ਪੰਜਾਬ ਵਿਚ ਖਾੜਕੂਵਾਦ ਦਾ ਹਊਆ

ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਪਿਛਲੇ ਇਕ ਮਹੀਨੇ ਵਿਚ ਬੱਬਰ ਖਾਲਸਾ ਤੇ ਹੋਰ ਗਰਮਖਿਆਲੀ ਜਥੇਬੰਦੀਆਂ ਨਾਲ ਸਬੰਧਤ ਡੇਢ ਦਰਜਨ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਨੇ ਆਉਂਦੇ ਦਿਨਾਂ ਵਿਚ ਕਿਸੇ ਵੱਡੀ ਆਫਤ ਵੱਲ ਸੰਕੇਤ ਕੀਤਾ ਹੈ। ਪੁਲਿਸ ਦੀ ਮੁਢਲੀ ਪੁੱਛ-ਪੜਤਾਲ ਇਹੀ ਦਾਅਵਾ ਕਰਦੀ ਹੈ ਕਿ ਇਨ੍ਹਾਂ ਨੌਜਵਾਨਾਂ ਦਾ ਸੰਪਰਕ ਪਾਕਿਸਤਾਨ ਖੁਫੀਆ ਏਜੰਸੀ ਆਈæਐਸ਼ਆਈæ ਨਾਲ ਸੀ

ਅਤੇ ਇਨ੍ਹਾਂ ਦਾ ਮੁੱਖ ਨਿਸ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸੀ। ਪਟਿਆਲਾ ਵਿਚ ਕੰਪਿਊਟਰ ਇੰਜੀਨੀਅਰ ਰਜਤਵੀਰ ਸਿੰਘ ਸੋਢੀ ਵੱਲੋਂ ਘਰ ਵਿਚ ਬੰਬ ਬਣਾਉਣ ਦੇ ਮਾਮਲੇ ਨੂੰ ਵੀ ਇਨ੍ਹਾਂ ਸਰਗਰਮੀਆਂ ਨਾਲ ਜੋੜਿਆ ਜਾ ਰਹੀ ਹੈ। ਤਲਾਸ਼ੀ ਦੌਰਾਨ ਇਸ ਇੰਜੀਨੀਅਰ ਦੇ ਘਰੋਂ ਵੱਡੀ ਮਾਤਰਾ ਵਿਚ ਬੰਬ ਬਣਾਉਣ ਵਾਲਾ ਸਾਜ਼ੋ-ਸਾਮਾਨ ਅਤੇ ਵਿਸਫੋਟਕ ਸਮੱਗਰੀ ਬਰਾਮਦ ਹੋਈ ਹੈ, ਪਰ ਪੁਲਿਸ ਅਜੇ ਇਹ ਪਤਾ ਲਾਉਣ ਵਿਚ ਨਾਕਾਮ ਰਹੀ ਹੈ ਕਿ ਇਹ ਵਿਸਫੋਟਕ ਸਮੱਗਰੀ ਕਿਸ ਮਕਸਦ ਲਈ ਵਰਤੀ ਜਾਣੀ ਸੀ।
ਯਾਦ ਰਹੇ ਕਿ ਰਜਤਵੀਰ ਸਿੰਘ ਨੇ ਪੁਲਿਸ ਹੱਥ ਆਉਣ ਦੇ ਡਰੋਂ ਆਪਣੇ ਮੱਥੇ ਵਿਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਉਸ ਦਾ ਪਿਤਾ ਪੁਲਿਸ ਹਿਰਾਸਤ ਵਿਚ ਹੈ। ਇਹ ਸਦਮਾ ਨਾ ਸਹਾਰਦੇ ਹੋਏ ਰਜਤਵੀਰ ਦੀ ਮਾਂ ਨੇ ਫਾਹਾ ਲੈ ਲਿਆ। ਉਧਰ, ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫਤਾਰ ਕੀਤੇ ਨੌਜਵਾਨਾਂ ਦੇ ਸਬੰਧ ਵੱਖ-ਵੱਖ ਖਾੜਕੂ ਜਥੇਬੰਦੀਆਂ ਨਾਲ ਹਨ, ਪਰ ਇਨ੍ਹਾਂ ਦਾ ਮਕਸਦ ਇਕ ਹੀ ਹੈ। ਗ੍ਰਿਫਤਾਰ ਕੀਤੇ ਗੁਰਦਿਆਲ ਸਿੰਘ, ਜਗਰੂਪ ਸਿੰਘ ਅਤੇ ਸਤਵਿੰਦਰ ਸਿੰਘ ਨੂੰ ਪਾਕਿਸਤਾਨ ਅਧਾਰਤ ਆਈæਐਸ਼ਵਾਈæਐਫ਼ ਦੇ ਮੁਖੀ ਲਖਬੀਰ ਰੋਡੇ ਅਤੇ ਹਰਮੀਤ ਸਿੰਘ ਉਰਫ ਹੈਪੀ ਉਰਫ ਪੀਐਚæਡੀæ ਅਤੇ ਆਈæਐਸ਼ਆਈæ ਨੇ ਸਿਖਲਾਈ ਦੇ ਕੇ ‘ਪੰਥ ਵਿਰੋਧੀ’ ਤਾਕਤਾਂ ਨੂੰ ਨਿਸ਼ਾਨਾ ਬਣਾਉਣ ਦਾ ਕਾਰਜ ਸੌਂਪਿਆ ਸੀ। ਮੁਢਲੀ ਪੜਤਾਲ ਵਿਚ ਪਤਾ ਲੱਗਾ ਹੈ ਕਿ 21 ਮਈ ਨੂੰ ਅੰਮ੍ਰਿਤਸਰ ਵਿਚ ਅੰਤਰਰਾਸ਼ਟਰੀ ਸਰਹੱਦ ਨੇੜਿਓਂ ਬੀæਐਸ਼ਐਫ਼ ਵੱਲੋਂ ਫੜੀ ਗਈ ਹਥਿਆਰ ਤੇ ਗੋਲੀ-ਸਿੱਕੇ ਦੀ ਖੇਪ ਆਈæਐਸ਼ਵਾਈæਐਫ਼ ਵੱਲੋਂ ਸਪਲਾਈ ਕੀਤੀ ਗਈ ਸੀ। ਬੀæਐਸ਼ਐਫ਼ ਨੇ ਪਿਛਲੇ ਮਹੀਨੇ ਮਾਨ ਸਿੰਘ ਅਤੇ ਸ਼ੇਰ ਸਿੰਘ ਨਾਂ ਦੇ ਦੋ ਨੌਜਵਾਨਾਂ ਨੂੰ ਉਦੋਂ ਗ੍ਰਿਫਤਾਰ ਕਰ ਲਿਆ ਸੀ ਜਦੋਂ ਉਹ ਇਹ ਖੇਪ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਗੁਰਦਿਆਲ ਸਿੰਘ ਗਰੋਹ ਦਾ ਮੁਖੀ ਹੈ ਅਤੇ ਜਰਮਨ ਦੇ ਬਲਵੀਰ ਸਿੰਘ ਸੰਧੂ ਨੇ ਲਖਬੀਰ ਸਿੰਘ ਰੋਡੇ ਨਾਲ ਉਸ ਦੀ ਮੁਲਾਕਾਤ ਕਰਵਾਈ ਸੀ। ਗੁਰਦਿਆਲ ਤੇ ਜਗਰੂਪ ਨੂੰ ਭਾਰਤ ਵਿਚ ਹਮਲੇ ਕਰਨ ਦਾ ਕਾਰਜ ਸੌਂਪਿਆ ਗਿਆ ਸੀ ਅਤੇ ਉਨ੍ਹਾਂ ਨੂੰ ‘ਪੰਥ ਵਿਰੋਧੀ ਸ਼ਕਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਕ ਔਰਤ ਸਮੇਤ ਗ੍ਰਿਫਤਾਰ ਕੀਤੇ ਇਕ ਹੋਰ ਗਰੁੱਪ ਨੇ ਨਵਾਂ ਸੰਗਠਨ ਵੀਰ ਖਾਲਸਾ ਜਥਾ ਬਣਾਇਆ ਗਿਆ ਸੀ, ਜਿਸ ਵਿਚ ਹੁਣ ਤੱਕ ਕਰੀਬ 20 ਤੋਂ ਜ਼ਿਆਦਾ ਨੌਜਵਾਨ ਜੁੜ ਚੁੱਕੇ ਸਨ। ਇਨ੍ਹਾਂ ਦੇ ਨਿਸ਼ਾਨੇ ‘ਤੇ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਸਮੇਤ ਕਈ ਆਗੂ ਸਨ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਚਾਰ ਮੁਲਜ਼ਮਾਂ ਨੂੰ ਇੰਗਲੈਂਡ, ਜਰਮਨੀ ਤੇ ਕੈਨੇਡਾ ਤੋਂ ਫੰਡ ਮੁਹੱਈਆ ਕਰਵਾਇਆ ਜਾ ਰਿਹਾ ਸੀ। ਸੰਗਠਨ ਦੇ ਤਿੰਨ ਮੈਂਬਰਾਂ ਨੇ ਦੋ ਹਫਤੇ ਪਹਿਲਾਂ ਬਿਹਾਰ ਜਾ ਕੇ ਹਥਿਆਰ ਖਰੀਦੇ ਸਨ। ਕੁਝ ਹਥਿਆਰ ਇਹ ਨਾਲ ਲੈ ਕੇ ਆਏ ਸਨ ਅਤੇ ਬਾਕੀ ਹਥਿਆਰ ਬਿਹਾਰ ਦੇ ਅਸਲਾ ਵੇਚਣ ਵਾਲੇ ਗੌਰਵ ਕੁਮਾਰ ਵੱਲੋਂ ਪੰਜਾਬ ਵਿਚ ਤਿੰਨ ਜੂਨ ਤੋਂ ਬਾਅਦ ਦਿੱਤੇ ਜਾਣੇ ਸੀ।
ਇਨ੍ਹਾਂ ਦੀ ਨਿਸ਼ਾਨਦੇਹੀ ‘ਤੇ ਮੁਹਾਲੀ ਪੁਲਿਸ ਨੇ ਰਮਨਦੀਪ ਸਿੰਘ ਅਤੇ ਪਰਮਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਕੋਲੋਂ æ32 ਬੋਰ ਦਾ ਪਿਸਤੌਲ ਤੇ ਦੋ ਕਾਰਤੂਸ ਅਤੇ æ9 ਐਮæਐਮæ ਦੇ 3 ਕਾਰਤੂਸ ਬਰਾਮਦ ਹੋਏ ਹਨ। ਗੁਰਦਿਆਲ ਤੇ ਬਲਵੀਰ ਦੋਵਾਂ ਦਾ ਪਿਛੋਕੜ ਖਾੜਕੂਵਾਦ ਲਹਿਰ ਨਾਲ ਸਬੰਧਤ ਹੈ। ਸਾਲ 1992 ਅਤੇ ਸਾਲ 1988 ਵਿਚ ਵੀ ਉਨ੍ਹਾਂ ਵਿਰੁੱਧ ਫੌਜਦਾਰੀ ਕੇਸ ਦਰਜ ਕੀਤੇ ਗਏ ਸਨ। ਸਾਲ 1992 ਵਿਚ ਗੁਰਦਿਆਲ ਪਾਸੋਂ ਥੰਪਸਨ ਗੰਨ ਬਰਾਮਦ ਕੀਤੀ ਗਈ ਸੀ।