ਸੁਰਜੀਤ ਜੱਸਲ
ਫੋਨ: 91-98146-07737
ਕਈ ਬੰਦੇ ਅਜਿਹੇ ਹੁੰਦੇ ਹਨ ਜੋ ਸਾਰੀ ਉਮਰ ਸੰਘਰਸ਼ ਕਰੀ ਜਾਂਦੇ ਹਨ ਪਰ ਆਪਣੇ ਮੁਕਾਮ Ḕਤੇ ਪਹੁੰਚਣ ਤੋਂ ਪਹਿਲਾਂ ਹੀ ਦੁਨੀਆਂ ਛੱਡ ਜਾਂਦੇ ਹਨ, ਪਰ ਕੁਝ ਅਜਿਹੇ ਵੀ ਹੁੰਦੇ ਹਨ ਜੋ ਬਹੁਤ ਥੋੜ੍ਹੇ ਸਮੇਂ ਵਿਚ ਹੀ ਰਹਿੰਦੀ ਦੁਨੀਆਂ ਤੱਕ ਨਾਂ ਚਮਕਾਉਣ ਵਾਲਾ ਕੰਮ ਕਰ ਜਾਂਦੇ ਹਨ। ਪੰਜਾਬੀ ਗੀਤ-ਸੰਗੀਤ ਦੇ ਖੇਤਰ ਵਿਚ ਅਜਿਹੀਆਂ ਬਹੁਤ ਕਹਾਣੀਆਂ ਯਥਾਰਥ ਦੇ ਨੇੜੇ ਹਨ।
ਗੁਰਜੰਟ ਸਿੰਘ ਵਿਰਕ ਇੱਕ ਅਜਿਹਾ ਹੀ ਗਾਇਕ ਤੇ ਗੀਤਕਾਰ ਹੈ ਜਿਸ ਦੀ ਲਿਖੀ ਤੇ ਮੁਹੰਮਦ ਸਦੀਕ ਦੀ ਗਾਈ ਲੋਕ ਗਾਥਾ Ḕਸੁੱਚੇ ਸੂਰਮੇ ਨੂੰ ਨਰੈਣ ਸਿੰਘ ਦੀ ਚਿੱਠੀḔ ਇੱਕ ਸ਼ਾਹਕਾਰ ਰਚਨਾ ਬਣ ਗਈ, ਜਿਸ ਕਰਕੇ ਗੁਰਜੰਟ ਵਿਰਕ ਅੱਜ ਵੀ ਜਾਣਿਆਂ ਜਾਂਦਾ ਹੈ। ਬਠਿੰਡਾ ਜਿਲ੍ਹੇ ਵਿਚ ਭਗਤਾ ਭਾਈ ਕਾ ਨੇੜਲੇ ਪਿੰਡ ਥਰਾਜ Ḕਚ ਰਹਿ ਰਿਹਾ ਇਹ ਗੀਤਕਾਰ ਆਪਣੇ ਵੇਲਿਆਂ ਦਾ ਇੱਕ ਨਾਮੀ ਗੀਤਕਾਰ ਤੇ ਗਾਇਕ ਰਿਹਾ ਹੈ ਪਰ ਅਧਰੰਗ ਦਾ ਅਟੈਕ ਹੋਣ ਕਰਕੇ ਪਿਛਲੇ ਪੰਦਰਾਂ ਸਾਲਾਂ ਤੋਂ ਮੰਜੇ Ḕਤੇ ਪਿਆ ਹੈ, ਉਸ ਦੀ ਹਾਲਤ ਇਨ੍ਹੀਂ ਦਿਨੀਂ ਚਿੰਤਾਜਨਕ ਬਣੀ ਹੋਈ ਹੈ। ਮੰਜੇ Ḕਤੇ ਪਏ ਵਿਰਕ ਨੂੰ ਅਨੇਕਾਂ ਹੋਰ ਬਿਮਾਰੀਆਂ ਨੇ ਘੇਰਿਆ ਹੋਇਆ ਹੈ। ਹੁਣ ਉਸ ਦੀ ਪਹਿਲਾਂ ਵਾਲੀ ਯਾਦਦਾਸ਼ਤ ਵੀ ਨਹੀਂ ਰਹੀ, ਪਰ ਸਦੀਕ ਦੀ ਗਾਈ ਇਹ ਲੋਕ ਗਾਥਾ ਉਸ ਨੂੰ ਚੇਤੇ ਹੈ। ਬਾਕੀ ਗੀਤਾਂ Ḕਚੋਂ ਹੁਣ ਉਸ ਨੂੰ ਆਪਣੇ ਗਾਏ ਬਹੁਤੇ ਗੀਤਾਂ ਦੇ ਮੁਖੜੇ ਵੀ ਯਾਦ ਨਹੀਂ ਰਹੇ। ਉਸ ਦਾ ਬੇਟਾ ਉਸ ਨੂੰ ਯਾਦ ਕਰਵਾਉਣ Ḕਚ ਮਦਦ ਕਰਦਾ ਹੈ ਤਾਂ ਉਹ ਦੱਸਦਾ ਹੈ ਕਿ ਸਦੀਕ ਵਾਲਾ ਇਹ ਗੀਤ ਉਸ ਨੇ ਖੇਤ ਕੰਮ ਕਰਦਿਆਂ ਲਿਖਿਆ ਸੀ ਤੇ ਅਕਸਰ ਸਟੇਜਾਂ Ḕਤੇ ਗਾਉਂਦਾ ਹੁੰਦਾ ਸੀ। ਜਦ ਇੱਕ ਸਟੇਜ Ḕਤੇ ਸਦੀਕ ਨੇ ਸੁਣਿਆ ਤਾਂ ਉਸ ਨੇ ਆਪਣੀ ਆਵਾਜ਼ ਵਿਚ ਰਿਕਾਰਡ ਕਰਵਾਉਣ ਲਈ ਲੈ ਲਿਆ।
ਗੁਰਜੰਟ ਵਿਰਕ ਦਾ ਜਨਮ 70 ਸਾਲ ਪਹਿਲਾਂ ਪਿੰਡ ਥਰਾਜ ਵਿਖੇ ਪਿਤਾ ਸ਼ ਕਰਤਾਰ ਸਿੰਘ ਤੇ ਮਾਤਾ ਮੁਖਤਿਆਰ ਕੌਰ ਦੇ ਘਰ ਹੋਇਆ। ਨਿੱਕੀ ਉਮਰੇ ਬਨੇਰਿਆਂ Ḕਤੇ ਵੱਜਦੇ ਸਪੀਕਰ ਸੁਣਨ ਦੇ ਸ਼ੌਕ ਨੇ ਗੁਰਜੰਟ ਦੇ ਮਨ ਨੂੰ ਕਲਾ ਨਾਲ ਜੋੜ ਲਿਆ। ਸਕੂਲ ਪੜ੍ਹਦਿਆਂ ਉਹ ਸਨਿਚਰਵਾਰ ਦੀ ਬਾਲ ਸਭਾ Ḕਚ ਗਾਉਣ ਵਾਲਾ ਅਧਿਆਪਕਾਂ ਅਤੇ ਸਹਿਪਾਠੀਆਂ ਦਾ ਚਹੇਤਾ ਗਾਇਕ ਹੁੰਦਾ ਸੀ। ਲਾਲ ਚੰਦ ਯਮਲੇ ਦੇ ਗੀਤ ਸੁਣਨ ਦਾ ਬਹੁਤ ਸ਼ੌਕੀਨ ਗੁਰਜੰਟ ਇੱਕ ਦਿਨ ਗਾਇਕੀ ਦੀ ਗੁਰ-ਵਿੱਦਿਆ ਲੈਣ ਲਈ ਯਮਲੇ ਦੇ ਚਰਨੀਂ ਜਾ ਲੱਗਿਆ।
ਗੁਰਜੰਟ ਨੇ ਗਾਇਕੀ ਦੀ ਸੁਰੂਆਤ ਸੋਲੋ ਗੀਤਾਂ ਨਾਲ ਕੀਤੀ। ਨੇੜੇ-ਤੇੜੇ ਹੁੰਦੇ ਸੰਗੀਤ ਸਮਾਗਮਾਂ ਵਿਚ ਉਸ ਦੀ ਹਾਜ਼ਰੀ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਦੀ। ਹੌਲੀ ਹੌਲੀ ਉਹਦੀ ਗੱਲ ਲੁਧਿਆਣੇ ਕਲਾਕਾਰਾਂ ਦੇ ਦਫਤਰਾਂ Ḕਚ ਹੋਣ ਲੱਗੀ। ਕੁਲਦੀਪ ਮਾਣਕ ਨੇੜਲੇ ਪਿੰਡਾਂ ਦਾ ਹੋਣ ਕਰਕੇ ਅਕਸਰ ਹੀ ਗੁਰਜੰਟ ਕੋਲ ਆਉਂਦਾ ਰਿਹਾ। ਕਈ ਸਾਲ ਮਾਣਕ ਅਤੇ ਵਿਰਕ Ḕਚ ਭਾਈਆਂ ਵਰਗੀ ਸਾਂਝ ਰਹੀ। ਮਾਣਕ ਨੇ ਜਦ ਵੀ ਆਪਣੇ ਪਿੰਡ ਜਲਾਲ ਆਉਣਾ ਤਾਂ ਉਸ ਦਾ ਦੂਜਾ ਟਿਕਾਣਾ ਗੁਰਜੰਟ ਕੋਲ ਪਿੰਡ ਥਰਾਜ ਹੀ ਹੁੰਦਾ। ਗੁਰਜੰਟ ਵੀ ਕਈ ਕਈ ਦਿਨ ਮਾਣਕ ਕੋਲ ਲੁਧਿਆਣੇ ਰਹਿੰਦਾ ਰਿਹਾ।
ਜਦ ਗੁਰਜੰਟ ਆਪਣੇ ਗਾਇਕੀ ਦੇ ਕੈਰੀਅਰ ਦੇ ਸਿਖਰ ਉਪਰ ਸੀ, ਅੱਜ ਦੇ ਅਨੇਕਾਂ ਨਾਮੀ ਗਾਇਕ ਉਨ੍ਹੀਂ ਦਿਨੀਂ ਸੰਘਰਸ਼ ਕਰ ਰਹੇ ਸਨ। ਵਿਰਕ ਨੇ ਆਪਣੇ ਉਸ ਦੌਰ ਵਿਚ ਨਰਿੰਦਰ ਬੀਬਾ, ਸਵਰਨ ਲਤਾ, ਜਗਮੋਹਨ ਕੌਰ, ਸੁਦੇਸ਼ ਕਪੂਰ, ਸੁਰਿੰਦਰ ਸੋਨੀਆ, ਦਿਲਜੀਤ ਕੌਰ ਆਦਿ ਕਈ ਨਾਮੀ ਸਹਿ-ਗਾਇਕਾਵਾਂ ਨਾਲ ਸਟੇਜਾਂ Ḕਤੇ ਗਾਇਆ। ਇੱਕ ਗੱਲ ਹੋਰ ਦੱਸੀ, ਸਰਦੂਲ ਸਿੰਕਦਰ ਦਾ ਉਨ੍ਹੀਂ ਦਿਨੀਂ ਲੁਧਿਆਣੇ ਉਨ੍ਹਾਂ ਦੇ ਦਫਤਰ ਵਿਚ ਕਾਫੀ ਆਉਣ-ਜਾਣ ਸੀ। ਉਹ ਸਦੀਕ ਦੀ ਗਾਈ Ḕਰੋਡਵੇਜ਼ ਦੀ ਲਾਰੀḔ ਨੂੰ ਵੱਖ ਵੱਖ ਗਾਇਕਾਂ ਦੀ ਆਵਾਜ਼ ਵਿਚ ਗਾਉਂਦਾ ਹੁੰਦਾ। ਗੁਰਜੰਟ ਵਿਰਕ ਦੇ ਕਹਿਣ Ḕਤੇ ਹੀ ਉਸ ਨੇ ਪਹਿਲੀ ਟੇਪ ਰਿਕਾਰਡ ਕਰਵਾਈ।
ਗੁਰਜੰਟ ਵਿਰਕ ਦੇ ਅਨੇਕਾਂ ਗੀਤ ਉਸ ਦੀ ਆਪਣੀ ਆਵਾਜ਼ ਵਿਚ Ḕਵਰਮਾ ਰਿਕਾਰਡਿੰਗ ਕੰਪਨੀḔ ਨੇ ਪੱਥਰ ਦੇ ਤਵਿਆਂ Ḕਤੇ ਰਿਕਾਰਡ ਕੀਤੇ। ਇਸ ਤੋਂ ਇਲਾਵਾ ਉਸ ਦੀਆਂ ਦੋ ਟੇਪਾਂ ḔਫੁਲਕਾਰੀḔ (ਸੋਲੋ) ਅਤੇ Ḕਵਿਆਹ ਦੀ ਝਾਕḔ (ਡਿਊਟ-ਨਵਦੀਪ ਕੌਰ) ਮਾਰਕੀਟ ਵਿਚ ਆਈਆਂ। ਗੁਰਜੰਟ ਵਿਰਕ ਦੇ ਗੀਤ ਸੱਭਿਆਚਾਰਕ ਤੇ ਮਿਆਰੀ ਸਨ। ਉਸ ਨੇ ਜ਼ਿਆਦਾਤਰ ਪਰਿਵਾਰਕ ਗੀਤ ਹੀ ਲਿਖੇ। ਉਸ ਦੀ ਲਿਖਣਸ਼ੈਲੀ ਆਮ ਗੀਤਕਾਰਾਂ ਤੋਂ ਬਹੁਤ ਹਟ ਕੇ ਹੈ। ਉਸ ਦੇ ਲਿਖੇ ਅਤੇ ਗਾਏ ਗੀਤਾਂ Ḕਚੋਂ ਕੁਝ ਰਿਕਾਰਡ ਗੀਤ ਹਨ:
-ਭਾਗ ਤੇ ਘੁੱਕਰ ਦਿੰਦੇ ਦੁੱਖ ਵੀਰਨਾ (ਮੁਹੰਮਦ ਸਦੀਕ)
-ਨਕਲੀ ਡਾਕਟਰ ਬਣ ਕੇ (ਕਰਤਾਰ ਰਮ੍ਹਲਾ-ਨਵਦੀਪ ਨੀਤੂ)
-ਕਾਹਦਾ ਸਿੱਖਿਆ ਤੂੰ ਗਾਉਣਾ (ਕੁਲਦੀਪ ਸ਼ੇਰਗਿੱਲ)
-ਕੱਲ੍ਹ ਤੁਰੀ ਜਾਂਦੀ ਗੋਰੀ ਮੈਂ ਬੁਲਾਈ ਬੱਲੇ (ਖੁਦ ਗੁਰਜੰਟ ਵਿਰਕ)
-ਕਣਕਾਂ ਦੇ ਰੰਗ ਪੱਕ ਗਏ (ਖੁਦ ਗੁਰਜੰਟ ਵਿਰਕ)
-ਕਿਹੜੇ ਪਿੰਡ ਤੂੰ ਜਾਣਾ ਮੇਲਣੇ (ਖੁਦ ਗੁਰਜੰਟ ਵਿਰਕ)
ਅਕਸਰ ਪਹਿਲੇ ਜ਼ਮਾਨੇ ਦੇ ਗੀਤਕਾਰਾਂ ਪੱਲੇ ਤਾਂ ਫੋਕੀ ਬੱਲੇ ਬੱਲੇ ਹੀ ਰਹੀ ਹੈ। ਪਰ ਨਹੀਂ, ਵਿਰਕ ਉਨ੍ਹਾਂ ਗੀਤਕਾਰਾਂ-ਗਾਇਕਾਂ Ḕਚੋਂ ਨਹੀਂ। ਉਸ ਕੋਲ ਰੱਬ ਦਾ ਦਿੱਤਾ ਪਹਿਲਾਂ ਹੀ ਬਹੁਤ ਕੁਝ ਹੈ। ਚੰਗੀ ਜ਼ਮੀਨ ਦੇ ਮਾਲਕ ਇਸ ਜੱਟ ਦੇ ਪੁੱਤ ਨੇ ਗਾਇਕੀ ਦੇ ਨਾਲ ਨਾਲ, ਦੱਬ ਕੇ ਵਾਹ ਤੇ ਰੱਜ ਕੇ ਖਾਹ ਦੇ ਰਾਹ ਤੁਰਦਿਆਂ ਮਿਹਨਤ ਦਾ ਲੜ੍ਹ ਨਹੀਂ ਛੱਡਿਆ। ਗੁਰਜੰਟ ਵਿਰਕ ਦਾ ਵਿਆਹ ਮਨਜੀਤ ਕੌਰ ਨਾਲ ਹੋਇਆ। ਧੀਆਂ-ਪੁੱਤ ਬਾਹਰਲੇ ਮੁਲਕਾਂ Ḕਚ ਸੈਟ ਹਨ। ਛੋਟਾ ਬੇਟਾ ਬਿੱਟੂ ਵਿਰਕ ਪੰਜਾਬ ਵਿਚ ਹੀ ਹੈ, ਜੋ ਆਪਣੇ ਪਿਤਾ ਅਤੇ ਖੇਤੀਬਾੜੀ ਦੀ ਸੰਭਾਲ ਕਰਦਾ ਹੈ।
ਬਿੱਟੂ ਵਿਰਕ ਮੁਤਾਬਕ ਗੁਰਜੰਟ ਵਿਰਕ ਪਿੰਡ ਥਰਾਜ ਵਿਚ ਬਣੇ ਇੱਕ ਵਿਰਾਸਤੀ ਸੱਭਿਆਚਾਰਕ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਰਹੇ। ਕਈ ਸਾਲ ਇਸ ਮੰਚ ਵਲੋਂ ਸੱਭਿਆਚਾਰਕ ਮੇਲੇ ਵੀ ਕਰਵਾਏ ਜਾਂਦੇ ਰਹੇ। ਇਸ ਮੰਚ ਰਾਹੀਂ ਇੱਕ ਵਾਰੀ ਪ੍ਰੋ ਮੋਹਨ ਸਿੰਘ ਯਾਦਗਰੀ ਮੇਲਾ ਵੀ ਕਰਵਾਇਆ ਗਿਆ। ਸਮਾਜ ਸੇਵਾ ਦੇ ਕੰਮਾਂ ਨਾਲ ਵੀ ਵਿਰਕ ਪਰਿਵਾਰ ਪਹਿਲਾਂ ਤੋਂ ਹੀ ਜੁੜਿਆ ਹੋਇਆ ਹੈ। ਉਸ ਨੇ ਆਪਣੇ ਪਿਤਾ ਸ਼ ਕਰਤਾਰ ਸਿੰਘ ਦੀ ਯਾਦ ਵਿਚ ਇੱਕ ਏਕੜ ਜ਼ਮੀਨ ਪਿੰਡ ਦੀ ਡਿਸਪੈਂਸਰੀ ਲਈ ਦਾਨ ਵਜੋਂ ਦਿੱਤੀ ਹੋਈ ਹੈ। ਉਚੇ ਲੰਮੇ ਕੱਦ ਤੇ ਭਰਵੇਂ ਜੁੱਸੇ ਵਾਲਾ ਗੁਰਜੰਟ ਵਿਰਕ ਬਿਮਾਰੀ ਕਰਕੇ ਅੱਜ ਮੰਜੇ ‘ਤੇ ਅੱਧਾ ਹੋਇਆ ਪਿਆ ਹੈ। ਹਮੇਸ਼ਾ ਹਸੂੰ ਹਸੂੰ ਕਰਦੇ ਚਿਹਰੇ ਦਾ ਮਾਲਕ ਗੁਰਜੰਟ ਆਪਣੇ ਅਤੀਤ Ḕਚ ਗੁਆਚਿਆ ਅਕਸਰ ਉਦਾਸ ਹੋ ਜਾਂਦਾ ਹੈ।