ਸੰਸਾਰ ਦੀ ਚੌਥਾ ਹਿੱਸਾ ਆਬਾਦੀ ਨੂੰ ਪਾਣੀ ਦੀ ਕਿੱਲਤ ਨਾਲ ਪਵੇਗਾ ਜੂਝਣਾ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟਰੇਜ਼ ਨੇ ਦਿਨੋਂ ਦਿਨ ਸਾਫ ਪਾਣੀ ਦੀ ਹੋ ਰਹੀ ਘਾਟ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਚਿਤਾਵਨੀ ਦਿੱਤੀ ਕਿਹਾ ਕਿ 2050 ਤੱਕ ਆਲਮੀ ਪੱਧਰ ‘ਤੇ ਸਾਫ ਪਾਣੀ ਦੀ ਮੰਗ 40 ਫੀਸਦੀ ਵਧ ਜਾਵੇਗੀ ਤੇ ਦੁਨੀਆਂ ਦੀ ਚੌਥੇ ਹਿੱਸਾ ਆਬਾਦੀ ਨੂੰ ਸਾਫ ਪਾਣੀ ਦੀ ਕਿੱਲਤ ਨਾਲ ਜੂਝਣਾ ਪਵੇਗਾ।

ਉਨ੍ਹਾਂ ਸੁਰੱਖਿਆ ਕੌਂਸਲ ਨੂੰ ਦੱਸਿਆ ਕਿ ਸਾਰੇ ਖਿੱਤਿਆਂ ਵਿਚ ਪਾਣੀ ਦੇ ਮਸਲੇ ਦੇ ਵਿਵਾਦ ਵਧ ਰਿਹਾ ਹੈ। ਸੰਯੁਕਤ ਰਾਸ਼ਟਰ ਦੇ 193 ਮੈਂਬਰ ਦੇਸ਼ਾਂ ‘ਚੋਂ ਤਿੰਨ ਚੌਥਾਈ ਦੇਸ਼ ਆਪਣੇ ਗੁਆਂਢੀਆਂ ਨਾਲ ਨਦੀਆਂ ਜਾਂ ਝੀਲਾਂ ਦਾ ਪਾਣੀ ਵੰਡਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਣੀ, ਅਮਨ ਤੇ ਸੁਰੱਖਿਆ ਅੰਤਰ ਸਬੰਧਤ ਹਨ। ਪਾਣੀ ਦੇ ਸਰੋਤਾਂ ਦੇ ਸੁਚੱਜੇ ਪ੍ਰਬੰਧਨ ਨਾਲ ਵੱਡੇ ਪੱਧਰ ‘ਤੇ ਤਣਾਅ ਘਟਾਇਆ ਜਾ ਸਕਦਾ ਹੈ। ਕੌਂਸਲ ਦੇ ਅਹੁਦੇਦਾਰਾਂ ਨੇ ਦੱਸਿਆ ਕਿ 1947 ਤੋਂ ਵੱਖ-ਵੱਖ ਦੇਸ਼ਾਂ ਵਿਚ 37 ਵਿਵਾਦ ਪੈਦਾ ਹੋ ਚੁੱਕੇ ਹਨ। ਪਾਣੀ ਦੀ ਤੋਟ ਆਉਂਦੇ ਸਾਲਾਂ ਵਿਚ ਮਨੁੱਖੀ ਜੀਵਨ ਲਈ ਵੱਡਾ ਖਤਰਾ ਸਹੇੜੇਗੀ।
ਉਨ੍ਹਾਂ ਕਿਹਾ ਕਿ ਜੇ ਸਾਫ ਪਾਣੀ ਦੀ ਦੁਰਵਰਤੋਂ ਇਸੇ ਤਰ੍ਹਾਂ ਜਾਰੀ ਰਹੀ ਤਾਂ 2025 ਤੱਕ ਦੁਨੀਆਂ ਦੀ ਦੋ ਤਿਹਾਈ ਆਬਾਦੀ ਨੂੰ ਪਾਣੀ ਦੀ ਤੋਟ ਨਾਲ ਜੂਝਣਾ ਪਵੇਗਾ। ਮੌਜੂਦਾ ਸਮੇਂ ਵਿਚ 80 ਕਰੋੜ ਲੋਕ ਪੀਣ ਵਾਲੇ ਸਾਫ ਪਾਣੀ ਦੀ ਘਾਟ ਨਾਲ ਜੂਝ ਰਹੇ ਹਨ। ਇਸ ਮੌਕੇ ਬਰਤਾਨਵੀ ਰਾਜਦੂਤ ਮੈਥਿਊ ਰਾਈਕਰੌਫਟ ਨੇ ਸੋਮਾਲੀਆ ਵਿਚ ਸੋਕੇ ਵੱਲ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਦੁਨੀਆਂ ਵਿਚ ਜੋ ਹੋ ਰਿਹਾ ਹੈ, ਉਹ ਸਾਡੇ ਸਾਹਮਣੇ ਹੈ। ਸੰਸਾਰ, ਪਾਣੀ ਦੀ ਸੁਰੱਖਿਆ ਸਬੰਧੀ ਸੰਯੁਕਤ ਰਾਸ਼ਟਰ ਵੱਲੋਂ 2030 ਤੱਕ ਦੇ ਮਿੱਥੇ ਟੀਚੇ ਮੁਤਾਬਕ ਅਜੇ ਲੀਹ ‘ਤੇ ਨਹੀਂ ਹੈ ਤੇ ਇਸ ਮਾਮਲੇ ਵਿਚ ਗੰਭੀਰ ਉਪਰਾਲਿਆਂ ਦੀ ਲੋੜ ਹੈ।
_________________________________
ਜਲ ਭੰਡਾਰਾਂ ‘ਚ ਪਾਣੀ ਦਾ ਪੱਧਰ 20 ਫੀਸਦੀ ਹੇਠਾਂ ਆਇਆ
ਨਵੀਂ ਦਿੱਲੀ: ਮੁੱਖ ਜਲ ਭੰਡਾਰਾਂ ਵਿਚ ਪਾਣੀ ਦਾ ਪੱਧਰ ਉਨ੍ਹਾਂ ਦੀ ਕੁੱਲ ਸਮਰੱਥਾ ਤੋਂ 20 ਫੀਸਦੀ ਹੇਠਾਂ ਆ ਗਿਆ ਹੈ। ਸਰਕਾਰ ਮੁਤਾਬਕ ਪਾਣੀ ਦਾ ਪੱਧਰ ਹਰ ਹਫਤੇ ਇਕ ਫੀਸਦੀ ਤੱਕ ਘੱਟ ਰਿਹਾ ਹੈ। ਕੇਂਦਰੀ ਜਲ ਸਰੋਤ ਮੰਤਰਾਲੇ ਨੇ ਕਿਹਾ ਨਾਗਾਰਜੁਨਾ ਸਾਗਰ, ਇੰਦਰਾ ਸਾਗਰ ਤੇ ਭਾਖੜਾ ਡੈਮਾਂ ਸਮੇਤ ਹੋਰਨਾਂ ਜਲ ਭੰਡਾਰਾਂ ਵਿਚ 8 ਜੂਨ ਨੂੰ ਖਤਮ ਹੋਏ ਹਫਤੇ ਦੌਰਾਨ 31æ862 ਅਰਬ ਕਿਊਬਿਕ ਮੀਟਰ (ਬੀæਸੀæਐਮæ) ਪਾਣੀ ਸੀ। ਮੰਤਰਾਲੇ ਮੁਤਾਬਕ ਇਸੇ ਅਰਸੇ ਦੌਰਾਨ ਪਿਛਲੇ ਸਾਲ ਇਨ੍ਹਾਂ ਜਲ ਭੰਡਾਰਾਂ ‘ਚ ਪਾਣੀ ਕੁੱਲ ਭੰਡਾਰਨ ਦਾ 130 ਫੀਸਦੀ ਸੀ ਜਦਕਿ ਦਸ ਸਾਲਾਂ ਦੀ ਔਸਤ 107 ਫੀਸਦੀ ਸੀ। ਪਿਛਲੇ ਹਫਤੇ ਡੈਮਾਂ ਵਿਚ ਪਾਣੀ ਕੁੱਲ ਭੰਡਾਰਨ ਸਮਰੱਥਾ ਦਾ 21 ਫੀਸਦੀ ਭਾਵ 33æ407 ਬੀæਸੀæਐਮæ ਸੀ।
_________________________________
ਭਾਰਤ ਵਿਚ ਗਰਮੀ ਨਾਲ ਮਰ ਸਕਦੇ ਨੇ ਵਧੇਰੇ ਲੋਕ
ਵਾਸ਼ਿੰਗਟਨ: ਭਵਿੱਖ ਵਿਚ ਭਾਰਤ ਵਾਸੀਆਂ ਨੂੰ ਹੋਰ ਗਰਮ ਹਵਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਦੇਸ਼ ਦਾ ਔਸਤ ਤਾਪਮਾਨ ਵੀ ਥੋੜ੍ਹਾ ਹੋਰ ਵੱਧ ਜਾਣ ਕਾਰਨ ਸੈਂਕੜੇ ਲੋਕ ਮੌਤ ਦੇ ਮੂੰਹ ਵਿਚ ਜਾ ਸਕਦੇ ਹਨ। ਇਹ ਚਿਤਾਵਨੀ ਇਕ ਨਵੇਂ ਅਧਿਐਨ ਵਿਚ ਦਿੱਤੀ ਗਈ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਵਿਗਿਆਨੀਆਂ ਜਿਨ੍ਹਾਂ ਨੇ ਆਪਣੀ ਖੋਜ ਵਿਚ ਭਾਰਤੀ ਮੌਸਮ ਵਿਭਾਗ ਦੇ 1960 ਤੋਂ 2009 ਤੱਕ ਦੇ ਅੰਕੜਿਆਂ ਨੂੰ ਸ਼ਾਮਲ ਕੀਤਾ ਹੈ, ਨੇ ਇਹ ਭਵਿੱਖਬਾਣੀ ਕੀਤੀ ਹੈ। ਅਮਰੀਕੀ ਵਿਗਿਆਨੀ ਇਰਵਿਨ ਅਨੁਸਾਰ ਜਦੋਂ ਤਾਪਮਾਨ 27 ਤੋਂ 27æ5 ਡਿਗਰੀ ਸੈਲਸੀਅਸ ਤੱਕ ਪੁੱਜ ਜਾਵੇਗਾ ਤਾਂ ਸੰਭਵ ਤੌਰ ਉਤੇ ਵਗਣ ਵਾਲੀ ਲੂ ਨਾਲ ਮਰਨ ਵਾਲਿਆਂ ਦੀ ਗਿਣਤੀ 13 ਫੀਸਦੀ ਤੋਂ ਵੱਧ ਕੇ 32 ਫੀਸਦੀ ਹੋ ਜਾਵੇਗੀ। ਉਨ੍ਹਾਂ ਆਪਣੀ ਖੋਜ ਵਿਚ ਦੱਸਿਆ ਕਿ 1975 ਤੇ 1976 ਵਿਚ ਜਦੋਂ ਭਾਰਤ ਵਿਚ ਗਰਮੀ ਦੀ ਰੁੱਤ ਵਿਚ ਤਾਪਮਾਨ 27æ4 ਡਿਗਰੀ ਸੈਲਸੀਅਸ ਸੀ ਤਾਂ ਕਰਮਵਾਰ ਲੂ ਨਾਲ ਮਰਨ ਵਾਲਿਆਂ ਦੀ ਗਿਣਤੀ 43 ਅਤੇ 34 ਸੀ ਪਰ 1998 ਵਿਚ ਬੇਹੱਦ ਗਰਮੀ ਪੈਣ ਕਾਰਨ ਮਰਨ ਵਾਲਿਆਂ ਦੀ ਗਿਣਤੀ 1600 ਨੂੰ ਟੱਪ ਗਈ, ਉਦੋਂ ਤਾਪਮਾਨ 28 ਡਿਗਰੀ ਸੈਲਸੀਅਸ ਹੋ ਗਿਆ ਸੀ। ਪਿਛਲੇ ਪੰਜ ਦਹਾਕਿਆਂ ਦੇ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਸਾਲ ਲੂਅ ਵਗਣ ਵਾਲੇ ਦਿਨਾਂ ਦੀ ਔਸਤ ਗਿਣਤੀ 7æ3 ਹੁੰਦੀ ਹੈ। 1998 ਵਿਚ ਜਦੋਂ ਬੇਹੱਦ ਗਰਮੀ ਪਈ ਤਾਂ ਇਨ੍ਹਾਂ ਦਿਨਾਂ ਦੀ ਗਿਣਤੀ ਵੱਧ ਕੇ 18 ਹੋ ਗਈ ਸੀ ਅਤੇ 1655 ਲੋਕ ਮਾਰੇ ਗਏ ਸਨ। 2003 ਵਿਚ ਵੀ 13 ਦਿਨ ਗਰਮੀ ਪਈ ਅਤੇ 1500 ਦੇ ਕਰੀਬ ਲੋਕ ਮਾਰੇ ਗਏ ਸਨ।