ਪੰਜਾਬ ਦੇ ਭੁਗੋਲਿਕ ਇਲਾਕੇ ਜੋ ਜਾਤਾਂ-ਗੋਤਾਂ ਦੇ ਨਾਂ ਬਣ ਗਏ

ਪਾਕਿਸਤਾਨ ਤੋਂ ਇੰਗਲੈਂਡ ਜਾ ਵੱਸੇ ਲੇਖਕ ਜਨਾਬ ਗੁਲਾਮ ਮੁਸਤਫਾ ਡੋਗਰ ਦੀ ਪੰਜਾਬੀ ਸਭਿਆਚਾਰ ਉਤੇ ਬੜੀ ਪੀਡੀ ਪਕੜ ਹੈ, ਦੂਜੇ ਲਫਜ਼ਾਂ ਵਿਚ ਉਹ ਪੰਜਾਬ ਦੇ ਜ਼ੱਰੇ ਜ਼ੱਰੇ ਤੋਂ ਵਾਕਿਫ ਹਨ। ਪਿਛੇ ਜਿਹੇ ਪੰਜਾਬ ਟਾਈਮਜ਼ ਵਿਚ ਛਪੇ ਆਪਣੇ ਲੇਖ Ḕਸਿੱਖ ਅਤੇ ਮੁਸਲਮਾਨ: ਭਾਈਚਾਰਕ ਸਾਂਝḔ ਵਿਚ ਉਨ੍ਹਾਂ ਇਨ੍ਹਾਂ ਦੋਹਾਂ ਫਿਰਕਿਆਂ ਦੀ ਆਪਸੀ ਸਾਂਝ ਬਾਰੇ ਗੱਲ ਕੀਤੀ ਸੀ।

ਹਥਲੇ ਲੇਖ ਵਿਚ ਉਨ੍ਹਾਂ ਅਣਵੰਡੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਲੋਕਾਂ ਦੀਆਂ ਜਾਤਾਂ-ਗੋਤਾਂ ਦਾ ਵੇਰਵਾ ਬੜੇ ਦਿਲਚਸਪ ਅੰਦਾਜ਼ ਵਿਚ ਆਖ ਸੁਣਾਇਆ ਹੈ। -ਸੰਪਾਦਕ

ਗੁਲਾਮ ਮੁਸਤਫਾ ਡੋਗਰ
ਫੋਨ: 0044-7878132209

ਮਸ਼ਰਕੀ (ਪੂਰਬੀ) ਪੰਜਾਬ ਦਾ ਗਾਇਕ ਸਤਿੰਦਰ ਸਰਤਾਜ ਮੈਨੂੰ ਬੜਾ ਪਸੰਦ ਹੈ, ਖਾਸ ਕਰਕੇ ਉਹਦੀ ਗਾਈ ਹੀਰ। ਕੁਝ ਦਿਨ ਪਹਿਲਾਂ ਮੈਂ ਉਹਦਾ ਗਾਣਾ Ḕਹਜ਼ਾਰੇ ਵਾਲਾ ਮੁੰਡਾ’ ਸੁਣ ਰਿਹਾ ਸਾਂ। ਖਿਆਲ ਆਇਆ, ਜਦੋਂ ਸਭਿਆਚਾਰ ਇਕ ਹੋਵੇ, ਉਸ ਇਲਾਕੇ ਨੂੰ ਸਦਾ ਲਈ ਨਹੀਂ ਵੰਡਿਆ ਜਾ ਸਕਦਾ। ਵੇਖੋ ਨਾ, ਪੂਰਬੀ ਪੰਜਾਬ ਦੇ ਲੋਕ ਹੀਰ ਗਾਏ ਬਿਨਾ ਕਿਵੇਂ ਰਹਿ ਸਕਦੇ ਨੇ! 70 ਸਾਲਾਂ ਬਾਅਦ ਵੀ ਇਨ੍ਹਾਂ ਦੇ ਗਾਣਿਆਂ ਵਿਚ ਹਜ਼ਾਰੇ ਦਾ ਜ਼ਿਕਰ ਆ ਰਿਹਾ ਹੈ। ਭਾਵੇਂ ਇਨ੍ਹਾਂ ਨੂੰ ਪਤਾ ਨਹੀਂ ਕਿ ਹਜ਼ਾਰਾ ਕਿਸੇ ਸ਼ਹਿਰ ਜਾਂ ਪਿੰਡ ਦਾ ਨਾਂ ਨਹੀਂ, ਇਹ ਤਾਂ ਪਾਕਿਸਤਾਨੀ ਪੰਜਾਬ ਨਾਲ ਲਗਦੇ ਇਕ ਇਲਾਕੇ ਦਾ ਨਾਂ ਹੈ, ਜਿਹੜਾ ਹੈ ਤਾਂ ਪੰਜਾਬੋਂ ਬਾਹਰ ਪਰ ਬੋਲੀ ਉਥੇ ਵੀ ਲਹਿੰਦੀ ਪੰਜਾਬੀ ਹੀ ਬੋਲੀ ਜਾਂਦੀ ਹੈ।
ਕੁਦਰਤੀ ਹੈ, ਹਰ ਮੁਆਸ਼ਰਾ ਜਾਤਾਂ ਗੋਤਾਂ, ਕਬੀਲਿਆਂ ‘ਚ ਵੰਡਿਆ ਪਿਆ ਹੈ। ਜੇ ਇਕੱਲੇ ਪੰਜਾਬ ਦੀ ਹੀ ਗੱਲ ਕਰੀਏ ਤਾਂ ਇਥੇ ਜੱਟਾਂ ਦੇ ਹੀ ਕੋਈ 550 ਕਬੀਲੇ ਜਾਂ ਗੋਤ ਨੇ। ਰਾਜਪੂਤਾਂ ਦੇ ਕੋਈ 300 ਗੋਤ ਹੋਣਗੇ। ਮਸਲਨ ਇਥੇ ਕੋਈ ਗਿੱਲ ਹੈ, ਬਾਜਵਾ ਹੈ, ਰੰਧਾਵਾ ਹੈ, ਪਰਿਹਾਰ ਹੈ, ਚੌਹਾਨ ਹੈ ਤੇ ਕੋਈ ਵਿਰਕ। ਯੂਰਪ ਵਿਚ ਇਨ੍ਹਾਂ ਨੂੰ ਫੈਮਿਲੀ ਨੇਮ ਜਾਂ ਲਾਸਟ ਨੇਮ ਕਹਿ ਦਿੰਦੇ ਨੇ।
ਕਈ ਨਾਂ ਅਜਿਹੇ ਨੇ ਜੋ ਅਸਲ ਵਿਚ ਇਲਾਕਿਆਂ ਦੇ ਨਾਂ ਹਨ ਪਰ ਲੋਕ ਉਨ੍ਹਾਂ ਨੂੰ ਵੀ ਗੋਤ ਜਾਂ ਕਬੀਲੇ ਸਮਝਦੇ ਹਨ। ਮਿਸਾਲ ਦੇ ਤੌਰ ‘ਤੇ ਡੋਗਰੇ, ਸੁਲੈਰੀਏ, ਬਾਰੀਏ, ਬਾਗੜੀ, ਨੱਕਈ, ਮਝੈਲ, ਮਲਵੱਈ ਆਦਿ। ਕਹਿਣ ਤੋਂ ਭਾਵ ਡੁੱਗਰ ਇਕ ਇਲਾਕੇ ਦਾ ਨਾਂ ਹੈ ਤੇ ਜੋ ਵੀ ਉਥੋਂ ਦਾ ਵਸਨੀਕ ਹੈ, ਉਹ ਡੋਗਰਾ ਕਹਾਉਂਦਾ ਹੈ ਭਾਵੇਂ ਉਹ ਕਿਸੇ ਵੀ ਜਾਤ ਗੋਤ ਜਾਂ ਕਬੀਲਾ ਤੋਂ ਹੋਵੇ।
ਹਜ਼ਾਰੇ ਵਿਚ ਹਰੀਪੁਰ ਸ਼ਹਿਰ ਆਬਾਦ ਹੈ ਜੋ ਸਿੱਖ ਜਰਨੈਲ ਹਰੀ ਸਿੰਘ ਨਲੂਆ ਨੇ ਆਬਾਦ ਕੀਤਾ ਸੀ। ਉਥੇ ਫਿਰ ਮਾਨਸਿਹਰਾ ਸ਼ਹਿਰ ਹੈ ਜਿਸ ਦੀ ਨੀਂਹ ਸਿੱਖ ਜਰਨੈਲ ਮਾਨ ਸਿੰਘ ਨੇ ਰੱਖੀ ਸੀ। ਹਜ਼ਾਰੇ ਵਿਚ ਹੀ ਸ਼ਹਿਰ ਐਬਟਾਬਾਦ ਹੈ ਜਿਥੇ ਪਾਕਿਸਤਾਨੀ ਫੌਜ ਦੇ ਅਫਸਰਾਂ ਦਾ ਟਰੇਨਿੰਗ ਸੈਂਟਰ ਹੈ। ਅੱਜ ਤਾਂ ਵਿਚ ਵਿਚ ਕਦੀ ਕਦੀ ਮੰਗ ਉਠਦੀ ਹੈ ਕਿ ਹਜ਼ਾਰੇ ਨੂੰ ਵੀ ਵੱਖਰਾ ਸੂਬਾ ਬਣਾਇਆ ਜਾਵੇ। ਜੇ ਅਜਿਹਾ ਹੋ ਗਿਆ ਤਾਂ ਉਹਦੀ ਰਾਜਧਾਨੀ ਹਰੀਪੁਰ ਹੀ ਬਣਨੀ ਹੈ।
ਯਾਦ ਰਹੇ, ਹਜ਼ਾਰਾ ਇਲਾਕਾ ਇਸ ਵੇਲੇ ਖੈਬਰ ਪੱਖਤੂਨਖਾ ਦਾ ਬਹੁਤ ਵੱਡਾ ਇਲਾਕਾ ਹੈ, ਹਾਲਾਂ ਕਿ ਬੋਲੀ ਉਥੇ ਵੀ ਪੰਜਾਬੀ ਹੀ ਜਾਂਦੀ ਹੈ। ਅਮੂਮਨ ਕਿਹਾ ਜਾਂਦਾ ਹੈ ਕਿ ਪੰਜਾਬ ਸੂਬਾ ਪੂਰੇ ਪਾਕਿਸਤਾਨ ਦਾ 64% ਹੈ। ਮੈਂ ਕਹਿਨਾਂ ਵਾਂ, ਪੰਜਾਬ ਉਸ ਤੋਂ ਵੀ ਵੱਡਾ ਹੈ ਕਿਉਂਕਿ ਜਦੋਂ ਅਸੀ 64% ਕਹਿੰਨੇ ਆਂ, ਉਦੋਂ ਹਜ਼ਾਰੇ ਵਰਗੇ ਇਲਾਕੇ ਨਜ਼ਰਅੰਦਾਜ਼ ਕਰ ਦਿੰਨੇ ਆਂ, ਜਿਥੋਂ ਦੀ ਬੋਲੀ ਪੰਜਾਬੀ ਹੀ ਹੈ। ਹਾਲਾਂ ਕਿ ਜਿਵੇਂ ਅਕਸਰ ਹੁੰਦਾ ਹੈ, ਬੋਲੀ ਕਦੀ ਵੀ ਇਕਸਾਰ ਨਹੀਂ ਹੁੰਦੀ, ਇਲਾਕੇ ਦਾ ਫਰਕ ਪੈਂਦਾ ਹੈ। ਹਜ਼ਾਰੇ ਦੀ ਪੰਜਾਬੀ ਪੇਸ਼ਾਵਰ ਦੀ ਹਿੰਦਕੋ ਤੇ ਪੰਜਾਬੀ ਦਾ ਮੇਲ ਜਿਹਾ ਹੈ।
ਮੈਨੂੰ ਪਤਾ ਹੈ, 1947 ‘ਚ ਹਜ਼ਾਰੇ ਤੋਂ ਬਹੁਤ ਸਿੱਖ ਉਠ ਕੇ ਪਟਿਆਲੇ ਜਾ ਬੈਠੇ ਸਨ ਜਿਨ੍ਹਾਂ ਨੂੰ ਭਾਪੇ ਕਿਹਾ ਜਾਂਦਾ ਹੈ।
ਹਜ਼ਾਰੇ ਤੋਂ ਥੋੜ੍ਹਾ ਅਗਲਾ ਇਲਾਕਾ ਛੱਛ ਕਹਾਉਂਦਾ ਹੈ। ਉਥੋਂ ਦੇ ਵਸਨੀਕਾਂ ਨੂੰ ਛਾਛੀ ਕਿਹਾ ਜਾਂਦਾ ਹੈ। ਇਹ ਸਮਝ ਲਓ ਕਿ ਇਹ ਪੇਸ਼ਾਵਰ ਤੇ ਪੰਜਾਬ ਦੇ ਵਿਚਲਾ ਇਲਾਕਾ ਹੈ। ਅਜਿਹਾ ਇਲਾਕਾ ਜਿਥੇ ਦੋ ਜ਼ਬਾਨਾਂ ਮਿਲਦੀਆਂ ਹੋਣ, ਉਥੋਂ ਦੇ ਲੋਕ ਉਹ ਦੋਵੇਂ ਜ਼ਬਾਨਾਂ ਬੋਲ ਸਕਦੇ ਹੁੰਦੇ ਨੇ, ਤੇ ਬਸ ਇਹੋ ਹਾਲ ਛੱਛ ਦਾ ਹੈ। ਛਾਛੀ ਪਸ਼ਤੋ ਤੇ ਪੰਜਾਬੀ-ਦੋਹੇਂ ਜ਼ਬਾਨਾਂ ਬੋਲ ਸਕਦੇ ਨੇ। ਸਾਡੀ ਨਿਗ੍ਹਾ ਵਿਚ ਤਾਂ ਛਾਛੀ ਪਠਾਣ ਹੀ ਹੁੰਦੇ ਨੇ ਪਰ ਪਠਾਣ ਲੋਕ ਇਨ੍ਹਾਂ ਨੂੰ ਅਸਲੀ ਪਠਾਣ ਨਹੀਂ ਗਿਣਦੇ। ਉਹ ਕਹਿੰਦੇ, ਇਹ ਛਾਛੀ ਪਠਾਣ ਨੇ। ਛੱਛ ਦਾ ਵੱਡਾ ਸ਼ਹਿਰ ਅੱਟਕ ਹੈ।
ਹਜ਼ਾਰੇ ਤੋਂ ਉਰਾਂ ਨੂੰ ਆਈਏ ਤਾਂ ਪੰਜਾਬ ਦਾ ਜੋ ਇਲਾਕਾ ਪੈਂਦਾ ਹੈ, ਉਹਨੂੰ ਪੋਠੋਹਾਰ ਕਿਹਾ ਜਾਂਦਾ ਹੈ ਜਿਸ ਵਿਚ ਰਾਵਲਪਿੰਡੀ, ਚੱਕਵਾਲ, ਜਿਹਲਮ, ਗੁਜਰਾਤ, ਪਿੰਡੀ ਘੇਬ ਜ਼ਿਲੇ ਆਉਂਦੇ ਹਨ। ਇਹ ਕਾਫੀ ਵੱਡਾ ਇਲਾਕਾ ਹੈ। ਇਸ ਇਲਾਕੇ ਦੇ ਲੋਕ ਖਾਸ ਕਰਕੇ ਜੱਟ ਤੇ ਰਾਜਪੂਤ ਫੌਜ ਵਿਚ ਵੱਡੀ ਗਿਣਤੀ ਵਿਚ ਹਨ। ਇਥੇ ਜੋ ਜ਼ਬਾਨ ਬੋਲੀ ਜਾਂਦੀ ਹੈ, ਉਹ ਪੋਠੋਹਾਰੀ ਪੰਜਾਬੀ ਹੈ, ਜੋ ਭਾਪਿਆਂ ਦੀ ਜ਼ਬਾਨ ਹੈ।
ਫਿਰ ਉਰੇ ਆਉਂਦੇ ਹਾਂ ਤਾਂ ਜਿਹੜਾ ਇਲਾਕਾ ਪੈਂਦਾ ਹੈ, ਉਹਨੂੰ ਚੱਜ ਕਿਹਾ ਜਾਂਦਾ ਹੈ। ਇਥੋਂ ਦੇ ਮੂਲ ਨਿਵਾਸੀ ਗੋਂਦਲ ਜੱਟ ਤੇ ਰਾਂਝੇ ਜੱਟ ਹਨ। ਧੀਦੋ ਰਾਂਝਾ ਇਸੇ ਇਲਾਕੇ ਦਾ ਸੀ। ਮਤਲਬ ਜਿਹਲਮ ਤੇ ਝਨਾਂ (ਚਿਨਾਬ) ਵਿਚਲਾ ਇਲਾਕਾ ਮੰਡੀ ਬਹਾਊਦੀਨ। ਗੁਜਰਾਤ ਸ਼ਹਿਰ ਵਿਚ ਝਨਾਂ ਦਰਿਆਂ ਦੇ ਕੰਢੇ ਸੋਹਣੀ ਮਹੀਂਵਾਲ ਵੀ ਇਸੇ ਇਲਾਕੇ ਦੇ ਹੋਏ ਹਨ।
ਸੱਚੀ ਗੱਲ ਇਹ ਹੈ ਕਿ ਜੇ ਕੋਈ ਮਸ਼ਰਕੀ ਪੰਜਾਬ ਬਾਰੇ ਲਿਖ ਰਿਹਾ ਹੋਵੇ ਅਤੇ ਜੇ ਉਹਨੂੰ ਮਗਰਬੀ ਪੰਜਾਬ ਬਾਰੇ ਜਾਣਕਾਰੀ ਜਾਂ ਮਾਲੂਮਾਤ ਨਾ ਹੋਵੇ ਤਾਂ ਉਹਦੀ ਲਿਖਤ ਕਦੀ ਵੀ ਭਰੋਸੇਮੰਦ ਨਹੀਂ ਬਣ ਸਕਦੀ। ਇਕ ਹਿੱਸੇ ਦੇ ਭੂਗੋਲ ਨੂੰ ਸਮਝਣ ਵਾਸਤੇ ਤੁਹਾਨੂੰ ਪੂਰੇ ਪੰਜਾਬ ਦਾ ਜੁਗਰਾਫੀਆ ਪੜ੍ਹਨਾ ਪਵੇਗਾ। ਇਕਾਈ (ਯੂਨਿਟ) ਪੰਜਾਬ ਹੈ। ਜਿਵੇਂ ਸਰੀਰ ਦੇ ਵੱਖ ਵੱਖ ਅੰਗ ਹੁੰਦੇ ਨੇ, ਇਹਨੂੰ ਵੰਡ ਜਿੰਨਾ ਮਰਜੀ ਲਓ ਪਰ ਅਸਲੀ ਪੰਜਾਬ ਤਾਂ ਅਣਵੰਡਿਆ ਪੰਜਾਬ ਹੀ ਹੈ। ਕੋਈ ਇਕ ਟੁਕੜਾ ਪੰਜਾਬ ਨਹੀਂ ਕਹਾ ਸਕਦਾ।
ਅੰਮ੍ਰਿਤਸਰ ਦੇ ਦੱਖਣ ਵਿਚ ਛੋਟਾ ਜਿਹਾ ਕਸਬਾ ਹੈ, ਝਬਾਲ। ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਉਸ ਇਲਾਕੇ ਦੇ ਮੌਜੂਦਾ ਸਿੱਖ ਵਸਨੀਕਾਂ ਨੂੰ ਪਤਾ ਵੀ ਨਹੀਂ ਹੋਣਾ ਕਿ ਇਹਨੂੰ ਝਬਾਲ ਕਿਉਂ ਕਿਹਾ ਜਾਂਦਾ ਹੈ? ਹਾਂ, ਪਰ ਜੇ ਤੁਹਾਨੂੰ ਲਹਿੰਦੇ ਪੰਜਾਬ ਦਾ ਗਿਆਨ ਹੈ ਤਾਂ ਜਰੂਰ ਜਾਣਦੇ ਹੋਵੋਗੇ।
ਪੰਜਾਬ ਦੇ ਰਾਜਪੂਤਾਂ ਦੀ ਇਕ ਗੋਤ ਹੈ, ḔਚਿੱਭḔ ਤੇ ਹੋ ਸਕਦਾ ਹੈ, ਇਹ ਚਿੱਬ ਲਫਜ਼ ਚਿੱਬਾ ਤੋਂ ਆਇਆ ਹੋਵੇ ਮਤਲਬ ਕਿਸੇ ਚੀਜ ਵਿਚ ਚਿੱਬ ਪੈ ਜਾਣਾ। ਚਿੱਬ ਲੋਕਾਂ ਦਾ ਮੁੱਖ ਇਲਾਕਾ ਹੈ ਪੋਠੋਹਾਰ ਨਾਲ ਲਗਦਾ, ਗੁਜਰਾਤ ਦਾ ਪਹਾੜ ਪਾਸਾ ਪਰ ਜੰਮੂ ਤੋਂ ਥੱਲੇ-ਖਾਰੀਆਂ, ਜਿਹਲਮ, ਗੁਜਰਾਤ, ਭਿੰਬਰ ਆਦਿ। ਇਨ੍ਹਾਂ ਚਿੱਬੇ ਰਾਜਪੂਤਾਂ ਦਾ ਇਹ ਇਲਾਕਾ ਕਹਾਉਂਦਾ ਹੈ-ਚਿੱਬਆਲ ਜਾਂ ਚਿਬਾਲ ਜਾਂ ਝਬਾਲ। ਕਿਸੇ ਵੇਲੇ ਇਹ ਲੋਕ ਕਾਂਗੜੇ ਦੇ ਵਸਨੀਕ ਸਨ ਤੇ ਇਹ ਡੋਗਰੇ ਵੀ ਕਹਾਉਂਦੇ ਹਨ। ਵਕਤ ਪਾ ਕੇ ਇਧਰ ਓਧਰ ਚਲੇ ਗਏ। ਪਰ ਅੱਜ ਪਹਾੜਾਂ ਤੋਂ ਥੱਲੇ ਦੇ ਇਹ ਚਿੱਬੇ ਸਭ ਮੁਸਲਮਾਨ ਹਨ ਤੇ ਪਹਾੜਾਂ ਵਿਚ ਕਟੋਚ ਕਹਾਉਂਦੇ ਹਨ। ਇਨ੍ਹਾਂ ਚਿੱਬੇ ਰਾਜਪੂਤਾਂ ਦੀ ਬਾਕਾਇਦਾ ਇਕ ਰਿਆਸਤ ਵੀ ਸੀ, ਮੀਰਪੁਰ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਿੱਤ ਕੇ ਆਪਣੇ ਰਾਜ ਵਿਚ ਮਿਲਾ ਲਿਆ ਸੀ। ਚਿੱਬਾਂ ਦਾ ਜਠੇਰਾ ਕੋਈ ਪੀਰ ਸੂਰੀ ਸਾਧ ਹੋਇਆ ਹੈ ਜਿਸ ਨੇ ਇਨ੍ਹਾਂ ਨੂੰ ਮੁਸਲਮਾਨ ਬਣਾਇਆ। ਇਹ ਔਰੰਗਜ਼ੇਬ ਦੇ ਵੇਲੇ ਫੌਜ ਨਾਲ ਲੜਦਾ ਮਾਰਿਆ ਗਿਆ ਸੀ। ਚਿੱਬ ਲੋਕ ਆਪਣੇ ਬੱਚੇ ਦੀ ਝੰਡ ਵੀ ਇਸ ਦੀ ਦਰਗਾਹ ‘ਤੇ ਜਾ ਕੇ ਹੀ ਚੜ੍ਹਾਉਂਦੇ ਨੇ। ਚਿੱਬ ਲੋਕ ਦੋਹਾਂ ਮੁਲਕਾਂ ਦੀ ਫੌਜ ਵਿਚ ਕਾਫੀ ਗਿਣਤੀ ‘ਚ ਹਨ।
ਸੋ, ਹੁਣ ਪਤਾ ਲੱਗਾ ਕਿ ਕਸਬੇ ਦਾ ਨਾਂ ਝਬਾਲ ਕਿਉਂ ਪਿਆ? ਉਥੇ ਵੀ ਚਿੱਬ ਰਾਜਪੂਤ ਰਹਿੰਦੇ ਹੋਣਗੇ ਜੋ ਪਾਕਿਸਤਾਨ ਬਣਨ ਤੇ ਜਾਂ ਪਹਿਲੋਂ ਇਧਰ ਓਧਰ ਚਲੇ ਗਏ।
ਇਸੇ ਤਰ੍ਹਾਂ ਜੋ ਲੋਕ ਬਾਰ ਦੇ ਰਹਿਣ ਵਾਲੇ ਹਨ ਜਾਂ ਸਨ, ਲੋਕ ਉਨ੍ਹਾਂ ਨੂੰ ਬਾਰੀਏ ਕਹਿੰਦੇ ਨੇ। ਸਾਡੀ ਨਵੀਂ ਪੀੜੀ ਨੂੰ ਬਾਰਾਂ ਬਾਰੇ ਕੋਈ ਖਾਸ ਗਿਆਨ ਨਹੀਂ। ਇਹ ਪੰਜਾਬ ਦਾ ਬੇਆਬਾਦ ਜਿਹਾ ਜੰਗਲੀ ਇਲਾਕਾ ਹੁੰਦਾ ਸੀ, ਜੋ ਅੰਗਰੇਜ਼ਾਂ ਨੇ ਸਿਆਲਕੋਟ, ਲਾਹੌਰ, ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ ਆਦਿ ਜ਼ਿਲਿਆਂ ਦੀ ਕੁਝ ਆਬਾਦੀ ਨੂੰ ਮੁਫਤ ਜ਼ਮੀਨਾਂ ਦੇ ਦੇ ਵਸਾਇਆ ਸੀ। ਧਿਆਨ ਰਹੇ, ਬਾਰਾਂ ਤਿੰਨ ਹਨ-ਨੀਲੀ ਬਾਰ, ਸਾਂਦਲ ਬਾਰ ਅਤੇ ਕਿਰਾਨਾ ਬਾਰ।
ਨੀਲੀ ਬਾਰ ਰਾਵੀ ਤੇ ਸਤਲੁਜ ਦਰਿਆ ਦੇ ਵਿਚਕਾਰਲਾ ਇਲਾਕਾ ਹੈ। ਇਸ ਇਲਾਕੇ ਵਿਚ ਖਾਨੇਵਾਲ, ਸਾਹੀਵਾਲ, ਓਕਾੜਾ, ਵਿਹਾੜੀ, ਪਾਕ ਪਤਨ ਆਦਿ ਸ਼ਹਿਰ ਹਨ। ਇਥੋਂ ਦੇ ਮੂਲ ਨਿਵਾਸੀ ਸਨ-ਬੋਦਲੇ, ਢੱਡੀ, ਹਾਂਸ, ਜੋਈਆ, ਕਾਠੀਆ, ਖਰਲ, ਲੰਗੜਿਆਲ, ਸਿਆਲ, ਵੱਟੂ। ਯਾਦ ਰਹੇ, ਹੀਰ ਸਿਆਲ ਕਬੀਲੇ ਦੀ ਸੀ ਤੇ ਰਾਂਝਾ ਹੈ ਤਾਂ ਜੱਟ ਕਬੀਲੇ ਦਾ ਸੀ ਪਰ ਉਹ ਮੁਕਾਮੀ ਨਹੀਂ ਥੋੜਾ ਦੂਸਰੇ ਇਲਾਕੇ ਭਾਵ ਸਰਗੋਧੇ ਤੋਂ ਸੀ। ਰਾਂਝੇ ਦਾ ਅਸਲ ਨਾਂ ਧੀਦੋ ਸੀ। ਰਾਂਝਾ ਗੋਤ ਹੈ।
ਸਾਂਦਲ ਬਾਰ ਨੂੰ ਦੁੱਲੇ ਭੱਟੀ ਵਾਲੀ ਬਾਰ ਵੀ ਕਿਹਾ ਜਾਂਦਾ ਹੈ। ਇਹ ਰਾਵੀ ਤੇ ਝਨਾਂ ਦੇ ਦਰਮਿਆਨ ਵਾਲਾ ਇਲਾਕਾ ਹੈ। ਇਸ ਵਿਚ ਵਸਦੇ ਮੂਲ ਨਿਵਾਸੀ ਹਨ-ਖਰਲ, ਚੱਧੜ, ਖੇੜੇ, ਜੋਈਏ, ਵਾਹਗੇ, ਨੂਰ, ਸਪਰਾਅ ਤੇ ਸਿਆਲ। ਯਾਦ ਰਹੇ, ਮਿਰਜਾ ਖਰਲ ਜੱਟ ਸੀ ਤੇ ਸਾਹਿਬਾਂ ਚੱਧੜ ਜੱਟ ਕਬੀਲੇ ਤੋਂ ਸੀ। ਹੀਰ ਵਿਆਹੀ ਖੇੜਿਆਂ ਵਲ ਗਈ ਸੀ। ਸੈਦਾ ਖੇੜਾ ਉਹਦਾ ਪਤੀ ਸੀ। ਜਿਹੜਾ ਖੇੜਾ ਨਾਂ ਹੈ, ਪੰਜਾਬ ਦੇ ਬਾਕੀ ਹਿੱਸਿਆਂ ਵਿਚ ਇਹਨੂੰ ਕਿਤੇ ਖਾਹਰਾ ਕਿਹਾ ਜਾਂਦਾ, ਕਿਤੇ ਖਹਿਰਾ, ਹੈ ਇਕੋ ਹੀ।
ਤੀਜੀ ਕਿਰਾਨਾ ਬਾਰ ਜਾਂ ਝੱਜ ਦੁਆਬ ਮਤਲਬ ਝਨਾਂ ਤੇ ਜਿਹਲਮ ਵਿਚਲਾ ਇਲਾਕਾ। ਵਸਦੇ ਲੋਕ-ਗੋਂਦਲ, ਖਿੱਚੀ ਤੇ ਕਲਿਆਰ ਜਾਂ ਕਲੇਰ।
ਫਿਰ ਲਾਹੌਰ ਦੇ ਲਹਿੰਦੇ ਪਾਸੇ ਜਿਹੜਾ ਇਲਾਕਾ ਪੈਂਦਾ ਹੈ, ਉਹਨੂੰ ਨਾਕਾ ਕਹਿੰਦੇ ਹਨ। ਨਾਕਾ ਯਾਨਿ ਰੁਕਾਵਟ ਸਰਹੱਦ। ਵਸਨੀਕਾਂ ਨੂੰ ਨੱਕਈ ਕਹਿ ਦਿੱਤਾ ਜਾਂਦਾ ਹੈ। ਇਹ ਲੋਕ ਹੈ ਤਾਂ ਸੰਧੂ ਜੱਟ। ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਇਕ ਰਾਣੀ ਸੀ ਜਿਹਦਾ ਨਾਂ ਮਾਈ ਨਕੈਣ ਸੀ। ਇਹ ਨੱਕਈ ਮਿਸਲ ਦੇ ਸਰਦਾਰਾਂ ਦੀ ਧੀ ਸੀ। ਇਸੇ ਖਾਨਦਾਨ ਦੇ ਸਰਦਾਰ ਅਤਰ ਸਿੰਘ (ਖੁਦਾ ਬਖਸ਼) ਤੇ ਈਸ਼ਰ ਸਿੰਘ (ਅਬਦੁਲ ਅਜ਼ੀਗ) ਅੰਗਰੇਜ਼ਾਂ ਵੇਲੇ ਮੁਸਲਮਾਨ ਬਣ ਗਏ ਸਨ। ਇਸ ਪਰਿਵਾਰ ਦਾ ਅੱਜ ਵੀ ਲਹਿੰਦੇ ਪੰਜਾਬ ਦੀ ਸਿਆਸਤ ਵਿਚ ਵੱਡਾ ਅਸਰ ਰਸੂਖ ਹੈ। ਪਿਛੇ ਜਿਹੇ ਆਰਿਫ ਨੱਕਈ ਤਾਂ ਪੰਜਾਬ ਦਾ ਮੁੱਖ ਮੰਤਰੀ ਵੀ ਰਿਹਾ ਹੈ।
ਇਸੇ ਤਰ੍ਹਾਂ ਚੂਹਣੀਆਂ ਇਲਾਕੇ ਤੋਂ ਸੰਧੂ ਜੱਟਾਂ ਦੇ ਸ਼ੁਕਰਚੱਕੀਆ ਮਿਸਲ ਦੇ ਜਥੇਦਾਰ ਜੋਧ ਸਿੰਘ ਦੇ ਪਰਿਵਾਰ ਦੇ ਬੰਦੇ ਹਨ, ਜੋ ਬਾਅਦ ਵਿਚ ਮੁਸਲਮਾਨ ਬਣ ਗਏ ਸਨ, ਉਨ੍ਹਾਂ ਦੇ ਟੱਬਰ ਵਿਚੋਂ ਵੀ ਕਈ ਲੋਕ ਅੱਜ ਦੀ ਸਿਆਸਤ ਵਿਚ ਪੂਰੇ ਸਰਗਰਮ ਨੇ, ਇਹ ਮੁਅੱਕਲ ਕਹਾਉਂਦੇ ਹਨ।
ਫਿਰ ਸਿਆਲਕੋਟ ਪਸਰੂਰ ਵਗੈਰਾ ਦਾ ਜਿਹੜਾ ਇਲਾਕਾ ਪੈਂਦਾ ਹੈ, ਉਹਨੂੰ ਬਜਵਾਤ ਕਿਹਾ ਜਾਂਦਾ ਹੈ। ਇਹ ਬਾਜਵੇ ਜੱਟਾਂ ਤੇ ਬਿਜੂ ਰਾਜਪੂਤਾਂ ਦਾ ਇਲਾਕਾ ਹੈ, ਜਿਨ੍ਹਾਂ ਵਿਚ ਕੁਝ ਹਿੰਦੂ ਵੀ ਸਨ, ਜੋ 1947 ਵੇਲੇ ਹਿਜ਼ਰਤ ਕਰ ਗਏ। ਕੌਮਾਂ ਕਬੀਲਿਆਂ ‘ਤੇ ਕੰਮ ਕਰਨ ਵਾਲੇ ਵਿਦਵਾਨਾਂ ਦਾ ਅੰਦਾਜ਼ਾ ਹੈ ਕਿ ਸ਼ੁਰੂ ਵਿਚ ਇਹ ਕੋਈ ਸ਼ਿਕਾਰੀ ਕਬੀਲਾ ਹੋਵੇਗਾ ਜਿਨ੍ਹਾਂ ਨੂੰ ਸ਼ਿਕਾਰੀ ਬਾਜ ਪਾਲਣ ਵਿਚ ਮੁਹਾਰਤ ਸੀ। ਅੱਜ ਵੀ ਮਿਡਲ ਈਸਟ ਦੇ ਅਰਬ ਤੇ ਕੇਂਦਰੀ ਏਸ਼ੀਆ ਦੇ ਤੁਰਕ ਤੇ ਮੰਗੋਲ ਜੰਗਲੀ ਇਲਾਕੇ ਵਿਚ ਹਿਰਨ ਤਕ ਦਾ ਸ਼ਿਕਾਰ ਬਾਜ ਨਾਲ ਕਰਦੇ ਨੇ। ਸੋ, ਇਹ ਬਾਜ ਵਾਲਾ ਕਬੀਲਾ ਹੌਲੀ ਹੌਲੀ ਬਣ ਗਿਆ, ਬਾਜਵਾ ਤੇ ਇਨ੍ਹਾਂ ਦਾ ਇਲਾਕਾ ਕਹਾਇਆ ਬਜਵਾਤ। ਇਸ ਤਰ੍ਹਾਂ ਇਹ ਇਲਾਕਾ ਖਾਸ ਬਣਦਾ ਹੈ, ਜਿਹਦਾ ਨਾਂ ਕੌਮ ਦੇ ਨਾਂ ਤੋਂ ਪੈਂਦਾ ਹੈ ਮਤਲਬ ਬਾਜਵਿਆਂ ਦਾ ਇਲਾਕਾ। ਬਾਕੀ ਵੇਖੋ ਨਾਂ ਕੋਈ ਪੋਠੋਹਾਰ ਹੈ, ਕੋਈ ਬਾਰ ਹੈ। ਇਹ ਕਬੀਲਾ ਅੱਗੇ ਜਾ ਕੇ ਫਿਰ ਪਾਟਦਾ ਹੈ ਤੇ ਕੁਝ ਜੱਟਾਂ ਨਾਲ ਜੁੜੇ ਤੇ ਕੁਝ ਰਾਜਪੂਤ ਕਹਾਏ। ਅੱਜ ਪਸਰੂਰ ਸਿਆਲਕੋਟ ਇਲਾਕੇ ਵਿਚ ਇਨ੍ਹਾਂ ਦੇ ਕੋਈ 180 ਪਿੰਡ ਹਨ।
ਦੂਸਰੇ ਪਾਸੇ ਦੰਦ ਕਥਾ ਅਨੁਸਾਰ ਇਹ ਲੋਕ ਮੂਲ ਰੂਪ ਵਿਚ ਰਾਜਪੂਤ ਸਨ। ਚਵਿੰਡਾ ਤੇ ਪਸਰੂਰ ਇਲਾਕੇ ਦੇ ਇਕ ਖਾਸ ਟੱਬਰ ਵਿਚ ਦੋ ਭਰਾ ਹੋਏ-ਜੱਸ ਤੇ ਕਲਸ। ਜੱਸ ਨੇ ਤਾਂ ਜੰਮੂ ਦੇ ਰਾਜੇ ਕੋਲ ਨੌਕਰੀ ਕਰ ਲਈ ਤੇ ਕਲਸ ਨੇ ਨੇੜੇ ਲਗਦੇ ਪਿੰਡ ਪੰਨਵਾਣਾਂ ਦੇ ਕਿਸੇ ਸੰਧੂ ਜੱਟ ਪਰਿਵਾਰ ਦੀ ਲੜਕੀ ਨਾਲ ਨਾਤਾ ਜੋੜ ਲਿਆ। ਜੱਸ ਨੂੰ ਜਦੋਂ ਇਹ ਪਤਾ ਲੱਗਾ ਕਿ ਕਲਸ ਨੇ ਬਰਾਦਰੀ ਤੋਂ ਬਾਹਰ ਵਿਆਹ ਕੀਤਾ ਹੈ ਤਾਂ ਉਹਦਾ ਸਮਾਜਿਕ ਬਾਈਕਾਟ ਕਰ ਦਿੱਤਾ ਤੇ ਬਰਾਦਰੀ ਤੋਂ ਖਾਰਜ ਕਰ ਦਿਤਾ, ਕਿਉਂਕਿ ਰਾਜਪੂਤ ਆਪਣੇ ਆਪ ਨੂੰ ਜੱਟਾਂ ਨਾਲੋਂ ਉਚਾ ਸਮਝਦੇ ਸਨ। ਕਲਸ ਫਿਰ ਜੱਟ ਬਣਿਆ। ਉਹਦੀ ਔਲਾਦ ਫਿਰ ਜੱਟ ਬਾਜਵੇ ਕਹਾਏ। ਇਨ੍ਹਾਂ ਦਾ ਜਠੇਰਾ ਮਾਂਗੇ ਵਿਚ ਹੈ ਤੇ ਮੜ ਮਾਂਗਾ ਕਹਾਉਂਦਾ ਹੈ।
ਜੱਸ ਦੀ ਔਲਾਦ ਵਿਚੋਂ ਕੋਈ ਕੌਲੂ ਨਾਂ ਦਾ ਬੰਦਾ ਹੋਇਆ ਜਿਹਦੇ ਔਲਾਦ ਨਹੀਂ ਸੀ ਹੁੰਦੀ। ਵਕਤ ਪਾ ਕੇ ਪਿੰਡ ਕਾਲਾ ਰਾਂਅ ਦੇ ਸ਼ੇਖ ਗਦਾਈ ਦੀ ਬਖਸ਼ਿਸ਼ ਨਾਲ ਉਹਦੇ ਘਰ ਪੰਜ ਬੱਚੇ ਪੈਦਾ ਹੋਏ-ਮਾਣਕ, ਮਾਂਗਾ, ਨਾਰੋ, ਨਰਾਇਣ ਤੇ ਬੱਸੋ। ਉਹਦਾ ਮਜਾਰ ਅੱਜ ਵੀ ਪਿੰਡ ਵਿਚ ਹੈ। ਲੋਕ ਗਾਥਾ ਹੈ ਕਿ ਜਦੋਂ ਕੌਲੂ ਦੀ ਬੀਵੀ ਪੀਰ ਕੋਲੋਂ ਬੱਚੇ ਦੀ ਦਾਤ ਮੰਗ ਰਹੀ ਸੀ ਤਾਂ ਪੀਰ ਨੇ ਖੁਸ਼ ਹੋ ਕੇ ਕਿਹਾ ਜਾਂ ਜੇ ਤੂੰ ਮੰਗਿਆ ਤਾਂ ਤੈਨੂੰ ਰੱਬ ਮਾਣਕ ਵੀ ਦਏ, ਜੇ ਤੂੰ ਮੰਗਿਆ ਤਾਂ ਤੈਨੂੰ ਰੱਬ ਮਾਂਗਾ ਵੀ ਦਏ, ਤੈਨੂੰ ਨਰਾਇਣ ਵੀ ਦਏ, ਤੈਨੂੰ ਨਾਰੋ ਵੀ ਦਏ। ਅੱਗੋਂ ਕੌਲੂ ਦੀ ਬੀਵੀ ਚੀਕ ਉਠੀ, ਕਹਿੰਦੀ, Ḕਬਸ ਬਾਬਾ ਬਸ।Ḕ ਪੀਰ ਨੇ ਕਿਹਾ, Ḕਖੁਦਾ ਤੈਨੂੰ ਬਸ ਵੀ ਦਏ।Ḕ ਫਿਰ ਏਸੇ ਤਰਤੀਬ ਵਿਚ ਬੱਚੇ ਪੈਦਾ ਹੋਏ ਜਿਨ੍ਹਾਂ ਦੇ ਨਾਂ ਉਸੇ ਤਰ੍ਹਾਂ ਰੱਖੇ ਗਏ ਤੇ ਪੰਜਵੀਂ ਧੀ ਪੈਦਾ ਹੋਈ ਜਿਹਦਾ ਨਾਂ ਉਨ੍ਹਾਂ ਬੱਸੋ ਰੱਖਿਆ।
ਕਿਹਾ ਜਾਂਦਾ ਹੈ ਕਿ ਪੀਰ ਨੇ ਕਿਹਾ, ਚੰਗਾ ਤੇਰੇ ਘਰ ਬਸ ਵੀ ਆਏਗੀ ਤੇ ਜੋ ਕੁੜੀ ਪੈਦਾ ਹੋਈ ਉਹਦਾ ਨਾਂ ਰਖਿਆ, ਬੱਸੋ। ਇਹੋ ਕਾਰਨ ਹੈ, ਬਾਜਵੇ ਲੋਕ ਕੋਈ ਗਲ ਖਤਮ ਕਰਾਉਣ ਮੌਕੇ ਬਸ ਨਹੀਂ ਕਹਿੰਦੇ। ਜਿਵੇਂ ਆਪਾਂ ਰੋਟੀ ਖਾਂਦਿਆਂ ਕਹਿ ਦਿੰਨੇਂ ਆਂ, Ḕਜੀ ਬਸ ਕਰੋ, ਰੱਜ ਗਏ ਹਾਂ।Ḕ ਸੋ ਇਨ੍ਹਾਂ ਪੰਜਾਂ ਦੇ ਨਾਂ ‘ਤੇ ਇਸ ਇਲਾਕੇ ਵਿਚ ਪਿੰਡ ਜਾਂ ਸ਼ਹਿਰ ਆਬਾਦ ਹੋਏ-ਮਾਣਕ, ਮਾਂਗਾ, ਨਾਰੋਵਾਲ ਆਦਿ।
ਵਕਤ ਪਾ ਕੇ ਜਸ ਵੀ ਜੰਮੂ ਤੋਂ ਇਧਰ ਆ ਗਿਆ ਤੇ ਉਹਦੀ ਔਲਾਦ ਬੱਜੂ ਰਾਜਪੂਤਾਂ ਦੇ ਕੋਈ 85 ਪਿੰਡ ਮੂਲ ਬਜਵਾਤ ਇਲਾਕੇ ਵਿਚ ਹੀ ਹਨ। ਜਦੋਂ ਕਿ ਜੱਟ ਬਾਜਵੇ ਦੱਖਣ ਪਸਰੂਰ, ਸਿਆਲਕੋਟ, ਨਾਰੋਵਾਲ ਵਗੈਰਾ ਇਲਾਕਿਆਂ ‘ਚ ਫੈਲੇ। 1947 ਵੇਲੇ ਹਿੰਦੂ-ਸਿੱਖ ਭਾਰਤ ਵਿਚ ਚਲੇ ਗਏ। ਜਿਨ੍ਹਾਂ ਵਿਚੋਂ ਰਾਜਪੂਤ ਜੰਮੂ ਦੇ ਇਲਾਕੇ ਵਿਚ ਜਾ ਬੈਠੇ ਤੇ ਜਿਹੜੇ ਸਿੱਖ ਸਨ, ਉਹ ਪੰਜਾਬ ਚਲੇ ਗਏ। ਅੱਜ ਚਾਹੇ ਬੱਜੂ ਮੁਸਲਮਾਨ ਹੋਣ ਜਾਂ ਹਿੰਦੂ ਹੋਣ ਜਾਂ ਸਿੱਖ ਹੋਣ-ਉਹ ਦੋਵਾਂ ਮੁਲਕਾਂ ਦੀਆਂ ਫੌਜਾਂ ਵਿਚ ਭਰਤੀ ਹੋ ਕੇ ਅਮਰੀਕਾ ਤੇ ਯੂਰਪ ਤੋਂ ਆਏ ਅਸਲੇ ਦਾ ਨਿਸ਼ਾਨਾ ਬਣਦੇ ਨੇ। ਕਹਿਣ ਤੋਂ ਮਤਲਬ ਜਵਾਨ ਪਲੇ ਪਲਾਏ ਬਾਜਵੇ ਪੁੱਤਰ ਨੂੰ ਬਾਜਵਾ ਮਾਰਦਾ ਹੈ। ਬਾਜੀ ਮਾਂ ਦੀ ਗੋਦ ਸੁੰਨੀ ਕਰਦਾ ਹੈ, ਜਦੋਂ ਕਿ ਅਮੀਰ ਮੁਲਕ ਆਪਣਾ ਅਸਲਾ ਵੇਚਦਾ ਹੈ। ਖੁਦਾ ਜਾਣੇ, ਇਹ ਭਰਾ ਮਾਰੂ ਜੰਗ ਕਦੋਂ ਤਕ ਜਾਰੀ ਰਹੇਗੀ। ਅਸੀਂ ਤਾਂ ਲਿਖਾਰੀ ਹਾਂ ਸਹਿਜ ਹੀ ਇਹ ਲਾਈਨਾਂ ਲਿਖ ਦਿਤੀਆਂ ਨੇ ਪਰ ਪੁੱਤ ਮਰੇ ਦਾ ਦਰਦ ਜੇ ਪੁਛਣਾ ਹੋਵੇ ਤਾਂ ਕਿਸੇ ਮਾਂ ਕੋਲੋਂ ਪੁਛੋ। ਕਿਸੇ ਬੱਚੇ ਕੋਲੋਂ ਪੁਛੋ, ਜਿਦ੍ਹਾ ਪਿਓ ਲੜਾਈ ‘ਚ ਮਾਰਿਆ ਜਾਂਦਾ ਹੈ। ਜਾਂ ਕਿਸੇ ਜਨਾਨੀ ਨੂੰ ਪੁਛੋ, ਜਿਹੜੀ ਭਰ ਜਵਾਨੀ ਵਿਚ ਬੇਵਾ ਹੋ ਜਾਂਦੀ ਹੈ। ਖੈਰ! ਇਹ ਨਿਰੀ ਬਾਜਵਿਆਂ ਦੀ ਹੀ ਨਹੀਂ, ਇਹ ਹਰ ਪੰਜਾਬੀ ਦੀ ਕਹਾਣੀ ਹੈ ਜੋ ਯੁੱਧ ਵੇਲੇ ਇਕ ਦੂਸਰੇ ਖਿਲਾਫ ਸੀਨਾ ਤਾਣ ਕੇ ਲੜਦੇ ਨੇ।
ਇਹਦੇ ਨਾਲ ਹੀ ਜੰਮੂ ਹੇਠਲਾ ਸਿਆਲਕੋਟ ਦਾ ਜਿਹੜਾ ਇਲਾਕਾ ਹੈ, ਉਸ ਨੂੰ ਸਲੈਹਰ ਕਿਹਾ ਜਾਂਦਾ ਹੈ। ਸਲੈਹਰ ਇਲਾਕਾ ਹੈ, ਸ਼ਹਿਰ ਪਿੰਡ ਦਾ ਨਾਂ ਨਹੀਂ ਹੈ। ਇਸ ਵਿਚ ਚਵਿੰਡਾ ਤੇ ਜਫਰਵਾਲ ਦਾ ਇਲਾਕਾ ਆਉਂਦਾ ਹੈ। ਇਸ ਇਲਾਕੇ ਦੇ ਲੋਕ ਕੱਕੇ ਗੋਰੇ ਤੇ ਖੂਬਸੂਰਤ ਹਨ, ਜਿਨ੍ਹਾਂ ਨੂੰ ਸਲੈਰੀਆ ਕਿਹਾ ਜਾਂਦਾ ਹੈ। ਇਸੇ ਇਲਾਕੇ ਦੇ ਕਿਸੇ ਗੁਰਬਚਨ ਸਿੰਘ ਸਲੈਰੀਏ ਨੂੰ 1961 ਵਿਚ ਪਰਮਵੀਰ ਚੱਕਰ ਮਿਲਿਆ ਸੀ। ਚਾਹੇ ਜੱਟ ਜਾਂ ਰਾਜਪੂਤ ਸਲੈਰੀਏ ਹੀ ਕਹਾਉਂਦੇ ਹਨ। ਸੋ ਲੜਾਈ ਮੌਕੇ ਫਰਕ ਸਿਰਫ ਇੰਨਾ ਸੀ ਕਿ ਇਕ ਪਾਸੇ ਮੁਸਲਮਾਨ ਸਨ ਤੇ ਦੂਜੇ ਪਾਸੇ ਸਿੱਖ ਜਾਂ ਹਿੰਦੂ। ਸਨ ਭਰਾ ਭਰਾ ਹੀ।
ਚਵਿੰਡੇ ਤੋਂ ਹੋਰ ਚੜ੍ਹਦੇ ਪਾਸੇ ਜਾਈਏ ਪਸਰੂਰ ਵਲ ਤਾਂ ਜਿਹੜਾ ਇਲਾਕਾ ਪੈਂਦਾ ਹੈ, ਉਹਨੂੰ ਦੜਪ ਕਿਹਾ ਜਾਂਦਾ ਹੈ। ਹੜ੍ਹਾਂ ਵੇਲੇ ਦਰਿਆ ਜਿਹੜੀ ਜਰਖੇਜ ਭਲ੍ਹ ਲੈ ਕੇ ਆਉਂਦੇ ਹਨ, ਉਹਨੂੰ ਦੜਪ ਕਿਹਾ ਜਾਂਦਾ ਹੈ। ਇਲਾਕੇ ਵਿਚ ਕਾਫੀ ਨਦੀਆਂ ਨਾਲੇ ਨੇ। ਵਸਨੀਕਾਂ ਨੂੰ ਦਿੜਬੀਏ ਆਖਦੇ ਹਨ। ਮਸ਼ਹੂਰ ਹੈ ਕਿ ਇਸ ਇਲਾਕੇ ਦੇ ਲੋਕ ਸੂਟ ਖਾਂਦੇ ਸਨ। ਮਤਲਬ ਦਾਲ ਵੀ ਮਸਰਾਂ ਦੀ ਤੇ ਰੋਟੀ ਵੀ ਮਸਰਾਂ ਦੀ।
ਇਸ ਤੋਂ ਹੋਰ ਪੂਰਬ ਵਲ ਜਿਹੜਾ ਇਲਾਕਾ ਪੈਂਦਾ ਹੈ, ਉਹਨੂੰ ਕਾਲਰ ਆਖਦੇ ਹਨ। ਕਿਸੇ ਵੇਲੇ ਸ਼ੋਰ ਕੱਲਰ ਹੁੰਦਾ ਸੀ ਪਰ ਹੁਣ ਨਹਿਰਾਂ ਦੇ ਆਉਣ ਨਾਲ ਇਲਾਕਾ ਉਪਜਾਊ ਹੋ ਗਿਆ ਹੈ। ਸ਼ਹਿਰ ਪੈਂਦਾ ਹੈ, ਕਿਲ੍ਹਾ ਕਾਲਰ ਵਾਲਾ। ਇਲਾਕੇ ਦੇ ਲੋਕ ਬੜੇ ਲੜਾਕੇ ਗਿਣੇ ਗਏ ਨੇ, ਜਿਨ੍ਹਾਂ ਨੂੰ ਕਾਲਰੀਏ ਕਿਹਾ ਜਾਂਦਾ ਹੈ।
ਇਸੇ ਹੀ ਇਲਾਕੇ ਵਿਚ ਪਿੰਡ ਆਧੀਆਂ ਹੈ, ਜਿਥੋਂ ਦਾ ਸਾਡਾ ਇਕ ਸੱਜਣ ਬ੍ਰਿਗੇਡੀਅਰ ਜੁਲਫਿਕਾਰ ਢਿੱਲੋਂ ਹੋਇਆ ਹੈ। ਫਿਰ ਨਾਲ ਲਗਦੇ ਪਿੰਡ ਖੱਖ ਤੋਂ ਉਠ ਕੇ ਆਏ ਇਕ ਸਿੱਖ ਕਰਨਲ ਬਲਰਾਜ ਸਿੰਘ ਘੁੰਮਣ ਵੀ ਮੇਰੇ ਸੰਪਰਕ ਵਿਚ ਸਨ। ਉਨ੍ਹਾਂ ਦੀ ਪਤਨੀ ਨਾਲ ਲਗਦੇ ਪਿੰਡ ਢਿੱਲੀ ਤੋਂ ਹੈ। ਮੈਨੂੰ ਯਾਦ ਹੈ, ਇਕ ਵੇਰਾਂ ਮੈਂ ਕਰਨਲ ਚੰਨਣ ਸਿੰਘ ਢਿੱਲੋਂ ਨਾਲ ਗੱਲ ਕਰ ਰਿਹਾ ਸੀ ਤਾਂ ਮੈਂ ਉਨ੍ਹਾਂ ਨੂੰ ਪਾਕਿਸਤਾਨ ਆਉਣ ਦਾ ਨਿਉਂਦਾ ਦਿੰਦਿਆਂ ਕਿਹਾ ਕਿ ਆਓ, ਮੈਂ ਤੁਹਾਨੂੰ ਤੁਹਾਡੇ ਭਰਾ ਬ੍ਰਿਗੇਡੀਅਰ ਜੁਲਫਿਕਾਰ ਢਿੱਲੋਂ (ਸਾਬਕਾ ਸਿਹਤ ਮੰਤਰੀ) ਨਾਲ ਮਿਲਾਵਾਂ। ਉਨ੍ਹਾਂ ਹਉਕਾ ਲੈ ਕੇ ਕਿਹਾ, “ਨਹੀਂ ਮੁਸਤਫਾ, ਅਸੀਂ ਫੌਜੀ ਲੋਕ ਜਦੋਂ ਮਿਲਦੇ ਹਾਂ, ਸਾਨੂੰ ਕਿਸੇ ਯੁੱਧ ਵਿਚ ਦੀ ਗੁਜਰਨਾ ਪੈਂਦਾ ਹੈ। ਲੋਕਾਂ ਨੂੰ ਪਤਾ ਨਹੀਂ ਕਿ ਲੜਾਈ ਤੋਂ ਬਾਅਦ ਦੋਵਾਂ ਪਾਸਿਆਂ ਦੇ ਫੌਜੀ ਅਫਸਰ ਜੱਫੀਆਂ ਪਾ ਪਾ ਮਿਲਦੇ ਨੇ। ਫੌਜੀਆਂ ਦੀ ਮਿਲਣੀ ਦੀ ਇਹੋ ਵਿਡੰਬਨਾ ਹੈ।”
ਅਫਸੋਸ ਨਾਲ ਲਿਖ ਰਿਹਾ ਹਾਂ ਕਿ ਅੱਜ ਦੋਵੇਂ ਢਿੱਲੋਂ ਭਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁਕੇ ਨੇ। ਬਿਨਾ ਇਕ ਦੂਸਰੇ ਨੂੰ ਮਿਲੇ।
ਹੋਰ ਚੜ੍ਹਦੇ ਪਾਸੇ ਫਿਰ ਡੁਗਰ ਦਾ ਇਲਾਕਾ ਆਉਂਦਾ ਹੈ। ਨਾਰੋਵਾਲ ਦਾ ਚੜ੍ਹਦਾ ਪਾਸਾ, ਜੰਮੂ ਦਾ ਹੇਠਲਾ ਤੇ ਗੁਰਦਾਸਪੁਰ। ਜਿਹੜਾ ਇਲਾਕਾ ਪਹਾੜਾਂ ਦੇ ਪੈਰਾਂ ਵਿਚ ਪਏ, ਜਿਥੇ ਤੇਜੀ ਨਾਲ ਚੋਅ ਵਹਿੰਦੇ ਹਨ ਤੇ ਇਲਾਕਾ ਉਚਾ ਨੀਵਾਂ ਕਰ ਦਿੰਦੇ ਹਨ, ਉਹਨੂੰ ਡੁਗਰ ਕਿਹਾ ਜਾਂਦਾ ਹੈ ਤੇ ਵਸਨੀਕਾਂ ਨੂੰ ਡੋਗਰੇ। ਕੁਦਰਤੀ ਇਨ੍ਹਾਂ ਦੀ ਜ਼ਬਾਨ ਡੋਗਰੀ ਵੀ ਥੋੜ੍ਹੀ ਮੁਖਤਲਿਫ ਹੀ ਹੈ। ਇਸ ਇਲਾਕੇ ਦੇ ਰਾਜਪੂਤਾਂ ਨੂੰ ਵੀ ਡੋਗਰੇ ਹੀ ਕਿਹਾ ਜਾਂਦਾ ਹੈ ਭਾਵੇਂ ਉਨ੍ਹਾਂ ਦਾ ਮੂਲ ਇਲਾਕਾ ਰਾਜਸਥਾਨ ਹੈ।
ਦਰਿਆ ਰਾਵੀ ਦੇ ਨਾਲ ਨਾਲ ਲਗਦੇ ਇਲਾਕੇ ਨੂੰ ਬੇਟ ਕਹਿੰਦੇ ਨੇ। ਵਸਨੀਕ ਬੇਟੀਏ ਕਹਾਉਂਦੇ ਨੇ।
ਫਿਰ ਲਾਹੌਰ ਤੋਂ ਚੜ੍ਹਦੇ ਪਾਸੇ ਦਾ ਜਿਹੜਾ ਇਲਾਕਾ ਹੈ, ਇਹ ਮਾਝੇ ਦਾ ਇਲਾਕਾ ਕਹਾਉਂਦਾ ਹੈ। ਇਹਨੂੰ ਕਈ ਲੋਕ ਮਾਂਝਾ ਵੀ ਲਿਖ ਦਿੰਦੇ ਨੇ। ਇਥੋਂ ਦੇ ਲੋਕ ਬਹੁਤ ਦਲੇਰ ਗਿਣੇ ਗਏ ਹਨ। ਮੈਂ ਇਕ ਖਬਰ ਪੜ੍ਹ ਰਿਹਾ ਸਾਂ, ਕਸੂਰ ਲਾਗੇ ਕੋਈ ਦੋਧੀ ਦੁੱਧ ਲੈ ਕੇ ਜਾ ਰਿਹਾ ਸੀ ਤੇ ਗਲ ਵਿਚ ਪਿਸਤੌਲ ਪਾਈ ਹੋਈ ਸੀ। ਇਕ ਪੁਲਸੀਏ ਦੀ ਨਿਗਾਹ ਪੈ ਗਈ। ਉਸ ਰੋਕ ਕੇ ਲਾਇਸੈਂਸ ਮੰਗਿਆ। ਦੋਧੀ ਨੇ ਬਖਸ਼ ਦੇਣ ਦਾ ਵਾਸਤਾ ਪਾਇਆ ਪਰ ਪੁਲਿਸ ਵਾਲਾ ਕੁਝ ਮੁੱਠ ਨਿੱਘੀ ਕਰਨਾ ਚਾਹੁੰਦਾ ਸੀ। ਦੋਧੀ ਝੜਨ ਨੂੰ ਤਿਆਰ ਨਹੀਂ ਸੀ। ਤਕਰਾਰ ਹੋਈ ਤੇ ਦੋਧੀ ਨੇ ਗੋਲੀ ਮਾਰ ਪੁਲਿਸ ਇੰਸਪੈਕਟਰ ਮਾਰ ਦਿਤਾ।
ਇਸੇ ਤਰ੍ਹਾਂ ਬਾਗੜ ਦਾ ਇਲਾਕਾ ਹੈ, ਜਿਥੋਂ ਦੇ ਲੋਕ ਬਾਗੜੀਏ ਕਹਾਉਂਦੇ ਨੇ। ਇਹ ਅਸਲ ਵਿਚ ਪੂਰਬੀ ਪੰਜਾਬ, ਹਰਿਆਣੇ ਤੇ ਰਾਜਸਥਾਨ-ਮਸਲਨ ਹਿਸਾਰ, ਸਿਰਸਾ, ਫਤਿਆਬਾਦ, ਭਿਵਾਨੀ, ਹਨੂਮਾਨਗੜ੍ਹ, ਸ੍ਰੀ ਗੰਗਾਨਗਰ ਆਦਿ ਦਾ ਇਲਾਕਾ ਹੈ। ਥੋੜ੍ਹਾ ਜਿਹਾ ਇਲਾਕਾ ਬਹਾਵਲਪੁਰ ਪਾਕਿਸਤਾਨ ਦਾ ਵੀ ਇਸ ਵਿਚ ਆਉਂਦਾ ਹੈ। ਲਾਹੌਰ ਵਿਚ ਇਕ ਪਿੰਡ ਆ ਚੁਕਾ ਹੈ, ਡਿਫੈਂਸ ਦੇ ਇਲਾਕੇ ਵਿਚ, ਜਿਹਦਾ ਨਾਂ ਹੈ-ਬਾਗੜੀਆਂ।
ਕਾਫੀ ਅੱਗੇ ਜਾ ਕੇ ਮੈਵਾਤ ਦਾ ਇਲਾਕਾ ਪੈਂਦਾ ਹੈ। ਵਸਨੀਕ ਮਿਓ ਕਹਾਉਂਦੇ ਨੇ ਤੇ ਸਾਰੇ ਮੁਸਲਮਾਨ ਨੇ। ਕੁਝ ਪਾਕਿਸਤਾਨ ਆ ਗਏ ਨੇ ਤੇ ਕੁਝ ਓਧਰ ਹੀ ਰਹਿੰਦੇ ਨੇ। ਸੋ ਜੋ ਵੀ ਉਸ ਇਲਾਕੇ ਦਾ ਹੋਵੇ, ਉਹਨੂੰ ਮੇਓ ਕਹਿੰਦੇ ਨੇ ਭਾਵੇਂ ਮੁਸਲਮਾਨ ਹੋਵੇ, ਭਾਵੇਂ ਹਿੰਦੂ ਤੇ ਭਾਵੇਂ ਕਿਸੇ ਵੀ ਜਾਤ ਗੋਤ ਦਾ ਹੋਵੇ।