ਫੌਜ ਵੱਲੋਂ 33 ਵਰ੍ਹੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਕੀਤੇ ਸਾਕਾ ਨੀਲਾ ਤਾਰਾ ਨਾਲ ਸਬੰਧਤ ਸਮਾਗਮ ਪਿਛਲੇ ਸਾਲਾਂ ਵਾਂਗ ਐਤਕੀਂ ਵੀ ਕਰਵਾਇਆ ਗਿਆ। ਐਤਕੀਂ ਵੀ ਦੋ ਮੁੱਖ ਧਿਰਾਂ ਆਹਮੋ-ਸਾਹਮਣੇ ਸਨ, ਪਰ ਇਸ ਵਾਰ ਇਹ ਸਮਾਗਮ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ। ਇਹ ਦਿਨ ਸਿੱਖਾਂ ਲਈ ਸੋਗ ਵਾਲਾ ਦਿਨ ਹੈ, ਪਰ ਸਿਆਸਤ ਅੰਦਰਲੀ ਖਿੱਚ-ਧੂਹ ਅਤੇ ਚੌਧਰ ਕਾਰਨ ਹਰ ਸਾਲ ਇਸ ਦਿਨ ਇਹੀ ਦੌੜ ਲੱਗੀ ਰਹਿੰਦੀ ਹੈ ਕਿ ਕਿਹੜੀ ਧਿਰ ਆਪਣੀ ਹੋਂਦ ਵੱਧ ਕਾਰਗਰ ਢੰਗ ਨਾਲ ਦਰਜ ਕਰਦੀ ਹੈ। ਬਿਨਾ ਸ਼ੱਕ ਇਸ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਕਾਬਜ਼ ਧਿਰ ਦਾ ਹੱਥ ਸਦਾ ਉਪਰ ਰਿਹਾ ਹੈ।
ਲੰਘੇ ਦਸ ਸਾਲ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਣ ਕਾਰਨ ਇਹ ਹੱਥ ਰਤਾ ਕੁ ਵਧੇਰੇ ਹੀ ਉਪਰ ਸੀ ਅਤੇ ਸ਼ਾਇਦ ਇਸੇ ਗਰੂਰ ਵਿਚ ਸੱਤਾਧਾਰੀਆਂ ਨੇ ਆਪਣੀਆਂ ਮਨਆਈਆਂ ਵੀ ਕੀਤੀਆਂ। ਇਸ ਵਾਰ ਵੀ ਉਨ੍ਹਾਂ ਦੀ ਹੀ ਚੱਲਣੀ ਸੀ ਅਤੇ ਚੱਲੀ ਵੀ, ਪਰ ਅਜਿਹੇ ਮੌਕੇ ਉਤੇ ਸਿਆਸਤ ਦੀ ਥਾਂ ਧਾਰਮਿਕ ਅਕੀਦੇ ਨਾਲ ਜੁੜਿਆ ਹਰ ਆਮ ਸਿੱਖ ਸਵਾਲ ਵਿਚ ਘਿਰਿਆ ਹੋਇਆ ਸੀ। ਪਿਛਾਂਹ ਝਾਤੀ ਮਾਰੀ ਜਾਵੇ ਤਾਂ ਸਪਸ਼ਟ ਨਜ਼ਰ ਆਉਂਦਾ ਹੈ ਕਿ ਧਰਮ ਅਤੇ ਸਿਆਸਤ ਦੇ ਸੁੱਚੇ-ਸੱਚੇ ਸੁਮੇਲ ਦੀ ਥਾਂ ਜਦੋਂ ਜਦੋਂ ਸਿਆਸਤ ਦਾ ਭਾਰ ਧਰਮ ਉਤੇ ਵਧੇਰੇ ਪਿਆ ਹੈ, ਤਾਂ ਸਿੱਖਾਂ ਅੱਗੇ ਸੰਕਟ ਦੀ ਵਾਛੜ ਹੁੰਦੀ ਰਹੀ ਹੈ। ਬੇਸ਼ੱਕ, ਸੰਕਟਾਂ ਦੀ ਇਹ ਮਾਰ ਭਾਵੇਂ ਸਿਆਸਤ ਵਿਚੋਂ ਹੀ ਪੈਂਦੀ ਰਹੀ ਸੀ, ਪਰ ਨੁਕਤਾ ਇਹ ਵੀ ਹੈ ਕਿ ਸਿਆਸਤ ਕਿਸ ਅੰਦਾਜ਼ ਅਤੇ ਕਿਸ ਸੁਰ ਵਿਚ ਕੀਤੀ ਜਾਂਦੀ ਰਹੀ ਹੈ। ਦਰਅਸਲ, ਜਦੋਂ ਸਾਰਾ ਕੁਝ ਸਿਆਸਤ ਦੀ ਗਲੀਆਂ ਵਿਚ ਹੀ ਤੈਅ ਹੋਣ ਲਗਦਾ ਹੈ ਤਾਂ ਅਜਿਹੇ ਸਮਾਗਮਾਂ ਮੌਕੇ ਤਣਾਅ ਵਾਲੀਆਂ ਤੰਦਾਂ ਕੱਸੀਆਂ ਹੀ ਜਾਂਦੀਆਂ ਹਨ। ਪਹਿਲਾਂ-ਪਹਿਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਨੇ ਸਾਰੀਆਂ ਧਿਰਾਂ ਨੂੰ ਸੱਦਾ ਦਿੱਤਾ ਸੀ ਕਿ ਇਹ ਸਮਾਗਮ ਅਮਨ-ਅਮਾਨ ਨਾਲ ਸਿਰੇ ਚਾੜ੍ਹਿਆ ਜਾਵੇ। ਦੂਜੀਆਂ ਪੰਥਕ ਧਿਰਾਂ ਨੇ ਇਸ ਬਾਰੇ ਭਰੋਸਾ ਵੀ ਦਿੱਤਾ, ਪਰ ਜਦੋਂ ਸਿਆਸੀ ਆਗੂਆਂ ਦੇ ਬਿਆਨ ਆਉਣੇ ਸ਼ੁਰੂ ਹੋਏ ਤਾਂ ਨਾਲ ਹੀ ਸਮਾਗਮ ਮੌਕੇ ਤਣਾਅ ਸਿਰੇ ਉਤੇ ਪੁੱਜਣ ਦੇ ਖਦਸ਼ੇ ਵੀ ਉਭਰਨੇ ਅਰੰਭ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਹਕੀਕਤ ਤੋਂ ਕੋਹਾਂ ਦੂਰ ਸੀ ਅਤੇ ਬੇਲੋੜਾ ਵੀ, ਕਿ ਕਾਂਗਰਸ ਸਰਕਾਰ ਮੁਤਵਾਜ਼ੀ ਜਥੇਦਾਰਾਂ ਰਾਹੀਂ ਸਮਾਗਮ ਵਿਚ ਵਿਘਨ ਪਾਉਣਾ ਚਾਹੁੰਦੀ ਹੈ। ਇਸ ਬਿਆਨ ਤੋਂ ਸਾਫ ਹੋ ਗਿਆ ਕਿ ਇਹ ਆਗੂ ਸੌੜੀ ਸਿਆਸਤ ਤੋਂ ਪਾਰ ਜਾਣ ਲਈ ਤਿਆਰ ਨਹੀਂ। ਸਿਤਮਜ਼ਰੀਫੀ ਤਾਂ ਇਹ ਵੀ ਹੋਈ ਕਿ ਪ੍ਰੋæ ਬਡੂੰਗਰ ਦੀ ਸੁਰ ਵੀ ਨਾਲ ਦੀ ਨਾਲ ਹੀ ਇਸੇ ਤਰ੍ਹਾਂ ਦੀ ਹੋ ਗਈ। ਜੱਗ ਜਾਣਦਾ ਹੈ ਕਿ ਪ੍ਰੋæ ਬਡੂੰਗਰ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਚੋਣ ਕਿਨ੍ਹਾਂ ਹਾਲਾਤ ਵਿਚ ਅਤੇ ਕਿਨ੍ਹਾਂ ਕਾਰਨਾਂ ਕਰ ਕੇ ਹੋਈ ਸੀ। ਬਾਦਲਾਂ ਖਿਲਾਫ ਲੋਕਾਂ ਦੇ ਰੋਹ ਅਤੇ ਰੋਸ ਨੂੰ ਸ਼ਾਂਤ ਕਰਨ ਲਈ ਪ੍ਰੋæ ਬਡੂੰਗਰ ਵਰਗੇ ‘ਸਭ ਨੂੰ ਸਵੀਕਾਰ’ ਆਗੂ ਨੂੰ ਸ਼੍ਰੋਮਣੀ ਕਮੇਟੀ ਦੀ ਕਮਾਨ ਸੌਂਪੀ ਗਈ ਸੀ। ਉਨ੍ਹਾਂ ਨੇ ਆਪਣੀ ਉਦਾਰ ਪਹੁੰਚ ਦਾ ਮੁਜਾਹਰਾ ਵੀ ਕੀਤਾ, ਪਰ ਸਿਆਸਤ ਦੇ ਗਲਬੇ ਕਾਰਨ ਉਨ੍ਹਾਂ ਦੀ ਉਦਾਰਤਾ ਨੂੰ ਵੀ ਹੁਣ ਵਾਂਗ, ਹਰ ਵਾਰ ਪਿਛਾਂਹ ਮੁੜਨਾ ਪਿਆ ਹੈ।
ਖੈਰ! ਹੁਣ ਸਵਾਲਾਂ ਦਾ ਸਵਾਲ ਇਹ ਹੈ ਕਿ ਸਿੱਖ ਸਿਆਸਤ ਦਾ ਅਗਲਾ ਮੁਹਾਣ ਕੁਝ ਆਗੂਆਂ ਦੇ ਹਿਸਾਬ ਨਾਲ ਹੀ ਚੱਲਦਾ ਜਾਣਾ ਹੈ ਜਾਂ ਇਹ ਆਮ ਸਿੱਖਾਂ ਦੀਆਂ ਭਾਵਨਾਵਾਂ ਮੁਤਾਬਕ ਵੀ ਆਪਣਾ ਰਾਹ ਅਖਤਿਆਰ ਕਰ ਸਕਦਾ ਹੈ! ਅਸਲ ਵਿਚ ਇਹੀ ਰਾਹ ਸਭ ਤੋਂ ਔਖਾ ਹੈ ਜਿਸ ਨੂੰ ਪੰਜਾਬੀ ਮੁਹਾਵਰੇ ਅੰਦਰ ‘ਚੌਥੀ ਕੂਟ’ ਵੀ ਕਿਹਾ ਜਾਂਦਾ ਹੈ ਅਤੇ ਫਿਲਹਾਲ ਕੋਈ ਵੀ ਧਿਰ ਕਿਸੇ ‘ਚੌਥੀ ਕੂਟ’ ਵੱਲ ਪੈਰ ਵਧਾਉਣ ਦਾ ਜੇਰਾ ਕਰਦੀ ਨਜ਼ਰ ਨਹੀਂ ਆ ਰਹੀ। ਹਰ ਪਾਸੇ ਸਿਆਸਤ ਅਤੇ ਚੌਧਰ ਦੀ ਢੋਲ-ਵਜਾਈ ਹੋ ਰਹੀ ਹੈ। ਅੱਜ ਦੀ ਸਿਆਸਤ ਤਹਿਤ ਸਿੱਖਾਂ ਉਤੇ ਹੀ ਨਹੀਂ, ਜਾਂ ਪੰਜਾਬੀਆਂ ਉਤੇ ਹੀ ਨਹੀਂ, ਬਲਕਿ ਹਰ ਸਾਧਾਰਨ ਸ਼ਖਸ ਦੁਆਲੇ ਚੁਫੇਰਿਓਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਮੁਲਕ ਦੀ ਸੱਤਾ ਉਤੇ ਅੱਜ ਜਿਹੜੀ ਜਮਾਤ ਬੈਠੀ ਹੈ, ਉਸ ਦੇ ਦਾਈਏ ਕੁਝ ਹੋਰ ਹਨ ਅਤੇ ਇਸ ਜਮਾਤ ਦੇ ਇਨ੍ਹਾਂ ਦਾਈਆਂ ਬਾਰੇ ਹੁਣ ਕਿਸੇ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ। ਇਸ ਲਈ ਅਗਲਾ ਕਦਮ ਉਠਾਉਣ ਵੇਲੇ ਇਸ ਜਮਾਤ ਦੀ ਸਿਆਸਤ ਧਿਆਨ ਵਿਚ ਰਹਿਣੀ ਚਾਹੀਦੀ ਹੈ ਅਤੇ ਇਸ ਮੁਤਾਬਕ ਹੀ ਅਗਲੀ ਨੀਤੀ-ਰਣਨੀਤੀ ਤੈਅ ਹੋਣੀ ਚਾਹੀਦੀ ਹੈ। ਹੁਣ ਸ਼ਾਇਦ ਉਹ ਦਿਨ ਦੂਰ ਨਹੀਂ ਜਦੋਂ ਇਸ ਜਮਾਤ ਦੀ ਸਿਆਸਤ ਨੇ ਆਮ ਬੰਦੇ ਉਤੇ ਪੱਕੀ ਕਾਠੀ ਪਾਉਣ ਦਾ ਸਿਲਸਿਲਾ ਅਰੰਭ ਦੇਣਾ ਹੈ। ਟੁੱਟਵੇਂ ਰੂਪ ਵਿਚ ਇਹ ਸਿਲਸਿਲਾ ਤਾਂ ਚੱਲ ਹੀ ਰਿਹਾ ਹੈ। ਇਸ ਲਈ ਮਸਲਾ ਇਸ ਸਿਆਸਤ ਨੂੰ ਸਮਝਣ ਅਤੇ ਰਣਨੀਤੀ ਘੜਨ ਦਾ ਹੈ। ਇਹ ਤਦ ਹੀ ਸੰਭਵ ਹੈ, ਜੇ ਚੌਧਰ ਦੀ ਸਿਆਸਤ ਛੱਡ ਕੇ ਲੋਕ-ਹਿਤੂ ਰਾਹ ਅਖਤਿਆਰ ਕੀਤਾ ਜਾਵੇ। ਇਸ ਕਾਰਜ ਲਈ ਲੋਕਾਂ ਤੱਕ ਰਸਾਈ ਕਰਨੀ ਪਵੇਗੀ। ਇਤਿਹਾਸ ਵਿਚ ਬਥੇਰੀਆਂ ਮਿਸਾਲਾਂ ਹਨ ਕਿ ਜਦੋਂ ਵੀ ਲੋਕਾਂ ਵੱਲ ਮੂੰਹ ਕੀਤਾ ਗਿਆ, ਭਰਪੂਰ ਹੁੰਗਾਰਾ ਮਿਲਿਆ ਹੈ। ਸੋ, ਮਸਲਾ ਇਹ ਹੈ ਕਿ ਲੋਕਾਂ ਨਾਲ ਜੁੜੇ ਮਸਲਿਆਂ ਬਾਰੇ ਵਿਚਾਰਾਂ ਕੀਤੀਆਂ ਜਾਣ। ਇਕ ਇਕ ਸ਼ਖਸ ਨੂੰ ਜੋੜ ਕੇ ਕਾਫਲਾ ਬਣਾਇਆ ਜਾਵੇ। ਕਾਫਲੇ ਤੋਂ ਬਗੈਰ ਅੱਜ ਵਰਤਾਈ ਜਾ ਰਹੀ ਸੌੜੀ ਸਿਆਸਤ ਨੂੰ ਪਛਾੜਿਆ ਨਹੀਂ ਜਾ ਸਕੇਗਾ। ਪਿਛਲੇ ਸਮਿਆਂ ਦੌਰਾਨ ਮੁਤਵਾਜ਼ੀ ਧਿਰ ਨੇ ਬਰਾਬਰ ਦੀ ਧਿਰ ਵਜੋਂ ਸਿਰ ਚੁੱਕਣ ਦੇ ਹੀਲੇ ਬਥੇਰੇ ਕੀਤੇ ਹਨ, ਪਰ ਕਾਮਯਾਬੀ ਨਾ ਮਿਲਣ ਦਾ ਇਕ ਵੱਡਾ ਕਾਰਨ ਇਹ ਹੈ ਕਿ ਇਕ ਤਾਂ ਅਜਿਹੇ ਯਤਨ ਐਨ ਮੌਕੇ ਉਤੇ ਆਣ ਕੇ ਕੀਤੇ ਜਾਂਦੇ ਹਨ; ਦੂਜੇ, ਹੀਲਿਆਂ ਦਾ ਸਿਲਸਿਲਾ ਝੱਟ ਟੁੱਟ-ਬਿਖਰ ਜਾਂਦਾ ਰਿਹਾ ਹੈ। ਇਸੇ ਕਰ ਕੇ ਇਹ ਵੇਲਾ ਅਜਿਹੀਆਂ ਮੋਰੀਆਂ ਮੁੰਦਣ ਦਾ ਹੈ, ਚੌਧਰ ਦਿਖਾਉਣ ਦਾ ਨਹੀਂ। ਮੋਰੀਆਂ ਮੁੰਦਣ ਦੀ ਦੇਰ ਹੈ, ਸੌੜੀ ਸਿਆਸਤ ਦਾ ਫਸਤਾ ਆਪੇ ਵੱਢਿਆ ਜਾਵੇਗਾ।