ਦਹਿਸ਼ਤਗਰਦੀ: ਬੰਦਾ ਆਖਰ ਬੰਦਾ ਕਦੋਂ ਬਣੂ?

-ਜਤਿੰਦਰ ਪਨੂੰ
ਦਹਿਸ਼ਤਗਰਦੀ ਨਾਲ ਸਿੱਧੀ ਲੜਾਈ ਲੜਨ ਦੇ ਸਰਕਾਰਾਂ ਦੇ ਮੁਖੀਆਂ ਦੇ ਵਾਰ-ਵਾਰ ਕੀਤੇ ਜਾਂਦੇ ਐਲਾਨਾਂ ਦੇ ਬਾਵਜੂਦ ਇਸ ਵਰਤਾਰੇ ਨੂੰ ਠੱਲ੍ਹ ਨਹੀਂ ਪੈ ਰਹੀ। ਸਰਕਾਰੀ ਤੰਤਰ ਦੀ ਸਾਰੀ ਚੌਕਸੀ ਧਰੀ-ਧਰਾਈ ਰਹਿ ਜਾਂਦੀ ਹੈ ਤੇ ਉਹ ਹਰ ਵਾਰੀ ਕਿਸੇ ਨਵੇਂ ਟਿਕਾਣੇ ਨੂੰ ਨਿਸ਼ਾਨਾ ਬਣਾ ਕੇ ਆਮ ਲੋਕਾਂ ਦਾ ਖੂਨ ਵਗਾਉਣ ਦੇ ਬਾਅਦ ਕਦੀ ਬਚ ਕੇ ਨਿਕਲ ਜਾਂਦੇ ਹਨ ਤੇ ਕਦੇ ਓਸੇ ਥਾਂ ਮਾਰ ਦਿੱਤੇ ਜਾਂਦੇ ਹਨ।

ਬਿਨਾ ਸ਼ੱਕ ਉਹ ਖੁਦ ਮਾਰੇ ਜਾਣ, ਜਿਹੜੇ ਬੇਦੋਸ਼ੇ ਲੋਕਾਂ ਨੂੰ ਉਹ ਮਰਨ ਤੋਂ ਪਹਿਲਾਂ ਮੌਤ ਦੀ ਝੋਲੀ ਪਾ ਦਿੰਦੇ ਹਨ, ਉਨ੍ਹਾਂ ਲਈ ਕਾਤਲਾਂ ਦਾ ਮਰਨਾ ਜਾਂ ਨਾ ਮਰਨਾ ਕੋਈ ਅਰਥ ਨਹੀਂ ਰੱਖਦਾ। ਪੰਜਾਬੀ ਦੇ ਪ੍ਰਸਿੱਧ ਮੁਹਾਵਰੇ ‘ਆਪ ਮਰੇ ਜੱਗ ਪਰਲੋ’ ਵਾਲੀ ਕਹਾਣੀ ਹੁੰਦੀ ਹੈ। ਮ੍ਰਿਤਕ ਕਦੀ ਆਪਣੇ ਕਾਤਲ ਦਾ ਹਸ਼ਰ ਵੇਖਣ ਨਹੀਂ ਆਉਣੇ ਹੁੰਦੇ। ਇਹ ਸਰਕਾਰਾਂ ਦਾ ਕੰਮ ਹੁੰਦਾ ਹੈ ਕਿ ਉਹ ਕਿਸੇ ਕਾਤਲ ਨੂੰ ਮਾਰ ਦੇਣ ਜਾਂ ਮਰੇ ਹੋਏ ਦੀਆਂ ਫੋਟੋ ਪੇਸ਼ ਕਰ ਕੇ ਸਿਹਰਾ ਲੈ ਲੈਣ। ਇਹ ਰਾਜਨੀਤੀ ਦੀ ਲੋੜ ਦਾ ਰੋਗ ਹੈ।
ਤਾਜ਼ਾ ਰਿਪੋਰਟਾਂ ਇਹ ਹਨ ਕਿ ਜਿਹੜੇ ਆਈæਐਸ਼ਆਈæਐਸ਼ ਵਾਲਿਆਂ ਨੇ ਪਿਛਲੇ ਕੁਝ ਸਾਲਾਂ ਤੋਂ ਇਰਾਕ ਅਤੇ ਸੀਰੀਆ ਵਿਚ ਆਪਣਾ ਅੱਡਾ ਜਮਾ ਕੇ ਸਾਰੀ ਦੁਨੀਆਂ ‘ਚ ਦਹਿਸ਼ਤ ਪਾਈ ਹੋਈ ਸੀ, ਉਨ੍ਹਾਂ ਦੇ ਪੈਰ ਜਦੋਂ ਉਖੜੇ ਜਾਪਣ ਲੱਗੇ ਤਾਂ ਹਾਰ ਮੰਨਣ ਦੀ ਨੌਬਤ ਨਹੀਂ ਆਈ, ਸਗੋਂ ਨਵਾਂ ਖਤਰਾ ਬਣ ਗਿਆ ਹੈ। ਉਹ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚ ਵੀ ਇੱਕੋ ਵੇਲੇ ਜਾ ਸਰਗਰਮ ਹੋਏ ਤੇ ਫਿਲੀਪੀਨ ਵਿਚ ਵੀ ਉਨ੍ਹਾਂ ਦੀ ਹੋਂਦ ਮਹਿਸੂਸ ਕੀਤੀ ਜਾਣ ਲੱਗ ਪਈ ਹੈ। ਫਿਲੀਪੀਨ ਵਿਚ ਕਿਸੇ ਸਮੇਂ ਖੱਬੇ ਪੱਖੀ ਰੰਗ ਦੇ ਗਰੁਪਾਂ ਤੇ ਸਰਕਾਰ ਦੀਆਂ ਫੋਰਸਾਂ ਦੀ ਟੱਕਰ ਹੋਇਆ ਕਰਦੀ ਸੀ, ਹੁਣ ਉਥੇ ਆਈæਐਸ਼ਆਈæਐਸ਼ ਵੱਲੋਂ ਸਰਕਾਰੀ ਫੌਜਾਂ ਨਾਲ ਭੇੜ ਭਿੜਿਆ ਜਾਂਦਾ ਹੈ। ਪਾਕਿਸਤਾਨ ਤੇ ਅਫਗਾਨਿਸਤਾਨ ਦੀ ਸਥਿਤੀ ਉਸ ਤੋਂ ਵੱਖਰੀ ਹੈ। ਫਿਲੀਪੀਨ ਵਿਚ ਉਨ੍ਹਾਂ ਦਾ ਅਤੇ ਫੌਜ ਦਾ ਭੇੜ ਹੈ, ਪਰ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਲੇ ਪਹਿਲੇ ਸਰਗਰਮ ਤਾਲਿਬਾਨ ਧੜੇ ਵੀ ਇਹ ਮੰਨ ਕੇ ਉਨ੍ਹਾਂ ਨਾਲ ਭਿੜਨ ਲੱਗੇ ਹਨ ਕਿ ਨਵਿਆਂ ਦੇ ਆਉਣ ਨਾਲ ਸਾਡਾ ਹੁਣ ਤੱਕ ਦਾ ਦਬਦਬਾ ਖਤਰੇ ਵਿਚ ਪੈ ਸਕਦਾ ਹੈ। ਜੰਮੂ-ਕਸ਼ਮੀਰ ਵਿਚ ਕਈ ਵਾਰ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਅਤਿਵਾਦੀ ਧੜਾ ਕੋਈ ਵਾਰਦਾਤ ਕਰੇ ਤਾਂ ਦੂਜਾ ਆਪਣੇ ਆਪ ਨੂੰ ਪਹਿਲੇ ਧੜੇ ਨਾਲੋਂ ਤਕੜਾ ਦੱਸਣ ਲਈ ਕਿਸੇ ਥਾਂ ਉਸ ਤੋਂ ਵੱਡੀ ਖੁਰਾਫਾਤ ਕਰ ਦਿੰਦਾ ਹੈ। ਦੋਵਾਂ ਧੜਿਆਂ ਦੀਆਂ ਵਾਰਦਾਤਾਂ ਵਿਚ ਆਮ ਲੋਕ ਮਾਰੇ ਜਾਂਦੇ ਹਨ ਤੇ ਜਿਹੜੀਆਂ ਸਰਕਾਰੀ ਫੋਰਸਾਂ ਇਹ ਸਮਝ ਬੈਠਦੀਆਂ ਹਨ ਕਿ ਇਨ੍ਹਾਂ ਦੋਵਾਂ ਧੜਿਆਂ ਦੇ ਇਸ ਆਪਸੀ ਭੇੜ ਵਿਚ ਉਲਝਣ ਨਾਲ ਇਨ੍ਹਾਂ ਦਾ ਸਾਡੇ ਤੋਂ ਧਿਆਨ ਹਟ ਜਾਵੇਗਾ, ਅਚਾਨਕ ਉਹ ਅਤਿਵਾਦੀਆਂ ਦਾ ਹੋਰ ਵੀ ਵੱਡਾ ਖਤਰਾ ਸਾਹਮਣੇ ਖੜਾ ਵੇਖਦੀਆਂ ਹਨ। ਇਰਾਕ ਤੋਂ ਨਿਕਲ ਕੇ ਅਫਗਾਨਿਸਤਾਨ ਤੇ ਪਾਕਿਸਤਾਨ ਵਿਚ ਆਏ ਆਈæਐਸ਼ਆਈæਐਸ਼ ਵਾਲਿਆਂ ਨਾਲ ਪੁਰਾਣੇ ਵੱਖ-ਵੱਖ ਧੜਿਆਂ ਦੀ ਟੱਕਰ ਹੁਣ ਖੈਬਰ ਪਖਤੂਨਖਵਾ ਤੋਂ ਲੈ ਕੇ ਪਾਕਿਸਤਾਨ ਦੇ ਪੰਜਾਬ ਸੂਬੇ ਤੱਕ ਕਹਿਰ ਮਚਾਈ ਜਾ ਰਹੀ ਹੈ।
ਸਥਿਤੀ ਦਾ ਦੂਜਾ ਪਾਸਾ ਇਹ ਹੈ ਕਿ ਜਿਹੜੇ ਆਮ ਲੋਕ ਇਹ ਨਹੀਂ ਜਾਣਦੇ ਕਿ ਕਦੋਂ ਦਹਿਸ਼ਤਗਰਦ ਕਿਸ ਥਾਂ ਆ ਕੇ ਕਿੰਨੇ ਲੋਕਾਂ ਨੂੰ ਮਾਰ ਦੇਣਗੇ, ਉਹ ਸਿਰਫ ਦਹਿਸ਼ਤਗਰਦੀ ਦੇ ਕੁਹਾੜੇ ਹੇਠ ਨਹੀਂ, ਤਣਾਓ ਦੇ ਮਾਹੌਲ ਵਿਚ ਕਈ ਹੋਰ ਰੰਗਾਂ ਦੀ ਹਿੰਸਾ ਦੀ ਲਪੇਟ ਵਿਚ ਆਣ ਕੇ ਵੀ ਮਰੀ ਜਾਂਦੇ ਹਨ। ਫਰਾਂਸ ਦੇ ਇੱਕ ਸ਼ਹਿਰ ਵਿਚ ਕ੍ਰਿਸਮਸ ਮਨਾਉਣ ਲਈ ਜਿਹੜੇ ਲੋਕ ਇੱਕ ਵਾਰ ਗਏ ਅਤੇ ਉਥੇ ਇੱਕ ਟਰੱਕ ਵਾਲੇ ਅਤਿਵਾਦੀ ਦੇ ਕਹਿਰ ਦਾ ਸ਼ਿਕਾਰ ਹੋ ਗਏ ਸਨ, ਉਨ੍ਹਾਂ ਨਾਲ ਵਾਪਰੇ ਉਸ ਕਾਂਡ ਤੋਂ ਬਾਅਦ ਲੋਕਾਂ ਨੇ ਰੌਣਕ-ਮੇਲੇ ਵਾਲੀਆਂ ਥਾਂਵਾਂ ਉਤੇ ਜਾਣਾ ਨਹੀਂ ਛੱਡ ਦੇਣਾ ਤੇ ਜਦੋਂ ਉਹ ਕਿਤੇ ਜਾਂਦੇ ਹਨ ਤਾਂ ਕਈ ਵਾਰ ਉਹ ਕੁਝ ਹੁੰਦਾ ਹੈ, ਜਿਹੜਾ ਮੈਨਚੈਸਟਰ ਵਿਚ ਹੋਇਆ ਹੈ। ਫਿਲੀਪੀਨ ਵਿਚ ਹੁਣ ਜਿਹੜਾ ਖੂਨੀ ਕਾਂਡ ਵਾਪਰਿਆ ਹੈ, ਉਸ ਦਾ ਸ਼ਿਕਾਰ ਬਣਨ ਵਾਲੇ ਲੋਕ ਆਪਣੇ ਵੱਲੋਂ ਸੁਰੱਖਿਅਤ ਮਾਹੌਲ ਵਿਚ ਚਾਰ ਘੜੀਆਂ ਗੁਜ਼ਾਰਨ ਗਏ ਸਨ, ਪਰ ਘਰ ਨਹੀਂ ਮੁੜ ਸਕੇ। ਇਹ ਸਾਡੇ ਵਿਚੋਂ ਕਿਸੇ ਨਾਲ ਵੀ ਹੋ ਸਕਦਾ ਹੈ। ਤੁਰਕੀ ਦੇ ਇਸਤਾਂਬੁਲ ਵਿਚ ਨਵੇਂ ਸਾਲ ਮੌਕੇ ਇਹੋ ਕੁਝ ਹੋਵੇ ਤਾਂ ਇਸ ਨੂੰ ਇੱਕ ਖਾਸ ਕਿਸਮ ਦੇ ਮੁਲਕਾਂ ਨਾਲ ਜੋੜ ਕੇ ਵੇਖਿਆ ਤੇ ਪ੍ਰਚਾਰਿਆ ਜਾਂਦਾ ਹੈ, ਪਰ ਬਰਾਕ ਓਬਾਮਾ ਤੇ ਡੋਨਾਲਡ ਟਰੰਪ ਦੇ ਰਾਜ ਵਿਚ ਵੀ ਏਦਾਂ ਹੋ ਜਾਂਦਾ ਹੈ। ਹਰ ਘਟਨਾ ਦਹਿਸ਼ਤਗਰਦੀ ਦੀ ਨਹੀਂ ਹੁੰਦੀ, ਪਰ ਦਹਿਸ਼ਤਗਰਦੀ ਤੋਂ ਬਿਨਾ ਹੋਈ ਘਟਨਾ ਵੀ ਦਹਿਸ਼ਤ ਪਾਉਂਦੀ ਹੈ। ਅਮਰੀਕਾ ਵਿਚ ਜਦੋਂ ਗੈਰ ਗੋਰੇ ਲੋਕਾਂ ਦੇ ਚਰਚ ਉਤੇ ਕਿਸੇ ਨੇ ਮੌਤ ਦਾ ਛੱਟਾ ਦਿੱਤਾ ਸੀ, ਦਹਿਸ਼ਤ ਉਸ ਦੇ ਨਾਲ ਵੀ ਪਈ ਸੀ। ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਦੇ ਨਹੀਂ ਭੁੱਲਣੀ ਕਿ ਵਿਸਕਾਨਸਿਨ ਦੇ ਗੁਰਦੁਆਰਾ ਓਕ ਕਰੀਕ ਵਿਚ ਇੱਕ ਨਸਲਵਾਦੀ ਨੇ ਆਣ ਕੇ ਬਿਨਾ ਵਜ੍ਹਾ ਕਹਿਰ ਗੁਜ਼ਾਰਿਆ ਸੀ। ਉਸ ਤੋਂ ਬਾਅਦ ਲੋਕ ਗੁਰਦੁਆਰੇ ਜਾਣਾ ਨਹੀਂ ਛੱਡ ਗਏ।
ਇੱਕ ਤੀਸਰੀ ਘਟਨਾ ਕੁਝ ਸਮਾਂ ਪਹਿਲਾਂ ਇੱਕ ਯੂਰਪੀ ਦੇਸ਼ ਦੇ ਹਵਾਈ ਹਾਦਸੇ ਬਾਰੇ ਹੈ। ਜਦੋਂ ਇਹ ਜਹਾਜ਼ ਹਾਦਸਾ ਵਾਪਰਿਆ ਤਾਂ ਬਾਅਦ ਵਿਚ ਇਹ ਖੁਲਾਸਾ ਹੋਇਆ ਸੀ ਕਿ ਜਹਾਜ਼ ਦਾ ਇੱਕ ਪਾਇਲਟ ਕਈ ਦਿਨਾਂ ਤੋਂ ਏਦਾਂ ਦਾ ਹਾਦਸਾ ਕਰਨ ਦੀ ਤਿਆਰੀ ਕਰਦਾ ਰਿਹਾ ਸੀ। ਭਲਕ ਨੂੰ ਇਸ ਤਰ੍ਹਾਂ ਦਾ ਕੋਈ ਹੋਰ ਪਾਗਲ ਵੀ ਨਿਕਲ ਸਕਦਾ ਹੈ, ਪਰ ਲੋਕ ਇਸ ਡਰ ਕਾਰਨ ਆਪਣੀਆਂ ਲੋੜਾਂ ਲਈ ਜਹਾਜ਼ ਦਾ ਸਫਰ ਕਰਨਾ ਨਹੀਂ ਛੱਡ ਸਕਦੇ।
ਜਦੋਂ ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਚਰਚਾ ਕਰਦੇ ਹਾਂ ਤਾਂ ਆਖਰੀ ਗੱਲ ਇਹ ਸੁਣਨ ਨੂੰ ਮਿਲਦੀ ਹੈ ਕਿ ਹਰ ਦੇਸ਼ ਵਿਚ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕਰੜੇ ਕੀਤੇ ਜਾਣੇ ਚਾਹੀਦੇ ਹਨ ਤੇ ਅਤਿਵਾਦੀਆਂ ਨਾਲ ਲੜਾਈ ਵਿਚ ਕੋਈ ਲਿਹਾਜ ਨਹੀਂ ਕਰਨਾ ਚਾਹੀਦਾ। ਜਿਹੜੇ ਪ੍ਰਬੰਧਾਂ ਦੀ ਅਸੀਂ ਆਸ ਕਰਦੇ ਹਾਂ, ਉਹ ਸੁਰੱਖਿਆ ਫੋਰਸਾਂ ਵੱਲੋਂ ਕੀਤੇ ਜਾਣੇ ਹੁੰਦੇ ਹਨ, ਪਰ ਹੁਣ ਕਈ ਲੋਕ ਸੁਰੱਖਿਆ ਫੋਰਸਾਂ ਤੋਂ ਤ੍ਰਹਿਕਣ ਲੱਗੇ ਹਨ। ਅਫਗਾਨਿਸਤਾਨ ਵਿਚ ਜਦੋਂ ਅਮਰੀਕਾ ਦੀ ਫੌਜ ਅਤਿਵਾਦੀ ਤਾਲਿਬਾਨ ਟੋਲਿਆਂ ਨਾਲ ਲੜਨ ਵਾਸਤੇ ਆਈ ਤਾਂ ਇੱਕ ਤੋਂ ਵੱਧ ਵਾਰ ਸਧਾਰਨ ਲੋਕਾਂ ਨੂੰ ਦਹਿਸ਼ਤਗਰਦ ਸਮਝ ਕੇ ਮਾਰ ਦਿੱਤਾ ਸੀ। ਕਹਿੰਦੇ ਸਨ ਕਿ ਅੰਦਾਜ਼ੇ ਦੀ ਗਲਤੀ ਹੋਈ ਹੈ। ਕਿਸੇ ਦੀ ਮੌਤ ਹੋਈ ਸੀ ਤੇ ਜਦੋਂ ਉਸ ਦੀ ਅਰਥੀ ਜਾ ਰਹੀ ਸੀ, ਉਸੇ ਦਿਨ ਅਮਰੀਕੀ ਫੌਜ ਨੂੰ ਓਧਰੋਂ ਤਾਲਿਬਾਨ ਦਾ ਕਾਫਲਾ ਲੰਘਣ ਦੀ ਸੂਹ ਹੋਣ ਕਾਰਨ ਉਨ੍ਹਾਂ ਨੇ ਗੋਲੀ ਚਲਾ ਕੇ ਅਰਥੀ ਪਿੱਛੇ ਜਾਂਦੇ ਲੋਕ ਮਾਰ ਦਿੱਤੇ ਸਨ। ਇੱਕ ਬਰਾਤ ਇਸੇ ਤਰ੍ਹਾਂ ਮਾਰ ਹੇਠ ਆ ਗਈ ਸੀ। ਹਾਲੇ ਕੁਝ ਹਫਤੇ ਪਹਿਲਾਂ ਇੱਕ ਦੁਖਾਂਤ ਇਰਾਕ ਵਿਚ ਵਾਪਰਿਆ ਹੈ। ਦਹਿਸ਼ਤਗਰਦਾਂ ਦੇ ਕਬਜ਼ੇ ਵਾਲੇ ਖੇਤਰ ਵਿਚ ਜਿਹੜੇ ਲੋਕ ਫਸੇ ਹੋਏ ਸਨ, ਅਮਰੀਕੀ ਗੱਠਜੋੜ ਦੀਆਂ ਫੌਜਾਂ ਦਾ ਜ਼ੋਰ ਵਧਣ ਨਾਲ ਉਨ੍ਹਾਂ ਨੂੰ ਇਹ ਸੱਦਾ ਸੁਣ ਗਿਆ ਕਿ ਜਿੰਨੇ ਲੋਕ ਨਿਕਲ ਸਕਦੇ ਹਨ, ਨਿਕਲ ਆਓ। ਉਹ ਲੋਕ ਜਦੋਂ ਉਥੋਂ ਨਿਕਲਣ ਲਈ ਹਿੰਮਤ ਕਰ ਕੇ ਉਠੇ ਤਾਂ ਪਿੱਛੋਂ ਅਤਿਵਾਦੀਆਂ ਨੇ ਗੋਲੀਆਂ ਚਲਾ ਦਿੱਤੀਆਂ। ਚੱਲਦੀ ਗੋਲੀ ਵਿਚ ਜਿਹੜੇ ਲੋਕ ਨਿਕਲ ਕੇ ਆਏ, ਉਨ੍ਹਾਂ ਨੂੰ ਅਤਿਵਾਦੀਆਂ ਦਾ ਕਾਫਲਾ ਸਮਝ ਕੇ ਅਮਰੀਕੀ ਫੌਜ ਨੇ ਬੰਦੂਕਾਂ ਤੱਤੀਆਂ ਕਰ ਲਈਆਂ। ਮਸਾਂ ਚੌਥਾ ਹਿੱਸਾ ਲੋਕ ਹੀ ਨਿਕਲੇ ਹੋਣਗੇ, ਬਾਕੀ ਦੁਵੱਲੀ ਗੋਲੀਬਾਰੀ ਵਿਚ ਫਸ ਕੇ ਮਾਰੇ ਗਏ। ਫਿਲੀਪੀਨ ਵਿਚ ਅਤਿਵਾਦੀਆਂ ਨੇ ਪਿਛਲੇ ਦਿਨੀਂ ਇੱਕ ਇਲਾਕੇ ਉਤੇ ਕਬਜ਼ਾ ਕਰ ਲਿਆ ਤਾਂ ਉਥੇ ਹਵਾਈ ਹਮਲੇ ਕੀਤੇ ਗਏ। ਪਾਇਲਟ ਨੂੰ ਭੁਲੇਖਾ ਲੱਗ ਜਾਣ ਨਾਲ ਉਸ ਨੇ ਆਪਣੇ ਦੇਸ਼ ਦੀ ਇੱਕ ਫੌਜੀ ਟੁਕੜੀ ਦੇ ਕਈ ਲੋਕ ਭੁੰਨ ਦਿੱਤੇ। ਉਹ ਅਣਿਆਈ ਮੌਤ ਹੀ ਮਾਰੇ ਗਏ।
ਬੰਦੂਕਾਂ ਦੇ ਬੋਝ ਨਾਲ ਤਣਾਓ ਹੇਠ ਕੰਮ ਕਰਦੀਆਂ ਫੋਰਸਾਂ ਦੇ ਜਵਾਨਾਂ ਦੀ ਮਾਨਸਿਕ ਹਾਲਤ ਇਸ ਵੇਲੇ ਉਨ੍ਹਾਂ ਲੋਕਾਂ ਵਰਗੀ ਹੋ ਚੁਕੀ ਹੈ, ਜਿਨ੍ਹਾਂ ਵਿਰੁਧ ਲੜਨ ਅਤੇ ਅਮਨ ਕਾਇਮ ਕਰਨ ਵਾਸਤੇ ਉਨ੍ਹਾਂ ਨੂੰ ਸਰਕਾਰਾਂ ਨੇ ਲਾਇਆ ਸੀ। ਗੋਲੀ ਤੇ ਮੋਰਚੇ ਦੀ ਮਾਨਸਿਕਤਾ ਵਿਚ ਆਮ ਲੋਕ ਹਰ ਥਾਂ ਫਸੇ ਜਾਪਦੇ ਹਨ। ਇਹ ਗੰਦੀ ਖੇਡ ਬੀਤੇ ਚਾਲੀ ਕੁ ਸਾਲਾਂ ਵਿਚ ਏਡਾ ਵੱਡਾ ਪਿੜ ਮੱਲ ਬੈਠੀ ਹੈ ਕਿ ਸੰਸਾਰ ਦਾ ਕੋਈ ਕੋਨਾ ਸ਼ਾਂਤ ਨਹੀਂ ਦਿਸਦਾ। ਹਰ ਥਾਂ ਅੱਗ ਵਰ੍ਹਦੀ ਤੇ ਮੌਤ ਨੱਚਦੀ ਹੈ, ਜਿਸ ਦੇ ਵਿਚਾਲੇ ਏਦਾਂ ਦੇ ਲੋਕ ਵੀ ਫਸੇ ਦਿਖਾਈ ਦਿੰਦੇ ਹਨ, ਜਿਹੜੇ ਦਹਿਸ਼ਤਗਰਦੀ ਨੂੰ ਆਪਣੇ ਤੋਂ ਦੂਰ ਦੀ ਖੇਡ ਮੰਨਦੇ ਹਨ। ਕਮਿਊਨਿਸਟਾਂ ਦੇ ਰੂਸ ਤੇ ਅਮਰੀਕਾ ਦੇ ਤਣਾਓ ਵਾਲੇ ਦੌਰ ਵਿਚ ਚਾਲੀ ਸਾਲ ਪਹਿਲਾਂ ਅਮਰੀਕਾ ਦਾ ਇੱਕ ਫੌਜੀ ਜਰਨੈਲ ਆਪਣੇ ਦੇਸ਼ ਉਤੇ ਰੂਸ ਵੱਲੋਂ ਹਮਲੇ ਦੇ ਡਰ ਕਾਰਨ ਏਨੇ ਤਣਾਓ ਵਿਚ ਸੀ ਕਿ ਇੱਕ ਦਿਨ ‘ਹਮਲਾ, ਮਿਜ਼ਾਈਲ, ਫਾਇਰ’ ਚੀਕਦਾ ਫੌਜੀ ਕਮਾਂਡ ਵਾਲੀ ਇਮਾਰਤ ਦੀ ਪੰਜਵੀਂ ਛੱਤ ਤੋਂ ਛਾਲ ਮਾਰ ਕੇ ਮਰ ਗਿਆ ਸੀ। ਇਸੇ ਤਣਾਓ ਵਿਚ ਜੇ ਕਿਸੇ ਤਰ੍ਹਾਂ ਉਸ ਕੋਲੋਂ ਕਿਸੇ ਮਿਜ਼ਾਈਲ ਦਾ ਬਟਨ ਦੱਬਿਆ ਜਾਂਦਾ ਤੇ ਅੱਗੋਂ ਰੂਸ ਦਾ ਕੋਈ ਅਫਸਰ ਇੱਦਾਂ ਬਟਨ ਦੱਬ ਦਿੰਦਾ ਤਾਂ ਹੁਣ ਵਾਲੀ ਧਰਤੀ ਉਦੋਂ ਖਤਮ ਹੋ ਜਾਂਦੀ। ਹਾਲੇ ਤੱਕ ਬਚੀ ਹੋਈ ਹੈ, ਕਿੰਨਾ ਚਿਰ ਬਚੇਗੀ, ਕਹਿ ਸਕਣਾ ਔਖਾ ਹੈ। ਜਾਰਜ ਬਰਨਾਰਡ ਸ਼ਾਅ ਇੱਕ ਇਹੋ ਜਿਹੀ ਗੱਲ ਕਹਿ ਗਿਆ ਸੀ, ਜਿਹੜੀ ਮਨੁੱਖਤਾ ਦੇ ਸਾਰੇ ‘ਵਿਕਾਸ’ ਨੂੰ ਸੌਖੀ ਤਰ੍ਹਾਂ ਬਿਆਨ ਕਰ ਸਕਦੀ ਹੈ। ਉਸ ਨੇ ਕਿਹਾ ਸੀ, ‘ਹੁਣ ਅਸੀਂ ਪੰਛੀਆਂ ਵਾਂਗ ਆਕਾਸ਼ ਵਿਚ ਉਡਣਾ ਅਤੇ ਮੱਛੀਆਂ ਵਾਂਗ ਸਮੁੰਦਰ ਵਿਚ ਤਰਨਾ ਸਿੱਖ ਲਿਆ ਹੈ, ਇੱਕੋ ਗੱਲ ਰਹਿ ਗਈ ਹੈ ਕਿ ਅਸੀਂ ਅਜੇ ਬੰਦਿਆਂ ਵਾਂਗ ਧਰਤੀ ਉਤੇ ਚੱਲਣਾ ਸਿੱਖਣਾ ਹੈ।’ ਮੁਸ਼ਕਿਲ ਗੱਲ ਇਹੋ ਹੈ ਕਿ ਜੋ ਗੱਲਾਂ ਬੰਦੇ ਨੇ ਸਭ ਤੋਂ ਪਹਿਲਾਂ ਸਿੱਖੀਆਂ ਸਨ, ਉਨ੍ਹਾਂ ਨੂੰ ਭੁਲਾ ਬੈਠਾ ਹੈ। ਸਭ ਤੋਂ ਪਹਿਲੀ ਗੱਲ ਚੱਲਣਾ ਅਤੇ ਸਮਾਜੀ ਸਮਝ ਨਾਲ ‘ਬੰਦੇ ਦਾ ਦਾਰੂ ਬੰਦਾ’ ਹੋਣ ਬਾਰੇ ਸਿੱਖੀ ਸੀ। ਇਸੇ ਅਕਲ ਨੇ ਬੰਦੇ ਨੂੰ ਜੰਗਲਾਂ ਤੋਂ ਨਗਰਾਂ ਵਿਚ ਲਿਆ ਕੇ ਨਾਗਰਿਕ ਬਣਾਇਆ ਸੀ ਤੇ ਉਹ ਹੀ ਗੱਲ ਹੁਣ ਬੰਦਾ ਭੁਲਾ ਬੈਠਾ ਜਾਪਦਾ ਹੈ। ਸਭ ਪ੍ਰਾਪਤੀਆਂ ਕਰ ਚੁਕਾ ਇਹ ਬੰਦਾ ਇੱਕ ਵਾਰ ਫਿਰ ਬੰਦਾ ਕਦੋਂ ਬਣੇਗਾ, ਇਸ ਦਾ ਪਤਾ ਨਹੀਂ।