1980 ਦਾ ਨਿਊ ਯਾਰਕ

ਗੁਲਜ਼ਾਰ ਸਿੰਘ ਸੰਧੂ
ਇਹ ਕਾਲਮ ਮੇਰੀ ਸਵੈਜੀਵਨੀ ਦਾ ਅੰਸ਼ ਹੈ।
ਜੇ ਕਿਸੇ ਨੇ ਉਤਰੀ ਧਰੁਵ ਦਾ ਦੱਖਣੀ ਧਰੁਵ ਨਾਲ ਟਾਕਰਾ ਕਰਨਾ ਹੋਵੇ ਤਾਂ ਨਿਊ ਯਾਰਕ ਦੇ ਆਰਥਿਕ, ਸਭਿਆਚਾਰਕ ਤੇ ਸਮਾਜਿਕ ਜੀਵਨ ਨੂੰ ਪ੍ਰਯੋਗਸ਼ਾਲਾ ਵਜੋਂ ਵਰਤਿਆ ਜਾ ਸਕਦਾ ਹੈ। ਇਥੇ ਇਕ ਪਾਸੇ ਹਵਾ ਨਾਲ ਗੱਲਾਂ ਕਰਦੀਆਂ ਬਹੁਮੰਜਲੀ ਇਮਾਰਤਾਂ ਵੇਖੀਆਂ ਜਾ ਸਕਦੀਆਂ ਹਨ ਤੇ ਦੂਜੇ ਪਾਸੇ ਗੰਦਗੀ ਨਾਲ ਭਰੀਆਂ ਬਦਬੂ ਮਾਰਦੀਆਂ ਬਸਤੀਆਂ। ਇਕ ਪਾਸੇ ਪੈਦਲ ਤੁਰਨ ਵਾਲਿਆਂ ਦਾ ਭੀੜ ਭੜੱਕਾ ਤੇ ਦੂਜੇ ਪਾਸੇ ਹਾਰਨ ਵਜਾਉਂਦੇ ਟ੍ਰੈਫਿਕ ਜਾਮ।

ਇਹ ਕਮਾਲ ਦਾ ਸ਼ਹਿਰ ਹੈ ਜੋ ਪਲ ਭਰ ਵੀ ਅਮੀਰਾਂ ਦੀ ਚੂਹਾ ਦੌੜ ਤੇ ਘੱਟ ਪੈਸੇ ਵਾਲਿਆਂ ਦੀ ਰੱਸਾਕਸ਼ੀ ਦਾ ਸ਼ਿਕਾਰ ਨਾ ਹੋਇਆ ਹੋਵੇ। ਜੇ ਕਿਸੇ ਨੇ ਨਿਰਾਰਥਕ ਪਦਾਰਥਵਾਦ ਹੱਥੀਂ ਨਾਗਰਿਕਤਾ ਦਾ ਕਤਲ ਹੁੰਦਾ ਵੇਖਣਾ ਹੋਵੇ ਤਾਂ ਉਹ ਇਥੇ ਆ ਕੇ ਨਿਰਾਸ਼ ਨਹੀਂ ਜਾ ਸਕਦਾ। ਨਿਊ ਯਾਰਕ ਨੂੰ ਦੂਰ ਦੁਰੇਡੇ ਦੇਸ਼ਾਂ ਤੋਂ ਆਏ ਆਵਾਸੀਆਂ ਨੇ ਹੀ ਕਤਲ ਨਹੀਂ ਕੀਤਾ, ਦੂਜੀਆਂ ਸਟੇਟਾਂ ਦੇ ਅਮਰੀਕਨ ਵੀ ਇਥੇ ਆ ਕੇ ਵੱਸੇ ਬਿਨਾ ਸਾਹ ਨਹੀਂ ਲੈਂਦੇ। ਇਹ ਆਵਾਸੀ ਲੋਕ ਵੈਲਫੇਅਰ ਸਕੀਮਾਂ ਨੂੰ ਹੜੱਪ ਕਰਦੇ ਅਤੇ ਸਿਹਤ, ਵਿਦਿਆ, ਪਾਣੀ ਤੇ ਬਿਜਲੀ ਦਾ ਸੰਕਟ ਪੈਦਾ ਕਰਦੇ ਹਨ।
ਮੈਂ ਮਿਥੀ ਤਿਥੀ ਨਾਲੋਂ ਇੱਕ ਦਿਨ ਪਹਿਲਾਂ ਅਮਰੀਕਾ ਪਹੁੰਚ ਗਿਆ ਸਾਂ। ਰਾਤ ਕੱਟਣ ਲਈ ਸਸਤਾ ਜਿਹਾ ਹੋਟਲ ਲੱਭ ਲਿਆ। ਰਾਤ ਦਾ ਖਾਣਾ ਖਿਲਾਉਣ ਵਾਲੀਆਂ ਨਿੱਕੀਆਂ-ਨਿੱਕੀਆਂ ਗੋਰੀਆਂ ਸਨ। ਮੇਰੇ ਲਈ ਇਹ ਬੜਾ ਅਜੀਬ ਸੀ।
ਰਾਤ ਨੂੰ ਸੌਣ ਲੱਗਿਆ ਤਾਂ ਸਰਹਾਣੇ ਵਾਲੀ ਦਰਾਜ ਵਿਚ ਇਕ ਕਾਗਜ਼ ਉਤੇ ਕੁਝ ਹਦਾਇਤਾਂ ਲਿਖੀਆਂ ਸਨ। ਉਨ੍ਹਾਂ ਵਿਚੋਂ ਇਕ ਇਹ ਸੀ ਕਿ ਜੇ ਤੁਸੀਂ ਦੁਨੀਆਂ ਦੇ ਮਜ਼ੇ ਲੈਣੇ ਹੋਣ ਤਾਂ ਸਰਹਾਣੇ ਬਣੀ ਇਕ ਨਿੱਕੀ ਜਿਹੀ ਮੋਰੀ ਵਿਚ ਇਕ ਸਿੱਕਾ ਪਾ ਕੇ ਲੇਟ ਜਾਓ। ਇਹ ਸਿੱਕਾ ਕਿੰਨਾ ਸੀ, ਮੈਨੂੰ ਹੁਣ ਚੇਤੇ ਨਹੀਂ ਪਰ ਹੈ ਸੀ ਇਕ ਡਾਲਰ ਦਾ ਅੱਧਾ ਜਾਂ ਚੌਥਾ ਹਿੱਸਾ। ਕੁਦਰਤੀ ਲੋੜੀਂਦਾ ਸਿੱਕਾ ਮੇਰੀ ਜੇਬ ਵਿਚ ਹੈ ਸੀ।
ਮੈਂ ਮਜ਼ਾ ਲੈਣ ਦਾ ਫੈਸਲਾ ਕਰ ਲਿਆ ਪਰ ਅੰਦਰੋਂ ਡਰਾਂ ਕਿ ਇਸ ਵਿਚ ਕੋਈ ਠੱਗੀ ਜ਼ਰੂਰ ਹੋਵੇਗੀ। ਅਮਰੀਕਾ ਨੂੰ ਮੇਰੇ ਕਾਮਰੇਡ ਮਿੱਤਰ ਠੱਗਾਂ ਦਾ ਦੇਸ਼ ਕਹਿੰਦੇ ਹਨ। ਲੁੱਟਣ ਨੂੰ ਮੇਰੇ ਕੋਲ ਕੁਝ ਵੀ ਨਹੀਂ ਸੀ। ਫੇਰ ਵੀ ਕੋਈ ਹਬਸ਼ੀ ਆ ਕੇ ਡਰਾ ਸਕਦਾ ਸੀ ਜਾਂ ਕੋਈ ਗੋਰੀ ਆ ਕੇ ਭਰਮਾ ਸਕਦੀ ਸੀ। ਇਨ੍ਹਾਂ ਡਰਾਂ ਦੇ ਬਾਵਜੂਦ ਮੇਰਾ ਮਨ ਸਿੱਕੇ ਦਾ ਕ੍ਰਿਸ਼ਮਾ ਵੇਖਣ ਲਈ ਬਜ਼ਿਦ ਸੀ। ਮੈਂ ਇਹਤਿਆਤ ਵਜੋਂ ਆਪਣੇ ਇਸ ਨਿੱਕੇ ਜਿਹੇ ਕਮਰੇ ਦੀਆਂ ਖਿੜਕੀਆਂ, ਰੋਸ਼ਨਦਾਨ ਤੇ ਹੋਰ ਝੀਤਾਂ ਬੰਦ ਕਰਨ ਪਿੱਛੋਂ ਦਰਵਾਜ਼ਾ ਵੀ ਬੰਦ ਕਰ ਲਿਆ।
ਜਦੋਂ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਹੁਣ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚ ਸਕਦਾ ਤਾਂ ਮੈਂ ਲਿਖੀ ਹੋਈ ਹਦਾਇਤ ਅਨੁਸਾਰ ਬੈਡ ਉਤੇ ਲੰਮਾ ਪੈ ਕੇ ਲੋੜੀਂਦਾ ਸਿੱਕਾ ਸਬੰਧਤ ਮੋਰੀ ਵਿਚ ਖਿਸਕਾ ਦਿੱਤਾ। ਮੇਰੇ ਬੈਡ ਵਿਚੋਂ ਸੰਗੀਤ ਦੀਆਂ ਮਿੱਠੀਆਂ-ਮਿੱਠੀਆਂ ਆਵਾਜ਼ਾਂ ਆਉਣ ਲੱਗੀਆਂ ਤੇ ਮੇਰੀ ਪਿੱਠ ਦੇ ਥੱਲੇ ਇਕ ਤਰ੍ਹਾਂ ਦੀ ਛਣਕਾਹਟ ਹੋਣ ਲੱਗ ਪਈ। ਕੁਝ ਏਸ ਤਰ੍ਹਾਂ ਜਿਵੇਂ ਬੈਡ ਵਿਚ ਸਪਰਿੰਗ ਲੱਗੇ ਹੋਣ ਤੋਂ ਉਹ ਖਾਸ ਤਰਤੀਬ ਨਾਲ ਹਿੱਲ ਕੇ ਮੇਰੇ ਥੱਕੇ ਹੋਏ ਜਿਸਮ ਨੂੰ ਸਹਿਲਾ ਰਹੇ ਹੋਣ। ਮਿੰਟਾਂ ਸਕਿੰਟਾਂ ਵਿਚ ਸੰਗੀਤ ਤੇ ਸਪਰਿੰਗਾਂ ਦੀ ਛਣਛਣਾਹਟ ਬਹੁਤ ਤੇਜ਼ ਹੋ ਗਈ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਸੌਂ ਗਿਆ।
ਅਗਲੇ ਦਿਨ ਆਪਣੇ ਕੰਮ ਵਾਲੀ ਥਾਂ ਜਾਣ ਲਈ ਹੋਟਲ ਵਿਚੋਂ ਨਿਕਲਿਆ ਤਾਂ ਕੀ ਦੇਖਦਾ ਹਾਂ। ਲੋਕ ਵਕਤ ਦੇ ਬੜੇ ਪਾਬੰਦ ਹਨ। ਸਮੇਂ ਸਿਰ ਕੰਮ Ḕਤੇ ਜਾਣਾ ਤੇ ਸਮੇਂ ਸਿਰ ਕੰਮ ਨਿਪਟਾ ਕੇ ਘਰ ਨੂੰ ਭੱਜਣਾ ਆਮ ਗੱਲ ਹੈ। ਹਰ ਕਿਸੇ ਦੀ ਚਾਲ ਵਿਚ ਤੇਜ਼ੀ ਹੈ। ਅਨੇਕਾਂ ਲੋਕ ਸੜਕ Ḕਤੇ ਤੁਰੇ ਜਾਂਦੇ ਗਲੇ ਤੇ ਬਾਹਾਂ ਦੇ ਬਟਨ ਬੰਦ ਕਰਦੇ, ਟੋਪੀ ਦੇ ਥੱਲੇ ਵਾਲ ਸੰਵਾਰਦੇ, ਨਕਟਾਈ ਸਿੱਧੀ ਕਰਦੇ, ਤੇ ਭੱਜੇ ਜਾਂਦੇ ਬਰੇਕਫਾਸਟ ਖਾ ਰਹੇ ਹੁੰਦੇ ਹਨ। ਸਭ ਤੋਂ ਚੌਕਸੀ ਦੀ ਲੋੜ ਸੜਕ ਪਾਰ ਕਰਨ ਵੇਲੇ ਹੁੰਦੀ ਹੈ। ਜੇ ਬੱਤੀ ਲਾਲ ਹੈ ਤਾਂ ਕੋਈ ਮਜਾਲ ਨਹੀਂ ਕਿ ਤੁਸੀਂ ਇਕ ਇੰਚ ਵੀ ਅੱਗੇ ਸਰਕ ਸਕੋ। ਜਦੋਂ ਬੱਤੀ ਹਰੀ ਹੁੰਦੀ ਹੈ ਤਾਂ ਪਾਰ ਕਰਨ ਵਾਲੇ ਇੰਜ ਦੌੜਦੇ ਹਨ ਜਿਵੇਂ ਉਨ੍ਹਾਂ ਦੇ ਪਿੱਛੇ ਪੁਲਿਸ ਲੱਗੀ ਹੋਈ ਹੋਵੇ। ਹਰ ਕੋਈ ਨੱਕ ਦੀ ਸੇਧ ਵਿਚ ਦੌੜਦਾ ਹੈ, ਨਾ ਖੱਬੇ ਦੇਖਦਾ ਹੈ ਤੇ ਨਾ ਸੱਜੇ।
ਸੜਕ ਪਾਰ ਕਰਨ ਲਈ ਭੀੜ ਜਮ੍ਹਾ ਸੀ। ਕੰਮ ਤੋਂ ਲੇਟ ਹੋਏ ਸਾਹਿਬ ਤੇ ਮੇਮਾਂ ਸੜਕ ਦੇ ਪਾਰ ਖੜ੍ਹੇ ਲੂਰ੍ਹੀਆਂ ਲੈ ਰਹੇ ਸਨ ਜਿਵੇਂ ਸੌ ਮੀਟਰ ਦੀ ਰੇਸ ਲਾਉਣ ਵਾਲੇ ਖਿਡਾਰੀ ਸੀਟੀ ਦੀ ਆਵਾਜ਼ ਲਈ ਕੰਨ ਖੋਲ੍ਹ ਕੇ ਖੜੇ ਹੁੰਦੇ ਹਨ। ਹਰੀ ਬੱਤੀ ਹੁੰਦਿਆਂ ਸਾਰ ਮੈਂ ਵੀ ਉਨ੍ਹਾਂ ਦੇ ਪਿੱਛੇ ਦੂਜੇ ਪਾਰ ਜਾਣ ਲਈ ਸ਼ੂਟ ਵੱਟ ਲਈ। ਅੱਧ-ਵਿਚਕਾਰ ਗਿਆ ਤਾਂ ਕਿਸੇ ਨੇ ਉਚੀ ਆਵਾਜ਼ ਵਿਚ ਬੜੇ ਤਪਾਕ ਨਾਲ ਸਤਿ ਸ੍ਰੀ ਅਕਾਲ ਕਿਹਾ। ਕਾਹਲੀ ਵਿਚ ਮੈਂ ਉਤਰ ਵੀ ਨਹੀਂ ਦੇ ਸਕਿਆ। ਪਰ ਇਕਦਮ ਬਿਜਲੀ ਦੀ ਰਫਤਾਰ ਨਾਲ ਫੁਰਨਾ ਫੁਰਨ ਤੋਂ ਪਿੱਛੋਂ ਉਨ੍ਹੀਂ ਕਦਮੀਂ ਪਿੱਛੇ ਨੂੰ ਮੁੜ ਗਿਆ, ਉਸ ਨੌਜਵਾਨ ਨਾਲ ਗੱਲ ਕਰਨ ਲਈ, ਜਿਸ ਨੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਸੀ। ਮੈਨੂੰ ਕੋਈ ਕਾਹਲ ਨਹੀਂ ਸੀ। ਉਸ ਦੀ ਕਾਹਲ ਦਾ ਮੈਨੂੰ ਪਤਾ ਨਹੀਂ ਸੀ। ਗੱਲ ਕਰਨ ਵਿਚ ਕੀ ਹਰਜ ਹੈ? ਸ਼ਾਇਦ ਮੈਨੂੰ ਜਾਣਦਾ ਹੀ ਹੋਵੇ।
ਸਭ ਕੁਝ ਐਨੀ ਫੁਰਤੀ ਨਾਲ ਹੋਇਆ ਕਿ ਮੈਂ ਇਸ ਵਾਕਫ ਦੇ ਨਾਲੋ ਨਾਲ ਉਸੇ ਪਟੜੀ ਉਤੇ ਆ ਗਿਆ ਜਿਸ ਤੋਂ ਮੈਂ ਦੂਜੇ ਪਾਸੇ ਨੂੰ ਭੱਜਿਆ ਸੀ। ਆਪਣੇ ḔਵਾਕਫḔ ਨੂੰ ਮੁਖਾਤਬ ਹੁੰਦਿਆਂ ਸਾਰ ਮੈਂ ਬੋਲਿਆ, Ḕਮੇਰਾ ਨਾਂ ਗੁਲਜ਼ਾਰ ਸਿੰਘ ਹੈ, ਮੈਂ ਦਿੱਲੀ ਤੋਂ ਹਾਂ।Ḕ
Ḕਮੇਰਾ ਨਾਂ ਨੂਰ ਮੁਹੰਮਦ ਹੈ, ਮੈਂ ਰਾਵਲਪਿੰਡੀ ਤੋਂ ਹਾਂ।Ḕ ਉਸ ਨੇ ਤੁਰੰਤ ਉਤਰ ਦਿੱਤਾ। ਉਹ ਮੈਨੂੰ ਜਾਣਦਾ ਨਹੀਂ ਸੀ। ਪਾਕਿਸਤਾਨੀ ਲਈ ਮੇਰੀ ਪਗੜੀ ਤੇ ਦਾੜ੍ਹੀ ਤੋਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਸੀ ਕਿ ਮੈਂ ਸਿੱਖ ਸਾਂ ਤੇ ਸਤਿ ਸ੍ਰੀ ਅਕਾਲ ਦੇ ਬੋਲ ਮੈਨੂੰ ਖੁਸ਼ ਕਰ ਸਕਦੇ ਸਨ। ਮੇਰੇ ਮਨ ਉਤੇ ਉਸ ਦੇ ਤੱਪਾਕ ਨੇ ਜਿਹੜਾ ਪ੍ਰਭਾਵ ਪਾਇਆ, ਮੈਂ ਮਿੱਤਰ ਮਹਿਫਿਲਾਂ ਵਿਚ ਅਨੇਕ ਵਾਰੀ ਦੁਹਰਾ ਚੁੱਕਿਆ ਹਾਂ।
ਅੰਤਿਕਾ: ਮਿਰਜ਼ਾ ਗਾਲਿਬ
ਬਨਾ ਕਰ ਫਕੀਰੋ ਕਾ ਹਮ ਭੇਸ ਗਾਲਿਬ
ਤਮਾਸ਼ਾ ਏ ਅਹਿਲ ਏ ਕਰਮ ਦੇਖਤੇ ਹੈਂ।