ ਪੇਂਟਿੰਗ ‘ਬਰਥ ਆਫ ਨੇਸ਼ਨ’ ਨੂੰ ਉਹ ਇਸੇ ਵਰਗ ਵਿਚ ਰੱਖਦਾ ਹੈ। ਆਖਰਕਾਰ, 1947 ਵਿਚ ਵੀ ਤਾਂ ਇਕ ਹੋਰ ਮੁਲਕ ਦਾ ਜਨਮ ਹੋਇਆ ਸੀ!
‘ਲਾਈਨ ਆਫ਼ ਬਲੱਡ’ ਲੰਡਨ ਵਿਚ ਰਿਲੀਜ਼ ਕੀਤੀ ਗਈ। ਇਸ ਸਮਾਗਮ ਦੌਰਾਨ ਉਘੇ ਲਿਖਾਰੀ ਪੌਲ ਪਿਕਰਿੰਗ ਨੇ ਇਸ ਕਿਤਾਬ ਦੀਆਂ ਤਾਰੀਫ਼ਾਂ ਦੇ ਪੁਲ ਬੰਨੇ ਅਤੇ ਇਸ ਵਿਚਲੇ ਬਿਰਤਾਂਤ ਨੂੰ ਸੰਸਾਰ ਪ੍ਰਸਿਧ ਰੂਸੀ ਲਿਖਾਰੀ ਤਾਲਸਤਾਏ ਦੀਆਂ ਰਚਨਾਵਾਂ ਨਾਲ ਜੋੜਿਆ। ਉਸ ਮੁਤਾਬਕ, ਇਸ ਕਿਤਾਬ ਦੀ ਮਹਾਨਤਾ ਇਸ ਦੇ ਚੰਗੇ ਅਤੇ ਮਾੜੇ ਪਾਤਰਾਂ ਦੇ ਜ਼ੋਰਦਾਰ ਬਿਰਤਾਂਤ ਵਿਚ ਵੀ ਲੁਕੀ ਹੋਈ ਹੈ। ਕਿਤਾਬ ਦੇ ਸੰਪਾਦਕ ਅਤੀਂਦ੍ਰਯਾ ਗੁਪਤਾ ਮੁਤਾਬਕ, ਬਲਰਾਜ ਖੰਨਾ ਨੇ ਇਸ ਕਿਤਾਬ ਵਿਚ ਇਤਿਹਾਸ ਦੀ ਕਹਾਣੀ ਬਹੁਤ ਬਰੀਕੀ ਨਾਲ ਪਾਈ ਹੈ। ਲਿਖਾਰੀ ਉਸ ਵਕਤ ਨੂੰ ਪਾਠਕ ਦੀਆਂ ਅੱਖਾਂ ਅੱਗੇ ਸਕਾਰ ਕਰ ਜਾਂਦਾ ਹੈ। ਉਸ ਨੇ ਮੰਨਿਆ ਕਿ ਉਸ ਨੇ ਹੁਣ ਤੱਕ ਜਿੰਨੀਆਂ ਵੀ ਕਿਤਾਬਾਂ ਦਾ ਸੰਪਾਦਨ ਕੀਤਾ ਹੈ, ਉਸ ਵਿਚੋਂ ‘ਲਾਈਨ ਆਫ਼ ਬਲੱਡ’ ਦਾ ਦਰਜਾ ਸਭ ਤੋਂ ਉਪਰ ਹੈ।