-ਕੀਰਤ ਕਾਸ਼ਣੀ
ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤਿਆਂ ਦੀਆਂ ਉਲਝੀਆਂ ਤੰਦਾਂ ਬਹੁਤ ਵਾਰ ਬੜਾ ਵਿਕਰਾਲ ਰੂਪ ਅਖਤਿਆਰ ਕਰ ਜਾਂਦੀਆਂ ਹਨ। ਅੱਜ ਕੱਲ੍ਹ ਕਿਉਂਕਿ ਕੇਂਦਰ ਵਿਚ ਹਿੰਦੂਤਵਵਾਦੀਆਂ ਦੀ ਸਰਕਾਰ ਹੈ, ਇਸ ਲਈ ਸੰਘ ਪੱਖੀ ਲੋਕ ਖੂਬ ਸਰਗਰਮੀ ਦਿਖਾ ਰਹੇ ਹਨ। ਉਨ੍ਹਾਂ ਦਾ ਆਖਣਾ ਹੈ ਕਿ ਹੁਣ ਮੁਲਕ ਵਿਚ ਉਨ੍ਹਾਂ ਦੀ ਸਰਕਾਰ ਹੈ, ਜੇ ਉਹ ਹੁਣ ਵੀ ਆਪਣੀ ਮਰਜ਼ੀ ਨਹੀਂ ਕਰਨਗੇ ਤਾਂ ਹੋਰ ਕਦੋਂ ਕਰਨਗੇ? ਇਨ੍ਹਾਂ ਦੀ ਇਸ ਮਨਮਰਜ਼ੀ ਦਾ ਸ਼ਿਕਾਰ ਰੋਜ਼ ਕੋਈ ਨਾ ਕੋਈ ਬਣ ਜਾਂਦਾ ਹੈ।
ਹਾਲ ਹੀ ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਕ੍ਰਿਕਟ ਚੈਂਪੀਅਨਜ਼ ਟਰਾਫ਼ੀ ਮੈਚ ਤੋਂ ਬਾਅਦ ਅਦਾਕਾਰਾ ਗੌਹਰ ਖਾਨ ਨੇ ਇੰਸਟਾਗਰਾਮ ਉਤੇ ਆਪਣੀ ਤਸਵੀਰ ਕੀ ਪਾਈ, ਹਿੰਦੂਵਾਦੀ ਉਸ ਦੇ ਮਗਰ ਹੀ ਪੈ ਗਏ! ਗੌਹਰ ਖਾਨ ਨੇ ਵੀ ਜਵਾਬ ਰਤਾ ਖੜਕਾ ਕੇ ਦਿੱਤਾ। ਅਸਲ ਵਿਚ ਕਿਸੇ ਕੱਟੜਪੰਥੀ ਨੇ ਤਸਵੀਰ ਉਤੇ ਲਿਖ ਮਾਰਿਆ ਕਿ “ਗੌਹਰ ਖਾਨ, ਮੈਨੂੰ ਦੁੱਖ ਹੈ ਕਿ ਤੁਹਾਡੀ ਟੀਮ ਮੈਚ ਹਾਰ ਗਈ। ਚਲੋ, ਕੋਈ ਗੱਲ ਨਹੀਂ, ਪਾਕਿਸਤਾਨ ਨੂੰ ਅਗਲੀ ਵਾਰ ਮੌਕੇ ਮਿਲੇਗਾ।” ਯਾਦ ਰਹੇ ਕਿ ਹਿੰਦੂ ਕੱਟੜਪੰਥੀ ਮੁਸਲਮਾਨ ਘੱਟ-ਗਿਣਤੀਆਂ ਨੂੰ ਵਾਰ ਵਾਰ ਆਪਣੇ ਨਿਸ਼ਾਨੇ ਦਾ ਸ਼ਿਕਾਰ ਬਣਾ ਰਹੇ ਹਨ, ਪਰ ਜਵਾਬ ਵਿਚ ਗੌਹਰ ਖਾਨ ਨੇ ਲਿਖ ਦਿੱਤਾ- “ਮੇਰਾ ਦੇਸ਼ ਭਾਰਤ ਹੈ, ਪਰ ਲਗਦਾ ਹੈ ਕਿ ਤੁਸੀਂ ਕਿਸੇ ਹੋਰ ਗ੍ਰਹਿ ਤੋਂ ਆਏ ਹੋ। ਮੈਂ ਹਰ ਦੇਸ਼, ਹਰ ਧਰਮ ਦਾ ਆਦਰ ਕਰਦੀ ਹਾਂ, ਪਰ ਤੁਹਾਡੇ ਵਰਗ ਹੋਛੇ ਬੰਦੇ ਕਿਤੇ ਜਿੱਤ ਨਹੀਂ ਸਕਦੇ। ਫਿਰ ਵੀ ਤੁਹਾਡੇ ਲਈ ਦੁਆ ਕਰਾਂਗੀ।” ਗੌਹਰ ਖਾਨ ਦੇ ਪ੍ਰਸ਼ੰਸਕਾਂ ਦੀ ਉਸ ਨੂੰ ਸਲਾਹ ਸੀ ਕਿ ਅਜਿਹੇ ਲੋਕਾਂ ਨਾਲ ਗੱਲ ਕਰਨ ਦਾ ਫਾਇਦਾ ਕੋਈ ਨਹੀਂ। ਇਹ ਲੋਕ ਤਾਂ ਮਿਥ ਕੇ ਸੋਸ਼ਲ ਮੀਡੀਆ ਉਤੇ ਅਜਿਹਾ ਕਰਦੇ ਹਨ ਤਾਂ ਕਿ ਵੱਖ-ਵੱਖ ਮਸਲਿਆਂ ‘ਤੇ ਸੰਘ ਦਾ ਪ੍ਰਚਾਰ ਕੀਤਾ ਜਾ ਸਕੇ। ਯਾਦ ਰਹੇ ਕਿ ਗੌਹਰ ਖਾਨ ਤੋਂ ਪਹਿਲਾਂ ਕਈ ਸ਼ਖਸੀਅਤਾਂ ਵੀ ਇਨ੍ਹਾਂ ਆਰæਐਸ਼ਐਸ ਪੱਖੀਆਂ ਦੀ ਟਰੌਲਿੰਗ ਦਾ ਸ਼ਿਕਾਰ ਹੋ ਚੁੱਕੀਆਂ ਹਨ। ਇਨ੍ਹਾਂ ਵਿਚ ਅਦਾਕਾਰਾ ਸਵਰਾ ਭਾਸਕਰ ਅਤੇ ਲਿਖਾਰੀ ਅਰੁੰਧਤੀ ਰਾਏ ਸ਼ਾਮਲ ਹਨ।