ਆਫੀਆ ਸਦੀਕੀ ਦਾ ਜਹਾਦ-4

ਤੁਸੀਂ ਪੜ੍ਹ ਚੁਕੇ ਹੋæææ
ਅਫਗਾਨਿਸਤਾਨ ਦੇ ਸ਼ਹਿਰ ਗਜ਼ਨੀ ਵਿਚ ਸਾਲ 2008 ‘ਚ 17 ਜੁਲਾਈ ਦੀ ਸ਼ਾਮ ਨੂੰ ਇਕ ਮੁਟਿਆਰ ਗ੍ਰਿਫਤਾਰ ਹੋਈ। ਇਹ ਮੁਟਿਆਰ ਅਮਰੀਕੀ ਜਾਂਚ ਏਜੰਸੀ ਐਫ਼ਬੀæਆਈæ ਦੁਆਰਾ ਐਲਾਨੀ ਗਈ ਦੁਨੀਆਂ ਦੀ ਸਭ ਤੋਂ ਖਤਰਨਾਕ ਅਤਿਵਾਦੀ ਔਰਤ ਆਫੀਆ ਸਦੀਕੀ ਸੀ। ਪਾਕਿਸਤਾਨ ਵਿਚ ਰਹਿੰਦਿਆਂ ਆਫੀਆ ਦੀ ਮਾਂ ਇਸਮਤ ਜਹਾਨ ਮਜ਼ਹਬੀ ਤਾਲੀਮ ਦੇ ਖੇਤਰ ਵਿਚ ਬੜੀ ਤੇਜ਼ੀ ਨਾਲ ਉਭਰੀ ਸੀ। ਅੰਮੀ ਦੀ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਡੂੰਘਾ ਅਸਰ ਹੋਇਆ। ਫਿਰ ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਪਾਕਿਸਤਾਨ ਤੋਂ ਅਫਗਾਨਿਸਤਾਨ ਜਾਣ ਵਾਲਾ ਪਹਿਲਾ ਲੜਾਕਾ ਜਹਾਦੀ ਗਰੁਪ ਸਦੀਕੀ ਪਰਿਵਾਰ ਦੇ ਘਰ ਤੋਂ ਥੋੜ੍ਹੀ ਹੀ ਦੂਰ ਸਥਿਤ ਬਿਨੂਰੀ ਕਸਬੇ ਦੀ ਮਸਜਿਦ ‘ਚੋਂ ਵਿਦਾ ਹੋਇਆ ਸੀ। ਪਰਿਵਾਰ ਦਾ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਆਫੀਆ ਆਪਣੇ ਭਰਾ ਮੁਹੰਮਦ ਅਲੀ ਦੇ ਮਗਰ ਹੀ ਪੜ੍ਹਾਈ ਲਈ ਅਮਰੀਕਾ ਪੁੱਜ ਗਈ। ਮੁਹੰਮਦ ਅਲੀ ਦੇ ਅਪਾਰਟਮੈਂਟ ਵਿਚ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ। ਉਹ ਹਰ ਗੱਲ ਮਜ਼ਹਬ ਨੂੰ ਕੇਂਦਰ ਵਿਚ ਰੱਖ ਕੇ ਹੀ ਕਰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਸਭ ਤੋਂ ਬਿਹਤਰ ਮਜ਼ਹਬ ਜਾਪਦਾ ਸੀ। ਇਸੇ ਜੋਸ਼ ਵਿਚ ਉਹ ਬਹੁਤੀ ਵਾਰ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਉਸ ਦੀ ਲੋਚਾ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਸੀ। ਉਸ ਨੂੰ ਬੋਸਟਨ ਦੀ ਸੰਸਾਰ ਪ੍ਰਸਿੱਧ ਸੰਸਥਾ ਮੈਸਾਚੂਸੈਟਸ ਇੰਸੀਚਿਊਟ ਆਫ ਟੈਕਨਾਲੋਜੀ ਵਿਚ ਦਾਖਲਾ ਮਿਲ ਗਿਆ। ਲਿਆਕਤ ਕਰ ਕੇ ਉਹ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਬੜੀ ਛੇਤੀ ਮਕਬੂਲ ਹੋ ਗਈ। ਫਿਰ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋ ਗਿਆ ਅਤੇ ਅਗਾਂਹ ਜਹਾਦੀਆਂ ਨਾਲ ਜਾ ਜੁੜੀ।æææਹੁਣ ਅੱਗੇ ਪੜ੍ਹੋæææ

ਹਰਮਹਿੰਦਰ ਚਹਿਲ
ਫੋਨ: 703-362-3239
e-ਮਅਲਿ: ਚਹਅਹਅਲਸ57@ੇਅਹੋ।ਚੋਮ

ਅਲ ਕੀਫਾ ਦੀ ਮੀਟਿੰਗ ‘ਚ ਹਿੱਸਾ ਲੈਣ ਮਾਰਲਿਨ ਅਤੇ ਆਫੀਆ ਇਕੱਠੀਆਂ ਪਹੁੰਚੀਆਂ। ਇਹ ਮੀਟਿੰਗ ਕਿਸੇ ਦੇ ਘਰ ਹੋ ਰਹੀ ਸੀ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਆਫੀਆ ਅਤੇ ਮਾਰਲਿਨ ਗੱਲਾਂ ਕਰ ਰਹੀਆਂ ਸਨ ਕਿ ਉਦੋਂ ਹੀ ਆਫੀਆ ਦੇ ਕੰਨੀ ਆਵਾਜ਼ ਪਈ, “ਸਲਾਮਾ ਲੇਕਮ, ਹਮਸ਼ੀਰਾ।”
ਆਫੀਆ ਨੇ ਪਿੱਛੇ ਮੁੜ ਕੇ ਵੇਖਿਆ। ਸਾਹਮਣੇ ਰਮਜ਼ੀ ਯੂਸਫ ਖੜ੍ਹਾ ਸੀ। ਉਹ ਬੜੇ ਉਤਸ਼ਾਹ ਨਾਲ ਬੋਲੀ, “ਉਹ ਜੀ ਵਾਲੇਕਮ ਸਲਾਮ। ਮੇਰਾ ਖਿਆਲ ਐ ਆਪਾਂ ਉਸ ਦਿਨ ਇਕੱਠੇ ਇਕੋ ਫਲਾਈਟ ‘ਤੇ ਆਏ ਸੀ।”
“ਮਾਰਲਿਨ ਤੇਰਾ ਕੀ ਹਾਲ ਐ?” ਰਮਜ਼ੀ ਯੂਸਫ ਨੇ ਆਫੀਆ ਦੀ ਇਕੱਠੇ ਆਉਣ ਵਾਲੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ।
“ਜੀ ਠੀਕ ਐ। ਤੁਸੀਂ ਸੁਣਾਉ।”
“ਹੋਰ ਬਸਮ ਦਾ ਫੋਨ ਵਗੈਰਾ ਆਇਆ ਸੀ?”
“ਹਾਂ, ਫੋਨ ਤਾਂ ਉਸ ਦਾ ਆਉਂਦਾ ਈ ਰਹਿੰਦਾ ਐ। ਕਹਿ ਰਿਹਾ ਸੀ ਕਿ ਬੋਸਨੀਆ ਦੀ ਘਰੇਲੂ ਜੰਗ ਖਤਰਨਾਕ ਰੂਪ ਅਖਤਿਆਰ ਕਰਦੀ ਜਾ ਰਹੀ ਐ।”
“ਇਹ ਘਰੇਲੂ ਜੰਗ ਨ੍ਹੀਂ ਐ, ਇਹ ਮੁਸਲਮਾਨਾਂ ਨੂੰ ਖਤਮ ਕਰਨ ਦੀ ਸਕੀਮ ਐ। ਇਸ ਸਕੀਮ ‘ਚ ਸਾਰੀ ਦੁਨੀਆਂ, ਮੁਸਲਮਾਨਾਂ ਦੇ ਖਿਲਾਫ ਇਕੱਠੀ ਹੋ ਚੁੱਕੀ ਐ। ਖੈਰæææ।” ਉਹ ਗੱਲ ਵਿਚਕਾਰ ਛੱਡ ਕਿਸੇ ਹੋਰ ਕੋਲ ਜਾ ਗੱਲਾਂ ਕਰਨ ਲੱਗਾ। ਫਿਰ ਮੀਟਿੰਗ ਸ਼ੁਰੂ ਹੋ ਗਈ। ਅੱਜ ਦਾ ਮੁੱਖ ਏਜੰਡਾ ਸੀ ਬੋਸਨੀਆ ਵਿਚ ਚੱਲ ਰਿਹਾ ਜਹਾਦ। ਹੋਰ ਚਰਚਾ ਤੋਂ ਬਿਨਾਂ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਗਈ ਕਿ ਉਥੋਂ ਦੇ ਜਹਾਦ ਵਿਚ ਯਤੀਮ ਹੋ ਰਹੇ ਬੱਚਿਆਂ ਅਤੇ ਵਿਧਵਾਵਾਂ ਲਈ ਫੰਡ ਇਕੱਠਾ ਕਰਨ ਦੀ ਲੋੜ ਐ। ਇਸ ਦੇ ਲਈ ਨਵੀਂ ਜਥੇਬੰਦੀ ‘ਰਿਲੀਫ ਇੰਟਰਨੈਸ਼ਨਲ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦਾ ਸਾਰਾ ਕੰਮ-ਕਾਜ ਅਤੇ ਲੋਕਾਂ ਤੋਂ ਇਸ ਲਈ ਫੰਡ ਇਕੱਠਾ ਕਰਨ ਦੀ ਜ਼ਿੰਮੇਵਾਰੀ ਆਫੀਆ ਨੇ ਲੈ ਲਈ। ਮੀਟਿੰਗ ਖਤਮ ਹੋਣ ਵਾਲੀ ਸੀ ਜਦੋਂ ਇੱਕ ਜਣਾ ਸ਼ੇਖ ਉਮਰ ਰਹਿਮਾਨ ਦੀ ਬਾਂਹ ਫੜੀ ਕਮਰੇ ਵਿਚ ਦਾਖਲ ਹੋਇਆ। ਸਾਰਿਆਂ ਨੇ ਝੁਕ ਕੇ ਸ਼ੇਖ ਨੂੰ ਸਲਾਮ ਕਹੀ। ਸ਼ੇਖ ਨੇ ਆਪਣੀ ਸੋਟੀ ਇੱਧਰ ਉਧਰ ਧਰਦਿਆਂ ਸੋਫਾ ਲੱਭਿਆ ਤੇ ਆਰਾਮ ਨਾਲ ਬੈਠ ਗਿਆ।
“ਸਾਰੇ ਜਹਾਦੀਆਂ ਦਾ ਅੱਜ ਦੀ ਮੀਟਿੰਗ ਵਿਚ ਸੁਆਗਤ ਐ। ਮੈਂ ਬਹੁਤੀਆਂ ਗੱਲਾਂ ਨ੍ਹੀਂ ਕਰਨੀਆਂ। ਬੱਸ, ਮੈਂ ਇਤਨਾ ਈ ਯਾਦ ਕਰਵਾਉਣਾ ਐ ਕਿ ਤੁਹਾਨੂੰ ਆਪਣਾ ਫਰਜ਼ ਹਰ ਵਕਤ ਯਾਦ ਰਹਿਣਾ ਚਾਹੀਦਾ ਐæææ।”
ਉਹ ਬੋਲਦਾ ਬੋਲਦਾ ਚੁੱਪ ਹੋ ਗਿਆ, ਪਰ ਕਮਰੇ ‘ਚ ਮੁਕੰਮਲ ਚੁੱਪ ਛਾਈ ਹੋਈ ਸੀ। ਕੋਈ ਉਚਾ ਸਾਹ ਵੀ ਨ੍ਹੀਂ ਲੈ ਰਿਹਾ ਸੀ। ਉਸ ਨੇ ਪਲ ਭਰ ਰੁਕਦਿਆਂ ਅੱਗੇ ਬੋਲਣਾ ਸ਼ੁਰੂ ਕੀਤਾ, “ਇਹ ਦੁਨੀਆਂ ਕਾਫਰਾਂ ਨਾਲ ਭਰੀ ਪਈ ਐ। ਜਦੋਂ ਤੱਕ ਇਨ੍ਹਾਂ ਸਾਰਿਆਂ ਦਾ ਸਫਾਇਆ ਨ੍ਹੀਂ ਹੋ ਜਾਂਦਾ, ਉਦੋਂ ਤੱਕ ਧਰਤੀ ‘ਤੇ ਅਮਨ ਨ੍ਹੀਂ ਹੋ ਸਕਦਾ। ਇੱਥੇ ਮੁਕੰਮਲ ਸ਼ਾਂਤੀ ਉਦੋਂ ਈ ਹੋਵੇਗੀ, ਜਦੋਂ ਚਾਰੇ ਪਾਸੇ ਇਸਲਾਮੀ ਝੰਡਾ ਝੂਲੇਗਾ। ਮੈਂ ਭਾਵੇਂ ਅੰਨਾ ਆਂ, ਪਰ ਮੇਰੇ ਮਨ ਦੀਆਂ ਅੱਖਾਂ ਦੇਖ ਰਹੀਆਂ ਨੇ ਕਿ ਕਾਫਰਾਂ ਦੀ ਚੜ੍ਹਤ ਹਰ ਵਕਤ ਸਾਡੇ ਸਾਹਮਣੇ ਰਹਿੰਦੀ ਐ। ਆਹ ਕੁਝ ਹੀ ਦੂਰੀ ‘ਤੇ ਇਨ੍ਹਾਂ ਕਾਫਰਾਂ ਦੀਆਂ ਅਸਮਾਨ ਛੋਹੰਦੀਆਂ ਬਿਲਡਿੰਗਾਂ ਮੇਰੇ ਮਨ ‘ਤੇ ਕੰਡੇ ਵਾਂਗੂੰ ਚੁਭਦੀਆਂ ਨੇ। ਕਾਸ਼ ਕਿ ਕੋਈæææ।” ਉਹ ਚੁੱਪ ਹੁੰਦਾ ਅੱਗੇ ਦੀ ਗੱਲ ਉਥੇ ਹੀ ਦਬਾ ਗਿਆ। ਸਾਰੇ ਸਮਝ ਗਏ ਕਿ ਉਸ ਦਾ ਇਸ਼ਾਰਾ ਵਰਲਡ ਟਰੇਡ ਸੈਂਟਰ ਦੇ ਟਾਵਰਾਂ ਵੱਲ ਸੀ। ਕੁਝ ਦੇਰ ਖਾਲੀ ਪੁਤਲੀਆਂ ਇੱਧਰ ਉਧਰ ਘੁਮਾਉਂਦਾ ਉਹ ਫਿਰ ਬੋਲਿਆ, “ਇਨ੍ਹਾਂ ਕਾਫਰਾਂ ਦੇ ਦੂਹਰੇ ਮਿਆਰ ਵੇਖੋæææਇਨ੍ਹਾਂ ਨੇ ਜਾਪਾਨ ਵਿਚ ਦੋ ਬੰਬ ਸੁੱਟ ਕੇ ਤਕਰੀਬਨ ਸਵਾ ਦੋ ਲੱਖ ਲੋਕ ਹਫਤੇ ‘ਚ ਮਾਰ ਮੁਕਾਏ। ਸਾਡੇ ਫਲਸਤੀਨੀ ਭਰਾਵਾਂ ਦੀ ਲੜਾਈ ਨੂੰ ਇਹ ਟੈਰਰਿਜ਼ਮ ਦੱਸਦੇ ਨੇ। ਜ਼ਰਾ ਸੋਚੋ ਕਿ ਅਸਲੀ ਟੈਰਰਿਸਟ ਕੌਣ ਹੋਇਆ। ਆਪਣੇ ਹੱਕਾਂ ਲਈ ਲੜਨ ਵਾਲਾ ਜਾਂ ਨਿਰਦੋਸ਼ ਲੋਕਾਂ ਨੂੰ ਐਟਮ ਬੰਬਾਂ ਨਾਲ ਮਾਰਨ ਵਾਲਾ? ਖੈਰ! ਫਤਵਾ ਜਾਰੀ ਹੋ ਚੁੱਕਿਆ ਐ। ਉਸ ‘ਤੇ ਅਮਲ ਕਰਨਾ ਹਰ ਸੱਚੇ ਮੁਸਲਮਾਨ ਦਾ ਕਰਤੱਵ ਐ।”
ਇੰਨਾ ਕਹਿੰਦਾ ਉਹ ਉਠ ਖੜ੍ਹਾ ਹੋਇਆ। ਜੋ ਬੰਦਾ ਉਸ ਨੂੰ ਲੈ ਕੇ ਆਇਆ ਸੀ, ਉਸ ਨੇ ਅਗਾਂਹ ਹੋ ਕੇ ਸ਼ੇਖ ਦੀ ਬਾਂਹ ਫੜ ਲਈ ਤੇ ਅੰਦਰ ਲੈ ਤੁਰਿਆ। ਇਸ ਪਿੱਛੋਂ ਮੀਟਿੰਗ ਬਰਖਾਸਤ ਹੋ ਗਈ। ਸਾਰੇ ਉਠ ਕੇ ਤੁਰਨ ਲੱਗੇ। ਆਫੀਆ ਅਤੇ ਮਾਰਲਿਨ ਵੀ ਬਾਹਰ ਆ ਗਈਆਂ। ਆਫੀਆ ਵੇਖ ਰਹੀ ਸੀ ਕਿ ਹਰ ਕੋਈ ਮੀਟਿੰਗ ‘ਚੋਂ ਉਠ ਆਇਆ ਹੈ, ਪਰ ਰਮਜ਼ੀ ਯੂਸਫ, ਮੁਹੰਮਦ ਸਲਾਮ ਅਤੇ ਇੱਕ ਜਣਾ ਹੋਰ ਪਿੱਛੇ ਹੀ ਰੁਕ ਗਏ। ਉਥੋਂ ਉਹ ਤੁਰ ਪਈਆਂ ਪਰ ਰਸਤੇ ਵਿਚ ਉਨ੍ਹਾਂ ਵਿਚਕਾਰ ਜ਼ਿਆਦਾ ਗੱਲਬਾਤ ਨਾ ਹੋਈ। ਆਫੀਆ ਚੁੱਪ ਸੀ, ਪਰ ਉਸ ਦਾ ਮਨ ਚੁੱਪ ਨਹੀਂ ਸੀ। ਉਹ ਸੋਚ ਰਹੀ ਸੀ ਕਿ ਸ਼ੇਖ ਉਮਰ ਅਬਦੁਲ ਰਹਿਮਾਨ ਨੇ ਜੋ ਫਤਵੇ ਬਾਰੇ ਕਿਹਾ ਸੀ, ਉਹ ਜ਼ਰੂਰ ਹੀ ਕੋਈ ਅਹਿਮ ਗੱਲ ਹੋਵੇਗੀ। ਉਸ ਦੇ ਮਨ ਵਿਚ ਇਹ ਗੱਲ ਵੀ ਆ ਰਹੀ ਸੀ ਕਿ ਰਮਜ਼ੀ, ਦੂਜੇ ਸਾਥੀਆਂ ਸਮੇਤ ਉਥੇ ਹੀ ਕਿਉਂ ਰੁਕ ਗਿਆ। ਉਸ ਨੂੰ ਇਸ ਗੱਲ ਦਾ ਅਫਸੋਸ ਹੋ ਰਿਹਾ ਸੀ ਕਿ ਜੇ ਕੋਈ ਜ਼ਰੂਰੀ ਗੱਲ ਹੈ ਤਾਂ ਉਸ ਨੂੰ ਵੀ ਇਸ ਬਾਰੇ ਦੱਸਿਆ ਜਾਣਾ ਚਾਹੀਦਾ ਸੀ। ਉਸ ਨੂੰ ਲੱਗਿਆ ਕਿ ਸ਼ਾਇਦ ਉਸ ਉਪਰ ਅਜੇ ਪੂਰਾ ਭਰੋਸਾ ਨਹੀਂ ਕੀਤਾ ਜਾ ਰਿਹਾ। ਉਸ ਦਾ ਮਨ ਕਹਿ ਰਿਹਾ ਸੀ ਕਿ ਉਹ ਇਸ ਤਰ੍ਹਾਂ ਪਿੱਛੇ ਰਹਿਣ ਵਾਲਿਆਂ ਵਿਚੋਂ ਨਹੀਂ ਹੈ; ਉਹ ਤਾਂ ਮੂਹਰਲੀ ਕਤਾਰ ਦੀ ਜਹਾਦੀ ਹੈ। ਇਸ ਤਰ੍ਹਾਂ ਦੀਆਂ ਸੋਚਾਂ ਸੋਚਦਿਆਂ ਪਤਾ ਹੀ ਨਾ ਲੱਗਿਆ ਕਿ ਕਦੋਂ ਉਸ ਦਾ ਹੋਸਟਲ ਆ ਗਿਆ। ਮਾਰਲਿਨ ਉਸ ਨੂੰ ਉਤਾਰ ਕੇ ਅੱਗੇ ਚਲੀ ਗਈ।
ਇਸ ਦੇ ਹਫਤਾ ਕੁ ਪਿੱਛੋਂ ਆਫੀਆ ਦੁਪਹਿਰ ਵੇਲੇ ਖ਼ਬਰਾਂ ਵੇਖ ਰਹੀ ਸੀ ਕਿ ਉਛਲ ਕੇ ਖੜ੍ਹੀ ਹੋ ਗਈ। ਖ਼ਬਰ ਹੀ ਅਜਿਹੀ ਸੀ ਕਿ ਜਿਸ ਨੇ ਉਸ ਦਾ ਰੋਮ ਰੋਮ ਉਤਸ਼ਾਹ ਨਾਲ ਭਰ ਦਿੱਤਾ। ਸੀæਐਨæਐਨæ ਖ਼ਬਰ ਦੇ ਰਿਹਾ ਸੀ, “ਵਰਲਡ ਟਰੇਡ ਸੈਂਟਰ ਦੇ ਨਾਰਥ ਟਾਵਰ ਦੀ ਪਾਰਕਿੰਗ ‘ਚ ਬੰਬ ਧਮਾਕਾ; ਜਿਸ ਵਿਚ ਅੱਧੀ ਦਰਜਨ ਦੇ ਕਰੀਬ ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖ਼ਮੀ ਹੋ ਗਏ।”
ਇਹ ਖ਼ਬਰ ਸੁਣਦਿਆਂ ਹੀ ਆਫੀਆ ਦੇ ਕੰਨ ਭੜੱਕ ਭੜੱਕ ਖੁੱਲ੍ਹ ਗਏ। ਉਸ ਨੂੰ ਯਾਦ ਆ ਗਿਆ ਕਿ ਉਸ ਦਿਨ ਮੀਟਿੰਗ ਵਿਚ ਸ਼ੇਖ ਉਮਰ ਨੇ ਜੋ ਫਤਵੇ ਦੀ ਗੱਲ ਕਹੀ ਸੀ, ਉਹ ਇਸੇ ਕੰਮ ਬਾਰੇ ਸੀ। ਫਿਰ ਨਾਲ ਹੀ ਉਸ ਨੂੰ ਇਹ ਖਿਆਲ ਵੀ ਆਇਆ ਕਿ ਰਮਜ਼ੀ ਯੂਸਫ ਅਤੇ ਉਸ ਦੇ ਦੋ ਸਾਥੀ ਪਿੱਛੇ ਸ਼ਾਇਦ ਇਸੇ ਕਾਰਵਾਈ ਲਈ ਰੁਕੇ ਸਨ ਜੋ ਅੱਜ ਵਰਲਡ ਟਰੇਡ ਸੈਂਟਰ ਵਿਚ ਵਾਪਰੀ ਹੈ। ਉਸ ਨੇ ਕਈ ਦੋਸਤਾਂ ਨੂੰ ਫੋਨ ਕੀਤੇ, ਪਰ ਕਿਤਿਉਂ ਵੀ ਕੋਈ ਪੱਕੀ ਜਾਣਕਾਰੀ ਨਾ ਮਿਲੀ। ਉਸ ਨੇ ਸੁਹੇਲ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਉਸ ਨੂੰ ਅਗਲੇ ਦਿਨ ਮਿਲੇਗਾ।
ਅਗਲੇ ਦਿਨ ਸ਼ਾਮ ਵੇਲੇ ਆਫੀਆ ਅਤੇ ਸੁਹੇਲ ਕਾਰ ਵਿਚ ਬਹਿੰਦੇ ਸਾਰ ਕਿਧਰੇ ਨਿਵੇਕਲੇ ਪਾਰਕ ਵਿਚ ਚਲੇ ਗਏ। ਉਥੇ ਪਹੁੰਚ ਕੇ ਸੁਹੇਲ ਨੇ ਗੱਲ ਸ਼ੁਰੂ ਕੀਤੀ, “ਸ਼ੇਖ ਸਾਹਿਬ ਨੇ ਫਤਵਾ ਜਾਰੀ ਕੀਤਾ ਸੀ ਕਿ ਘੱਟੋ ਘੱਟ ਢਾਈ ਲੱਖ ਅਮਰੀਕਨਾਂ ਨੂੰ ਇਕੱਠਿਆਂ ਨੂੰ ਇੱਕੋ ਐਕਸ਼ਨ ਵਿਚ ਮਾਰਿਆ ਜਾਵੇ। ਇਸ ਦੇ ਲਈ ਰਮਜ਼ੀ ਯੂਸਫ ਦੀ ਜ਼ਿੰਮੇਵਾਰੀ ਲਾਈ ਗਈ ਸੀ। ਰਮਜ਼ੀ ਨੇ ਆਪਣੇ ਖਾਸ ਦੋਸਤ ਮੁਹੰਮਦ ਸਲਾਮ ਨੂੰ ਨਾਲ ਲਿਆ। ਉਂਜ ਉਹ ਇਸ ਦੀ ਤਿਆਰੀ ਪਹਿਲਾਂ ਤੋਂ ਹੀ ਕਰ ਰਹੇ ਸਨ। ਉਨ੍ਹਾਂ ਕਿਸੇ ਹੋਰ ਦੋਸਤ ਦੇ ਘਰ ਦੇ ਗੈਰਾਜ ਵਿਚ ਪੰਦਰਾਂ ਸੌ ਪੌਂਡ ਦਾ ਬੰਬ ਤਿਆਰ ਕੀਤਾ ਹੋਇਆ ਸੀ। ਫਿਰ 26 ਫਰਵਰੀ ਵਾਲੇ ਦਿਨ ਮੁਹੰਮਦ ਸਲਾਮ ਨੇ ਟਰੱਕ ਕਿਰਾਏ ‘ਤੇ ਲਿਆਂਦਾ ਅਤੇ ਬੰਬ ਉਸ ਵਿਚ ਟਿਕਾ ਲਿਆ। ਲੰਚ ਟਾਈਮ ਵੇਲੇ ਉਹ ਟਰੱਕ ‘ਚ ਬਹਿ ਕੇ ਵਰਲਡ ਟਰੇਡ ਸੈਂਟਰ ਵੱਲ ਤੁਰ ਪਏ। ਟਰੱਕ ਦੇ ਪਿੱਛੇ ਹੀ ਇੱਕ ਹੋਰ ਦੋਸਤ ਨੇ ਆਪਣੀ ਕਾਰ ਤੋਰ ਲਈ। ਬੰਬ ਕਿੱਥੇ ਰੱਖਣਾ ਹੈ, ਇਸ ਦੀ ਨਿਸ਼ਾਨਦੇਹੀ ਰਮਜ਼ੀ ਨੇ ਪਹਿਲਾਂ ਹੀ ਕੀਤੀ ਹੋਈ ਸੀ। ਉਨ੍ਹਾਂ ਟਰੱਕ, ਨਾਰਥ ਟਾਵਰ ਦੀ ਪਾਰਕਿੰਗ ਦੇ ਬੀ ਬਲਾਕ ਵਿਚ ਜਾ ਖੜ੍ਹਾ ਕੀਤਾ। ਟਰੱਕ ਖੜ੍ਹਾ ਕਰਨ ਤੋਂ ਪਿੱਛੋਂ ਰਮਜ਼ੀ ਨੇ ਬੰਬ ਨੂੰ ਅੱਗ ਲਾਈ ਤੇ ਭੱਜ ਕੇ ਨਾਲ ਆਈ ਦੋਸਤ ਦੀ ਕਾਰ ਵਿਚ ਜਾ ਬੈਠਾ। ਉਥੋਂ ਕਾਰ ਭਜਾ ਕੇ ਉਹ ਭੱਜ ਨਿਕਲੇ। ਇਸ ਦੇ ਕੁਝ ਮਿੰਟ ਪਿੱਛੋਂ ਉਥੇ ਜ਼ਬਰਦਸਤ ਧਮਾਕਾ ਹੋਇਆ ਜਿਸ ਨੇ ਸਾਰਾ ਲੋਅਰ ਮੈਨਹਟਨ ਹਿਲਾ ਦਿੱਤਾ, ਪਰ ਅਫਸੋਸ! ਜੋ ਸੋਚਿਆ ਗਿਆ ਸੀ, ਉਹ ਨਾ ਹੋ ਸਕਿਆ।”
“ਉਹ ਕੀ?” ਚੁੱਪ ਚਾਪ ਸੁਹੇਲ ਦੀ ਗੱਲ ਸੁਣ ਰਹੀ ਆਫੀਆ ਨੇ ਹੈਰਾਨ ਹੋ ਕੇ ਪੁੱਛਿਆ।
“ਰਮਜ਼ੀ ਯੂਸਫ ਦਾ ਖਿਆਲ ਸੀ ਕਿ ਇਹ ਬੰਬ ਇਤਨਾ ਸ਼ਕਤੀਸ਼ਾਲੀ ਐ ਕਿ ਇਸ ਨਾਲ ਨਾਰਥ ਟਾਵਰ ਢਹਿ ਢੇਰੀ ਹੋ ਜਾਵੇਗਾ। ਇੰਨਾ ਹੀ ਨ੍ਹੀਂ, ਸਗੋਂ ਇਹ ਢਹਿੰਦਾ ਹੋਇਆ ਸਾਊਥ ਟਾਵਰ ਨੂੰ ਵੀ ਨਾਲ ਹੀ ਡੇਗ ਦੇਵੇਗਾ। ਉਸ ਦੀ ਸੋਚਣੀ ਸੀ ਕਿ ਉਸ ਦਾ ਇਹ ਕੰਮ ਦੋਹਾਂ ਟਾਵਰਾਂ ਨੂੰ ਧਰਤੀ ‘ਤੇ ਵਿਛਾ ਦੇਵੇਗਾ ਤੇ ਉਥੇ ਕੰਮ ਕਰਨ ਵਾਲੇ ਸਾਰੇ ਲੋਕ ਮਾਰੇ ਜਾਣਗੇ, ਪਰ ਅਫਸੋਸ ਉਸ ਦੀ ਮਨਸ਼ਾ ਪੂਰੀ ਨਾ ਹੋਈ। ਸਿਰਫ ਪੰਜ ਛੇ ਲੋਕ ਹੀ ਮਰੇ ਨੇ।”
“ਅੱਲਾ ਉਸ ਦੀ ਇਨ੍ਹਾਂ ਟਾਵਰਾਂ ਨੂੰ ਢਾਹੁਣ ਦੀ ਮਨਸ਼ਾ ਜ਼ਰੂਰ ਪੂਰੀ ਕਰੇਗਾ; ਪਰ ਸੁਹੇਲ! ਰਮਜ਼ੀ ਯੂਸਫ ਸਾਡੀ ਕੌਮ ਦਾ ਹੀਰੋ ਐ, ਉਹ ਅਸਲੀ ਜਹਾਦੀ ਐ, ਸਾਨੂੰ ਇਹੋ ਜਿਹੇ ਜਹਾਦੀਆਂ ਦੀ ਲੋੜ ਐ।”
“ਅੱਲਾ ਸਭ ਕਾਮਨਾਵਾਂ ਪੂਰੀਆਂ ਕਰੂਗਾ। ਬੱਸ ਆਪਣਾ ਕੰਮ ਐ ਕਿ ਆਪਣੇ ਰਾਹ ਚਲਦੇ ਰਹੀਏ।” ਇੰਨਾ ਕਹਿੰਦਿਆਂ ਸੁਹੇਲ ਗੱਡੀ ਬੈਕ ਕਰਨ ਲੱਗਿਆ।
“ਆਪਾਂ ਨੂੰ ਵੱਧ ਤੋਂ ਵੱਧ ਲੜਾਕੇ ਭਰਤੀ ਕਰਨੇ ਚਾਹੀਦੇ ਨੇ।” ਆਫੀਆ ਨੇ ਆਪਣੀ ਗੱਲ ਕਹੀ।
“ਅੱਗੇ ਅੱਗੇ ਵੇਖ ਸਹੀ ਕਿ ਕੀ ਬਣਦਾ ਐ। ਵੈਸੇ ਤੂੰ ਵੀ ਜਹਾਦ ਵਾਸਤੇ ਬਹੁਤ ਕੁਝ ਕਰ ਰਹੀ ਐਂ।”
“ਸੁਹੇਲ, ਜੇ ਸੱਚ ਪੁੱਛਦਾ ਐਂ ਤਾਂ ਮੈਨੂੰ ਲੱਗਦਾ ਐ ਕਿ ਮੈਂ ਵੀ ਫਰੰਟ ‘ਤੇ ਜਾ ਕੇ ਲੜਾਂ।”
“ਨ੍ਹੀਂ, ਲੜਾਈ ‘ਚ ਹਰ ਇੱਕ ਦਾ ਆਪਣਾ ਆਪਣਾ ਕੰਮ ਹੁੰਦਾ ਐ। ਤੂੰ ਜੋ ਕਰ ਰਹੀ ਐਂ, ਇਹੀ ਸਹੀ ਐ। ਬੱਸ ਅੱਗੇ ਵਧਦੀ ਚੱਲ।”
ਉਹ ਗੱਲਾਂ ਕਰਦੇ ਵਾਪਸ ਮੁੜ ਆਏ।
ਅਗਲੇ ਦਿਨ ਮੁਹੰਮਦ ਸਲਾਮ ਫੜਿਆ ਗਿਆ। ਉਸ ਦੇ ਗ੍ਰਿਫਤਾਰ ਹੋਣ ਦੀ ਦੇਰ ਸੀ ਕਿ ਜਰਸੀ ਸਿਟੀ ਦੇ ਅਲ ਕੀਫਾ ਮੈਂਬਰਾਂ ‘ਚ ਹਫੜਾ-ਦਫੜੀ ਮੱਚ ਗਈ। ਕਿੰਨੇ ਹੀ ਮੈਂਬਰ ਹੋਰ ਫੜੇ ਗਏ ਤੇ ਕਿੰਨੇ ਹੀ ਅੰਡਰਗਰਾਊਂਡ ਹੋ ਗਏ। ਇਹ ਮਾਮਲਾ ਇੱਥੇ ਹੀ ਨਾ ਰੁਕਿਆ। ਪੁਲਿਸ ਬੋਸਟਨ ਸ਼ਹਿਰ ਵੀ ਪਹੁੰਚ ਗਈ ਤੇ ਉਥੇ ਦੇ ਵੀ ਕਈ ਅਲ ਕੀਫਾ ਮੈਂਬਰ ਪੁਲਿਸ ਦੀ ਗ੍ਰਿਫਤ ਵਿਚ ਆ ਗਏ। ਉਧਰ ਰਮਜ਼ੀ ਯੂਸਫ ਨੇ ਧਮਾਕੇ ਵਾਲੇ ਦਿਨ ਹੀ ਸ਼ਾਮ ਵੇਲੇ ਪਾਕਿਸਤਾਨ ਨੂੰ ਫਲਾਈਟ ਲੈ ਲਈ। ਜਦੋਂ ਤੱਕ ਉਸ ਦਾ ਨਾਂ ਬਾਹਰ ਆਇਆ, ਉਦੋਂ ਤੱਕ ਉਹ ਬਲੋਚਿਸਤਾਨ ਵਿਚਲੇ ਆਪਣੇ ਘਰ ਪਹੁੰਚ ਚੁੱਕਿਆ ਸੀ। ਕੁਝ ਦੇਰ ਉਥੇ ਰੁਕ ਕੇ ਉਹ ਪਿਸ਼ਾਵਰ ਦੇ ਉਨ੍ਹਾਂ ਸੁਰੱਖਿਅਤ ਟਿਕਾਣਿਆਂ ਵੱਲ ਨਿਕਲ ਗਿਆ ਜਿੱਥੇ ਅਲ ਕਾਇਦਾ ਅਤੇ ਹੋਰ ਜਥੇਬੰਦੀਆਂ ਦੇ ਜਹਾਦੀ ਬੜੇ ਆਰਾਮ ਨਾਲ ਬਿਨਾਂ ਕਿਸੇ ਡਰ-ਭੌਅ ਦੇ ਰਹਿ ਰਹੇ ਸਨ।
ਅਲ ਕੀਫਾ ਦੀਆਂ ਧੜਾ ਧੜ ਹੋਈਆਂ ਗ੍ਰਿਫਤਾਰੀਆਂ ਨੇ ਤਹਿਲਕਾ ਤਾਂ ਮਚਾ ਦਿੱਤਾ ਪਰ ਮੈਂਬਰਾਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਗਏ। ਉਹ ਸੋਚਦੇ ਸਨ ਕਿ ਉਨ੍ਹਾਂ ਇੰਨਾ ਵੱਡਾ ਕਾਰਾ ਕੀਤਾ ਹੈ ਤੇ ਅੱਗੇ ਚੱਲ ਕੇ ਉਹ ਇਸ ਤੋਂ ਵੀ ਵੱਡਾ ਕੰਮ ਕਰ ਸਕਦੇ ਹਨ। ਆਫੀਆ ਦਾ ਵੀ ਹੌਸਲਾ ਬੁਲੰਦ ਹੋ ਗਿਆ। ਉਸ ਨੇ ਆਪਣੇ ਇੰਟਰਨੈਟ ਵਿਚਲੇ ਇਸ਼ਤਿਹਾਰ ‘ਚ ਲਿਖਿਆ ਕਿ ਇਨ੍ਹਾਂ ਫੜੇ ਗਏ ਮੈਂਬਰਾਂ ਦੇ ਕੋਰਟ ਕੇਸਾਂ ਲਈ ਪੈਸਾ ਇਕੱਠਾ ਕੀਤਾ ਜਾਵੇ। ਪੁਲਿਸ ਦੇ ਦਬਾਅ ਕਾਰਨ ਅਲ ਕੀਫਾ ਦਾ ਦਫਤਰ ਬੰਦ ਕਰ ਦਿੱਤਾ ਗਿਆ। ਇਸ ਦੇ ਜ਼ਿਆਦਾ ਮੈਂਬਰ ਬੋਸਟਨ ਸ਼ਹਿਰ ਜਾ ਪਹੁੰਚੇ। ਉਨ੍ਹਾਂ ਅਲ ਕੀਫਾ ਦਾ ਨਾਂ ਛੱਡ ਕੇ ਨਵੀਂ ਜਥੇਬੰਦੀ ਬਣਾ ਲਈ ਜਿਸ ਦਾ ਨਾਂ ਸੀ, ਕੇਅਰ ਇੰਟਰਨੈਸ਼ਨਲ। ਨਿਊਜ਼ ਲੈਟਰ ਅਲ ਹਸਮ ਅਤੇ ਅਲ ਹਸਮ ਵੈਬਸਾਈਟ ਕੇਅਰ ਇੰਟਰਨੈਸ਼ਨਲ ਨਾਲ ਜੋੜ ਦਿੱਤੇ ਗਏ। ਇਨ੍ਹਾਂ ਰਾਹੀਂ ਮੁਸਲਿਮ ਸਮਾਜ ਨੂੰ ਬੜੇ ਜੋਸ਼ੋ-ਖਰੋਸ਼ ਨਾਲ ਫੰਡ ਦੀ ਅਪੀਲ ਕੀਤੀ ਗਈ। ਦਿਨਾਂ ਵਿਚ ਹੀ ਲੱਖਾਂ ਡਾਲਰ ਇਕੱਠਾ ਹੋ ਗਿਆ। ਇਸ ਨਾਲ ਸਾਰੇ ਮੈਂਬਰਾਂ ਦੇ ਹੌਸਲੇ ਬੁਲੰਦੀਆਂ ਛੋਹਣ ਲੱਗੇ।
ਇਨ੍ਹੀਂ ਦਿਨੀਂ ਹੀ ਇੱਕ ਦਿਨ ਆਫੀਆ ਨੇ ਅਖਬਾਰ ‘ਚ ਰਮਜ਼ੀ ਯੂਸਫ ਬਾਰੇ ਪੂਰਾ ਲੇਖ ਪੜ੍ਹਿਆ। ਲਿਖਿਆ ਸੀ, “ਨਾਰਥ ਟਾਵਰ ਬੰਬ ਧਮਾਕੇ ਦੇ ਮੁੱਖ ਦੋਸ਼ੀ ਨੂੰ ਐਫ਼ਬੀæਆਈæ ਦੀ ਮੋਸਟ ਵਾਂਟਿਡ ਲਿਸਟ ‘ਤੇ ਪਾਉਣ ਪਿੱਛੋਂ ਉਸ ਦਾ ਪਿੱਛਾ ਕੀਤਾ ਗਿਆ। ਛੇਤੀ ਹੀ ਪਤਾ ਲੱਗ ਗਿਆ ਕਿ ਉਹ ਆਪਣੇ ਜੱਦੀ ਘਰ ਕੋਇਟਾ ਰਹਿ ਰਿਹਾ ਹੈ। ਪਾਕਿਸਤਾਨੀ ਪੁਲਿਸ ਦੀ ਮੱਦਦ ਨਾਲ ਉਸ ਨੂੰ ਫੜਨ ਦੀ ਸਕੀਮ ਬਣਾਈ ਗਈ, ਪਰ ਜਦੋਂ ਤੱਕ ਪੁਲਿਸ ਟੀਮਾਂ ਪਹੁੰਚੀਆਂ, ਉਦੋਂ ਤੱਕ ਉਹ ਉਥੋਂ ਨਿਕਲ ਗਿਆ ਸੀ। ਲੱਗਦਾ ਹੈ ਕਿ ਉਸ ਦੇ ਆਈæਐਸ਼ਆਈæ ਦੇ ਅੰਦਰ ਡੂੰਘੇ ਸਬੰਧ ਹਨ। ਉਸ ਦੇ ਇਸ ਘਰੋਂ ਮਿਲੇ ਕਾਗਜ਼ਾਂ ਤੋਂ ਇਹ ਵੀ ਪਤਾ ਲੱਗਿਆ ਕਿ ਉਸ ਦਾ ਅਸਲੀ ਨਾਂ ਅਬਦੁਲ ਬਸਤ ਕਰੀਮ ਹੈ। ਬੰਬ ਧਮਾਕਾ ਕਰਨ ਪਿੱਛੋਂ ਉਹ ਇਸੇ ਨਾਂ ਦੇ ਪਾਸਪੋਰਟ ‘ਤੇ ਪਾਕਿਸਤਾਨ ਭੱਜਿਆ ਸੀ। ਇਸ ਦੇ ਇਲਾਵਾ ਉਸ ਦੇ ਘਰੋਂ ਮਿਲੀਆਂ ਫੋਟੋਆਂ ਵਿਚ ਉਸ ਦੀਆਂ ਕਈ ਵੱਡੇ ਬੰਦਿਆਂ ਨਾਲ ਫੋਟੋਆਂ ਵੀ ਸ਼ਾਮਲ ਹਨ ਜਿਨ੍ਹਾਂ ਵਿਚ ਜਨਰਲ ਜ਼ਿਆ-ਉਲ-ਹੱਕ, ਉਸ ਦਾ ਪੁੱਤਰ ਇਜਾਜ਼-ਉਲ-ਹੱਕ ਅਤੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੀ ਸ਼ਾਮਲ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਪਾਕਿਸਤਾਨੀ ਸਿਆਸਤਦਾਨਾਂ ਦੇ ਕਿੰਨਾ ਨੇੜੇ ਹੈ। ਖਦਸ਼ਾ ਹੈ ਕਿ ਉਹ ਪਿਸ਼ਾਵਰ ਦੇ ਏਰੀਏ ਵਿਚ ਪਹੁੰਚ ਚੁਕਾ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਗੁਪਤ ਜਾਣਕਾਰੀ ਮਿਲੀ ਹੈ।”
ਆਫੀਆ ਨੇ ਅਖਬਾਰ ਪਾਸੇ ਰੱਖ ਦਿੱਤਾ ਤੇ ਸੁਹੇਲ ਦੀ ਕਹੀ ਗੱਲ ਬਾਰੇ ਸੋਚਣ ਲੱਗੀ। ਸੁਹੇਲ ਨੇ ਹੀ ਉਸ ਨੂੰ ਦੱਸਿਆ ਸੀ ਕਿ ਪਿਸ਼ਾਵਰ ਸਾਰੇ ਜਹਾਦੀਆਂ ਦਾ ਵੱਡਾ ਅੱਡਾ ਹੈ। ਉਥੇ ਕੋਈ ਬਾਹਰਲਾ ਤਾਂ ਕੀ, ਖੁਦ ਪਾਕਿਸਤਾਨੀ ਸਰਕਾਰ ਵੀ ਨਹੀਂ ਜਾ ਸਕਦੀ। ਆਫੀਆ ਨੂੰ ਲੱਗਿਆ ਕਿ ਚੰਗਾ ਹੀ ਹੋਇਆ ਕਿ ਰਮਜ਼ੀ ਯੂਸਫ ਪੁਲਿਸ ਦੇ ਹੱਥ ਨਹੀਂ ਆਇਆ। ਜੇ ਉਹ ਫੜਿਆ ਜਾਂਦਾ ਤਾਂ ਪਤਾ ਨਹੀਂ ਫਿਰ ਹੋਰ ਕਿੰਨੀਆਂ ਕੁ ਗ੍ਰਿਫਤਾਰੀਆਂ ਹੁੰਦੀਆਂ। ਉਦੋਂ ਹੀ ਆਫੀਆ ਦਾ ਫੋਨ ਆ ਗਿਆ। ਦੂਜੇ ਪਾਸੇ ਉਸ ਦਾ ਭਰਾ ਸੀ ਜੋ ਹਿਊਸਟਨ ਤੋਂ ਬੋਲ ਰਿਹਾ ਸੀ।
“ਆਫੀਆ ਕੀ ਬਣ ਰਿਹਾ ਐ?”
“ਭਾਈ ਜਾਨ, ਕੁਛ ਨ੍ਹੀਂ ਬੱਸ ਵਿਹਲੀ ਬੈਠੀ ਆਂ।”
“ਮੈਂ ਕਰਾਚੀ ਫੋਨ ਕੀਤਾ ਸੀ ਅੱਬਾ ਦੀ ਤਬੀਅਤ ਕੁਛ ਢਿੱਲੀ ਐ।”
“ਕਿਉਂ ਕੀ ਹੋਇਆ ਅੱਬੂ ਨੂੰ?” ਆਫੀਆ ਇੱਕ ਦਮ ਘਬਰਾ ਗਈ।
“ਨ੍ਹੀਂ ਇੰਨੀ ਫਿਕਰ ਵਾਲੀ ਗੱਲ ਤਾਂ ਨ੍ਹੀਂ ਐ। ਉਂਜ ਤੈਨੂੰ ਪਤਾ ਈ ਐ ਕਿ ਉਹ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਨੇ। ਹੁਣ ਨਾਲ ਦਿਲ ਦੀ ਤਕਲੀਫ ਵੀ ਸ਼ੁਰੂ ਹੋ ਗਈ ਐ।”
“ਉਨ੍ਹਾਂ ਨੂੰ ਕਹੋ ਕਿ ਇੱਥੇ ਆ ਕੇ ਇਲਾਜ ਕਰਵਾਉਣ। ਇੱਥੇ ਹਰ ਬਿਮਾਰੀ ਦਾ ਬਿਹਤਰ ਇਲਾਜ ਐ।”
“ਮੈਂ ਤਾਂ ਬਥੇਰਾ ਕਹਿ ਕੇ ਵੇਖ ਲਿਆ, ਪਰ ਉਹ ਮੰਨਦੇ ਈ ਨ੍ਹੀਂ। ਤੂੰ ਗੱਲ ਕਰ ਕੇ ਵੇਖੀਂ।”
“ਮੈਂ ਕਰਦੀ ਆਂ ਫੋਨ ਅੱਜ ਹੀ। ਹੋਰ ਅੰਮੀ ਤਾਂ ਠੀਕ ਐ ਨਾ?”
“ਅੰਮੀ ਬਿਲਕੁਲ ਠੀਕ ਐ। ਫੌਜ਼ੀਆ ਵੀ ਕਹਿ ਰਹੀ ਐ ਕਿ ਅਮਰੀਕਾ ਪੜ੍ਹਨ ਆਉਣਾ ਐ।”
“ਚੰਗਾ ਐ ਇੱਥੇ ਆ ਜਾਵੇ। ਸਾਰੇ ਇਕੱਠੇ ਹੋ ਜਾਵਾਂਗੇ।”
“ਇਕੱਠੇ ਕਿੱਥੇ ਹੋਵਾਂਗੇ? ਮੈਂ ਤੈਨੂੰ ਬਥੇਰਾ ਕਿਹਾ ਕਿ ਹਿਊਸਟਨ ਨਾ ਛੱਡ, ਤੂੰ ਮੇਰੀ ਗੱਲ ਮੰਨੀ। ਇਵੇਂ ਈ ਉਹ ਵੀ ਆਪਣੀ ਮਰਜ਼ੀ ਈ ਕਰੂਗੀ।”
“ਭਾਈ ਜਾਨ ਕੋਈ ਗੱਲ ਨ੍ਹੀਂ ਮੈਂ ਇੱਥੇ ਈ ਠੀਕ ਆਂ। ਉਹ ਹੋ ਸਕਦਾ ਐ ਕਿ ਤੁਹਾਡੇ ਕੋਲ ਰਹਿ ਪਵੇ।”
“ਆਫੀਆ ਹੋਰ ਤਾਂ ਸਭ ਠੀਕ ਐ, ਪਰ ਮੈਨੂੰ ਤੇਰਾ ਇੱਕ ਗੱਲੋਂ ਬੜਾ ਫਿਕਰ ਰਹਿੰਦਾ ਐ।”
“ਭਾਈ ਜਾਨ ਉਹ ਕੀ?”
“ਤੁਹਾਡਾ ਬੋਸਟਨ ਸ਼ਹਿਰ ਅੱਜ ਕੱਲ੍ਹ ਬੜਾ ਖ਼ਬਰਾਂ ‘ਚ ਰਹਿੰਦਾ ਐ। ਸੁਣਦੇ ਆਂ ਕਿ ਇੱਥੇ ਬੜੇ ਜਹਾਦੀ ਘੁੰਮ ਰਹੇ ਨੇ। ਵਰਲਡ ਟਰੇਡ ਸੈਂਟਰ ਦੀ ਪਾਰਕਿੰਗ ਵਾਲੇ ਧਮਾਕੇ ਵਾਲੇ ਕੇਸ ਨਾਲ ਵੀ ਬੋਸਟਨ ਜੁੜਿਆ ਹੋਇਐ। ਤੂੰ ਇਸ ਪਾਸਿਉਂ ਬਚ ਕੇ ਰਹੀਂ।”
“ਨਹੀਂ ਭਾਈ ਜਾਨ, ਅਜਿਹੀ ਕੋਈ ਗੱਲ ਨ੍ਹੀਂ ਐ। ਮੇਰਾ ਇਨ੍ਹਾਂ ਲੋਕਾਂ ਨਾਲ ਕੋਈ ਲੈਣਾ-ਦੇਣਾ ਨ੍ਹੀਂ ਐ। ਮੈਂ ਤਾਂ ਸਿਰਫ ਚੈਰਿਟੀ ਤੱਕ ਈ ਸੀਮਤ ਆਂ।” ਆਫੀਆ ਨੇ ਝੂਠ ਬੋਲਿਆ, ਪਰ ਡਰ ਵੀ ਗਈ ਕਿ ਉਸ ਦਾ ਭਰਾ ਉਸ ਦੀ ਘਬਰਾਹਟ ਤਾੜ ਹੀ ਨਾ ਜਾਵੇ; ਪਰ ਅਜਿਹਾ ਕੁਝ ਨਾ ਹੋਇਆ। ਮੁਹੰਮਦ ਅਲੀ ਅੱਗੇ ਬੋਲਿਆ, “ਆਫੀਆ, ਇਹ ਕੰਮ ਚੈਰਿਟੀ ਤੋਂ ਈ ਸ਼ੁਰੂ ਹੁੰਦਾ ਐ। ਜਿੰਨੇ ਵੀ ਜਹਾਦੀ ਵੇਖ ਰਹੇ ਆਂ, ਇਹ ਪਹਿਲਾਂ ਚੈਰਿਟੀਆਂ ਵਿਚ ਈ ਕੰਮ ਕਰਦੇ ਸਨ। ਉਥੋਂ ਈ ਇਨ੍ਹਾਂ ਦਾ ਵਾਹ ਅਸਲੀ ਜਹਾਦੀਆਂ ਨਾਲ ਪੈਂਦਾ ਐ। ਤੂੰ ਮੇਰੀ ਭੈਣ ਆਪਣਾ ਬਚਾ ਰੱਖੀਂ। ਮੈਂ ਤਾਂ ਕਹਿਨਾਂ ਕਿ ਤੂੰ ਕੀ ਲੈਣਾ ਐਂ ਚੈਰਿਟੀ ਵਗੈਰਾ ਤੋਂ। ਤੂੰ ਚੁੱਪ ਕਰ ਕੇ ਆਪਣੀ ਪੜ੍ਹਾਈ ਕਰ।”
“ਹਾਂ ਭਾਈ ਜਾਨ, ਮੈਂ ਅੱਗੇ ਦੀਆਂ ਕਲਾਸਾਂ ਲੈਣ ਬਾਰੇ ਸੋਚ ਰਹੀ ਆਂ। ਤੁਹਾਡੇ ਨਾਲ ਵੀ ਸਲਾਹ ਕਰਨੀ ਐਂ ਕਿ ਕਿਹੜੀਆਂ ਕਲਾਸਾਂ ਲਵਾਂ।” ਆਫੀਆ ਗੱਲ ਪੜ੍ਹਾਈ ਵਾਲੇ ਪਾਸੇ ਲੈ ਗਈ ਤੇ ਚੈਰਿਟੀ ਦੀ ਗੱਲ ਟਾਲ ਗਈ। ਉਹ ਗੱਲਾਂ ਕਰ ਹੀ ਰਹੇ ਸਨ ਕਿ ਆਫੀਆ ਦੀ ਵਿਚੇ ਕਾਲ ਆ ਗਈ। ਉਹ ਸਕਰੀਨ ਵੱਲ ਵੇਖਦਿਆਂ ਬੋਲੀ, “ਭਾਈ ਜਾਨ ਮੈਂ ਤੁਹਾਨੂੰ ਫਿਰ ਫੋਨ ਕਰਦੀ ਆਂ। ਮੇਰਾ ਵਿਚ ਫੋਨ ਆ ਗਿਆ।” ਉਸ ਨੇ ਦੂਜੇ ਪਾਸੇ ਫੋਨ ਆਨ ਕਰਦਿਆਂ ਹੈਲੋ ਕਹੀ, ਉਧਰ ਮਾਰਲਿਨ ਸੀ। ਉਹ ਘਬਰਾਈ ਹੋਈ ਆਵਾਜ਼ ‘ਚ ਬੋਲੀ, “ਆਫੀਆ ਬਹੁਤ ਮਾੜਾ ਹੋਇਆ।”
“ਕੀ ਹੋ ਗਿਆ?”
“ਸ਼ੇਖ ਉਮਰ ਅਬਦੁਲ ਰਹਿਮਾਨ ਗ੍ਰਿਫਤਾਰ ਹੋ ਗਏ।”
“ਯਾਹ ਅੱਲਾ!” ਆਫੀਆ ਨੇ ਫੋਨ ਕੱਟ ਦਿੱਤਾ ਤੇ ਸਿਰ ਫੜ ਕੇ ਬੈਠ ਗਈ। ਅਗਲੇ ਦਿਨ ਸਾਰੀਆਂ ਅਖਬਾਰਾਂ ਦੀ ਮੁੱਖ ਖ਼ਬਰ ਸੀ ਕਿ ਨਾਰਥ ਟਾਵਰ ਦੀ ਪਾਰਕਿੰਗ ਵਾਲੇ ਬੰਬ ਧਮਾਕੇ ਦਾ ਮੁੱਖ ਸੂਤਰਦਾਰ, ਅੰਨਾ ਸ਼ੇਖ ਉਮਰ ਅਬਦੁਲ ਰਹਿਮਾਨ ਫੜਿਆ ਗਿਆ।
(ਚਲਦਾ)

Be the first to comment

Leave a Reply

Your email address will not be published.