ਅੰਮ੍ਰਿਤਸਰ: ਸਾਕਾ ਨੀਲਾ ਤਾਰਾ (ਫੌਜੀ ਹਮਲੇ) ਦੀ 33ਵੀਂ ਬਰਸੀ ਮੌਕੇ ਪੰਜਾਬ ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧਾਂ ਕਾਰਨ ਦਰਬਾਰ ਸਾਹਿਬ ਵਿਚ ਗਰਮਖਿਆਲੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਸਿੱਧਾ ਟਕਰਾਅ ਭਾਵੇਂ ਟਲ ਗਿਆ, ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਦੋਂ ਜਥੇਦਾਰ ਕੌਮ ਦੇ ਨਾਂ ਸੰਦੇਸ਼ ਪੜ੍ਹ ਰਹੇ ਸਨ ਤਾਂ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲੱਗੇ। ਜਿੰਨਾ ਚਿਰ ਜਥੇਦਾਰ ਨੇ ਆਪਣਾ ਸੰਦੇਸ਼ ਪੂਰਾ ਨਾ ਕੀਤਾ, ਵਿਰੋਧ ਜਾਰੀ ਰਿਹਾ। ਸਮਾਗਮ ਵਿਚ ਬਾਦਲ ਪਰਿਵਾਰ ਖਿਲਾਫ ਵੀ ਨਾਅਰੇ ਲੱਗੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਵਿਰੋਧ ਕਰਨ ਵਾਲਿਆਂ ਨੂੰ ਬਾਹਰ ਕੱਢਣ ਦਾ ਯਤਨ ਕੀਤਾ। ਟਾਸਕ ਫੋਰਸ ਨੇ ਫੌਰੀ ਸਾਰੇ ਪਾਸਿਉਂ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਬੰਦ ਹਾਲ ਵਿਚ ਹੀ ਗਿਆਨੀ ਗੁਰਬਚਨ ਸਿੰਘ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਗਿਆ। ਰੌਲੇ-ਰੱਪੇ ਕਰ ਕੇ ਅਕਾਲ ਤਖਤ ਦੇ ਜਥੇਦਾਰ ਅਤੇ ਮੁਤਵਾਜ਼ੀ ਜਥੇਦਾਰਾਂ ਵੱਲੋਂ ਸਿੱਖ ਕੌਮ ਦੇ ਨਾਂ ਪੜ੍ਹਿਆ ਸੰਦੇਸ਼ ਕੋਈ ਨਾ ਸੁਣ ਸਕਿਆ।
ਇਸ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਕੋਲ ਪਹੁੰਚ ਕਰ ਕੇ ਸਮਾਗਮ ਨੂੰ ਸ਼ਾਂਤੀਪੂਰਨ ਢੰਗ ਨਾਲ ਸਿਰੇ ਚਾੜ੍ਹਨ ਦੀ ਬੇਨਤੀ ਕੀਤੀ ਸੀ ਅਤੇ ਉਹ ਆਪਣੀਆਂ ਕੋਸ਼ਿਸ਼ਾਂ ਵਿਚ ਕਾਫੀ ਹੱਦ ਤੱਕ ਸਫਲ ਵੀ ਰਹੇ, ਪਰ ਅਕਾਲ ਤਖਤ ਦੇ ਜਥੇਦਾਰ ਖਿਲਾਫ ਸਿੱਖ ਸੰਗਤਾਂ ਵਿਚ ਰੋਹ ਨੂੰ ਡੱਕਿਆ ਨਾ ਜਾ ਸਕਿਆ। ਜਥੇਦਾਰ ਨੇ ਜਿਵੇਂ ਹੀ ਸੰਦੇਸ਼ ਸ਼ੁਰੂ ਕੀਤਾ, ਸਮਾਗਮ ਵਿਚ ਮੌਜੂਦ ਵੱਡੀ ਗਿਣਤੀ ਸਿੱਖ ਆਗੂਆਂ ਨੇ ਖੜ੍ਹੇ ਹੋ ਕੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਉਧਰ, ਸ਼੍ਰੋਮਣੀ ਕਮੇਟੀ ਨੇ ਇਸ ਵਾਰ ਗਰਮਖਿਆਲੀਆਂ ਨਾਲ ਕਾਫੀ ਨਰਮੀ ਵਰਤੀ ਅਤੇ ਮੁਤਵਾਜ਼ੀ ਜਥੇਦਾਰਾਂ ਨੂੰ ਬਿਨਾਂ ਰੋਕ, ਅਕਾਲ ਤਖਤ ਦੀ ਫਸੀਲ ਤੋਂ ਸੰਦੇਸ਼ ਜਾਰੀ ਕਰਨ ਦਿੱਤਾ ਗਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਥੇਦਾਰ ਦਾ ਵਿਰੋਧ ਕਰਨ ਵਾਲੇ ਕਿਸੇ ਜਥੇਬੰਦੀ ਦੇ ਆਗੂ ਨਹੀਂ ਸਨ, ਸਗੋਂ ਆਮ ਸੰਗਤ ਸੀ। ਵਿਰੋਧ ਦੇ ਬਾਵਜੂਦ ਭਾਵੇਂ ਜਥੇਦਾਰ ਆਪਣਾ ਸੰਦੇਸ਼ ਪੂਰਾ ਕਰ ਕੇ ਹਟੇ, ਪਰ ਉਨ੍ਹਾਂ ਦੇ ਵਿਰੋਧ ਨੇ ਸਾਬਤ ਕਰ ਦਿੱਤਾ ਕਿ ਸਿੱਖ ਸੰਗਤ ਦੇ ਮਨਾਂ ਵਿਚ ਉਨ੍ਹਾਂ ਪ੍ਰਤੀ ਕਿੰਨਾ ਰੋਹ ਹੈ।
ਦੱਸਣਯੋਗ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਜਥੇਦਾਰ ਨੂੰ ਲਗਾਤਾਰ ਸਿੱਖਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਥੇਦਾਰ ਉਤੇ ਪਿਛਲੀ ਬਾਦਲ ਸਰਕਾਰ ਵੇਲੇ ਸਰਕਾਰੀ ਹੱਥਾਂ ਵਿਚ ਖੇਡਣ ਦੇ ਦੋਸ਼ ਵੀ ਲੱਗੇ ਸਨ। ਜਥੇਦਾਰ ਨੂੰ ਅਹੁਦੇ ਤੋਂ ਲਾਂਭੇ ਕਰਨ ਲਈ ਸਿੱਖ ਜਥੇਬੰਦੀਆਂ ਲਗਾਤਾਰ ਮੰਗ ਕਰ ਰਹੀਆਂ ਹਨ। ਇਸ ਦੇ ਬਾਵਜੂਦ ਜਥੇਦਾਰ ਆਪਣੇ ਅਹੁਦੇ ‘ਤੇ ਡਟੇ ਹੋਏ ਹਨ। ਇਹ ਪਹਿਲੀ ਵਾਰ ਨਹੀਂ ਜਦੋਂ ਕਿਸੇ ਸਮਾਗਮ ਵਿਚ ਜਥੇਦਾਰ ਦਾ ਵਿਰੋਧ ਹੋਇਆ ਹੋਵੇ। ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ ਅਤੇ ਵਿਸਾਖੀ ਦੇ ਦਿਹਾੜੇ ‘ਤੇ ਵੀ ਜਥੇਦਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਵਾਰ ਸਮਾਗਮ ਦੌਰਾਨ ਪਹਿਲੀ ਵਾਰ ਦੋ ਜਥੇਦਾਰਾਂ ਵੱਲੋਂ ਕੌਮ ਦੇ ਨਾਂ ਵੱਖ-ਵੱਖ ਸੰਦੇਸ਼ ਰੌਲੇ-ਰੱਪੇ ਦੌਰਾਨ ਜਾਰੀ ਕੀਤੇ ਗਏ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਜਿਥੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਣਾ ਸੰਦੇਸ਼ ਜਾਰੀ ਕੀਤਾ, ਉਥੇ ਮੁਤਵਾਜ਼ੀ ਜਥੇਦਾਰਾਂ ਦੀ ਘੱਲੂਘਾਰਾ ਦਿਵਸ ਸਮਾਗਮ ‘ਚ ਪਹਿਲੀ ਵਾਰ ਹਾਜ਼ਰੀ ਕਾਰਨ ਭਾਈ ਧਿਆਨ ਸਿੰਘ ਮੰਡ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਹੇਠਾਂ ਖਲੋ ਕੇ ਸੰਦੇਸ਼ ਜਾਰੀ ਕੀਤਾ ਗਿਆ।
______________________________________
ਮੁਤਵਾਜ਼ੀ ਜਥੇਦਾਰਾਂ ਨਾਲ ਨਰਮੀ
ਚੰਡੀਗੜ੍ਹ: ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੱਲੋਂ ਮੁਤਵਾਜ਼ੀ ਜਥੇਦਾਰਾਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਰਿਹਾ ਹੈ, ਪਰ ਕਾਂਗਰਸ ਸਰਕਾਰ ਵੱਲੋਂ ਅਜਿਹਾ ਨਾ ਕੀਤੇ ਜਾਣ ਕਾਰਨ ਉਨ੍ਹਾਂ ਪਹਿਲੀ ਵਾਰ ਘੱਲੂਘਾਰਾ ਸਮਾਗਮ ਵਿਚ ਸ਼ਮੂਲੀਅਤ ਕੀਤੀ। ਮੁਤਵਾਜ਼ੀ ਜਥੇਦਾਰਾਂ ਦੀ ਘੱਲੂਘਾਰਾ ਦਿਵਸ ਸਮਾਗਮ ‘ਚ ਪਹਿਲੀ ਵਾਰ ਹਾਜ਼ਰੀ ਕਾਰਨ ਭਾਈ ਧਿਆਨ ਸਿੰਘ ਮੰਡ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਹੇਠਾਂ ਖਲੋ ਕੇ ਸੰਦੇਸ਼ ਜਾਰੀ ਕੀਤਾ ਗਿਆ।