ਪਟਿਆਲਾ: ਦਰਸ਼ਨ ਨਗਰ ਦੇ ਵਸਨੀਕ ਕੰਪਿਊਟਰ ਇੰਜੀਨੀਅਰ ਰਜਤਵੀਰ ਸਿੰਘ ਸੋਢੀ ਅਤੇ ਉਸ ਦੇ ਪਿਤਾ ਤੇ ਮਾਰਕੀਟ ਕਮੇਟੀ ਦੇ ਸੇਵਾ ਮੁਕਤ ਸਕੱਤਰ ਹਰਪ੍ਰੀਤ ਸਿੰਘ ਵੱਲੋਂ ਘਰ ਵਿਚ ਹੀ ਬੰਬ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਬੰਬਾਂ ਦੀ ਪਰਖ ਲਈ ਉਨ੍ਹਾਂ ਵੱਲੋਂ ਅਰਬਨ ਅਸਟੇਟ ਨੇੜਲੀ ਪਾਰਕ ਵਿਚ ਧਮਾਕੇ ਵੀ ਕੀਤੇ ਜਾਂਦੇ ਸਨ। ਪੁਲਿਸ ਨੇ ਇਨ੍ਹਾਂ ਵਿਚੋਂ ਪਿਤਾ ਨੂੰ ਕਾਬੂ ਕਰ ਲਿਆ ਪਰ ਰਜਤਵੀਰ ਸੋਢੀ ਨੇ ਮੱਥੇ ‘ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਉਨ੍ਹਾਂ ਦੇ ਘਰੋਂ ਵੱਡੀ ਮਾਤਰਾ ਵਿਚ ਹਥਿਆਰ ਤੇ ਹੋਰ ਗੋਲੀ ਸਿੱਕਾ ਵੀ ਬਰਾਮਦ ਕੀਤਾ ਹੈ,
ਜਿਸ ਵਿਚ ਕੁੱਕਰ ਬੰਬ, ਕੁਝ ਪਾਈਪ ਬੰਬ ਅਤੇ ਬੰਬ ਬਣਾਉਣ ਵਾਲੀ ਧਮਾਕਾਖੇਜ਼ ਸਮੱਗਰੀ, ਦੋ ਪਿਸਤੌਲ, 12 ਬੋਰ ਦੀਆਂ ਤਿੰਨ ਰਾਈਫਲਾਂ ਅਤੇ ਭਾਰੀ ਮਾਤਰਾ ਵਿਚ ਕਾਰਤੂਸ ਸ਼ਾਮਲ ਹਨ। ਦੋਵਾਂ ਖਿਲਾਫ਼ ਥਾਣਾ ਸਦਰ ਪਟਿਆਲਾ ਵਿਚ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਪਿੰਡ ਫਲੌਲੀ ਕੋਲੋਂ ਭਾਵੇਂ ਰਜਤਵੀਰ ਫਰਾਰ ਹੋ ਗਿਆ ਸੀ, ਪਰ ਹਰਪ੍ਰੀਤ ਸਿੰਘ ਨੂੰ ਦਬੋਚ ਲਿਆ ਗਿਆ, ਜਿਸ ਦੀ ਰਿਟਜ਼ ਕਾਰ ਵਿਚੋਂ ਕੁੱਕਰਨੁਮਾ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ, ਜਦੋਂ ਕਿ ਰਜਤਵੀਰ ਸਿੰਘ ਸਕਾਰਪੀਓ ਗੱੱਡੀ ਰਾਹੀਂ ਫਰਾਰ ਹੋ ਗਿਆ, ਜਦੋਂ ਹਰਪ੍ਰੀਤ ਸਿੰਘ ਦੀ ਪਤਨੀ ਨੂੰ ਨਾਲ ਲੈ ਕੇ ਪੁਲਿਸ ਨੇ ਦਰਸ਼ਨ ਨਗਰ ਵਿਚਲੇ ਇਨ੍ਹਾਂ ਦੇ ਇਕ ਹੋਰ ਮਕਾਨ ਉਤੇ ਛਾਪਾ ਮਾਰਿਆ ਤਾਂ ਇਸ ਦੇ ਉਪਰਲੇ ਕਮਰੇ ਵਿਚ ਰਜਤਵੀਰ ਸਿੰਘ ਦੀ ਲਾਸ਼ ਪਈ ਮਿਲੀ, ਜਿਸ ਦੇ ਮੱਥੇ ‘ਤੇ ਗੋਲੀ ਲੱਗੀ ਹੋਈ ਸੀ ਤੇ ਪਿਸਤੌਲ ਵੀ ਕੋਲ ਪਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਕਾਨੂੰਨੀ ਕਾਰਵਾਈ ਦੇ ਡਰੋਂ ਖੁਦਕੁਸ਼ੀ ਕਰ ਲਈ। ਇਸ ਮਾਮਲੇ ਨੂੰ ਆਈæਐਸ਼ਆਈæ ਤੇ ਮੁਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਚਾਰ ਮੁਲਜ਼ਮਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਪਰ ਡੀæਆਈæਜੀæ ਦਾ ਕਹਿਣਾ ਹੈ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ।
__________________________________
ਰਜਤਵੀਰ ਦੀ ਮਾਂ ਨੇ ਵੀ ਮੌਤ ਗਲੇ ਲਾਈ
ਪਟਿਆਲਾ: ਘਰ ਵਿਚ ਬੰਬ ਬਣਾਉਂਦਿਆਂ ਫੜੇ ਜਾਣ ‘ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਇੰਜੀਨੀਅਰ ਰਜਤਵੀਰ ਸਿੰਘ ਸੋਢੀ ਦੇ ਫੁੱਲ ਪਾਉਣ ਪਿੱਛੋਂ ਉਸ ਦੀ ਮਾਂ ਕਿਰਨਜੋਤ ਕੌਰ ਨੇ ਵੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਹ ਪਾਵਰਕੌਮ ਵਿਚ ਸੀਨੀਅਰ ਸਹਾਇਕ ਵਜੋਂ ਤਾਇਨਾਤ ਸੀ ਅਤੇ ਡਬਲ ਐਮæਏæ ਕੀਤੀ ਹੋਈ ਸੀ। ਉਧਰ ਪੁਲਿਸ ਰਿਮਾਂਡ ਉਤੇ ਚੱਲ ਰਹੇ ਰਜਤਵੀਰ ਦੇ ਪਿਤਾ ਤੇ ਮਾਰਕੀਟ ਕਮੇਟੀ ਦੇ ਸੇਵਾ ਮੁਕਤ ਸਕੱਤਰ ਹਰਪ੍ਰੀਤ ਸਿੰਘ ਤੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਘਰੇ ਉਨ੍ਹਾਂ ਦੀ ਮੁਟਿਆਰ ਧੀ ਦਾ ਰੋ ਰੋ ਕੇ ਬੁਰਾ ਹਾਲ ਹੈ, ਜੋ ਪੀæਐਚæਡੀæ ਕਰ ਰਹੀ ਹੈ।