ਅਰੁੰਧਤੀ ਦੀ ਰਾਏ

ਕੀਰਤ ਕਾਸ਼ਣੀ
ਮਸ਼ਹੂਰ ਲਿਖਾਰੀ ਅਤੇ ਨਾਬਰ ਕਾਰਕੁਨ ਅਰੁੰਧਤੀ ਰਾਏ ਦੇ ਨਵੇਂ ਨਾਵਲ ‘ਦਿ ਮਿਨਿਸਟਰੀ ਆਫ ਅਟਮੋਸਟ ਹੈਪੀਨੈੱਸ’ ਦੀ ਆਮਦ ਦੇ ਨਾਲ ਹੀ ਉਸ ਦੇ ਵਿਚਾਰਾਂ ਅਤੇ ਰਾਵਾਂ ਬਾਰੇ ਚਰਚਾ ਇਕ ਵਾਰ ਫਿਰ ਛਿੜ ਪਈ ਹੈ। ਇਹ ਨਾਵਲ 20 ਵਰ੍ਹਿਆਂ ਪਿਛੋਂ ਆਇਆ ਹੈ। ਉਸ ਦਾ ਪਹਿਲਾ ਨਾਵਲ ‘ਦਿ ਗੌਡ ਆਫ ਸਮਾਲ ਥਿੰਗਜ਼’ 1997 ਵਿਚ ਛਪਿਆ ਸੀ ਅਤੇ ਇਸ ਨੂੰ ਵੱਕਾਰੀ ‘ਮੈਨ ਬੁੱਕਰ ਪੁਰਸਕਾਰ’ ਮਿਲਣ ਕਾਰਨ ਅਰੁੰਧਤੀ ਰਾਏ ਰਾਤੋ-ਰਾਤ ਸਟਾਰ ਲਿਖਾਰੀ ਬਣ ਗਈ ਸੀ।

ਇਸ ਨਾਵਲ ਦੀ ਖਾਸੀਅਤ ਇਸ ਵਿਚਲਾ ਸੰਘਣਾ ਬਿਰਤਾਂਤ ਅਤੇ ਭਾਸ਼ਾ ਉਤੇ ਕਮਾਲ ਦੀ ਪਕੜ ਸੀ। ਸਿੱਟੇ ਵਜੋਂ ਇਹ ਨਾਵਲ ਭਾਰਤੀ ਭਾਸ਼ਾਵਾਂ ਤੋਂ ਇਲਾਵਾ ਸੰਸਾਰ ਦੀਆਂ ਕਈ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਹੋਇਆ। ਸੰਸਾਰ ਭਰ ਵਿਚ ਇਸ ਬਾਰੇ ਵੱਡੀ ਪੱਧਰ ‘ਤੇ ਚਰਚਾ ਹੋਈ। ਰਵਾਇਤੀ ਖੱਬੇਪੱਖੀਆਂ ਬਾਰੇ ਟਿੱਪਣੀਆਂ ਤਾਂ ਭਾਰਤ ਵਿਚ ਕੁਝ ਜ਼ਿਆਦਾ ਹੀ ਚਰਚਿਤ ਹੋਈਆਂ ਸਨ।
ਅਰੁੰਧਤੀ ਦੇ ਨਵੇਂ ਨਾਵਲ ਦੀ ਉਡੀਕ ਬੜੀ ਬੇਸਬਰੀ ਨਾਲ ਕੀਤੀ ਜਾ ਰਹੀ ਸੀ। ਅਜਿਹਾ ਨਹੀਂ ਕਿ ਅਰੁੰਧਤੀ ਰਾਏ ਇੰਨੇ ਵਰ੍ਹੇ ਖਾਮੋਸ਼ ਬੈਠੀ ਰਹੀ, ਉਸ ਦੀਆਂ ਵਾਰਤਕ ਦੀਆਂ ਕਈ ਕਿਤਾਬਾਂ ਪ੍ਰਕਾਸ਼ਤ ਹੋਈਆਂ ਅਤੇ ਇਹ ਕਿਤਾਬਾਂ ਵੀ ਕੋਈ ਆਮ ਕਿਤਾਬਾਂ ਨਹੀਂ ਸਨ; ਸਗੋਂ ਇਨ੍ਹਾਂ ਵਿਚ ਲੋਕਾਂ ਨਾਲ ਜੁੜੇ ਵੱਖ-ਵੱਖ ਮੁੱਦੇ ਬਹੁਤ ਜ਼ੋਰਦਾਰ ਢੰਗ ਨਾਲ ਉਠਾਏ ਗਏ ਹਨ। ਇਨ੍ਹਾਂ ਮੁੱਦਿਆਂ ਵਿਚ ਕਸ਼ਮੀਰ ਦੀ ਆਜ਼ਾਦੀ, ਭਾਰਤ ਦੀਆਂ ਆਰਥਿਕ ਨੀਤੀਆਂ, ਨਰੇਂਦਰ ਮੋਦੀ ਦੀ ਤਾਜਪੋਸ਼ੀ ਅਤੇ ਲੋਕਾਂ ਨਾਲ ਜੁੜੇ ਹੋਰ ਅਹਿਮ ਮੁੱਦੇ ਸ਼ਾਮਲ ਹਨ।
ਦਰਅਸਲ ਇਹੀ ਉਹ ਮੁੱਦੇ ਹਨ ਜਿਹੜੇ ਹੁਣ ਇਕ ਇਕ ਕਰ ਕੇ ਬਹੁਤ ਖੂਬਸੂਰਤ ਢੰਗ ਨਾਲ ਅਛੋਪਲੇ ਜਿਹੇ ‘ਦਿ ਮਿਨਿਸਟਰੀ ਆਫ ਅਟਮੋਸਟ ਹੈਪੀਨੈੱਸ’ ਦੇ ਬਿਰਤਾਂਤ ਦਾ ਹਿੱਸਾ ਬਣ ਗਏ ਹਨ। ਇਸ ਬਿਰਤਾਂਤ ਨੂੰ ਉਸ ਨੇ ਆਪਣੀ ਭਾਸ਼ਾਈ ਪਕੜ ਨਾਲ ਇਕ ਵਾਰ ਫਿਰ ਸੋਨੇ ‘ਤੇ ਸੁਹਾਗਾ ਵਾਂਗ ਬਣਾ ਦਿੱਤਾ।
ਇਸ ਨਾਵਲ ਦੀ ਨਾਇਕਾ ਅੰਜਮ ਹੈ ਜਿਹੜੀ ਦਿੱਲੀ ਵਿਚ ਵਸਦੀ ਹੈ। ਭਾਰਤ ਦੀ ਸੱਤਾ ਦੇ ਕੇਂਦਰ ‘ਦਿੱਲੀ’ ਵਿਚ ਵੱਸਦੇ ਸੱਤਾਹੀਣ ਲੋਕਾਂ ਉਤੇ ਨਿਤ ਦਿਨ ਕੀ ਬੀਤਦੀ ਹੈ, ਇਸ ਦਾ ਨਕਸ਼ਾ ਅਰੁੰਧਤੀ ਰਾਏ ਨੇ ਅੰਜਮ ਰਾਹੀਂ ਬਹੁਤ ਮਾਰਮਿਕ ਢੰਗ ਨਾਲ ਖਿੱਚਿਆ ਹੈ। ਇਕ ਮੋੜ ‘ਤੇ ਆ ਕੇ ਤਾਂ ਜਿਉਂਦੇ ਅਤੇ ਮ੍ਰਿਤਕ ਬੰਦਿਆਂ ਵਿਚਕਾਰ ਫ਼ਰਕ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ!
ਨਾਵਲ ਦੀ ਕਹਾਣੀ ਤਕਰੀਬਨ 50 ਵਰ੍ਹਿਆਂ ਤੱਕ ਫੈਲੀ ਹੋਈ ਹੈ। ਕਹਾਣੀ ਅਗਾਂਹ ਤੋਰਨ ਲਈ ਨਾਵਲ ਵਿਚ ਇਕ ਹੋਰ ਔਰਤ ਜੋ ਆਰਕੀਟੈਕਟ ਹੈ, ਦੀ ਕਹਾਣੀ ਨਾਲੋ-ਨਾਲ ਚੱਲੀ ਜਾਂਦੀ ਹੈ। ਦਰਅਸਲ ਸਮੁੱਚੇ ਨਾਵਲ ਦੀਆਂ ਤੰਦਾਂ ਇਸ ਔਰਤ ਨਾਲ ਹੀ ਜੁੜੀਆਂ ਹੋਈਆਂ ਹਨ ਅਤੇ ਇਕ ਇਕ ਕਰ ਕੇ ਸਾਰੀਆਂ ਪਰਤਾਂ ਉਧੜਦੀਆਂ ਜਾਂਦੀਆਂ ਹਨ। ਕਹਾਣੀ ਦੇ ਤਣਾਅ ਅਤੇ ਕਸਾਅ ਨੂੰ ਥੋੜ੍ਹਾ ਰਵਾਂ ਕਰਨ ਲਈ ਮੁਹੱਬਤ ਵੀ ਤਰੌਂਕੀ ਗਈ ਹੈ, ਪਰ ਇਹ ਕਹਾਣੀ ਇਕ ਕਸ਼ਮੀਰੀ ਜਹਾਦੀ ਨਾਲ ਜੁੜਨ ਕਰ ਕੇ ਚਿਣਗਾਂ ਛੱਡਦੀ ਜਾਪਦੀ ਹੈ। ਇਹ ਔਰਤ ਬਹੁਤ ਸਾਰੀਆਂ ਸ਼ੈਆਂ ਨੂੰ ਆਪਣੇ ਨਾਲੋਂ ਰਤਾ ਕੁ ਵਿਥ ‘ਤੇ ਰੱਖ ਕੇ ਦੇਖਦੀ-ਪਰਖਦੀ ਹੈ। ਸਿੱਟੇ ਵਜੋਂ ਤਣਾਅ ਦੀਆਂ ਤੰਦਾਂ ਕਦੇ ਢਿੱਲੀਆਂ ਅਤੇ ਬਹੁਤ ਵਾਰ ਐਨ ਕੱਸੀਆਂ ਜਾਂਦੀਆਂ ਹਨ। ਕਸ਼ਮੀਰ ਬਾਰੇ ਬਿਰਤਾਂਤ ਧਿਆਨ ਖਿੱਚਦਾ ਹੈ।
ਨਾਵਲ ਵਿਚ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਦੇ ਨਾਲ-ਨਾਲ ਦੰਗਿਆਂ ਦੀ ਸਿਆਸਤ ਬਾਰੇ ਵੀ ਵੇਰਵੇ ਪਰੋਏ ਹੋਏ ਹਨ। ਵੇਸਵਾਗਿਰੀ ਨਾਲ ਜੁੜੀ ਔਰਤ ਦੀ ਟਿੱਪਣੀ ਦੇਖੋ: ‘ਆਮ’ ਆਦਮੀ ਤਾਂ ਮਹਿੰਗਾਈ, ਬੱਚਿਆਂ ਦੇ ਸਕੂਲ ਦਾਖ਼ਲਿਆਂ, ਪਤੀਆਂ ਹੱਥੋਂ ਕੁੱਟਮਾਰ, ਤੀਵੀਆਂ ਦੇ ਧੋਖੇ, ਹਿੰਦੂ-ਮੁਸਲਿਮ ਦੰਗੇ, ਹਿੰਦ-ਪਾਕਿ ਜੰਗ ਬਾਰੇ ਫ਼ਿਕਰਾਂ ਵਿਚ ਪਿਆ ਰਹਿੰਦਾ ਹੈ, ਪਰ ਇਹ ਸਭ ਤਾਂ ਸਾਡੇ ਅੰਦਰ ਵਾਪਰਦਾ ਹੈ। ਦੰਗੇ ਸਾਡੇ ਅੰਦਰ ਪਏ ਹਨ। ਜੰਗ ਸਾਡੇ ਅੰਦਰ ਪੁੜੀ ਹੋਈ ਹੈ। ਭਾਰਤ ਤੇ ਪਾਕਿਸਤਾਨ ਸਾਡੇ ਅੰਦਰ ਉਸਰੇ ਹੋਏ ਹਨ। ਇਹ ਕਹਾਣੀ ਕਦੇ ਮੁੱਕਦੀ ਹੀ ਨਹੀਂ।æææ
ਅਜਿਹੇ ਵੇਰਵਿਆਂ ਨਾਲ ਨਾਵਲ ਭਰਿਆ ਪਿਆ ਹੈ ਅਤੇ ਪਾਠਕ ਨੂੰ ਸੋਚਣ ਲਈ ਮਜਬੂਰ ਕਰਦਾ ਹੈ। ਅਰੁੰਧਤੀ ਰਾਏ ਕੋਲ ਅਜਿਹੀਆਂ ਭਾਰੀਆਂ-ਗੌਰੀਆਂ ਗੱਲਾਂ ਵੀ ਬਹੁਤ ਸਹਿਜ ਤੇ ਸਲੀਕੇ ਨਾਲ ਸੁਣਾਉਣ ਦੀ ਕਲਾ ਹੈ। ਇਹ ਕਲਾ ਉਸ ਨੇ ਕੋਈ ਇਕ ਦਿਨ ਵਿਚ ਹਾਸਲ ਨਹੀਂ ਕੀਤੀ, ਸਗੋਂ ਜ਼ਿੰਦਗੀ ਦੀਆਂ ਜ਼ਿਦਾਂ ਨਾਲ ਖਹਿ ਖਹਿ ਕੇ ਕਮਾਈ ਹੋਈ ਹੈ।
24 ਨਵੰਬਰ 1961 ਨੂੰ ਜਨਮੀ ਦਾ ਪਿਓ ਰਾਜੀਬ ਰਾਏ ਬੰਗਾਲੀ ਹਿੰਦੂ ਸੀ ਅਤੇ ਮਾਂ ਮੈਰੀ ਰਾਏ ਮਲਿਆਲੀ-ਸੀਰੀਆਈ ਇਸਾਈ ਔਰਤ ਸੀ। ਅਰੁੰਧਤੀ ਦੋ ਵਰ੍ਹਿਆਂ ਦੀ ਸੀ ਜਦੋਂ ਉਸ ਦੇ ਮਾਪਿਆਂ ਵਿਚਕਾਰ ਤਲਾਕ ਹੋ ਗਿਆ। ਅਰੁੰਧਤੀ ਨੂੰ ਉਸ ਦੇ ਨਾਨਾ-ਨਾਨੀ ਨੇ ਹੀ ਪਾਲਿਆ ਅਤੇ ਪੜ੍ਹਾਇਆ।
_______________________________________________
ਸ਼ਬਦ ਅਤੇ ਕਰਮ ਦੀ ਜੁਗਲਬੰਦੀ
ਅਰੁੰਧਤੀ ਰਾਏ ਦੀ ਭਾਸ਼ਾ ਅਤੇ ਮੁੱਦਿਆਂ ਉਤੇ ਪਕੜ ਦੀ ਹਰ ਅਲੋਚਕ ਅਤੇ ਪਾਠਕ ਨੇ ਸ਼ਲਾਘਾ ਕੀਤੀ ਹੈ। ਸ਼ਬਦਾਂ ਦੀ ਲੜੀ ਅਤੇ ਮੁੱਦਿਆਂ ਦੀ ਜੁਗਲਬੰਦੀ ਨਾਲ ਉਹ ਅਜਿਹਾ ਬਿਰਤਾਂਤ ਸਿਰਜਦੀ ਹੈ ਕਿ ਪਾਠਕ ਅਸ਼ ਅਸ਼ ਕਰ ਉਠਦਾ ਹੈ। ਉਸ ਦਾ ਇਹ ਬਿਰਤਾਂਤ ਖੁਦ ਦਾ ਸਿਰਜਿਆ ਹੋਇਆ ਹੈ। ਇਸ ਬਿਰਤਾਂਤ ਦਾ ਸੰਘਣਾਪਣ ਉਸ ਦੀ ਲਿਖਤ ਦੇ ਸੇਕ ਨੂੰ ਦੂਣ-ਸਵਾਇਆ ਕਰ ਦਿੰਦਾ ਹੈ। ਉਸ ਨੇ ਇਹ ਸਾਰਾ ਕੁਝ ਜ਼ਿੰਦਗੀ ਦੇ ਪਿੜ ਅੰਦਰ ਜੂਝਦਿਆਂ ਹਾਸਲ ਕੀਤਾ ਹੈ, ਇਸੇ ਕਰ ਕੇ ਉਸ ਦੇ ਬਿਰਤਾਂਤ ਵਿਚ ਲੋਹੜੇ ਦੀ ਇਕਾਗਰਤਾ ਅਤੇ ਵੱਖ ਵੱਖ ਚੀਜ਼ਾਂ ਨੂੰ ਸਮਝਣ ਦੀ ਸਮਰੱਥਾ ਹੈ। ਉਹ ਵਕਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਸਿੱਧਾ ਝਾਕਦੀ ਹੈ। ਇਹੀ ਗੱਲ ਪਾਠਕ ਨੂੰ ਉਹਦੇ ਲਈ ਮੁਹੱਬਤਾਂ ਦੇ ਚਸ਼ਮੇ ਖੋਲ੍ਹ ਦਿੰਦੀ ਹੈ। ਬੱਸ! ਇਸ ਨੂੰ ਹੀ ਉਹ ਆਪਣੀ ਅਸਲ ਕਮਾਈ ਆਖਦੀ ਹੈ।