ਮਨਮੋਹਨ ਸਿੰਘ ‘ਤੇ ਬਣ ਰਹੀ ਫਿਲਮ ਦੀਆਂ ਗੁੱਝੀਆਂ ਰਮਜ਼ਾਂ

ਗੁਰਜੰਟ ਸਿੰਘ
ਸਾਬਕਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਅਤੇ ਪੱਤਰਕਾਰ ਸੰਜੇ ਬਾਰੂ ਦੀ 2014 ਵਿਚ ਛਪੀ ਕਿਤਾਬ ਉਤੇ ਫਿਲਮ ਬਣਾਉਣ ਦਾ ਐਲਾਨ ਹੋ ਗਿਆ ਹੈ। ਇਹ ਫਿਲਮ 2019 ਵਿਚ ਆ ਰਹੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਰਿਲੀਜ਼ ਕਰਨ ਦੀ ਯੋਜਨਾ ਹੈ। ਯਾਦ ਰਹੇ ਕਿ ਕਿਤਾਬ ਵਿਚ ਸੰਜੇ ਬਾਰੂ ਨੇ ਕੁਝ ਮਾਮਲਿਆਂ ‘ਤੇ ਡਾæ ਮਨਮੋਹਨ ਸਿੰਘ ਦੀ ਬੜੀ ਤਿੱਖੀ ਆਲੋਚਨਾ ਕੀਤੀ ਹੋਈ ਹੈ।

ਇਸ ਵਿਚ ਸਾਫ਼ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ‘ਤੇ ਉਨ੍ਹਾਂ ਦਾ ਕੋਈ ਕੰਟਰੋਲ ਨਹੀਂ ਸੀ। ਵੱਖ ਵੱਖ ਵਿਭਾਗਾਂ ਦੀਆਂ ਫਾਈਲਾਂ ਡਾæ ਮਨਮੋਹਨ ਸਿੰਘ ਦੇ ਟੇਬਲ ‘ਤੇ ਪੁੱਜਣ ਦੀ ਥਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਘਰੇ ਪੁੱਜ ਜਾਂਦੀਆਂ ਸਨ। ਇਸ ਬਾਰੇ ਚਰਚਾ ਤਾਂ ਮੀਡੀਆ ਵਿਚ ਵੀ ਹੁੰਦੀ ਰਹੀ ਹੈ। ਸੋਨੀਆ ਗਾਂਧੀ ਦੇ ਫ਼ਰਜ਼ੰਦ ਅਤੇ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਤਾਂ ਦੋ ਤਿੰਨ ਵਾਰ ਡਾæ ਮਨਮੋਹਨ ਸਿੰਘ ਨੂੰ ਨਾਮੋਸ਼ੀ ਵਾਲੀ ਹਾਲਤ ਵਿਚ ਵੀ ਧੱਕ ਦਿੱਤਾ ਸੀ। ਸੰਜੇ ਬਾਰੂ ਆਪਣੀ ਕਿਤਾਬ ਵਿਚ ਲਿਖਦਾ ਹੈ ਕਿ ਉਸ ਵੇਲੇ ਡਾæ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਪਾਸੇ ਹੋ ਜਾਣਾ ਚਾਹੀਦਾ ਸੀ, ਪਰ ਉਹ ਅਜਿਹਾ ਨਹੀਂ ਕਰ ਸਕੇ। ਹੋਰ ਤਾਂ ਹੋਰ ਉਨ੍ਹਾਂ ਦੀ ਸਰਕਾਰ ਦੌਰਾਨ ਸਿਰੇ ਦੇ ਘਪਲੇ ਹੋਏ ਪਰ ਪ੍ਰਧਾਨ ਮੰਤਰੀ ਇਸ ਬਾਰੇ ਟੋਹ ਤੱਕ ਨਾ ਲਾ ਸਕੇ। ਇਹ ਸਾਰੀਆਂ ਗੱਲਾਂ ਇਸ ਕਿਤਾਬ ਦਾ ਹਿੱਸਾ ਹਨ ਜੋ ਹੁਣ ਆਰæਐਸ਼ਐਸ ਪੱਖੀ ਦਸਤਾਵੇਜ਼ੀ ਫਿਲਮਸਾਜ਼ ਅਸ਼ੋਕ ਪੰਡਿਤ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ।
ਇਸ ਫਿਲਮ ਦੇ ਨਿਰਦੇਸ਼ਨ ਦਾ ਜ਼ਿੰਮਾ ਨਵੇਂ ਫਿਲਮਸਾਜ਼ ਵਿਜੇ ਰਤਨਾਕਰ ਗੱਟੇ ਨੂੰ ਦਿੱਤਾ ਗਿਆ ਹੈ। ਫਿਲਮ ਦੀ ਪਟਕਥਾ ਕੌਮੀ ਪੁਰਸਕਾਰ ਜੇਤੂ ਫਿਲਮਸਾਜ਼ ਹੰਸਲ ਮਹਿਤਾ ਜਿਸ ਦੀਆਂ ਕਈ ਫਿਲਮਾਂ (ਸ਼ਾਹਿਦ, ਅਲੀਗੜ੍ਹ, ਸਿਟੀ ਲਾਈਟਸ) ਬਹੁਤ ਚਰਚਾ ਕਰਵਾ ਚੁੱਕੀਆਂ ਹਨ। ਸਿਆਸੀ ਮਾਹਿਰਾਂ ਅਨੁਸਾਰ ਇਹ ਫਿਲਮ ਅਗਲੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਵਜੋਂ ਹੀ ਤਿਆਰ ਕਰਵਾਈ ਜਾ ਰਹੀ ਹੈ ਤਾਂ ਕਿ ਕਾਂਗਰਸ ਤੇ ਡਾæ ਮਨਮੋਹਨ ਸਿੰਘ ਨੂੰ ਠਿੱਠ ਕੀਤਾ ਜਾ ਸਕੇ ਅਤੇ ਆਮ ਲੋਕਾਂ ਨੂੰ ਇਕ ਵਾਰ ਫਿਰ ਇਨ੍ਹਾਂ ਲੋਕਾਂ ਦੀਆਂ ਨਾਕਾਮੀਆਂ ਬਾਰੇ ਚੇਤੇ ਕਰਵਾਇਆ ਜਾ ਸਕੇ। ਯਾਦ ਰਹੇ ਕਿ ਭਾਰਤੀ ਜਨਤਾ ਪਾਰਟੀ ਦੀ 2014 ਵਾਲੀਆਂ ਲੋਕ ਸਭਾ ਚੋਣਾਂ ਵਿਚ ਜਿੱਤ ਦਾ ਸਭ ਤੋਂ ਵੱਡਾ ਕਾਰਨ ਕਾਂਗਰਸ ਤੇ ਡਾæ ਮਨਮੋਹਨ ਸਿੰਘ ਦੀਆਂ ਨਾਕਾਮੀਆਂ ਅਤੇ ਭ੍ਰਿਸ਼ਟਾਚਾਰ ਹੀ ਬਣਿਆ ਸੀ। ਉਂਜ ਹੁਣ ਦੇਖਣਾ ਇਹ ਹੈ ਕਿ ਇਸ ਫਿਲਮ ਦਾ ਆਮ ਲੋਕਾਂ ‘ਤੇ ਅਸਰ ਕਿੰਨਾ ਪੈਂਦਾ ਹੈ। ਇਹ ਨੁਕਤਾ ਵੀ ਮੀਡੀਆ ਵਿਚ ਉਡ ਰਿਹਾ ਹੈ ਕਿ ਡਾæ ਮਨਮੋਹਨ ਸਿੰਘ ਦੀ ਮਨਜ਼ੂਰੀ ਤੋਂ ਬਿਨਾਂ ਇਹ ਫਿਲਮ ਬਣ ਵੀ ਸਕਦੀ ਹੈ ਜਾਂ ਨਹੀਂ? ਫਿਲਮ ਵਿਚ ਮਨਮੋਹਨ ਸਿੰਘ ਵਾਲਾ ਕਿਰਦਾਰ ਅਨੁਪਮ ਖੇਰ ਨਿਭਾਅ ਰਿਹਾ ਹੈ।