ਮਨਿੰਦਰ ਕਾਂਗ਼…ਤੇ ਜੋਗੀ ਚੱਲੇ!

-ਪਰਮਵੀਰ ਸਿੰਘ
ਫੋਨ:+91-98153-18889
ਮਨਿੰਦਰ ਕਾਂਗ ਦਾ ਅਚਨਚੇਤ ਟੁਰਨਾ ਪੰਜਾਬੀ ਸਾਹਿਤ ਨਾਲ ਜੁੜੇ ਪਾਠਕਾਂ, ਲੇਖਕਾਂ ਲਈ ਅਤਿ ਦੁਖਦਾਈ ਹੈ। ਕਾਂਗ ਨੇ ਪੰਜਾਬੀ ਕਹਾਣੀ ਦਾ ਚੌਖਟਾ ਵਿਸ਼ਾਲ ਕੀਤਾ। ਪੰਜਾਬੀ ਕਹਾਣੀ ਨੂੰ ਵਿਸ਼ਵ ਕਹਾਣੀ ਦਾ ਹਾਣੀ ਕੀਤਾ। ਕੁਝ ਸਾਲ ਪਹਿਲਾਂ ਛਪੀ ਉਸ ਦੀ ਕਹਾਣੀ ‘ਕੁੱਤੀ ਵਿਹੜਾ’ ਨੇ ਸਾਹਿਤਕ ਹਲਕਿਆਂ ਨੂੰ ਜੋ ਹਲੂਣਾ ਦਿੱਤਾ, ਸ਼ਾਇਦ ਉਸ ਤੋਂ ਬਾਅਦ ਜਾਂ ਉਸ ਤੋਂ ਦਸ ਸਾਲ ਪਹਿਲਾਂ ਦੇ ਸਮੇਂ ਵਿਚ ਅਜਿਹਾ ਨਹੀਂ ਵਾਪਰ ਸਕਿਆ। ਕਾਂਗ ਦਾ ਕਹਾਣੀ ਲਿਖਣਾ ਅਨੇਕਾਂ ਪੀੜਾਂ ਨੂੰ ਸੀਨੇ ਲਾ ਸੌਣ ਜਿਹਾ ਹੈ। ਜਿਹੋ-ਜਿਹੀ ਬੇਚੈਨੀ, ਜਿਹੋ-ਜਿਹੀ ਉਦਾਸੀ ਪਾਠਕ ਕਹਾਣੀ ਦੇ ਨਾਲ-ਨਾਲ ਮਹਿਸੂਸ ਕਰਦਾ ਜਾਂਦਾ ਹੈ, ਕਾਂਗ ਦੇ ਦਿਲ ‘ਚ ਛੁਪੀ ਉਸ ਦੀ ਪੀੜ ਦਾ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ।
ਕਾਂਗ ਪ੍ਰਚਲਿਤ ਕਹਾਣੀ ਤੋਂ ਖੁਸ਼ ਨਹੀਂ ਸੀ। ਇਕ ਵੱਖਰੀ ਪੈੜ ਸਿਰਜਣਾ ਉਸ ਦਾ ਸੁਪਨਾ ਸੀ। ਪੀਐਚæਡੀ ਕਰਨ ਵੇਲੇ ਕਈ ਵਾਰ ਜਦੋਂ ਉਹ ਯਾਰਾਂ ਨਾਲ ਚਾਹ ਦੀ ਚੁਸਕੀ ਭਰਦਿਆਂ ਗੰਭੀਰ ਹੋ ਆਖਦਾ, ‘ਅਜੇ ਕਹਾਣੀ ਚੈਖੋਵ ਵਰਗੀ ਲਿਖੀ ਨ੍ਹੀਂ ਗਈ’ ਤਾਂ ਨਾਲ ਬੈਠੇ ਯਾਰ ਭਾਵੇਂ ਉਸ ਦਾ ਮਜ਼ਾਕ ਉਡਾਉਣ ਲਗਦੇ ਪਰ ਕਾਂਗ ਦੇ ਚੇਤ ਜਾਂ ਅਚੇਤ ਮਨ ਵਿਚ ਪੰਜਾਬੀ ਕਹਾਣੀ ਨੂੰ ਚੈਖ਼ੋਵ ਤੇ ਤੁਰਗਨੇਵ ਤੇ ਟਾਲਸਟਾਏ ਤਕ ਪਹੁੰਚਾਉਣ ਬਾਰੇ ਸੋਚਣਾ ਕੋਈ ਸ਼ੇਖੀ ਮਾਰਨਾ ਨਹੀਂ ਸੀ। ‘ਕੁੱਤੀ ਵਿਹੜਾ’ ਕਹਾਣੀ ‘ਤੇ ਉਸ ਨੇ ਪੂਰੇ 17 ਸਾਲ ਲਾਏ ਅਤੇ ਫਿਰ ਉਹ ਕਹਾਣੀ ਵਿਚ ਤਰਸ, ਹੀਣਤਾ, ਅਲਕਤ ਦੀ ਸਿਖਰ ਦਿਖਾ ਕੇ ਹੀ ਮੁੜਿਆ। ਬੇਸ਼ੱਕ, ਉਸ ਦੀ ਇਹ ਕਹਾਣੀ ਚੈਖੋਵ ਦੀ ‘ਦੁਲਹਨ’ ਤੇ ਤੁਰਗਨੇਵ ਦੀ ‘ਕਲੈਰਾਮਨੀਚ’ ਤੋਂ ਅੱਗੇ ਦਾ ਸਫ਼ਰ ਲੱਗੀ। ਬਹੁਤ ਸਾਰੇ ਕਹਾਣੀਕਾਰਾਂ, ਅਲੋਚਕਾਂ ਨੇ ਉਸ ਦੇ ਕਹਾਣੀ ਨਾ ਹੋਣ ਬਾਰੇ ਰੌਲਾ ਪਾਇਆ। ਕਹਾਣੀ ਇਨਫਰਮੇਸ਼ਨ ਨਹੀਂ ਹੁੰਦੀæææਵਗੈਰਾ-ਵਗੈਰਾ, ਪਰ ਕਾਂਗ ਨੇ ਇਕ ਵਾਰ ਜੋ ਝੰਡਾ ਝੁਲਾ ਦਿੱਤਾ, ਉਸ ਦਾ ਬਦਲ ਵੀ ਉਸ ਆਪ ਹੀ ਦਿੱਤਾ। ਉਸ ਦੀਆਂ ਕਹਾਣੀਆਂ ‘ਭਾਰ’ ਅਤੇ ‘ਤੈਨੂੰ ਮੈਂ ਨਾ ਮੁਕਰਦੀ’ ਨੂੰ ਵੀ ਵਿਸ਼ਵ ਦੀਆਂ ਬਿਹਤਰੀਨ ਕਹਾਣੀਆਂ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ। ‘ਦੋ ਤਲਵਾਰਾਂ ਬੱਧੀਆਂ’ ਨੇ ਆਪਣਾ ਹੀ ਮੰਡਲ ਸਿਰਜਿਆ।
ਕਾਂਗ ਸੁਭਾਅ ਦਾ ਬੇਬਾਕ, ਖੁੱਲ੍ਹਦਿਲਾ, ਸਪਸ਼ਟ ਤੇ ਬੜਬੋਲਾ ਸੀ। ਸ਼ਾਇਦ ਉਸ ਦਾ ਸੱਚ ਬੋਲਣਾ, ਸਪਸ਼ਟ ਹੋਣਾ, ਖਰੂਦੀ ਹੋਣ ਜਿਹਾ ਜਾਪਣ ਲੱਗਾ ਸੀ। ਉਸ ਤੋਂ ਕਿਸੇ ਦੀ ਝੂਠੀ ਸਿਫ਼ਤ ਨਹੀਂ ਹੁੰਦੀ ਸੀ। ਸੱਚੀ ਗੱਲ ਲੁਕਾ ਨਹੀਂ ਸੀ ਸਕਦਾ। ਮੈਨੂੰ ਉਹ ਫ਼ੋਨ ਕਰਦਾ ਤਾਂ ਪਹਿਲੋਂ ਇਹੀ ਆਖਦਾ,
“ਕੀ ਸਰਗਰਮੀਆਂ?”
“ਕੀ ਲਿਖਿਆ? ਬੈਕ ਕਾਲ ਕਰ।”
“ਸੁਣਾ।”
ਮੈਂ ਉਸ ਨੂੰ ਨਵੀਆਂ ਰਚੀਆਂ ਕਵਿਤਾਵਾਂ, ਗੀਤ ਸੁਣਾਉਂਦਾ। ਮੇਰਾ ਗੀਤ ‘ਉੱਠੀਆਂ ਚੰਨਾਂ ਵੇ ਮੁਲਤਾਨੋਂ ਹਨੇਰੀਆਂ’ ਉਸ ਨੂੰ ਬਹੁਤ ਪਸੰਦ ਸੀ। ਉਹ ਦਿਨ ਵਿਚ ਕਈ ਕਈ ਵਾਰ ਇਹ ਗੀਤ ਮੈਥੋਂ ਸੁਣਦਾ ਰਿਹਾ। ਫਿਰ ਇਕ ਦਿਨ ਉਸ ਨੇ ਕਿਹਾ ਕਿ ਉਸ ਦੀ ਕਹਾਣੀ ‘ਭਾਰ’ ਉਤੇ ਫ਼ਿਲਮ ਬਣ ਰਹੀ ਹੈ ਤੇ ਉਸ ਨੇ ‘ਮੁਲਤਾਨੋਂ ਹਨੇਰੀਆਂ’ ਵਾਲੇ ਗੀਤ ਦੀ ਉਸ ਫ਼ਿਲਮ ਵਿਚ ਲੈਣ ਲਈ ਸ਼ਿਫ਼ਾਰਿਸ਼ ਕੀਤੀ ਹੈ। ਮੈਂ ਵੀ ਹਾਂ ਕਰ ਦਿੱਤੀ, ਪਰ ਕਿਸੇ ਕਾਰਨ ਗੀਤ ਸ਼ਾਮਿਲ ਨਾ ਹੋ ਸਕਿਆ।
ਕਾਂਗ ਦਾ ਸੁਭਾਅ ਅਸਲ ਲੇਖਕਾਂ ਵਾਲਾ ਸੀ। ਕਿਸੇ ਤਰ੍ਹਾਂ ਦਾ ਧੱਕਾ, ਅਨਿਆਂ, ਉਸ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ। ਚਾਪਲੂਸੀ ਤਾਂ ਬੜੀ ਦੂਰ ਦੀ ਗੱਲ ਹੈ। ਕਈ ਵਾਰ ਜ਼ਰੂਰੀ ਤਰ੍ਹਾਂ ਦਾ ਵਰਤਾਉ ਵੀ ਉਸ ਨੂੰ ਗ਼ੁਲਾਮੀ ਜਿਹਾ ਅਹਿਸਾਸ ਦਿਵਾਉਂਦਾ ਸੀ। ਇਸੇ ਕਾਰਨ ਉਹ ਨੌਕਰੀ ‘ਤੇ ਪੱਕਾ ਨਾ ਹੋ ਸਕਿਆ। ਕਿਸੇ ਤਰ੍ਹਾਂ ਦੇ ਸਿਸਟਮ ਦੇ ਉਹ ਫਿੱਟ ਨਾ ਆਇਆ ਤੇ ਸਿਸਟਮ ਦੀ ਗ਼ੁਲਾਮੀ ‘ਚ ਉਸ ਨੂੰ ਸਾਹ ਔਖਾ ਆਉਂਦਾ ਸੀ।
ਗਰਮੀਆਂ ‘ਚ ਉਹ ਡਲਹੌਜ਼ੀ ਬੈਠੇ ਮਨਮੋਹਨ ਬਾਵਾ ਨੂੰ ਫ਼ੋਨ ਲਾਉਂਦਾ, “ਕਿੱਥੇ ਓ?”
“ਡਲਹੌਜ਼ੀ।”
“ਆਪ ਤਾਂ ਸੁਰਗ ‘ਚ ਬਿਰਾਜ ਰਹੇ ਹੋ, ਇਥੇ ਲੂਸੇ ਪਏ ਹਾਂ। ਅਤਿ ਕਰ ਦਿੱਤੀ ਊ ਗਰਮੀ ਨੇ। ਮੇਰੇ ਇਕ ਕਮਰੇ ਦਾ ਪ੍ਰਬੰਧ ਕਰੋ।”
ਕਾਂਗ ਦੇ ਯਾਰ ਉਸ ਦੇ ਗਿਆਨ, ਸੂਝ ਤੇ ਸਿਰੜ ਦੇ ਕਾਇਲ ਸਨ। ਉਸ ਦੀ ਗੁਸਤਾਖੀ ‘ਚੋਂ ਵੀ ਮਾਖਿਉਂ ਜਿਹਾ ਅਨੰਦ ਲੈਂਦੇ ਸਨ। ਬਹੁਤੀ ਵਾਰ ਇਕ ਦੋ ਯਾਰ ਇਕੱਠੇ ਹੋ ਮਾਹੌਲ ਪਰਤਾਉਣ ਲਈ ਉਸ ਨੂੰ ਫ਼ੋਨ ਲਾਉਂਦੇ, “ਲੈ ਬਾਈ! ਚਾਰ ਕੁ ਗ਼ਾਲਾਂ ਸੁਣੀਏ ਕਾਂਗ ਤੋਂ।” ਉਸ ਦੇ ਹਰ ਕੌੜੇ ਬੋਲ ਪਿੱਛੇ ਸੱਚ ਹੁੰਦਾ, ਸਪਸ਼ਟਤਾ ਹੁੰਦੀ।
ਉਹ ਮੈਨੂੰ ਫੋਨ ਕਰ ਨਸੀਹਤ ਦਿੰਦਾ। ਆਖਦਾ, “ਪੈਰ ਨਾ ਛੱਡੀਂ, ਚਾਰ ਕੁ ਇਨਾਮ ਬੰਦੇ ਦਾ ਸੈਂਟਰ ਹਿਲਾ ਦਿੰਦੇ ਨੇ। ਜੇ ਬਚਣਾ ਈ ਤਾਂ ਲੁਕ ਕੇ ਕੰਮ ਕਰ। ਕਵਿਤਾ ਤੂੰ ਚੰਗੀ ਲਿਖਦੈਂ। ਪੈਰ ਨਾ ਛੱਡੀਂæææਛਿੰਦਿਆ।”
ਮੈਨੂੰ ਸਦਾ ਉਸ ਤੋਂ ਸੁਖ ਮਿਲਦਾ ਰਿਹਾ। ਉਹ ਫ਼ਕੀਰ ਸੀ। ਫ਼ਕੀਰਾਂ ਨੇ ਕਾਇਨਾਤ ਦਾ ਸਾਂਝਾ ਬੋਲ ਹੀ ਆਖਣਾ ਹੁੰਦਾ ਹੈ। ਸਭ ਕੁਝ ਸੀਨੇ ਜਰਨਾ ਹੁੰਦਾ ਹੈ। ਕਾਂਗ ਨੇ ਬੜੀ ਕਿਸਮ ਦੀ ਜ਼ਹਿਰ ਪੀਤੀ ਹੈ। ਸਿਸਟਮ ਦੀ ਜ਼ਹਿਰ, ਸਿਆਸਤ ਦੀ ਜ਼ਹਿਰ। ਉਹ ਸਭ ਕੁਝ ਸਮਝਦਾ ਹੋਇਆ ਵੀ ਮਾਹੌਲ ਅਨੁਸਾਰ ਢਲ ਨਹੀਂ ਸਕਦਾ ਸੀ। ਉਹ ਲੋਕਾਂ ਦੇ ਦਿਲਾਂ ਦੀ ਕਿਸੇ ਨੁੱਕਰ ‘ਚ ਸਦਾ ਲਈ ਰਹਿਣਾ ਚਾਹੁੰਦਾ ਸੀ। ਦਿਲ ਵਿਚ ਰਹਿਣ ਲਈ ਉਹ ਜਾਣਦਾ ਸੀ ਨਾ ਦੌਲਤ, ਨਾ ਸ਼ੁਹਰਤ, ਨਾ ਅਮੀਰੀ ਸਹਾਈ ਹੋ ਸਕਦੀ ਹੈ। ਉਸ ਨੇ ਆਪਣੇ ਸਿਰੜ, ਆਪਣੀ ਸੱਚੀ ਤੇ ਬੇਬਾਕ ਸ਼ਖ਼ਸੀਅਤ ਦਾ ਰਾਹ ਅਪਨਾਇਆ। ਹੁਣ ਵੀ ਸਾਨੂੰ ਮਹਿਸੂਸ ਹੁੰਦਾ ਹੈ ਜਿਵੇਂ ਉਹ ਆਖ ਰਿਹਾ ਹੋਵੇ, “ਮੈਥੋਂ ਕਿਸੇ ਦੀਆਂ ਚੀਕਾਂ ਸੁਣੀਆਂ ਨਹੀਂ ਜਾਂਦੀਆਂæææ, ਲਿਆ ਕੋਈ ਗੀਤ ਸੁਣਾ ਓਏ ਛਿੰਦਿਆ!”
ਸੱਚੀ ਗੱਲ ਇਹ ਵੇ ਕਿ ਕਾਂਗ ਨੂੰ ‘ਕੁੱਤੀ ਵਿਹੜਾ’, ‘ਭਾਰ’ ਤੇ ‘ਤੈਨੂੰ ਮੈਂ ਨਾ ਮੁਕਰਦੀ’ ਵਰਗੀਆਂ ਕਹਾਣੀਆਂ ਕਰ ਕੇ ਸਦਾ ਯਾਦ ਕੀਤਾ ਜਾਏਗਾ। ਉਸ ਨੇ ਤੇ ਸ਼ਾਇਦ ਇਹ ਵੀ ਨਹੀਂ ਚਾਹਿਆ ਹੋਣਾ। ਉਹ ਤਾਂ ਸਿਰਫ਼ ਰਚਨਾ ਦੀ ਪਿਆਸ ਬੁਝਾਉਂਦਾ-ਬੁਝਾਉਂਦਾ ਚਾਰ ਅੱਖਰ ਝਰੀਟ ਗਿਆ ਸੀ। ਉਸ ਦੇ ਟੁਰ ਜਾਣ ਤੇ ਮੈਨੂੰ ਵਿਜੇ ਵਿਵੇਕ ਦੀਆਂ ਸਤਰਾਂ ਯਾਦ ਆਉਂਦੀਆਂ ਨੇ,
ਆਹ ਚੁੱਕ ਆਪਣਾ ਤਾਂਘ ਤਸੱਵੁਰ,
ਰੋਣਾ ਕਿਹੜੀ ਗੱਲੇ।
ਉਮਰਾਂ ਦੀ ਮੈਲ਼ੀ ਚਾਦਰ ਵਿਚ
ਪਾ ਇਕਲਾਪਾ ਪੱਲੇ।
æææਤੇ ਜੋਗੀ ਚੱਲੇ।

Be the first to comment

Leave a Reply

Your email address will not be published.