ਆਜ਼ਾਦੀ ਲਈ ਸਿੱਖਾਂ ਦੇ ਯੋਗਦਾਨ ਨੂੰ ਜੱਗ ਜ਼ਾਹਿਰ ਕਰੇਗੀ ਸ਼੍ਰੋਮਣੀ ਕਮੇਟੀ

ਪਟਿਆਲਾ: ਹਰਿਦੁਆਰ ਵਿਖੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ, ਸੈਲੂਲਰ ਜੇਲ੍ਹ ਅੰਡੇਮਾਨ ਨਿਕੋਬਾਰ, ਗੁਰਦੁਆਰਾ ਬਾਉਲੀ ਸਾਹਿਬ ਜਗਨਨਾਥ ਪੁਰੀ, ਗੁਰਦੁਆਰਾ ਕਰਤਾਰ ਕੀਰਤਨ ਸਾਹਿਬ ਇੰਦੌਰ ਅਤੇ ਮੱਧ ਪ੍ਰਦੇਸ਼ ਦੇ ਸਿਕਲੀਗਰ ਸਿੱਖਾਂ ਸਬੰਧੀ ਬਣਾਈਆਂ ਕਮੇਟੀਆਂ ਦੇ ਮੈਂਬਰਾਂ ਨੇ ਆਪਣੀਆਂ ਰਿਪੋਰਟਾਂ ਉਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਵਿਚਾਰ-ਵਟਾਂਦਰਾ ਕੀਤਾ।

ਬਡੂੰਗਰ ਨੇ ਕਿਹਾ ਕਿ ਉਹ ਇਨ੍ਹਾਂ ਬਾਰੇ ਅਗਲੇ ਫੈਸਲੇ ਬਾਰੇ ਜਲਦੀ ਹੀ ਸਿੱਖ ਜਗਤ ਨੂੰ ਜਾਣੂ ਕਰਾਉਣਗੇ। ਬਡੂੰਗਰ ਨੇ ਦੱਸਿਆ ਕਿ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਦੇ ਇਤਿਹਾਸ ‘ਚੋਂ ਪੰਜਾਬੀਆਂ ਅਤੇ ਖਾਸਕਰ ਸਿੱਖਾਂ ਸਬੰਧੀ ਵੇਰਵਿਆਂ ਨੂੰ ਖਤਮ ਕਰਨ ਦੇ ਯਤਨਾਂ ਨੂੰ ਰੋਕਣ ਲਈ ਭੇਜੀ ਗਈ ਸਬ-ਕਮੇਟੀ ਦੇ ਮੈਂਬਰਾਂ ਨੇ ਵੀ ਉਥੋਂ ਦੀ ਵਿਸਥਾਰਤ ਰਿਪੋਰਟ ਪੇਸ਼ ਕਰ ਕੇ ਅਸਲ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ।
ਪ੍ਰਾਪਤ ਰਿਪੋਰਟ ਅਨੁਸਾਰ ਉਥੋਂ ਦੇ ਜੇਲ੍ਹ ਮਿਊਜ਼ੀਅਮ ਵਿਚ ਸਿੱਖਾਂ ਦੀ ਗਾਥਾ ਨੂੰ ਸੱਚਮੁੱਚ ਹੀ ਮਨਫੀ ਕੀਤਾ ਗਿਆ ਹੈ, ਜੋ ਸਿੱਖਾਂ ਨਾਲ ਵੱਡਾ ਧੋਖਾ ਹੈ। ਰਿਪੋਰਟ ਅਨੁਸਾਰ ਸਿੱਖਾਂ ਦੇ ਦੇਸ਼ ਦੀ ਆਜ਼ਾਦੀ ਲਈ ਪਾਏ ਯੋਗਦਾਨ ਨੂੰ ਮੁੜ ਉਭਾਰਨ ਲਈ ਸ਼੍ਰੋਮਣੀ ਕਮੇਟੀ ਇਸ ਸਬੰਧੀ ਮੁਕੰਮਲ ਖੋਜ ਕਰਵਾਉਣ ਲਈ ਜਲਦੀ ਹੀ ਖੋਜ ਕਮੇਟੀ ਬਣਾਏਗੀ। ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਮਾਮਲਿਆਂ ਸਬੰਧੀ ਕਾਰਵਾਈ ਨੂੰ ਤੁਰਤ ਅਮਲ ਵਿਚ ਲਿਆਉਣ ਲਈ ਆਦੇਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲ ਕੇ ਇਨ੍ਹਾਂ ਮਸਲਿਆਂ ਸਬੰਧੀ ਗੱਲਬਾਤ ਕੀਤੀ ਸੀ ਜਿਸ ‘ਤੇ ਰਾਸ਼ਟਰਪਤੀ ਨੇ ਸਾਰਥਿਕ ਹੁੰਗਾਰਾ ਭਰਦਿਆਂ ਹੱਲ ਦਾ ਭਰੋਸਾ ਵੀ ਦਿੱਤਾ ਹੈ।
____________________________________________
ਬਡੂੰਗਰ ਨੇ ਕੈਪਟਨ ਸਰਕਾਰ ਨੂੰ ਕੀਤਾ ਖਬਰਦਾਰ
ਚੰਡੀਗੜ੍ਹ: ਸੋਸ਼ਲ ਮੀਡੀਆ ‘ਤੇ ਜਰਨੈਲ ਸਿੰਘ ਭਿੰਡਰਾਂਵਾਲੇ ਖਿਲਾਫ ਅਪਸ਼ਬਦ ਵਰਤਣ ਵਾਲੇ ਦਾ ਵਿਰੋਧ ਕਰਨ ‘ਤੇ ਸਿੱਖ ਨੌਜਵਾਨ ਵਿਰੁੱਧ ਪਰਚਾ ਦਰਜ ਕਰਨ ਤੋਂ ਖਫਾ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਸਰਕਾਰ ਨੂੰ ਪੁਲਿਸ ਧੱਕੇਸ਼ਾਹੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬਡੂੰਗਰ ਨੇ ਕਿਹਾ ਕਿ ਪਿਛਲੇ ਦਿਨੀਂ ਸ਼ਿਵ ਸੈਨਾ ਦੇ ਕੁਝ ਸ਼ਰਾਰਤੀ ਅਨਸਰਾਂ ਦੀ ਸ਼ਿਕਾਇਤ ‘ਤੇ ਮੋਗਾ ਪੁਲਿਸ ਨੇ ਨਾਬਾਲਗ ਸਿੱਖ ਨੂੰ ਗ੍ਰਿਫਤਾਰ ਕਰ ਕੇ ਉਸ ‘ਤੇ ਪਾਏ ਮੁਕੱਦਮੇ ਸਰਾਸਰ ਝੂਠ ਹਨ ਕਿਉਂਕਿ ਉਸ ਨੌਜਵਾਨ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ‘ਤੇ ਅਪਸ਼ਬਦ ਲਿਖਣ ਵਾਲੇ ਸ਼ਰਾਰਤੀ ਅਨਸਰਾਂ ਦਾ ਸਿਰਫ ਵਿਰੋਧ ਕੀਤਾ ਗਿਆ ਸੀ, ਜੋ ਕਿਸੇ ਵੀ ਤਰੀਕੇ ਨਾਲ ਗੁਨਾਹ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਉਹ ਪੰਜਾਬ ਦੇ ਡੀæਜੀæਪੀæ ਨਾਲ ਗੱਲ ਕਰ ਕੇ ਸਿੱਖ ਨੌਜਵਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਮਲੇ ਵਿਚ ਤੁਰਤ ਦਖਲ ਦੇ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
__________________________________________
ਵਿਸ਼ਵ ਪੰਜਾਬੀ ਕਾਨਫਰੰਸ ਲਈ ਵਫਦ ਭੇਜੇਗੀ ਸ਼੍ਰੋਮਣੀ ਕਮੇਟੀ
ਪਟਿਆਲਾ: ਕੈਨੇਡਾ ਵਿਚ 23 ਤੋਂ 25 ਜੂਨ ਤੱਕ ਹੋਣ ਵਾਲੀ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਵਫਦ ਭੇਜਿਆ ਜਾਵੇਗਾ। ਚੌਥੀ ਪੰਜਾਬੀ ਵਿਸ਼ਵ ਕਾਨਫਰੰਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਤੀ ਮਦਦ ਦੇ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਡਾæ ਪਰਮਜੀਤ ਸਿੰਘ ਸਰੋਆ ਨੇ ਦੱਸਿਆ ਕਿ ਕਾਨਫਰੰਸ ਵਿਚ ਵੱਖ-ਵੱਖ ਦੇਸ਼ਾਂ ਦੇ ਵਫਦ ਉਚੇਚੇ ਤੌਰ ‘ਤੇ ਸ਼ਾਮਲ ਹੋਣਗੇ। ਇਸ ਕਾਨਫਰੰਸ ਦਾ ਵਿਸ਼ਾ ‘ਪੰਜਾਬੀ ਭਾਸ਼ਾ ਦਾ ਭਵਿੱਖ, ਚੁਣੌਤੀਆਂ ਅਤੇ ਨੈਤਿਕਤਾ’ ਹੈ। ਸ੍ਰੀ ਸਰੋਆ ਨੇ ਦੱਸਿਆ ਕਿ ਇਸ ਕਾਨਫਰੰਸ ਸਬੰਧੀ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲਜ਼ ਐਸੋਸੀਏਸ਼ਨ, ਕਲਮ ਫਾਊਂਡੇਸ਼ਨ ਅਤੇ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੇਵਾ ਸੁਸਾਇਟੀ ਤੋਂ ਇਲਾਵਾ ਹੋਰ ਕਈ ਸੰਸਥਾਵਾਂ ਸਹਿਯੋਗ ਦੇ ਰਹੀਆਂ ਹਨ।