ਵਾਰਸ ਸ਼ਾਹ ਦਾ ਪਿੰਡ

ਹੀਰ, ਵਾਰਸ ਸ਼ਾਹ ਦੀ ਅਮਰ ਰਚਨਾ ਹੈ। ਇਸ ਰਚਨਾ ਵਿਚ ਹੀਰ-ਰਾਂਝੇ ਦੀ ਪਿਆਰ-ਕਥਾ ਤਾਂ ਪਰੋਈ ਹੀ ਹੋਈ ਹੈ, ਉਸ ਵੇਲੇ ਦੇ ਪੰਜਾਬ ਅਤੇ ਪੰਜਾਬੀਆਂ ਦੇ ਦਰਸ਼ਨ ਵੀ ਇਸ ਰਚਨਾ ਵਿਚੋਂ ਹੋ ਜਾਂਦੇ ਹਨ। ਇਹ ਲੇਖ ਸੂਫੀ ਅਮਰਜੀਤ ਨੇ ਵਾਰਸ ਸ਼ਾਹ ਦੇ ਪਿੰਡ ਜੰਡਿਆਲਾ ਸ਼ੇਰ ਖਾਂ ਦੀ ਯਾਤਰਾ ਬਾਰੇ ਲਿਖਿਆ ਹੈ ਜਿਸ ਤੋਂ ਵਾਰਸ ਸ਼ਾਹ ਦੀ ਮਾਨਤਾ ਬਾਰੇ ਸੂਹ ਮਿਲਦੀ ਹੈ।

-ਸੰਪਾਦਕ
ਸੂਫ਼ੀ ਅਮਰਜੀਤ
ਉਘੇ ਸ਼ਾਇਰ ਵਾਰਸ ਸ਼ਾਹ ਦਾ ਪਿੰਡ ਜੰਡਿਆਲਾ ਸ਼ੇਰ ਖਾਂ ਬਹੁਤੀ ਦੂਰ ਨਹੀਂ ਸੀ। ਦੋ ਕੁ ਥਾਂਵਾਂ ਤੋਂ ਪਤਾ ਕੀਤਾ ਤਾਂ ਅੱਗੇ ਜੰਡਿਆਲਾ ਸ਼ੇਰ ਖ਼ਾਂ ਦਾ ਮੀਲ ਪੱਥਰ ਖੜ੍ਹਾ ਕਹਿ ਰਿਹਾ ਸੀ ਕਿ ਪੰਜਾਬੀ ਦੇ ਮਹਾਨ ਸ਼ਾਇਰ ਦੇ ਪਿੰਡ ਜਾਣ ਵਾਲੀ ਇਹੋ ਸੜਕ ਹੈ। ਲਹਿੰਦੇ ਪੰਜਾਬ ਵਿਚ ਵੀ ਪਿੰਡ ਸੜਕਾਂ ਨਾਲ ਜੋੜਨ ਵਾਲੀ ਸਕੀਮ ਦਾ ਹਿੱਸਾ ਜਾਪਦੇ ਹਨ। ਵਾਰਸ ਸ਼ਾਹ ਦੀ ਹੀਰ-ਰਾਂਝਾ ਸ਼ਾਹਕਾਰ ਰਚਨਾ ਹੈ। ਸਮੁੱਚੇ ਪੰਜਾਬੀ ਸਾਹਿਤ ਦੀ ਕਿੱਸਾਕਾਰੀ ਵਿਚ ਹੀ ਨਹੀਂ, ਸਗੋਂ ਸਾਹਿਤ ਅਤੇ ਸਭਿਆਚਾਰ ਦੇ ਖੇਤਰਾਂ ਵਿਚੋਂ ਜੇ ਵਾਰਸ ਦੀ ‘ਹੀਰ’ ਦੇ ਕਿੱਸੇ ਨੂੰ ਮਨਫ਼ੀ ਕਰ ਕੇ ਦੇਖੀਏ ਤਾਂ ਇਹ ਊਣੇ ਲੱਗਣਗੇ। ਹੀਰ ਦਾ ਕਿੱਸਾ ਅਨੇਕਾਂ ਸ਼ਾਇਰਾਂ ਨੇ ਲਿਖਿਆ, ਪਰ ਜਿਹੜੀ ਮੋਹਰ ਛਾਪ ‘ਹੀਰ ਵਾਰਸ ਸ਼ਾਹ’ ਦੀ ਲੋਕ ਮਨਾਂ ਉਪਰ ਲੱਗੀ ਹੈ, ਉਹ ਮਾਣ ਹੋਰ ਕਿਸੇ ਨੂੰ ਨਹੀਂ ਮਿਲਿਆ। ਇਸ ਦੀਆਂ ਅਨੇਕਾਂ ਤੁਕਾਂ ਅਖਾਣਾਂ-ਮੁਹਾਵਰੇ ਬਣ ਗਈਆਂ ਹਨ। ਅਨਪੜ੍ਹ ਲੋਕ ‘ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਨੀ’ ਜ਼ਰੂਰ ਜਾਣਦੇ ਹਨ। ਵਾਰਸ ਸ਼ਾਹ ਨੂੰ ਖੁਦ ਵੀ ਆਪਣੀ ਸਿਰਜਣਾ ਉਪਰ ਡਾਢਾ ਮਾਣ ਸੀ। ਉਸ ਨੇ ਲਿਖਿਆ ਹੈ:
ਹੋਰ ਸ਼ਾਇਰਾਂ ਚੱਕੀਆਂ ਝੋੜੀਆਂ ਨੇ,
ਗੱਲਾਂ ਪੀਸਿਆ ਵਿਚ ਖਰਾਸ ਦੇ ਮੈਂ।
ਹੀਰ ਵਾਰਸ ਦੀ ਰਚਨਾ ਉਪਰ ਅਨੇਕਾਂ ਵਿਦਵਾਨ ਆਲੋਚਕਾਂ ਨੇ ਕਿਤਾਬਾਂ ਲਿਖੀਆਂ ਹਨ। ਅਨੇਕਾਂ ਵਿਦਿਆਰਥੀਆਂ ਨੇ ਪੀਐਚæਡੀæ ਅਤੇ ਐਮæਫਿਲ਼ ਦੀ ਡਿਗਰੀ ਪ੍ਰਾਪਤ ਕੀਤੀ ਹੈ। ਸਦੀਆਂ ਲੰਘਣ ਉਪਰੰਤ ਵੀ ਅੱਜ ਵੀ ਇਸ ਮਹਾਨ ਸਾਹਿਤ ਰਚਨਾ ਦੀ ਤਾਜ਼ਗੀ ਸਦਾ ਬਹਾਰ ਫੁੱਲਾਂ ਵਾਂਗ ਕਾਇਮ ਹੈ।
ਮੁਲਕ ਦੀ ਵੰਡ ਸਮੇਂ ਤੱਕ ਅਨੇਕਾਂ ਪ੍ਰਕਾਸ਼ਕਾਂ ਨੇ ਵਾਰਸ ਸ਼ਾਹ ਦੀ ਰਚਨਾ ਨੂੰ ‘ਅਸਲੀ ਤੇ ਵੱਡੀ ਹੀਰ’ ਦੇ ਵਿਸ਼ੇਸ਼ਣ ਨਾਲ ਛਾਪਿਆ। ਵੰਡ ਪਿਛੋਂ ਹੀਰ ਦੇ ਕਿੱਸੇ ਉਪਰ ਕਈ ਵਿਦਵਾਨਾਂ ਖੋਜ ਕੀਤੀ ਹੈ। ਉਨ੍ਹਾਂ ਇਸ ਵਿਚ ਹੋਈ ਮਿਲਾਵਟ ਦੀ ਨਿਸ਼ਾਨਦੇਹੀ ਵੀ ਕੀਤੀ ਹੈ ਜਿਸ ਨਾਲ ਇਹ ਆਮ ਬਾਜ਼ਾਰ ਵਿਚ ਛਪਣ ਵਾਲੇ ਕਿੱਸੇ ਨਾਲੋਂ ਤੀਜਾ ਕੁ ਹਿੱਸਾ ਹੀ ਰਹਿ ਜਾਂਦੀ ਹੈ। ਸਮੇਂ ਸਮੇਂ ਹੋਰ ਸ਼ਾਇਰ ਲੇਖਕਾਂ ਨੇ ਇਸ ਦੇ ਬੈਂਤ ਬੜੇ ਲੰਮੇ ਕਰ ਦਿੱਤੇ ਹਨ। ਕਈ ਨਵੇਂ ਬੈਂਤ ਹੀ ਸ਼ਾਮਲ ਕੀਤੇ ਹਨ। ਮੈਨੂੰ ਦੋਵੇਂ ਹੀ ਤਰ੍ਹਾਂ ਦੇ ਕਿੱਸੇ ਪੜ੍ਹਨ ਦਾ ਮੌਕਾ ਮਿਲਿਆ ਹੈ। ਫਿਰ ਵੀ ਰਵਾਇਤੀ ਆਮ ਵਿਕਦੇ ਕਿੱਸੇ ਵਿਚ ਕੁਝ ਅਸ਼ਲੀਲ ਬੈਂਤਾਂ ਤੋਂ ਬਿਨਾਂ ਬਾਕੀ ਨਿਰਸੰਦੇਹ ਬਾਹਰਲੇ ਹਨ, ਪਰ ਉਸ ਨਾਲ ਹੀਰ ਦੀ ਕਥਾ ਵਧੇਰੇ ਰੌਚਿਕ ਬਣਦੀ ਜਾਪਦੀ ਹੈ। ਕਈ ਬੈਂਤ ਤਾਂ ਬਹੁਤ ਖੂਬਸੂਰਤ ਹਨ। ਉਨ੍ਹਾਂ ਦਾ ਵਾਰਸ ਸ਼ਾਹ ਦੀ ਮੌਲਿਕ ਲੇਖਣੀ ਨਾਲੋਂ ਉਕਾ ਹੀ ਫਰਕ ਨਹੀਂ ਜਾਪਦਾ।
ਵਾਰਸ ਸ਼ਾਹ ਤੇ ਉਸ ਦੀ ਰਚਨਾ ਬਾਰੇ ਸੋਚਣ ਵਿਚ ਮੇਰਾ ਮਨ ਪੂਰੀ ਤਰ੍ਹਾਂ ਰੁੱਝਿਆ, ਸੋਚਾਂ ਵਿਚ ਫਸਿਆ, ਆਲੇ-ਦੁਆਲੇ ਦੇ ਖੇਤਾਂ ਨੂੰ ਦੇਖ ਰਿਹਾ ਸੀ; ਅਚਾਨਕ ਮੁਜ਼ਤਬਾ ਸਾਹਿਬ ਕਹਿਣ ਲੱਗੇ, “ਪਹੁੰਚ ਗਏ ਆਪਾਂ ਵਾਰਸ ਸ਼ਾਹ ਦੇ ਮਜ਼ਾਰ ਲਾਗੇ।”
ਅਸੀਂ ਵੱਡੇ ਬੂਹੇ ਦੇ ਅੰਦਰ ਲੰਘ ਕੇ, ਕਾਰ ਇਕ ਪਾਸੇ ਖੜ੍ਹੀ ਕਰ ਦਿੱਤੀ। ਆਸਮਾਨ ਉਪਰ ਬੱਦਲ ਛਾਏ ਹੋਏ ਸਨ, ਕੋਈ ਕੋਈ ਕਣੀ ਵੀ ਡਿੱਗ ਰਹੀ ਸੀ। ਤੇਜ਼ ਹਵਾ ਚੱਲ ਰਹੀ ਸੀ। ਕਾਰ ਵਿਚੋਂ ਨਿਕਲ ਕੇ ਆਲੇ-ਦੁਆਲੇ ਲੋਕਾਂ ਦੀ ਚਹਿਲ ਪਹਿਲ ਦੇਖੀ। ਸੱਜੇ ਪਾਸੇ ਕਨਾਤ ਲਾ ਕੇ ਉਸ ਵਿਚ ਨਿਕਾਹ ਪੜ੍ਹਾਇਆ ਜਾ ਰਿਹਾ ਸੀ। ਪਤਾ ਲੱਗਾ ਕਿ ਗੁਆਂਢ ਦੀਆਂ ਕੁੜੀਆਂ ਦੇ ਦੋ ਨਿਕਾਹ ਪੜ੍ਹਾਏ ਗਏ ਸਨ। ਖੱਬੇ ਹੱਥ ਕਈ ਦੁਕਾਨਾਂ ਸਨ ਜਿਹੜੀਆਂ ਮਜ਼ਾਰ ਦੀ ਦੀਵਾਰ ਦੇ ਬਾਹਰਲੇ ਪਾਸੇ ਬਣੀਆਂ ਹੋਈਆਂ ਸਨ। ਕੁਝ ਦੁਕਾਨਾਂ ਬੰਦ ਸਨ ਅਤੇ ਕੁਝ ਕੁ ਖੁੱਲ੍ਹੀਆਂ। ਲਾਗੇ ਹੀ ਅੰਦਰ ਜਾਣ ਲਈ ਵੱਡਾ ਦੁਆਰ ਸੀ। ਅਸੀਂ ਕਾਰ ਵਿਚੋਂ ਨਿਕਲ ਕੇ ਉਸ ਪਾਸੇ ਹੋ ਤੁਰੇ। ਕਾਫੀ ਲੋਕ ਮਜ਼ਾਰ ਉਤੇ ਅਕੀਦਤ ਭੇਟ ਕਰਨ ਅਤੇ ਕਈ ਮਨ ਵਿਚ ਸੁੱਖਾਂ ਲੈ ਕੇ ਆਉਂਦੇ ਜਾਂਦੇ ਨਜ਼ਰੀਂ ਪਏ। ਜਿਉਂ ਹੀ ਅਸੀਂ ਕੁਝ ਕਦਮ ਅੱਗੇ ਵਧੇ ਤਾਂ ਵਿਆਹ ਦੇ ਪੰਡਾਲ ਵਿਚੋਂ ਪਹਿਲਵਾਨਾਂ ਵਰਗਾ ਛੇ ਫੁੱਟ ਤੋਂ ਉਚਾ, ਨਰੋਆ, ਗੋਰੇ ਰੰਗ ਅਤੇ ਮੋਟੀਆਂ ਮੋਟੀਆਂ ਅੱਖਾਂ ਵਿਚੋਂ ਖੁਸ਼ੀ ਨਾਲ ਮੁਸਕਰਾਉਂਦਾ ਜੁਆਨ ਮੇਰੇ ਵੱਲ ਆਇਆ। ਮੇਰੇ ਪਗੜੀ ਬੱਧੀ ਦੇਖ ਕੇ ਅਤੇ ਚੜ੍ਹਦੇ ਪੰਜਾਬ ਵਿਚੋਂ ਆਇਆ ਸਮਝ ਕੇ, ਦੋਵੇਂ ਬਾਹਾਂ ਖੋਲ੍ਹ ਕੇ ਮੇਰੇ ਸਾਹਮਣੇ ਆਣ ਖਲੋਤਾ। ਉਸ ਦਾ ਚਿਹਰਾ ਖੁਸ਼ੀ ਦੇ ਸਰੂਰ ਨਾਲ ਲਿਸ਼ਕ ਰਿਹਾ ਸੀ। ਉਸ ਨੇ ਹੱਥ ਮਿਲਾਇਆ ਅਤੇ ਦੋਵੇਂ ਮੋਢਿਆਂ ਨਾਲ ਵਾਰੀ ਵਾਰੀ ਜੱਫ਼ੀ ਪਾ ਕੇ ਮਿਲਿਆ ਜਿਵੇਂ ਪੁਰਾਣੀ ਪੰਜਾਬੀ ਰਵਾਇਤ ਹੈ।
ਇਸ ਨੌਜੁਆਨ ਨੇ ਕੱਢਵੇਂ ਗਲੇ ਵਾਲੀ ਫਿੱਕੀ ਬਾਦਾਮੀ ਲੰਮੀ ਕਮੀਜ਼-ਸਲਵਾਰ ਪਹਿਨੇ ਹੋਏ ਸਨ। ਫਿਰ ਉਸ ਨੇ ਆਪਣੇ ਦੋਵੇਂ ਬੱਚਿਆਂ ਜੋ ਪੰਜ ਅਤੇ ਸੱਤ ਕੁ ਸਾਲ ਦੇ ਹੋਣੇ ਸਨ, ਨੂੰ ਮਿਲਾਇਆ ਅਤੇ ਕਿਹਾ, “ਏਥੇ ਆਉਣ ਉਤੇ ਖੁਸ਼ਆਮਦੀਦ! ਅਸੀਂ ਬੜੇ ਖੁਸ਼ਕਿਸਮਤ ਹਾਂ ਜੋ ਤੁਸੀਂ ਸਾਡੇ ਬਜ਼ੁਰਗਾਂ ਦੀ ਯਾਦ ਨੂੰ ਅਕੀਦਤ ਪੇਸ਼ ਕਰਨ ਆਏ ਹੋ।” ਉਸ ਕੁਝ ਹੋਰ ਬੋਲ ਵੀ ਸਾਂਝੇ ਕੀਤੇ। ਉਹ ਵਾਰ ਵਾਰ ਸ਼ੁਕਰੀਆ ਕਰ ਰਿਹਾ ਸੀ। ਉਸ ਦੇ ਉਸ ਸਮੇਂ ਦੇ ਵਲਵਲਿਆਂ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਸੀ। ਉਹ ਭਾਵੁਕਤਾ ਵਿਚ ਏਨਾ ਡੁੱਬਿਆ ਹੋਇਆ ਸੀ ਕਿ ਉਸ ਨੂੰ ਖੁਸ਼ੀ ਜ਼ਾਹਰ ਕਰਨ ਲਈ ਲਫ਼ਜ਼ ਨਹੀਂ ਸਨ ਲੱਭ ਰਹੇ। ਉਸ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ। ਲੋਕ ਸਾਡੇ ਵੱਲ ਦੇਖ ਰਹੇ ਸਨ, ਸ਼ਾਇਦ ਮੇਰੀ ਪਗੜੀ ਉਨ੍ਹਾਂ ਲਈ ਖਿੱਚ ਦਾ ਕਾਰਨ ਸੀ। ਇਹ ਕਹਿਣਾ ਵਧੇਰੇ ਠੀਕ ਹੋਵੇਗਾ ਕਿ ਵੱਖਰਾ ਪਹਿਰਾਵਾ ਹਮੇਸ਼ਾ ਧਿਆਨ ਖਿੱਚਦਾ ਹੈ।
ਜਦੋਂ ਅਸੀਂ ਬਰਾਂਡੇ ਵਿਚ ਦਾਖ਼ਲ ਹੋਣ ਲੱਗੇ ਤਾਂ ਇਕ ਮੁਟਿਆਰ ਦਿਸੀ ਜੋ ਹੱਥ ਵਿਚ ਸੂਹੇ ਗੁਲਾਬ ਦਾ ਫੁੱਲ ਫੜੀ ਆਪਣੇ ਪੋਟਿਆਂ ਨਾਲ ਪਲੋਸਦੀ ਘੁਮਾ ਰਹੀ ਸੀ। ਫੁੱਲ ਦਾ ਰੰਗ ਮੇਰੀ ਪਗੜੀ ਦੇ ਰੰਗ ਤੋਂ ਵੀ ਗੂੜ੍ਹਾ ਲਾਲ ਸੀ। ਚਿਹਰੇ ਉਪਰ ਉਕਾ ਨਾ ਕੋਈ ਮੁਸਕਰਾਹਟ ਸੀ, ਨਾ ਹੀ ਉਦਾਸੀ ਦਾ ਪਤਾ ਲੱਗਦਾ ਸੀ। ਉਹ ਮੂਰਤੀ ਵਾਂਗ ਜਾਪਦੀ ਬੜੀ ਪਿਆਰੀ ਲੱਗ ਰਹੀ ਸੀ। ਮੇਰੇ ਮਨ ਵਿਚ ਆਇਆ ਕਿ ਸਾਨੂੰ ਵੀ ਫੁੱਲ ਲੈ ਕੇ ਆਉਣੇ ਚਾਹੀਦੇ ਸਨ! ਛਿਣ ਕੁ ਲਈ ਇਹ ਖਿਆਲ ਵੀ ਮਨ ਵਿਚੋਂ ਗੁਜ਼ਰਿਆ ਕਿ ਮੈਂ ਇਸ ਕੁੜੀ ਨੂੰ ਕਹਾਂ ਕਿ ਮਜ਼ਾਰ ਉਪਰ ਭੇਟ ਕਰਨ ਲਈ ਜੇ ਇਸ ਫੁੱਲ ਦੀ ਇਕ ਪੱਤੀ ਮੈਨੂੰ ਦੇ ਦੇਵੋ!!
ਅਸੀਂ ਪੈਰੋਂ ਜੁੱਤੀਆਂ ਲਾਹ ਕੇ ਮਜ਼ਾਰ ਅੰਦਰ ਦਾਖਲ ਹੋਏ। ਤਿੰਨ ਕਬਰਾਂ ਨਾਲੋ-ਨਾਲ ਸਨ। ਇਕ ਵਾਰਸ ਸ਼ਾਹ ਦੀ, ਦੂਜੀ ਉਸ ਦੇ ਬਾਪ ਸ਼ੇਰ ਖਾਂ ਦੀ ਅਤੇ ਤੀਜੀ ਉਸ ਦੇ ਭਰਾ ਦੀ ਕਬਰ ਸੀ। ਇਨ੍ਹਾਂ ਉਪਰ ਲਾਲ ਸੂਹੇ ਗੁਲਾਬ ਦੇ ਫੁੱਲ ਵਿਛੇ ਹੋਏ ਸਨ। ਕਬਰਾਂ ਲਾਗੇ ਤਿੰਨ ਚਾਰ ਬੰਦੇ ਬੈਠੇ ਕੁਝ ਪੜ੍ਹ ਰਹੇ ਸਨ। ਸ਼ਾਇਦ ਕੁਰਾਨ ਸ਼ਰੀਫ਼ ਹੋਵੇ। ਉਸ ਦੇ ਬਾਪ ਦਾ ਨਾਂ ਕਬਰ ਉਪਰ ਪੜ੍ਹ ਕੇ ਸਮਝ ਆਈ ਕਿ ਇਸ ਪਿੰਡ ਨੂੰ ਜੰਡਿਆਲਾ ਸ਼ੇਰ ਖਾਂ ਕਿਉਂ ਕਹਿੰਦੇ ਹਨ। ਸੰਭਵ ਹੈ ਕਿ ਰਾਂਝੇ ਵਾਂਗ, ਵਾਰਸ ਦਾ ਬਾਪ ਵੀ ਪਿੰਡ ਦਾ ਚੌਧਰੀ ਹੋਵੇ। ਕਿਹਾ ਜਾਂਦਾ ਹੈ ਕਿ ਹੀਰ ਦੀ ਕਹਾਣੀ ਵਿਚ ਵਾਰਸ ਨੇ ਆਪਣੇ ਪਿਤਰਾਂ ਦੀ ਕਹਾਣੀ ਦਾ ਸਾਰਾ ਰੁਮਾਂਸੀ ਸਰੋਦ ਭਰਿਆ ਹੋਇਆ ਹੈ। ਰਾਂਝੇ ਦੇ ਪਿੰਡ ਛੱਡਣ ਸਮੇਂ ਦੇ ਦ੍ਰਿਸ਼ ਨੂੰ ਚਿਤਰਦਿਆਂ ਵਾਰਸ ਨੇ ਲਿਖਿਆ ਹੈ:
ਹੱਕ ਪਕੜ ਜੁੱਤੀ ਮੋਢੇ ਮਾਰ ਬੁੱਕਲ,
ਰਾਂਝਾ ਹੋ ਤੁਰਿਆ ਵਾਰਸ ਸ਼ਾਹ ਜੇਹਾ।
ਅਸੀਂ ਕਬਰਾਂ ਦੀ ਪਰਿਕਰਮਾ ਕੀਤੀ। ਉਥੇ ਪਏ ਪੈਸਿਆਂ ਵਾਲੇ ਸੰਦੂਕ ਵਿਚ ਕੁਝ ਪੈਸੇ ਪਾਏ। ਮਜ਼ਾਰ ਉਪਰ ਬਣਿਆ ਗੁੰਬਦ ਬੜਾ ਸ਼ਾਨਦਾਰ ਹੈ। ਉਸ ਦੇ ਅੰਦਰ ਦੀ ਗੋਲਾਈ ਉਤੇ ਅਰਬੀ ਅੱਖਰਾਂ ਵਿਚ ‘ਅੱਲਾ ਹੂ, ਅੱਲਾ ਹੂ, ਅੱਲਾ ਹੂ’ ਲਿਖ ਕੇ ਭਰਿਆ ਹੋਇਆ ਹੈ। ਫਿਰ ਅਸੀਂ ਬਾਹਰ ਆ ਕੇ ਮਜ਼ਾਰ ਦੀ ਸਮੁੱਚੀ ਇਮਾਰਤ ਦੀਆਂ ਪਰਿਕਰਮਾ ਕੀਤੀ। ਉਸ ਇਮਾਰਤ ਦੇ ਬਾਹਰ ਉਚੇ ਕਰ ਕੇ ਸ਼ਾਹਮੁਖੀ ਅੱਖਰਾਂ ਵਿਚ ਪੰਜਾਬੀ ਵਿਚ ਹੀਰ ਦੇ ਕਿੱਸੇ ਵਿਚੋਂ ਸੂਫੀਆਨਾ ਭਾਵਾਂ ਵਾਲੇ ਸ਼ਿਅਰ ਲਿਖੇ ਹੋਏ ਦੇਖੇ। ਇਹ ਸ਼ਿਅਰ ਕੁੱਲ ਅੱਠ ਹਨ ਜਿਹੜੇ ਇਮਾਰਤ ਦੇ ਅੱਠ ਕੋਨਿਆਂ ਵਿਚਕਾਰ ਲਿਖੇ ਹੋਏ ਹਨ।
ਵਾਰਸ ਸ਼ਾਹ ਦੇ ਮੁਰਸ਼ਦ ਸ਼ਾਹ ਇਨਾਇਤ ਸਨ ਜੋ ਸਾਈਂ ਬੁਲ੍ਹੇ ਸ਼ਾਹ ਦੇ ਵੀ ਮੁਰਸ਼ਦ ਸਨ। ਕਿੰਨੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਦੋ ਸ਼ਾਗਿਰਦ ਆਪਣੀਆਂ ਰਚਨਾਵਾਂ ਕਾਰਨ ਸੰਸਾਰ ਪ੍ਰਸਿੱਧੀ ਦੀਆਂ ਬੁਲੰਦੀਆਂ ਪ੍ਰਾਪਤ ਕਰ ਗਏ ਸਨ ਜਿਨ੍ਹਾਂ ਦਾ ਕਲਾਮ ਪੰਜਾਬੀ ਸਾਹਿਤ ਅਤੇ ਸਭਿਆਚਾਰ ਦਾ ਅਮੁੱਲ ਖਜ਼ਾਨਾ ਹੈ।
ਜਦੋਂ ਅਸੀਂ ਮਜ਼ਾਰ ਦੀਆਂ ਪਰਿਕਰਮਾ ਕਰਨ ਉਪਰੰਤ ਵਾਪਸ ਮੁੜਨ ਲੱਗੇ ਤਾਂ ਉਸ ਸਮੇਂ ਨਿਕਾਹ ਵਾਲੇ ਪਰਿਵਾਰਾਂ ਦੇ ਲੋਕ ਅਕੀਦਤ ਭੇਟ ਕਰਨ ਲਈ ਆ ਰਹੇ ਸਨ। ਉਨ੍ਹਾਂ ਦੇ ਅੱਗੇ ਪਿੱਤਲ ਦੇ ਵਾਜੇ ਉਤੇ ਪਹਿਲਾਂ ਬੁਲ੍ਹੇ ਸ਼ਾਹ ਦੀ ਧੁਨ ਵਜਾਈ, ਫਿਰ ਵਾਰਸ ਸ਼ਾਹ ਦੀ ਹੀਰ ਵਿਚੋਂ ਬੋਲਾਂ ਦੀ ਧੁਨ ਸੁਣਾਈ ਦਿੱਤੀ।
ਇਹ ਮੇਰੇ ਲਈ ਨਵੀਂ ਅਤੇ ਡਾਢੀ ਖੁਸ਼ੀ ਵਾਲਾ ਦ੍ਰਿਸ਼ ਸੀ ਕਿ ਵਾਰਸ ਸ਼ਾਹ ਨੂੰ ਐਵੇਂ ਨਹੀਂ ਲੋਕਾਂ ਦਾ ਸ਼ਾਇਰ ਮੰਨਿਆ ਜਾਂਦਾ!
ਜਦੋਂ ਅਸੀਂ ਜੰਝ ਲੰਘਣ ਪਿਛੋਂ ਬਾਹਰ ਬਰਾਂਡੇ ਵਿਚ ਤੋਹਫਿਆਂ ਦੀਆਂ ਦੁਕਾਨਾਂ ਲਾਗੇ ਆਏ ਤਾਂ ਟੇਪਾਂ ਵਾਲੀ ਦੁਕਾਨ ਉਪਰ ਹੀਰ ਦੀ ਟੇਪ ਹੀ ਵੱਜ ਰਹੀ ਸੀ। ਜਾਪਦਾ ਸੀ ਕਿ ਵਾਜੇ ਵਾਲੇ ਹੁਣੇ ਜਿਹੜੀ ਧੁਨ ਵਜਾ ਰਹੇ ਸਨ, ਉਹ ਉਥੇ ਟੇਪ ਦੀ ਆਵਾਜ਼ ਨਾਲ ਆਪਣੇ ਵਾਜੇ ਦੀ ਸੁਰ ਮੇਲ ਕੇ ਵਜਾ ਰਹੇ ਸਨ। ਇਹ ਸਹਿਜੇ ਹੀ ਆਪਣੇ ਆਪ ਵਿਚ ਇਕ ਤਰ੍ਹਾਂ ਸੰਗੀਤਕ ਸੁਹਾਣੀ ਸ਼ਾਮ ਬਣ ਗਈ ਸੀ। ਦਰੱਖਤਾਂ ਅਤੇ ਬਨੇਰਿਆਂ ਉਪਰ ਕਬੂਤਰ, ਚਿੜੀਆਂ ਅਤੇ ਤੋਤੇ ਵੀ ਆਪੋ-ਆਪਣੀਆਂ ਬੋਲੀਆਂ ਬੋਲਦੇ ਹੋਏ ਇਸ ਸੰਗੀਤਕ ਸ਼ਾਮ ਵਿਚ ਸ਼ਾਮਲ ਹੋ ਰਹੇ ਸਨ; ਜਿਵੇਂ ਉਹ ਵੀ ਵਾਰਸ ਸ਼ਾਹ ਦੇ ਮਜ਼ਾਰ ਉਪਰ ਆਪਣੀ ਅਕੀਦਤ ਭੇਟ ਕਰਨ ਆਏ ਹੋਣ!
ਮਜ਼ਾਰ ਦੀ ਇਮਾਰਤ ਦੇ ਪਿਛਵਾੜੇ ਵਿਚ ਘਾਹ ਲੱਗਿਆ ਖੁੱਲ੍ਹਾ ਵਿਹੜਾ ਹੈ ਜਿਸ ਦੇ ਸਿਰੇ ਦੀ ਬਾਹੀ ਵਿਚ ‘ਵਾਰਸ ਸ਼ਾਹ ਯਾਦਗਾਰੀ ਲਾਇਬਰੇਰੀ’ ਦਾ ਸ਼ਾਹਮੁਖੀ ਵਿਚ ਲਿਖਿਆ ਬੋਰਡ ਨਜ਼ਰ ਆ ਰਿਹਾ ਸੀ। ਐਤਵਾਰ ਹੋਣ ਕਾਰਨ ਲਾਇਬਰੇਰੀ ਬੰਦ ਸੀ। ਤੇਜ਼ੀ ਨਾਲ ਸੂਰਜ ਦਾ ਸੁਨਹਿਰੀ ਰੱਥ ਦੌੜਦਾ ਹੋਇਆ, ਸਾਡੇ ਹੱਥੋਂ ਸਮੇਂ ਨੂੰ ਸਮੇਟ ਰਿਹਾ ਸੀ, ਇਸ ਲਈ ਜਾਣ ਦੀ ਕਾਹਲ ਨੇ ਸਾਨੂੰ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਰੋਕ ਦਿੱਤਾ ਸੀ। ਅਜਿਹੇ ਮੌਕੇ ਸਮੇਂ ਦੀ ਥੁੜ੍ਹ, ਮਜਬੂਰੀ ਵਿਚ ਪੈਦਾ ਹੋਇਆ ਧੱਕਾ ਹੀ ਤਾਂ ਬਣ ਜਾਂਦਾ ਹੈ।
ਮਜ਼ਾਰ ਉਪਰ ਲੱਗੇ ਹਰੇ ਰੰਗ ਦੇ ਝੰਡੇ ਤੇਜ਼ ਹਵਾ ਨਾਲ ਫਰਾਟੇ ਮਾਰ ਰਹੇ ਸਨ ਜਿਹੜੇ ਇਕ ਤਰ੍ਹਾਂ ਨਾਲ ਸਾਨੂੰ ਅਲਵਿਦਾ ਹੀ ਆਖ ਰਹੇ ਸਨ। ਅਸੀਂ ਵਾਰਸ ਸ਼ਾਹ ਦੀ ਯਾਦ ਨੂੰ ਦਿਲ ਵਿਚ ਸਾਂਭ ਕੇ ਜੰਡਿਆਲੇ ਤੋਂ ਰੁਖਸਤ ਹੋਏ।
ਸਾਡੀ ਕਾਰ ਸ਼ੇਖੂਪੁਰੇ ਨੂੰ ਜਾਣ ਵਾਲੀ ਸੜਕ ਉਤੇ ਦੌੜ ਰਹੀ ਸੀ। ਅਸੀਂ ਸੜਕ ਦੁਆਲੇ ਹਰੇ ਭਰੇ ਖੇਤ ਦੇਖਦੇ ਜਾ ਰਹੇ ਸਾਂ। ਮੇਰੇ ਮਨ ਵਿਚ ਗੁਲਾਬ ਦਾ ਫੁੱਲ ਹੱਥਾਂ ਵਿਚ ਫੜੀ ਖੜ੍ਹੀ ਕੁੜੀ ਵਾਰ ਵਾਰ ਆ-ਜਾ ਰਹੀ ਸੀ। ਅਸਲ ਵਿਚ ਉਸ ਦਾ ਅਨਭੋਲ ਜਿਹਾ ਅਲ੍ਹੜ ਚਿਹਰਾ ਮਨ ਵਿਚੋਂ ਨਿਕਲ ਹੀ ਨਹੀਂ ਸੀ ਰਿਹਾ। ਮੈਨੂੰ ਜਾਪਿਆ, ਉਸ ਦੀਆਂ ਉਦਾਸ ਖੁਸ਼ਕ ਅੱਖਾਂ ਦਾ ਕਾਰਨ ਲੱਭਣ ਲਈ ਮੇਰਾ ਮਨ ਘਾੜਤਾਂ ਵਿਚ ਪਿਆ ਹੋਇਆ ਸੀ। ਅਚਾਨਕ ਮੇਰੇ ਮਨ ਨੇ ਪੁਣ-ਛਾਣ ਕਰਦਿਆਂ ਸਿੱਟਾ ਕੱਢਿਆ ਕਿ ਸ਼ਾਇਦ ਉਹ ਹੀਰ ਰਾਂਝੇ ਦੀ ਕਹਾਣੀ ਦੇ ਸਿਰਜਕ ਵਾਰਸ ਸ਼ਾਹ ਦੀ ਮਜ਼ਾਰ ਉਪਰ ਆਪਣੇ ਮਹਿਬੂਬ ਨੂੰ ਪ੍ਰਾਪਤ ਕਰਨ ਲਈ ਦੁਆ ਕਰਨ ਆਈ ਹੋਵੇ! ਹੁਣ ਉਸ ਦਾ ਉਦਾਸ ਚਿਹਰਾ ਖਾਲੀ ਉਦਾਸ ਅੱਖਾਂ ਜਿਵੇਂ ਤਰਸ ਦਾ ਪਾਤਰ ਬਣੀਆਂ ਆਲੇ-ਦੁਆਲੇ ਲੋਕਾਂ ਨੂੰ ਕਹਿ ਰਹੀਆਂ ਹੋਣ ਕਿ ਮੇਰੇ ਲਈ ਵੀ ਦੁਆ ਕਰੋ! ਮੈਂ ਆਪਣੇ ਮਨ ਵਿਚ ਉਸ ਅਜਨਬੀ ਕੁੜੀ ਦੀ ਤਮੰਨਾ ਪੂਰੀ ਹੋਣ ਲਈ ਕਾਮਨਾ ਕੀਤੀ।