ਇਰਫਾਨੀ ‘ਡੂਬ’ ਦੀ ਉਡਾਣ

-ਗੁਰਜੰਟ ਸਿੰਘ
ਬੰਗਲਾਦੇਸ਼ੀ ਫ਼ਿਲਮ ‘ਡੂਬ’ ਜਿਸ ਵਿਚ ਭਾਰਤ ਦੇ ਦਮਦਾਰ ਕਲਾਕਾਰ ਇਰਫ਼ਾਨ ਖਾਨ ਦਾ ਮੁੱਖ ਕਿਰਦਾਰ ਹੈ, ਮੁੱਖ ਰੂਪ ਵਿਚ ਬੰਗਲਾਦੇਸ਼ ਦੇ ਲੇਖਕ ਅਤੇ ਫ਼ਿਲਮਸਾਜ਼ ਹਮਾਯੂੰ ਅਹਿਮਦ ਦੀ ਜ਼ਿੰਦਗੀ ਉਤੇ ਆਧਾਰਤ ਹੈ। ਇਹ ਫਿਲਮ ਹਾਲ ਹੀ ਵਿਚ ਲੱਗੇ ਸ਼ੰਘਾਈ ਕੌਮਾਂਤਰੀ ਫਿਲਮ ਮੇਲੇ (ਚੀਨ) ਵਿਚ ਦਿਖਾਈ ਗਈ, ਪਰ ਬੰਗਲਾਦੇਸ਼ ਵਿਚ ਇਸ ਫ਼ਿਲਮ ਉਤੇ ਪਾਬੰਦੀ ਲਾ ਦਿੱਤੀ ਗਈ। ਇਰਫ਼ਾਨ ਖ਼ਾਨ ਨੇ ਇਸ ਖ਼ਬਰ ‘ਤੇ ਬੜੀ ਹੈਰਾਨੀ ਜ਼ਾਹਿਰ ਕੀਤੀ ਹੈ। ਪਤਾ ਲੱਗਿਆ ਹੈ ਕਿ ਮਰਹੂਮ ਫਿਲਮਸਾਜ਼ ਹਮਾਯੂੰ ਅਹਿਮਦ ਦੀ ਪਤਨੀ ਨੇ ਬੰਗਲਾਦੇਸ਼ ਸਰਕਾਰ ਦੇ ਧਿਆਨ ਵਿਚ ਲਿਆਂਦਾ ਸੀ ਕਿ

ਇਸ ਫਿਲਮ ਵਿਚ ਉਸ ਦੇ ਪਤੀ ਦੀ ਜ਼ਿੰਦਗੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਹਮਾਯੂ ਅਹਿਮਦ (13 ਨਵੰਬਰ 1948-19 ਜੁਲਾਈ 2012) ਫਿਲਮਸਾਜ਼ ਹੋਣ ਦੇ ਨਾਲ ਨਾਲ ਲਿਖਾਰੀ ਵੀ ਸੀ। ਉਸ ਦਾ ਪਹਿਲਾ ਨਾਵਲ ‘ਨੰਦਤੋ ਨੋਰੋਕੇ’ 1972 ਵਿਚ ਛਪਿਆ ਸੀ। ਉਸ ਨੇ 200 ਤੋਂ ਵੱਧ ਕਿਤਾਬਾਂ ਲਿਖੀਆਂ ਹਨ ਜੋ ਬੰਗਲਾਦੇਸ਼ ਵਿਚ ਅੱਜ ਵੀ ਬੜੀਆਂ ਵਿਕਦੀਆਂ ਹਨ। ਅਹਿਮਦ ਦੀ ਲਿਖਣ ਸ਼ੈਲੀ, ਮੈਜ਼ੀਕਲ ਯਥਾਰਥਵਾਦ ਹੈ। ਉਸ ਨੂੰ ਬੰਗਲਾ ਅਕਾਦਮੀ ਇਨਾਮ ਅਤੇ ‘ਏਕੁਸ਼ਹਿ ਤਗਮਾ’ ਇਨਾਮ ਵੀ ਮਿਲ ਚੁੱਕਾ ਹੈ। ਉਸ ਨੇ ਕੁੱਲ ਅੱਠ ਫਿਲਮਾਂ ਬਣਾਈਆਂ। ਇਹ ਸਾਰੀਆਂ ਫਿਲਮਾਂ ਉਸ ਦੇ ਆਪਣੇ ਲਿਖੇ ਨਾਵਲਾਂ ਉਤੇ ਹੀ ਆਧਾਰਤ ਸਨ ਅਤੇ ਇਨ੍ਹਾਂ ਫਿਲਮਾਂ ਲਈ ਉਸ ਨੇ ਬੰਗਲਾਦੇਸ਼ ਦੇ ਛੇ ਕੌਮੀ ਫਿਲਮ ਵੀ ਇਨਾਮ ਹਾਸਲ ਕੀਤੇ। ਉਸ ਦੀ ਹਰ ਫਿਲਮ ਉਤੇ ਖੂਬ ਚਰਚਾ ਹੁੰਦੀ ਸੀ। ਫਿਲਮ ‘ਡੂਬ’ ਬੰਗਲਾਦੇਸ਼ੀ ਫ਼ਿਲਮਸਾਜ਼ ਮੁਸਤਫ਼ਾ ਸਰਵਰ ਫਾਰੂਕੀ ਵੱਲੋਂ ਬਣਾਈ ਜਾ ਰਹੀ ਹੈ ਅਤੇ ਇਸ ਦੇ ਨਿਰਮਾਤਾ ਇਰਫਾਨ ਖਾਨ ਦੇ ਨਾਲ ਨਾਲ ਅਬਦੁਲ ਅਜੀਜ਼ (ਬੰਗਲਾਦੇਸ਼) ਵੀ ਹਨ। ਇਸ ਫਿਲਮ ਵਿਚ ਇਰਫ਼ਾਨ ਖਾਨ ਤੋਂ ਇਲਾਵਾ ਬੰਗਲਾਦੇਸ਼ੀ ਹੀਰੋਇਨ ਨੁਸਰਤ ਇਮਰੋਜ਼ ਤੀਸ਼ਾ, ਰੁਕੱਈ ਪਰਾਚੀ ਅਤੇ ਪਾਰਨੋ ਮਿੱਤਰਾ ਦੀਆਂ ਵੀ ਅਹਿਮ ਭੂਮਿਕਾਵਾਂ ਹਨ। ਇਹ ਫਿਲਮ ਸੰਸਾਰ ਭਰ ਵਿਚ 25 ਜੂਨ ਨੂੰ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਫਿਲਮ ਦੀ ਕਹਾਣੀ ਦੋ ਪਰਿਵਾਰਾਂ ਦੇ ਵੱਖ ਵੱਖ ਜੀਆਂ ਦੁਆਲੇ ਘੁੰਮਦੀ ਹੈ। ਕਹਾਣੀ ਦਾ ਤੋੜ ਇਹ ਹੈ ਕਿ ਪਰਿਵਾਰ ਦੇ ਕਿਸੇ ਇਕ ਜੀਅ ਦੀ ਮੌਤ ਤੋਂ ਬਾਅਦ ਜ਼ਿੰਦਗੀਆਂ ਦੀਆਂ ਤੰਦਾਂ ਕਿਤੇ ਖ਼ਤਮ ਨਹੀਂ ਹੋ ਜਾਂਦੀਆਂ। ਫਿਲਮ ਦਾ ਸਾਰ ਤੱਤ ਇਹੀ ਹੈ ਕਿ ਮੌਤ ਨਾਲ ਤੁਹਾਡੋਂ ਕੋਲੋਂ ਸਿਰਫ ਕੁਝ ਖੁੱਸਦਾ ਹੀ ਨਹੀਂ, ਸਗੋਂ ਕੁਝ ਕੁਝ ਹਾਸਲ ਵੀ ਹੁੰਦਾ ਹੈ। ਇਹ ਫਿਲਮ 39ਵੇਂ ਮਾਸਕੋ ਕੌਮਾਂਤਰੀ ਫਿਲਮ ਮੇਲੇ ਵਿਚ ਪਹਿਲਾਂ ਹੀ ਧੁੰਮਾਂ ਪਾ ਚੁੱਕੀ ਹੈ। ਫਿਲਮ ਦੇ ਡਾਇਰੈਕਟਰ ਸਰਵਰ ਫਾਰੂਕੀ ਦਾ ਫਿਲਮ ਉਤੇ ਪਾਬੰਦੀ ਬਾਰੇ ਦਾ ਕਹਿਣਾ ਹੈ ਕਿ ਉਸ ਦੀ ਫਿਲਮ ਨੂੰ ਪਹਿਲੇ ਗੇਟ ਉਤੇ ਹੀ ਰੋਕਣ ਦਾ ਯਤਨ ਕੀਤਾ ਗਿਆ ਹੈ; ਹੋਰ ਤਾਂ ਹੋਰ, ਇਸ ਫਿਲਮ ਉਤੇ ਪਾਬੰਦੀ ਕਿਉਂ ਲਾਈ ਹੋਈ ਹੈ, ਇਸ ਬਾਰੇ ਵੀ ਕਿਤੇ ਸਪਸ਼ਟ ਨਹੀਂ ਕੀਤਾ ਗਿਆ ਹੈ। ਹਾਂ, ਇਹ ਜ਼ਰੂਰ ਹੈ ਕਿ ਮੈਂ ਆਪਣੀ ਫਿਲਮ ਵਿਚ ਪ੍ਰਚੱਲਿਤ ਧਾਰਾ ਤੋਂ ਐਨ ਉਲਟ ਕੁਝ ਗੱਲਾਂ ਠੋਕ- ਵਜਾ ਕੇ ਕੀਤੀਆਂ ਹਨ। ਹੋ ਸਕਦਾ ਹੈ ਕਿ ਅਗਲਿਆਂ ਨੂੰ ਮੇਰੀਆਂ ਇਨ੍ਹਾਂ ਹੀ ਗੱਲਾਂ ਤੋਂ ਕੋਈ ਔਖ ਹੋਈ ਹੋਵੇ, ਪਰ ਫਿਲਮ ਉਤੇ ਪਾਬੰਦੀ ਬੰਦੇ ਦੀ ਬੋਲਣ ਦੀ ਆਜ਼ਾਦੀ ਉਤੇ ਸਿੱਧਾ ਡਾਕਾ ਹੈ।