ਜਿਉਂ ਹੀ ਤੀਜੇ ਘੱਲੂਘਾਰੇ ਦਾ ਸਾਕਾ ਨੇੜੇ-ਨੇੜੇ ਆਉਂਦਾ ਹੈ, ਤਿਉਂ-ਤਿਉਂ ਇਕ ਅਨਮੋਲ ਹੀਰਾ ਸਾਡੀਆਂ ਯਾਦਾਂ ਵਿਚ ਉਤਰ ਆਉਂਦਾ ਹੈ, ਜੋ ਸਾਡੇ ਦਿਲ-ਦਿਮਾਗ ‘ਤੇ ਤੇਜ਼ ਰੌਸ਼ਨੀ ਸੁੱਟ ਕੇ ਅਲੋਪ ਹੋ ਗਿਆ ਸੀ, ਜੋ ਚੌਦਵੀਂ ਦੇ ਚੰਦ ਵਾਂਗ ਪੰਜਾਬ ਦੇ ਅਸਮਾਨ ‘ਤੇ ਚਮਕਿਆ ਸੀ। ਅੱਜ ਦੇ ਗੱਭਰੂਆਂ ਨੂੰ ਸ਼ਾਇਦ ਇਹ ਪੂਰਾ ਇਲਮ ਨਹੀਂ ਕਿ ਸੰਤ ਜਰਨੈਲ ਸਿੰਘ ਕੌਣ ਸਨ? ਉਸ ਦੌਰ ਦੇ ਰਾਜਸੀ ਅਤੇ ਧਾਰਮਿਕ ਰਹਿਬਰਾਂ ਨੂੰ ਵੀ ਬਸ ਇੱਥੋਂ ਤੱਕ ਹੀ ਪਤਾ ਸੀ ਕਿ ਕੋਈ ਇਨਸਾਨ ਨਿਰਭਉ ਅਤੇ ਨਿਰਵੈਰ ਹੋ ਕੇ ਸਿੱਖ ਕੌਮ ਨਾਲ ਹੋਈਆਂ ਤੇ ਹੋ ਰਹੀਆਂ ਬੇਇਨਸਾਫੀਆਂ ਅਤੇ ਧੱਕਿਆਂ ਵਿਰੁਧ ਬੁਲੰਦ ਆਵਾਜ਼ ਵਿਚ ਕੌਮ ਦੀ ਗੱਲ ਹੀ ਨਹੀਂ ਕਰਦਾ, ਸਗੋਂ ਧੱਕਾ ਕਰਨ ਵਾਲਿਆਂ ਨੂੰ ਸਿੱਖ ਰਵਾਇਤਾਂ ਮੁਤਾਬਕ ਸਬਕ ਵੀ ਸਿਖਾਉਂਦਾ ਹੈ।
ਤੀਜੇ ਘੱਲੂਘਾਰੇ ਦੀ ਯਾਦ ਨੂੰ ਸਮਰਪਿਤ
ਕਰਮਜੀਤ ਸਿੰਘ ਚੰਡੀਗੜ੍ਹ
ਫੋਨ: 91-99150-91063
ਜਿਉਂ ਹੀ ਤੀਜੇ ਘੱਲੂਘਾਰੇ ਦਾ ਸਾਕਾ ਨੇੜੇ-ਨੇੜੇ ਆਉਂਦਾ ਹੈ, ਤਿਉਂ-ਤਿਉਂ ਇਕ ਅਨਮੋਲ ਹੀਰਾ ਸਾਡੀਆਂ ਯਾਦਾਂ ਵਿਚ ਉਤਰ ਆਉਂਦਾ ਹੈ, ਜੋ ਸਾਡੇ ਦਿਲ-ਦਿਮਾਗ ‘ਤੇ ਤੇਜ਼ ਰੌਸ਼ਨੀ ਸੁੱਟ ਕੇ ਅਲੋਪ ਹੋ ਗਿਆ ਸੀ, ਜੋ ਚੌਦਵੀਂ ਦੇ ਚੰਦ ਵਾਂਗ ਪੰਜਾਬ ਦੇ ਅਸਮਾਨ ‘ਤੇ ਚਮਕਿਆ ਸੀ। ਅੱਜ ਦੇ ਗੱਭਰੂਆਂ ਨੂੰ ਸ਼ਾਇਦ ਇਹ ਪੂਰਾ ਇਲਮ ਨਹੀਂ ਕਿ ਸੰਤ ਜਰਨੈਲ ਸਿੰਘ ਕੌਣ ਸਨ? ਉਸ ਦੌਰ ਦੇ ਰਾਜਸੀ ਅਤੇ ਧਾਰਮਿਕ ਰਹਿਬਰਾਂ ਨੂੰ ਵੀ ਬਸ ਇੱਥੋਂ ਤੱਕ ਹੀ ਪਤਾ ਸੀ ਕਿ ਕੋਈ ਇਨਸਾਨ ਨਿਰਭਉ ਅਤੇ ਨਿਰਵੈਰ ਹੋ ਕੇ ਸਿੱਖ ਕੌਮ ਨਾਲ ਹੋਈਆਂ ਤੇ ਹੋ ਰਹੀਆਂ ਬੇਇਨਸਾਫੀਆਂ ਅਤੇ ਧੱਕਿਆਂ ਵਿਰੁਧ ਬੁਲੰਦ ਆਵਾਜ਼ ਵਿਚ ਕੌਮ ਦੀ ਗੱਲ ਹੀ ਨਹੀਂ ਕਰਦਾ, ਸਗੋਂ ਧੱਕਾ ਕਰਨ ਵਾਲਿਆਂ ਨੂੰ ਸਿੱਖ ਰਵਾਇਤਾਂ ਮੁਤਾਬਕ ਸਬਕ ਵੀ ਸਿਖਾਉਂਦਾ ਹੈ। ਅਜਿਹੇ ਲੋਕਾਂ ਦੀ ਵੀ ਕਮੀ ਨਹੀਂ ਸੀ, ਜੋ ਇਹੋ ਜਿਹੇ ਵਰਤਾਰੇ ਵਿਚੋਂ ਆਪੋ-ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਲਈ ਬੜੇ ਉਤਾਵਲੇ ਹੁੰਦੇ ਸਨ ਤੇ ਲੋੜ ਅਨੁਸਾਰ ਇਸ ਹਸਤੀ ਦੇ ਨੇੜੇ-ਨੇੜੇ ਹੋਣ ਦਾ ਯਤਨ ਕਰਦੇ ਸਨ। ਪਰ ਇਹ ਭੇਤ ਵਿਰਲਿਆਂ ‘ਚੋਂ ਵਿਰਲਿਆਂ ਨੂੰ ਪਤਾ ਸੀ ਕਿ ਇਹ ਮਹਾਨ ਹਸਤੀ ਇਤਿਹਾਸ ਦਾ ਮੂੰਹ ਦੂਜੇ ਪਾਸੇ ਘੁਮਾਉਣ ਲਈ ਹੀ ਪੰਜਾਬ ਦੀ ਸਰਜ਼ਮੀਨ ‘ਤੇ ਉਤਰੀ ਹੈ।
ਦੂਰ-ਅੰਦੇਸ਼ ਨਿਗਾਹਾਂ ਨੂੰ ਹੀ ਪਤਾ ਸੀ ਕਿ ਉਸ ਦੇ ਤੁਰ ਜਾਣ ਪਿੱਛੋਂ ਇਤਿਹਾਸ ਇਕ ਨਵਾਂ ਮੋੜ ਕੱਟੇਗਾ, ਜਿਸ ਨੂੰ ਰਾਜਨੀਤਕ ਵਿਗਿਆਨ ਦੇ ਮੁਹਾਵਰੇ ਵਿਚ ਪੈਰਾਡਾਈਮ-ਸ਼ਿਫਟ ਕਹਿੰਦੇ ਹਨ। ਦੂਜੇ ਸ਼ਬਦਾਂ ਵਿਚ ਇਤਿਹਾਸ ਦੀ ਨਵੀਂ ਕਾਲ-ਵੰਡ ਹੋਵੇਗੀ ਜਿਸ ਵਿਚ ਸਿੱਖ ਇਤਿਹਾਸ ਨੂੰ ਨਵੇਂ ਅੰਦਾਜ਼ ਵਿਚ ਪੇਸ਼ ਕੀਤਾ ਜਾਵੇਗਾ, ਨਵੀਂ ਸ਼ਕਲ ਵਿਚ ਪ੍ਰਭਾਸ਼ਿਤ ਕੀਤਾ ਜਾਵੇਗਾ। ਤੇ ਹੋਇਆ ਵੀ ਕੁਝ ਇਸ ਤਰ੍ਹਾਂ ਹੀ। ਵਿਦਵਾਨਾਂ ਲਈ ਇਹ ਖੋਜ ਦਾ ਵਿਸ਼ਾ ਬਣ ਗਿਆ ਕਿ ਸੰਤ ਜਰਨੈਲ ਸਿੰਘ ਤੋਂ ਪਹਿਲਾਂ ਸਿੱਖਾਂ ਦੀ ਰਾਜਨੀਤਕ ਅਤੇ ਧਾਰਮਿਕ ਤਰਜ਼-ਏ-ਜ਼ਿੰਦਗੀ ਦੇ ਰੰਗ-ਢੰਗ ਤੇ ਲੱਛਣ ਕਿਹੋ ਜਿਹੇ ਸਨ ਅਤੇ ਸੰਤ ਜਰਨੈਲ ਸਿੰਘ ਦੇ ਵਿਛੜਨ ਤੋਂ ਪਿੱਛੋਂ ਉਹ ਕਿਹੜੀਆਂ ਵੱਡੀਆਂ ਤਬਦੀਲੀਆਂ ਆਈਆਂ, ਜਿਨ੍ਹ ਨੇ ਨਾ ਕੇਵਲ ਸਿੱਖ ਇਤਿਹਾਸ ਨੂੰ ਹੀ ਸਗੋਂ ਭਾਰਤ ਦੇ ਰਾਜਨੀਤਕ ਤਾਣੇ-ਬਾਣੇ ਨੂੰ ਸਿਰ ਤੋਂ ਪੈਰਾਂ ਤੱਕ ਹਿਲਾ ਦਿੱਤਾ। ਉਸ ਦੇ ਜਾਣ ਪਿੱਛੋਂ ਮੜ੍ਹਕ ਨਾਲ ਜਿਉਣ ਵਾਲੇ ਗੱਭਰੂਆਂ ਦੀ ਜ਼ਿੰਦਗੀ ਫਿਰ ਉਹ ਨਹੀਂ ਸੀ ਰਹੀ ਜੋ ਪਹਿਲਾਂ ਵਾਲੀ ਸੀ। ਸੈਂਕੜੇ ਨੌਜਵਾਨ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਪੜ੍ਹਾਈਆਂ ਵਿਚੇ ਹੀ ਛੱਡ ਕੇ ਉਸ ਧਰਮਯੁੱਧ ਵਿਚ ਸ਼ਾਮਲ ਹੋ ਗਏ ਜਿਸ ਨੂੰ ਬਾਅਦ ਵਿਚ ਖਾਲਿਸਤਾਨ ਦਾ ਨਾਂ ਦਿੱਤਾ ਗਿਆ।
ਸੰਤ ਜਰਨੈਲ ਸਿੰਘ ਨੇ ਜਿਸ ਪਾਸੇ ਵੀ ਨਜ਼ਰ ਭਰ ਕੇ ਵੇਖਿਆ, ਖਾਲਸਾ ਪੰਥ ਦੇ ਜਿਸ ਹਿੱਸੇ ਨੂੰ ਵੀ ਆਵਾਜ਼ ਮਾਰੀ, ਉਹ ਵਹੀਰਾਂ ਘੱਤ ਕੇ ਦਰਬਾਰ ਸਾਹਿਬ ਵੱਲ ਹੋ ਤੁਰੇ। ਜੇ ਉਸ ਨੇ ਕਲਮਾਂ ਵਾਲਿਆਂ ਨੂੰ ਹੋਕਾ ਦਿੱਤਾ ਤਾਂ ਦਾਨਿਸ਼ਵਰਾਂ ਨੂੰ ਇਉਂ ਮਹਿਸੂਸ ਹੋਇਆ ਕਿ ਇਸ ਅਨੋਖੇ ਫਕੀਰ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਜਿਸ ਨੇ ਹੋਸ਼ ਨੂੰ ਜੋਸ਼ ਦਾ ਰੰਗ ਦੇ ਦਿੱਤਾ ਹੈ, ਜਿਸ ਨੇ ਕਹਿਣੀ ਤੇ ਕਰਨੀ ਦੇ ਸਾਰੇ ਫਾਸਲੇ ਮਿਟਾ ਦਿੱਤੇ ਹਨ ਅਤੇ ਜੋ ਪੁਰਾਤਨ ਇਤਿਹਾਸ ਨੂੰ ਨਵੇਂ ਮੁਹਾਵਰੇ ‘ਚ ਪੇਸ਼ ਕਰ ਰਿਹਾ ਹੈ। ਜੇ ਉਸ ਨੇ ਫੌਜੀਆਂ ਨੂੰ ਵੀ ਸੱਦਾ ਦਿੱਤਾ ਤਾਂ ਉਨ੍ਹਾਂ ਨੂੰ ਵੀ ਕੁਝ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਉਨ੍ਹਾਂ ਨੂੰ ਬੜੇ ਲੰਮੇ ਅਰਸੇ ਤੋਂ ਕੋਈ Ḕਆਪਣਾ ਜਰਨੈਲḔ ਮਿਲਿਆ ਹੈ ਜਿਸ ਦੀ ਰਹਿਨੁਮਾਈ ਹੇਠ ਲੜਨ ਲਈ ਉਨ੍ਹਾਂ ਨੂੰ ਖਾਲਸਾ ਰਾਜ ਦੀ ਮੰਜ਼ਿਲ ਦੇ ਇਸ਼ਾਰੇ ਮਿਲਣਗੇ। ਉਨ੍ਹਾਂ ਨੂੰ ਇਹ ਵੀ ਮਹਿਸੂਸ ਹੋਇਆ ਜਿਵੇਂ ਕਿਸੇ ਸ਼ਾਮ ਸਿੰਘ ਅਟਾਰੀਵਾਲੇ ਨੇ ਜਾਂ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਨੂੰ ਆਵਾਜ਼ ਮਾਰੀ ਹੈ ਤਾਂ ਜੋ ਖਾਲਸਾ ਪੰਥ ਦੇ ਖੁੱਸੇ ਰਾਜ ਨੂੰ ਮੁੜ ਬਹਾਲ ਕੀਤਾ ਜਾ ਸਕੇ।
ਉਸ ਵਿਚ ਕਹਿਣੀ ਤੇ ਕਰਨੀ ਦਾ ਪੂਰਾ ਸੁਮੇਲ ਸੀ। ਪਿਛਲੀ ਸਦੀ ਵਿਚ ਓੜਕਾਂ ਦਾ ਪਿਆਰ ਹਾਸਲ ਕਰਨ ਵਿਚ ਜੇ ਕੋਈ ਵਿਅਕਤੀ ਕਾਮਯਾਬ ਹੋਇਆ ਤਾਂ ਇਹ ਮਾਣ ਸੰਤ ਜਰਨੈਲ ਸਿੰਘ ਨੂੰ ਹੀ ਮਿਲ ਸਕਿਆ ਸੀ। ਉਸ ਤੋਂ ਪਿਛਲੀ ਸਦੀ ਵਿਚ ਇਹ ਪਿਆਰ ਮਹਾਰਾਜਾ ਰਣਜੀਤ ਸਿੰਘ ਨੂੰ ਹਾਸਲ ਹੋਇਆ ਸੀ। ਅੰਗਰੇਜ਼ਾਂ ਤੇ ਸਿੱਖਾਂ ਦੀਆਂ ਲੜਾਈਆਂ ਸਮੇਂ ਜਦੋਂ ਗੁਜਰਾਤ ਦੀ ਲੜਾਈ ਵਿਚ ਸਿੱਖ ਫੌਜੀਆਂ ਨੇ ਅੰਗਰੇਜ਼ਾਂ ਅੱਗੇ ਹਥਿਆਰ ਸੁੱਟੇ ਤਾਂ ਹਥਿਆਰ ਸੁੱਟਣ ਵਾਲਿਆਂ ਵਿਚੋਂ ਆਖਰੀ ਫੌਜੀ ਨੇ ਅੱਖਾਂ ਵਿਚ ਹੰਝੂ ਲਿਆ ਕੇ ਇਹ ਸ਼ਬਦ ਆਖੇ, Ḕਰਣਜੀਤ (ਮਹਾਰਾਜਾ ਰਣਜੀਤ ਸਿੰਘ) ਅੱਜ ਮਰਿਆ ਹੈ।Ḕ ਅਸਲ ਵਿਚ ਇਹ ਉਹ ਉਦਾਸ ਪਲ ਸਨ ਜਦੋਂ ਰਣਜੀਤ-ਪਿਆਰ ਤੇ ਖਾਲਸਾ-ਪਿਆਰ ਇਕ ਹੋ ਕੇ ਉਸ ਸਿੱਖ ਫੌਜੀ ਦੀ ਹੂਕ ਵਿਚ ਉਤਰ ਆਏ ਸਨ। ਇਉਂ ਹੀ ਇਕ ਦੌਰ ਅਜਿਹਾ ਵੀ ਸੀ ਜਦੋਂ ਸਿੱਖ ਅਤੇ ਸੰਤ ਜਰਨੈਲ ਸਿੰਘ ਦਾ ਅੰਤਰੀਕ ਦਰਦ ਇਕ-ਮਿਕ ਹੋ ਗਿਆ ਸੀ।
ਸੰਤ ਜਰਨੈਲ ਸਿੰਘ ਕੋਈ ਹਿਸਾਬ-ਕਿਤਾਬ ਲਾਉਣ ਵਾਲਾ ਤੇ ਨਫੇ-ਨੁਕਸਾਨ ਦੀਆਂ ਗਿਣਤੀਆਂ-ਮਿਣਤੀਆਂ ਵਿਚ ਪੈਣ ਵਾਲਾ ਚਲਾਕ ਸਿਆਸਤਦਾਨ ਨਹੀਂ ਸੀ। ਉਸ ਦੀ ਧਾਰਮਿਕ ਸ਼ਖਸੀਅਤ ਦਾ ਰਾਜਨੀਤਕ ਪੱਖ ਅਜੇ ਰੌਸ਼ਨ ਕੀਤਾ ਜਾਣਾ ਹੈ। ਉਹ ਚਾਹੁੰਦਾ ਤਾਂ ਕਿਸੇ ਸਸਤੀ ਸ਼ੋਹਰਤ ਲਈ ਜਾਂ ਕਿਸੇ ਪਦਵੀ ਲਈ ਸਿੱਖ ਸੰਘਰਸ਼ ਨੂੰ ਲਟਕਾ ਸਕਦਾ ਸੀ। ਪਰ ਉਹ ਯੂਨਾਨੀ ਦੁਖਾਂਤ ਦੇ ਨਾਇਕ ਵਾਂਗ ਸਭ ਕੁਝ ਜਾਣਦਾ ਹੋਇਆ ਸ਼ਹਾਦਤ ਦੀ ਮੰਜ਼ਿਲ ਵੱਲ ਤੇਜ਼ੀ ਨਾਲ ਵਧ ਰਿਹਾ ਸੀ। ਇੱਥੇ ਅਸੀਂ ਸਪੇਨ ਦੇ ਮਹਾਨ ਚਿੱਤਰਕਾਰ ਸਲਵਾਡੋਰ ਡਾਲੀ ਨੂੰ ਯਾਦ ਕਰਦੇ ਹਾਂ ਜੋ ਬੜੇ ਸੁੱਚੇ ਮਾਣ ਨਾਲ ਕਿਹਾ ਕਰਦਾ ਸੀ ਕਿ ਡਾਲੀ ਬਿਨਾ ਸਪੇਨ ਕਿਸ ਕੰਮ ਦਾ ਹੈ। ਖਾਲਸਾ ਪੰਥ ਨੇ ਉਹ ਸਮਾਂ ਵੀ ਵੇਖਿਆ ਜਦੋਂ ਲੋਕ ਆਖਿਆ ਕਰਦੇ ਸਨ ਸੰਤ ਜਰਨੈਲ ਸਿੰਘ ਬਿਨਾ ਜੀਵਨ ਕਾਹਦਾ ਹੈ। ਸੰਤ ਜਰਨੈਲ ਸਿੰਘ ਤੇ ਖਾਲਸਾ ਪੰਥ ਨੇ ਜਿਵੇਂ ਇਕ ਦੂਜੇ ਨੂੰ ਇਸ਼ਕ ਕੀਤਾ, ਉਸ ਦੀ ਉਚੀ ਪੱਧਰ ਦੀ ਉਦਾਸ ਸ਼ਾਇਰੀ ਇਕ ਦਿਨ ਅਸੀਂ ਜ਼ਰੂਰ ਸੁਣਾਂਗੇ। ਪਰ ਆਤਮਿਕ ਤੌਰ ‘ਤੇ ਸੁੱਕੇ ਅਤੇ ਰੁੱਖੇ ਕਿਸਮ ਦੇ ਨਾਸ਼ੁਕਰੇ ਆਲੋਚਕਾਂ ਨੂੰ ਇਸ ਮਹਾਂਬਲੀ ਦੀ ਮਹਾਨਤਾ ਅਤੇ ਮਹੱਤਤਾ ਤੋਂ ਮੁਨਕਰ ਹੋਣ ਦਾ ਹੱਕ ਹੋ ਸਕਦਾ ਹੈ ਪਰ ਉਨ੍ਹਾਂ ਦੀ ਬੇਵਫਾਈ ਦੇ ਗੀਤ ਵੀ ਸਾਡੇ ਨਾਲ-ਨਾਲ ਰਹਿਣਗੇ।
ਸਿੰਘ ਆਦਰਸ਼ ਵਾਲੇ ਇਸ ਮਹਾਨ ਵਿਅਕਤੀ ‘ਤੇ ਇਹ ਇਲਜ਼ਾਮ ਲਾਉਣਾ ਵੀ ਮਾਨਸਿਕ ਗਰੀਬੀ ਦਾ ਸ਼ਿਕਾਰ ਹੋਣਾ ਹੈ ਕਿ ਉਸ ਨੇ ਇਕ ਭੋਲੀ ਭਾਲੀ ਕੌਮ ਦੇ ਮਾਸੂਮ ਜਜ਼ਬਿਆਂ ਨੂੰ ਭੜਕਾ ਕੇ ਗੁੰਮਰਾਹ ਕੀਤਾ। ਜੇ ਫਿਰ ਇਉਂ ਹੀ ਕਹਿਣਾ ਹੈ ਤਾਂ ਵਿਦਵਾਨਾਂ ਨੂੰ ਇਹ ਆਖਣਾ ਚਾਹੀਦਾ ਹੈ ਕਿ ਉਸ ਨੇ ਭੜਕਾਹਟ ਦੀ ਉਹ ਵੰਨਗੀ ਪੈਦਾ ਕੀਤੀ, ਜਿਸ ਦੀ ਇਤਿਹਾਸਕ ਲੋੜ ਸੀ। ਅਜਿਹਾ ਕਰਦਿਆਂ ਉਹ ਸਿੱਖ ਇਤਿਹਾਸ ਵਿਚੋਂ ਹੀ ਆਪਣੀ ਕੌਮ ਨੂੰ ਮੁਖਾਤਿਬ ਹੋਇਆ। ਉਸ ਨੇ ਸਿੱਖ ਮਨਾਂ ਦੇ ਘਰਾਂ ਅੱਗੇ ਪਿਆਰ ਭਰੇ ਗੁੱਸੇ ਨਾਲ ਕੁਝ ਇਸ ਤਰ੍ਹਾਂ ਦੀ ਦਸਤਕ ਦਿੱਤੀ ਜਿਸ ਦੇ ਦਰਵਾਜ਼ੇ 200 ਵਰ੍ਹੇ ਤੋਂ ਬੰਦ ਪਏ ਸਨ। ਜਦੋਂ ਉਹ ਖੁੱਲ੍ਹੇ ਤਾਂ ਉਹ ਜਜ਼ਬਿਆਂ ਦਾ ਇਕ ਤੂਫਾਨ ਹੀ ਤਾਂ ਸੀ। ਕਈ ਵਾਰ ਕੌਮਾਂ ਦੇ ਮਨਾਂ ਵਿਚ ਇਹ ਅਲੋਕਾਰ ਦਸ਼ਾ ਵੀ ਵਾਪਰਦੀ ਹੈ ਕਿ ਅਮੋੜ ਜਜ਼ਬੇ ਲੰਮੀਆਂ ਤਾਣ ਕੇ ਸੌਂ ਜਾਂਦੇ ਹਨ। ਕਿਉਂ ਸੌਂ ਜਾਂਦੇ ਹਨ? ਇਸ ਦਾ ਕਿਸੇ ਇਤਿਹਾਸ, ਦਰਸ਼ਨ, ਸਮਾਜ ਵਿਗਿਆਨ ਜਾਂ ਤਰਕ ਸ਼ਾਸਤਰ ਕੋਲ ਕੋਈ ਸਿੱਧ ਪੱਧਰਾ ਜਵਾਬ ਨਹੀਂ ਹੁੰਦਾ। ਪਰ ਕੀ ਇਹ ਜਜ਼ਬਿਆਂ ਦਾ ਹੜ੍ਹ ਉਸ ਦੇ ਵਸ ਵਿਚ ਸੀ? ਨਿਰਭਉ ਤੇ ਨਿਰਵੈਰ ਦ੍ਰਿਸ਼ਟੀ ਰਾਹੀਂ ਇਹ ਜਵਾਬ ਦੇਣਾ ਬਣਦਾ ਹੈ ਕਿ ਇਹ ਹੜ੍ਹ ਉਸ ਦੇ ਵਸ ਵਿਚ ਸੀ ਵੀ ਤੇ ਕਿਸੇ ਹੱਦ ਤੱਕ ਨਹੀਂ ਵੀ ਸੀ। ਜਿੰਨਾ ਚਿਰ ਉਹ ਜੀਵਿਆ ਇਹ ਤੂਫਾਨ ਉਸ ਦੇ ਅਧੀਨ ਹੋ ਕੇ ਚੱਲਿਆ ਪਰ ਜਦੋਂ ਉਹ ਤੁਰ ਗਿਆ, ਉਦੋਂ ਤੂਫਾਨੀ ਲਹਿਰ ਦਾ ਇਕ ਹਿੱਸਾ ਬੇਕਾਬੂ ਵੀ ਹੋ ਗਿਆ। ਪਰ ਇਸ ਦਾ ਮਿਹਣਾ ਉਸ ਨੂੰ ਕਿਉਂ ਦਿੱਤਾ ਜਾਵੇ? ਆਖਿਰਕਾਰ ਉਹ ਇਨਸਾਨ ਹੀ ਸੀ। ਕੀ ਕੋਈ ਲਹਿਰ ਇਹ ਦਾਅਵਾ ਕਰ ਸਕਦੀ ਹੈ ਕਿ ਉਹ ਗਲਤੀਆਂ ਤੋਂ ਪੂਰੀ ਤਰ੍ਹਾਂ ਮੁਕਤ ਹੈ? ਇਕ ਪਲ ਰੁਕੋ ਅਤੇ ਆਪਣੇ ਦਿਲ-ਦਿਮਾਗ ‘ਤੇ ਭਾਰ ਪਾ ਕੇ ਕੁਝ ਕੌੜੀਆਂ ਹਕੀਕਤਾਂ ਦੇ ਸਾਹਮਣੇ ਹੋਵੋ।
ਸੰਤ ਜਰਨੈਲ ਸਿੰਘ ਕੋਲ ਕਿਹੜਾ ਕੋਈ ਪੱਕਾ ਤੇ ਸਥਾਈ ਰਾਜਨੀਤਕ ਸਿਸਟਮ ਸੀ? ਕਿੰਨਾ ਕੁ ਵਕਤ ਸੀ ਉਸ ਕੋਲ ਕਿ ਉਸ ਸਾਰੇ ਸਿਲਸਿਲੇ ਨੂੰ ਇਕ ਤਰਤੀਬ ਵਿਚ ਬੰਨ੍ਹ ਲੈਂਦਾ? ਕਿੰਨੇ ਕੁ ਵਸੀਲੇ ਸਨ? ਉਨ੍ਹਾਂ ਹਾਲਤਾਂ ਵੱਲ ਵੀ ਧਿਆਨ ਦਿਓ ਜਿਨ੍ਹਾਂ ਹਾਲਤਾਂ ਦਾ ਉਹ ਕੱਲਮ-ਕੱਲਾ ਹੀ ਸਾਹਮਣਾ ਕਰ ਰਿਹਾ ਸੀ। ਭਾਰਤ ਦੀ ਸੰਚਾਰ ਸਲਤਨਤ (ਅਖਬਾਰਾਂ, ਰਸਾਲੇ, ਰੇਡੀਓ, ਦੂਰਦਰਸ਼ਨ ਵਗੈਰਾ-ਵਗੈਰਾ) ਦਾ ਝੂਠ ਦਾ ਤੂਫਾਨ, ਭਾਰਤ ਦੀਆਂ ਵਿਰੋਧੀ ਰਾਜਸੀ ਪਾਰਟੀਆਂ ਦੀ ਸਿੱਖ ਲਹਿਰ ਪ੍ਰਤੀ ਧਾਰਨ ਕੀਤੀ ਸੁਰ ਵਿਚ ਦੁਸ਼ਮਣੀ ਅਤੇ ਵਿਰੋਧਤਾ ਦਾ ਤੂਫਾਨ ਅਤੇ ਉਹ ਤੂਫਾਨ ਵੀ ਨਾਲ ਹੀ ਜਿਸ ਨੂੰ ਉਨ੍ਹਾਂ ਲੋਕਾਂ ਨੇ ਸ਼ੁਰੂ ਕੀਤਾ ਸੀ, ਜਿਨ੍ਹਾਂ ਨੂੰ ਅਸੀਂ ਗਲਤੀ ਨਾਲ ਆਪਣੇ ਕਹਿ ਦਿੰਦੇ ਹਾਂ। ਫਿਰ ਵੀ ਜੇ ਇਨ੍ਹਾਂ ਵਿਰੋਧੀ ਹਾਲਤਾਂ ਤੇ ਸੀਮਤ ਸਾਧਨਾਂ ਵਿਚ ਉਹ ਖਾਲਸਾ ਪੰਥ ਦੀ ਲਹਿਰ ਨੂੰ ਜਿੱਥੇ ਪਹੁੰਚਾ ਗਿਆ, ਉਹ 20ਵੀਂ ਸਦੀ ਦਾ ਸਭ ਤੋਂ ਵੱਡਾ ਚਮਤਕਾਰ ਸੀ।
ਹਮ ਤੁਮਹੇਂ ਖੁਦਾ ਨਹੀਂ ਕਹਿਤੇ, ਮਗਰ ਸ਼ਾਨ-ਏ-ਖੁਦਾ ਤੁਮ ਹੋ
2 ਜੂਨ 1984 ਨੂੰ Ḕਪਾਪ ਦੀ ਜੰਜḔ ਨੇ ḔਸੱਚਖੰਡḔ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਦੂਜੇ ਪਾਸੇ ਸੱਚਖੰਡ ਦੇ ਚਰਨਾਂ ਵਿਚ ਇਕ ਅਜਿਹਾ ਸੂਰਬੀਰ ਯੋਧਾ ਤੇ ਸੂਰਮਾ ਦੋ ਹੱਥ ਕਰਨ ਲਈ ਮੁਕਾਬਲੇ ਵਾਸਤੇ ਤਿਆਰ ਬੈਠਾ ਸੀ ਜਿਸ ਨੂੰ ਦਰਦਮੰਦਾਂ ਦੇ ਇਕ ਦਰਦੀ ਤੇ ਮਹਾਨ ਮੁਸਲਿਮ ਸ਼ਾਇਰ ਅਫਜ਼ਲ ਅਹਿਸਨ ਰੰਧਾਵਾ ਨੇ ਦਰਬਾਰ ਸਾਹਿਬ ਦੇ ਸਾਕੇ ਬਾਰੇ ਲਿਖੀ ਆਪਣੀ ਮਸ਼ਹੂਰ ਤੇ ਇਤਿਹਾਸ ਨੂੰ ਰੌਸ਼ਨ ਕਰਨ ਵਾਲੀ ਦਰਦਨਾਕ ਕਵਿਤਾ ਵਿਚ Ḕਜਰਨੈਲਾਂ ਦਾ ਜਰਨੈਲḔ ਕਿਹਾ ਸੀ। ਇਸੇ ਕਵਿਤਾ ਵਿਚ ਖਾਲਸਾ ਪੰਥ ਨਾਲ ਆਪਣਾ ਦੁਖ ਸਾਂਝਾ ਕਰਦਿਆਂ ਅਤੇ ਕਿਸੇ ਡੂੰਘੀ ਅਪਣੱਤ ਤੇ ਸਾਂਝ ਦੇ ਜਜ਼ਬੇ ਵਿਚ ਰੰਧਾਵਾ ਨੇ ਢੱਠੇ ਅਕਾਲ ਤਖਤ ਨੂੰ Ḕਆਪਣਾ ਅਕਾਲ ਤਖਤḔ ਕਹਿ ਕੇ ਹੰਝੂ ਵਹਾਏ ਸਨ।
ਜਿਸ ਥਾਂ ‘ਤੇ ਜਰਨੈਲਾਂ ਦਾ ਜਰਨੈਲ ਆਪਣੇ ਅਤਿ ਪਿਆਰੇ ਤੇ ਹੋਣਹਾਰ ਜਰਨੈਲ, ਜਨਰਲ ਸ਼ੁਬੇਗ ਸਿੰਘ ਨਾਲ ਬੈਠਾ ਸੀ, ਇਹ ਉਹੀ ਪਵਿੱਤਰ ਥਾਂ ਸੀ ਜਿੱਥੇ ਪਿਛਲੀ ਤੋਂ ਪਿਛਲੀ ਅਤੇ ਫਿਰ ਉਸ ਤੋਂ ਪਿਛਲੀ ਸਦੀ ਵਿਚ ਭਾਈ ਗੁਰਬ ਸਿੰਘ ਤੇ ਸਾਥੀ ਦਰਬਾਰ ਸਾਹਿਬ ਦੀ ਰਾਖੀ ਲਈ ਅਬਦਾਲੀ ਦੇ ਲਸ਼ਕਰਾਂ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੋਏ ਸਨ। ਇੰਜ ਇਤਿਹਾਸ ਇਕ ਵਾਰ ਮੁੜ ਆਪਣੇ ਆਪ ਨੂੰ ਦੁਹਰਾ ਰਿਹਾ ਸੀ, ਪਰ ਇਕ ਨਵੇਂ, ਨਿਵੇਕਲੇ ਅਤੇ ਅਨੋਖੇ ਅੰਦਾਜ਼ ਵਿਚ। ਇਕ ਵਾਰ ਮੁੜ ਚਮਕੌਰ ਦੀ ਗੜ੍ਹੀ, ਖਿਦਰਾਣੇ ਦੀ ਢਾਬ ਅਤੇ ਚੱਪੜਚਿੜੀ ਦੀ ਜੰਗ ਦੇ ਨਜ਼ਾਰੇ ਮੁਕਾਬਲੇ ਲਈ ਤਿਆਰ ਬੈਠੇ ਸਿੰਘ ਸੂਰਮਿਆਂ ਦੀਆਂ ਯਾਦਾਂ ਵਿਚ ਉਤਰ ਆਏ ਸਨ। ਇਤਿਹਾਸ ਦੀ ਇਕ ਅਸਲੋਂ ਹੀ ਨਵੀਂ ਹੈਰਾਨਕੁਨ ਅਤੇ ਅਸਾਵੀਂ ਜੰਗ ਲਈ ਮੈਦਾਨ ਤਿਆਰ ਸੀ ਜਿੱਥੇ ਤੋਪਾਂ, ਟੈਂਕਾਂ ਤੇ ਆਧੁਨਿਕ ਹਥਿਆਰਾਂ ਨਾਲ ਲੈਸ ਇਕ ਲੱਖ ਫੌਜ ਦਾ ਮੁਕਾਬਲਾ ਉਂਗਲਾਂ ‘ਤੇ ਗਿਣੇ ਜਾਣ ਵਾਲੇ ਸਿੰਘਾਂ ਨੇ ਕਰਨਾ ਸੀ ਅਤੇ ਇੰਜ ਦੁਨੀਆਂ ਦੇ ਇਤਿਹਾਸ ਵਿਚ ਬਹਾਦਰੀ ਦਾ ਇਕ ਨਵਾਂ ਕਾਂਡ ਸ਼ਾਮਲ ਹੋਣਾ ਸੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਏਸ਼ੀਆ ਦੇ ਇਤਿਹਾਸ ਨੇ ਜਿਹੜਾ ਮੋੜ ਕੱਟਣਾ ਸੀ, ਉਸ ਮੋੜ ਦਾ ਫੈਸਲਾ ਕਰਨ ਦੀ ਥਾਂ ਰੱਬ ਦੇ ਘਰ ਦਰਬਾਰ ਸਾਹਿਬ ਵਿਚ ਇਕਾਗਰ ਹੋ ਗਈ ਸੀ ਅਤੇ ਜੇ ਜੰਗ ਇਕ ਕਵਿਤਾ ਵੀ ਹੁੰਦੀ ਹੈ ਅਤੇ ਇਹ ਸ਼ਮਸ਼ੀਰਾਂ ਦਾ ਵਜਦ ਹੁੰਦੀ ਹੈ ਤਾਂ ਫਿਰ ਇਤਿਹਾਸਕਾਰ ਕਿਸੇ ਦਰਦਨਾਕ ਕਵਿਤਾ ਦੀ ਉਡੀਕ ਕਰ ਰਹੇ ਸਨ।
ਕਿਵੇਂ ਸਮਝਿਆ ਜਾਵੇ ਸੰਤ ਜੀ ਨੂੰ? ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਸਮਝਣ ਲਈ ਸਾਨੂੰ ਬਹੁਤ ਡੂੰਘਾ ਉਤਰਨਾ ਪੈਣਾ ਹੈ। ਇਸ ਮਹਾਨ ਹਸਤੀ ਦਾ ਦਰਦ ਅਜੇ ਵਿਵੇਕ-ਸੁਰ ਵਿਚ ਪੇਸ਼ ਨਹੀਂ ਹੋ ਸਕਿਆ। ਗਿਆਨ ਤੇ ਧਿਆਨ ਦੀਆਂ ਉਹ ਬਿਰਤੀਆਂ ਅਜੇ ਤੱਕ ਵੀ ਨਹੀਂ ਜਾਗੀਆਂ ਜਿਨ੍ਹਾਂ ਨੇ ਖਾਲਸਾ ਪੰਥ ਦੇ ਇਸ ਅਨਮੋਲ ਹੀਰੇ ਦਾ ਮੁੱਲ ਪਾਉਣਾ ਹੈ। ਸਾਨੂੰ ਇਹ ਗੱਲ ਕਦੇ ਵੀ ਭੁੱਲਣੀ ਨਹੀਂ ਚਾਹੀਦੀ ਕਿ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਉਤੇ ਅਤੇ ਉਨ੍ਹਾਂ ਦੇ ਇਰਦ-ਗਿਰਦ ਰਾਜਨੀਤਕ ਕੂੜ ਦੀ ਇਕ ਵੱਡੀ ਚਾਦਰ ਤਣੀ ਹੋਈ ਹੈ।
ਮੀਡੀਆ, ਸਰਕਾਰਾਂ ਅਤੇ ਅਖੌਤੀ ਕਿਸਮ ਦੇ ਵਿਦਵਾਨ ਜਦੋਂ ਕਦੇ ਵੀ ਆਪਣੀਆਂ ਲਿਖਤਾਂ ਵਿਚ ਸੰਤ ਜਰਨੈਲ ਸਿੰਘ ਦਾ ਜ਼ਿਕਰ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਉਹ ਇਤਿਹਾਸ ਦੇ ਸਭ ਤੋਂ ਵੱਡੇ ਖਲਨਾਇਕ ਹੋਣ। ਬਹੁਤ ਸਾਰੀਆਂ ਅਖਬਾਰਾਂ ਤਾਂ ਉਨ੍ਹਾਂ ਦੇ ਨਾਲ ḔਸੰਤḔ ਸ਼ਬਦ ਲਾਉਣ ਤੋਂ ਵੀ ਗੁਰੇਜ਼ ਕਰਦੀਆਂ ਹਨ। ਭਾਵੇਂ ਅਕਾਲ ਤਖਤ ਵੱਲੋਂ ਉਨ੍ਹਾਂ ਨੂੰ ਸ਼ਹੀਦ ਦਾ ਰੁਤਬਾ ਬਖਸ਼ਿਆ ਗਿਆ ਹੈ, ਪਰ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਸੰਤ ਜਰਨੈਲ ਸਿੰਘ ਦੇ ਇਤਿਹਾਸਕ ਰੋਲ ਅਤੇ ਪ੍ਰਾਪਤੀਆਂ ਬਾਰੇ ਦੋ ਸ਼ਬਦ ਵੀ ਕਦੇ ਨਹੀਂ ਕਹੇ। ਇੱਥੋਂ ਤੱਕ ਕਿ ਸੰਤ ਜਰਨੈਲ ਸਿੰਘ ਜਿਸ ਟਕਸਾਲ ਦੇ ਮੁਖੀ ਰਹੇ, ਉਨ੍ਹਾਂ ਬਾਰੇ ਇਸ ਸੰਸਥਾ ਨੇ ਇਸ ਮਹਾਂਪੁਰਸ਼ ਦੇ ਵੱਖ ਵੱਖ ਪੱਖਾਂ ਬਾਰੇ ਜਾਣੂ ਕਰਾਉਣ ਲਈ ਨਾ ਕਦੇ ਵਿਦਵਾਨਾਂ ਨੂੰ ਸੱਦਾ ਦਿੱਤਾ ਅਤੇ ਨਾ ਹੀ ਉਨ੍ਹਾਂ ਦੀ ਜੀਵਨੀ ਲਿਖਾਈ।
ਸਾਰੀ ਦੁਨੀਆਂ ਜਾਣਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਵਿਚ ਸੰਤ ਜਰਨੈਲ ਸਿੰਘ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਉਹ ਕਾਂਗਰਸ ਦਾ ਬੰਦਾ ਸੀ। ਪਰ ਟਕਸਾਲ ਨੇ ਚੁੱਪ ਧਾਰੀ ਰੱਖੀ। ਹਾਂ, ਉਸੇ ਟਕਸਾਲ ਨੇ ਜਿਸ ਦੇ ਕਦੇ ਸੰਤ ਜਰਨੈਲ ਸਿੰਘ ਮੁਖੀ ਰਹੇ ਸਨ। ਬਾਅਦ ਵਿਚ ਇਹੀ ਟਕਸਾਲ ਕਦੇ ਪ੍ਰਕਾਸ਼ ਸਿੰਘ ਬਾਦਲ ਲਈ, ਕਦੇ ਉਸ ਦੇ ਪੁੱਤਰ ਸੁਖਬੀਰ ਬਾਦਲ ਲਈ ਅਤੇ ਕਦੇ ਉਸ ਦੀ ਨੂੰਹ ਹਰਸਿਮਰਤ ਲਈ ਜ਼ਿੰਦਗੀ ਵਿਚ ਉਨ੍ਹਾਂ ਦੀ ਕਾਮਯਾਬੀ ਲਈ ਅਰਦਾਸਾਂ ਕਰਦੀ ਰਹੀ। ਜਿਨ੍ਹਾਂ ਵੀਰਾਂ ਨੇ ਹਿੰਮਤ ਕਰਕੇ ਉਨ੍ਹਾਂ ਦੀ ਜੀਵਨੀ ਲਿਖੀ ਵੀ, ਉਨ੍ਹਾਂ ਨੂੰ ਸ਼ਾਇਦ ਹੀ ਕਦੇ ਸਨਮਾਨਿਤ ਕੀਤਾ ਗਿਆ ਹੋਵੇ। ਸੰਤ ਜੀ ਦੀ ਸ਼ਹੀਦੀ ਨੂੰ 33 ਸਾਲ ਬੀਤਣ ਲੱਗੇ ਹਨ ਅਤੇ ਹੁਣ ਤੱਕ ਉਨ੍ਹਾਂ ਦੇ ਜੀਵਨ ਦੇ ਵੱਖ ਵੱਖ ਪੱਖਾਂ ਬਾਰੇ ਦਰਜਨਾਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਸਨ। ਟਕਸਾਲ ਦੇ ਕਿੰਨੇ ਹਿੱਸੇ ਹੋ ਗਏ ਹਨ ਪਰ ਦਮਦਮੀ ਟਕਸਾਲ ਤੋਂ ਵੱਖਰੀਆਂ ਹੋਣ ਵਾਲੀਆਂ ਟਕਸਾਲਾਂ ਨੇ ਵੀ ਸ਼ਾਇਦ ਹੀ ਵਿਦਵਾਨਾਂ ਤੇ ਇਤਿਹਾਸਕਾਰਾਂ ਦੀਆਂ ਸੇਵਾਵਾਂ ਹਾਸਲ ਕੀਤੀਆਂ ਹੋਣ। ਇਕ ਜਿਉਂਦਾ ਜਾਗਦਾ ਇਤਿਹਾਸ ਸਾਡੀਆਂ ਅੱਖਾਂ ਸਾਹਮਣੇ ਸਾਕਾਰ ਰੂਪ ਵਿਚ ਨਜ਼ਰ ਆ ਰਿਹਾ ਹੈ ਪਰ ਇਸੇ ਇਤਿਹਾਸ ਨੇ ਥੋੜ੍ਹੇ ਸਮੇਂ ਪਿੱਛੋਂ ਅਲੋਪ ਹੋ ਜਾਣਾ ਹੈ, ਲੇਕਿਨ ਅਸੀਂ ਇਨ੍ਹਾਂ ਯਾਦਾਂ ਨੂੰ ਵੱਡੀਆਂ ਪੁਸਤਕਾਂ ਦੇ ਰੂਪ ਵਿਚ ਨਹੀਂ ਛਾਪ ਸਕੇ। ਇਹ ਬੇਪ੍ਰਵਾਹੀ ਹੈ ਜਾਂ ਲਾਪ੍ਰਵਾਹੀ? ਕਿਸ ‘ਤੇ ਇਲਜ਼ਾਮ ਲਾਇਆ ਜਾਵੇ?
ਬੇਗਾਨਿਆਂ ਅਤੇ ਦੁਸ਼ਮਣਾਂ ਨੇ ਤਾਂ ਸੰਤ ਜੀ ਦੀ ਹਸਤੀ ਨੂੰ ਵਿਗਾੜ ਕੇ ਪੇਸ਼ ਕੀਤਾ ਹੀ ਕੀਤਾ ਹੈ ਤੇ ਕਰ ਵੀ ਰਹੇ ਹਨ ਪਰ ਜਿਨ੍ਹਾਂ ਨੂੰ ਅਸੀਂ ਕਦੇ ਭੁੱਲ-ਭੁਲੇਖੇ ਆਪਣੇ ਆਖ ਬਹਿੰਦੇ ਹਾਂ, ਉਨ੍ਹਾਂ ਵਿਚ ਵੀ ਤਾਂ ਉਹ ਸਮਰੱਥਾ, ਯੋਗਤਾ ਅਤੇ ਦੀਵਾਨਗੀ ਨਹੀਂ ਜੋ ਸੰਤ ਜਰਨੈਲ ਸਿੰਘ ‘ਤੇ ਪਈ ਧੁੰਦ ਨੂੰ ਲਾਂਭੇ ਕਰਕੇ ਇਸ ਮਹਾਨ ਸ਼ਖਸੀਅਤ ਦੇ ਰੋਲ ਤੇ ਉਸ ਦੇ ਨਿਰਮਲ ਸਰੂਪ ‘ਤੇ ਡੂੰਘੀ ਝਾਤ ਪੁਆ ਸਕਦੇ।
ਅੱਜ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਇਸ ਮਹਾਨ ਨਾਇਕ ਬਾਰੇ ਅਸਲ ਗੱਲ ਜਾਣਨਾ ਚਾਹੁੰਦੇ ਹਨ। ਪਰ ਉਨ੍ਹਾਂ ਨੂੰ ਉਹੋ ਕੁਝ ਪਰੋਸਿਆ ਜਾ ਰਿਹਾ ਹੈ, ਜੋ ਸਾਡੇ ਦੁਸ਼ਮਣ ਚਾਹੁੰਦੇ ਹਨ। ਇਸ ਦੇ ਬਾਵਜੂਦ ਫੈਸ਼ਨ ਵਾਂਗ ਨੌਜਵਾਨ ਮੁੰਡੇ-ਕੁੜੀਆਂ ਉਨ੍ਹਾਂ ਦੇ ਨਾਂ ਦੀਆਂ ਕਮੀਜ਼ਾਂ ਪਾਉਂਦੇ ਹਨ, ਕਾਰਾਂ ਤੇ ਸਕੂਟਰਾਂ ‘ਤੇ ਉਨ੍ਹਾਂ ਦੇ ਨਾਂ ਦੇ ਸਟਿਕਰ ਲਾਉਂਦੇ ਹਨ, ਫੇਸਬੁਕ ‘ਤੇ ਉਨ੍ਹਾਂ ਦੀਆਂ ਤਸਵੀਰਾਂ ਪੋਸਟ ਕਰਦੇ ਹਨ, ਘਰਾਂ ਵਿਚ ਉਨ੍ਹਾਂ ਦੀਆਂ ਤਸਵੀਰਾਂ ਫਰੇਮ ਕਰਾ ਕੇ ਕੰਧਾਂ ‘ਤੇ ਸਜਾਉਂਦੇ ਹਨ। ਪਰ ਉਹ ਕਿਉਂ ਸ਼ਹੀਦ ਹੋਏ? ਉਨ੍ਹਾਂ ਦੇ ਧੁਰ ਅੰਦਰ ਕੌਮ ਦਾ ਦਰਦ ਕਿਹੋ ਜਿਹਾ ਸੀ? ਕਿਹੜੇ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਤੇ ਉਹੋ ਹੀ ਫਿਰ ਕਿਉਂ ਅਤੇ ਕਿਵੇਂ ਹਕੂਮਤਾਂ ਦੇ ਮਾਲਕ ਬਣ ਬੈਠੇ? ਕਿਹੜੀ ਥਾਂ ‘ਤੇ ਅਸੀਂ ਮਾਰ ਖਾ ਗਏ? ਹੁਣ ਕੀ ਕੀਤਾ ਜਾਵੇ? ਕੌਮਾਂਤਰੀ ਪੱਧਰ ‘ਤੇ ਆਪਣੇ ਦੁਖ ਨੂੰ ਬੌਧਿਕ ਰੂਪ ਕਿਵੇਂ ਦਈਏ? ਕਿਹੜੇ ਲੋਕਾਂ ਦੀ ਪੰਥਕ ਏਕਤਾ ਹੋਵੇ? ਲਹਿਰ ਦੇ ਜਜ਼ਬਾਤੀ ਰੂਪ ਨੂੰ ਬੌਧਿਕ ਰੂਪ ਨਾਲ ਅਰਥਾਤ ਵਿਚਾਰਧਾਰਕ ਰੂਪ ਨਾਲ ਕਿਵੇਂ ਜੋੜਿਆ ਜਾਵੇ? ਜਿਹੜਾ Ḕਜ਼ਖਮḔ ਸਾਨੂੰ ਭਾਰਤੀ ਸਟੇਟ ਨੇ ਦਿੱਤਾ, ਉਸ ਨੂੰ ḔਸੂਰਜḔ ਕਿਵੇਂ ਬਣਾਇਆ ਜਾਵੇ ਤਾਂ ਜੋ ਅਸੀਂ ਇਸ ਦੀ ਰੌਸ਼ਨੀ ਵਿਚ ਅਗਲੇ ਰਾਹਾਂ ਦੀ ਸਿਰਜਣਾ ਕਰ ਸਕੀਏ।
ਸੰਤ ਜਰਨੈਲ ਸਿੰਘ ਵਰਤਾਰੇ ਦੀ ਸਹੀ ਵਿਆਖਿਆ ਲਈ ਸਾਨੂੰ ਤਰਕ ਅਤੇ ਅਨੁਭਵ ਦੇ ਨਵੇਂ ਮਾਡਲਾਂ ਦੀ ਤਲਾਸ਼ ਕਰਨੀ ਪਵੇਗੀ। ਜਿਸ ਦਾਇਰੇ ਵਿਚ ਖਲੋ ਕੇ ਉਹ ਬੋਲ ਰਿਹਾ ਸੀ ਉਸ ਦਾ ਇਕ ਵਿਸ਼ੇਸ਼ ਮੁਹਾਵਰਾ ਸੀ ਅਤੇ ਇਸ ਮੁਹਾਵਰੇ ਦੀ ਸਮਝ ਨਾਲ ਹੀ ਅਸੀਂ ਮੌਜੂਦਾ ਹਾਲਾਤ ਦੇ ਬਹੁਤ ਸਾਰੇ ਪਹਿਲੂਆਂ ਦਾ ਮੂੰਹ ਮੱਥਾ ਨਿਖਾਰ ਸਕਾਂਗੇ। ਉਸ ਦੀ ਸ਼ਹਾਦਤ ਤੋਂ ਪਿੱਛੋਂ ਚੀਜ਼ਾਂ, ਬੰਦੇ, ਰਿਸ਼ਤੇ ਤੇ ਜੀਵਨ ਦੀਆਂ ਕਦਰਾਂ ਕੀਮਤਾਂ ਬਦਲ ਚੁਕੀਆਂ ਸਨ। ਪਰ ਕਿਹੋ ਜਿਹੀ ਸੀ ਇਹ ਤਬਦੀਲੀ? ਭਾਰਤੀ ਰਾਜ ਪ੍ਰਬੰਧ ਦੀਆਂ ਵਰਤਮਾਨ ਪ੍ਰਣਾਲੀਆਂ ਦੀਆਂ ਬੇਰਹਿਮ ਪਰਤਾਂ ਨਾਲ ਬਹੁਪੱਖੀ ਸੰਘਰਸ਼ ਕਰਕੇ ਹੀ ਸਿੱਖ ਮਨਾਂ ਵਿਚ ਆਈ ਇਸ ਮਹਾਂਤਬਦੀਲੀ ਕੇ ਨਕਸ਼ ਵੇਖ ਸਕਾਂਗੇ।
ਸੰਤ ਜਰਨੈਲ ਸਿੰਘ ਨੇ ਸਿੱਖੀ ਦੇ ਮੌਲਿਕ ਸਰੂਪ ਤੇ ਖਾਲਸ ਸਰੂਪ ਨੂੰ ਜਗਾਇਆ ਅਤੇ ਖੁਦ ਚਸ਼ਮਦੀਦ ਗਵਾਹ ਬਣ ਕੇ ਇਸ ਨੂੰ ਆਪਣੇ ਅਮਲਾਂ ਨਾਲ ਸਾਕਾਰ ਕੀਤਾ। ਉਸ ਨੇ ਰਾਜਨੀਤੀ ਦੀ ਨਵੀਂ ਵਿਆਕਰਣ ਸਿਰਜੀ, ਜਿਸ ਦੇ ਰੂਹਾਨੀ ਅਤੇ ਦੁਨਿਆਵੀ ਨਕਸ਼ ਅਜੇ ਵਿਦਵਾਨਾਂ ਨੇ ਸਾਡੇ ਸਾਹਮਣੇ ਲਿਆਉਣੇ ਹਨ। ਇਹ ਅੱਜ ਦੇ ਨੌਜਵਾਨਾਂ ਲਈ ਸਭ ਤੋਂ ਵੱਡੀ ਚੁਣੌਤੀ ਹੈ। ਉਸ ਨੇ ਭਾਰਤੀ ਸਟੇਟ ਨੂੰ ਇਹ ਅਹਿਸਾਸ ਵੀ ਕਰਵਾ ਦਿੱਤਾ ਕਿ ਸਿੱਖ ਬੇਚੈਨ ਹੈ, ਬਾਗੀ ਹੈ ਅਤੇ ਉਹ ਆਪਣੇ ਹੱਕ ਲਈ ਲੜੇਗਾ, ਵਾਰ ਵਾਰ ਲੜੇਗਾ ਅਤੇ ਆਖਰੀ ਸਮੇਂ ਤੱਕ ਲੜੇਗਾ। 20ਵੀਂ ਸਦੀ ਵਿਚ ਉਸ ਨੇ ਆਪਣੀ ਕੌਮ ਨੂੰ ਇਕ ਹੋਰ ਚਮਤਕਾਰ ਦੇ ਵੀ ਦਰਸ਼ਨ ਕਰਵਾਏ; ਇਕ ਸੰਤ ਦਾ ਸਿਪਾਹੀ ਰੂਪ ਪ੍ਰਤੱਖ ਕੀਤਾ ਅਤੇ ਇਸ ਤਰ੍ਹਾਂ ਸੰਤ ਦੀ ਖਾਲਸਾਈ ਪਰਿਭਾਸ਼ਾ ਦੇ ਝੰਡੇ ਪੰਜਾਬ ਦੀ ਸਰਜ਼ਮੀਨ ‘ਤੇ ਗੱਡ ਦਿੱਤੇ। ਹੁਣ ਇਹ ਕੰਮ ਆਉਣ ਵਾਲੀ ਪਨੀਰੀ ਦਾ ਹੈ, ਜੋ ਸੰਤ ਜਰਨੈਲ ਸਿੰਘ ਵਿਚਲੇ ਦਿਸਦੇ ਅਤੇ ਅਣਦਿਸਦੇ ਪੱਖਾਂ ਨੂੰ ਕੌਮ ਸਾਹਮਣੇ ਪੇਸ਼ ਕਰੇ, ਕਿਉਂਕਿ ਉਹ ਸਿੱਖਾਂ ਦੀ ਧਾਰਮਿਕ, ਇਤਿਹਾਸਕ ਅਤੇ ਰਾਜਸੀ ਸ਼ਾਨ ਅਤੇ ਸਵੈਮਾਣ ਦੀ ਮੁੜ ਬਹਾਲੀ ਦਾ ਇਤਿਹਾਸਕ ਪ੍ਰਤੀਕ ਸੀ।