ਸਰਕਾਰੀ ਤੰਤਰ ਵਿਚ ਅਕਾਲੀਆਂ ਦੀ ਹੀ ਚੱਲਣ ਤੋਂ ਕਾਂਗਰਸੀ ਬੜੇ ਔਖੇ

ਚੰਡੀਗੜ੍ਹ: ਪੰਜਾਬ ਵਿਚ ਸੱਤਾ ਤਬਦੀਲੀ ਦੇ ਬਾਅਦ ਵੀ ਸਰਕਾਰੀ ਤੰਤਰ ਵਿਚ ਅਕਾਲੀਆਂ ਦੀ ਚੜ੍ਹਤ ਨੇ ਕਾਂਗਰਸੀ ਮੰਤਰੀਆਂ ਵਿਚ ਬੇਚੈਨੀ ਪੈਦਾ ਕਰ ਦਿੱਤੀ ਹੈ। ਮੰਤਰੀਆਂ ਨੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਖੁੱਲ੍ਹ ਕੇ ਗਿਲੇ ਸ਼ਿਕਵੇ ਜ਼ਾਹਰ ਕੀਤੇ।

ਸੂਤਰਾਂ ਅਨੁਸਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਮੇਤ ਕਈ ਮੰਤਰੀਆਂ ਨੇ ਅਕਾਲੀ ਦਲ ਨਾਲ ਸਬੰਧਤ ਸਾਬਕਾ ਮੰਤਰੀਆਂ ਨੂੰ ਸੁਰੱਖਿਆ ਜਿਉਂ ਦੀ ਤਿਉਂ ਮੁਹੱਈਆ ਕਰਵਾਈ ਰੱਖਣ ਅਤੇ ਸਰਕਾਰੇ-ਦਰਬਾਰੇ ਉਨ੍ਹਾਂ ਦਾ ਦਬਦਬਾ ਬਰਕਰਾਰ ਰਹਿਣ ਵੱਲ ਮੁੱਖ ਮੰਤਰੀ ਦਾ ਧਿਆਨ ਦਿਵਾਇਆ। ਸ੍ਰੀ ਬਾਜਵਾ ਨੇ ਮਾਝੇ ਦੇ ਅਕਾਲੀ ਨੇਤਾ ਨਿਰਮਲ ਸਿੰਘ ਕਾਹਲੋਂ ਸਮੇਤ ਹੋਰਨਾਂ ਕਈਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਕਾਲੀ ਆਗੂਆਂ ਦੀ ਚੌਧਰ ਪਹਿਲਾਂ ਵਾਂਗ ਹੀ ਬਰਕਰਾਰ ਹੈ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲੰਬੀ ਵਿਧਾਨ ਸਭਾ ਹਲਕੇ ਨਾਲ ਸਬੰਧਤ ਵਿਵਾਦਤ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਜਲਾਲਾਬਾਦ ਵਿਧਾਨ ਸਭਾ ਹਲਕੇ ਵਿਚ ਸਰਗਰਮ ਅਕਾਲੀ ਨੇਤਾ ਸਤਿੰਦਰਜੀਤ ਸਿੰਘ ਮੰਟਾ ਨੂੰ ਲੋੜੋਂ ਵੱਧ ਸੁਰੱਖਿਆ ਮੁਹੱਈਆ ਕਰਾਏ ਜਾਣ ਅਤੇ ਸਰਕਾਰੀ ਦਫਤਰਾਂ ਵਿਚ ਮਾਣ ਤਾਣ ਹੋਣ ਦੀ ਗੱਲ ਕਹੀ। ਵਜ਼ਾਰਤੀ ਮੀਟਿੰਗ ਵਿਚ ਅਧਿਕਾਰਤ ਏਜੰਡਾ ਖਤਮ ਹੋਣ ਮਗਰੋਂ ਅਫਸਰਾਂ ਨੂੰ ਤਾਂ ਬਾਹਰ ਭੇਜ ਦਿੱਤਾ ਗਿਆ ਪਰ ਮੁੱਖ ਮੰਤਰੀ ਕੋਲ ਸਾਰੇ ਮੰਤਰੀ ਤੇ ਦੋ ਕੁ ਅਫਸਰ ਬੈਠੇ ਰਹੇ।
ਇਸ ਵਿਸ਼ੇਸ਼ ਮੀਟਿੰਗ ਦੌਰਾਨ ਮੰਤਰੀਆਂ ਨੇ ਮੁੱਖ ਮੰਤਰੀ ਦੇ ਸਾਹਮਣੇ ਭੜਾਸ ਕੱਢੀ। ਪੰਚਾਇਤ ਮੰਤਰੀ ਨੇ ਕਿਹਾ ਕਿ ਨਿਰਮਲ ਸਿੰੰਘ ਕਾਹਲੋਂ ਨੂੰ ਦੋ ਸਰਕਾਰੀ ਗੱਡੀਆਂ ਮਿਲੀਆਂ ਹੋਈਆਂ ਹਨ। ਸ੍ਰੀ ਬਾਜਵਾ ਦੇ ਬੋਲਣ ਤੋਂ ਬਾਅਦ ਹੋਰਨਾਂ ਮੰਤਰੀਆਂ ਨੇ ਵੀ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਵਿਚ ਸ਼ਹਿਰੀਆਂ ਤੇ ਹਿੰਦੂਆਂ ਦਾ ਵਿਸ਼ੇਸ਼ ਯੋਗਦਾਨ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਸਰਕਾਰੀ ਤੰਤਰ ‘ਚ ਅਕਾਲੀ ਦਲ ਅਤੇ ਭਾਜਪਾ ਆਗੂਆਂ ਦੀ ਸਰਦਾਰੀ ਕਾਇਮ ਰਹਿਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਸ਼ਹਿਰੀ ਖੇਤਰਾਂ ਨੂੰ ਪੈਸਾ ਜਾਰੀ ਨਾ ਕਰ ਕੇ ਧੱਕਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਦੀਆਂ ਦਲੀਲਾਂ ਨਾਲ ਸਹਿਮਤੀ ਵੀ ਪ੍ਰਗਟਾਈ। ਸੂਤਰਾਂ ਦਾ ਦੱਸਣਾ ਹੈ ਕਿ ਕੁਝ ਹੋਰਨਾਂ ਮੰਤਰੀਆਂ ਨੇ ਵੀ ਆਪਣੇ ਸਾਥੀਆਂ ਦਾ ਸਾਥ ਦਿੰਦਿਆਂ ਕਿਹਾ ਕਿ ਸਰਕਾਰੀ ਦਫਤਰਾਂ ਤੇ ਖਾਸ ਕਰ ਕੇ ਪੁਲਿਸ ਵਿਭਾਗ ‘ਚ ਕਾਂਗਰਸ ਨੇਤਾਵਾਂ ਦੇ ਕੰਮ ਨਹੀਂ ਹੁੰਦੇ ਸਗੋਂ ਅਕਾਲੀਆਂ ਦੀ ਚਲਦੀ ਹੋਣ ਕਾਰਨ ਲੋਕ ਅਕਾਲੀ ਨੇਤਾਵਾਂ ਤੋਂ ਹੀ ਸਿਫਾਰਸ਼ ਕਰਾਉਣ ‘ਚ ਭਲਾਈ ਸਮਝਣ ਲੱਗੇ ਹਨ।
_________________________________________
ਕੈਪਟਨ ਅਮਰਿੰਦਰ ਸਿੰਘ ਦਾ ਤਰਕ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਤਬਦੀਲੀ ਤੋਂ ਬਾਅਦ ਸਰਕਾਰੀ ਨਿਜ਼ਾਮ ਵਿਚ ਕੋਈ ਬਦਲਾਅ ਨਾ ਆਉਣ ਦੀਆਂ ਆਪਣੇ ਸਾਥੀ ਮੰਤਰੀਆਂ ਦੀਆਂ ਦਲੀਲਾਂ ਨਾਲ ਸਹਿਮਤੀ ਪ੍ਰਗਟਾਈ। ਮੁੱਖ ਮੰਤਰੀ ਨੇ ਸਿਕੰਦਰ ਸਿੰਘ ਮਲੂਕਾ ਅਤੇ ਦਿਆਲ ਸਿੰਘ ਕੋਲਿਆਂਵਾਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਲਿਸ ਦੀਆਂ ਰਿਪੋਰਟਾਂ ਮੁਤਾਬਕ ਇਨ੍ਹਾਂ ਦੋਹਾਂ ਅਕਾਲੀ ਆਗੂਆਂ ਦੀ ਜਾਨ ਨੂੰ ਖਤਰਾ ਹੈ ਤੇ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਹੈ।