ਕੋਠੀ ਲੱਗੀ ਇੱਕ ਬਿਰਧ ਮਾਈ ਦਾ ਕਿੱਸਾ

ਚੰਗੇਰੇ ਭਵਿੱਖ ਲਈ ਪਰਦੇਸੀਂ ਜਾ ਵੱਸਣਾ ਪੰਜਾਬ ਦੀ ਨਵੀਂ ਪੀੜ੍ਹੀ ਦਾ ਸੁਪਨਾ ਵੀ ਹੈ ਅਤੇ ਚੰਗੇ ਭਾਗਾਂ ਦੇ ਦਰ ਖੁਲ੍ਹਣਾ ਵੀ। ਪਰਦੇਸਾਂ ਵਿਚ ਖਾਸ ਕਰਕੇ ਅਮਰੀਕਾ, ਕੈਨੇਡਾ ਜਿਹੇ ਵਿਕਸਿਤ ਮੁਲਕਾਂ ਵਿਚ ਸਾਡੀ ਨਵੀਂ ਪੀੜ੍ਹੀ ਨੇ ਮੱਲਾਂ ਵੀ ਬਥੇਰੀਆਂ ਮਾਰੀਆਂ ਹਨ, ਪਰ ਸਾਡੀ ਪਿਛਲੇਰੀ ਪੀੜ੍ਹੀ ਲਈ ਕਈ ਵਾਰ ਪਰਦੇਸ ਇਕ ਅਜੀਬ ਕੁੜਿੱਕੀ ਬਣ ਜਾਂਦੇ ਹਨ-ਨਾ ਉਹ ਏਧਰਲੇ ਰਹਿ ਜਾਂਦੇ ਹਨ ਤੇ ਨਾ ਉਧਰਲੇ। ਇਹੋ ਜੀਵਨ ਹੈ ਜਿਸ ਨੂੰ ਪ੍ਰਿੰæ ਬਲਕਾਰ ਸਿੰਘ ਬਾਜਵਾ ਨੇ Ḕਕੋਠੀ ਲੱਗਣਾḔ ਕਿਹਾ ਹੈ।

ਇਸ ਲੇਖ ਲੜੀ ਵਿਚ ਉਨ੍ਹਾਂ ਕੋਠੀ ਲੱਗੇ ਬਜ਼ੁਰਗਾਂ ਦੀ ਪੀੜਾ ਦੀ ਸਾਰ ਲਈ ਹੈ। ਹਥਲੇ ਲੇਖ ਵਿਚ ਉਨ੍ਹਾਂ ਇਕ ਅਜਿਹੀ ਬਜ਼ੁਰਗ ਮਾਈ ਦੀ ਗਾਥਾ ਬਿਆਨੀ ਹੈ ਜੋ ਪਹਿਲਾਂ ਤਾਂ ਕੈਨੇਡਾ ਗਏ ਆਪਣੇ ਨੂੰਹ-ਪੁੱਤ ਪਾਸ ਪਹੁੰਚਣ ਲਈ ਵਰ੍ਹਿਆਂਬੱਧੀ ਉਡੀਕਾਂ ਕਰਦੀ ਰਹੀ ਤੇ ਜਦੋਂ ਉਥੇ ਪਹੁੰਚੀ ਤਾਂ ਉਥੇ Ḕਇਕੱਲੀ ਤੇ ਘਰ ਵਿਚ ਕੈਦ ਹੋ ਗਈḔ ਮਹਿਸੂਸ ਕਰਨ ਲੱਗੀ। ਅਖੀਰ ਪੰਜਾਬ ਮੁੜਨਾ ਪਿਆ। -ਸੰਪਾਦਕ

ਪ੍ਰਿੰæ ਬਲਕਾਰ ਸਿੰਘ ਬਾਜਵਾ
ਫੋਨ: 647-402-2170

ਅਖਬਾਰਾਂ ‘ਚ ‘ਕੋਠੀ ਲੱਗੇ ਐਨæਆਰæਆਈæ ਬਜ਼ੁਰਗ’ ਲੇਖ ਲੜੀ ਪੜ੍ਹ ਪਾਠਕਾਂ ਦੇ ਫੋਨ, ਟੈਕਸਟ ਮੈਸੇਜ ਤੇ ਈਮੇਲਾਂ ਆਉਣ ਲੱਗ ਪਈਆਂ। ਕੁਝ ਨੇ ਕਿਹਾ ਕਿ ਤੁਸੀਂ ਸਾਡੀਆਂ ਹੀ ਗੱਲਾਂ ਕੀਤੀਆਂ ਨੇ। ਤੁਹਾਨੂੰ ਕਿਵੇਂ ਪਤਾ ਲੱਗੈ ਸਾਡੀ ਕਹਾਣੀ ਦਾ। ਇੱਕ ਨੇ ਕਿਹਾ ਮੈਂ ਤਾਂ ਪੂਰਾ ਮਗਨ ਹੋ ਲੇਖ ਪੜ੍ਹਿਆ। ਵੇਖਣ ਵਾਲੇ ਹੈਰਾਨ ਸਨ, ਇਸ ਨੂੰ ਪੜ੍ਹਨ ਨੂੰ ਅੱਜ ਕੀ ਲੱਭ ਗਿਆ! ਹੁਣ ਮੇਰਾ ਪਰਿਵਾਰ ਪੜ੍ਹਨ ਲਈ ਵਾਰੀ ਬੰਨ੍ਹੀ ਬੈਠੈ। ਇੱਕ ਵੀਰ ਨੇ ਤਾਂ ਕਹਿ ਦਿੱਤਾ, ਪ੍ਰਿੰਸੀਪਲ ਸਾਹਿਬ, ਲੋਕਾਂ ਦੇ ਤਾਂ ਦੋਵੇਂ ਮਾਪੇ ਜਾਂ ਕੱਲਾ ਬਾਪੂ ਕੋਠੀ ਲੱਗਾ ਹੋਇਐ, ਏਧਰ ਨੌਂਵੇਂ ਦਹਾਕੇ ਦੇ ਆਖਰੀ ਸਾਲ ਹੰਢਾ ਰਹੀ ਮੇਰੀ ਕੱਲੀ ਬੀਬੀ ਕੋਠੀ ਦੇ ਗਲ ਲੱਗੀ ਬੈਠੀ ਏ, ਅਤੇ ਉਸ ਆਪਣੀ ਗਾਥਾ ਸੁਣਾਉਣ ਲਈ ਮਜਬੂਰ ਕਰ ਦਿੱਤਾ।
ਬੀਬੀ ਦਾ ਇਕਲੌਤਾ ਪੁੱਤ ਨੂੰਹ, ਸਕੂਲ ਪੜ੍ਹਦੇ ਦੋ ਪੁੱਤਾਂ ਨੂੰ ਲੈ 2002 ‘ਚ ਪੁਆਇੰਟ ਆਧਾਰ ‘ਤੇ ਕੈਨੇਡਾ ਆ ਗਏ, ਪਿੱਛੇ ਰਹਿ ਗਈ ‘ਕੱਲੀ ਬਿਰਧ ਮਾਂ। ਉਹਨੂੰ ਛੇਤੀ ਤੋਂ ਛੇਤੀ ਸਪਾਂਸਰ ਕਰਨਾ ਇਨ੍ਹਾਂ ਦੀ ਵੱਡੀ ਪਹਿਲ ਸੀ। ਨਵੇਂ ਨਵੇਂ ਆਏ ਸੀ। ਠੰਡੀਆਂ ਯਖ ਹਵਾਵਾਂ ਤੇ ਬਰਫਾਂ ਵਿਚ ਉਗਣਾ ਕਿਹੜਾ ਖਾਲਾ ਜੀ ਦਾ ਵਾੜਾ ਸੀ। ਫਿਰ ਦਿਹਾੜੀਆਂ, ਘੰਟਿਆਂ ਦੀ ਆਮਦਨ। ਸਪਾਂਸਰਸ਼ਿਪ ਵਾਸਤੇ ਪੰਜ ਮੈਂਬਰੀ ਗੁਜ਼ਾਰਾ ਆਮਦਨ ਦਿਖਾਉਣਾ ਕਰੜੀ ਸ਼ਰਤ ਸੀ। ਦੋਹਾਂ ਨੇ ਦਿਨ ਰਾਤ ਇੱਕ ਕਰ ਦਿੱਤਾ, ਓਵਰ ਟਾਈਮ ਲਾਏ ਤੇ ਕਈ ਹੋਰ ਪਾਪੜ ਵੇਲੇ। ਹਰ ਕਿਸਮ ਦੀ ਬੱਚਤ, ਕਿਰਸ, ਕੰਜੂਸੀ ਕੀਤੀ। ਪਰਿਵਾਰ ਨੇ ਢਿੱਡਾਂ ਨੂੰ ਗੰਢਾਂ ਦਿੱਤੀਆਂ। ਰਿਸ਼ਤੇਦਾਰਾਂ ਦੇ ਮਿਹਣੇ ਸੁਣੇ। ਆਖੀਰ ਬੀਬੀ ਨੂੰ ਸੱਤ-ਅੱਠ ਸਾਲ ਦੀ ਜਦੋਜਹਿਦ ਪਿੱਛੋਂ ਕੈਨੇਡਾ ਦੀ ਪੱਕੀ ਇਮੀਗਰੇਸ਼ਨ ਮਿਲ ਹੀ ਗਈ। ਘਰ ‘ਚ ਖੁਸ਼ੀਆਂ ਦੇ ਦੀਵੇ ਜਗੇ।
ਪਿੱਛੇ ਇੰਡੀਆ ‘ਚ ਉਸ ਦੇ ਪੁੱਤ-ਨੂੰਹ ਕੇਵਲ ਦਰਜਾ ਤਿੰਨ ਸਰਕਾਰੀ ਮੁਲਾਜ਼ਮ ਸਨ। ਡਿਵੈਲਪ ਹੋ ਰਹੀ ਇੱਕ ਕਾਲੋਨੀ ‘ਚ ਹੈਸੀਅਤ ਮੂਜਬ 150 ਗਜ ਦੇ ਪਲਾਟ ‘ਚ ਘਰ ਬਣਾ ਲਿਆ ਹੋਇਆ ਸੀ। ਆਪਣੀ ਪਿੰਡ ਵਾਲੀ ਥੋੜ੍ਹੀ ਜਿਹੀ ਭੋਇੰ ਵੀ ਏਸੇ ਲੇਖੇ ਲੱਗ ਗਈ। ਆਪਣੇ ਘਰ ‘ਚ ਰਹਿਣਾ ਮਾਈ ਦੀ ਵੱਡੀ ਚਾਹਤ ਸੀ। ਪਿੱਛੋਂ ਮਾਈ ਆਪਣੀ ਫੈਮਿਲੀ ਪੈਨਸ਼ਨ ਨਾਲ ਗੁਜ਼ਾਰਾ ਕਰੀ ਗਈ। ਪਰਿਵਾਰ ਦੇ ਕੈਨੇਡਾ ਪਹੁੰਚਦਿਆਂ ਹੀ ਇਮੀਗਰੇਸ਼ਨ ਚਿੱਠੀ ਦੀ ਇੰਤਜ਼ਾਰ ਸ਼ੁਰੂ ਹੋ ਗਈ। ਵਿਚਾਰੀ ਸੋਟੀ ਫੜ੍ਹ ਆਂਢ-ਗੁਆਂਢ ਦੀਆਂ ਮਾਈਆਂ ਨਾਲ ਬਹਿ-ਖਲੋ ਵੀਜ਼ੇ ਦੀ ਉਡੀਕ ‘ਚ ਬਨੇਰੇ ਤੋਂ ਕਾਂ ਉਡਾਉਂਦੀ ਰਹਿੰਦੀ। Ḕਲੋਕਾਂ ਦੇ ਜਹਾਜ਼ ਤਾਂ ਨਿੱਤ ਨਿੱਤ ਉਡਦੇ, ਤੇਰਾ ਉਡਿਆ ਨਾ ਚੰਦਰਾ ਜਹਾਜ਼Ḕ ਗੁਣ-ਗਣਾਉਂਦੀ ਅਸਮਾਨ ਵੱਲ ਤੱਕਦੀ ਰਹਿੰਦੀ। ਦਿਨ ਡੁੱਬਦਾ, ਰਾਤ ਗੁਜ਼ਰਦੀ, ਦਿਨ ਚੜ੍ਹਦਾæææ। ਲੋਹੜੀਆਂ, ਵਿਸਾਖੀਆਂ, ਦੁਸਹਿਰੇ, ਦੀਵਾਲੀਆਂ ਲੰਘੀਆਂ। ‘ਕੱਲੀ-ਕਾਰੀ ਕਦੀ ਪੇਕੇ ਜਾ ਆਉਂਦੀ, ਕਦੀ ਆਪਣੀਆਂ ਭਤੀਜੀਆਂ ਨੂੰ ਔਖੀ ਸੌਖੀ ਮਿਲ ਆਉਂਦੀ ਤੇ ਕਦੀ ਧੀਆਂ ਨੂੰ। ਸਵੇਰੇ ਉਠ ਚਾਹ ਪੀ ਲੈਣੀ, ਰੋਟੀ ਖਾ ਲੈਣੀ, ਕਦੀ ਮੰਜੇ ‘ਤੇ ਲੇਟ ਜਾਣਾ, ਕਦੀ ਸਹੇਲੀਆਂ ਨੂੰ ਮਿਲ ਆਉਣਾ, ਕਦੀ ਗੇਟ ਅੱਗੇ ਬੈਠੇ ਰਹਿਣਾ। ਫਿਰ ਰਾਤ ਦੀਆਂ ਮੰਨੀਆਂ ਪਕਾ ਪੁੱਤ-ਨੂੰਹ, ਪੋਤਿਆਂ ਨੂੰ ਯਾਦ ਕਰਦੀ ਸੌਂ ਜਾਂਦੀ। ਭਲਾ ਹੋਏ ਸੈਲ ਫੋਨਾਂ ਦਾ, ਜੋ ਉਹਦੇ ਸਰਹਾਣੇ ਕਦੀ ਕਦੀ ਬੋਲ ਪੈਂਦਾ। ਆਪਣੇ ਬੱਚਿਆਂ ਨਾਲ ਗੱਲ ਕਰ ਕੇ ਸ਼ੁਕਰ ਕਰਦੀ, ਸੁੱਖਾਂ ਮੰਗਦੀ। ਜਦੋਂ ਕੋਈ ਭਾਈਬੰਦ ਮਿਲਣ ਜਾਂਦਾ, ਉਸ ਦੀ ਹਾਲਤ ਵੇਖ ਪਸੀਜ ਜਾਂਦਾ। ਪਰ ਕਿਸੇ ਦੀ ਕੋਈ ਪੇਸ਼ ਵੀ ਨਹੀਂ ਸੀ ਜਾਂਦੀ, ਸਭ ਧਰਵਾਸ ਦੇ ਕੇ ਤੁਰ ਜਾਂਦੇ।
ਸਵਰਗੀ ਫੌਜੀ ਪਤੀ ਦੇ ਕਾਗਜ਼ਾਂ-ਪੱਤਰਾਂ ਨੂੰ ਕੋਰੀ ਅਨਪੜ੍ਹ ਬੀਬੀ ਸੰਭਾਲ ਕੇ ਨਾ ਰੱਖ ਸਕੀ। ਕੈਨੇਡੀਅਨ ਅੰਬੈਸੀ ਪੇਪਰਾਂ ‘ਚ ਇੱਕ ਪਿੱਛੋਂ ਦੂਜਾ ਨੁਕਸ ਕੱਢੀ ਜਾਂਦੀ। ਉਸ ਦਾ ਕੁੜਮ ਭੱਜ ਨੱਠ ਕਰ ਕਾਗਜ਼ ਪੂਰੇ ਕਰਦਾ। ਏਦਾਂ ਕੇਸ ਜੂੰ ਦੀ ਚਾਲੇ ਸਰਕੀ ਗਿਆ। ਬੀਬੀ ਜਦੋਂ ਪੇਕੀਂ ਭਰਾ-ਭਰਜਾਈ ਨੂੰ ਮਿਲਣ ਜਾਂਦੀ, ਭਤਰੀਏ ਤੇ ਭਤਰਈਆਂ ਤੇ ਭਤਰੀਉਂ ਨੂੰਹਾਂ ਭੂਆ ਨਾਲ ਕਈ ਕਿਸਮ ਦੇ ਨਿੱਕੇ ਨਿੱਕੇ ਹਾਸੇ ਠੱਠੇ ਕਰਦੀਆਂ। ‘ਭੂਆ ਦਾ ਤਾਂ ਇੱਥੇ ਹੀ ਕੈਨੇਡਾ ਐ, ਫੁੱਫੜ ਵਾਲੀ ਪੈਨਸ਼ਨ ਲੱਗੀ ਹੋਈ ਆ, ਐਵੇਂ ਭੱਜੀ ਜਾਂਦੀ ਏ ਬਰਫਾਂ ਮਿੱਧਣ, ਭੂਆ ਹੁਣ ਜਾਊ ਕਨੇਡੇ ਡਾਲਰ ਹੂੰਝਣæææਸਾਨੂੰ ਨਾ ਭੁੱਲੀਂ ਭੂਆ, ਸਾਨੂੰ ਵੀ ਕੱਢ ਕਿਸੇ ਤਰੀਕੇ, ਭੂਆ ਤਾਂ ਸਾਡੀ ਬਾਹਲੀ ਈ ਭਾਗਾਂ ਵਾਲੀ ਏ, ਸਾਡੇ ਇਹਦੇ ਵਰਗੇ ਨਸੀਬ ਕਿੱਥੇ, ਕਦੇ ਕਦੇ ਭੂਆ ਸਾਨੂੰ ਵੀ ਡਾਲਰ ਭੇਜ ਦਿਆ ਕਰੀਂ।’
‘ਜਾਓ ਵੇ ਤੱਤਿਓ, ਧਿਆਨੂੰ ਮਸ਼ਕਰੀਆਂ ਸੁੱਝਦੀਆਂ। ਕਦੀ ਸੋਚਿਆ ਜੇ ‘ਕੱਲੀ ਕਾਰੀ ‘ਤੇ ਕੀ ਬੀਤਦੀ ਜੇ, ਕਿਵੇਂ ਦਿਨ ਲੰਘਦੈ ਤੇ ਫਿਰ ਰਾਤæææ।’
ਘਰ ਵਾਪਸ ਆ ਕੇ ਬੀਬੀ ਫਿਰ ਵੀਜ਼ੇ ਦੀਆਂ ਔਂਸੀਆਂ ਪਾਉਣ ਲੱਗ ਪੈਂਦੀ। ਇਸ ਤਰ੍ਹਾਂ ਦਿਨ ਟਪਾਉਂਦੀ ਰਹੀ।
ਇੱਕ ਭਾਈਬੰਦ 2010 ‘ਚ ਇੰਡੀਆ ਗਿਆ। ਪਿੰਡ ਜਾਂਦਾ-ਆਉਂਦਾ ਬੀਬੀ ਨੂੰ ਮਿਲ ਜਾਂਦਾ। ਉਸ ਦੀ ਹਾਲਤ ਵੇਖ ਬੜੇ ਦੁਖੀ ਮਨ ਨਾਲ ਮੁੜਿਆ। ਧਰਵਾਸ ਤੇ ਹੌਂਸਲਾ ਦੇਣਾ, ਰਾਜ਼ੀ-ਖੁਸ਼ੀ ਪੁੱਛਣਾ-ਗਿੱਛਣਾ ਹੀ ਹੁੰਦੈ। ਮਾਈ ਬੜਾ ਹੁੱਭ ਕੇ ਪੁੱਤ-ਨੂੰਹਾਂ ਬਾਰੇ ਪੁੱਛਦੀ। ਭਰਪਣੀ ਸਨੇਹ ਨਾਲ ਸਿਰ ਪਲੋਸਦੀ ਤੇ ਪੜਪੋਤਿਆਂ ਸਮੇਤ ਹਰ ਇੱਕ ਦੀ ਸੁੱਖ ਮੰਗਦੀ। ਇਉਂ ਲੱਗਦਾ ਜਿਵੇਂ ਉਹ ਤਾਜ਼ਾ ਦਮ ਹੋ ਗਈ ਹੋਵੇ। ਬੜੇ ਸਨੇਹ ਨਾਲ ਤੋਰਦੀ ਤੇ ਦਰਵਾਜ਼ੇ ਅੱਗੇ ਖਲੋ ਕਿੰਨੀ ਦੇਰ ਜਾਂਦੇ ਪਿੱਠ ਵੇਖਦੀ ਰਹਿੰਦੀ।
ਲੰਬੀ ਇੰਤਜ਼ਾਰ ਤੇ ਖੱਜਲ-ਖੁਆਰੀ ਪਿੱਛੋਂ 2011 ਦੇ ਸ਼ੁਰੂ ‘ਚ ਹੀ ਉਹ ਦਿਨ ਆਖਰ ਆ ਹੀ ਢੁੱਕਿਆ। ਵੀਜ਼ੇ ਦੇ ਕਾਗਜ਼ ਆ ਗਏ। ਤਾਲ-ਮੇਲ ਹੋ ਗਏ। ਉਹਦੀ ਟਿਕਟ ਵੀ ਭਾਈਬੰਦ ਦੀ ਵਾਪਸੀ ਫਲਾਈਟ ‘ਚ ਹੀ ਬੁੱਕ ਕਰਾ ਦਿੱਤੀ ਗਈ। ਤੁਰਨ ਤੋਂ ਆਰੀ, ਬਜ਼ੁਰਗ ਅਨਪੜ੍ਹ ਮਾਈ ਲਈ ਜਹਾਜ਼ ‘ਚ ਸਫਰ ਕਰਨਾ ਕਿਹੜਾ ਸੌਖਾ ਸੀ। ਏਅਰਪੋਰਟ ‘ਤੇ ਹਰ ਥਾਂ ਉਸ ਨੂੰ ਮਦਦ ਦੀ ਲੋੜ ਸੀ। ਭਾਈਬੰਦ ਵੀ ਬਜ਼ੁਰਗ ਗਿੱਟੇ ਗੋਡਿਆਂ ਤੇ ਰੀਹ ਦੀ ਪੀੜ ਦਾ ਮਰੀਜ਼। ਉਨ੍ਹੇ ਏਅਰਪੋਰਟ ‘ਤੇ ਜਿਵੇਂ ਕਿਵੇਂ ਔਖੇ ਸੌਖੇ ਅਸਬਾਬ, ਕਾਗਜ਼ ਪੱਤਰ ਵਗੈਰਾ ਤੇ ਸਕਿਉਰਿਟੀ ‘ਚੋਂ ਲੰਘਾਇਆ। ਵ੍ਹੀਲ ਚੇਅਰ ਵਾਲੇ ਇੱਕ ਥਾਂ ਲਾਹ ਇਹ ਆਖ ਖਿਸਕ ਗਏ ਕਿ ਇਥੋਂ ਅੱਗੇ ਤੁਹਾਨੂੰ ਥ੍ਰੀ-ਵ੍ਹੀਲਰ ਲੈ ਕੇ ਜਾਣਗੇ। ਖੋਟੀ ਮਾਨਸਿਕਤਾ। ਪੈਸੇ ਭਾਲਦੇ ਸਨ। ਬੋਰਡਿੰਗ ਗੇਟ ਉਥੋਂ ਕਾਫੀ ਫਾਸਲੇ ‘ਤੇ ਸੀ। ਇੱਕ ਖੜ੍ਹੇ ਥ੍ਰੀ-ਵ੍ਹੀਲਰ ਨੂੰ ਕਿਹਾ, ਬਿਠਾ ਬਈ ਮਾਈ ਨੂੰ। ਕਹਿੰਦਾ, ਜੀ ਆਪਣੀ ਜ਼ਿੰਮੇਵਾਰੀ ‘ਤੇ ਬਿਠਾ ਦਿਉ। ਜਿਵੇਂ ਕਹਿ ਰਿਹਾ ਹੋਵੇ, ਮੇਰੀ ਮੁੱਠੀ ਗਰਮ ਕਰੋ। ਬਥੇਰੀ ਏਧਰ ਉਧਰ ਭੱਜ ਨੱਠ ਕੀਤੀ। ਡਿਊਟੀ ‘ਤੇ ਬੈਠੇ ਸੁਪਰਵਾਈਜ਼ਰ ਵੀ ਕੋਈ ਹੱਥ ਪੱਲਾ ਨਾ ਫੜਾਉਣ। ਅੱਕ ਕੇ ਉਸੇ ਵ੍ਹੀਲਰ ‘ਚ ਬਿਠਾਇਆ ਤੇ ਕਿਹਾ ਜੇ ਇਹ ਮਾਈ ਜਹਾਜ਼ ਚੜ੍ਹਨੋਂ ਰਹਿ ਗਈ, ਤੇਰੀ ਜ਼ਿੰਮੇਵਾਰੀ ਹੋਊ! ਜੇ ਕੋਈ ਸੱਟ ਫੇਟ ਲੱਗੀ ਤਾਂ ਤੂੰ ਹੀ ਜ਼ਿੰਮੇਵਾਰ ਹੋਵੇਂਗਾ! ਨੰਬਰ ਤੇਰਾ ਨੋਟ ਕਰ ਲਿਆ। ਯਾਦ ਰੱਖੀਂ! ਇਨ੍ਹਾਂ ਸਖਤ ਗੱਲਾਂ ਦੇ ਜੱਬੋਲੋਟੇ ਵਰਗੇ ਦੱਬਕੇ ਨਾਲ ਉਹ ਤੁਰ ਪਿਆ। ਅਖੀਰ ਜਹਾਜ਼ ‘ਚ ਸਵਾਰ ਹੋ ਗਏ।
ਚੌਦਾਂ, ਪੰਦਰਾਂ ਘੰਟੇ ਦੀ ਅਸਮਾਨੀ ਸਫਰ ਪਿੱਛੋਂ ਪੀਅਰਸਨ ਏਅਰਪੋਰਟ ‘ਤੇ ਆ ਉਤਰੇ। ਇੱਥੇ ਭਾਰਤ ਨਾਲੋਂ ਵੀ ਇੱਕ ਅਨੋਖੀ ਤੇ ਜੱਗੋਂ ਤੇਰਵੀਂ ਵਾਪਰੀ। ਜਹਾਜ਼ੋਂ ਉਤਰ ਬੀਬੀ ਨੂੰ ਵ੍ਹੀਲ ਚੇਅਰ ਵਿਚ ਬਿਠਾ ਦਿੱਤਾ। ਏਅਰ ਹੋਸਟੈਸ ਕਹਿੰਦੀ, “ਜਾਓ, ਕੋਈ ਫਿਕਰ ਨਾ ਕਰੋ। ਸਾਡਾ ਸਟਾਫ ਪੰਜਾਬੀ ਚੰਗੀ ਜਾਣਦੈ। ਬਾਹਰ ਨਿਕਲੋ, ਸਮਾਨ ਵਗੈਰਾ ਲਵੋ, ਇਹ ਵੀ ਆ ਜਾਊ।” ਬੀਬੀ ਦੇ ਕਾਗਜ਼ ਪੱਤਰ ਉਹਦੀ ਝੋਲੀ ‘ਚ ਰੱਖ ਉਹ ਬਾਹਰ ਨਿਕਲ ਆਇਆ।
ਬੈਲਟਾਂ ਤੋਂ ਸਮਾਨ ਲਾਹੀ ਗਏ, ਪਰ ਨਿਗਾਹ ਗੇਟ ਵੱਲ। ਬੜਾ ਚਿਰ ਉਡੀਕ ਕੀਤੀ। ਉਹਦੀ ਵ੍ਹੀਲ ਚੇਅਰ ਨਾ ਅੱਪੜੀ। ਅਖੀਰ ਜੈਟ ਏਅਰਵੇਜ਼ ਵਾਲੇ ਇੰਚਾਰਜ ਕੋਲੋਂ ਪੁੱਛਿਆ। ਉਹਨੇ ਆਪਣਾ ਵਾਇਰਲੈਸ ਖੜ੍ਹਕਾਇਆ। ਉਧਰ ਲੈਣ ਆਏ ਬੀਬੀ ਦੇ ਪਰਿਵਾਰ ਵਾਲੇ ਬਾਹਰ ਖਲੋਤੇ ਥੱਕੇ ਹਾਰੇ ਪਏ ਸਨ। “ਆ ਰਹੀ ਹੈ” ਸੁਪਰਵਾਈਜ਼ਰ ਮੁੜ ਮੁੜ ਕਹੀ ਜਾਏ। ਅਖੀਰ ਕੁਝ ਵ੍ਹੀਲ ਚੇਅਰਾਂ ਆਈਆਂ। ਬੀਬੀ ਬਾਹਰ ਆ ਗਈ। ਸੁੱਖ ਦਾ ਸਾਹ ਆਇਆ। ਪੁੱਛਿਆ, ਕਾਗਜ਼ ਵਗੈਰਾ ਵੇਖ ਲਏ ਸਨ ਗੇਟ ‘ਤੇ ਅਫਸਰਾਂ ਨੇ। ਕਹਿੰਦੀ, ਹਾਂ ਵੇਖੇ ਸਨ।
ਚਲੋ, ਚਾਈਂ ਚਾਈਂ ਆਪੋ ਆਪਣੇ ਘਰੀਂ ਪਹੁੰਚ ਗਏ। ਬੀਬੀ ਦਾ ਪਰਿਵਾਰ ਨਾਲ ਭਰਤ ਮਿਲਾਪ ਹੋਇਆ ਜਾਪਿਆ। ਸਭ ਖੁਸ਼ ਹੋਏ। ਵਧਾਈਆਂ ਮਿਲੀਆਂ। ਜਦੋਂ ਫੋਨ ਕੀਤਾ, ਖੁਸ਼ ਤਾਂ ਸੀ ਪਰ ਆਪਣੇ ਪਿਛੋਕੜ ਦੇ ਹੇਰਵੇ, ਕੋਠੀ ਦੇ ਵਿਛੋੜੇ ਵਿਚ ਉਦਾਸ ਸੀ। ਚਲੋ, ਆਪੇ ਦਿਲ ਲੱਗ ਜਾਊ।
ਮਹੀਨੇ ਬਾਅਦ ਜਦੋਂ ਬੀਬੀ ਦੀ ਨੂੰਹ ਉਹਦਾ ਸਿੱਨ ਕਾਰਡ ਬਣਾਉਣ ਲਈ ਕੈਨੇਡਾ ਸਰਵਿਸ ‘ਤੇ ਗਈ ਤਾਂ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਏਨੀਆਂ ਉਡੀਕਾਂ ਨਾਲ ਕੈਨੇਡਾ ਪਹੁੰਚੀ ਬੀਬੀ ਦੇ ਭਵਿੱਖ ਦਾ ਹੁਣ ਕੀ ਬਣੇਗਾ? ਉਹ ਕਾਨੂੰਨੀ ਤੌਰ ‘ਤੇ ਕੈਨੇਡਾ ‘ਚ ਹਾਲੀ ਪਹੁੰਚੀ ਹੀ ਨਹੀਂ। ਜੇ ਹੈ ਤਾਂ ਗੈਰਕਾਨੂੰਨੀ ਤੌਰ ‘ਤੇ ਰਹਿ ਰਹੀ ਹੈ ਜੋ ਇੱਕ ਅਪਰਾਧ ਹੈ। ਘਬਰਾਹਟ ‘ਚ ਉਨ੍ਹਾਂ ਭਾਈਬੰਦਾਂ ਨੂੰ ਫੋਨ ਕਰ ਦਿੱਤੇ। ਉਹ ਵੀ ਭੰਬਲਭੂਸੇ ‘ਚ ਪੈ ਗਏ। ਵਿਚਾਰਾਂ ਸ਼ੁਰੂ ਹੋ ਗਈਆਂ। ਪੁੱਛਾਂ-ਗਿੱਛਾਂ ਦਾ ਦੌਰ ਚੱਲ ਪਿਆ। ਹਕੂਮਤ ਕਰ ਰਹੀ ਸਰਕਾਰ ਦੇ ਪਾਰਲੀਮੈਂਟ ਮੈਂਬਰਾਂ ਦੇ ਪੰਜਾਬੀ ਅਲੰਬਦਾਰਾਂ ਨਾਲ ਗੱਲ ਕੀਤੀ। ਗਿਲੇ-ਭਰੇ ਸ਼ਿਕਵਿਆਂ, ਉਲ੍ਹਾਮਿਆਂ ਦੀ ਬੁਛਾੜ ਕੀਤੀ। ਕਈ ਤਾਂ ਊਂ ਈ ਚੁੱਪ ਸਾਧ ਗਏ।
ਬਾਹਰ ਨਿਕਲਣ ਵੇਲੇ ਦੇ ਘਟਨਾ ਚੱਕਰਾਂ ਦੀ ਫਿਰ ਸਮੀਖਿਆ ਕੀਤੀ। ਬੀਬੀ ਦੇ ਬਾਹਰ ਨਿਕਲਣ ਵੇਲੇ ਉਹਨੂੰ ਪੁੱਛਿਆ ਵੀ ਸੀ, ਕੀ ਤੁਹਾਡੇ ਕਾਗਜ਼, ਪਾਸਪੋਰਟ ਵਗੈਰਾ ਵੇਖ ਲਏ ਸੀ ਅਫਸਰਾਂ ਨੇ। ਪਰ ਇਹ ਪੱਕਾ ਨਾ ਕੀਤਾ ਕਿ ਇਮੀਗਰੇਸ਼ਨ ਦੀ ਸਟੈਂਪ ਲੱਗ ਗਈ ਹੈ ਕਿ ਨਹੀਂ। ਚਾਅ ਭਰੀ ਕਾਹਲੀ ਵਿਚ ਲੈਂਡਿੰਗ ਪੇਪਰ ਤੇ ਪਾਸਪੋਰਟ ‘ਤੇ ਲੱਗੀ ਮੋਹਰ ਚੈਕ ਨਾ ਕੀਤੀ। ਇਹ ਹੀ ਇੱਕ ਵੱਡੀ ਕੋਤਾਹੀ ਸੀ।
ਏਅਰਪੋਰਟ ‘ਤੇ ਇਮੀਗਰੇਸ਼ਨ ਵਾਲਿਆਂ ਨੂੰ ਮਿਲੇ। ਸਮੱਸਿਆ ਦੱਸੀ। ਕੇਸ ਦੇ ਕਾਗਜ਼ ਜਾਇਜ਼ ਤੇ ਸਹੀ ਸਨ। ਦਰੁਸਤੀ ਕਰ ਦਿਉ। ਉਨ੍ਹਾਂ ਕਿਹਾ, ਹੁਣ ਤੁਹਾਨੂੰ ਇੱਥੋਂ ਕੈਨੇਡਾ ਦੇ ਕਿਸੇ ਬਾਰਡਰ ਤੋਂ ਦੇਸ਼ ‘ਚੋਂ ਬਾਹਰ ਜਾਣਾ ਪੈਣਾ। ਏਅਰਪੋਰਟ ਤੋਂ ਤੁਹਾਨੂੰ ਬਾਰਡਰ ਪਾਰ ਕਰਾਉਣਾ ਸੰਭਵ ਨਹੀਂ। ਅਮਰੀਕਾ ਵਾਲੇ ਸਭ ਤੋਂ ਨੇੜੇ ਦੇ ਕੈਨੇਡਾ ਦੇ ਬਾਰਡਰ ‘ਤੇ ਜਾਓ। ਉਥੇ ਇੱਕ ਨੋ ਮੈਨਜ਼ ਲੈਂਡ ਹੁੰਦੈ, ਦੋਹਾਂ ਦੇਸ਼ਾਂ ਦੀਆਂ ਸਰਹੱਦਾਂ ਦੇ ਵਿਚਕਾਰ। ਉਥੇ ਦੋਹਾਂ ਦੇਸ਼ਾਂ ਦੀਆਂ ਬਾਰਡਰ ਸਰਵਿਸ ਏਜੰਸੀਆਂ ਹੁੰਦੀਆਂ ਹਨ ਜੋ ਦੇਸ਼ ਵਿਚ ਪਰਵੇਸ਼ ਕਰਨ ਵਾਲਿਆਂ ਦੇ ਦਾਖਲੇ ਦੇ ਕਾਗਜ਼ ਚੈਕ ਕਰਦੀਆਂ ਹਨ। ਉਹ ਤੁਹਾਡੇ ਕਾਗਜ਼ ਚੈਕ ਕਰਕੇ ਪ੍ਰਵਾਨਗੀ ਦੇ ਦੇਣਗੀਆਂ। ਫਿਰ ਦੁਚਿੱਤੀ ਵਰਗੀ ਕੁੜਿੱਕੀ ‘ਚ ਫਸ ਗਏ! ਜੇ ਇੱਕ ਵਾਰੀ ਕੈਨੇਡਾ ਤੋਂ ਬਾਹਰ ਹੋ ਗਏ ਅਤੇ ਜੇ ਕਿਸੇ ਨੇ ਅੰਦਰ ਨਾ ਵੜਨ ਦਿੱਤਾ, ਫਿਰ ਕੀ ਬਣੇਗਾ? ਪਰ ਏਧਰੋਂ ਉਧਰੋਂ ਹੋਰ ਤਸੱਲੀ ਕੀਤੀ। ਅਖੀਰ ਨਿਆਗਰਾ ਫਾਲਜ਼ ਦੇ ਬਾਰਡਰ ਪਹੁੰਚੇ। ਨੋ ਮੈਨਜ਼ ਲੈਂਡ ‘ਤੇ ਪੈਰ ਰੱਖਿਆ ਤੇ ਨਾਲ ਹੀ ਯੂ ਟਰਨ ਮਾਰ, ਕੈਨੇਡਾ ਦੇ ਪਰਵੇਸ਼ ਵਾਲੀ ਲਾਈਨ ‘ਚ ਜਾ ਲੱਗੇ। ਅਮਰੀਕਨ ਪੋਸਟ ਉਥੋਂ ਥੋੜ੍ਹੀ ਅੱਗੇ ਸੀ।
ਵਾਰੀ ਆਉਣ ‘ਤੇ ਕੈਨੇਡੀਅਨ ਬਾਰਡਰ ਸਕਿਉਰਿਟੀ ਏਜੰਸੀ ਦੀ ਲੰਮ-ਸਲੰਮੀ, ਸੋਹਣੀ ਤੇ ਸਮਾਰਟ ਗੋਰੀ ਅਫਸਰ ਨੇ ਖਿੜੇ ਮੱਥੇ ਜੀ ਆਇਆਂ ਆਖਿਆ। ਉਸ ਨੇ ਵਧੀਆ ਸਲੀਕੇ ਨਾਲ ਗੱਲ ਸੁਣੀ। ਕਾਗਜ਼ਾਂ ਦੀ ਨੀਝ ਨਾਲ ਪੜਤਾਲ ਕੀਤੀ। ਕੰਪਿਊਟਰ ‘ਤੇ ਵੀ ਚੈਕ ਕੀਤਾ। ਸਾਰਾ ਕੁਝ ਸਹੀ ਪਾਇਆ। ਹੱਸਦੀ ਨੇ ਕਾਗਜ਼ਾਂ ਤੇ ਪਾਸਪੋਰਟ ‘ਤੇ ਮੋਹਰਾਂ ਜੜ ਦਿੱਤੀਆਂ। ਸਾਰਿਆਂ ਨੂੰ ਸੁਖ ਦਾ ਸਾਹ ਆਇਆ। ਜਾਣਕਾਰੀ ਵਾਸਤੇ ਉਸੇ ਅਫਸਰ ਨੂੰ ਪੁੱਛਿਆ, ਇਹ ਕੰਮ ਏਅਰਪੋਰਟ ‘ਤੇ ਦੁਬਾਰਾ ਕਿਉਂ ਨਾ ਕਰ ਦਿੱਤਾ ਗਿਆ। ਅੱਸੀਵਾਂ ਹੰਢਾ ਰਹੀ ਇਸ ਬੁੜੀ ਮਾਈ ਨੂੰ ਇਸ ਚੱਕਰ ‘ਚ ਕਿਉਂ ਪਾਇਆ? ਬਹੁਤ ਹੀ ਵਿਸਥਾਰ ਨਾਲ ਸਮਝਾਇਆ ਕਿ ਕਾਨੂੰਨ ਕਹਿੰਦਾ ਹੈ ਕਿ ਜੇ ਕਿਸੇ ਦੀ ਵੀ ਗਲਤੀ ਨਾਲ ਤੁਸੀਂ ਨਾਜਾਇਜ਼ ਤੌਰ ‘ਤੇ ਪਰਵੇਸ਼ ਕਰ ਗਏ ਹੋ ਤਾਂ ਤੁਹਾਨੂੰ ਇੱਕ ਵੇਰ ਕੈਨੇਡਾ ਤੋਂ ਬਾਹਰ ਨਿਕਲਣਾ ਪੈਣਾ ਹੈ। ਫਿਰ ਅੰਦਰ ਆਉਣ ਦੀ ਲੋੜੀਂਦੀ ਕਾਨੂੰਨੀ ਇਜਾਜ਼ਤ ਮਿਲਦੀ ਹੈ। ਇਸ ਨੂੰ ‘ਪੋਸਟ ਕਰਾਸਿੰਗ’ ਕਿਹਾ ਜਾਂਦਾ ਹੈ।
ਖੈਰ! ਮਸਲਾ ਹੱਲ ਹੋਇਆ। ਸ਼ੁਕਰ ਕੀਤਾ! ਬੀਬੀ ਵੀ ਖੁਸ਼। ਉਸ ਦੇ ਪਰਿਵਾਰ ਅਤੇ ਸਨੇਹੀਆਂ ਵਾਸਤੇ ਬੀਬੀ ਦੂਜੀ ਵਾਰੀ ਕੈਨੇਡਾ ਪਹੁੰਚ ਗਈ। ਪਹਿਲਾਂ ਨਾਜਾਇਜ਼ ਤੌਰ ‘ਤੇ, ਹੁਣ ਕਾਨੂੰਨੀ ਤੌਰ ‘ਤੇ। ਵਧਾਈਆਂ ਦੀ ਛਹਿਬਰ ਫਿਰ ਲੱਗ ਗਈ। ਬੀਬੀ ਦੇ ਭਤੀਜਿਆਂ ਤੇ ਦੋਹਤ ਪੋਤ-ਨੂੰਹਾਂ ਵੱਲੋਂ ਸਵਾਗਤੀ ਪਾਰਟੀਆਂ ਦੇ ਦੌਰ ਚੱਲ ਪਏ।
ਪ੍ਰਿੰਸੀਪਲ ਸਾਹਿਬ! ਕਹਾਣੀ ਹਾਲੇ ਮੁੱਕੀ ਨਹੀਂ ਜੇ। ਕੁਝ ਮਹੀਨੇ ਉਹ ਠੀਕ ਰਹੀ। ਨੂੰਹ ਨਹਾਉਂਦੀ ਧੁਆਉਂਦੀ, ਪੂਰੀ ਸੇਵਾ ਕਰਦੀ। ਪਰ ਬੀਬੀ ਓਦਰੀ ਰਹਿੰਦੀ। ਉਹਦੀ ਸੁਰਤੀ ਤਾਂ ਪਿੱਛੇ ਨਾਲ ਜੁੜੀ ਰਹਿੰਦੀ। ਹਰ ਵੇਲੇ ਪਾਣੀਓਂ ਵਿਛੜੀ ਮੱਛੀ ਵਾਂਗ ਤੜਫਦੀ ਜਾਪਦੀ। ਨਾਲ ਸਾਨੂੰ ਵੀ ਸੁੱਕਣੇ ਪਾਈ ਰੱਖਦੀ। ਆਏ ਭੈਣ ਭਾਈ ਕੋਲ ਆਪਣੀ ਵੇਦਨਾ ਛੋਹ ਧਰਦੀ, Ḕਇਹ ਕੋਈ ਦੇਸ਼ ਹੈ, ਸਾਰਾ ਦਿਨ ਅੰਦਰੇ ਈ ਅੰਦਰ! ਨਾ ਦਿਨ ਦਾ ਪਤਾ ਲੱਗਦੈ, ਨਾ ਰਾਤ ਦਾ।Ḕ ਇਹ ਸਮਝਾਉਤੀ ਕਿ ਏਥੇ ਡਾਕਟਰੀ ਸਹੂਲਤਾਂ ਮੁਫਤ ਹਨ, ਜੀਵਨ ਸੋਹਣਾ ਚੱਲਦੈ। ਸਾਫ ਸੁਥਰੀਆਂ ਚੀਜ਼ਾਂ ਖਾਣ ਨੂੰ ਮਿਲਦੀਆਂ ਹਨ। ਤੇਰੇ ਪੋਤੇ ਤੇਰੀ ਗੋਦੀ ‘ਚ ਨੇ। ‘ਆਹੋ ਗੋਦੀ ‘ਚ ਨੇ, ਆਉਂਦੇ ਨੇ, ਡੱਬਿਆਂ ਜਿਹਿਆਂ ਅੱਗੇ ਜਾ ਬਹਿੰਦੇ ਨੇ, ਕੋਲ ਬੈਠੇ, ਇੱਕ ਠੀਹਪੇ ਜਿਹੇ ‘ਤੇ ਲੱਗੇ ਰਹਿੰਦੇ ਨੇ, ਮੌਸਮ, ਖੁੱਡ ਜਿਹੀ ‘ਚੋਂ ਬਾਹਰ ਸਿਰੀ ਨਹੀਂ ਕੱਢਣ ਦੇਂਦਾ, ਮੈਨੂੰ ਕੋਈ ਬਿਮਾਰੀ ਨਹੀਂ, ਰੋਟੀ ਲੂਣ ਸਲੂਣੇ ਦੇ ਨਾਲ ਖਾਈਏ, ਬੰਦਾ ਸੁਖੀ ਨਹੀਂ ਆਪਣੀ ਥਾਂ ਜਿਹਾ, ਬੱਸ, ਮੈਂ ਤਾਂ ਰਹਿਣਾ ਈ ਨਹੀਂ, ਹਾਏ ਮੇਰੀ ਕੋਠੀ, ਆਪਣੇ ਖੂਨ ਪਸੀਨੇ ਨਾਲ ਬਣਾਈæææ।’
ਇਹ ਤਾਂ ਸੱਚ ਸੀ ਕਿ ਉਸ ਦਾ ਗਹਿਣਾ-ਗੱਟਾ, ਉਮਰ ਭਰ ਜੋੜਿਆ ਪੈਸਾ-ਧੇਲਾ ਲੱਗ ਗਿਆ ਸੀ ਕੋਠੀ ‘ਤੇ, ਉਹ ਸਾਰਾ ਸਾਰਾ ਦਿਨ ਰੋੜੀ ਕੁੱਟਦੀ ਰਹਿੰਦੀ। ਮਿਸਤਰੀਆਂ, ਮਜ਼ਦੂਰਾਂ ਮਗਰ ਖੂੰਡੀ ਖੜਕਾਉਂਦੀ ਫਿਰਦੀ। ‘ਰੇਤਾ ਖਿਲਾਰੀ ਜਾਂਦੇ ਨੇ, ਸੀਮੈਂਟ ਸੰਭਾਲਦੇ ਨੀ, ਮਿਸਤਰੀ ਗੱਲਾਂ ਕਰਦੇ ਰਹਿੰਦੇ ਨੇæææ।’ ਹਰ ਸਮੇਂ ਉਹਦੀ ਖੂੰਡੀ ਤੇ ਹਥੌੜੀ ਟੱਕ ਟੱਕ, ਠੱਕ ਠੱਕ ਕਰਦੀ ਰਹਿੰਦੀ।
ਅੰਤ ਹਾਰ ਕੇ ਸਭ ਨੇ ਹਥਿਆਰ ਸੁੱਟ ਦਿੱਤੇ। ਪੰਜਾਬ ਜਾਂਦੇ ਭਾਈਬੰਦ ਨਾਲ ਜਹਾਜ਼ੇ ਚੜ੍ਹਾ ਦਿੱਤਾ। ਕੀ ਕਰਦੇ, ਅੱਕ ਚੱਬਣਾ ਪਿਆ। ਹੁਣ ਸਾਰਾ ਦਿਨ ਉਹਦੀ ਚਿੰਤਾ ਰਹਿੰਦੀ ਹੈ। ਜਾ ਸਕਦੇ ਨਹੀਂ। ਕੰਮ ਛੱਡੀਏ ਤਾਂ ਮੌਰਗੇਜਾਂ ਟੁੱਟਦੀਆਂ ਨੇ। ਨਹੀਂ ਜਾਂਦੇ, ਲੋਕ ਫਿਟਕਾਰਦੇ ਨੇ। ਮੁੰਡਿਆਂ ਦੀ ਯੂਨੀਵਰਸਿਟੀ ਪੜ੍ਹਾਈ ਦੇ ਖਰਚੇ ਪੇਸ਼ ਨਹੀਂ ਜਾਣ ਦਿੰਦੇ। ਕਨਸੋਆਂ ਮਿਲਦੀਆਂ ਹਨ, ‘ਉਹ ਕੋਠੀ ‘ਚ ਬੈਠੀ ਹੈ, ਸੋਟੀ ਸਹਾਰੇ ਕੁੱਬੀ ਕੁੱਬੀ ਤੁਰਦੀ, ਚੁਗਾਠਾਂ, ਅਲਮਾਰੀਆਂ ‘ਤੇ ਸਿਉਂਕ ਮਾਰੂ ਦਵਾਈ ਪਾਉਂਦੀ ਫਿਰਦੀ ਏ, ਮੇਰੀ ਕੋਠੀ, ਮੇਰੀ ਜਾਨ, ਮੈਂ ਤਾਂ ਏਥੇ ਹੀ ਮਰੂੰæææ!’
ਸਬਰ ਨਾ ਕਰੀਏ ਤਾਂ ਕੀ ਕਰੀਏ, ਭਾਈ! ਮਰ ਹੁੰਦਾ ਨਈਂ! ਪਤਾ ਨਹੀਂ ਕਿਸ ਦਿਨ ਅਣਹੋਣੀ ਵਾਪਰ ਜਾਵੇ! ਹੁਣ ਸੁਣਿਐ ਕੁਝ ਜ਼ਿਆਦਾ ਹੀ ਢਿੱਲੀ ਹੋ ਗਈ ਸੀ। ਵੱਡੀ ਕੁੜੀ ਆ ਕੇ ਲੈ ਗਈ ਐ। ਹੋਇਆ ਨਾ ਇਹ ਇੱਕ ਕੋਠੀ ਲੱਗੀ ਮਾਈ ਦਾ ਦੁਖਾਂਤਕ ਅੰਤਕਾਲ।