ਬਾਪ ਦੀ ਪੈੜ-ਚਾਲ ਦੇ ਅੰਗ-ਸੰਗ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਦੇ ਸ਼ੁਦਾਈ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਘਰ ਦੀਆਂ ਨਿਆਮਤਾਂ ਦੀ ਵਾਰਤਾ ਸੁਣਾ ਚੁਕੇ ਹਨ ਕਿ ਘਰ ਦਾ ਕੇਂਦਰ ਮਾਂ ਹੁੰਦੀ ਹੈ, ਬੁਢਾਪਾ ਉਹ ਅਵਸਥਾ ਏ ਜਦੋਂ ਜ਼ਿੰਦਗੀ, ਸਰੀਰਕ ਸਮਰੱਥਾ ਤੋਂ ਆਤਮਿਕ ਸੰਤੁਸ਼ਟੀ ਅਤੇ ਸਕੂਨ ਦੇ ਸਫਰ ਦੀ ਹਮਰਾਜ਼ ਬਣਦੀ ਏ।

ਧੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਡਾæ ਭੰਡਾਲ ਦਾ ਸਵਾਲ ਸੀ, ਜੇ ਧੀਆਂ ਨਾ ਹੁੰਦੀਆਂ ਤਾਂ ਕੀ ਮਨੁੱਖ ਦੀ ਹੋਂਦ ਸੰਭਵ ਹੁੰਦੀ? ਵਿਛੋੜੇ ਦੇ ਸੱਲ੍ਹ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਵਿਛੋੜਾ ਕੋਈ ਵੀ ਹੋਵੇ, ਵਿਛੋੜਾ ਹੀ ਹੁੰਦਾ ਏ। ‘ਕੱਲੀ ਕੂੰਜ ਵਿਛੜ ਗਈ ਡਾਰੋਂ’ ਦਾ ਦਰਦ। ਉਨ੍ਹਾਂ ਅਜੋਕੇ ਸਮਿਆਂ ਵਿਚ ਰਿਸ਼ਤਿਆਂ ਦੀ ਟੁੱਟ-ਭੱਜ ‘ਤੇ ਗਿਲ੍ਹਾ ਕੀਤਾ ਸੀ ਕਿ ਕੇਹੇ ਵਕਤ ਆ ਗਏ ਨੇ, ਅਸੀਂ ਖੁਸ਼ੀ ਦੇ ਪਲ ਸਾਂਝੇ ਕਰਨਾ ਵੀ ਮੁਨਾਸਬ ਨਹੀਂ ਸਮਝਦੇ ਜਦ ਕਿ ਖੁਸ਼ੀ ਵੰਡਿਆਂ ਦੂਣ ਸਵਾਈ ਹੁੰਦੀ ਏ। ਡਾæ ਭੰਡਾਲ ਨੇ ਅਜੋਕੇ ਯੁਗ ਵਿਚ ਪੰਜਾਬ ਦੇ ਵਾਤਾਵਰਣ, ਸਮਾਜਕ ਕਦਰਾਂ-ਕੀਮਤਾਂ, ਮਨੁੱਖੀ ਰਿਸ਼ਤਿਆਂ ਤੇ ਜ਼ਿੰਦਗੀ ਦੇ ਹਰ ਮੁਰਾਤਬੇ ਵਿਚ ਆਈ ਮਲੀਨਤਾ ਦੀ ਗੱਲ ਕਰਦਿਆਂ ਸਵਾਲ ਖੜ੍ਹਾ ਕੀਤਾ ਸੀ ਕਿ ਦੁਨੀਆਂ ਨੂੰ ਸੰਗੀਤ ਦੇਣ ਵਾਲੇ ਜਦੋਂ ਸ਼ੋਰ ‘ਚ ਡੁੱਬ ਜਾਣ ਤਾਂ ਅਸੀਂ ਕਿਹੜੇ ਦਮਗਜ਼ਿਆਂ ਦੇ ਵਾਰਸ ਕਹਿਲਾਉਣ ਦੀ ਹਾਮੀ ਭਰਾਂਗੇ? ਪਿਛਲੇ ਲੇਖ ਵਿਚ ਵਿਚ ਉਨ੍ਹਾਂ ਚਮਨ ‘ਤੇ ਆਈ ਬਹਾਰ ਅਤੇ ਪੱਤਝੜ ਦੀ ਗੱਲ ਕਰਦਿਆਂ ਕਿਹਾ ਹੈ ਕਿ ਚਮਨ ਜਦ ਉਦਾਸ ਹੋ ਜਾਵੇ ਤਾਂ ਮਹਿਕਾਂ ਰੁੱਸ ਜਾਂਦੀਆਂ ਨੇ, ਖੇੜੇ ਵੈਰਾਗੇ ਜਾਂਦੇ ਨੇ। ਭੁੱਲ ਜਾਂਦੀ ਏ ਬਹਾਰਾਂ ਦੀ ਦਸਤਕ। ਅਸਲ ‘ਚ ਉਨ੍ਹਾਂ ਦਾ ਇਸ਼ਾਰਾ ਮਨੁੱਖੀ ਜਜ਼ਬਾਤ ਵੱਲ ਵੀ ਹੈ ਕਿ ਜੇ ਜਜ਼ਬਾਤ ਦੀ ਕਦਰ ਨਾ ਹੋਵੇ ਤਾਂ ਮਨੁੱਖ ਦੀ ਹਾਲਤ ਪੱਤਝੜ ਮਾਰੇ ਚਮਨ ਜਿਹੀ ਹੀ ਹੋ ਜਾਂਦੀ ਹੈ। ਹਥਲੇ ਲੇਖ ਵਿਚ ਉਨ੍ਹਾਂ ਪਿਤਾ ਦੇ ਸਾਏ ਦੀ ਗੱਲ ਕਰਦਿਆਂ ਕਿਹਾ ਹੈ ਕਿ ਪਿਤਾ ਇਕ ਮਜ਼ਬੂਤ ਦੀਵਾਰ। ਝੱਖੜਾਂ ਤੇ ਤੇਜ਼ ਹਨੇਰੀਆਂ ਤੋਂ ਬਚਾਅ। ਸਮਾਜ ਦੇ ਕੁਰੱਖਤ ਵਰਤਾਰਿਆਂ ਸਾਹਵੇਂ ਤਣੀ ਹੋਈ ਹਿੱਕ, ਆਪਦੇ ਚਮਨ ਦੀ ਸਰਬਪੱਖੀ ਖੁਸ਼ਹਾਲੀ ਲਈ ਦੁਆ ਤੇ ਦਰਵੇਸ਼ਤਾ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਜੇਠ ਦੀ ਕੜਕਦੀ ਧੁੱਪ, ਤਿੱਖੜ ਦੁਪਹਿਰ। ਕਣਕ ਦੇ ਵੱਢ Ḕਚ ਰੂੜੀ ਪਾ ਰਹੇ ਪਿਉ-ਪੁੱਤਰ, ਮੁੜ੍ਹਕੇ ਨਾਲ ਨਹਾਤੇ, ਤਪਸ਼ ਦੇ ਵਲੂੰਧਰੇ ਪਰ ਪੂਰੀ ਤਨਦੇਹੀ ਨਾਲ ਜਲਦੀ ਕੰਮ ਨਿਬੇੜਨ ਦਾ ਜਜ਼ਬਾ ਭਾਰੂ। ਨਿੱਕੀਆਂ-ਨਿੱਕੀਆਂ ਗੱਲਾਂ, ਸਲਾਹਾਂ। ਪੁੱਤਰ ਗਿਆਰਵੀਂ ਦੇ ਪੇਪਰ ਦੇ ਕੇ ਵਿਹਲਾ। ਖੇਤੀ ਦੇ ਕੰਮਾਂ Ḕਚ ਮਸ਼ਰੂਫ। ਕੋਲੋਂ ਲੰਘਦੇ ਪੁੱਤਰ ਦੇ ਦੋਸਤ ਦਾ ਦੱਸਣਾ, “ਗਿਆਰਵੀਂ ਦਾ ਰਿਜ਼ਲਟ ਆ ਗਿਆ ਏ। ਮੈਂ ਤਾਂ ਪਾਸ ਹੋ ਗਿਆਂ ਪਰ ਤੂੰ ਫੇਲ੍ਹ ਹੋ ਗਿਆ ਏਂ।” ਅਸਮਾਨੋਂ ਪਈ ਬਿਜਲੀ, ਸੁਪਨਿਆਂ ਦੇ ਤਿੜਕਣ ਦੀ ਆਵਾਜ਼। ਉਡਦੇ ਪਰਿੰਦੇ ਤੋਂ ਖੋਹੀ ਪਰਵਾਜ਼। ਉਦਾਸ ਪੁੱਤਰ ਨੂੰ ਕਲਾਵੇ Ḕਚ ਲੈ ਪਿਉ ਦਾ ਕਹਿਣਾ, “ਤੂੰ ਕਿਹੜਾ ਬੁੱਢਾ ਹੋ ਗਿਆ ਏਂ। ਪੜ੍ਹਨਾ ਸ਼ੁਰੂ ਕਰ ਦੇ ਦੁਬਾਰਾ ਜ਼ੋਰ ਲਾ ਕੇ। ਖਰਚ ਦਾ ਫਿਕਰ ਨਾ ਕਰੀਂ। ਮੈਂ ਤੈਨੂੰ ਕੁਝ ਬਣਿਆ ਦੇਖਣਾ ਚਾਹੁੰਦਾ ਹਾਂ। ਮੇਰੇ ਹੁੰਦਿਆਂ ਉਦਾਸ ਨਹੀਂ ਹੋਣਾ। ਚੱਲ ਉਠ, ਅੱਜ ਕੰਮ ਨਿਬੇੜ ਲਈਏ। ਕੱਲ ਹੀ ਜਾ ਕੇ ਦੁਬਾਰਾ ਦਾਖਲ ਹੋ ਜਾ।” ਡਿਗਦੇ ਪੁੱਤਰ ਨੂੰ ਸਹਾਰਾ। ਮੁਰਝਾਈ ਡੋਡੀ ਨੂੰ ਮਿਲਿਆ ਨਵਾਂ ਜਨਮ। ਖਾਲੀ ਝੋਲੀ Ḕਚ ਇੱਕ ਦੁਆ ਅਤੇ ਉਸ ਦੁਆ ਸਦਕਾ ਮਨ Ḕਚ ਕੁਝ ਕਰਨ ਦਾ ਸੰਕਲਪ। ਪਿਉ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਤਮੰਨਾ, ਸਿਰੜ Ḕਚ ਤਬਦੀਲ ਹੋ ਗਈ।
ਪਿਤਾ ਦੇ ਮੋਢਿਆਂ Ḕਤੇ ਘਰ ਬਣਾਉਣ, ਘਰ ਚਲਾਉਣ ਅਤੇ ਘਰ ਨੂੰ ਘਰ ਦੇ ਅਰਥਾਂ Ḕਚ ਨਵਿਆਉਣ ਦੀ ਸੋਝੀ, ਸਲੀਕਾ ਤੇ ਅਕੀਦਾ।
ਪਿਤਾ ਆਪਣੇ ਬੱਚਿਆਂ ਲਈ ਅਸੀਸ। ਉਨ੍ਹਾਂ ਦੀਆਂ ਤਲੀਆਂ Ḕਤੇ ਸ਼ੁਭ ਚਿੰਤਨ ਤੇ ਸ਼ੁਭ-ਕਰਮਨ ਦੀ ਬਖਸ਼ੀਸ਼। ਸਮੇਂ ਨੂੰ ਚੰਗੇਰੇ ਅਰਥ ਦੇਣ ਦੀ ਲਾਲਸਾ।
ਪਿਤਾ, ਪਰਿਵਾਰ ਦਾ ਮੁਖੀ, ਸਮੁੱਚੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਤੇ ਨਿਭਾਉਣ ਦੇ ਸਮਰੱਥ। ਉਸ ਦੀ ਯੋਗ-ਅਗਵਾਈ ਪਰਿਵਾਰ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ। ਪਰਿਵਾਰ ਦੀ ਸਮੁੱਚੀ ਪਛਾਣ ਹੁੰਦਾ ਏ ਪਿਉ।
ਪਿਤਾ ਇਕ ਮਜ਼ਬੂਤ ਦੀਵਾਰ। ਝੱਖੜਾਂ ਤੇ ਤੇਜ਼ ਹਨੇਰੀਆਂ ਤੋਂ ਬਚਾਅ। ਸਮਾਜ ਦੇ ਕੁਰੱਖਤ ਵਰਤਾਰਿਆਂ ਸਾਹਵੇਂ ਤਣੀ ਹੋਈ ਹਿੱਕ, ਆਪਦੇ ਚਮਨ ਦੀ ਸਰਬਪੱਖੀ ਖੁਸ਼ਹਾਲੀ ਲਈ ਦੁਆ ਤੇ ਦਰਵੇਸ਼ਤਾ।
ਪਿਤਾ, ਪਰਿਵਾਰ ਦੇ ਸਿਰ ਦੀ ਛੱਤ, ਇਕ ਮਹਿਫੂਜ਼ ਮਾਹੌਲ, ਨਿੱਘ ਤੇ ਮੋਹ Ḕਚ ਲਿਪਟਿਆ ਅਨੁਸ਼ਾਸਨ। ਸੰਭਾਵਨਾਵਾਂ ਨੂੰ ਸਾਰਥਿਕਤਾ Ḕਚ ਬਦਲਣ ਦੇ ਯੋਗ ਫਿਜ਼ਾ। ਇਸੇ ਲਈ ਜਦੋਂ ਘਰ ਦਾ ਮੁਖੀਆ, ਕਿਸੇ ਹਾਦਸੇ ਜਾਂ ਦੁਰਘਟਨਾ ਕਾਰਨ ਅਚਨਚੇਤੀ ਤੁਰ ਜਾਵੇ ਤਾਂ ਪਰਿਵਾਰ Ḕਤੇ ਕਹਿਰ ਟੁੱਟਦਾ ਏ। ਕੜਕਦੀਆਂ ਧੁੱਪਾਂ ਲੂੰਹਦੀਆਂ ਨੇ। ਪੋਹ-ਮਾਘ ਦੀ ਠੰਢ ਹੱਡਾਂ ਨੂੰ ਸਿੱਲ-ਪੱਥਰ ਬਣਾਉਂਦੀ ਏ। ਪਰਿਵਾਰ, ਤਿੜਕਦੇ ਪਲਾਂ, ਹਰਾਸੇ ਵਕਤ ਅਤੇ ਧੁਖਦੇ ਪਹਿਰਾਂ ਦੀ ਵੇਦਨਾ ਹੰਢਾਉਣ ਲਈ ਮਜਬੂਰ ਹੋ ਜਾਂਦਾ ਏ। ਹੰਝੂਆਂ ਦੀ ਰੁੱਤ, ਰੰਗ Ḕਚ ਵਸਦੇ ਚਮਨ ਦਾ ਨਸੀਬ ਬਣ ਜਾਂਦੀ ਹੈ।
ਅਜੋਕੇ ਸਮਿਆਂ ਦੀ ਕੇਹੀ ਤ੍ਰਾਸਦੀ ਹੈ ਕਿ ਪਰਿਵਾਰ ਲਈ ਵਧੇਰੇ ਆਰਥਿਕ ਸਾਧਨ ਤੇ ਸੁੱਖ-ਸੁਵਿਧਾਵਾਂ ਪੈਦਾ ਕਰਨ ਲਈ ਪਰਦੇਸਾਂ ਵਿਚ ਰੁਲਦੇ ਬਾਪ ਦੇ ਬੱਚੇ ਵਿਗੜ ਰਹੇ ਨੇ। ਮੋਟਰਸਾਈਕਲ ਤੇ ਮੋਬਾਈਲ ਨੇ ਅੱਜ ਬੱਚਿਆਂ ਦੇ ਸ਼ੌਕ। ਨਸ਼ਿਆਂ Ḕਚ ਖੁਰ ਰਹੀ ਏ ਜਵਾਨੀ। ਸੁਪਨਿਆਂ ਦਾ ਬੀਜ-ਨਾਸ। ਰਿਸ਼ਤਿਆਂ Ḕਚ ਪੈਦਾ ਹੋ ਰਿਹਾ ਤਣਾਓ। ਅਨੇਕਾਂ ਮਾਨਸਿਕ, ਸਮਾਜਿਕ ਤੇ ਪਰਿਵਾਰਕ ਸਮੱਸਿਆਵਾਂ ਦੀ ਧਰਾਤਲ ਬਣ ਰਹੀ ਏ, ਵਧੇਰੇ ਆਰਥਿਕ ਸਾਧਨ ਪੈਦਾ ਕਰਨ ਦੀ ਕੋਸ਼ਿਸ਼। ਪਿਤਾ ਦੀ ਅਣਹੋਂਦ, ਕਈ ਕਲੇਸ਼ਾਂ ਦੀ ਜੜ੍ਹ। ਪਿਤਾ ਦੀ ਹਾਜ਼ਰੀ, ਇਕ ਮਾਨਸਿਕ ਦਬਾਅ, ਇਕ ਦਿਸ਼ਾ-ਨਿਰਦੇਸ਼। ਹਰ ਸਵੇਰ ਲਈ ਨਵੀਂ ਸੋਚ ਦਾ ਸੰਦੇਸ਼।
ਜਦੋਂ ਪਿਤਾ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਤੋਂ ਅਸਮਰਥ ਹੋ ਜਾਵੇ ਜਾਂ ਬੇਲਾਗ ਹੋ ਜਾਵੇ ਤਾਂ ਪਰਿਵਾਰ Ḕਤੇ ਦੁਸ਼ਵਾਰੀਆਂ ਦਾ ਕਹਿਰ ਟੁੱਟਦਾ ਏ। ਆਲ੍ਹਣਾ ਹਨੇਰੀਆਂ ਤੋਂ ਸੁਰੱਖਿਆ ਖੋ ਬੈਠਦਾ ਏ। ਚਿੜੀਆਂ, ਕਾਂਵਾਂ ਦੀ ਮਾਰ ਹੇਠ ਆ ਜਾਂਦੀਆਂ ਨੇ। ਵਿਲਕਦੀ ਏ ਫਿਜ਼ਾ। ਬੋਲ ਗੁੰਗੇ ਹੋ ਜਾਂਦੇ ਨੇ। ਬੋਟਾਂ ਦਾ ਚਹਿਚਹਾਉਣਾ ਹਾਦਸਿਆਂ ਤੇ ਹੌਕਿਆਂ ਦੀ ਭੇਟਾ ਚੜ੍ਹ ਜਾਂਦਾ ਏ। ਖੜਕਦੇ ਭਾਂਡੇ ਤੇ ਤਿੜਕਿਆ ਵਿਸ਼ਵਾਸ, ਕਰ ਜਾਂਦਾ ਏ ਜੀਵਨ ਦੀ ਸਮੁੱਚਤਾ ਨੂੰ ਬੇ-ਆਸ।
ਜਦ ਪਿਉ, ਪਿੱਤਰ ਬਣ ਜਾਂਦਾ ਏ ਅਤੇ ਪੁੱਤਰ, ਪਿਉ ਬਣਦਾ ਏ ਤਾਂ ਬਦਲਦੇ ਸਰੋਕਾਰਾਂ ਕਾਰਨ ਸਮੇਂ ਦਾ ਹਾਣੀ ਬਣਨ ਲਈ ਪੁੱਤਰ ਨੂੰ ਵਿਤੋਂ-ਬਾਹਰਾ ਜ਼ੋਰ ਲਾਉਣਾ ਪੈਂਦਾ ਏ।
ਪਿਤਾ ਅੱਖ ਦੀ ਘੂਰ। ਬੱਚਿਆਂ ਦੇ ਗਲਤ ਕਦਮ ਲਈ ਰੋਕ, ਉਨ੍ਹਾਂ ਦੀ ਅਵਾਰਗੀ ਲਈ ਰੁਕਾਵਟ। ਉਨ੍ਹਾਂ ਦੀ ਮਾਨਸਿਕ ਭਟਕਣਾ ਲਈ ਟੋਕ, ਉਨ੍ਹਾਂ ਦੇ ਤਿੜਕਦੇ ਸੁਪਨਿਆਂ ਲਈ ਆਸ, ਠਰੰਮਾ ਤੇ ਹੌਸਲਾ। ਉਨ੍ਹਾਂ ਦੇ ਵਿਚਾਰਾਂ ਲਈ ਸੱਚਿਆਈ ਅਤੇ ਪਕਿਆਈ। ਕਰਮ-ਖੇਤ ਨੂੰ ਕੰਡਿਆਲੀ ਵਾੜ।
ਬਾਪ, ਸਿਰਫ ਰੋਜ਼ੀ-ਰੋਟੀ ਦਾ ਹੀ ਫਿਕਰ ਨਹੀਂ ਕਰਦਾ, ਪਰਿਵਾਰ ਲਈ ਇਕ ਛੱਤ ਹੀ ਨਹੀਂ ਹੁੰਦਾ, ਇਕ ਸੁਰੱਖਿਅਤ ਜਗ੍ਹਾ ਹੀ ਨਹੀਂ ਹੁੰਦਾ, ਇਕ ਦਾਈਆ ਹੀ ਨਹੀਂ ਹੁੰਦਾ, ਮੋਹ Ḕਚ ਡੁੱਬਿਆ ਡਰ ਜਾਂ ਸ਼ੁਭਕਾਮਨਾ Ḕਚ ਲਿਪਟੀ ਘੂਰਦੀ ਅੱਖ ਹੀ ਨਹੀਂ ਹੁੰਦਾ, ਪਿਤਾ ਇਕ ਜਿਉਂਦਾ ਜਾਗਦਾ, ਸਵੱਲੀ ਨਜ਼ਰ ਵਾਲਾ ਰੋਲ-ਮਾਡਲ ਹੁੰਦਾ ਏ। ਸਮੁੱਚੇ ਪਰਿਵਾਰ ਨੂੰ ਸੁਚੇਤ ਅਤੇ ਅਚੇਤ ਰੂਪ Ḕਚ ਪ੍ਰਭਾਵਤ ਕਰਦਾ। ਉਨ੍ਹਾਂ ਦੀਆਂ ਕ੍ਰਿਆਵਾਂ, ਪਹਿਲਾਂ ਨੂੰ ਨਿਰਧਾਰਤ ਕਰਦਾ। ਉਨ੍ਹਾਂ ਦੀਆਂ ਜੀਵਨ-ਸੇਧਾਂ ਲਈ ਦਿਸ਼ਾ-ਨਿਰਦੇਸ਼। ਉਨ੍ਹਾਂ ਦੇ ਸੁਪਨਿਆਂ ਦੇ ਪਨਪਣ ਅਤੇ ਸੰਪੂਰਨ ਹੋਣ ਤੀਕ ਦਾ ਹਮਰਾਜ। ਉਨ੍ਹਾਂ ਦਾ ਖਿਦਮਤਗਾਰ। ਉਨ੍ਹਾਂ ਦੀ ਸਫਲਤਾ ਲਈ ਹਰ ਹੀਲਾ ਵਰਤਦਾ, ਹਿੰਮਤ ਜੁਟਾਉਂਦਾ ਅਤੇ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਮੋਹ-ਵੰਤੇ ਪਲਾਂ ਦਾ ਨਿਉਂਦਾ ਪਾਉਂਦਾ। ਸਾਡੇ ਅੰਦਰ ਪਲੀ ਹਉਮੈ ਸਦਕਾ ਪਰਿਵਾਰ ਟੁੱਟ ਰਹੇ ਨੇ। ਬੱਚੇ ਸੰਤਾਪ ਹੰਢਾ ਰਹੇ ਨੇ। ਜਦੋਂ ਇਕ ਬੱਚਾ, ਇਕੱਲਾ ਮਾਂ ਜਾਂ ਬਾਪ ਦੀ ਦੇਖ-ਰੇਖ ਹੇਠ ਜਵਾਨ ਹੁੰਦਾ ਏ ਤਾਂ ਉਹ ਇਕਹਿਰੀ ਸ਼ਖਸੀਅਤ ਦਾ ਮਾਲਕ ਹੁੰਦਾ ਏ। ਜ਼ਿੰਦਗੀ ਦਾ ਇਕਹਿਰਾ ਰੰਗ ਉਸ ਦੇ ਸਮੁੱਚ ਨੂੰ ਧੁਆਂਖ ਦਿੰਦਾ ਏ। ਪੱਛਮ Ḕਚ ਆਮ ਹੋ ਰਹੇ ਇਕਹਿਰੇ ਪਰਿਵਾਰਾਂ ਦੀ ਤ੍ਰਾਸਦੀ ਦੀ ਉਪਜ ਏ ਨਵੀਂ ਪੀੜ੍ਹੀ Ḕਚ ਛਾਈ ਮਾਯੂਸੀ, ਉਦਾਸੀ ਤੇ ਉਪਰਾਮਤਾ।
ਪਿਤਾ ਫਿਕਰਮੰਦੀ ਦੀ ਦਰਗਾਹ। ਉਸ ਦੇ ਮਨ Ḕਚ ਹਮੇਸ਼ਾ ਕੁਝ ਚੰਗਾ ਕਰਨ ਦਾ ਚਾਅ। ਨਵੇਂ ਦਿਸਹੱਦਿਆਂ ਦੀ ਦੱਸ ਪਾਉਂਦਾ ਰਾਹ ਅਤੇ ਉਸ ਦਾ ਰਾਹੀ ਬਣ ਕੇ ਮੰਜ਼ਲ Ḕਤੇ ਪਹੁੰਚਣ ਦਾ ਉਮਾਹ।
ਇਕੱਲੀਆਂ ਮਾਂਵਾਂ ਹੀ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਕਰਦੀਆਂ। ਕਈ ਵਾਰ ਅਣਸੁਖਾਵੇਂ ਹਾਲਾਤ ਜਾਂ ਬਦਲੇ ਸੰਦਰਭਾਂ ਕਾਰਨ ਬਾਪ ਵੀ ਬੱਚਿਆਂ ਨੂੰ ਬਾਖੂਬੀ ਪਾਲਦੇ ਨੇ। ਉਨ੍ਹਾਂ ਲਈ ਮਾਂ ਵੀ ਬਣਦੇ ਨੇ। ਉਨ੍ਹਾਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਦੇ ਨੇ ਅਤੇ ਕਿਸੇ ਨੂੰ ਸ਼ਿਕਵਾ ਕਰਨ ਦਾ ਮੌਕਾ ਨਹੀਂ ਦਿੰਦੇ।
ਬਾਪ ਦੇ ਮਨ Ḕਚ ਆਪਣੇ ਬੱਚਿਆਂ ਪ੍ਰਤੀ ਸਮਰਪਣ ਤੇ ਸਾਧਨਾ ਸਦਕਾ ਹੀ ਬਹੁਤੀ ਵਾਰ ਉਹ ਆਪਣੀ ਨਿਜੀ ਜ਼ਿੰਦਗੀ ਦੀਆਂ ਤਰਜੀਹਾਂ ਬਦਲ ਕੇ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਬਿਹਤਰੀ ਦੇ ਨਾਮ ਕਰ ਦਿੰਦਾ ਏ।
ਪਿਤਾ ਇਕ ਦਾਈਆ, ਇਕ ਰੋਅਬ। ਇਕ ਗਰਜਵਾਂ ਅੰਦਾਜ਼। ਤੁਸੀਂ ਕਿਸੇ ਵੀ ਰੁਤਬੇ Ḕਤੇ ਪਹੁੰਚ ਜਾਵੋ, ਬਾਪ ਤੁਹਾਨੂੰ ਦਬਕਾ ਮਾਰ ਸਕਦਾ ਏ। ਤੁਹਾਡੀਆਂ ਗਲਤੀਆਂ ਦੱਸ ਸਕਦਾ ਏ। ਟੋਕ ਸਕਦਾ ਏ। ਰੋਕ ਸਕਦਾ ਏ। ਤੁਹਾਨੂੰ, ਤੁਹਾਡੇ ਬਚਪਨ ਦੇ ਨਾਮ ਨਾਲ ਹਾਕ ਮਾਰਦਾ ਏ ਤਾਂ ਤੁਹਾਡੇ ਚੇਤਿਆਂ ਦੀ ਜੂਹੇ ਬਚਪਨੇ ਦੇ ਫਕੀਰਾਨਾ ਪਲਾਂ ਦੀ ਯਾਦ ਵਰਤਮਾਨ ਨੂੰ ਸਰਸ਼ਾਰ ਕਰ ਜਾਂਦੀ ਏ। ਇਕ ਅਫਸਰ ਦੋਸਤ ਦਾ ਕਹਿਣਾ, “ਜਿੰਨਾ ਚਿਰ ਮੈਂ ਘਰ ਜਾ ਕੇ ਬਾਪ ਦੇ ਦਬਕੇ/ਝਿੜਕਾਂ/ਹੁਕਮਨਾਮੇ/ਹਦਾਇਤਾਂ ਦੇ ਪ੍ਰਵਚਨ ਨਾ ਸੁਣਾਂ, ਆਪਣੇ ਆਪ Ḕਚ ਅਪੂਰਨ ਰਹਿੰਦਾ ਹਾਂ” ਕਿੰਨਾ ਵੱਡਾ ਸੱਚ ਹੈ।
ਪਿਤਾ ਸਮਾਜਿਕ ਸਰੋਕਾਰਾਂ ਅਤੇ ਬੀਤੇ ਦਾ ਜਿਉਂਦਾ-ਜਾਗਦਾ ਇਤਿਹਾਸ। ਸਾਰੇ ਸਮਾਜਿਕ ਕਾਰਜਾਂ ਦੀ ਰੂਹ। ਬਾਪ ਦੇ ਹੁੰਦਿਆਂ ਹਰ ਕੋਈ, ਪਰਿਵਾਰਕ ਤੇ ਸਮਾਜਿਕ ਰਸਮਾਂ, ਰਿਵਾਜਾਂ, ਸਮਾਗਮਾਂ ਆਦਿ ਦੀਆਂ ਸਮੁੱਚੀਆਂ ਜ਼ਿੰਮੇਵਾਰੀਆਂ ਤੋਂ ਸੁਰਖਰੂ। ਤੁਹਾਡਾ ਸਮਾਜਿਕ ਬੋਝ ਉਠਾ ਕੇ ਫਖਰ ਮਹਿਸੂਸ ਕਰਨ ਵਾਲਾ ਪਿਤਾ, ਤੁਹਾਡੀ ਰੂਹ ਦੀ ਆਂਦਰ, ਤੁਹਾਡੇ ਸਕੂਨ ਦਾ ਦਰ ਅਤੇ ਤੁਹਾਡੀ ਮੌਲਿਕਤਾ ਦਾ ਵਰ।
ਪਿਤਾ, ਤੁਹਾਡੀ ਸਰਬਮੁਖੀ ਸੋਚ ਦੇ ਪਨਪਣ ਤੇ ਫੈਲਣ ਦਾ ਸਾਧਨ। ਸ਼ਖਸੀਅਤ ਨੂੰ ਨਿਖਾਰਨ ਦਾ ਸਬੱਬ। ਪੰਡਿਤ ਜਵਾਹਰ ਲਾਲ ਨਹਿਰੂ ਜਦ ਜੇਲ੍ਹ Ḕਚੋਂ ਆਪਣੀ ਧੀ ਨੂੰ ਲਿਖੀਆਂ ਚਿੱਠੀਆਂ Ḕਚ ਭਾਰਤ ਦੀ ਸਮੁੱਚੀ ਇਤਿਹਾਸਕ, ਮਿਥਿਹਾਸਕ ਅਤੇ ਰਾਜਨੀਤਕ ਵਿਰਾਸਤ ਲਿਖਦਾ ਸੀ ਤਾਂ ਉਸ ਦੇ ਮਨ Ḕਚ ਧੀ ਨੂੰ ਭਾਰਤ ਦੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣਾ ਸੀ ਅਤੇ ਉਸ Ḕਚੋਂ ਚੰਗੇਰੇ ਨੂੰ ਆਪਣੇ ਅੰਦਰ Ḕਚ ਉਤਾਰ ਆਪੇ ਨੂੰ ਨਿਖਾਰਨਾ ਵੀ ਸੀ ਤਾਂ ਕਿ ਉਸ ਦੀ ਧੀ ਭਵਿੱਖ Ḕਚ ਇਕ ਚੰਗੇਰੀ ਪਛਾਣ ਸਿਰਜ ਸਕੇ। ਇਕ ਪਿਤਾ ਵਲੋਂ ਆਪਣੀ ਧੀ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ ਅਤੇ ਉਜਲ ਭਵਿੱਖ ਲਈ ਸੁਚੇਤ ਪੱਧਰ Ḕਤੇ ਕੀਤੇ ਸਾਰਥਕ ਯਤਨਾਂ ਦਾ ਨਤੀਜਾ ਸੀ, ਇੰਦਰਾ ਗਾਂਧੀ ਦਾ ਭਾਰਤ ਦੇ ਰਾਜਨੀਤਕ ਦ੍ਰਿਸ਼ ਉਤੇ ਬੜੇ ਲੰਮੇ ਸਮੇਂ ਤੀਕ ਛਾਇਆ ਰਹਿਣਾ-ਜਿਉਂਦੀ ਜਾਗਦੀ ਮਿਸਾਲ।
ਇਕ ਬਾਪ-ਮਨ ਦੀ ਤੀਬਰਤਾ ਦਾ ਅੰਦਾਜ਼ਾ ਉਸ ਚਿੱਠੀ ਤੋਂ ਲਾਇਆ ਜਾ ਸਕਦਾ ਹੈ ਜੋ ਅਬਰਾਹਮ ਲਿੰਕਨ ਨੇ ਆਪਣੇ ਪੁੱਤਰ ਦੇ ਟੀਚਰ ਨੂੰ ਲਿਖਦਿਆਂ ਕਿਹਾ, “ਮੇਰੇ ਬੱਚੇ ਨੂੰ ਗਲਤ/ਸਹੀ ਸਮਝਣ ਦੀ ਮੱਤ ਆਵੇ। ਉਸ ਨੂੰ ਜਿੱਤ Ḕਚ ਨਿਰਮਾਣਤਾ ਅਤੇ ਹਾਰ Ḕਚ ਫਰਾਖਦਿਲੀ ਵਿਖਾਉਣ ਦਾ ਵੱਲ ਆਵੇ। ਉਸ ਨੂੰ ਦੁਨਿਆਵੀ ਸੁੱਖ ਖੁਸ ਜਾਣ Ḕਤੇ ਮੁਸ਼ਕਿਲਾਂ ਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨ ਦੀ ਜਾਚ ਆਵੇ। ਹੱਸਦਿਆਂ, ਰੋਣਾ ਯਾਦ ਰਹੇ। ਸਫਲਤਾ ਦੀਆਂ ਬੁਲੰਦੀਆਂ ਛੂੰਹਦਿਆਂ, ਉਸ ਦੇ ਪੈਰ ਧਰਤੀ Ḕਤੇ ਟਿਕੇ ਰਹਿਣ। ਉਸ ਨੂੰ ਅਤਿ ਗਮਗੀਨ ਹਾਲਤਾਂ Ḕਚ ਵੀ ਮੁਸਕਰਾਉਣ ਦਾ ਵੱਲ ਆਵੇ ਅਤੇ ਉਸ ਦਾ ਜਿਉਣਾ, ਹਰ ਇਕ ਨੂੰ ਜਿਉਣ ਦਾ ਅਦਬ ਸਿਖਾਵੇ।” ਇਹ ਚਿੱਠੀ ਕਾਮਨਾ ਏ, ਪੁੱਤਰ ਦੀ ਸੰਪੂਰਨ ਸ਼ਖਸੀਅਤ ਦੀ। ਉਸ ਦੀ ਜ਼ਿੰਦਗੀ ਨੂੰ ਚੁਫੇਰੇ ਫੈਲੇ ਸੱਚ ਮੁਤਾਬਕ ਸਿਰਜਣ ਦੀ।
ਪਿਤਾ ਕੁਲ ਦੀ ਪਛਾਣ, ਨਾਮੋ-ਨਿਸ਼ਾਨ ਅਤੇ ਜਵਾਨ ਹੋਏ ਬੱਚੇ, ਪਰਿਵਾਰ ਤੇ ਪਿਤਾ ਦੀ ਪਛਾਣ। ਇਸ ਪਛਾਣ ਦਾ ਇਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੀਕ ਦਾ ਸੁਖਾਵਾਂ ਸਫਰ। ਨਵੇਂ ਮੀਲ ਪੱਥਰਾਂ ਦੀ ਸਿਰਜਣਾ Ḕਚੋਂ ਉਕਰੇ ਨਰੋਏ ਨਕਸ਼।