ਕਲਾ ਸਿਨੇਮਾ ਦੇ ਸਮਾਜਿਕ ਸਰੋਕਾਰ

ਕੁਲਦੀਪ ਕੌਰ
ਫੋਨ: +91-98554-04330
ਭਾਰਤੀ ਸਿਨੇਮਾ ਦੇ ਇਤਿਹਾਸ ਵਿਚ 1960 ਦੇ ਦਹਾਕੇ ਤੋਂ 1980 ਤੱਕ ਅਜਿਹੀਆਂ ਫਿਲਮਾਂ ਦਾ ਬੋਲਬਾਲਾ ਰਿਹਾ ਜਿਨ੍ਹਾਂ ਨੂੰ ਕਲਾ, ਰੂਪਕ, ਪਟਕਥਾ, ਪੇਸ਼ਕਾਰੀ ਅਤੇ ਦ੍ਰਿਸ਼ ਚਿਤਰਨ ਦੇ ਪੱਖਾਂ ਤੋਂ ਪ੍ਰਯੋਗ ਵਾਲੇ ਸਿਨੇਮਾ ਦਾ ਨਾਮ ਦਿੱਤਾ ਜਾਂਦਾ ਹੈ। ਉਨ੍ਹਾਂ ਵਕਤਾਂ ਦੇ ਸਿਆਸੀ, ਆਰਥਿਕ, ਸਮਾਜਿਕ ਅਤੇ ਆਲਮੀ ਵਰਤਾਰਿਆਂ ‘ਤੇ ਝਾਤ ਮਾਰੀ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਹਰ ਤਰ੍ਹਾਂ ਦੀ ਆਲੋਚਨਾ ਝੱਲਣ ਦੇ ਬਾਵਜੂਦ ਕਲਾ ਮਾਧਿਅਮ ਵਜੋਂ ਭਾਰਤੀ ਸਿਨੇਮਾ ਨੇ ਤਤਕਾਲੀ ਹਕੀਕਤਾਂ ਦੀ ਨਾ ਸਿਰਫ ਹਕੀਕੀ ਪੇਸ਼ਕਾਰੀ ਕੀਤੀ, ਸਗੋਂ ਕਥਾਨਕ ਨੂੰ ਵੀ ਇੰਨੀਆਂ ਬਾਰੀਕੀਆਂ ਨਾਲ ਸਿਰਜਿਆ ਕਿ

ਇਸ ਨੂੰ ‘ਲੋਕਾਂ ਦਾ ਸਿਨੇਮਾ’ ਦਾ ਲਕਬ ਮਿਲਿਆ। ਇਸ ਸਿਨੇਮਾ ਨੇ ਜਿਥੇ ਉਸ ਸਮੇਂ ਚੱਲ ਰਹੇ ਸਿਆਸੀ ਤੇ ਸਮਾਜਿਕ ਅੰਦੋਲਨਾਂ, ਬਹਿਸਾਂ, ਗੋਸ਼ਟੀਆਂ ਅਤੇ ਵਿਚਾਰਧਾਰਕ ਟਕਰਾਵਾਂ ਨੂੰ ਸਿਨੇਮਈ ਪਟਕਥਾਵਾਂ ਦਾ ਹਿੱਸਾ ਬਣਾਇਆ, ਉਥੇ ਇਨ੍ਹਾਂ ਫਿਲਮਾਂ ਰਾਹੀਂ ਉਪਰੋਕਤ ਟਕਰਾਵਾਂ ਤੇ ਰਗੜਾਂ ਵਿਚੋਂ ਨਿਕਲੀ ਸਮਝ ਨੂੰ ਵਿਗਿਆਨ ਅਤੇ ਆਧੁਨਿਕਤਾ ਦੀ ਸਾਣ ‘ਤੇ ਵੀ ਲਾਇਆ। ਇਨ੍ਹਾਂ ਫਿਲਮਾਂ ਨੇ ਹੀ ਭਾਰਤੀ ਸਮਾਜ ਨੂੰ ਉਸ ਆਲਮੀ ਚਿੰਤਨ ਦਾ ਹਿੱਸਾ ਬਣਾਇਆ ਜਿਸ ਵਿਚ ਸਮਾਜ ਦੇ ਬੁਨਿਆਦੀ ਮਸਲਿਆਂ ਬਾਰੇ ਸਮਝ ਬਣਾਉਣ ਵਿਚ ਵੱਖ ਵੱਖ ਕਲਾ ਵੰਨਗੀਆਂ ਦੀ ਭੂਮਿਕਾ ਬਾਰੇ ਲਗਾਤਾਰ ਚੱਲਣ ਵਾਲੀ ਬਹਿਸ ਦਾ ਮੁੱਢ ਬੱਝਿਆ।
ਸਿਨੇਮਾ ਦੀ ਸ਼ੂਰੂਆਤ ਤੋਂ ਹੀ ਇਸ ਨੂੰ ਕਲਾ ਜਾਂ ਵਿਗਿਆਨ ਮੰਨਣ ਦੇ ਨਾਲ ਨਾਲ ਇਸ ਦੇ ਉਦੇਸ਼ਾਂ ਬਾਰੇ ਚਰਚਾ ਸ਼ੁਰੂ ਹੋ ਗਈ। ਸਿਨੇਮਾ ਦੇ ਇਤਹਾਸ ਵਿਚ ਬਣੀ ਪਹਿਲੀ ਫਿਲਮ ‘ਦਿ ਹੌਰਸ ਇਨ ਮੋਸ਼ਨ’ (1878) ਤੋਂ ਲੈ ਕੇ ਅੱਜ ਤੱਕ ਇਹ ਮੁੱਦਾ ਹੱਲ ਨਹੀਂ ਹੋ ਸਕਿਆ ਕਿ ਫਿਲਮ ਸਿਰਫ ਮਨੋਰੰਜਨ ਦਾ ਜ਼ਰੀਆ ਹੈ ਜਾਂ ਇਸ ਨੂੰ ਸਮਾਜਿਕ ਤਬਦੀਲੀ ਲਈ ਵਿਚਾਰਾਂ ਦੇ ਸੰਚਾਰ ਦੇ ਸੰਦ ਵਜੋਂ ਵਰਤਿਆ ਜਾ ਸਕਦਾ ਹੈ? ਸਿਨੇਮਾ ਮਹਿੰਗਾ ਤਕਨੀਕੀ ਸਾਧਨ ਹੋਣ ਕਾਰਨ ਇਸ ਦੀ ਆਰਥਿਕਤਾ ਇਸ ਦੇ ਕਲਾਤਮਿਕ ਪੱਖ ‘ਤੇ ਭਾਰੂ ਰਹਿੰਦੀ ਹੈ ਤੇ ਨਿਰਮਾਤਾ ਇਸ ਦੀ ਵਪਾਰਕ ਸਫਲਤਾ ਪ੍ਰਤੀ ਫਿਕਰਮੰਦ ਰਹਿੰਦੇ ਹਨ। ਇਸ ਦੇ ਬਾਵਜੂਦ ਸਿਨੇਮਾ ਵਿਚ ਸਿਆਸੀ ਤੇ ਸਮਾਜਿਕ ਮੁੱਦਿਆਂ ਤੇ ਫਿਲਮਾਂ ਬਣਾਉਣ ਦਾ ਰੁਝਾਨ ਹਰ ਮੁਲਕ ਵਿਚ ਰਿਹਾ ਹੈ। ਇਸ ਦਾ ਕਾਰਨ ਕਹਾਣੀ ਸੁਣਾਉਣ ਦੇ ਇਸ ਮਾਧਿਅਮ ਦੀ ਸਮਰੱਥਾ ਵੀ ਹੈ ਅਤੇ ਇਸ ਦੀ ਸਮਾਜ ਦੇ ਹਰ ਵਰਗ ਤੱਕ ਪਹੁੰਚ ਵੀ। ਇਹ ਸਿਨੇਮਾ ਦਰਸ਼ਕਾਂ ਨੂੰ ਮਹਿਜ਼ ਖਪਤਕਾਰ ਦੇ ਰੂਪ ਵਿਚ ਨਹੀਂ, ਸਗੋਂ ਇਕ ਜਾਗਰੂਕ/ਚੇਤੰਨ ਸਮਾਜਿਕ ਜੀਵ ਵਜੋਂ ਸਨਮਾਨ ਦਿੰਦਾ ਹੈ ਤੇ ਉਸ ਦੇ ਜ਼ਜ਼ਬਾਤ, ਯਾਦਾਂ, ਸੁਪਨਿਆਂ ਤੇ ਵਿਚਾਰਾਂ ਦੀ ਪੇਸ਼ਕਾਰੀ ਨੂੰ ਆਪਣੀ ਜ਼ਿੰਮੇਵਾਰੀ ਸਮਝਦਾ ਹੈ। ਜੇ ਭਾਰਤੀ ਸਿਨੇਮਾ ਵਿਚ ਇਸ ਧਾਰਾ ਦੀ ਨਿਸ਼ਾਨਦੇਹੀ ਕਰਨੀ ਹੋਵੇ ਤਾਂ ਇਸ ਤਰ੍ਹਾਂ ਦੀਆਂ ਫਿਲਮਾਂ ਦੇ ਬਣਨ ਪਿੱਛੇ ਇਕੋ-ਜਿਹੇ ਕਈ ਕਾਰਨ ਨਜ਼ਰ ਆਉਂਦੇ ਹਨ, ਜਿਵੇਂ:
ਇਨ੍ਹਾਂ ਫਿਲਮਾਂ ਦੀ ਦ੍ਰਿਸ਼ ਪੇਸ਼ਕਾਰੀ ਵਿਚ ਫਿਲਮ ਘੜੀ ਜਾਂਦੀ ਹੈ, ਸਿਰਫ ਪੇਸ਼ ਨਹੀਂ ਕੀਤੀ ਜਾਂਦੀ। ਘੜਨ ਦਾ ਤਰੀਕਾ ਕਿਰਦਾਰਾਂ, ਪਲਾਟ ਅਤੇ ਕਹਾਣੀ ਫਿਲਮਾਉਣ ਦੀਆਂ ਪਰੰਪਰਾਗਤ ਫਾਰਮੂਲੇ ਰੱਦ ਕਰਦਾ ਹੈ।
ਇਨ੍ਹਾਂ ਫਿਲਮਾਂ ਦੇ ਨਿਰਦੇਸ਼ਕਾਂ ਨੇ ਦ੍ਰਿਸ਼ਾਂ, ਸੰਕੇਤਾਂ, ਸੂਚਕਾਂ ਅਤੇ ਪ੍ਰਤੀਕਾਂ ਦੀ ਵੱਖਰੀ ਭਾਸ਼ਾ ਈਜਾਦ ਕੀਤੀ ਅਤੇ ਇਨ੍ਹਾਂ ਰਾਹੀਂ ਸਿਨੇਮੇ ਦੀ ਭਾਸ਼ਾ ਦੇ ਅਰਥਾਂ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ। ਇਹ ਲਿਖਣਾ ਕੁਥਾਂ ਨਹੀਂ ਹੋਵੇਗਾ ਕਿ ਭਾਰਤੀ ਕਲਾ ਸਿਨੇਮਾ ਨਾਲ ਜੁੜੇ ਬਹੁਤੇ ਫਿਲਮਸਾਜ਼ ਉਹ ਸਨ ਜਿਨ੍ਹਾਂ ਲਈ ਸਿਨੇਮਾ ਸਿਰਫ ਕਹਾਣੀ ਸੁਣਾਉਣ ਦਾ ਮਾਧਿਅਮ ਨਹੀਂ, ਸਗੋਂ ਉਸ ਕਹਾਣੀ ਦੇ ਸਮਾਜਿਕ ਪ੍ਰਸੰਗਾਂ ਬਾਰੇ ਸੰਜੀਦਾ ਸੰਵਾਦ ਸ਼ੁਰੂ ਕਰਨ ਦਾ ਜ਼ਰੀਆ ਸੀ।
ਇਨ੍ਹਾਂ ਫਿਲਮਾਂ ਦਾ ਬਜਟ ਸੀਮਿਤ ਹੁੰਦਾ ਸੀ। ਜ਼ਿਆਦਾਤਰ ਫਿਲਮਸਾਜ਼ ਆਪਣੀਆਂ ਨਿੱਜੀ ਖਾਹਿਸ਼ਾਂ ਅਤੇ ਜ਼ਰੂਰਤਾਂ ਨੂੰ ਦਰਕਿਨਾਰ ਕਰ ਕੇ ਅਜਿਹੇ ਮੁੱਦਿਆਂ ‘ਤੇ ਫਿਲਮਾਂ ਬਣਾਉਂਦੇ ਰਹੇ ਹਨ ਜਿਨ੍ਹਾਂ ਉਤੇ ਕਈ ਵਾਰ ਸਮਾਜ ਅਤੇ ਰਾਜਤੰਤਰ ਗੱਲ ਕਰਨ ਲਈ ਵੀ ਤਿਆਰ ਨਹੀਂ ਹੁੰਦਾ। ਇਥੇ ਇਹ ਸਵਾਲ ਅਹਿਮ ਹੈ ਕਿ ਉਹ ਅਜਿਹੀਆਂ ਫਿਲਮਾਂ ਬਣਾਉਣ ਲਈ ਕਿਉਂ ਤਰੱਦਦ ਕਰਦੇ ਹਨ ਜਿਹੜੀਆਂ ਨਾ ਤਾਂ ਪੈਸਾ ਵੱਟ ਸਕਦੀਆਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਦਰਸ਼ਕ ਜੁੜਦੇ ਹਨ? ਇਥੇ ਮਸਲਾ ਫਿਲਮਸਾਜ਼ ਦੀ ਸਮਾਜਿਕ ਸਾਂਝ ਨਾਲ ਜਾ ਜੁੜਦਾ ਹੈ। ਕੋਈ ਫਿਲਮਸਾਜ਼ ਕਿੰਨਾ ਸੰਵੇਦਨਸ਼ੀਲ ਤੇ ਲੋਕ ਪੱਖੀ ਸੋਚ ਦਾ ਧਾਰਨੀ ਹੈ, ਉਹ ਉਸ ਦੇ ਬਿਆਨਾਂ ਅਤੇ ਦਾਅਵਿਆਂ ਵਿਚੋਂ ਨਹੀਂ, ਸਗੋਂ ਉਸ ਦੀਆਂ ਫਿਲਮਾਂ ਵਿਚੋਂ ਝਲਕਦਾ ਹੈ।
ਭਾਰਤ ਵਿਚ ਕਲਾ ਸਿਨੇਮਾ ਦੇ ਮੁੱਢਲੇ ਦੌਰ ਵਿਚ ਭਾਰਤ ਸਰਕਾਰ ਦੁਆਰਾ ਬਣਾਈ ਫਿਲਮ ਫਾਇਨਾਂਸ ਕਾਰਪੋਰੇਸ਼ਨ ਦੀ ਭੂਮਿਕਾ ਮਹਤੱਵਪੂਰਨ ਰਹੀ। ਇਸ ਦੀ ਕਾਇਮੀ ਲੀਕ ਤੋਂ ਹਟ ਕੇ ਫਿਲਮਾਂ ਬਣਾਉਣ ਲਈ ਕੀਤੀ ਗਈ ਸੀ। ਇਸ ਸੰਸਥਾ ਨੇ ਬਾਸੂ ਚੈਟਰਜੀ, ਰਾਜਿੰਦਰ ਸਿੰਘ ਬੇਦੀ, ਮ੍ਰਿਣਾਲ ਸੇਨ, ਮਣੀ ਕੌਲ, ਕੁਮਾਰ ਸਾਹਨੀ, ਗਿਰੀਸ਼ ਕਰਨਾਡ, ਐਮæਐਸ਼ ਮੈਥਿਊ, ਸ਼ਿਆਮ ਬੈਨੇਗਲ ਵਰਗੇ ਫਿਲਮਸਾਜ਼ਾਂ ਦੀ ਵਿਤੀ ਮਦਦ ਕੀਤੀ। ਇਨ੍ਹਾਂ ਦੀਆਂ ਫਿਲਮਾਂ ਨੇ ਇਮਾਨਦਾਰੀ ਨਾਲ ਫਿਲਮਾਂ ਦੇ ਸਟਾਰ ਸਿਸਟਮ ਦੀ ਤਾਨਾਸ਼ਾਹੀ ਨੂੰ ਖਤਮ ਕੀਤਾ। ਫਿਲਮਾਂ ਦੇ ਵਿਸ਼ੇ ਵਸਤੂ ਪਰੀ ਕਹਾਣੀਆਂ ਤੇ ਨਾਚ ਗਾਣਿਆਂ ਦੇ ਕਲਪਿਤ ਸੰਸਾਰ ਵਿਚੋਂ ਨਿਕਲ ਕੇ ਭਾਰਤੀ ਸਮਾਜ ਦੀਆਂ ਤਤਕਾਲੀਨ ਸਚਾਈਆਂ ਨਾਲ ਜੁੜਨੇ ਸ਼ੁਰੂ ਹੋਏ। ਇਨ੍ਹਾਂ ਫਿਲਮਾਂ ਵਿਚ ਇਹ ਸਚਾਈ ਆਪਣੀਆਂ ਸਾਰੀਆਂ ਪਰਤਾਂ ਸਮੇਤ ਪੇਸ਼ ਹੁੰਦੀ ਹੈ ਤੇ ਦਰਸ਼ਕਾਂ ਨੂੰ ਇਨ੍ਹਾਂ ਪਰਤਾਂ ਵਿਚਲੀਆਂ ਵਿੱਥਾਂ ਫਰੋਲਣ ਲਈ ਮਜਬੂਰ ਕਰਦੀ ਹੈ। ਇਨ੍ਹਾਂ ਫਿਲਮਾਂ ਦੀ ਆਲੋਚਨਾ ਵਿਚ ਇਕ ਨੁਕਤਾ ਇਹ ਵੀ ਹੁੰਦਾ ਹੈ ਕਿ ਇਹ ਫਿਲਮਾਂ ਸਿਰਫ ਸਮੱਸਿਆਵਾਂ ਦੀ ਪੇਸ਼ਕਾਰੀ ਕਰਦੀਆਂ ਹਨ, ਉਨ੍ਹਾਂ ਦਾ ਕੋਈ ਸਾਰਥਿਕ ਹੱਲ ਪੇਸ਼ ਨਹੀਂ ਕਰਦੀਆਂ। ਇਸ ਦਾ ਜਵਾਬ ਇਸ ਗੱਲ ਵਿਚ ਪਿਆ ਹੈ ਕਿ ਕਲਾ ਦਾ ਮਕਸਦ ਸਮਾਜ ਨੂੰ ਸ਼ੀਸ਼ਾ ਦਿਖਾਉਣਾ ਹੁੰਦਾ ਹੈ।
ਇਨ੍ਹਾਂ ਫਿਲਮਾਂ ਦਾ ਭਾਰਤੀ ਸਿਨੇਮਾ ‘ਤੇ ਚਿਰ-ਸਦੀਵੀ ਪ੍ਰਭਾਵ ਪਿਆ। ਇਨ੍ਹਾਂ ਨੇ ਭਾਰਤੀ ਵਪਾਰਕ ਸਿਨੇਮਾ ਦੇ ਸਾਹਮਣੇ ਨਵਾਂ ਬਦਲ ਪੇਸ਼ ਕੀਤਾ ਜਿਸ ਨੇ ਭਾਰਤੀ ਦਰਸ਼ਕਾਂ ਦੇ ਚੇਤਨਾ ਸੰਸਾਰ ਵਿਚ ਨਵਾਂ ਅਧਿਆਇ ਸ਼ੁਰੂ ਕੀਤਾ। 1990 ਤੱਕ ਆਉਂਦਿਆਂ ਇਹ ਵਿਰਾਸਤ ਨਵ-ਉਦਾਰਵਾਦੀ ਕਲਾ ਬਾਜ਼ਾਰ ਤੇ ਖੁੱਲੀ ਮੰਡੀ ਦੇ ਜਬਾੜਿਆਂ ਥੱਲੇ ਆ ਗਈ।