ਸਵਰਾਜਬੀਰ, ਸਾਹਿਤ ਅਤੇ ਸਥਾਪਤੀ

ਸਵਰਾਜਬੀਰ ਅੱਜ ਨਾਟਕ ਦੇ ਖੇਤਰ ਦਾ ਅਹਿਮ ਨਾਂ ਹੈ। ਉਸ ਨੇ ਇਤਿਹਾਸ ਅਤੇ ਮਿਥਿਹਾਸ ਦੀ ਬਾਤ ਸੁਣਾਉਂਦਿਆਂ ਇਨ੍ਹਾਂ ਸਾਰੀਆਂ ਗੱਲਾਂ-ਬਾਤਾਂ ਨੂੰ ਵਰਤਮਾਨ ਦੇ ਪ੍ਰਸੰਗਾਂ ਨਾਲ ਜੋੜ ਕੇ ਪੇਸ਼ ਕੀਤਾ ਹੈ। ਇਹੀ ਉਸ ਦੇ ਨਾਟਕਾਂ ਦੀ ਖੂਬਸੂਰਤੀ ਹੈ। ਉਹਨੇ ਪੜ੍ਹਾਈ ਡਾਕਟਰੀ ਦੀ ਕੀਤੀ, ਨੌਕਰੀ ਪੁਲਿਸ ਦੀ ਅਤੇ ਸਾਹਿਤ ਸਿਰਜਣਾ ਵਿਚ ਪਹਿਲਾਂ ਕਵਿਤਾ ਤੇ ਫਿਰ ਨਾਟਕ ਵਿਚ ਘਮਸਾਣ ਮਚਾਇਆ।

ਜਸਵੀਰ ਸਮਰ ਨੇ ਆਪਣੇ ਇਸ ਲੇਖ ਵਿਚ ਉਸ ਦੇ ਨਾਟਕਾਂ ਤੋਂ ਇਲਾਵਾ ਸਥਾਪਤੀ ਅਤੇ ਸਥਾਪਤੀ ਦੀਆਂ ਗੁੰਝਲਾਂ ਬਾਰੇ ਵੀ ਕੁਝ ਸਵਾਲ ਉਠਾਏ ਹਨ ਜੋ ਸਾਹਿਤ ਦੇ ਨਾਲ ਨਾਲ ਸਿਆਸਤ ਵਿਚ ਮੋਕਲੇ ਰਾਹ ਖੋਲ੍ਹਣ ਬਾਰੇ ਸੂਹਾਂ ਦਿੰਦੇ ਹਨ। -ਸੰਪਾਦਕ
ਜਸਵੀਰ ਸਮਰ

ਪੱਤਣ ਚੁੱਪ ਨੇ
ਜਿਉਂ ਸਾਰੇ ਮਲਾਹ ਮਰ ਗਏ ਹੋਣ
ਜਿਉਂ ਔਰਤਾਂ ਆਪਣੇ ਬਦਨਾਂ ਤੋਂ ਜ਼ਿਆਦਾ
ਖਾਮੋਸ਼ ਹੋ ਗਈਆਂ ਹੋਣ
ਜਿਉਂ ਜੰਗਲ ਵਿਚ ਸਾਰੇ ਰੁੱਖ
ਇਕੱਲੇ ਹੋ ਗਏ ਹੋਣæææ।
ਇਹ ਸਵਰਾਜਬੀਰ ਹੈ, ਕਵਿਤਾ ਕਹਿੰਦਾ ਸਵਰਾਜਬੀਰ। ਉਹਦੀ ਪੋਟਲੀ ਵਿਚੋਂ ਤਿੰਨ ਕਾਵਿ-ਪੁਸਤਕਾਂ ਨਿਕਲੀਆਂ: ‘ਆਪਣੀ ਆਪਣੀ ਰਾਤ’ (1985), ‘ਸਾਹਾਂ ਥਾਣੀਂ’ (1989) ਅਤੇ ’23 ਮਾਰਚ’ (1992)। ਉਹਦੀ ਹਰ ਕਿਤਾਬ ਸੁੱਚੀ ਕਵਿਤਾ ਦੇ ਵਿਹੜੇ ਵਿਚ ਅਗਲਾ ਕਦਮ ਸਾਬਤ ਹੋਈ। ਇਹ ਮਾਨਤਾ ਉਹਦੀ ਨਹੀਂ, ਉਹਦੇ ਆਲੋਚਕਾਂ ਦੀ ਹੈ। ਉਹਦੀਆਂ ਇਹ ਕਵਿਤਾਵਾਂ ਅਸਲ ਵਿਚ ਆਪਣੇ ਵਕਤਾਂ ਨਾਲ ਕੀਤੀਆਂ ਬਾਤਾਂ ਹਨ। ਇਨ੍ਹਾਂ ਵਿਚ ਕਰੂਰ ਵਕਤਾਂ ਵਾਲਾ ਦਰਦ ਥਾਂ-ਪੁਰ-ਥਾਂ ਪੁੜਿਆ ਪਿਆ ਹੈ। ਇਸ ਕਵਿਤਾ ਅੰਦਰ ਚਿਣਗ ਹੈ, ਕੋਈ ਤਾਂਘ ਹੈ; ਬੇਵਸੀ ਤੇ ਉਦਾਸੀ ਵੀ ਹੈ, ਪਰ ਕਵਿਤਾ ਦਾ ਮੂੰਹ ਅਗਾਂਹ ਵੱਲ ਹੈ। ਇਹ ਵਕਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣ ਦਾ ਜੇਰਾ ਦਿਖਾਉਂਦੀ ਹੈ। ਉਹਨੇ ਖੁਦ ਤਸਲੀਮ ਕੀਤਾ ਹੈ: “ਅਸੀਂ (ਸ਼ਾਇਰ ਲੋਕ) ਆਪਣੇ ਵਕਤ ਦੀ ਵੀਣੀ ‘ਤੇ ਲਾਲ ਧਾਗਾ ਬੰਨ੍ਹਣ ਦਾ ਯਤਨ ਕਰ ਰਹੇ ਸਾਂ।”
ਉਹ ਜਦੋਂ ਕਵਿਤਾ ਦੇ ਵਿਹੜੇ ਤੋਂ ਨਾਟਕ ਦੇ ਮੰਚ ਵੱਲ ਧਾਇਆ ਤਾਂ ਸਭ ਨੂੰ ਲੱਗਿਆ, ਮਾਨੋ ਇਹ ਪੰਜਾਬੀ ਨਾਟਕ ਦੇ ਧੰਨ-ਭਾਗ ਸਨ। ਇਕ ਤੋਂ ਬਾਅਦ ਇਕ ਨਾਟਕ ਨਾਲ ਉਹਨੇ ਬੌਧਿਕ ਬੁਲੰਦੀਆਂ ਛੋਹੀਆਂ। ਉਹਨੇ ਪੂਰਾ ਟੁਣਕਾ ਕੇ ਜਚਾ ਦਿੱਤਾ ਕਿ ਲਿਖਾਰੀ ਦਾ ਮਤਲਬ ਹੁੰਦਾ ਕੀ ਹੈ! ਮਿਹਨਤ ਅਤੇ ਲਗਨ ਨਾਲ ਲਿਖੀਦਾ ਕਿਵੇਂ ਹੈ! ਤੇ ਦੱਸਿਆ ਕਿ ਨਾਟਕ ਇਵੇਂ ਵੀ ਲਿਖ ਸਕੀਦਾ ਹੈ! ਉਹਦੇ ਨਾਟਕਾਂ ਦਾ ਚੌਖਟਾ ਬਹੁਤ ਚੌੜੇਰਾ ਹੈ, ਦਿਸਹੱਦਿਆਂ ਤੋਂ ਪਾਰ ਦੇਖਦੀ ਅੱਖ ਵਾਂਗ। ਉਹਨੇ ਨਾਟਕ ਲਿਖਿਆ ਨਹੀਂ, ਜੀਵਿਆ; ਤੇ ਨਾਲੇ ਖੇਡੇ ਜਾਣ ਵਾਲਾ ਨਾਟਕ ਲਿਖਿਆ। ਲਿਖਤ ਦੀ ਜੂਨੇ ਪੈਣ ਤੋਂ ਲੈ ਕੇ ਸਟੇਜ ਉਤੇ ਮੜਿੱਕਣ ਤਕ ਰਚਨਾ ਬਥੇਰੀਆਂ ਤਬਦੀਲੀਆਂ ਥਾਣੀਂ ਗੁਜ਼ਰਦੀ ਹੈ। ਇਹ ਤਬਦੀਲੀ, ਜਾਂ ਕਹਿ ਲਓ ਲਿਖਤ ਦਾ ਨਿਖਾਰ, ਇਕੱਲੇ-ਇਕਹਿਰੇ ਬੰਦੇ ਜਾਂ ਵਿਚਾਰ ਦਾ ਕੰਮ ਨਹੀਂ। ਇਹਦੇ ਲਈ ਲਾਮ ਅਤੇ ਲਾਮਬੰਦੀ ਲੋੜੀਂਦੀ ਹੈ।
ਸਵਰਾਜਬੀਰ ਇਸ ਪੱਖੋਂ ਭਾਗਾਂ ਵਾਲਾ ਨਿਕਲਿਆ ਕਿ ਉਹਨੂੰ ਅਜਿਹੇ ਸਾਹਿਤ-ਸਾਥੀਆਂ ਦੀ ਢਾਣੀ ਮਿਲੀ ਜਿਨ੍ਹਾਂ ਨੇ ਉਹਦੀਆਂ ਰਚਨਾਵਾਂ ਅੰਦਰ ਬਲਦੀ ਲਾਟ ਦਾ ਨਿੱਘ/ਸੇਕ ਦੂਣ-ਸਵਾਇਆ ਕੀਤਾ। ਇਸ ਸਫਰ ਬਾਰੇ ਗੱਲਾਂ ਸਵਰਾਜਬੀਰ ਦੀ ਹਰ ਲਿਖਤ ਵਿਚ ਕਿਸੇ ਨਾ ਕਿਸੇ ਰੂਪ ਵਿਚ ਪਈਆਂ ਲੱਭ ਜਾਂਦੀਆਂ ਹਨ। ਇਸ ਤੋਂ ਉਹਦੇ ਸਬਰ ਦੀ ਕਨਸੋਅ ਵੀ ਮਿਲ ਜਾਂਦੀ ਹੈ। ਉਹਨੂੰ ਆਪਣੇ ਨਾਟਕ ਛਪਵਾਉਣ ਦੀ ਕਦੀ ਕੋਈ ਕਾਹਲ ਨਹੀਂ ਪਈ। ਉਹਦੇ ਨਾਟਕ ਸਟੇਜ ਵਾਲਾ ਮਾਣ ਹੰਢਾਉਣ ਤੋਂ ਕਈ ਕਈ ਸਾਲ ਬਾਅਦ ਪੁਸਤਕ ਵਾਲਾ ਰੂਪ ਧਾਰਦੇ ਰਹੇ ਹਨ। ਇਸ ਸਬਰ-ਸੰਤੋਖ ਅਤੇ ਬੌਧਿਕ ਨਾਟਕ ਦੀ ਬੁਲੰਦੀ ਵਾਲੇ ਸਿਦਕ ਤੇ ਸਿਰੜ ਦੇ ਬੀਜ ਭਾਵੇਂ ਉਹਦੀ ਕਵਿਤਾ ਵਿਚੋਂ ਵੀ ਝਾਤੀਆਂ ਮਾਰਦੇ ਹਨ, ਪਰ ਪੰਜਾਬੀ ਰੰਗਮੰਚ ਉਹਦੇ ਨਾਟਕਾਂ ਅਤੇ ਇਨ੍ਹਾਂ ਦੇ ਮੰਚਣ ਨਾਲ ਇਕ ਵਾਰ ਤਾਂ ਸਰਸ਼ਾਰ ਹੋ ਉਠਿਆ।
ਨਾਟ ਖੇਤਰ ਵਿਚ ਉਸ ਦੀ ਜੁਗਲਬੰਦੀ ਰੰਗਕਰਮੀ ਕੇਵਲ ਧਾਲੀਵਾਲ ਨਾਲ ਬਣੀ। ਕੋਈ ਜ਼ਮਾਨਾ ਸੀ ਜਦੋਂ ਗੁਰਸ਼ਰਨ ਸਿੰਘ ਅਤੇ ਗੁਰਦਿਆਲ ਸਿੰਘ ਫੁੱਲ ਦੀ ਜੁਗਲਬੰਦੀ ਨਾਲ ਨਾਟਕ ਦੇ ਖੂਹ ਦੀਆਂ ਟਿੰਡਾਂ ਗਿੜੀਆਂ ਸਨ ਅਤੇ ਦਰਸ਼ਕਾਂ ਨੇ ਮਿੱਠੇ ਪਾਣੀ ਵਾਂਗ ਇਨ੍ਹਾਂ ਸਟੇਜ-ਪੇਸ਼ਕਾਰੀਆਂ ਨੂੰ ਚੀਂਡ ਲਾਇਆ ਸੀ, ਪਿਆਸ ਬੁਝਾਈ ਸੀ। ਫਿਰ ਹਰਪਾਲ ਟਿਵਾਣਾ ਅਤੇ ਹਰਚਰਨ ਸਿੰਘ ਦੀ ਜੋੜੀ ਨੇ ਵੀ ਇਸ ਰਾਹ ਉਤੇ ਆਪਣੇ ਕਦਮ ਪੂਰੀ ਸਿਦਕਦਿਲੀ ਨਾਲ ਅਗਾਂਹ ਵਧਾਏ ਅਤੇ ਗੁਰਸ਼ਰਨ-ਗੁਰਦਿਆਲ ਜੋੜੀ ਤੋਂ ਊਣਾ ਰਹਿ ਗਿਆ ਕਲਾ-ਕੌਲਾ ਆਪਣੇ ਕਲਾ-ਪ੍ਰਤਾਪ ਨਾਲ ਭਰਨ ਦਾ ਯਤਨ ਕੀਤਾ। ਹੁਣ ਨਾਟਕ ਦਾ ਇਹ ਸਫਰ ਕੇਵਲ ਧਾਲੀਵਾਲ ਅਤੇ ਸਵਰਾਜਬੀਰ ਦੇ ਰੂਪ ਵਿਚ ਜਾਰੀ ਹੈ; ਤੇ ਇਸ ਵਾਰ ਕਲਾ ਅਤੇ ਕਿਰਤ ਨੇ ਜਿਹੜੀ ਉਡਾਣ ਭਰੀ ਹੈ, ਉਸ ਦਾ ਕੋਈ ਤੋੜ ਨਹੀਂ ਲੱਭਦਾ। ਕਿਰਤ ਵਾਲੇ ਸਵਰਾਜਬੀਰ ਨੇ ਇਤਿਹਾਸ ਤੇ ਮਿਥਿਹਾਸ, ਵਰਤਮਾਨ ਤੇ ਭਵਿੱਖ ਦੇ ਸਾਗਰਾਂ ਵਿਚ ਚੁੱਭੀ ਮਾਰ ਕੇ ਅਜਿਹੇ ਮੋਤੀ ਲੱਭੇ ਅਤੇ ਅਜਿਹੀ ਤਰਤੀਬ ਵਿਚ ਸਜਾਏ ਕਿ ਪੰਜਾਬੀ ਸਾਹਿਤ ਜਗਤ ਅਸ਼ ਅਸ਼ ਕਰ ਉਠਿਆ। ਇਸੇ ਤਰ੍ਹਾਂ ਰੰਗਮੰਚ ਦੀ ਕਲਾ ਵਾਲੇ ਸ਼ਾਹਸਵਾਰ ਕੇਵਲ ਧਾਲੀਵਾਲ ਨੇ ਕਿਰਤ ਖਾਤਰ ਹੋਰ ਕਮਾਈਆਂ ਇਸ ਢੰਗ ਨਾਲ ਕੀਤੀਆਂ ਕਿ ਕਿਰਤ ਤੇ ਕਲਾ ਦੀ ਜੁਗਲਬੰਦੀ ਲਾਜਵਾਬ ਹੋ ਨਿਬੜੀ। ਤੁਸੀਂ ਕਿਰਤ ਦਾ ਪਾਠ ਕਰੋ ਜਾਂ ਕਲਾ ਦੇ ਦਰਸ਼ਨ; ਜਾਪਦਾ ਹੈ, ਇਹ ਜੁਗਲਬੰਦੀ ਪੰਜਾਬੀ ਸਾਹਿਤ ਦਾ ਹਾਸਲ ਹੈ।
ਕੇਵਲ ਧਾਲੀਵਾਲ ਨੇ ਤਾਂ ਸਵਰਾਜਬੀਰ ਦੇ ਖੇਡੇ ਗਏ ਸਭ ਤੋਂ ਪਹਿਲੇ ਨਾਟਕ ‘ਕ੍ਰਿਸ਼ਨ’ ਨੂੰ ਧਰਮਵੀਰ ਭਾਰਤੀ ਦੇ ਮਸ਼ਹੂਰ ਨਾਟਕ ‘ਅੰਧਾ ਯੁੱਗ’ ਦੇ ਬਰਾਬਰ ਤੋਲਿਆ ਹੈ। ਅਸਲ ਵਿਚ ਸਵਰਾਜਬੀਰ ਜਿਸ ਪੱਧਰ ‘ਤੇ ਜਾ ਕੇ ਅਤੇ ਜਿਸ ਚੌਖਟੇ ਅੰਦਰ ਖਲੋ ਕੇ ਨਾਟਕ ਰਚਨਾ ਕਰਦਾ ਹੈ, ਉਸ ਨੂੰ ਮੰਚ ਉਤੇ ਸਾਕਾਰ ਕਰਨਾ ਖਾਲਾ ਜੀ ਦਾ ਵਾੜਾ ਨਹੀਂ। ਉਹਨੇ ਮਿੱਥਾਂ ਵਿਚੋਂ ਨਾਟਕ ਸਿਰਜੇ ਅਤੇ ਪੰਜਾਬੀ ਨਾਟਕਕਾਰੀ ਬਾਰੇ ਰੂੜ੍ਹ ਹੋਈਆਂ ਕਈ ਮਿੱਥਾਂ ਤੋੜ ਸੁੱਟੀਆਂ। ਉਸ ਦੇ ਅੰਦਾਜ਼ ਅੰਦਰ ਵਿਰਾਟਤਾ ਹੈ। ਇਸ ਹਿਸਾਬ, ਜੁਗਲਬੰਦੀ ਦੀ ਇਹ ਯਾਤਰਾ ਵਾਰ ਵਾਰ ਸਟੇਜ ਦੀਆਂ ਪੌੜੀਆਂ ਚੜ੍ਹਦੀ ਅਤੇ ਸ਼ਬਦਾਂ ਦੇ ਵਿਹੜੇ ਉਤਰਦੀ ਰਹੀ ਹੈ; ਐਨ ਉਸੇ ਤਰ੍ਹਾਂ ਜਿਸ ਤਰ੍ਹਾਂ ਸਿਆਲਾਂ ਨੂੰ ਚੱਲ ਰਹੇ ਨਾਟਕ ਦੌਰਾਨ ਸਿਰ ਤੋਂ ਠੰਢ ਝਰਦੀ ਹੈ, ਖਾਮੋਸ਼!
ਸਵਰਾਜਬੀਰ ਨੇ ਪੜ੍ਹਾਈ ਡਾਕਟਰੀ ਦੀ, ਤੇ ਨੌਕਰੀ ਪੁਲਿਸ ਦੀ ਕੀਤੀ ਅਤੇ ਸਾਹਿਤ ਸਿਰਜਣਾ ਵਿਚ ਸ਼ਬਦਾਂ ਤੇ ਅਰਥਾਂ ਦਾ ਘਮਸਾਣ ਰਚਾ ਦਿੱਤਾ। ਸਾਹਿਤ ਪੜ੍ਹਦਾ ਪੜ੍ਹਦਾ ਉਹ ਖੱਬੇ ਪੱਖੀ ਸਾਹਿਤ ਨੂੰ ਮੂੰਹ ਮਾਰਨ ਲੱਗ ਪਿਆ। ਇਸ ਸਾਹਿਤ ਨੇ ਉਹਨੂੰ ਸੰਸਾਰ ਦੇ ਮੋਕਲੇ ਪਿੜ ਅੰਦਰ ਚੱਲ ਰਹੇ ਸੰਘਰਸ਼ ਤੱਕਣ ਦਾ ਨਜ਼ਰੀਆ ਬਖਸ਼ਿਆ। ਇਸੇ ਗੇੜ ਵਿਚੋਂ ਕਵਿਤਾ ਉਤਰੀ। ਇਹ ਸਵੈ ਦੀ ਤਲਾਸ਼ ਤਾਂ ਸੀ ਹੀ, ਲੋਕਾਈ ਨੂੰ ਵੱਜਦੀਆਂ ਸੱਟਾਂ ਉਤੇ ਫਹਿਆ ਧਰਨ ਵਰਗਾ ਅਹਿਸਾਸ ਵੀ ਸੀ। ਫਿਰ ਜਦੋਂ 20ਵੀਂ ਸਦੀ ਦੇ 90ਵਿਆਂ ਦੌਰਾਨ ਸੰਸਾਰ ਵਿਚ ਸੰਘਰਸ਼ ਦਾ ਗੜ੍ਹ ਤਿੜਿਆ ਤਾਂ ਮਿਥਿਹਾਸ ਵੱਲ ਮੋੜਾ ਪਿਆ। ਨਾਬਰੀ ਵਾਲੇ ਨੈਣ-ਨਕਸ਼ਾਂ ਦੀ ਸ਼ਨਾਖਤ ਹੋਣ ਲੱਗ ਪਈ। ਇਸ ਸ਼ਨਾਖਤ ਵਿਚੋਂ ਹੀ ਕਵਿਤਾ ਨੂੰ ਕਈ ਸਾਲ ਲੱਗਿਆ ਰਿਹਾ ਨੱਕਾ, ਨਾਟਕ ਦੇ ਰੂਪ ਵਿਚ ਟੁੱਟ ਗਿਆ ਅਤੇ ਛੇਤੀ ਹੀ ਝਰਨੇ ਵਾਂਗ ਵਹਿ ਤੁਰਿਆ। ਕਹਿੰਦੇ ਹਨ ਕਿ ਮਿੱਥ ਵਿਚ ਕੋਈ ਵੀ ਗੱਲ ਬੜੇ ਲੁਕਵੇਂ ਢੰਗ ਨਾਲ ਕਹਿਣ ਦੀ ਜੁਗਤ ਹੁੰਦੀ ਹੈ। ਆਪਣੇ ਮੁੱਢਲੇ ਨਾਟਕਾਂ ਵਿਚ ਸਵਰਾਜਬੀਰ ਇਹ ਤਣੀ ਘੁੱਟ ਕੇ ਫੜ ਲੈਂਦਾ ਹੈ ਅਤੇ ਨਾਟਕ-ਦਰ-ਨਾਟਕ ਮਿੱਥਾਂ ਭੰਨਦਾ ਹੈ। ਇਸ ਭੰਨ-ਤੋੜ ਵਿਚ ਉਹ ਕਿਉਂਕਿ ਵਰਤਮਾਨ ਦੀਆਂ ਲੜੀਆਂ ਲਗਾਤਾਰ ਜੋੜੀ ਜਾਂਦਾ ਹੈ, ਉਹਦੀਆਂ ਰਚਨਾਵਾਂ ਆਪਣਾ ਵੱਖਰਾ ਰੰਗ ਛੱਡਣ ਲਗਦੀਆਂ ਹਨ। ਲਿਖਾਰੀ ਦਾ ਇਹ ਸਫਰ ਬਹੁਤ ਸਹਿਜ ਅਤੇ ਸੁਹਜ ਵਾਲਾ ਹੈ।
ਰਤਾ ਕੁ ਗਹੁ ਨਾਲ ਤੱਕੀਏ ਤਾਂ ਲੱਭਦਾ ਹੈ ਕਿ ਸਵਰਾਜਬੀਰ ਦੇ ਨਾਟਕ ਉਹਦੀਆਂ ਕਵਿਤਾਵਾਂ ਦਾ ਹੀ ਵਿਸਥਾਰ ਹਨ। ‘ਆਪਣੇ ਬਦਨਾਂ ਤੋਂ ਵੀ ਜ਼ਿਆਦਾ ਖਾਮੋਸ਼ ਹੋਈਆਂ ਔਰਤਾਂ’ ਵਰਗੇ ਬਿੰਬ ਨਾਟਕਾਂ ਵਿਚ ਥਾਂ-ਪੁਰ-ਥਾਂ ਝਾਤੀਆਂ ਮਾਰਦੇ ਦਿਸਦੇ ਹਨ। ਵਾਧਾ ਇਹ ਹੋਇਆ ਹੈ ਕਿ ਨਾਟਕਾਂ ਅੰਦਰ ਕਾਵਿ-ਸਿਰਜਣਾ ਦੀ ਚਿਣਾਈ ਵੱਖ ਵੱਖ ਪ੍ਰਸੰਗਾਂ ਮੁਤਾਬਕ ਲਗਾਤਾਰ ਹੋਈ ਜਾਂਦੀ ਹੈ ਜਿਵੇਂ ਸਾਉਣ ਮਹੀਨੇ ਮੀਂਹ ਦੀਆਂ ਕਣੀਆਂ ਉਤਰਦੀਆਂ ਹਨ। ਉਹ ਖੁਦ ਆਪਣੀਆਂ ਸਾਰੀਆਂ ਕਵਿਤਾਵਾਂ ਨੂੰ ਇਕ ਹੀ ਕਵਿਤਾ ਆਖਦਾ ਹੈ ਜਿਹੜੀਆਂ ਪੰਜਾਬ ਦੇ ਖੇੜੇ ਬਾਰੇ ਖਰਾ ਖਿਆਲ ਹਨ। ਖੇੜਾ ਲਗਾਤਾਰ ਸੁੱਕ ਰਿਹਾ ਹੈ, ਇਸ ਲਈ ਜਦੋਂ ਕਵਿਤਾ ਦੀਆਂ ਸੀਮਾਵਾਂ ਉਜਾਗਰ ਹੋਈਆਂ ਤਾਂ ਉਹਨੇ ਇਤਿਹਾਸ-ਮਿਥਿਹਾਸ ਵੱਲ ਝਾਤੀ ਮਾਰੀ। ਉਹਦੀ ਕਵਿਤਾ ਵਿਚ ਬੈਠੇ ਨਾਇਕ ਉਹਨੂੰ ਖੱਬੇਪੱਖੀ/ਲੋਕਪੱਖੀ ਸਿਆਸਤ ਦੇ ਸੇਕ ਨਾਲ ਨਿੱਘ ਦਿੰਦੇ ਰਹੇ ਸਨ, ਇਸੇ ਲਈ ਜਦੋਂ ਉਹ ਇਤਿਹਾਸ-ਮਿਥਿਹਾਸ ਵੱਲ ਮੁੜਿਆ ਤਾਂ ਲੋਕ ਪੱਖ ਵਾਲੇ ਨਾਇਕਾਂ ਦੀ ਤਲਾਸ਼ ਵਿਚ ਜੁਟ ਗਿਆ। ਨਾਇਕ ਲੱਭੇ ਤਾਂ ਇਨ੍ਹਾਂ ਨੂੰ ਮਹਾਂ ਯਾਤਰਾ ਉਤੇ ਤੋਰ ਦਿੱਤਾ ਅਤੇ ਇਹ ਮਹਾਂ ਯਾਤਰਾ ਹੁਣ ਅੱਜ ਤਕ ਅੱਪੜ ਗਈ ਹੈ। ਖੁਦ ਨਾਇਕ ਦੀ ਤਲਾਸ਼ ਚੌਥੀ ਕੂਟ ਹੈ। ਇਹ ਚੌਥੀ ਕੂਟ ਹੀ ਨਾਇਕ ਦਾ ਰਾਹ ਤੈਅ ਕਰਦੀ ਹੈ।
ਸਵਰਾਜਬੀਰ ਦੇ ਨਾਟਕ ਜੂਝ ਰਹੇ ਨਾਇਕ ਦੀ ਦੋ-ਧਾਰੀ ਮਹਾਂ ਯਾਤਰਾ ਹੈ। ਕਦੀ ਉਹ ਮਿਥਿਹਾਸ-ਇਤਿਹਾਸ ਨੂੰ ਹੁਣ ਦੇ ਸਮੇਂ ਤਕ ਲੈ ਆਉਂਦਾ ਹੈ ਅਤੇ ਕਦੀ ਵਰਤਮਾਨ ਤੋਂ ਪਿਛਾਂਹ ਵੱਲ ਮੁੜਦਾ ਮੁੜਦਾ ਇਤਿਹਾਸ-ਮਿਥਿਹਾਸ ਵੱਲ ਤਾਣੀ ਤਣਦਾ ਚਲਾ ਜਾਂਦਾ ਹੈ। ਇਹ ਕਾਰਜ ਆਸਾਨ ਨਹੀਂ, ਸਾਧਾਰਨ ਵੀ ਨਹੀਂ; ਪਰ ਲਿਖਾਰੀ ਦੇ ਜੌਹਰ ਦਾ ਜਾਦੂ ਸਿਰ ਚੜ੍ਹ ਬੋਲਦਾ ਹੈ। ਨਾਟਕਾਂ ਵਿਚ ਮਾਂਜੀਆਂ ਹੋਈ ਪ੍ਰਾਚੀਨ ਕਥਾਵਾਂ ਨਵੇਂ ਰੰਗ ਉਘਾੜਦੀਆਂ ਹਨ, ਇਨ੍ਹਾਂ ਨਾਲ ਸਮਕਾਲ ਦਾ ਰਿਸ਼ਤਾ ਇੰਨਾ ਪੀਡਾ ਜਾਪਦਾ ਹੈ ਕਿ ਕਈ ਵਾਰ ਤਾਂ ਰਸ਼ਕ ਹੋਣ ਲਗਦਾ ਹੈ। ਇਹ ਅਸਲ ਵਿਚ ਪੁਰਾਤਨ ਸਾਖੀਆਂ ਦੇ ਬਹਾਨੇ ਅੱਜ ਦੀਆਂ ਕਹਾਣੀਆਂ ਹਨ ਜਿਹੜੀਆਂ ਕਰੂਰ ਵਕਤਾਂ ਦੌਰਾਨ ਪੱਛੇ ਬੰਦੇ ਦਾ ਪਿੱਛਾ ਕਰ ਰਹੀਆਂ ਹਨ। ਸਵਰਾਜਬੀਰ ਦਾ ਨਾਇਕ ਇਨ੍ਹਾਂ ਸਾਰੇ ਕਰੂਰ ਹਾਲਾਤ ਤੋਂ ਪਾਸਾ ਨਹੀਂ ਵੱਟਦਾ, ਸਗੋਂ ਇਨ੍ਹਾਂ ਨਾਲ ਖਹਿ ਖਹਿ ਕੇ ਲੰਘਦਾ ਹੈ।
ਕਾਵਿ-ਪੁਸਤਕਾਂ ‘ਆਪਣੀ ਆਪਣੀ ਰਾਤ’, ‘ਸਾਹਾਂ ਥਾਣੀਂ’ ਅਤੇ ’23 ਮਾਰਚ’ ਤੋਂ ਬਾਅਦ ‘ਕ੍ਰਿਸ਼ਨ’, ਨਾਟਕ ਦੇ ਰੂਪ ਵਿਚ ਸਵਰਾਜਬੀਰ ਦੀ ਪਹਿਲੀ ਰਚਨਾ ਸੀ। ਉਹਦਾ ਕ੍ਰਿਸ਼ਨ ਮਿਥਿਹਾਸ ਤੇ ਲੋਕਧਾਰਾ ਅੰਦਰ ਸਜਾ ਕੇ ਬਿਠਾਇਆ ਕ੍ਰਿਸ਼ਨ ਨਹੀਂ। ਕਿਤੇ ਵੀ ਮੱਖਣ ਚੋਰੀ ਕਰਨ ਵਾਲੇ ਲਡਿੱਕੇ ਨਹੀਂ, ਨਾ ਗੋਪੀਆਂ ਨਾਲ ਲੀਲ੍ਹਾ ਦੇ ਵੇਰਵੇ ਹਨ, ਬੰਸਰੀ ਵੀ ਕਿਤੇ ਨਹੀਂ ਸੁਣਦੀ; ਇਹ ਕ੍ਰਿਸ਼ਨ ਤਾਂ ਸੱਤਾ ਸਾਂਭੀ ਬੈਠਾ ਸ਼ਾਸਕ ਹੈ। ਇਸ ਵਿਚੋਂ ਮੁੱਖਧਾਰਾ ਦੀਆਂ ਲੜੀਆਂ ਫੁੱਟਦੀਆਂ ਹਨ ਅਤੇ ਇਹ ਸਹਿਜੇ ਸਹਿਜੇ ਆਵਾਮ ਵਿਚੋਂ ਉਠ ਕੇ ਹੋਕਾ ਦੇ ਰਹੇ ਨਾਇਕ ‘ਜ਼ੱਰਾ’ ਦੁਆਲੇ ਕੱਸਣੀਆਂ ਅਰੰਭ ਹੋ ਜਾਂਦੀਆਂ ਹਨ। ਕ੍ਰਿਸ਼ਨ ਦੀਆਂ ਕਥਾਵਾਂ ਨਾਲ ਸਾਡਾ ਮਿਥਿਹਾਸ ਭਰਿਆ ਪਿਆ ਹੈ, ਪਰ ਲਿਖਾਰੀ ਨੇ ਆਪਣੇ ਨਾਟਕ ਲਈ ਜਿਹੜੀਆਂ ਘਟਨਾਵਾਂ ਚੁਣੀਆਂ ਹਨ, ਉਹ ਗੌਰ ਕਰਨ ਵਾਲੀਆਂ ਹਨ। ਇਨ੍ਹਾਂ ਘਟਨਾਵਾਂ ਰਾਹੀਂ ਸਥਾਪਤੀ ਆਪਣੇ ਪੂਰੇ ਜਲੌਅ ਵਿਚ ਅਤੇ ਪੂਰੇ ਜ਼ਾਲਿਮਾਨਾ ਰੂਪ ਵਿਚ ਨਮੂਦਾਰ ਹੁੰਦੀ ਹੈ। ਨਾਟਕ ਭਾਵੇਂ ਜ਼ੱਰਾ ਦੇ ਐਕਸ਼ਨ ਨਾਲ ਅਖੀਰ ਵੱਲ ਵਧਦਾ ਹੈ, ਪਰ ਇਸ ਤੋਂ ਪਹਿਲਾਂ ਪਹਿਲਾਂ ਲਿਖਾਰੀ ਕ੍ਰਿਸ਼ਨ ਨਾਲ ਜੁੜੀਆਂ ਮਿਥਾਂ ਦੇ ਤੂੰਬੇ ਉਡਾ ਦਿੰਦਾ ਹੈ। ਉਤਨੇ ਹੀ ਸਹਿਜ ਨਾਲ, ਜਿੰਨੇ ਸਹਿਜ ਨਾਲ ਜ਼ੱਰਾ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ।
ਨਾਟਕ ‘ਮੇਦਨੀ’ ਵਿਚ ਇਹ ਸਥਾਪਤੀ ਵੱਖਰੀ ਤਰ੍ਹਾਂ ਦੀ ਹੈ, ਹਾਲਾਂਕਿ ਮਾਂ-ਧੀ ਵਾਲਾ ਰਿਸ਼ਤਾ ਇਸ ਨਾਟਕ ਵਿਚ ਵੀ ਜ਼ਾਲਮ-ਮਜ਼ਲੂਮ ਵਾਲਾ ਹੀ ਹੈ। ਸੱਤਾ ਦੀ ਖੇਡ ਹੌਲੀ ਹੌਲੀ ਪਿਆਰ-ਮੁਹੱਬਤ ਨੂੰ ਤੀਲ੍ਹਾ ਤੀਲ੍ਹਾ ਕਰ ਸੁੱਟਦੀ ਹੈ। ਲਿਖਾਰੀ ਸੱਤਾ ਅਤੇ ਪਿਆਰ ਦੀ ਇਸ ਕਹਾਣੀ ਵਿਚੋਂ ਧਾਰਮਿਕ ਡੇਰਿਆਂ ਅਤੇ ਧਾਰਮਿਕਤਾ ਦਾ ਮੁਲੰਮਾ ਐਨ ਰੂਹ ਨਾਲ ਖੁਰਚ ਖੁਰਚ ਕੇ ਉਤਾਰ ਦਿੰਦਾ ਹੈ। ਨਾਟਕ ‘ਧਰਮ ਗੁਰੂ’ ਵਿਚ ਵੀ ਧਾਰਮਿਕਤਾ ਦਾ ਮੁਲੰਮਾ ਇਸੇ ਤਰਜ਼ ‘ਤੇ ਲਾਹਿਆ ਗਿਆ ਹੈ ਅਤੇ ਲਿਖਾਰੀ ਦਰਸ਼ਕਾਂ/ਪਾਠਕਾਂ ਦੇ ਜ਼ਿਹਨ ਅੰਦਰ ਇਹ ਸਵਾਲ ਛੱਡ ਜਾਂਦਾ ਹੈ ਕਿ ‘ਧਰਮ ਬੰਦੇ ਲਈ’ ਹੈ ਜਾਂ ‘ਬੰਦਾ ਧਰਮ ਲਈ’ ਹੈ? ਇਸ ਨਾਟਕ ਵਿਚ ਵੀ ‘ਕ੍ਰਿਸ਼ਨ’ ਅਤੇ ‘ਮੇਦਨੀ’ ਵਾਂਗ ਦੋ ਜੁੱਟ ਉਭਰਦੇ ਹਨ। ਧਰਮ ਗੁਰੂ ਅਤੇ ਸੱਤਿਆਵ੍ਰਤ ਆਪੋ-ਆਪਣਾ ਧਰਮ ਪਾਲਦੇ ਹਨ। ਅਖੀਰ ਹਾਲਾਤ ਵਿਚੋਂ ਪੈਦਾ ਹੋਈ ਵੰਗਾਰ, ਸਤਿਆਵ੍ਰਤ ਨੂੰ ‘ਕ੍ਰਿਸ਼ਨ’ ਦੇ ਬਾਗੀ ਜ਼ੱਰਾ ਅਤੇ ‘ਮੇਦਨੀ’ ਦੀ ਧੀ ਵਾਲੀ ਕਤਾਰ ਵਿਚ ਲਿਆ ਖਲ੍ਹਾਰਦੀ ਹੈ। ਇਹ ਤਿੰਨੇ ਨਾਇਕ ਸਮਾਜ ਦੀ ਜਕੜ ਤੋਂ ਮੁਕਤੀ ਵੱਲ ਵਧਦੇ ਹਨ।
ਸਵਰਾਜਬੀਰ ਦੇ ਹੋਰ ਨਾਟਕ ਵਿਸ਼ੇ ਤੇ ਪੇਸ਼ਕਾਰੀ ਪੱਖੋਂ ਵੀ ਨਿਆਰੇ ਤੇ ਨਿਵੇਕਲੇ ਹੋਣ ਦੇ ਬਾਵਜੂਦ ਉਪਰ ਚਰਚਾ ਵਿਚ ਆਏ ਤਿੰਨੇ ਅਹਿਮ ਨਾਟਕਾਂ ਤੋਂ ਵੱਖਰੇ ਨਹੀਂ। ਇਨ੍ਹਾਂ ਅੰਦਰ ਵੀ ਇਨ੍ਹਾਂ ਦੇ ਹੀ ਅੰਸ਼ ਧੂੜੇ ਹੋਏ ਹਨ। ‘ਸ਼ਾਇਰੀ’ ਦੀ ਪੀਰੋ ਦਾ ਤੀਹਰਾ ਸਫਰ ਲਿਖਾਰੀ ਦੀ ਸਿਰਜਣਾ-ਉਡਾਰੀ ਦਾ ਹੀ ਕਮਾਲ ਹੈ। ‘ਕੱਲਰ’ ਵਿਚ ਪਰਵਾਸ ਦੀ ਪਰਿਕਰਮਾ ਜਿਸ ਰੰਗ-ਢੰਗ ਵਿਚ ਹੋਈ ਹੈ, ਉਸ ਨਾਲ ਸਵਾਲਾਂ ਦੀਆਂ ਸੈਆਂ ਕੜੀਆਂ ਜੁੜੀਆਂ ਹੋਈਆਂ ਹਨ। ‘ਹੱਕ’ ਵਿਚ ਵੰਡ ਦੇ ਵਢਾਂਗੇ ਅਤੇ ਦਲਿਤਾਂ ਦੇ ਦਰਦ ਦੀ ਜਿਹੜੀ ਬੇਵਸੀ ਸਿੰਮਦੀ ਹੈ, ਉਹ ਨਾਟਕ ਪੜ੍ਹਦਿਆਂ-ਦੇਖਦਿਆਂ ਦਰਿਆ ਬਣ ਜਾਂਦੀ ਹੈ। ਜਿਸ ਵੀ ਨਾਟਕ ਦੀ ਚਰਚਾ ਕਰੋ, ਲਿਖਾਰੀ ਦੀ ਅੱਖ ਦਾ ਸੇਕ, ਨਾਲ ਦੀ ਨਾਲ ਮਹਿਸੂਸ ਹੋਣ ਲਗਦਾ ਹੈ। ਸਾਹਿਤ ਅਕਾਦਮੀ ਵੱਲੋਂ ਇਨਾਮ-ਯਾਫਤਾ ਨਾਟਕ ‘ਮੱਸਿਆ ਦੀ ਰਾਤ’ ਦੀ ਚੁਗਾਠ ਨੂੰ ਹੀ ਧਿਆਓ ਜ਼ਰਾ: ਪਿਤਰੀ ਦਾਬੇ ਦੇ ਅੰਬਰ ਵਿਚ ਉਡ ਰਹੀਆਂ ਗਿਰਝਾਂ ਅਤੇ ਅੰਧਵਿਸ਼ਵਾਸ ਦੇ ਪਾਤਾਲ ਵਿਚ ਗਰਕਦੀਆਂ ਸੱਧਰਾਂ ਪਿੱਛਾ ਨਹੀਂ ਛੱਡਦੀਆਂ। ਦ੍ਰਿਸ਼ਾਂ ਦੀ ਤਰਤੀਬ ਅਤੇ ਮੂੰਹ-ਜ਼ੋਰ ਲਿਖਤ ਦਾ ਵੇਗ ਦੇਖੋ, ਇਕ ਮੋੜ ਉਤੇ ਪੁੱਜ ਕੇ ਅੰਧਵਿਸ਼ਵਾਸ ਦੇ ਚੱਕਰ ਚਲਾ ਰਹੀ ਮਾਤਾ ਅਤੇ ਆਵਾਮ ਦਾ ਦੁੱਖ ਹਰਨ ਵਾਲਾ ਡਾਕਟਰ ਇਕੋ ਕਤਾਰ ਵਿਚ ਖੜ੍ਹੇ ਦਿਸਦੇ ਹਨ।
ਕੋਈ ਵੇਲਾ ਸੀ ਜਦੋਂ ਸਵਰਾਜਬੀਰ ਸਥਾਪਤੀ ਨਾਲ ਦਸਤਪੰਜਾ ਚਾਹੁੰਦਾ ਸੀ, ਪਰ ਛੇਤੀ ਹੀ ਸਥਾਪਤੀ ਦਾ ਹਿੱਸਾ ਬਣ ਗਿਆ। ਪੁਲਿਸ ਅਫਸਰ ਵਜੋਂ ਉਹਦੀ ਨਿਯੁਕਤੀ ਮੇਘਾਲਿਆ ਦੀ ਹੈ। ਉਹ ਹੁੱਬ ਕੇ ਦੱਸਦਾ ਹੈ ਕਿ ਨੌਜਵਾਨਾਂ ਨੂੰ ਮੁੱਖਧਾਰਾ ਵਿਚ ਲਿਆਉਣ ਲਈ ਉਹਨੇ ਕੁਝ ਕੁ ਕੰਮ ਕੀਤਾ। ਇਹ ਪ੍ਰਸੰਗ ਭਾਵੇਂ ਕਬਾਇਲੀ ਅਤੇ ਗੈਰ ਕਬਾਇਲੀਆਂ ਵਿਚਕਾਰ ਹੋਏ ਨਸਲੀ ਦੰਗਿਆਂ ਦਾ ਹੈ, ਪਰ ਸਵਰਾਜਬੀਰ ਦੀਆਂ ਲਿਖਤਾਂ ਤਾਂ ਮੁੱਖਧਾਰਾ ਨੂੰ ਲਲਕਾਰਦੀਆਂ ਹਨ! ਠੀਕ ਹੈ ਕਿ ਮਸਲਾ ਰੁਜ਼ਗਾਰ ਦਾ ਵੀ ਹੈ, ਪਰ ਪੰਜਾਬ ਤੋਂ ਪਰਦੇਸੀ ਹੋ ਕੇ ਆਪੋ-ਆਪਣਾ ਭਵਿਖ ਭਾਲ ਰਹੇ ਜਿਊੜਿਆਂ ਬਾਬਤ ਤਾਂ ਉਹਦੇ ਅੰਦਰੋਂ ਹਉਕਾ ਨਿਕਲਦਾ ਹੈ, ਪਰ ਆਪਣੇ ਰੁਜ਼ਗਾਰ ਲਈ ਸਥਾਪਤੀ-ਵਿਰੋਧ ਤੋਂ ਸਥਾਪਤੀ ਦਾ ਹਿੱਸਾ ਬਣਨ ਵਾਲਾ ਰਾਹ ਉਹ ਬੜੇ ਸਹਿਜ ਨਾਲ ਹੀ ਤੈਅ ਕਰ ਲੈਂਦਾ ਹੈ; ਇਹੀ ਨਹੀਂ, ਫਿਰ ਆਪਣੀਆਂ ਸਾਹਿਤ-ਕਿਰਤਾਂ ਉਹਨੂੰ ਵਕਤ ਦੀ ਵੀਣੀ ਉਤੇ ਲਾਲ ਧਾਗਾ ਬੰਨ੍ਹਦੀਆਂ ਵੀ ਪ੍ਰਤੀਤ ਹੁੰਦੀਆਂ ਹਨ। ਨਵੀਂ ਦਿੱਲੀ ਅੰਦਰ 23 ਫਰਵਰੀ ਨੂੰ ਸਾਹਿਤ ਅਕਾਦਮੀ ਵਾਲਾ ਇਨਾਮ ਲੈਣ ਵੇਲੇ ਦਿੱਤੇ ਭਾਸ਼ਣ ਵਿਚ ਉਹ ਸ਼ਾਇਰ ਅਤੇ ਨਾਟਕਕਾਰ ਜੋਸ ਰੀਵੇਰਾ ਦੇ ਹਵਾਲੇ ਨਾਲ ਆਖਦਾ ਹੈ: ‘ਅਸੀਂ ਨਾਟਕ ਕਿਉਂ ਲਿਖਦੇ ਹਾਂ?æææ ਅਸੀਂ ਨਾਟਕ ਲਿਖਦੇ ਹਾਂ ਤਾਂ ਕਿ ਅਸੀਂ ਨਿਰਾਸ਼ਾ ਤੇ ਬੇਤਰਤੀਬੀ ਨੂੰ ਕੋਈ ਤਰਤੀਬ ਦੇ ਸਕੀਏ।’ ਸਵਰਾਜਬੀਰ ਅਤੇ ਰੀਵੇਰਾ ਦੇ ਇਸ ਪ੍ਰਸੰਗ ਨੂੰ ਸਮਝਣ-ਸਮਝਾਉਣ ਲਈ ਸਾਨੂੰ ਹਾਵਰਡ ਜਿਨ ਨੂੰ ਧਿਆਉਣਾ ਪਵੇਗਾ ਜਿਹੜਾ ਲਿਖਦਾ ਹੈ: ‘ਸਮੱਸਿਆ ਇਹ ਹੈ ਕਿ ਲੋਕ ਆਗਿਆਕਾਰੀ ਹਨ, ਜੇਲ੍ਹਾਂ ਮਾਮੂਲੀ ਜਿਹੇ ਚੋਰਾਂ ਨਾਲ ਭਰੀਆਂ ਪਈਆਂ ਹਨ ਅਤੇ ਮੁਲਕ ਨੂੰ ਮਹਾਂ ਚੋਰ ਚਲਾ ਰਹੇ ਹਨ।’ ਇਹ ਦਰਅਸਲ ਸਾਡੇ ਸਮਿਆਂ ਦਾ ਸੱਚ ਹੈ ਜਿਸ ਵਿਚੋਂ ਸਥਾਪਤੀ ਅਤੇ ਸਥਾਪਤੀ-ਵਿਰੋਧ ਦੀਆਂ ਸੁਰਾਂ ਸਹਿਜੇ ਹੀ ਫੜੀਆਂ ਜਾ ਸਕਦੀਆਂ ਹਨ।
ਸਥਾਪਤੀ ਦੀਆਂ ਸੁਰਾਂ ਬਾਰੇ ਅਡੂਰਨੋ ਨੇ ਬੜੇ ਕੰਮ ਦੀ ਟਿੱਪਣੀ ਕੀਤੀ ਹੈ। ਆਖਦਾ ਹੈ: ਮਸਲੇ ਉਜਾਗਰ ਹੁੰਦੇ ਹਨ ਜੋ ਲੋਕ-ਮਨ ਅੰਦਰ ਪਹਿਲਾਂ ਹੀ ਪਏ ਅਹਿਸਾਸ ਛੇੜਦੇ ਹਨ, ਪਰ ਛੂਹ ਕੇ ਛੱਡ ਦਿੱਤੇ ਜਾਂਦੇ ਹਨ, ਤੇ ਉਥੋਂ ਹੀ ਵਾਪਸੀ ਸ਼ੁਰੂ ਹੋ ਜਾਂਦੀ ਹੈ। ਦਰਅਸਲ, ਸਥਾਪਤੀ ਨੇ ਪਿੱਛੇ ਹੀ ਮੁੜਨਾ ਹੁੰਦਾ ਹੈ। ਕਦਮ ਅਗਾਂਹ ਜਾਣਗੇ ਤਾਂ ਅਗਲਾ ਰਾਹ ਇਨਕਲਾਬ ਦਾ ਅਰੰਭ ਹੋ ਜਾਂਦਾ ਹੈ। ਪੰਜਾਬ ਹੀ ਨਹੀਂ, ਬਲਕਿ ਭਾਰਤ ਅੰਦਰ ਖੱਬੀਆਂ ਪਾਰਟੀਆਂ ਦੇ ਰਸਾਤਲ ਵਿਚ ਜਾਣ ਦਾ ਇਕ ਤਕੜਾ ਕਾਰਨ ਇਹੀ ਹੈ ਕਿ ਇਹ ਅਗਲਾ ਕਦਮ ਭੁੱਲ ਗਈਆਂ ਹਨ। ਬਲਜਿੰਦਰ ਨਸਰਾਲੀ ਦੀ ਕਹਾਣੀ ਹੈ: ‘ਕ੍ਰਾਂਤੀ ਕਿਉਂ ਨਹੀਂ ਆਉਂਦੀ’? ਉਂਜ ਹੈ ਤਾਂ ਇਹ ਪਿਆਰ ਕਹਾਣੀ, ਪਰ ਇਸ ਕਹਾਣੀ ਦੇ ਨਾਂ ਨੇ ਕਹਾਣੀ ਨੂੰ ਸੁਧੀ ਸਿਆਸੀ ਬਣਾ ਦਿੱਤਾ ਹੈ। ਕਹਾਣੀ ਦਾ ਮੁੱਖ ਪਾਤਰ ਆਪਣੀ ਵਿਦਿਆਰਥਣ ਕ੍ਰਾਂਤੀ ਨੂੰ ਪਿਆਰ ਕਰਦਾ ਹੈ, ਉਸ ਨੂੰ ਪਾਉਣਾ ਚਾਹੁੰਦਾ ਹੈ, ਪਰ ਸਮੱਸਿਆ ਇਹ ਹੈ ਕਿ ਆਪਣੀ ਪਤਨੀ ਨੂੰ ਵੀ ਨਹੀਂ ਛੱਡਣਾ ਚਾਹੁੰਦਾ ਜਿਸ ਦੇ ਅਹਿਸਾਨਾਂ ਥੱਲੇ ਉਹ ਦਬਿਆ ਪਿਆ ਹੈ। ਉਹ ਉਡੀਕਦਾ ਰਹਿ ਜਾਂਦਾ ਹੈ, ਪਰ ਇਕ ਦਿਨ ਕ੍ਰਾਂਤੀ ਨਹੀਂ ਆਉਂਦੀ! ਕਹਾਣੀ ਦਾ ਸਿਆਸੀ ਸੁਨੇਹਾ ਇਹੀ ਹੈ ਕਿ ਪਿਛੋਕੜ ਵਾਲੇ ਕੰਬਲ ਤੋਂ ਛੁਟਕਾਰਾ ਪਾਏ ਬਗੈਰ ਅਗਾਂਹ ਵਧਿਆ ਨਹੀਂ ਜਾ ਸਕਦਾ। ਕ੍ਰਾਂਤੀ ਲਿਆਉਣੀ ਹੈ ਤਾਂ ਪੁਰਾਣੇ ਨੂੰ ਤਿਲਾਂਜਲੀ ਦੇਣੀ ਹੀ ਪੈਣੀ ਹੈ।
ਇਸ ਪ੍ਰਸੰਗ ਵਿਚ ਇਕ ਵਾਰ ਫਿਰ ਇਨਾਮ-ਯਾਫਤਾ ਨਾਟਕ ‘ਮੱਸਿਆ ਦੀ ਰਾਤ’ ਵੱਲ ਆਉਂਦੇ ਹਾਂ। ਇਸ ਨਾਟਕ ਦਾ ਪਹਿਲਾਂ ਨਾਂ ‘ਪੁੱਤਰ ਮਿੱਠੜੇ ਮੇਵੇ’ ਸੀ। ‘ਮੱਸਿਆ ਦੀ ਰਾਤ’ ਵਾਲਾ ਨਾਂ ਰੰਗਕਰਮੀ ਕੇਵਲ ਧਾਲੀਵਾਲ ਦਾ ਸੁਝਾਇਆ ਹੋਇਆ ਹੈ। ਅੱਖਾਂ ਮੀਚ ਕੇ ਵੀ ਕਿਹਾ ਜਾ ਸਕੇਗਾ ਕਿ ਪਹਿਲੇ ਨਾਂ ਵਿਚੋਂ ਸਥਾਪਤੀ ਵਾਲੀਆਂ ਗੂੰਜਾਂ ਪੈ ਰਹੀਆਂ ਹਨ। ‘ਮੱਸਿਆ ਦੀ ਰਾਤ’ ਨਾਂ ਵਿਚ ਸਥਾਪਤੀ ਉਤੇ ਚੋਭ ਸ਼ਾਮਲ ਹੋ ਗਈ ਹੈ।
ਹੁਣ ਜ਼ਿਹਨ ਵਿਚ ਉਥਲ-ਪੁਥਲ ਇਸ ਸੋਚ ਨਾਲ ਹੋ ਰਹੀ ਹੈ ਕਿ ਜੇ ਲਿਖਾਰੀ ਸਥਾਪਤੀ-ਮੁਖਾਲਿਫਾਂ ਵਾਲੀ ਕਤਾਰ ਵਿਚ ਹੁੰਦਾ, ਤਾਂ ਭਲਾ ਉਸ ਦੇ ਨਾਟਕ ਜਾਂ ਹੋਰ ਲਿਖਤਾਂ ਕੀ ਭਾਅ ਮਾਰਦੀਆਂ? ‘ਕੱਲਰ’ ਜਾਂ ਹੋਰ ਕਿਸੇ ਨਾਟਕ ਦਾ ਅੰਤ, ਜਾਂ ਨਾਟਕ ਦੇ ਹੋਰ ਦ੍ਰਿਸ਼ਾਂ ਦਾ ਰੰਗ ਕਿਸ ਤਰ੍ਹਾਂ ਦਾ ਉਘੜਦਾ? ਉਹ ‘ਮੇਦਨੀ’ ਵਰਗੇ ਸ਼ਕਤੀਸ਼ਾਲੀ ਨਾਟਕ ਵਿਚ ਸਥਾਪਤੀ ਦਾ ਪ੍ਰਸੰਗ ਸਿਰਜਦਾ ਸਿਰਜਦਾ ਅਖੀਰ ਵਿਚ ਕਤਲ ਦੇ ਨਾਲ ਨਾਲ ਖੁਦਕੁਸ਼ੀ ਬਾਰੇ ਭੁਲੇਖਾ ਸਿਰਜਦਾ ਕਿ ਨਾ? ‘ਕ੍ਰਿਸ਼ਨ’ ਵਰਗਾ ਘੋਰ ਸਿਆਸੀ ਨਾਟਕ ਜਦੋਂ ‘ਲੋਕੋ! ਕੌਣ ਜਿੱਤਿਆ ਕੌਣ ਹਾਰਿਆ ਹੈ?’ ਦਾ ਸਵਾਲ ਛੱਡਦਾ ਹੈ ਤਾਂ ਇਹ ਸਵਾਲ ਲੋਕਾਂ/ਦਰਸ਼ਕਾਂ/ਪਾਠਕਾਂ ਲਈ ਹੀ ਨਹੀਂ, ਲਿਖਾਰੀ ਲਈ ਵੀ ਬੜਾ ਅਹਿਮ ਬਣ ਜਾਂਦਾ ਹੈ। ਇਸ ਸਵਾਲ ਵਿਚ ਅਡੂਰਨੋ ਦੀ ਟਿੱਪਣੀ, ਪ੍ਰਛਾਵਾਂ ਬਣ ਕੇ ਉਭਰਦੀ ਹੈ। ਕੀ ਲਿਖਾਰੀ ਇੰਨਾ ਵਿਰਾਟ ਸਿਆਸੀ ਪਿੜ ਵਗਲ ਕੇ ਪਿਛਾਂਹ ਤਾਂ ਨਹੀਂ ਪਰਤ ਰਿਹਾ? ਇਸ ਸਵਾਲ ਦੀਆਂ ਪਰਤਾਂ ਖੁੱਲ੍ਹਣ ਵੇਲੇ, ਜ਼ਿਹਨ ਅੰਦਰ ਸਵਾਲ ਮੱਲੋ-ਮੱਲੀ ਆਣ ਜੁੜਦਾ ਹੈ ਕਿ ਜੇ ਲਿਖਾਰੀ ਨੇ ਧਰਮ ਅਤੇ ਧਾਰਮਿਕਤਾ ਦੇ ਕੁਰਾਹਿਆਂ ਦੇ ਨਾਲ ਨਾਲ, ਪੰਜਾਬ ਦੀ ਸਥਾਪਤੀ ਵੱਲੋਂ ਕੀਤੀਆਂ ਤੱਦੀਆਂ ਬਾਰੇ ਗੱਲ ਕਰਨੀ ਹੁੰਦੀ, ਤਾਂ ਭਲਾ ਕਿਸ ਤਰ੍ਹਾਂ ਕਰਦਾ?
ਕੁਝ ਸਾਲ ਪਹਿਲਾਂ ਚੰਡੀਗੜ੍ਹ ਦੇ ਇਕ ਕਾਲਜ ਵਿਚ ਵਿਦਿਆਰਥੀਆਂ ਦੇ ਰੂ-ਬ-ਰੂ ਦੌਰਾਨ ਸਵਰਾਜਬੀਰ ਨੇ ਰਚਨਾਵਾਂ ਵਿਚ ਹਰ ਤਰ੍ਹਾਂ ਦੀ ਸਥਾਪਤੀ ਖਿਲਾਫ ਜੂਝਣ, ਪਰ ਇਸ ਦੇ ਉਲਟ, ਹਕੀਕਤ ਵਿਚ ਸਥਾਪਤੀ ਦਾ ਹਿੱਸਾ ਹੋਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮਨ ਵਿਚ ਸਦਾ ਬਣਦੀ-ਵਿਗਸਦੀ ਦੋਚਿਤੀ ਬਾਰੇ ਗੱਲ ਛੋਹੀ ਸੀ। ਇਸ ਸਵਾਲ ਤੋਂ ਬਾਅਦ ਰੂ-ਬ-ਰੂ ਦਾ ਸਮੁੱਚਾ ਮੁਹਾਣ ਹੀ ਇਸ ਬਣਦੀ-ਵਿਗਸਦੀ ਦੋਚਿਤੀ ਵੱਲ ਮੁੜ ਗਿਆ ਸੀ। ਇਨਾਮ ਲੈਣ ਵਾਲੇ ਸਮਾਗਮ ਦੌਰਾਨ ਭਾਸ਼ਣ ਵੇਲੇ ਉਹਨੇ ਜੋਸ ਰੀਵੇਰਾ ਦਾ ਸਹਾਰਾ ਲਿਆ, ਆਪਣੀ ਇਕ ਇੰਟਰਵਿਊ ਵਿਚ ਗੱਲ ਰੁਜ਼ਗਾਰ ਨਾਲ ਵੀ ਜੋੜੀ, ਪਰ ਜਿੰਨਾ ਟਕਰਾਅ ਸਥਾਪਤੀ ਅਤੇ ਸਥਾਪਤੀ-ਵਿਰੋਧ ਦਾ ਹੈ, ਉਤਨੀ ਲੰਮੀ ਤੇ ਉਚੀ ਛਾਲ ਇਹ ਗੱਲਾਂ ਸ਼ਾਇਦ ਮਾਰ ਨਹੀਂ ਸਕੀਆਂ।
ਖੈਰ! ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਉਹਨੇ ਵਕਤਾਂ ਦੀ ਵੀਣੀ ਉਤੇ ਲਾਲਾ ਧਾਗਾ ਸਜਾਉਣ ਦਾ ਯਤਨ ਜ਼ਰੂਰ ਕੀਤਾ ਹੈ। ਉਸ ਦਾ ਦਾਈਆ ਹੈ ਕਿ ਲਿਖਾਰੀ ਭਾਸ਼ਾ ਨੂੰ ਗਾਲਿਬ ਸਮਾਜਕ ਵਿਚਾਰਧਾਰਾ ਤੋਂ ਆਜ਼ਾਦ ਕਰਵਾਉਣ ਲਈ ਲੜੇ। ਉਹਦੀ ਕਵਿਤਾ ਪੜ੍ਹਦਿਆਂ ਅਤੇ ਨਾਟਕ ਦੇਖਦਿਆਂ ਇੰਨੀ ਕੁ ਤਸੱਲੀ ਜ਼ਰੂਰ ਹੁੰਦੀ ਹੈ। ਉਹਦੇ ਨਾਟਕਾਂ ਦੀ ਇਕ ਤਾਕਤ ਉਹਦੀ ਕਵਿਤਾ ਅਤੇ ਕਾਵਿ-ਮੁਹਾਵਰਾ ਹੈ। ਇਸ ਮੁਹਾਵਰੇ ਦੀ ਆਪਣੀ ਜਾਨ ਅਤੇ ਆਪਣਾ ਵੱਖਰਾ ਤਾਣ ਹੈ। ਮੁਹਾਵਰੇ ਦੀ ਇਸ ਜਾਨ ਅਤੇ ਤਾਣ ਦੇ ਸਿਰ ਉਤੇ ਹੀ ਉਹਨੇ ਨਾਟਕ ਦੇ ਖੇਤਰ ਅੰਦਰ ਮਾਣ ਖੱਟਿਆ ਹੈ। ਉਹਦੇ ਜੜੇ ਸ਼ਬਦ ਮੌਲਦੇ ਬਿਰਖਾਂ ਵਰਗੇ ਹਨ, ਇਨ੍ਹਾਂ ਵਿਚੋਂ ਹੀ ਕਰੂੰਬਲਾਂ ਫੁੱਟਦੀਆਂ ਹਨ, ਪੱਤੀਆਂ ਝਾਤੀ ਮਾਰਦੀਆਂ ਹਨ ਅਤੇ ਪੱਤੀਆਂ ਤੋਂ ਛਾਂ ਦੀ ਆਸ ਰੱਖ ਹੀ ਲਈ ਜਾਂਦੀ ਹੈ।
ਇਹ ਲੇਖ ਸਵਰਾਜਬੀਰ ਦੀ ਕਵਿਤਾ ਨਾਲ ਸ਼ੁਰੂ ਕੀਤਾ ਸੀ। ਦਰਅਸਲ ਉਹਦੀ ਕਵਿਤਾ ਦੀ ਨਿਵੇਕਲੀ ਮਹਿਮਾ ਹੈ। ਇਹ ਮਹਿਮਾ ਹਰ ਨਾਟਕ ਦੇ ਆਰ-ਪਾਰ ਫੈਲੀ ਹੋਈ ਹੈ। ਹੇਠਾਂ ਦਿੱਤੀਆਂ ਕਾਵਿ-ਟੁਕੜੀਆਂ ਕ੍ਰਮਵਾਰ ਉਹਦੀਆਂ ਤਿੰਨਾਂ ਕਾਵਿ-ਪੁਸਤਕਾਂ ਵਿਚੋਂ ਹਨ। ਇਸ ਵਿਚੋਂ ਉਸ ਦਾ ਸਾਹਿਤ-ਸਫਰ ਵੀ ਪਲਕਾਂ ਝਪਕਾਉਂਦਾ ਭਾਸਦਾ ਹੈ:
ਪਿਆਰ ਮੇਰੀ ਆਖਰੀ ਜ਼ਿਦ ਹੈ।æææ
ਸਾਫ ਤੇ ਸਾਵੀਆਂ ਨੇ ਸੜਕਾਂ
ਜਿਹਨਾਂ ‘ਤੇ ਜਮਹੂਰੀ ਫੌਜੀ
ਉਵੇਂ ਹੀ ਮੁਸਤੈਦੀ ਨਾਲ
ਕਰਦੇ ਨੇ ਕਵਾਇਦ।
(ਆਪਣੀ ਆਪਣੀ ਰਾਤ)
ਉਹ ਵਾਪਸ ਆਉਂਦਾ ਹੈ/ਕਿਉਂਕਿ
ਉਹ ਦੁਸ਼ਮਣਾਂ ਦਾ ਪੱਕਾ ਦੁਸ਼ਮਣ ਹੁੰਦਾ ਹੈ
ਉਹ ਯਾਰਾਂ ਦਾ ਅਤਿ ਡੂੰਘਾ ਯਾਰ ਹੁੰਦਾ ਹੈ।
(ਸਾਹਾਂ ਥਾਣੀਂ)
ਰੋਟੀ ਦੇ ਬਦਰੰਗ, ਖੁਦਗਰਜ ਅਸੀਂ
ਸਵੈ-ਮੱਕਾਰੀ ‘ਚ ਘੜੇ ਆਪਣੇ ਬੁੱਤ ਅਸੀਂ।
(23 ਮਾਰਚ)
(‘ਸਿਰਜਣਾ’ ਤੋਂ ਧੰਨਵਾਦ ਸਹਿਤ)