ਦਰਬਾਰ ਸਾਹਿਬ ‘ਤੇ ਹਮਲੇ ਵਿਚ ਮੌਤਾਂ ਦੀ ਗਿਣਤੀ ਅਜੇ ਵੀ ਰਾਜ਼

ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਸਮੂਹ ਉਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਨੂੰ 33 ਵਰ੍ਹੇ ਬੀਤ ਗਏ ਹਨ ਪਰ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕੋਈ ਅਜਿਹੇ ਸਰਕਾਰੀ ਜਾਂ ਅਧਿਕਾਰਤ ਅੰਕੜੇ ਨਹੀਂ ਹਨ, ਜਿਨ੍ਹਾਂ ਤੋਂ ਇਹ ਪਤਾ ਲੱਗ ਸਕੇ ਕਿ ਇਸ ਹਮਲੇ ਵਿਚ ਕਿੰਨੇ ਲੋਕ ਮਾਰੇ ਗਏ ਸਨ। ਇਨ੍ਹਾਂ ਵਿਚ ਕਿੰਨੇ ਲੜਨ ਵਾਲੇ ਤੇ ਕਿੰਨੇ ਆਮ ਸ਼ਰਧਾਲੂ ਸਨ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਕੋਲੋਂ ਮਦਦ ਲੈਣ ਦਾ ਫੈਸਲਾ ਕੀਤਾ ਹੈ। ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਇਸ ਮਾਮਲੇ ਵਿਚ ਛੇਤੀ ਹੀ ਕੇਂਦਰੀ ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰਾਲੇ ਨੂੰ ਚਿੱਠੀ ਭੇਜਣਗੇ।

ਇਸ ਵੇਲੇ ਸ਼੍ਰੋਮਣੀ ਕਮੇਟੀ ਕੋਲ ਇਸ ਹਮਲੇ ਵਿਚ ਮਾਰੇ ਗਏ ਵਿਅਕਤੀਆਂ ਦੀ ਸੂਚੀ ਵਿਚ 741 ਨਾਮ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ 741 ਵਿਅਕਤੀਆਂ ਦੇ ਪਰਿਵਾਰਾਂ ਨੂੰ ਉਸ ਵੇਲੇ ਦਸ ਹਜ਼ਾਰ ਰੁਪਏ ਮਾਲੀ ਮਦਦ ਦਿੱਤੀ ਗਈ ਸੀ। ਕੇਂਦਰੀ ਸਿੱਖ ਅਜਾਇਬਘਰ ਵਿਚ ਘੱਲੂਘਾਰਾ ਸ਼ਹੀਦਾਂ ਦੀ ਸੂਚੀ ਵਿਚ 743 ਨਾਂ ਸ਼ਾਮਲ ਹਨ। ਅਜਾਇਬ ਘਰ ਦੇ ਇਕ ਹਿੱਸੇ ਵਿਚ ਉਸ ਵੇਲੇ ਮਾਰੇ ਗਏ ਵਿਅਕਤੀਆਂ ਦੇ ਨਾਂ ਲਿਖੇ ਹੋਏ ਹਨ। ਇਹ ਸੂਚੀ ਮੁਕੰਮਲ ਨਹੀਂ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਮਾਲੀ ਮਦਦ ਦਿੱਤੀ ਗਈ ਸੀ, ਜਿਨ੍ਹਾਂ ਨੇ ਉਸ ਵੇਲੇ ਕਮੇਟੀ ਕੋਲ ਪਹੁੰਚ ਕਰ ਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਪਰਿਵਾਰਕ ਮੈਂਬਰ ਫੌਜੀ ਹਮਲੇ ਵਿੱਚ ਮਾਰਿਆ ਗਿਆ।
ਇਸ ਸਬੰਧੀ ਦਸਤਾਵੇਜ਼ ਵਿਚ ਇਹ ਗੱਲ ਵੀ ਸ਼ਾਮਲ ਹੈ ਕਿ ਉਸ ਵੇਲੇ ਬੈਰਕਾਂ ਛੱਡਣ ਵਾਲੇ 1292 ਸਿੱਖ ਫੌਜੀਆਂ ਨੂੰ ਵੀ ਇਕ-ਇਕ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਸੀ। 235 ਫੌਜੀਆਂ ਨੂੰ 2-2 ਹਜ਼ਾਰ ਰੁਪਏ ਹੋਰ ਮਾਲੀ ਮਦਦ ਦਿੱਤੀ ਗਈ ਸੀ, ਜਿਨ੍ਹਾਂ ਨੂੰ 2-2 ਸਾਲ ਤੋਂ ਵੱਧ ਸਜ਼ਾ ਹੋਈ ਸੀ। ਇਸ ਦਸਤਾਵੇਜ਼ ਵਿਚ ਉਸ ਵੇਲੇ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਲੋਕਾਂ ਸਬੰਧੀ ਅੰਕੜੇ ਵੀ ਸ਼ਾਮਲ ਹਨ। ਉਸ ਵੇਲੇ 2920 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 1-1 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦਿੱਤੀ ਗਈ। 369 ਜਣਿਆਂ ਨੂੰ 5-5 ਸੌ ਰੁਪਏ ਸਹਾਇਤਾ ਰਾਸ਼ੀ ਦਿੱਤੀ ਗਈ ਸੀ। ਦਲ ਖਾਲਸਾ ਵੱਲੋਂ 2006 ਵਿਚ ਇਕ ਡਾਇਰੈਕਟਰੀ ਤਿਆਰ ਕੀਤੀ ਗਈ ਸੀ, ਜਿਸ ਵਿਚ 222 ਵਿਅਕਤੀਆਂ ਦੇ ਨਾਂ ਸ਼ਾਮਲ ਹਨ। ਇਹ ਸਾਰੇ ਵਿਅਕਤੀ ਫੌਜੀ ਹਮਲੇ ਵੇਲੇ ਦਰਬਾਰ ਸਾਹਿਬ ਕੰਪਲੈਕਸ ਵਿਚ ਮਾਰੇ ਗਏ ਸਨ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਨੇ ਮੰਨਿਆ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੋਈ ਵਿਸ਼ੇਸ਼ ਯਤਨ ਨਹੀਂ ਕੀਤੇ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਇਸ ਸਬੰਧੀ ਛੇਤੀ ਹੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਭੇਜ ਕੇ ਅੰਕੜੇ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਜਾਵੇਗੀ।
_______________________________________
ਭਿੰਡਰਾਂਵਾਲੇ ਖਿਲਾਫ 6 ਜੂਨ ਤੱਕ ਦਰਜ ਨਹੀਂ ਸੀ ਕੋਈ ਕੇਸ
ਚੰਡੀਗੜ੍ਹ: ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਖਿਲਾਫ਼ 6 ਜੂਨ 1984 ਤੱਕ ਨਾ ਤਾਂ ਕਿਤੇ ਵੀ ਕੋਈ ਐਫ਼ਆਈæਆਰæ ਦਰਜ ਹੋਈ ਤੇ ਨਾ ਹੀ ਉਨ੍ਹਾਂ ਨੂੰ ਅਤਿਵਾਦੀ ਐਲਾਨਿਆ ਗਿਆ ਸੀ। ਉਕਤ ਖੁਲਾਸਾ ਆਰæਟੀæਆਈæ ‘ਚ ਮੰਗੀ ਜਾਣਕਾਰੀ ਵਿਚ ਹੋਇਆ ਹੈ। ਮਨੁੱਖੀ ਅਧਿਕਾਰਾਂ ਬਾਰੇ ਸੰਸਥਾ ਜਸਟਿਸ ਫਾਊਂਡੇਸ਼ਨ ਦੇ ਮੈਂਬਰ ਨਵਦੀਪ ਗੁਪਤਾ ਵੱਲੋਂ ਇਹ ਜਾਣਕਾਰੀ ਮੰਗੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਬਾਰੇ ਜਾਣਕਾਰੀ ਅੰਮ੍ਰਿਤਸਰ ਪੁਲਿਸ ਨੇ ਉਨ੍ਹਾਂ ਨੂੰ ਭੇਜੀ ਹੈ। ਕੇਂਦਰੀ ਗ੍ਰਹਿ ਵਿਭਾਗ ਤੋਂ ਮੰਗੀ ਜਾਣਕਾਰੀ ‘ਚ ਦੱਸਿਆ ਗਿਆ ਹੈ ਕਿ ਸਾਕਾ ਨੀਲਾ ਤਾਰਾ ਤੋਂ ਬਾਅਦ ਸੰਤ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ ਤੇ 34 ਹੋਰਨਾਂ ਦੀਆਂ ਲਾਸ਼ਾਂ ਹਥਿਆਰਾਂ ਸਮੇਤ ਅਕਾਲ ਤਖਤ ਸਾਹਿਬ ਦੀ ਹੇਠਲੀ ਮੰਜ਼ਿਲ ਤੋਂ ਮਿਲੀਆਂ ਸਨ ਤੇ ਇਸ ਸਬੰਧੀ ਫੌਜ ਨੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।