ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਨਿੱਕੇ ਹੁੰਦਿਆਂ ਸੁਣਦੇ ਸਾਂ ਕਿ ਬਾਪੂ ਘਰ ਦੀ ਛੱਤ ਹੁੰਦਾ ਹੈ। ਘਰ ਦੀ ਛੱਤ ਵਾਂਗ ਬਾਪੂ ਵੀ ਸਾਰੇ ਪਰਿਵਾਰ ਨੂੰ ਸਾਂਭ ਸੰਭਾਲ ਕੇ ਰਖਦਾ ਹੈ। ਘਰ ਵਿਚ ਬਾਪ ਦੇ ਹੁੰਦਿਆਂ ਪਰਿਵਾਰ ਦੇ ਕਿਸੇ ਵੀ ਜੀਅ ਦੇ ਸਿਰ ‘ਤੇ ਕੋਈ ਭਾਰ ਨਹੀਂ ਹੁੰਦਾ ਕਿਉਂਕਿ ਘਰ ਪਰਿਵਾਰ ਦੀ ਸਾਰੀ ਜਿੰਮੇਵਾਰੀ ਦੀ ਪੰਡ ਬਾਪੂ ਨੇ ਆਪਣੇ ਸਿਰ ‘ਤੇ ਚੁਕੀ ਹੁੰਦੀ ਹੈ ਅਤੇ ਘਰ ਦਾ ਹਰ ਜੀਅ ਬਾਪੂ ਰੂਪੀ ਛੱਤ ਥੱਲੇ ਸੁਖ ਆਰਾਮ ਨਾਲ ਜੀ ਸਕਦਾ ਹੈ। ਪਰ ਬਦਲੇ ਜ਼ਮਾਨੇ ਵਿਚ ਇਹ ਗੱਲਾਂ ਪੁਰਾਣੀਆਂ ਹੋ ਗਈਆਂ ਹਨ। ਅੱਜ ਦੇ ਬੱਚੇ ਬਾਪੂ ਨੂੰ ਘਰ ਦੀ ਛੱਤ ਨਹੀਂ ਬਲਕਿ ਸਿਰ ਦਾ ਭਾਰ ਸਮਝਦੇ ਹਨ।
ਸਮੇਂ ਦੇ ਨਾਲ ਨਾਲ ਬਹੁਤ ਸਾਰੇ ਰਸਮਾਂ ਤੇ ਰਿਵਾਜ ਵੀ ਬਦਲ ਗਏ ਹਨ, ਰਹਿਣ-ਬਹਿਣ ਦੇ ਤੌਰ ਤਰੀਕੇ ਬਦਲ ਗਏ ਹਨ। ਫਾਦਰ’ਜ਼ ਡੇਅ ਭਾਵੇਂ ਸਾਡੇ ਸਭਿਆਚਾਰ ਜਾਂ ਸਮਾਜ ਵਿਚ ਸ਼ਾਮਲ ਨਹੀਂ ਹੈ ਪਰ ਹੁਣ ਅਸੀਂ ਇਸ ਨੂੰ ਅਪਨਾ ਚੁਕੇ ਹਾਂ। ਸਾਡੇ ਸਮਾਜ ਵਿਚ ਤਾਂ ਨਾ ਬਾਪ ਤੇ ਨਾ ਮਾਂ ਦਾ ਕੋਈ ਦਿਨ ਸੀ। ਚੰਗੀ ਗੱਲ ਹੈ ਕਿ ਅਸੀਂ ਇਸ ਨੂੰ ਹੀ ਅਪਨਾ ਲਿਆ ਹੈ, ਬਾਪ ਜਾਂ ਮਾਂ ਲਈ ਸਾਲ ਵਿਚ ਇਕ ਦਿਨ ਹੋਣਾ ਚੰਗੀ ਗੱਲ ਹੈ ਪਰ ਸਾਲ ਮਗਰੋਂ ਬਾਪੂ ਨੂੰ ਇਕ ਛੋਟਾ ਮੋਟਾ ਤੋਹਫਾ ਲੈ ਦੇਣਾ ਜਾਂ ਬਾਹਰ ਕਿਸੇ ਰੈਸਟੋਰੈਂਟ ਵਿਚ ਰੋਟੀ ਖੁਆ ਦੇਣੀ, ਕੀ ਇਸ ਨਾਲ ਬਾਪੂ ਨੂੰ ਖੁਸ਼ੀ ਮਿਲ ਜਾਂਦੀ ਹੈ? ਨਹੀਂ, ਬਿਲਕੁਲ ਹੀ ਨਹੀਂ। ਭਲਾ ਕੋਈ ਕਿਸੇ ਬਾਪੂ ਨੂੰ ਪੁੱਛ ਕੇ ਤਾਂ ਵੇਖੇ, ਉਸ ਦੇ ਅੰਦਰ ਕੀ ਤੂਫਾਨ ਉਠ ਰਹੇ ਹਨ, ਉਹ ਕਿਹੜੇ ਹਾਲ ਵਿਚ ਹੈ?
ਅਜੋਕੀ ਜ਼ਿੰਦਗੀ ਆਪਣੀ ਰਫਤਾਰ ਤੋਂ ਵੀ ਜ਼ਿਆਦਾ ਤੇਜ਼ ਦੌੜ ਰਹੀ ਹੈ। ਕੌਣ ਕਿਥੇ ਹੈ ਅਤੇ ਕੀ ਕਰ ਰਿਹਾ ਹੈ? ਕਿਸੇ ਨੂੰ ਵੀ ਖਬਰ ਨਹੀਂ ਹੈ। ਵੱਡੇ ਵੱਡੇ ਘਰ, ਮਹਿੰਗੀਆਂ ਗੱਡੀਆਂ, ਅਮੀਰ ਤੇ ਹੋਰ ਅਮੀਰ ਬਣਨ ਦੀ ਲਾਲਸਾ ਅਤੇ ਇਕ ਦੂਜੇ ਤੋਂ ਅੱਗੇ ਲੰਘ ਜਾਣ ਦੀ ਜੋ ਦੌੜ ਲੱਗ ਗਈ ਹੈ, ਉਸ ਵਿਚ ਪਰਿਵਾਰਕ ਰਿਸ਼ਤੇ ਨਾਤੇ ਸਭ ਟੁੱਟ-ਤਿੜਕ ਗਏ ਹਨ। ਇਨ੍ਹਾਂ ਟੁੱਟੇ ਰਿਸ਼ਤਿਆਂ ਦਾ ਮੁੜ ਜੁੜਨਾ ਮੁਸ਼ਕਿਲ ਹੀ ਨਹੀਂ, ਨਾ ਮੁਮਕਿਨ ਹੋ ਗਿਆ ਹੈ। ਆਪਣੇ ਮੁਲਕ ਦੀਆਂ ਤਾਂ ਹੁਣ ਗੱਲਾਂ ਹੀ ਨਿਆਰੀਆਂ ਹਨ, ਸਾਰੇ ਦਾ ਸਾਰਾ ਪੱਛਮ ਜਿਵੇਂ ਪੰਜਾਬ ਵਿਚ ਹੀ ਜਾ ਵੜਿਆ ਹੋਵੇ! ਉਥੇ ਹੁਣ ਜ਼ਿੰਦਗੀ ਸਟਾਈਲ ਨਾਲ ਚਲਦੀ ਹੈ। ਪੰਜਾਬ ਕੀ ਅਤੇ ਅਮਰੀਕਾ, ਕੈਨੇਡਾ ਕੀ-ਰਿਸ਼ਤਿਆਂ ਨੂੰ ਹਰ ਥਾਂ ਰੱਜ ਕੇ ਢਾਹ ਲੱਗੀ ਹੈ। ਕਿਤੇ ਵੀ ਵੇਖ ਲਓ, ਨਵੀਂ ਅਤੇ ਜ਼ਿਆਦਾ ਪੜ੍ਹੀ ਲਿਖੀ ਪੀੜ੍ਹੀ ਮਾਂ ਬਾਪ ਤੋਂ ਬਹੁਤ ਦੂਰ ਹੋਈ ਜਾ ਰਹੀ ਹੈ ਜਾਂ ਹੋ ਚੁਕੀ ਹੈ। ਬਜ਼ੁਰਗ ਮਾਂਵਾਂ ਅਤੇ ਬਾਪੂਆਂ ਦੇ ਜੋ ਅੱਜ ਹਾਲ ਹੋ ਰਹੇ ਹਨ, ਉਹ ਅਸੀਂ ਸਾਰੇ ਹੀ ਜਾਣਦੇ ਹਾਂ। Ḕਫਰੀਦਾ ਮੈ ਜਾਨਿਆ ਦੁਖੁ ਮੁਝ ਕੁ ਦੁਖ ਸਬਾਇਐ ਜਗਿ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ॥Ḕ
ਕਿਸੇ ਨੂੰ ਭਾਵੇਂ ਬੁਰਾ ਲੱਗੇ ਜਾਂ ਚੰਗਾ ਪਰ ਅਜੋਕਾ ਸੱਚ ਇਹ ਹੈ ਕਿ ਬਜ਼ੁਰਗਾਂ ਨੂੰ ਵਤਨਾਂ ਤੋਂ ਇਥੇ ਇਸ ਕਰਕੇ ਨਹੀਂ ਲਿਆਇਆ ਜਾਂਦਾ ਕਿ ਉਨ੍ਹਾਂ ਦੀ ਸੇਵਾ ਚੰਗੀ ਤਰ੍ਹਾਂ ਕਰ ਸਕੀਏ ਜਾਂ ਅਸੀਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਾਂ। ਨਾ ਜੀ ਨਾ, ਬਿਲਕੁਲ ਹੀ ਨਹੀਂ। ਸਾਡੇ ਵਿਚ ਇਥੇ ਜੋ ਮਾਇਆ ਦੀ ਦੌੜ ਲਗ ਚੁਕੀ ਹੈ, ਉਹ ਸਾਨੂੰ ਮਜਬੂਰ ਕਰ ਦਿੰਦੀ ਹੈ ਕਿ ਸਾਡੇ ਨਿੱਕੇ ਨਿਆਣੇ ਅਤੇ ਘਰ ਦੀ ਸਾਂਭ-ਸੰਭਾਲ ਲਈ ਸਾਨੂੰ ਕੋਈ ਨਾ ਕੋਈ ਬੰਦਾ ਜ਼ਰੂਰ ਚਾਹੀਦਾ ਹੈ। ਉਦੋਂ ਹੀ ਸਾਨੂੰ ਮਾਂ-ਬਾਪੂ ਦੀ ਯਾਦ ਆਉਂਦੀ ਹੈ। ਥੋੜ੍ਹੀ ਦੌੜ ਭੱਜ ਤੋਂ ਬਾਅਦ ਬਜ਼ੁਰਗ ਇਥੇ ਪਹੁੰਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਗੱਲ ਸਮਝ ਵਿਚ ਆਉਣ ਲੱਗ ਪੈਂਦੀ ਹੈ ਕਿ ਹੁਣ ਜੋ ਹੋਣਾ ਸੀ, ਹੋ ਚੁਕਾ ਹੈ। ਉਨ੍ਹਾਂ ਲਈ ਇਸ ਨਵੀਂ ਜ਼ਿੰਦਗੀ ਵਿਚ ਸਮਾਈ ਕਰਨੀ ਬੇਹੱਦ ਮੁਸ਼ਕਿਲ ਹੋ ਜਾਂਦੀ ਹੈ ਪਰ ਮਾਂ-ਬਾਪ ਫਿਰ ਵੀ ਔਲਾਦ ਦੇ ਮੋਹ ਵਿਚ ਸਭ ਕੁਝ ਸਹਿਣ ਦੀ ਆਦਤ ਪਾ ਲੈਂਦੇ ਹਨ।
ਬਾਪੂ ਬੱਚਿਆਂ ਨੂੰ ਸਵੇਰੇ ਸਕੂਲ ਛੱਡਣ ਜਾਂਦਾ ਹੈ ਅਤੇ ਫਿਰ ਸਕੂਲ ਤੋਂ ਘਰ ਲੈ ਕੇ ਆਉਂਦਾ ਹੈ। ਮਾਂ ਸਾਰਾ ਦਿਨ ਘਰ ਦੇ ਕੰਮ ਕਾਜ-ਰੋਟੀ ਪਕਾਉਣ, ਭਾਂਡੇ ਮਾਂਜਣ ਤੋਂ ਲੈ ਕੇ ਸਾਫ ਸਫਾਈਆਂ ਤੇ ਕੱਪੜੇ-ਲੀੜੇ ਧੋਣ ਵਿਚ ਰੁੱਝ ਜਾਂਦੀ ਹੈ। ਜਿਹੜੇ ਕੰਮ ਬਜ਼ੁਰਗਾਂ ਨੇ ਵਤਨੋਂ ਆਣ ਕੇ ਖੁਸ਼ੀ ਨਾਲ ਕਰਨੇ ਸ਼ੁਰੂ ਕੀਤੇ ਸਨ, ਉਹ ਹੌਲੀ ਹੌਲੀ ਰੁਟੀਨ ਵਿਚ ਉਨ੍ਹਾਂ ਦੇ ਮੋਢਿਆਂ ਦਾ ਭਾਰ ਬਣ ਜਾਂਦੇ ਹਨ। ਹਰ ਹਫਤੇ ਅਗਲੇ-ਪਿਛਲੇ ਵਿਹੜੇ ਦਾ ਘਾਹ ਕੱਟਣਾ, ਫੁੱਲ ਬੂਟਿਆਂ ਦੀ ਵੱਢ ਵਢਾਈ ਵਗੈਰਾ ਬਾਪੂ ਜੀ ਦੀ ਡਿਊਟੀ ਵਿਚ ਆਪਣੇ ਆਪ ਸ਼ਾਮਿਲ ਹੋ ਜਾਂਦੇ ਹਨ।
ਬਾਪੂ ਵੀ ਚਾਹੁੰਦਾ ਹੈ, ਕਦੀ ਕਦਾਈਂ ਉਸ ਦਾ ਪੁੱਤ-ਨੂੰਹ ਉਨ੍ਹਾਂ ਦੇ ਕੋਲ ਬੈਠਣ, ਹਾਲ ਚਾਲ ਪੁੱਛਣ, ਆਪਣੇ ਘਰ ਦੀਆਂ ਗੱਲਾਂ ਵਿਚ ਉਸ ਦੀ ਵੀ ਮਰਜ਼ੀ ਸ਼ਾਮਿਲ ਕਰਨ ਪਰ ਪੁੱਤ-ਨੂੰਹ ਕੋਲ ਸਮਾਂ ਹੀ ਕਿਥੇ ਹੈ? ਉਹ ਬੁੱਢੇ ਬਾਪੂ ਨਾਲ ਕੋਈ ਗੱਲ ਕਿਵੇਂ ਕਰਨ? ਨਵੇਂ ਜ਼ਮਾਨੇ ਦੀਆਂ ਗੱਲਾਂ ਅਤੇ ਕੰਮ ਕਾਜਾਂ ਵਿਚ ਭਲਾ ਪੁਰਾਣੀ ਸੋਚ ਸਮਝ ਰੱਖਣ ਵਾਲੇ ਬਾਪੂ ਨੂੰ ਸ਼ਾਮਿਲ ਕਰਨ ਦੀ ਜ਼ਰੂਰਤ ਹੀ ਕਿਥੇ ਹੈ! ਇਸ ਲਈ ਪੁਰਾਣੇ ਅਤੇ ਨਵੇਂ ਖਿਆਲ ਜਦ ਮੇਚ ਨਹੀਂ ਆਉਂਦੇ ਤਾਂ ਵਖਰੇਵਾਂ ਹੋਰ ਵਧਦਾ ਜਾਂਦਾ ਹੈ। ਬਾਪੂ ਕੁਝ ਹੋਰ ਸੋਚਦਾ ਸੀ ਪਰ ਪੁੱਤਰ ਦੀ ਸੋਚ ਹੋਰ ਹੈ। ਉਸ ਨੂੰ ਬਾਪੂ ਦਾ ਕੋਈ ਸੁਝਾਉ ਜਾਂ ਦਖਲਅੰਦਾਜ਼ੀ ਬਿਲਕੁਲ ਹੀ ਪਸੰਦ ਨਹੀਂ ਪਰ ਉਹ ਹੀ ਪੁੱਤਰ ਜਦ ਫਾਦਰ’ਜ਼ ਡੇਅ ਵਾਲੇ ਦਿਨ ਸਾਲ ਮਗਰੋਂ ਬਾਪੂ ਲਈ ਕੋਈ ਗਿਫਟ ਲੈ ਕੇ ਆਉਂਦਾ ਹੈ ਜਾਂ ਬਾਪੂ ਨੂੰ ਬਾਹਰ ਰੋਟੀ ਖੁਆਉਣ ਲਈ ਆਖਦਾ ਹੈ ਤਾਂ ਬੁੱਢੇ ਬਾਪੂ ਦੀਆਂ ਅੱਖੀਆਂ ਵਿਚ ਲੁਕੋ ਕੇ ਰੱਖੀ ਪੀੜਾ ਸਹਿਜੇ ਹੀ ਬਾਹਰ ਨੂੰ ਨਿਕਲ ਤੁਰਦੀ ਹੈ। ਮੂੰਹੋਂ ਭਾਵੇਂ ਉਹ ਕੁਝ ਵੀ ਨਾ ਬੋਲੇ ਪਰ ਅੰਦਰ ਉਸ ਦੇ ਜਵਾਲਾ ਮੁਖੀ ਫਟਣ ਨੂੰ ਤਿਆਰ ਹੁੰਦਾ ਹੈ। ਬਾਪੂ ਭਾਵੇਂ ਆਪਣੇ ‘ਤੇ ਕਾਬੂ ਪਾ ਕੇ ਰੱਖਦਾ ਹੈ ਪਰ ਉਸ ਦੇ ਅੰਦਰ ਦੀ ਅੱਗ ਉਸ ਨੂੰ ਹਰ ਵੇਲੇ ਹੀ ਸਾੜਦੀ ਰਹਿੰਦੀ ਹੈ ਜਿਸ ਨਾਲ ਉਹ ਆਤਮਿਕ ਅਤੇ ਸਰੀਰਕ ਤੌਰ ‘ਤੇ ਟੁਟਣਾ ਸ਼ੁਰੂ ਹੋ ਜਾਂਦਾ ਹੈ।
ਸਵਾਲ ਹੈ ਕਿ ਅੱਜ ਦੇ ਬੱਚੇ ਬਾਪੂ ਕੋਲ ਕਿੰਨੀ ਕੁ ਵਾਰ ਦੋ ਘੜੀਆਂ ਬੈਠਦੇ ਹਨ, ਹੱਸਦੇ ਖੇਡਦੇ ਹਨ, ਜਾਂ ਉਨ੍ਹਾਂ ਨੂੰ ਕਿਤੇ ਬਾਹਰ-ਅੰਦਰ ਵੀ ਲੈ ਕੇ ਜਾਂਦੇ ਹਨ! ਕਿੰਨੀਆਂ ਕੁ ਖੁਸ਼ੀਆਂ ਬਾਪੂ ਨੂੰ ਦਿੰਦੇ ਹਨ ਅਤੇ ਬਾਪੂ ਕੋਲੋਂ ਕਿੰਨੀਆਂ ਕੁ ਅਸੀਸਾਂ ਲੈਂਦੇ ਹਨ! ਜਵਾਨੀ ਨੂੰ ਤਾਂ ਬਢਾਪੇ ਵੱਲ ਮੁੜ ਕੇ ਵੇਖਣ ਦੀ ਵਿਹਲ ਹੀ ਨਹੀਂ ਹੈ। ਉਸ ਦਾ ਆਪਣਾ ਟਾਈਮ ਬਹੁਤ ਹੀ ਕੀਮਤੀ ਹੈ, ਉਹ ਫਾਲਤੂ ਕੰਮ ਕਿਉਂ ਕਰੇ?
ਇਥੇ ਮੈਂ ਇਹ ਵੀ ਜ਼ਰੂਰ ਕਹਾਂਗੀ ਕਿ ਕੁਝ ਭਾਗਾਂ ਵਾਲੇ ਬੱਚੇ ਇਹੋ ਜਿਹੇ ਵੀ ਹੁੰਦੇ ਹਨ ਜੋ ਆਪਣੇ ਮਾਂ ਬਾਪ ਦਾ ਰੱਜ ਕੇ ਸਤਿਕਾਰ ਕਰਦੇ ਹਨ ਪਰ ਉਨ੍ਹਾਂ ਦੇ ਮਾਂ ਬਾਪ ਡਿਕਟੇਟਰਸ਼ਿਪ ਕਰਨੋਂ ਨਹੀਂ ਮੁੜਦੇ ਅਤੇ ਬੱਚਿਆਂ ਦਾ ਜੀਣਾ ਹਰਾਮ ਕਰ ਰੱਖਦੇ ਹਨ। ਕਈ ਤਾਂ ਬੱਚਿਆਂ ਨੂੰ ਅਲੱਗ ਕਰਕੇ ਸਾਹ ਲੈਂਦੇ ਹਨ। ਇਹੋ ਜਿਹੇ ਸਹਿਣਸ਼ੀਲ ਬੱਚੇ ਹੈਣ ਤਾਂ ਸਹੀ ਪਰ ਬਹੁਤ ਘੱਟ। ਸਾਨੂੰ ਇਹ ਦਿਨ ਮਨਾਉਣ ਵੇਲੇ ਸੋਚਣਾ ਚਾਹੀਦਾ ਹੈ ਕਿ ਮਾਂ-ਬਾਪ ਵੀ ਆਪਣੇ ਬੱਚਿਆਂ ਨੂੰ ਜਾਣ ਬੁੱਝ ਕੇ ਤਕਲੀਫਾਂ ਨਾ ਦੇਣ। ਬੱਚੇ ਵੀ ਮਾਪਿਆਂ ਪ੍ਰਤੀ ਬਣਦੀ ਆਪਣੀ ਜਿੰਮੇਦਾਰੀ ਨਜ਼ਰਅੰਦਾਜ਼ ਨਾ ਕਰਨ ਅਤੇ ਮਾਪਿਆਂ ਦਾ ਮਾਣ ਸਤਿਕਾਰ ਕਰਕੇ ਉਨ੍ਹਾਂ ਨੂੰ ਖੁਸ਼ੀਆਂ ਦੇਣ ਤੇ ਉਨ੍ਹਾਂ ਤੋਂ ਅਸੀਸਾਂ ਲੈਣ।
ਸੋਚਣ ਦੀ ਲੋੜ ਹੈ ਕਿ ਕੁਝ ਸਾਲਾਂ ਬਾਅਦ ਸਾਡੀ ਵੀ ਵਾਰੀ ਆਉਣ ਵਾਲੀ ਹੈ। ਆਪਣੀ ਬੀਜੀ ਹੋਈ ਖੇਤੀ ਸਾਨੂੰ ਆਪ ਹੀ ਵੱਢਣੀ ਪੈਣੀ ਹੈ। ਸੋ, ਇਕ ਦਿਨ ਹੀ ਨਹੀਂ, ਬਾਪੂ ਜੀ ਦਾ ਹਰ ਰੋਜ਼ ਸਤਿਕਾਰ ਕਰੀਏ, ਬਾਪੂ ਦੀ ਸੰਘਣੀ ਛਾਂ ਦਾ ਅਨੰਦ ਮਾਣੀਏ ਅਤੇ ਅਸੀਸਾਂ ਲਈਏ। ਮੇਰੇ ਵਲੋਂ ਸਾਰੀ ਦੁਨੀਆਂ ਦੇ ਪਿਤਾਵਾਂ, ਬਾਪੂਆਂ ਅਤੇ ਡੈਡੀਆਂ ਨੂੰ ਹੈਪੀ ਹੈਪੀ ਫਾਦਰ’ਜ਼ ਡੇਅ!