ਸੂਰਜ ਵੱਲ ਦੇਖਦਾ ਆਦਮੀ

ਜ਼ਿੰਦਗੀ ਪਹਾੜੀ ਦਰਿਆ ਹੈ, ਜਿਸ ਵਿਚ ਉਤਰਾ-ਚੜ੍ਹਾਅ ਆਉਂਦੇ ਰਹਿੰਦੇ ਹਨ। ਕਹਿੰਦੇ ਨੇ, ਮਰਦ ਉਹੋ ਹੈ ਜੋ ਉਤਰਾ-ਚੜ੍ਹਾਅ ਦੀ ਪਰਵਾਹ ਕੀਤੇ ਬਿਨਾ ਅਡੋਲ ਆਪਣੀ ਚਾਲੇ ਚਲਿਆ ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਆਸ਼ਾ-ਨਿਰਾਸ਼ਾ ਦੇ ਦੌਰ ਦੀ ਪਰਵਾਹ ਕੀਤੇ ਬਿਨਾ ਹਮੇਸ਼ਾ ਜ਼ਿੰਦਗੀ ਦੇ ਹਾਂਦਰੂ ਪੱਖ ਵੇਖਦਿਆਂ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਬੱਸ ਇਹੋ ਕਹਾਣੀ ਹੈ, ਸੁਰਿੰਦਰ ਸੋਹਲ ਦੀ ਇਸ ਕਹਾਣੀ ਦੇ ਨਾਇਕ ਪ੍ਰਕਾਸ਼ ਦੀ।

-ਸੰਪਾਦਕ

ਸੁਰਿੰਦਰ ਸੋਹਲ
ਈਸਟ ਰਿਵਰ ਦਾ ਪਾਣੀ, ਗੂੜ੍ਹੇ ਹਰੇ ਮੂੰਗੇ ਦਾ ਲਿਸ਼ਕਾਰਾ। ਰਿਵਰ ਤੋਂ ਪਾਰ ਸ਼ਹਿਰ ਜਿਵੇਂ ਸਾਰੇ ਦਾ ਸਾਰਾ ਹੀ ਸ਼ੀਸ਼ੇ ਦਾ ਬਣਿਆ ਹੋਵੇ। ਸ਼ੀਸ਼ੇ ਨੂੰ ਚੁੰਮ ਕੇ ਵਾਪਸ ਮੁੜਦੀਆਂ ਸੂਰਜ ਦੀਆਂ ਕਿਰਨਾਂ ਇਲਾਹੀ ਜਲੌਅ ਵਿਚ ਆਈਆਂ ਜਾਪਦੀਆਂ। ਲਹਿਰਾਂ ਦੇ ਸਿਆੜ ਆਪਣੇ ਤਰਲ ਸੁਭਾਅ ਮੁਤਾਬਿਕ ਨਿੱਕੇ ਨਿੱਕੇ ਡਿੱਕੇ-ਡੋਲੇ ਖਾਂਦੇ ਮਨ ਦੀ ਮੌਜ ਦਾ ਝਾਉਲਾ ਪਾ ਰਹੇ ਸਨ। ਹਵਾ ਵਿਚ ਲਟਕਦਾ ਕੁਈਨਜ਼ ਬ੍ਰਿਜ ਪੀਂਘ ਵਰਗਾ ਲੱਗਦਾ ਸੀ, ਜਿਸ ‘ਤੇ ਜਾਂਦੀਆਂ ਕਾਰਾਂ ਜਿਵੇਂ ਆਪ ਹਵਾ ਵਿਚ ਝੂਟੇ ਲੈ ਰਹੀਆਂ ਹੋਣ। ਕੁਈਨਜ਼ ਪਲਾਜ਼ਾ ਪਾਰਕ ਵਿਚ ਹਰੇਕ ਦਰਖਤ ਹੀ ਵੱਖਰੇ ਸੁਭਾਅ ਦੇ ਫੁੱਲਾਂ ਨਾਲ ਲੱਦਿਆ ਹੋਇਆ ਸੀ, ਜਿਵੇਂ ਕੁਦਰਤ ਦੀ ਦੁਲਹਨ ਨੇ ਅਜੇ ਤਾਜ਼ਾ ਤਾਜ਼ਾ ਹੀ ਜੋੜਾ-ਜਾਮਾ ਪਾਇਆ ਹੋਵੇ। ਉਚੀਆਂ ਹੰਕਾਰੀਆਂ ਇਮਾਰਤਾਂ, ਪੱਕੀਆਂ ਸਖਤ ਸੜਕਾਂ, ਖੁਸ਼ਕ ਅਤੇ ਚੁੱਪ-ਗੜੁੱਪ ਸੁਭਾਅ ਦੇ ਲੋਕਾਂ ਕਰਕੇ ਮਸ਼ਹੂਰ ਇਸ ਸ਼ਹਿਰ ਦੇ ਇਸ ਸੁਹਜ ਭਰੇ ਦ੍ਰਿਸ਼ ਵੱਲ ਪਹਿਲਾਂ ਕਦੇ ਧਿਆਨ ਹੀ ਨਹੀਂ ਸੀ ਗਿਆ। ਈਸਟ ਰਿਵਰ ਦੇ ਕਿਨਾਰੇ ਬਣੀ ਪੱਕੀ ਪਟੜੀ ਦੇ ਨਾਲ ਫੁੱਲਾਂ ਲੱਦੀਆਂ ਝਾੜੀਆਂ ਨਿਗਾਹ ਦੇ ਪੰਛੀ ਨੂੰ ਫਾਹੁਣ ਦੀ ਗੈਬੀ ਤਾਕਤ ਰੱਖਦੀਆਂ ਸਨ। ਕੁਝ ਦਰਖਤ ਫੁੱਲਾਂ ਨਾਲ ਲੱਦੇ ਰਿਵਰ ਵਿਚ ਇੰਜ ਝੁਕੇ ਹੋਏ ਸਨ, ਜਿਵੇਂ ਪਾਣੀ ਨੂੰ ਨਤਮਸਤਕ ਹੋ ਰਹੇ ਹੋਣ।
ਜਿਧਰ ਲੋਕ ਜਾ ਰਹੇ ਸਨ, ਉਧਰੋਂ ਇਕਦਮ ਸੰਗੀਤ ਦਾ ਫੁਹਾਰਾ ਫੁੱਟਿਆ। ਹਵਾ ਵਿਚ ਤੈਰਦੀਆਂ ਸੁਰਾਂ ਦੀਆਂ ਲਹਿਰਾਂ ਮੇਰੇ ਕੰਨਾਂ ਵਿਚ ਉਸੇ ਤਰ੍ਹਾਂ ਆਣ ਵੜੀਆਂ ਜਿਵੇਂ ਰਿਵਰ ਦੇ ਗੂੜ੍ਹੇ ਮੂੰਗੇ ਰੰਗੇ ਪਾਣੀ ‘ਤੇ ਲਹਿਰਾਂ ਦੇ ਸਿਆੜ ਡਿੱਕੇ-ਡੋਲੇ ਖਾ ਰਹੇ ਸਨ।
ਮੇਰੀ ਗੱਡੀ ਦੀ ਇੰਸਪੈਕਸ਼ਨ ਸੀ। ਮਕੈਨਿਕ ਨੇ ਕਿਹਾ ਸੀ, “ਭਾਈ ਜਾਨ, ਦੋ ਘੰਟੇ ਲੱਗ ਜਾਣੇ ਆਂ। ਤੁਸੀਂ ਬੁਰਾ ਨਾ ਮਨਾਓ ਤਾਂ ਆਹ ਕੁਈਨਜ਼ ਪਲਾਜ਼ਾ ਪਾਰਕ ਵਿਚ ਆਲਮ ਲੁਹਾਰ ਦੇ ਮੁੰਡੇ ਦਾ ਪ੍ਰੋਗਰਾਮ ਹੋਣੈ ਘੜੀ ਕੁ ਨੂੰ ਸ਼ੁਰੂ, ਓਹ ਦੇਖ ਆਓ। ਤੁਹਾਡਾ ਫਨ ਵੀ ਹੋ ਜਾਊ ਤੇ ਕੰਮ ਵੀ।”
ਮੈਂ ਸੋਚਿਆ, ਨਾਲੇ ਅੱਜ ਸੈਰ ਵੀ ਨਈਂ ਕਰ ਹੋਈ ਦੋਵੇਂ ਕੰਮ ਹੀ ਹੋ ਜਾਣਗੇ।
ਢੋਲ ਇੰਜ ਗੜ੍ਹਕਿਆ, ਜਿਵੇਂ ਅਸਮਾਨ ਛੂੰਹਦੀ ਪਹਾੜੀ ਤੋਂ ਕੋਈ ਬਹੁਤ ਭਾਰਾ ਪੱਥਰ ਰਿੜ੍ਹਦਾ ਰਿੜ੍ਹਦਾ ਆਇਆ ਹੋਵੇ।
ਭੀੜ ਕਾਫੀ ਸੀ। ਗਰਮੀਆਂ ਦਾ ਖੁੱਲ੍ਹਾ-ਡੁੱਲ੍ਹਾ ਦਿਨ। ਆਰਿਫ ਲੁਹਾਰ, ਤੇ ਉਤੋਂ ਮੁਫਤ ਦਾ ਸ਼ੋਅ। ਬੱਚੇ, ਔਰਤਾਂ, ਬਜ਼ੁਰਗ, ਨੌਜਵਾਨ ਆਵਾਜ਼ ਦੀ ਘੁੰਮਣ-ਘੇਰੀ ਵੱਲ ਰੰਗ-ਬਰੰਗੀ ਝੱਗ ਵਾਂਗ ਇਕੱਠੇ ਹੁੰਦੇ ਜਾ ਰਹੇ ਸਨ। ਧੁੱਪ ਤਿੱਖੀ ਸੀ। ਪਾਰਕ ਵਿਚ ਹਲਕੀ ਹਲਕੀ ਧੂੜ ਦੇ ਕਣ ਵੀ ਮੈਨੂੰ ਨਸ਼ਿਆਏ ਹੋਏ ਹੀ ਜਾਪੇ। ਆਰਿਫ ਲੁਹਾਰ ਦਾ ਚਿਮਟਾ ਹਵਾ ਦੇ ਸਮੁੰਦਰ ਵਿਚ ਲਹਿਰਾਂ ਵਾਂਗ ਲਹਿਰਾਉਂਦਾ ਜਾਪਿਆ। ਖੁੱਲ੍ਹੇ ਵਾਲ, ਜਿਵੇਂ ਸਾਰਾ ਫਿਕਰ-ਫਾਕਾ ਕਿਤੇ ਛੰਡ ਆਇਆ ਹੋਵੇ।
“ਵਾਜਾਂ ਮਾਰੀਆਂ ਸੁਣਾ ਦੇਵੇ ਨਾ ਮਜਾ ਈ ਆ ਜਾਏ।”
ਮੈਂ ਸਿਰ ਘੁੰਮਾਇਆ। ਦਰਮਿਆਨਾ ਕਦ। ਅਣਵਾਹੇ ਚਿਤਕਬਰੇ ਵਾਲ। ਸੁੱਕੇ ਘਾਹ ਵਰਗੀ ਘਸਮੈਲੀ ਜਿਹੀ ਦਾਹੜੀ। ਕਮੀਜ਼ ਸਲੀਆਂ ਨਾਲ ਸੀਤੀ ਲੱਗਦੀ ਸੀ ਅਤੇ ਪੈਂਟ ਜਿਵੇਂ ਕਰੀਜ਼ਾਂ ਦੀ ਬਣੀ ਹੋਈ ਹੋਵੇ, ਜਿਸ ਤਰ੍ਹਾਂ ਹੁਣੇ ਬਿਸਤਰੇ ਵਿਚੋਂ ਉਠ ਕੇ ਆਇਆ ਹੋਵੇ। ਜਦੋਂ ਸਾਡੀਆਂ ਨਜ਼ਰਾਂ ਮਿਲੀਆਂ ਤਾਂ ਉਸ ਨੇ ਗੱਲ ਅਗਾਂਹ ਤੋਰੀ, “ਭਾਅ ਬੜੀ ਖਿੱਚ ਪਾਉਂਦਾ ਗੀਤ ਦਿਲ ਨੂੰ।”
ਮੈਂ ਸਿਰਫ ਮੁਸਕਰਾਇਆ। ਆਰਿਫ ਲੁਹਾਰ ਦਾ ਵਲ ਖਾਂਦਾ ਚਿਮਟਾ, ਮੇਰਾ ਧਿਆਨ, ਵਾਰ ਵਾਰ ਧੂਹ ਕੇ ਸਟੇਜ ‘ਤੇ ਲੈ ਜਾਂਦਾ।
“ਭਾਅ ਤੂੰ ਵੀ ਸੁਣਿਆ ਹੋਣੈਂ?” ਮੈਨੂੰ ਜਾਪਿਆ ਜਿਵੇਂ ਉਹ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਹੋਵੇ, ਪਰ ਉਸ ਦਾ ਹੁਲੀਆ ਸਾਡੇ ਵਿਚਾਲੇ ਕੰਧ ਬਣਿਆ ਜਾਪਦਾ।
“ਬੜੀ ਵਾਰੀ।”
“ਏਥੇ ਇਕ ਤਾਂ ਧੁੱਪ ਸਿੱਧੀ ਪੈਂਦੀ ਐ, ਦੂਜਾ ਚੱਜ ਨਾਲ ਦਿਸਦਾ ਨਈਂ। ਭਾਅ ਓਸ ਰੁੱਖ ਥੱਲੇ ਨਾ ਚੱਲੀਏ?” ਉਸ ਨੇ ਧੌਣ ਦਾ ਪਟਾਕਾ ਪਾਉਂਦੇ ਹੋਏ, ਚਿੱਟੇ ਫੁੱਲਾਂ ਲੱਦੇ ਰੁੱਖ ਵੱਲ ਇਸ਼ਾਰਾ ਕਰਕੇ ਕਿਹਾ। ਬੋਲਾਂ ਵਿਚ ਏਨੀ ਅਪਣੱਤ, ਜਿਵੇਂ ਮੈਨੂੰ ਚਿਰਾਂ ਦਾ ਜਾਣਦਾ ਹੋਵੇ। ਉਹ ਖੜ੍ਹਾ ਜਿਵੇਂ ਮੇਰਾ ਇੰਤਜ਼ਾਰ ਕਰਦਾ ਰਿਹਾ। ਮੈਂ ਅਣਮੰਨੇ ਮਨ ਨਾਲ ਕਦਮ ਪੁੱਟਿਆ ਤਾਂ ਉਹ ਕਾਹਲੀ ਕਾਹਲੀ ਚਿੱਟੇ ਫੁੱਲਾਂ ਦੀ ਛਤਰੀ ਵਾਲੇ ਰੁੱਖ ਵੱਲ ਤੁਰ ਪਿਆ।
ਏਨੀ ਦੇਰ ਨੂੰ ਸਪੀਕਰ ਵਿਚੋਂ “ਵਾਜਾਂ ਮਾਰੀਆਂ, ਬੁਲਾਇਆ ਕਈ ਵਾਰ ਮੈਂ, ਕਿਸੇ ਨੇ ਮੇਰੀ ਗੱਲ ਨਾ ਸੁਣੀ” ਗੀਤ ਸਾਡੇ ਕੰਨਾਂ ਦੁਆਲੇ ਗੇੜੀਆਂ ਖਾਣ ਲੱਗ ਪਿਆ।
ਉਸ ਆਦਮੀ ਦਾ ਚਿਹਰਾ ਜਿਵੇਂ ਸੂਰਜ ਵਾਂਗ ਲਿਸ਼ਕਣ ਲੱਗ ਪਿਆ, “ਭਾਅ ਜਦੋਂ ਆਲਮ ਲੁਹਾਰ ਦੀ ਲੱਤ ਟੁੱਟੀ ਸੀ, ਉਦੋਂ ਓਨ੍ਹੇ ਗੀਤ ਲਿਖਿਆ ਸੀ।”
ਮੈਂ ਇਹ ਗੱਲ ਸੁਣੀ ਹੋਈ ਸੀ, ਪਰ ਉਸ ਦੇ ਗੱਲ ਦੱਸਣ ਦੇ ਉਮਾਹ ਦਾ ਮਾਣ ਰੱਖਦਿਆਂ ਕਿਹਾ, “ਅੱਛਾ?”
“ਹਾਂ ਭਾਅ, ਜਦੋਂ ਉਦ੍ਹੀ ਲੱਤ ਟੁੱਟੀ ਸੀ, ਸਾਰੇ ਯਾਰ ਬੇਲੀ ਉਹਨੂੰ ਛੱਡ ਗਏ। ਉਹ ਟੁੱਟੀ ਲੱਤ ਦਾ ਵਾਸਤਾ ਪਾਉਂਦਾ ਰਿਹਾ, ਪਰ ਕਿਸੇ ਨੇ ਉਹਦੀ ਨਾ ਸੁਣੀ। ਕਈ ਕਹਿੰਦੇ, ਉਹ ਨਰਸਾਂ ਨੂੰ ਵਾਜਾਂ ਮਾਰਦਾ ਸੀ, ਉਦੋਂ ਓਨ੍ਹੇ ਲਿਖਿਆ ਸੀ ਇਹ ਗੀਤ।” ਉਸ ਦੇ ਬੋਲਾਂ ਵਿਚ ਇਵੇਂ ਦਾ ਉਤਸ਼ਾਹ ਸੀ, ਜਿਵੇਂ ਦਾ ਕਿਸੇ ਦੇ ਗਿਆਨ ਵਿਚ ਵਾਧਾ ਕਰਨ ਦੇ ਭਰਮ ਨਾਲ ਸਾਡੇ ਵਿਚ ਮੱਲੋ-ਮੱਲੀ ਆ ਜਾਂਦਾ ਹੈ। ਫਿਰ ਉਹ ਆਪ ਵੀ ਆਰਿਫ ਲੁਹਾਰ ਦੀ ਆਵਾਜ਼ ਵਿਚ ਆਪਣੀ ਆਵਾਜ਼ ਰਲਾ ਕੇ ਹੌਲੀ ਹੌਲੀ ਗੁਣਗਣਾਉਣ ਲੱਗ ਪਿਆ।
“ਭਾਅ ਕੀ ਕੰਮ ਕਰਦੈਂ?” ਗੀਤ ਮੁੱਕਿਆ ਤਾਂ ਉਸ ਨੇ ਪੁੱਛਿਆ।
“ਟੈਕਸੀ।” ਮੈਂ ਜਵਾਬ ਦਿੱਤਾ।
“ਅੱਜ ਛੁੱਟੀ?”
“ਨਈਂ। ਇੰਸਪੈਕਸ਼ਨ ਸੀ, ਗੱਡੀ ਦਾ ਕੰਮ ਹੋਣ ਵਾਲਾ ਸੀ। ਨਾਲੇ ਸ਼ਨਿਚਰਵਾਰ ਐ। ਕੰਮ ਅਜੇ ਕਿਹੜਾ ਸ਼ੁਰੂ ਹੋਇਆ ਹੋਣਾ।” ਉਸ ਦੀ ਆਵਾਜ਼ ਵਿਚ ਕੁਝ ਸੀ, ਜਿਸ ਨੇ ਮੈਨੂੰ ਗੱਲੀਂ ਲਾ ਲਿਆ ਸੀ।
“ਨਾ ਭਾਅ। ਅੱਜ ਤਾਂ ਕੰਮ ਈ ਬਹੁਤ ਹੋਣੈ। ਦੇਖ ਸੂਰਜ ਕਿੱਥੇ ਆ ਗਿਐ। ਹੁਣ ਤਾਂ ਸਵਾਰੀਆਂ ਹਰਲ ਹਰਲ ਕਰਦੀਆਂ ਫਿਰਦੀਆਂ ਹੋਣੀਆਂ ਸ਼ਹਿਰ।” ਉਸ ਨੇ ਅੱਖਾਂ ਇੰਜ ਫੈਲਾਈਆਂ, ਜਿਵੇਂ ‘ਹਰਲ ਹਰਲ’ ਕਰਦੀਆਂ ਸਵਾਰੀਆਂ ਨਜ਼ਰ ਆ ਰਹੀਆਂ ਹੋਣ। ਉਸ ਨੇ ਫਿਰ ਗੱਲ ਤੋਰੀ, “ਜਿੰਨੇ ਲੋਕ ਆਹ ਮੇਲਾ ਦੇਖਣ ਆਏ ਐ, ਇਨ੍ਹਾਂ ‘ਚੋਂ ਅੱਧੇ ਤਾਂ ਟੈਕਸੀਆਂ ਆਲੇ ਆ। ਔਹ ਦੇਖ ਜਿਨ੍ਹਾਂ ਦੇ ਸੱਜੇ ਪੈਰ ਦੀ ਅੱਡੀ ਘਸੀ ਹੋਈ ਐ, ਸਾਰੇ ਟੈਕਸੀਆਂ ਆਲੇ ਆ। ‘ਬਰੇਕ ਗੈਸ’ ‘ਬਰੇਕ ਗੈਸ’ ਦਾ ਪੈਡਲ ਦੱਬਦਿਆਂ ਘਸੀ ਜੁੱਤੀ ਦੀ ਅੱਡੀ ਇਨ੍ਹਾਂ ਦੀ ਪੱਕੀ ਨਿਸ਼ਾਨੀ ਐ।”
ਮੈਨੂੰ ਘਸੀਆਂ ਅੱਡੀਆਂ ਤਾਂ ਨਜ਼ਰ ਨਾ ਆਈਆਂ, ਪਰ ਉਸ ਦੀ ਬਾਰੀਕ ਸੋਚ ‘ਤੇ ਮੈਂ ਹੈਰਾਨ ਹੋਏ ਬਿਨਾ ਰਹਿ ਨਾ ਸਕਿਆ। ਉਹ ਫਿਰ ਬੋਲਿਆ, “ਔਹ ਦੇਖ ਭਾਅ ਜਿਹੜਾ ਬਿੰਗਾ ਜਿਹਾ ਤੁਰਿਆ ਆਉਂਦੈ, ਜ਼ਰੂਰ ਕੈਬੀ ਹੋਊ, ਡਿਸਕਾਂ ਹਿਲਾਈ ਫਿਰਦਾ। ਭਾਅ ਮੈਂ ਵੀ ਬੜੇ ਸਾਲ ਚਲਾਈ ਐ ਟੈਕਸੀ।”
“ਅੱਛਾ? ਹੁਣ।”
“ਬਸ ਸਮਝ ਲਉ, ਕੱਟ ਮਾਰ ਕੇ ਫਿਰ ਟੈਕਸੀ ਦੀ ਭਾਲ ‘ਚ ਆਂ।”
“ਕੱਟ ਮਾਰ ਕੇ? ਕਿੱਥੋਂ?”
ਉਸ ਨੇ ਲੰਬਾ ਸਾਹ ਖਿਚਿਆ। ਪਲਕਾਂ ਨੂੰ ਕਾਹਲੀ ਕਾਹਲੀ ਝਪਕਿਆ, “ਭਾਅ ਤੇਰੀ ਆਪਣੀ ਗੱਡੀ ਐ?”
“ਹਾਂ।”
“ਕਿੱਦਾਂ ‘ਕੱਲਾ ਈ ਐਂ ਕਿ ਕੋਈ ਡਰਾਈਵਰ ਵੀ ਐ?”
“ਕੱਲਾ ਈ। ਡਰਾਈਵਰ ਇੰਡੀਆ ਗਿਐ।”
ਆਰਿਫ ਲੁਹਾਰ ਨੇ ‘ਬੋਲ ਮਿੱਟੀ ਦਿਆ ਬਾਵਿਆ’ ਗੀਤ ਛੇੜਿਆ। ਮੈਨੂੰ ਕੋਲ ਖੜ੍ਹਾ ਆਦਮੀ ਆਰਿਫ ਲੁਹਾਰ ਤੋਂ ਵੀ ਅਗਾਂਹ ਦਾ ਬੰਦਾ ਲੱਗਾ, ਜਿਸ ਨੇ ਮੇਰੇ ਵਰਗੇ ਮਿੱਟੀ ਦੇ ਬਾਵੇ ਨੂੰ ਬੋਲਣ ਲਾ ਲਿਆ ਸੀ। ਕੀ ਸੀ ਉਸ ਆਦਮੀ ਵਿਚ?
“ਭਾਅ ਕਿੱਥੇ ਰਹਿਨਾਂ?”
“ਰਿਚਮੰਡ ਹਿੱਲ।”
“ਮੈਂ ਵੀ ਹੁਣੇ ਮੂਵ ਹੋਇਆਂ ਓਥੇ, ਵੱਡੇ ਗੁਰਦੁਆਰੇ ਕੋਲ। ਪਹਿਲਾਂ ਅਸੀਂ ਅਸਟੋਰੀਆ (ਨੇਬਰਹੁੱਡ) ਰਹਿੰਦੇ ਸੀ।”
“ਅਸੀਂ ਵੀ ਗੁਰਦੁਆਰੇ ਤੋਂ ਦੋ ਬਲਾਕ ਨੌਰਥ ਵੱਲ ਰਹਿਨੇਂ ਹਾਂ।”
“ਕੀ ਨੰਬਰ ਐ ਗੱਡੀ ਦਾ?”
“ਟੂ ਟੀ ਥਰਟੀਨ।”‘
“ਥਰਟੀ? ਤੀਹ?” ਸੰਗੀਤ ਦੀ ਆਵਾਜ਼ ਉਚੀ ਹੋਣ ਕਰਕੇ ਉਸ ਨੇ ਜ਼ੋਰ ਦੀ ਕਿਹਾ।
“ਥਰਟੀਨ। ਤੇਰਾਂ।” ਮੈਂ ਉਸ ਦੇ ਕੰਨ ਕੋਲ ਮੂੰਹ ਲਿਜਾ ਕੇ ਕਿਹਾ।
ਇਹ ਮੇਰੀ ਪ੍ਰਕਾਸ਼ ਨਾਲ ਪਹਿਲੀ ਮੁਲਾਕਾਤ ਸੀ।

ਸੰਵਾਰ ਕੇ ਵਾਹੇ ਹੋਏ ਵਾਲ। ਕਾਲੀ ਕੀਤੀ ਦਾਹੜੀ, ਹਲਕੀ ਅਸਮਾਨੀ ਰੰਗ ਦੀ ਕਮੀਜ਼। ਕਾਲੀ ਪੈਂਟ। ਲਿਸ਼ਕਵੀਂ ਜੁੱਤੀ। ਉਹ ਮੁਸਕਰਾਇਆ ਤਾਂ ਮੈਂ ਪਛਾਣ ਲਿਆ।
“ਬੱਲੇ ਬਈ। ਤੂੰ ਅਚਾਨਕ ਕਿਵੇਂ?” ਮੈਂ ਤੌਲੀਏ ਨਾਲ ਗੱਡੀ ਦੇ ਸ਼ੀਸ਼ੇ ‘ਤੇ ਪਈ ਗਰਦ ਸਾਫ ਕਰਦੇ ਨੇ ਪੁੱਛਿਆ।
“ਅਚਾਨਕ ਨਈਂ ਭਾਅ, ਮੈਨੂੰ ਪਤਾ ਜਿਹੜੇ ‘ਕੱਲੇ ਗੱਡੀ ਚਲਾਉਂਦੇ ਐ, ਐਸੇ ਕੁ ਵੇਲੇ ਈ ਕੰਮ ਸ਼ੁਰੂ ਕਰਦੇ ਹੁੰਦੇ ਐ।” ਉਸ ਦੇ ਚਿਹਰੇ ‘ਤੇ ਅੰਤਾਂ ਦਾ ਆਤਮ-ਵਿਸ਼ਵਾਸ ਸੀ।
“ਤੂੰ ਘਰ ਕਿਵੇਂ ਲੱਭਿਆ?” ਮੈਂ ਹੱਥ ਮਿਲਾ ਕੇ ਪੁੱਛਿਆ।
“ਲੈ ਆਪਾਂ ਡਰਾਈਵਰ ਹੁੰਨੇ ਆਂ। ਤੂੰ ਕਿਹਾ ਨਈਂ ਸੀ, ਗੁਰਦੁਆਰੇ ਤੋਂ ਦੋ ਬਲਾਕ ਨੌਰਥ ਵੱਲ ਨੂੰ। ਕੱਲ੍ਹ ਅੱਧੀ ਰਾਤੇ ਮੈਂ ਘਰੋਂ ਨਿਕਲਿਆ। ਦੋ ਬਲਾਕ ਤੋਂ ਬਾਅਦ ਤੀਸਰੇ ਬਲਾਕ ਦਾ ਗੇੜਾ ਕੱਢਿਆ, ਗੱਡੀ ਦਾ ਨੰਬਰ ਪੜ੍ਹਿਆ, ਹੁਣ ਆ ਬਹੁੜਿਆਂ।” ਉਹਨੇ ਗੱਡੀ ਦੁਆਲੇ ਇਸ ਤਰ੍ਹਾਂ ਨੀਝ ਨਾਲ ਗੇੜਾ ਕੱਢਿਆ, ਜਿਵੇਂ ਮੱਝ ਦਾ ਸੌਦਾ ਕਰਨ ਵਾਲਾ ਗਾਹਕ ਮੱਝ ਨੂੰ ਪਰਖਦਾ ਹੈ, “ਭਾਅ ਮੈਨੂੰ ਇਕ ਵਾਰ ਮੌਕਾ ਦੇ ਕੇ ਦੇਖ। ਮੇਰੇ ਵਰਗਾ ਡਰਾਈਵਰ ਨਈਂ ਲੱਭਣਾ ਤੈਨੂੰ।”
“ਮੈਂ ਏਅਰਪੋਰਟ ਤੋਂ ਕੰਮ ਸ਼ੁਰੂ ਕਰਦਾਂ। ਗੱਡੀ ਮੈਨੂੰ ਚਾਰ ਵਜੇ ਘਰੇ ਖੜ੍ਹੀ ਮਿਲਣੀ ਚਾਹੀਦੀ ਐ।”‘
“ਨਈਂ ਭਾਅ ਚਾਰ ਵਜੇ ਨਈਂ। ਸਾਢੇ ਤਿੰਨ ਵਜੇ ਅੱਬਲ ਤਾਂ ਤਿੰਨ ਵਜੇ।” ਉਸ ਨੇ ਖਾਸ ਅੰਦਾਜ਼ ਵਿਚ ਮੁਸਕਰਾਉਂਦਿਆਂ ਕਿਹਾ, “ਮੈਂ ਤਾਂ ਪੂਰੇ ਦੋ ਵਜੇ ਗੱਡੀ ਸ਼ਹਿਰੋਂ ਕੱਢ ਲੈਨਾਂ।”
ਤੇ ਅਗਲੇ ਦਿਨ ਪ੍ਰਕਾਸ਼ ਨੇ ਮੇਰੇ ਤੋਂ ਦਿਨ ਦੀ ਸ਼ਿਫਟ ਲੈ ਲਈ ਸੀ।
ਤਿੰਨ-ਸਾਢੇ ਤਿੰਨ ਵਜੇ ਗੱਡੀ ਡਰਾਈਵੇਅ ਵਿਚ ਲਿਆ ਖੜ੍ਹੀ ਕਰਦਾ।
ਮੈਂ ਬਾਹਰ ਹੁੰਦਾ ਤਾਂ ਝੱਟ ਆਖਦਾ, “ਭਾਅ ਤੂੰ ਤਿਆਰ ਨਈਂ ਹੋਇਆ ਅਜੇ। ਸ਼ਹਿਰ ਤਾਂ ਕੰਮ ਈ ਬਹੁਤ ਐ।” ਨਾਲ ਹੀ ਉਹ ਨਿੱਕੇ ਜਿਹੇ ਤੌਲੀਏ ਨਾਲ ਵਿੰਡ-ਸ਼ੀਲਡ ਸਾਫ ਕਰਨ ਲੱਗ ਪੈਂਦਾ, ਹਾਲਾਂਕਿ ਉਹ ਗੈਸ ਪਵਾਉਣ ਵੇਲੇ ਵੀ ਗੱਡੀ ਨੂੰ ਚੰਗੀ ਤਰ੍ਹਾਂ ਸਵਾਰ ਕੇ ਲਿਆਉਂਦਾ ਸੀ। ਮੈਟ ਝਾੜ ਕੇ ਵਿਛਾਏ ਹੁੰਦੇ। ਬੁਰਸ਼ ਨਾਲ ਅੰਦਰੋਂ ਘੱਟਾ ਚੰਗੀ ਤਰ੍ਹਾਂ ਸਾਫ ਕੀਤਾ ਹੁੰਦਾ। ਸਫਾਈ ਨੂੰ ਤਾਂ ਮੈਂ ਵੀ ਮੰਨਿਆ ਹੋਇਆ ਸੀ, ਪਰ ਉਹ ਮੇਰੇ ਤੋਂ ਵੀ ਚਾਰ ਰੱਤੀਆਂ ਉਪਰ ਨਿਕਲਿਆ। ਗੱਡੀ ਅੰਦਰੋਂ ਸ਼ੀਸ਼ੇ ਵਾਂਗ ਚਮਕ ਰਹੀ ਹੁੰਦੀ। ਕੀ ਮਜਾਲ ਕਿ ਚਾਹ ਜਾਂ ਕੌਫੀ ਦਾ ਦਾਗ ਵੀ ਕਿਤੇ ਹੋਵੇ। ਹਲਕੀ ਹਲਕੀ ਮਨਮੋਹਣੀ ਸੈਂਟ ਗੱਡੀ ਵਿਚ ਛਿੜਕੀ ਹੋਈ ਹੁੰਦੀ।
ਜਿਸ ਦਿਨ ਮੀਂਹ ਪੈ ਰਿਹਾ ਹੁੰਦਾ ਤਾਂ ਆਖਦਾ, “ਭਾਅ ਮੀਂਹ ਨੇ ਤਾਂ ਕਮਾਲ ਕਰ’ਤੀ। ਲੋਕਾਂ ਨੂੰ ਗੱਡੀ ਲੱਭਦੀ ਈ ਨਈਂ। ਕੰਮ ਦੀ ਨ੍ਹੇਰੀ ਆਈ ਪਈ ਐ।”
ਗਰਮੀਆਂ ਵਿਚ ਸਕੂਲ ਬੰਦੇ ਹੋਣ ਕਰਕੇ, ਲੋਕ ਵੇਕੇਸ਼ਨ ‘ਤੇ ਚਲੇ ਜਾਂਦੇ ਨੇ। ਕੰਮ ਅਕਸਰ ਘਟ ਜਾਂਦਾ ਹੈ। ਪਰ ਪ੍ਰਕਾਸ਼ ਲਈ ਉਹ ਵੀ ਤੀਆਂ ਦੇ ਦਿਨ ਹੁੰਦੇ, “ਭਾਅ ਅੱਜ ਤਾਂ ਸਵਾਰੀਆਂ ਟੈਕਸੀਆਂ ਅੱਲ੍ਹ ਨੂੰ ਏਦਾਂ ਜੀਭਾਂ ਕੱਢੀ ਆਉਂਦੀਆਂ ਸੀ, ਜਿੱਦਾਂ ਢਾਬ ਵੱਲ ਨੂੰ ਤਿਹਾਇਆ ਜਾਨਵਰ ਦੌੜਦੈ।”
ਸੁਖਾਵੇਂ ਮੌਸਮ ਵਿਚ ਕੰਮ ਦੀ ਚਾਲ ਘੱਟ ਜਾਂਦੀ ਹੈ। ਲੋਕ ਟੈਕਸੀ ਦੀ ਥਾਂ ਪੰਜ-ਸੱਤ ਬਲਾਕ ਤੁਰਨਾ ਪਸੰਦ ਕਰਦੇ ਨੇ। ਪਰ ਪ੍ਰਕਾਸ਼ ਦਾ ਉਹ ਦਿਨ ਵੀ ਜਿਵੇਂ ਸੋਨੇ ਵਰਗਾ ਲੱਗਦਾ, “ਲੈ ਭਾਅ ਦਿਨ ਬੜਾ ਪੱਧਰੈ, ਕਿਤੇ ਦੁਨੀਆਂ ਸ਼ਹਿਰ ‘ਚ ਐ! ਮ੍ਹਾਰ ਸ਼ਾਪਿੰਗਾਂ ਹੁੰਦੀਆਂ ਪਈਆਂ, ਮਿੱਡ-ਟਾਊਨ ਦਾ ਮਾਲ ਤਾਂ ਸਵਾਰੀਆਂ ਦਾ ਗੜ੍ਹ ਬਣਿਆ ਪਿਆ।”
ਇਕ ਦਿਨ ਮੈਂ ਕਿਹਾ, “ਸਨੋਆਂ ਵਿਚ ਮੈਂ ਅਕਸਰ ਛੁੱਟੀ ਕਰਦਾ ਹੁੰਨਾਂ।”
ਪਹਿਲੀ ਵਾਰ ਮੈਂ ਉਸ ਦੇ ਮੂੰਹੋਂ ਕੰਮ ‘ਤੇ ਨਾ ਜਾਣ ਬਾਰੇ ਸੁਣਿਆ ਸੀ, “ਭਾਅ ਗੱਡੀ ਹੁੰਦੀ ਐ ਤਾਜਾ ਤਾਜਾ ਤੁਰਨ ਲੱਗੇ ਬੱਚੇ ਅਰਗੀ। ਜਿੱਦਾਂ ਤਾਜਾ ਤਾਜਾ ਤੁਰਨ ਲੱਗਾ ਬੱਚਾ ਝੱਟ ਤਿਲਕ ਕੇ, ਉਖੜ ਕੇ, ਫਸ ਕੇ ਡਿਗ ਪੈਂਦੈ, ਏਦਾਂ ਸਨੋਅ ਵਿਚ ਗੱਡੀ ਦਾ ਹਾਲ ਹੁੰਦੈ। ਗੱਡੀ ਦੀ ਸੰਭਾਲ ਬੱਚੇ ਵਾਂਗ ਕਰਨੀ ਹੁੰਦੀ ਐ। ਇਹ ਤੂੰ ਬਹੁਤ ਵਧੀਆ ਕਰਦੈਂ। ਮੈਂ ਵੀ ਕਦੇ ਨਈਂ ਗਿਆ ਸਨੋਅ ਆਲੇ ਦਿਨ। ਤੁਸੀਂ ਆਪਣੇ ਬੱਚੇ ਦੀ ਉਂਗਲੀ ਫੜ੍ਹੀ ਜਿੰਨਾ ਮਰਜੀ ਧਿਆਨ ਨਾਲ ਤੁਰੇ ਜਾਓ, ਕੋਈ ਦੂਸਰਾ ਸ਼ਰਾਰਤੀ ਬੱਚਾ ਤਿਲਕ ਕੇ ਤੁਹਾਡੇ ਬੱਚੇ ਵਿਚ ਆ ਵੱਜੇ! ਕੀ ਫੈਦਾ? ਆਪਣੇ ਲੱਗਾ ਫੱਟ ਤਾਂ ਮੈਥੋਂ ਭਾਵੇਂ ਜਰ ਹੋ ਜਏ, ਗੱਡੀ ‘ਤੇ ਝਰੀਟ ਨਈਂ ਜਰ ਹੁੰਦੀ। ਆਪਣੀ ਅੰਨਦਾਤਾ ਤਾਂ ਇਹੀ ਐ ਨਾ ਭਾਅ!”
ਹਰ ਸਨਿਚਰਵਾਰ ਉਹ ਗੱਡੀ ਧੁਆ ਲਿਆਉਂਦਾ। ਪਹਿਲਾਂ ਪਹਿਲਾਂ ਮੈਂ ਲੀਜ਼ ਲੈਣ ਵੇਲੇ ਗੱਡੀ-ਧੁਆਈ ਦੇ ਪੈਸੇ ਕੱਟਣ ਲਈ ਆਖਿਆ ਤਾਂ ਮੈਨੂੰ ਝਈ ਲੈ ਕੇ ਪਿਆ, “ਕਿਉਂ? ਗੱਡੀ ਮੇਰੀ ਨਈਂ ਕੁਛ ਲੱਗਦੀ?”
ਵੱਡੀਆਂ ਛੁੱਟੀਆਂ ਵਿਚ ਮੈਂ ਕੰਮ ਨਹੀਂ ਕਰਦਾ, ਪਰ ਪ੍ਰਕਾਸ਼ ਛੁੱਟੀਆਂ ਵਿਚ ਵੀ ਪੈਸੇ ਬਣਾਈ ਫਿਰਦਾ। ਪਤਾ ਨਹੀਂ ਬਣਾਉਂਦਾ ਸੀ ਜਾਂ ਮੈਨੂੰ ਹੀ ਦਿਖਾਉਂਦਾ ਸੀ।
ਗੱਡੀ ਦਾ ਕੰਮ ਕਰਾਉਣ ਦੀ ਜ਼ਿੰਮੇਵਾਰੀ ਤਾਂ ਰਾਤ ਵਾਲੇ ਡਰਾਈਵਰ ਦੀ ਹੀ ਹੁੰਦੀ ਹੈ ਕਿਉਂਕਿ ਦਿਨੇ ਟਰੈਫਿਕ ਹੀ ਏਨਾ ਹੁੰਦਾ ਹੈ ਕਿ ਮਕੈਨਿਕ ਵੱਲ ਗਿਆਂ ਅੱਧੀ ਦਿਹਾੜੀ ਟੁੱਟ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਪਰ ਉਹ ਸਾਰੇ ਕੰਮ ਆਪ ਹੀ ਕਰਵਾ ਲਿਆਉਂਦਾ। ਪਹਿਲਾਂ ਪਹਿਲਾਂ ਮੈਨੂੰ ਸ਼ੱਕ ਪਿਆ, ਕਿਤੇ ਏਨੀ ਮਿੱਠੀ ਬੋਲਚਾਲ, ਮਿਲਾਪੜੇ ਅਤੇ ਅਪਣੱਤ ਭਰੇ ਸੁਭਾਅ ਦੇ ਪਿੱਛੇ ਇਹਤੋਂ ਉਲਟ ਹੀ ਬੰਦਾ ਨਾ ਲੁਕਿਆ ਬੈਠਾ ਹੋਵੇ। ਕਿਤੇ ਉਹ ਜਾਅਲੀ ਬਿੱਲ ਈ ਨਾ ਬਣਾ ਲਿਆਉਂਦਾ ਹੋਵੇ। ਪਰ ਮੇਰੇ ਸ਼ੰਕੇ ਦੀ ਸਨੋਅ ਛੇਤੀ ਹੀ ਉਸ ਦੇ ਵਤੀਰੇ ਦੀ ਧੁੱਪ ਨਾਲ ਖੁਰ ਗਈ। ਮੈਨੂੰ ਉਸ ਨੇ ਇਕ ਤਰ੍ਹਾਂ ਨਾਲ ਵਿਹਲਾ ਹੀ ਕਰ ਦਿੱਤਾ। ਮੈਂ ਤਾਂ ਰਾਤ ਨੂੰ ਆਉਂਦਾ ਬਿੱਲ ਦੇ ਪੈਸੇ ਹੀ ਤਾਰਦਾ। ਉਂਜ ਵੀ ਉਹ ਗੱਡੀ ਏਨੀ ਸੰਭਾਲ ਕੇ ਚਲਾਉਂਦਾ ਕਿ ਰਿਪੇਅਰ ਦਾ ਕੰਮ ਬਹੁਤਾ ਹੁੰਦਾ ਹੀ ਨਹੀਂ ਸੀ।

‘ਥੈਂਕਸ ਗਿਵਿੰਗ ਡੇਅ’ ਵਾਲੇ ਦਿਨ ਕੰਮ ਡੈਡ ਹੀ ਹੁੰਦਾ ਹੈ। ਮੈਂ ਇਕ ਦਿਨ ਪਹਿਲਾਂ ਹੀ ਪ੍ਰਕਾਸ਼ ਨੂੰ ਕਹਿ ਦਿੱਤਾ, “ਮੈਂ ਕੱਲ੍ਹ ਨੂੰ ਕੰਮ ਨਈਂ ਕਰਨਾ, ਤੂੰ ਭਾਵੇਂ ਡਬਲ ਈ ਕਰ ਲਈਂ।”
“ਲੈ ਭਾਅ ਹਿੰਮਤ ਈ ਹਾਰ ਗਿਐਂ। ਕੱਲ੍ਹ ਨੂੰ ਤਾਂ ਸ਼ਹਿਰ ‘ਚ ਕੰਮ ਈ ਬੜਾ ਹੋਣੈਂ। ਸਾਰਿਆਂ ਨੇ ਛੁੱਟੀ ਕਰ ਕੇ ਬਹਿ ਜਾਣਾ ਬਈ ਸ਼ਹਿਰ ਤਾਂ ਗਰੀਬ ਦੀ ਜੇਬ ਆਂਗੂੰ ਖਾਲੀ ਹੋਣੈਂ। ਪਰ ਦੇਖੀਂ, ਸਵਾਰੀ ਨੂੰ ਟੈਕਸੀ ਤੇ ਟੈਕਸੀ ਨੂੰ ਸਵਾਰੀ ਘੁੰਮ ਘੁੰਮ ਕੇ ਪੈਣੀ ਐਂ। ਬੜੀ ਬੱਲੇ ਬੱਲੇ ਹੋਣੀ ਐਂ, ਉਤੋਂ ਸੜਕਾਂ ਖਾਲਮ-ਖਾਲੀ।”
“ਅਸੀਂ ਯਾਰ, ਪੱਤੇ ‘ਕੱਠੇ ਕਰਨੇ ਐਂ। ਸਾਰਾ ਬੈਕ-ਯਾਰਡ ਭਰਿਆ ਪਿਐ।”
“ਚਲੋ, ਤੁਸੀਂ ਪੱਤੇ ‘ਕੱਠੇ ਕਰਿਓ, ਮੈਂ ਡਾਲਰ ‘ਕੱਠੇ ਕਰ ਲਿਆਊਂ।”
ਜਦੋਂ ਮੈਂ ਸਵੇਰੇ ਨੌਂ ਕੁ ਵਜੇ ਉਠਿਆ, ਗੱਡੀ ਡਰਾਈਵੇਅ ਵਿਚ ਖੜ੍ਹੀ ਸੀ। ਸੋਚਿਆ, “ਕਰ ਗਿਆ ਛੁੱਟੀ।”
ਮੈਂ ਬੁਰਸ਼ ਕਰਕੇ, ਪਤਨੀ ਨੂੰ ਚਾਹ ਬਣਾਉਣ ਲਈ ਕਹਿ ਰਤਾ ਕੁ ਭਾਰੀ ਜੈਕਟ ਪਾ ਕੇ ਬਾਹਰ ਨਿਕਲਿਆ, ਪ੍ਰਕਾਸ਼ ਤੁਰਿਆ ਆ ਰਿਹਾ ਸੀ। ਬਣਿਆ ਠਣਿਆ। ਉਹ ਲਿਸ਼ਕਿਆ, “ਭਾਅ ਦੇਖੀਂ, ਗਲੀਆਂ ਹੋ ਜਾਣ ਸੁੰਨੀਆਂ, ਵਿਚ ਮਿਰਜਾ ਯਾਰ ਫਿਰੇ। ਸਾਰਾ ਸ਼ਹਿਰ ਈ ਆਪਣਾ ਹੋਣੈਂ।”
“ਆ ਜਾ ਵੇ, ਚਾਹ ਪੀ ਲੈ, ਧਰਨ ਲੱਗੀ ਆਂ।” ਦਰਵਾਜ਼ੇ ਵਿਚ ਆ ਕੇ ਪਤਨੀ ਨੇ ਕਿਹਾ। ਸ਼ਾਇਦ ਉਸ ਨੇ ਪ੍ਰਕਾਸ਼ ਦੀ ਆਵਾਜ਼ ਸੁਣ ਲਈ ਸੀ।
“ਨਾ ਭੈਣ, ਅੱਜ ਤਾਂ ਕੌਫੀ ਪੀਊਂ ਸ਼ਹਿਰ ਜਾ ਕੇ। ਸਵਾਰੀਆਂ ਮੇਰਾ ਰਾਹ ਦੇਖਦੀਆਂ ਹੋਣੀਆਂ,” ਉਹ ਮੁਸਕੜੀਏਂ ਹੱਸਿਆ।
“ਬਹੁਤੀ ਅੜੀ ਨਾ ਕਰ। ਗੱਡੀ ਤੇਰੇ ਕੋਲ ਹੋਣੀ ਐਂ। ਭਾਵੇਂ ਸਾਰੀ ਰਾਤ ਲੱਗਾ ਰਹੀਂ। ਦਸਾਂ ਮਿੰਟਾਂ ਨਾਲ ਤੇਰਾ ਕਿਹੜਾ ਕੁਬੇਰ ਦਾ ਖਜਾਨਾ ਜੁੜਨੋ ਰਹਿ ਜਾਣੈਂ?” ਮੈਂ ਜਿਵੇਂ ਉਸ ਨੂੰ ਦੱਸਣ ਲਈ ਕਿਹਾ ਕਿ ਕਹਾਣੇ ਸਿਰਫ ਉਸ ਨੂੰ ਹੀ ਨਹੀਂ ਆਉਂਦੇ।
ਮੇਰੇ ਮਗਰੇ ਅੰਦਰ ਵੜਦਾ, ਝੋਲਾ ਦਰਵਾਜ਼ੇ ਕੋਲ ਰੱਖ ਕੇ ਜੁੱਤੀ ਲਾਹੁੰਦਾ ਪ੍ਰਕਾਸ਼ ਬੋਲਿਆ, “ਤੂੰ ਅੱਜ ਐਵੇਂ ਈ ਦਿਲ ਛੱਡ ਗਿਐਂ ਭਾਅ। ਅੱਜ ਤਾਂ ਸਵਾਰੀਆਂ ਸ਼ਹਿਰ ‘ਚ ਏਦਾਂ ਫਿਰਦੀਆਂ ਹੋਣੀਆਂ, ਜਿੱਦਾਂ ਵਣਾਂ ‘ਚ ਟਰਕੀਆਂ ਫਿਰਦੀਆਂ ਹੋਣ।”
“ਪ੍ਰਕਾਸ਼ ਤੇਰੀਆਂ ਗੱਲਾਂ ਇਹ ਬਹੁਤ ਸੁਣਾਉਂਦੇ ਹੁੰਦੇ ਐ। ਤੇਰੇ ਅਰਗਾ ਹਿੰਮਤੀ ਬੰਦਾ ਮੈਂ ਕਦੇ ਨਹੀਂ ਦੇਖਿਆ। ਪ੍ਰਕਾਸ਼ ਤੂੰ ਏਨਾ ਹਿੰਮਤੀ ਐਂ। ਏਨਾ ਕੰਮ ਕਰਦੈਂ। ਹਮੇਸ਼ਾ ਚੜ੍ਹਦੀ ਕਲਾ ‘ਚ ਰਹਿਨਾਂ। ਏਨਾ ਚਿਰ ਤੈਨੂੰ ਆਏ ਨੂੰ ਹੋ ਗਿਆ। ਟੈਕਸੀ ਵੀ ਤੂੰ ਬੜੀ ਚਲਾਈ ਐ। ਤੂੰ ਆਪਣਾ ਮਡਾਲੀਅਨ ਕਿਉਂ ਨਈਂ ਖਰੀਦ ਲਿਆ?” ਮੇਰੀ ਪਤਨੀ ਨੇ ਕਿਹਾ।
ਪ੍ਰਕਾਸ਼ ਨੇ ਮੇਰੇ ਵੱਲ ਦੇਖਿਆ। ਉਸ ਦੇ ਸੂਰਜ ਵਰਗੇ ਚਿਹਰੇ ਨੂੰ ਜਿਵੇਂ ਕਾਲੀ ਬੱਦਲੀ ਨੇ ਕੱਜ ਲਿਆ ਸੀ। ਉਸ ਨੇ ਬਹੁਤ ਲੰਮਾ ਸਾਹ ਖਿੱਚਿਆ, “ਸਭ ਕਿਸਮਤ ਦੇ ਕੜਛੇ ਨੇ ਭਾਅ।” ਉਸ ਨੇ ਇਕ ਹੋਰ ਜ਼ੋਰ ਦਾ ਸਾਹ ਅੰਦਰ ਖਿਚਿਆ ਅਤੇ ਪੂਰੇ ਜ਼ੋਰ ਨਾਲ ਛੱਡਿਆ, “ਤੁਹਾਨੂੰ ਪਤੈ, ਅੱਜ ਥੈਂਕਸ ਗਿਵਿੰਗ ਐ। ਟਰਕੀ ਡੇਅ। ਕਿਉਂ ਸ਼ੁਰੂ ਹੋਇਆ ਸੀ ਇਹ?”
ਮੈਨੂੰ ਸਮਝ ਨਾ ਲੱਗੀ, ਉਸ ਨੇ ਗੱਲ ਦਾ ਰੁਖ ਬਿਲਕੁਲ ਦੂਸਰੇ ਪਾਸੇ ਨੂੰ ਕਿਉਂ ਮੋੜ ਦਿੱਤਾ ਸੀ।
ਮੇਰੀ ਪਤਨੀ ਉਬਲਦੇ ਪਾਣੀ ਵਿਚ ਖੰਡ ਪਾਉਂਦੀ ਬੋਲੀ, “ਵਾਹ ਵੇ। ਕਿੱਧਰਲੀ ਗੱਲ ਕਿੱਧਰ ਨੂੰ ਲੈ ਗਿਐਂ। ਇਹ ਤਾਂ ਬੱਚੇ ਬੱਚੇ ਨੂੰ ਪਤੈ। ਗੋਰੇ ਆਏ। ਬੀਮਾਰੀ ਤੇ ਭੁੱਖ ਨਾਲ ਮਰਨ ਲੱਗੇ। ਇੱਥੋਂ ਦੇ ਮੂਲ ਵਾਸੀਆਂ ਨੇ ਉਨ੍ਹਾਂ ਦੀ ਟਹਿਲ-ਸੇਵਾ ਕੀਤੀ। ਉਨ੍ਹਾਂ ਨੇ ਮੂਲ-ਵਾਸੀਆਂ ਦਾ ਸ਼ੁਕਰੀਆ ਅਦਾ ਕਰਨ ਲਈ ਇਕ ਦਿਨ ਟਰਕੀ ਰਿੰਨ੍ਹ ਕੇ ਉਨ੍ਹਾਂ ਨੂੰ ਦਾਅਵਤ ਦਿੱਤੀ ਤੇ ਇਹ ਫੈਸਟੀਵਲ ਸ਼ੁਰੂ ਹੋ ਗਿਆ।”
ਪ੍ਰਕਾਸ਼ ਨੇ ਮੇਰੀ ਪਤਨੀ ਦੀ ਗੱਲ ਸੁਣਦੇ ਸੁਣਦੇ ਨੇ, ਕੰਧ ‘ਤੇ ਲਟਕਦੀ ਮੇਰੀ ਬੇਟੀ ਤੇ ਬੇਟੇ ਦੀ ਤਸਵੀਰ ਵੱਲ ਸੁਭਾਇਕੀ ਨਜ਼ਰ ਮਾਰੀ।
“ਤੇ ਭੈਣਾਂ, ਗੋਰਿਆਂ ਨੇ ਮੂਲ-ਵਾਸੀਆਂ ਨੂੰ ਕੀ ਦਿੱਤਾ?” ਪ੍ਰਕਾਸ਼ ਨੇ ਬਹੁਤ ਗਹਿਰਾ ਸਾਹ ਭਰਿਆ, “ਨੇਟਿਵਾਂ ਤੋਂ ਮੁਲਕ ਈ ਖੋਹ ਲਿਆ।”
“ਪਰ ਆਪਾਂ ਤਾਂ ਗੱਲ ਤੇਰੀ ਕਰਦੇ ਸੀ।” ਮੈਂ ਫਿਰ ਨੁਕਤੇ ‘ਤੇ ਆਉਣ ਦੀ ਕੋਸ਼ਿਸ਼ ਕੀਤੀ।
“ਭੈਣ ਮੇਰੀਏ, ਤੂੰ ਵੀ ਬਹਿ ਜਾ ਹੁਣ ਕੁਰਸੀ ‘ਤੇ।”
“ਵੇ ਚਾਹ।”
“ਕਿਤੇ ਨਈਂ ਜਾਂਦੀ ਚਾਹ। ਜਦੋਂ ਜ਼ਿੰਦਗੀ ਦੇ ਕੁਬੇਰ ਦਾ ਖਜਾਨਾ ਲੁਟ ਰਿਹਾ ਹੋਵੇ, ਉਦੋਂ ਚਾਹਾਂ ਕਿਹਨੂੰ ਸੁੱਝਦੀਆਂ ਭੈਣੇ।” ਪ੍ਰਕਾਸ਼ ਦੀ ਆਵਾਜ਼ ‘ਤੇ ਅਜਿਹੇ ਪਰਛਾਵੇਂ ਦਾ ਰੰਗ ਮੈਂ ਪਹਿਲਾਂ ਕਦੇ ਨਹੀਂ ਸੀ ਦੇਖਿਆ। ਪਤੀਲੇ ‘ਚੋਂ ਨਿਕਲਦੀ ਭਾਫ ਵਾਂਗ ਜਿਵੇਂ ਉਸ ਦੇ ਅੰਦਰੋਂ ਵੀ ਕੁਝ ਨਿਕਲ ਰਿਹਾ ਹੋਵੇ।
ਗੈਸ ਦੀ ਅੱਗ ਮੱਠੀ ਕਰਕੇ, ਮੇਰੀ ਪਤਨੀ ਨੇ ਕੁਰਸੀ ਖਿੱਚ ਲਈ। ਪ੍ਰਕਾਸ਼ ਨੇ ਲੰਬਾ ਸਾਹ ਖਿਚਿਆ, “ਚੜ੍ਹਦੀ ਕਲਾ ਦੀ ਸੁਣ ਲੈ ਭਾਅ, ਸ਼ੁਰੂ ਸ਼ੁਰੂ ਦੀ ਗੱਲ ਐ। ਇਕ ਸਰਦਾਰ ਨਾਲ ਮੈਂ ਗੱਡੀ ਚਲਾਉਣੀ ਸ਼ੁਰੂ ਕੀਤੀ। ਬੜਾ ਗਿਆਨੀ-ਧਿਆਨੀ ਸੀ। ਕਿਸੇ ਕਿਸੇ ਦਿਨ ਮੇਰੇ ਪੈਸੇ ਨਾ ਬਣਨੇ, ਰਤਾ ਉਦਾਸੀ ਤਾਂ ਹੁੰਦੀ ਐ ਨਾ। ਤਕਾਲਾਂ ਨੂੰ ਜਦੋਂ ਮੈਂ ਉਹਨੂੰ ਗੱਡੀ ਦੇਣੀ, ਉਹਨੇ ਟੁੱਟ ਕੇ ਪੈਣਾ, ‘ਹਾਅ ਨੈਸ਼ ਅਰਗਾ ਮੂੰਹ ਬਣਾ ਕੇ ਗੱਡੀ ਨਾ ਫੜ੍ਹਾਇਆ ਕਰ, ਮੇਰੀ ਸਾਰੀ ਰਾਤ ਈ ਖਰਾਬ ਹੋ ਜਾਂਦੀ ਐ, ਚੱਜ ਦੀ ਸਵਾਰੀ ਵੀ ਨਈਂ ਲੱਭਦੀ।’ ਕਦੇ ਮੇਰਾ ਦਿਲ ਕਰਨਾ ਇਹਨੂੰ ਕਹਿ ਦਿਆਂ, ਵਹਿਮੀਆਂ ਚੁੱਕ ਆਪਣੀ ਗੱਡੀ। ਪਰ ਮੈਂ ਨਵਾਂ ਨਵਾਂ ਸੀ ਅਜੇ ਇਸ ਕੰਮ ‘ਚ। ਪਰ ਇਕ ਮੈਂ ਗੱਲ ਪੱਲੇ ਬੰਨ੍ਹ ਲਈ, ਜਦੋਂ ਕਿਸੇ ਨੂੰ ਮਿਲੋ, ਅਗਲੇ ਨੂੰ ਨੈਸ਼ ਕਹਿਣ ਦਾ ਮੌਕਾ ਨਾ ਦਿਉ। ਬਸ ਉਦੋਂ ਤੋਂ ਮੇਰਾ ਬੱਲੇ ਬੱਲੇ ਵਾਲਾ ਸੁਭਾਅ ਪੱਕਦਾ ਗਿਆ।”
“ਕਦੇ ਮਡਾਲੀਅਨ ਖਰੀਦਣ ਦੀ ਨਈਂ ਸੋਚੀ?” ਮੈਂ ਫਿਰ ਗੱਲ ਤੋਰੀ।
“ਭਾਅ ਲੱਗਦੈ ਤੂੰ ਮੇਰਾ ਅੱਜ ਸਾਰਾ ਲਹੂ ਨਚੋੜ ਕੇ ਰਹੇਂਗਾ।” ਉਹ ਹਲਕਾ ਜਿਹਾ ਹੱਸਿਆ, ਫਿਰ ਗੰਭੀਰ ਹੋ ਗਿਆ, “ਭਾਅ ਕਈ ਵਾਰ ਸਾਨੂੰ ਸਮਝ ਨਈਂ ਆਉਂਦੀ, ਬਈ ਗਲਤੀ ਕਿਹਦੇ ਕੋਲੋਂ ਹੋਈ ਐ। ਮੈਂ ਬੜਾ ਸੋਚਦਾ ਹੁੰਨਾਂ ਆਪਣੇ ਬਾਰੇ। ਹੋ ਸਕਦਾ ਗਲਤੀ ਮੇਰੀ ਈ ਹੋਵੇ। ਕਈ ਵਾਰੀ ਅਸੀਂ ਕਿਸੇ ਨੂੰ ਲੋੜੋਂ ਵੱਧ ਫੇਵਰ ਦੇ ਦਿੰਨੇਂ ਆਂ, ਸ਼ਾਇਦ ਓਹੀ ਸਾਡੀ ਗਲਤੀ ਹੁੰਦੀ ਐ। ਮੈਂ ਪੜ੍ਹਨ ਨੂੰ ਏਨਾ ਹੁਸ਼ਿਆਰ ਸੀ ਜੇ ਡਾਕਟਰ, ਇੰਜੀਨੀਅਰ ਨਾ ਬਣਦਾ ਤਾਂ ਪ੍ਰੋਫੈਸਰ ਜਰੂਰ ਲੱਗ ਜਾਂਦਾ।” ਉਸ ਨੇ ਡਿਗਰੀ ਫੜ੍ਹੀ ਹੱਸਦੀ ਮੇਰੀ ਬੇਟੀ ਦੀ ਤਸਵੀਰ ਵੱਲ ਦੇਖ ਕੇ ਅਜੀਬ ਤਰ੍ਹਾਂ ਦੀ ਮੁਸਕਾਨ ਬੁੱਲ੍ਹਾਂ ‘ਤੇ ਫੈਲਾਉਂਦਿਆਂ ਧੌਣ ਦਾ ਪਟਾਕਾ ਪਾਇਆ। ਫਿਰ ਆਪਣੇ ਦੋਹਾਂ ਹੱਥਾਂ ਦੀਆਂ ਉਂਗਲਾਂ ਮੋੜੀਆਂ, ਗਭਲੀਆਂ ਉਂਗਲਾਂ ਅੰਗੂਠਿਆਂ ਨਾਲ ਜੋੜ ਕੇ ਗੋਲਾਈ ਬਣਾਈ, ਜਿਵੇਂ ਹੱਥ ਵਿਚ ਗੋਲ ਕੀਤੀ ਡਿਗਰੀ ਫੜ੍ਹੀ ਹੋਈ ਹੋਵੇ। ਫਿਰ ਖਾਲੀ ਹੱਥ ਹਵਾ ਵਿਚ ਖੋਲ੍ਹ ਕੇ ਉਸ ਨੇ ਗੱਲ ਅੱਗੇ ਤੋਰੀ, “ਜ਼ਮੀਨ ਥੋੜ੍ਹੀ ਸੀ। ਘਰ ਦੀ ਹਾਲਤ ਦਿਨੋ-ਦਿਨ ਨਿਘਰਦੀ ਗਈ। ਏਨੀ ਨਿੱਘਰ ਗਈ ਕਿ ਕਾਲਜ ਵਿਚੇ ਛੱਡ ਕੇ ਮੈਂ ਅਮਰੀਕਾ ਆ ਗਿਆ। ਅਜੇ ਛਿਆਸੀ ਵਾਲੇ ਪੇਪਰ ਬਣਦੇ ਫਿਰਦੇ ਸੀ, ਪਰ ਮੇਰੇ ਨਈਂ ਬਣੇ। ਵਰਕ-ਪਰਮਿਟ ਮਿਲ ਗਿਆ ਸੀ। ਲਾਈਸੈਂਸ ਵੀ ਬਣਾ ਲਿਆ। ਇਕ ਵਾਰੀ ਪਰਮਿਸ਼ਨ ਲੈ ਕੇ ਇੰਡੀਆ ਜਾ ਕੇ ਵਿਆਹ ਕਰਵਾ ਆਇਆ। ਮਗਰੋਂ ਮੁੰਡਾ ਵੀ ਹੋ ਗਿਆ।”
ਉਸ ਨੇ ਮੇਰੇ ਬੱਚਿਆਂ ਦੀ ਤਸਵੀਰ ਵੱਲ ਮੋਹ ਭਰੀਆਂ ਨਜ਼ਰਾਂ ਨਾਲ ਦੇਖਿਆ। ਸ਼ਾਇਦ ਉਸ ਨੂੰ ਆਪਣੇ ਬੱਚੇ ਦੀ ਯਾਦ ਆ ਗਈ ਸੀ। ਬੁੱਲ੍ਹ ਭੀਚ ਕੇ ਗੱਲ ਦੀ ਤੰਦ ਫੇਰ ਫੜ੍ਹੀ, “ਨਾਲ ਦੇ ਇਲਲੀਗਲ ਮੁੰਡੇ ਪੁੱਠੇ-ਸਿੱਧੇ ਤਰੀਕੇ ਨਾਲ ਆਪਣੇ ਟੱਬਰ ਵੀ ਲੈ ਆਏ। ਮੇਰੇ ਮਾਂ-ਪਿਓ ਰਤਾ ਢਿੱਲੇ-ਮੱਠੇ ਰਹਿੰਦੇ ਸੀ, ਮੈਂ ਘਰਵਾਲੀ ਮੰਗਾਈ ਨਾ। ਮੈਂ ਕਦੇ ਕੰਸਟ੍ਰਕਸ਼ਨ ਦਾ ਕੰਮ ਕਰਦਾ, ਕਦੇ ਸਟੋਰ ‘ਤੇ, ਕਦੇ ਗੈਸ-ਸਟੇਸ਼ਨ ‘ਤੇ। ਜਿਹੜੇ ਮੁੰਡਿਆਂ ਨਾਲ ਰਹਿੰਦਾ ਸੀ, ਉਹ ਤਕਰੀਬਨ ਟੈਕਸੀ ਵਾਲੇ ਈ ਸੀ, ਜਦੋਂ ਉਨ੍ਹਾਂ ਨੇ ਨੋਟ ਗਿਣਨੇ, ਮੇਰੇ ਅੰਦਰ ਵੀ ਕੁਛ ਕੁਛ ਹੋਣਾ। ਮੈਂ ਵੀ ਟੈਕਸੀ ਵਿਚ ਪੈ ਗਿਆ। ਪਹਿਲਾਂ ਗੈਰਾਜ ਦੀ ਗੱਡੀ ਚਲਾਈ, ਫਿਰ ਪ੍ਰਾਈਵੇਟ ਮਾਲਕਾਂ ਨਾਲ। ਭਾਅ ਟੈਕਸੀ ਮਾਲਕ ਪਿੰਚ ਬਹੁਤ ਕਰਦੇ ਐ-ਉਇ ਤੂੰ ਗੱਡੀ ਚੱਜ ਨਾਲ ਸਾਫ ਨਈਂ ਕੀਤੀ, ਤੂੰ ਗੈਸ ਘੱਟ ਪੁਆਈ ਐ, ਗੱਡੀ ‘ਚ ਤੇਰਾ ਕੌਫੀ ਆਲਾ ਕੱਪ ਰਹਿ ਗਿਆ ਸੀ, ਤੂੰ ਮੈਟ ਸਿੱਧੇ ਕਰਕੇ ਨਈਂ ਵਿਛਾਏ। ਫਿਰ ਮੈਂ ਆਪਣੀ ਗੱਡੀ ਪਾਈ, ਮਡਾਲੀਅਨ ਲੀਜ਼ ‘ਤੇ ਲੈ ਕੇ, ਨਾਲ ਰੱਖਿਆ ਡਰਾਈਵਰ। ਸੱਚ ਮੰਨੀਂ ਮੈਂ ਆਪਣੇ ਡਰਾਈਵਰ ਨੂੰ ਕਦੇ ਤੰਗ ਨਈਂ ਕੀਤਾ। ਬਿਲਕੁਲ ਜਿੱਦਾਂ ਤੂੰ ਮੈਨੂੰ ਕਦੇ ਕੁਛ ਨਈਂ ਕਿਹਾ।”
ਆਪਣੀ ਤਾਰੀਫ ਸੁਣ ਕੇ ਮੈਨੂੰ ਪ੍ਰਕਾਸ਼ ਹੋਰ ਚੰਗਾ ਚੰਗਾ ਲੱਗਣ ਲੱਗਾ।
ਉਸ ਗੱਲ ਤੋਰੀ ਰੱਖੀ, “ਟੇਢੇ ਤੋਂ ਟੇਢੇ ਡਰਾਈਵਰ ਦੀ ਵੀ ਮੈਂ ਮੋਹ-ਪਿਆਰ ਨਾਲ ‘ਅਲਾਈਨਮੈਂਟ’ ਕਰ ਦਿੱਤੀ।”
ਮੇਰੀ ਪਤਨੀ ਨੇ ਉਠ ਕੇ ਕੱਪਾਂ ਵਿਚ ਚਾਹ ਪਾ ਲਿਆਂਦੀ। ਮੇਜ਼ ‘ਤੇ ਪਏ ਡਰਾਈ-ਫਰੂਟ ਅਤੇ ਕੁੱਕੀਆਂ ਵਾਲੇ ਚਹੁ-ਖਾਨੇ ਡੱਬੇ ਦਾ ਢੱਕਣ ਵੀ ਖੋਲ੍ਹ ਦਿੱਤਾ।
“ਫਿਰ ਛੋਟਾ ਭਰਾ ਜਵਾਨ ਹੋ ਗਿਆ। ਮੰਤਰੀਆਂ ਦੇ ਗੈਂਗਾਂ ਨਾਲ ਰਲ ਗਿਆ, ਜਿਹੜੇ ਨਜੈਜ ਕਬਜੇ ਕਰਦੇ ਐ ਜਮੀਨਾਂ ‘ਤੇ। ਮਾਂ-ਪਿਉ ਤਾਂ ਅੱਗੇ ਈ ਢਿੱਲੇ-ਮੱਠੇ ਰਹਿੰਦੇ ਸੀ, ਮੇਰੀ ਘਰਵਾਲੀ ਵੱਖਰੀ ਦੁਖੀ, ਘਰ ਟੋਲੀਆਂ ਲੈ ਕੇ ਆਉਣ ਲੱਗ ਪਿਆ। ਫਿਰ ਭਾਅ ਉਹਨੂੰ ਗਾਉਣ ਆਲਿਆਂ ਦੇ ਨਾਲ ਏਥੇ ਕੱਢਿਆ। ਉਹਦਾ ਅਸਾਈਲਮ ਦਾ ਕੇਸ ਹੋ ਗਿਆ। ਮੈਂ ਰੱਬ ਦਾ ਸ਼ੁਕਰ ਕੀਤਾ, ਫਿਰ ਉਹਨੂੰ ਮੈਂ ਟੈਕਸੀ ਆਲੇ ਪਾਸੇ ਪਾਇਆ। ਸਮਝ ਬਈ ਉਹਨੂੰ ਪੂਰਾ ਮਕੈਨਿਕ ਬਣਾ ਦਿੱਤਾ ਕੇ, ਗੈਸ ਕਿਹੜੇ ਪੰਪ ‘ਤੇ ਵਧੀਆ ਤੇ ਸਸਤੀ ਹੁੰਦੀ ਐ, ਬਰੇਕਾਂ ਸਸਤੀਆਂ ਕੌਣ ਪਾਉਂਦਾ, ਤੇਲ ਸਸਤਾ ਕੌਣ ਬਦਲਦੈ। ਉਹਨੂੰ ਮੈਂ ਕਿਰਤ ਕਰਨੀ ਵੀ ਦੱਸੀ ਤੇ ਕਿਰਸ ਕਰਨੀ ਵੀ। ਉਹਨੂੰ ਕਿਹਾ ਜੇ ਵਾਈਪਰ ਵੀ ਪੁਆਉਣੇ ਐਂ ਤਾਂ ਉਥੋਂ, ਜਿੱਥੇ ਪੈਨੀ ਬਚਦੀ ਹੋਵੇ। ਹੁਲੀਆ ਦੇਖ ਕੇ, ਅੱਖ ਦੇਖ ਕੇ, ਹੱਥ ਚੁੱਕ ਕੇ ਟੈਕਸੀ ਮੰਗਣ ਦਾ ਤਰੀਕਾ ਦੇਖ ਕੇ, ਸਵਾਰੀਆਂ ਦੇ ਸੁਭਾਅ ਦਾ ਅੰਦਾਜਾ ਲਾਉਣ ਦੇ ਸਾਰੇ ਨੁਕਤੇ ਉਹਨੂੰ ਸਮਝਾਏ। ਗੱਲ ਕੀ ਉਡਣਾ ਸੱਪ ਬਣਾ ਦਿੱਤਾ ਉਹਨੂੰ। ਖੈਰ! ਮੇਰੇ ਕੋਲ ਗਰੀਨ ਕਾਰਡ ਹੈ ਨਈਂ ਸੀ। ਭਰਾ ਦੇ ਨਾਂ ‘ਤੇ ਅਸੀਂ ਕਾਰਪੋਰੇਸ਼ਨ ਲੈ ਲਈ। ਦੋ ਮਡਾਲੀਅਨ।”
ਪ੍ਰਕਾਸ਼ ਦਾ ਚਿਹਰਾ ਨਸ਼ਿਆ ਗਿਆ ਲੱਗਦਾ ਸੀ। ਚਿਹਰੇ ਤੋਂ ਕਾਲੀ ਬੱਦਲੀ ਪਤਾ ਨਹੀਂ ਕਿੱਧਰ ਉਡ-ਪੁੱਡ ਗਈ ਸੀ, “ਬੜਾ ਕੰਮ ਰਿੜਿਆ। ਉਹ ਜਾ ਕੇ ਵਿਆਹ ਵੀ ਕਰਵਾ ਲਿਆਇਆ, ਉਦ੍ਹੀ ਘਰ ਆਲੀ ਵੀ ਆ ਗਈ। ਪਹਿਲਾਂ ਅਸੀਂ ਵਨ ਬੈਡਰੂਮ ਵਿਚ ਰਹਿੰਦੇ ਸੀ, ਫਿਰ ਟੂ ਬੈਡਰੂਮ ਲੈ ਲਿਆ। ਪਿੱਛੇ ਜਮੀਨ ਵੀ ਬਣਾਈ। ਦੋ ਬੱਚੇ ਵੀ ਹੋ ਗਏ ਉਹਦੇ।”
“ਫਿਰ ਛੋਟੇ ਦੀ ਘਰ ਆਲੀ ਦੇ ਮਾਂ-ਬਾਪ ਆਉਣੇ ਸੀ, ਮੈਨੂੰ ਕਹਿੰਦਾ-ਜਿੰਨਾ ਚਿਰ ਆਪਾਂ ਨੂੰ ਥਰੀ ਬੈਡਰੂਮ ਨਹੀਂ ਲੱਭਦਾ, ਤੂੰ ਕਿਸੇ ਨਾਲ ਮੂਵ ਹੋ ਜਾ। ਏਥੇ ਮੁਸ਼ਕਿਲ ਹੋਣਾ। ਇਕ ਕਮਰਾ ਉਨ੍ਹਾਂ ਨੂੰ ਦੇ ਦਿਆਂਗੇ। ਬੱਚੇ ਲਿਵਿੰਗ-ਰੂਮ ਵਿਚ ਸੌਂ ਜਾਇਆ ਕਰਨਗੇ। ਮੇਰੀ ਜਾਣੇ ਬਲਾ। ਭਾਅ ਉਨ੍ਹਾਂ ਨੇ ਮੈਨੂੰ ਭੇਚਲ ਕੇ ਏਨੀ ਸਫਾਈ ਨਾਲ ਘਰੋਂ ਬਾਹਰ ਕੀਤਾ, ਕੋਈ ਬੰਦਾ ਸੁਫਨੇ ਵਿਚ ਵੀ ਨਈਂ ਸੋਚ ਸਕਦਾ। ਕਹਾਣੀ ਤਾਂ ਲੰਮੀ ਆਂ, ਮੁੱਕਦੀ ਗੱਲ ਮੇਰਾ ਭਰਾ ਕਾਰਪੋਰੇਸ਼ਨ ਵੀ ਦੱਬ ਗਿਆ, ਮਗਰੋਂ ਪਤਾ ਲੱਗਾ ਜਿਹੜੀ ਜਮੀਨ ਅਸੀਂ ਸਾਂਝੇ ਪੈਸੇ ਪਾ ਕੇ ਖਰੀਦੀ ਸੀ, ਉਹ ਵੀ ਭਾਪੇ ਦੇ ਨਾਂ ਨਈਂ, ਆਪਣੇ ਨਾਂ ਈ ਲਵਾਉਂਦਾ ਰਿਹਾ। ਮੈਂ ਫੇਰ ਕਦੇ ਕਿਸੇ ਨਾਲ ਤੇ ਕਦੇ ਕਿਸੇ ਨਾਲ ਗੱਡੀ ਚਲਾਉਣ ਜੋਗਾ ਰਹਿ ਗਿਆ।”
“ਮੈਂ ਕਾਰਪੋਰੇਸ਼ਨ ਵਿਚ ਅੱਧ ਦਾ ਮਾਲਕ ਸਮਝਦਾ ਸੀ ਆਪਣੇ ਆਪ ਨੂੰ, ਭਾਅ ਮੇਰੇ ਕੋਲੋਂ ਕਿਸੇ ਨਾਲ ਚੱਜ ਨਾਲ ਗੱਡੀ ਚੱਲੀ ਈ ਨਾ। ਕਈ ਯਾਰ ਦੋਸਤ ਵਿਚ ਪਾਏ, ਪਤਾ ਨਹੀਂ ਕਿਹੜੀ ਨਾਂਹ ਦੀ ਗੰਢ੍ਹ ਓਨੇ ਦਿਲ ‘ਚ ਬੰਨ੍ਹ ਲਈ ਸੀ। ਮੰਨਿਆ ਈ ਨਹੀਂ। ਫਿਰ ਵੀ ਜਿੱਦਾਂ ਬੰਦੇ ਨੂੰ ਆਸ ਜਿਹੀ ਹੁੰਦੀ ਐ, ਮੈਨੂੰ ਲੱਗਦਾ ਸੀ, ਅੱਜ ਮੁੜ ਪਊ, ਅੱਜ ਮੁੜ ਪਊ, ਏਨਾ ਵੱਡਾ ਧੋਖਾ ਦੇਣਾ ਕਿਹੜਾ ਸੌਖੈ। ਕਦੇ ਤਾਂ ਆਤਮਾ ਦੇ ਸ਼ੀਸ਼ੇ ‘ਚ ਉਹਨੂੰ ਆਪਣਾ ਅੰਦਰਲਾ ਕੋਹਝ ਦਿਸੂ ਨਾ! ਪਰ ਕਿੱਥੇæææ। ਪਿੱਛੇ ਜਿਹੇ ਪਤਾ ਲੱਗਾ, ਓਨੇ ਦੋਵੇਂ ਮਡਾਲੀਅਨ ਵੇਚ ਦਿੱਤੇ ਐ, ਇੰਡੀਆਨਾ ਵੱਲ ਜਾ ਕੇ ਪਲਾਜਾ ਲੈ ਲਿਐ। ਮੈਨੂੰ ਉਸ ਦਿਨ ਤੋਂ ਬਾਅਦ ਨੀਂਦ ਨਾ ਆਈ। ਮੈਂ ਜਿੱਦਾਂ ਕਮਲਾ ਹੋ ਗਿਆ। ਭਾਅ, ਮੇਰੇ ਦਿਮਾਗ ਵਿਚ ਕੀ ਕੀ ਨਈਂ ਆਇਆ ਫਿਰ। ਕਦੇ ਸੋਚਾਂ ਜਿਸ ਬਿਲਡਿੰਗ ਵਿਚ ਉਹ ਰਹਿੰਦੇ ਐ, ਉਹਨੂੰ ਅੱਗ ਲਾ ਦਿਆਂ। ਕਦੇ ਦਿਲ ਕਰੇ ਭਰਾ ਨੂੰ ਚਾਕੂ ਨਾਲ ਮਾਰ ਦਿਆਂ। ਫਿਰ ਸੋਚਿਆ ਜਦੋਂ ਕਦੇ ਇੰਡੀਆ ਗਿਆ, ਉਥੇ ਮਰਵਾ ਦਊਂ। ਸੁਫਨੇ ਵਿਚ ਕਈ ਵਾਰ ਮੈਂ ਉਹਦੀ ਕੈਬ ‘ਤੇ ਟਰੱਕ ਚਾੜ੍ਹਿਐ। ਬੰਦੇ ਦੇ ਅੰਦਰ ਆਖਿਰ ਕਿਹੜਾ ਕਾਰਖਾਨਾ ਲੱਗਿਆ ਹੋਇਐ, ਜਿੱਥੇ ਕਦੇ ਮੋਹ-ਮੁਹੱਬਤ ਦਾ ਸਾਮਾਨ ਬਣਨ ਲੱਗ ਪੈਂਦੈ, ਕਦੇ ਲਾਲਚ ਦਾ, ਕਦੇ ਨਫਰਤ ਦਾ।”
ਉਸ ਨੇ ਡੂੰਘਾ ਸਾਹ ਲਿਆ, “ਬੰਦਾ ਕਿਉਂ ਕਿਸੇ ਨਾਲ ਧੋਖਾ ਕਰਨ ਦੀ ਸੋਚਦੈ? ਬੰਦਾ ਕਿਉਂ ਕਿਸੇ ਦਾ ਕਤਲ ਕਰਨ ਦੀ ਸੋਚਦੈ? ਕਈ ਵਾਰੀ ਆਪਾਂ ਕਹਿੰਨੇ ਆਂ ਬਈ ਗੁਨਾਹਗਾਰ ਸਿਸਟਮ ਦੀ ਦੇਣ ਹੁੰਦੈ। ਹੁੰਦਾ ਹੋਊ, ਪਰ ਮੇਰਾ ਭਰਾ ਕਿਹੜੇ ਸਿਸਟਮ ਦਾ ਸ਼ਿਕਾਰ ਹੋਇਆ? ਮੇਰੇ ਅਰਗਾ ਬੰਦਾ, ਸਵਾਰੀ ਦਾ ਹੱਥ ਚੁੱਕਣ ਦਾ ਅੰਦਾਜ਼ ਦੇਖ ਕੇ ਅੰਦਾਜ਼ਾ ਲਾਉਣ ਵਾਲਾ ਬਈ ਇਹ ਪੈਸੇ ਦੇਣ ਵਾਲੀ ਐ ਕਿ ਦੌੜ ਜਾਣ ਵਾਲੀ ਐ, ਆਪਣੇ ਭਰਾ ਤੋਂ ਧੋਖਾ ਕਿੱਦਾਂ ਖਾ ਗਿਆ? ਕਦੇ ਕਦੇ ਭਾਅ ਮੈਨੂੰ ਮੇਰਾ ਭਰਾ ਗੁਨਾਹਗਾਰ ਨਈਂ ਜਾਪਦਾ, ਮੈਨੂੰ ਆਪਣਾ ਆਪ ਈ ਗੁਨਾਹਗਾਰ ਜਾਪਦਾ। ਸ਼ਾਇਦ ਮੈਂ ਹੀ ਕਿਤੇ ਨਾ ਕਿਤੇ ਕਮੀਨਾ ਹੋ ਗਿਆ ਹੋਵਾਂ, ਜਿਹਦਾ ਬਦਲਾ ਮੇਰੇ ਭਰਾ ਨੇ ਲਿਐ। ਕੁਛ ਸਮਝ ਨਈਂ ਆਉਂਦੀ। ਕਈ ਵਾਰ ਤਾਂ ਮੈਨੂੰ ਲੱਗਦੈ ਬਈ ਇਹ ਗੱਲਾਂ ਬਾਹਰੀ ਸਿਸਟਮ ਨਾਲੋਂ ਵੱਧ ਅੰਦਰਲੇ ਸਿਸਟਮ ਦੀਆਂ ਨੇ। ਬੰਦੇ ਦੇ ਅੰਦਰ ਵੀ ਤਾਂ ਕੋਈ ਸਿਸਟਮ ਹੁੰਦੈ, ਜਿਹੜੇ ਬਾਹਰਲੇ ਸਿਸਟਮ ਨਾਲੋਂ ਵੱਧ ਪਰਚੰਡ ਹੁੰਦਾ ਹੋਊ। ਜਿੰਨਾ ਸੋਚਦੇ ਜਾਓ ਬੰਦਾ ਇਸ ਅੰਦਰਲੇ-ਬਾਹਰਲੇ ਸਿਸਟਮ ਦੇ ਜੰਗਲ ਵਿਚ ਗੁਆਚੀ ਜਾਂਦੈ।”
ਉਹ ਚੁੱਪ ਕਰ ਗਿਆ। ਉਸ ਨੇ ਠੰਢੀ ਹੋ ਰਹੀ ਚਾਹ ਦਾ ਘੁੱਟ ਭਰਿਆ। ਫਿਰ ਚੋਰੀ ਅੱਖ ਨਾਲ ਮੇਰੀ ਪਤਨੀ ਵੱਲ ਦੇਖਿਆ। ਅੱਖਾਂ ‘ਚ ਹਯਾ ਦਾ ਪਰਦਾ ਤਾਣ ਕੇ ਬੋਲਿਆ, “ਭਾਅ ਤੈਨੂੰ ਤਾਂ ਪਤਾ ਈ ਐ, ਰੋਜ਼ਵੈਲਟ ਐਵਿਨਿਊ ‘ਤੇæææ। ਛੜੇ-ਮਲੰਗ ਮੁੰਡੇ ਕੀ ਕੀ ਨਈਂ ਕਰਨ ਜਾਂਦੇ ਰਾਤਾਂ ਨੂੰ? ਪਰ ਮੈਂ ਅੱਤ ਦੀ ਗਰੀਬੀ ਦੇਖੀ ਸੀ, ਇੱਕੋ ਧੁਨ ਸੀ ਪਈ ਘਰ ਦੀ ਤਸਵੀਰ ਬਦਲ ਦੇਣੀ ਐਂ। ਮੈਂ ਇਕ ਤਰ੍ਹਾਂ ਨਾਲ ਤਪੱਸਿਆ ਕੀਤੀ ਸੀ। ਆਲੇ-ਦੁਆਲੇ ਅੱਖ ਭਰ ਕੇ ਵੀ ਨਹੀਂ ਸੀ ਦੇਖਿਆ। ਮਿਹਨਤ ਦਾ ਛਿਲਾ ਕੱਟਦਿਆਂ ਗਰਮੀਆਂ ਦੀ ਅੱਗ ਤੇ ਸਿਆਲਾਂ ਦੀ ਸਨੋਅ ਸਮਝ ਲੈ ਰੂਹ ‘ਤੇ ਕੱਟੀ ਐ। ਨਾ ਭੁੱਖ ਦੇਖੀ ਨਾ ਪਿਆਸ। ਮਨ ਮਾਰ ਕੇ ਕੰਮ ਕੀਤਾ। ਨਿੱਕੇ ਹੁੰਦੇ ਸੁਣਦੇ ਸਾਂ ਬਈ ਫਲਾਨੇ ਸਾਧ ਦੀ ਤਪੱਸਿਆ ਭੰਗ ਹੋ ਗਈ ਸੀ, ਉਹ ਕਮਲਾ ਹੋ ਗਿਆ। ਭਾਅ ਤੂੰ ਮੰਨ ਭਾਵੇਂ ਨਾ ਮੰਨ। ਜਦੋਂ ਤਪੱਸਿਆ ਭੰਗ ਹੁੰਦੀ ਐ ਨਾ, ਬੰਦਾ ਪਾਗਲ ਤਾਂ ਹੋ ਈ ਜਾਂਦੈ। ਜਦੋਂ ਮੈਨੂੰ ਪਤਾ ਲੱਗਾ ਬਈ ਛੋਟੇ ਨੇ ਕਾਰਪੋਰੇਸ਼ਨ ਵੇਚ ਦਿੱਤੀ ਐ ਤਾਂ ਮੈਨੂੰ ਲੱਗਾ ਮੇਰੀ ਤਪੱਸਿਆ, ਛੋਟੇ ਦੇ ਲਾਲਚ ਦੇ ਪਰੇਤ ਨੇ ਅੱਧ ‘ਚੋਂ ਈ ਆਣ ਭੰਗ ਕੀਤੀ ਐ।” ਉਸ ਦਾ ਚਿਹਰਾ ਬੜਾ ਗੰਭੀਰ ਹੋ ਗਿਆ।
“ਪੂਰਾ ਹਫਤਾ ਮੈਂ ਨਈਂ ਸੁੱਤਾ। ਡੌਰ-ਭੌਰ ਅੰਦਰ ਪਿਆ ਛੱਤ ਵੱਲ ਦੇਖਦਾ ਰਹਿੰਦਾ। ਮੈਨੂੰ ਕਿਸੇ ਨਾਲ ਮੋਹ ਨਾ ਰਿਹਾ। ਮੇਰਾ ਤਾਂ ਜਿੱਦਾਂ ਬਿਸ਼ਬਾਸ਼ ਈ ਉੜ ਗਿਆ। ਸਿਦਕ ਤੇ ਮਿਹਨਤ ਦੀ ਮੂਰਤ ਆਪਣੀ ਘਰਆਲੀ ਬਾਰੇ ਮੈਨੂੰ ਮਾੜੇ ਮਾੜੇ ਖਿਆਲ ਆਉਣ ਲੱਗੇ। ਮਾਂ-ਪਿਉ ਧੋਖੇਬਾਜ ਜਿਹੇ ਲੱਗਣ ਲੱਗੇ। ਕੀ ਦੱਸਾਂ ਭਾਅ ਮੈਨੂੰ ਤਾਂ ਆਪਣਾ ਮੁੰਡਾ ਵੀ ਆਪਣਾ ਨਾ ਲੱਗਾ।” ਉਹ ਉਦਾਸ ਜਿਹਾ ਹੋ ਗਿਆ।
“ਇਕ ਦਿਨ ਪਤਾ ਨਈਂ ਮਨ ‘ਚ ਕੀ ਆਈ। ਮੈਂ ਸਵੇਰੇ ਉਠਿਆ। ਓਦਾਂ ਹੀ ਪੈਂਟ-ਕਮੀਜ ਜਿਹੜੀ ਪਾ ਕੇ ਲੰਮਾ ਪਿਆ ਸੀ, ਤੁਰ ਪਿਆ। ਪਹਿਲਾਂ ਬੱਸ ਫੜ੍ਹੀ। ਫਿਰ ਟਰੇਨ। ਕੁਈਨਜ਼ ਪਲਾਜਾ ਉਤਰਿਆ। ਦਿਲ ਜੀਣ ਨੂੰ ਕਰਦਾ ਈ ਨਈਂ ਸੀ। ਸ਼ਾਇਦ ਡੁੱਬ ਕੇ ਮਰਨ ਦੀ ਮੈਂ ਧਾਰ ਕੇ ਆਇਆ ਸੀ। ਈਸਟ ਰਿਵਰ ਦੇ ਕੰਢੇ ਕੰਢੇ ਪਾਗਲਾਂ ਵਾਂਗ ਤੁਰਿਆ ਗਿਆ। ਖੱਬੇ ਬੰਨੇ ਸ਼ਹਿਰ ਦੀਆਂ ਉਚੀਆਂ ਉਚੀਆਂ ਇਮਾਰਤਾਂ ਦੇ ਸ਼ੀਸ਼ਿਆਂ ਨਾਲ ਵੱਜ ਕੇ ਆਉਂਦੀ ਧੁੱਪ, ਜਿੱਦਾਂ ਮੈਨੂੰ ਲੂਹਣ ਨੂੰ ਈ ਆ ਰਹੀ ਸੀ, ਅੱਗ ਦੇ ਤੀਰ ਬਰਸਾਉਂਦੀ। ਸ਼ਹਿਰ ਮੈਨੂੰ ਬੀਆਬਾਨ ਜਿਹਾ ਲੱਗਾ। ਨਦੀ ਦੇ ਕੰਢੇ ਲੋਕ ਸੈਰ ਕਰ ਰਹੇ ਸਨ। ਕੋਈ ਦੌੜ ਲਾ ਰਿਹਾ ਸੀ, ਕੋਈ ਰੁੱਖਾਂ ਥੱਲੇ ਪਿਆ ਸੀ। ਮੈਨੂੰ ਲੱਗਾ ਸਾਰੇ ਕੋਈ ਨਾ ਕੋਈ ਸਾਜਿਸ਼ ਘੜਨ ਡਹੇ ਨੇ, ਆਪਣੇ ਭੈਣਾਂ-ਭਰਾਵਾਂ ਦੇ ਖਿਲਾਫ। ਫੁੱਲਾਂ ਨਾਲ ਭਰੇ ਹੋਏ ਰੁੱਖ ਮੈਨੂੰ ਲੱਗੇ, ਜਿੱਦਾਂ ਕਬਰਾਂ ‘ਤੇ ਉਗੇ ਹੋਏ ਹੁੰਦੇ ਐ। ਮੈਂ ਖਾਲੀ ਜਿਹੀ ਥਾਂ ਦੇਖੀ। ਇਕ ਰੁੱਖ ਦੇਖਿਆ, ਕੁੱਬ ਨਿਕਲਿਆ ਹੋਇਆ। ਸ਼ਰਬਤੀ ਫੁੱਲਾਂ ਨਾਲ ਭਰਿਆ ਹੋਇਆ। ਏਨਾ ਉਲਰਿਆ ਹੋਇਆ, ਜਿੱਦਾਂ ਆਤਮ-ਹੱਤਿਆ ਕਰਨ ਲਈ ਨਦੀ ਵਿਚ ਛਾਲ ਮਾਰ ਰਿਹਾ ਹੁੰਦਾ। ਮੈਂ ਉਦ੍ਹੇ ਕੋਲ ਖਲੋ ਗਿਆ। ਫਿਰ ਬਹਿ ਗਿਆ। ਕਹਿੰਦੇ ਪਾਣੀ ਜੀਊ ਹੁੰਦੈ। ਪਰ ਮੈਂ ਤਾਂæææ।” ਉਹ ਇਕ ਪਲ ਰੁਕਿਆ, ਜਿਵੇਂ ਹਫ ਗਿਆ ਹੋਵੇ।
“ਮੈਨੂੰ ਸਮਝ ਈ ਨਈਂ ਸੀ ਆ ਰਹੀ। ਸਾਰਾ ਕੁਝ ਜਿੱਦਾਂ ਸੁਪਨਾ ਜਿਹਾ ਲੱਗਦਾ ਸੀ। ਆਲਾ ਦੁਆਲਾ ਓਪਰਾ ਓਪਰਾ। ਮੈਂ ਸੋਚੀਂ ਪੈ ਗਿਆ। ਡੁੱਬਣ ਬਾਰੇ ਸੋਚਣ ਲੱਗਾ। ਇਕ ਵਾਰੀ ਨਿੱਕੇ ਹੁੰਦੇ ਦੇ ਚਲ੍ਹੇ ਵਿਚ ਨਹਾਉਂਦੇ ਦੇ ਨੱਕ ਵਿਚ ਪਾਣੀ ਪੈ ਗਿਆ ਸੀ। ਕਿੰਨਾ ਚਿਰ ਅੱਖਾਂ ਦੇ ਗੱਭੇ, ਨੱਕ ‘ਚ ਕੰਡੇ ਚੁੱਭਦੇ ਰਹੇ। ਮੈਂ ਸੋਚਣ ਲੱਗਾ, ਜਦੋਂ ਮੈਂ ਡੁੱਬਦਾ ਹੋਊਂਗਾ ਕੀ ਸੋਚੂੰਗਾ? ਬਚਣ ਲਈ ਹੱਥ ਪੈਰ ਮਾਰੂੰ ਕਿ ਆਰਾਮ ਨਾਲ ਜਾਨ ਨਿਕਲਣ ਦੇਊਂ? ਲਾਸ਼ ਰੁੜ ਜਾਊ ਕਿ ਫੁੱਲ ਕੇ ਤਰਨ ਲੱਗੂ। ਖਿਆਲਾਂ ਵਿਚ ਹੀ ਮੈਂ ਆਪਣੀ ਪਤਨੀ ਨੂੰ ਪਿਟਦਿਆਂ ਤੇ ਮੁੰਡੇ ਨੂੰ ਵਿਲਕਦਿਆਂ ਦੇਖਿਆ। ਮੈਂ ਸੋਚਣ ਲੱਗਾ-ਬੰਦਾ ਖੁਦਕੁਸ਼ੀ ਕਿਉਂ ਕਰਦਾ ਹੋਊ? ਕੋਈ ਅਗਲਾ ਜਨਮ ਹੁੰਦਾ ਹੋਊ ਕਿ ਨਾ। ਕਦੇ ਮੈਨੂੰ ਆਪਣੀ ਲਾਸ਼ ਤਰਦੀ ਦਿਸਦੀ। ਆਤਮ-ਹੱਤਿਆ ਕਮਜੋਰ ਲੋਕ ਕਰਦੇ ਐ ਕਿ ਬਹਾਦਰ। ਸਰੀਰ ‘ਤੇ ਬੰਬ ਬੰਨ੍ਹ ਕੇ ਚਲਾਉਣ ਵਾਲਿਆਂ ਬਾਰੇ ਮੈਂ ਕਈ ਵਾਰ ਸੋਚਦਾ ਹੁੰਦਾ ਸੀ ਬਈ ਉਹ ਮਰਨ ਤੋਂ ਪਹਿਲਾਂ ਕਿੱਦਾਂ ਸੋਚਦੇ ਹੋਣਗੇ? ਕੀ ਉਨ੍ਹਾਂ ਨੂੰ ਵੀ ਬੰਬ ਦਾ ਧਮਾਕਾ ਸੁਣਦਾ ਹੋਊ? ਕੀ ਉਹ ਏਨੇ ਸਤਾਏ ਹੁੰਦੇ ਐ ਕਿ ਉਨ੍ਹਾਂ ਨੂੰ ਮਰਨਾ ਸੌਖਾ ਲੱਗਦਾ ਹੋਊ? ਕੀ ਮੈਂ ਏਨਾ ਸਤਾਇਆ ਹੋਇਆਂ ਕਿ ਮੈਨੂੰ ਡੁੱਬਣਾ ਸੌਖਾ ਲੱਗਦੈ? ਮੈਂ ਜਿੱਦਾਂ ਆਤਮ-ਹੱਤਿਆ ਬਾਰੇ ਵਿਚਾਰ ਕਰਨ ਲੱਗ ਪਿਆ।”
ਉਸ ਨੇ ਸੱਜੇ ਹੱਥ ਨਾਲ ਬਿਸਕੁਟ ਚੁੱਕ ਕੇ ਮੂੰਹ ਵਿਚ ਪਾਇਆ। ਅੱਧਾ ਤੋੜਿਆ ਤਾਂ ਚੂਰਾ ਜਿਹਾ ਜੈਕਟ ‘ਤੇ ਕਿਰ ਗਿਆ। ਖੱਬਾ ਹੱਥ ਪੁੱਠਾ ਕਰਕੇ ਉਸ ਨੇ ਜੈਕਟ ਤੋਂ ਚੂਰਾ ਝਾੜਿਆ। ਅਤੀਤ ਦੀ ਟੁੱਟ-ਭੱਜ ਦਾ ਚੂਰਾ ਝਾੜਨ ਲਈ ਉਸ ਨੇ ਡੂੰਘੇ ਸਾਹ ਦਾ ਪੁੱਠਾ ਹੱਥ ਜਿਵੇਂ ਦਿਲ ‘ਤੇ ਫੇਰਿਆ, “ਮੈਨੂੰ ਆਪਣੇ ਪਿੰਡ ਦਾ ਬੀਰਾ ਯਾਦ ਆਇਆ। ਮੇਰੇ ਤੋਂ ਪੰਜ ਕੁ ਸਾਲ ਵੱਡਾ ਸੀ। ਖੂਹ ਸਾਡੇ ਨਾਲ ਨਾਲ ਸੀ। ਇਕ ਦਿਨ ਮੈਨੂੰ ਕਹਿਣ ਲੱਗਾ, ‘ਹਾਲਾਤ ਸਾਹ ਨਈਂ ਲੈਣ ਦਿੰਦੇ। ਸੋਨੇ ਨੂੰ ਹੱਥ ਪਾਵਾਂ ਮਿੱਟੀ ਹੋ ਜਾਂਦੈ। ਫਸਲਬਾੜੀ ‘ਚੋਂ ਬਚਦਾ ਕੁਝ ਨਈਂ। ਬੇਬੇ-ਬਾਪੂ ਵੱਖਰਾ ਚਿੜ-ਚਿੜ ਕਰਦੇ ਰਹਿੰਦੇ ਐ। ਘਰਆਲੀ ਨੇ ਜਿੱਦਾਂ ਵੱਖਰੇ ਹੋਣ ਦਾ ਪਾਠ ਖੋਲ੍ਹਿਆ ਹੁੰਦੈ। ਘਰ ਵੜਨ ਨੂੰ ਜੀਅ ਨਈਂ ਕਰਦਾ। ਜੀਅ ਕਰਦੈ ਗੋਲੀਆਂ ਖਾ ਲਵਾਂ। ਕੀ ਥੁੜ੍ਹਿਆ ਏਹੋ ਜਿਹੀ ਜ਼ਿੰਦਗੀ ਤੋਂ।’ ਮੈਂ ਸਗੋਂ ਉਹਨੂੰ ਮੱਤ ਦਿੱਤੀ ਸੀ, ‘ਦੇਖ, ਮਰਨ ਦਾ ਫੈਸਲਾ ਤਾਂ ਤੂੰ ਕਰ ਈ ਲਿਐ। ਸਮਝ ਲੈ ਤੂੰ ਮਰ ਗਿਆਂ। ਬੰਦਾ ਮਰਨ ਤੋਂ ਈ ਡਰਦੈ। ਮਤਲਬ ਤੈਨੂੰ ਮੌਤ ਦਾ ਕੋਈ ਭੈਅ ਨਹੀਂ। ਤੂੰ ਜੋ ਚਾਹੇਂ ਕਰ ਸਕਦੈਂ।’ ਕੁਝ ਦਿਨਾਂ ਬਾਅਦ ਪਤਾ ਲੱਗਾ ਕਿਸੇ ਏਜੰਟ ਨੇ ਉਹਨੂੰ ਬਾਹਰ ਚੜ੍ਹਾ ਦਿੱਤੈ। ਇਕ ਦਿਨ ਬੀਰੇ ਦੀ ਚਿੱਠੀ ਆਈ। ਲਿਖਿਆ ਸੀ, ‘ਜਿਸ ਕਿਸ਼ਤੀ ‘ਚ ਅਸੀਂ ਜਾ ਰਹੇ ਸੀ, ਕਿਸ਼ਤੀ ਡੁੱਬ ਗਈ। ਤੂੰ ਯਕੀਨ ਨਈਂ ਕਰਨਾ ਪ੍ਰਕਾਸ਼, ਜਦੋਂ ਮੈਂ ਡੁੱਬ ਰਿਹਾ ਸੀ ਤਾਂ ਮੇਰੇ ਕੰਨੀਂ ਤੇਰੇ ਬੋਲ ਪੈਣ ਡਹੇ ਸੀ ਬਈ ਮਰ ਤਾਂ ਚੱਲਿਆਂ ਈ ਐਂ, ਬਚਣ ਦੀ ਕੋਸ਼ਿਸ਼ ਕਰ ਕੇ ਦੇਖ। ਮੇਰੇ ਅੰਦਰ ਪਤਾ ਨਈਂ ਏਨੀ ਤਾਕਤ ਕਿਥੋਂ ਆ ਗਈ। ਮੈਂ ਤਰਨਾ ਸ਼ੁਰੂ ਕਰ ਦਿੱਤਾ। ਕੁਦਰਤੀ ਤਰਦੇ ਤਰਦੇ ਦਾ ਮੇਰਾ ਹੱਥ ਦੁਬਾਰਾ ਸਿੱਧੀ ਹੋਈ ਕਿਸ਼ਤੀ ਨੂੰ ਪੈ ਗਿਆ। ਫਿਰ ਮੈਂ ਇਕ ਹੋਰ ਡੁੱਬਦੇ ਬੰਦੇ ਨੂੰ ਧੂਹ ਕੇ ਕਿਸ਼ਤੀ ਤੱਕ ਲੈ ਆਂਦਾ। ਦਸਾਂ ਬੰਦਿਆਂ ‘ਚੋਂ ਸਿਰਫ ਅਸੀਂ ਦੋ ਹੀ ਬਚੇ ਆਂ। ਭਾਵੇਂ ਹੈ ਤਾਂ ਇਹ ਇਤਫਾਕ ਈ, ਪਰ ਮੈਨੂੰ ਇਹ ਇਤਫਾਕ ਤੋਂ ਪਾਰ ਦੀ ਗੱਲ ਜਾਪਦੀ ਹੈ।’ ਭਾਅ ਮੈਂ ਸੋਚਣ ਲੱਗਾ, ਬੀਰੇ ਨੇ ਕਿੰਨੀ ਜੱਦੋ-ਜਹਿਦ ਕੀਤੀ ਹੋਊ ਕਿਨਾਰੇ ਲੱਗਣ ਨੂੰ। ਰਿਵਰ ਵਿਚ ਡੱਕੇ-ਡੋਲੇ ਖਾਂਦੇ ਪੀਲੇ-ਸੰਤਰੀ ਡਰੰਮ ਮੈਨੂੰ ਲੱਗਾ ਜਿੱਦਾਂ ਡੁੱਬ ਰਹੇ ਬੰਦੇ ਐ, ਜਿਹੜੇ ਕਿਨਾਰੇ ਲੱਗਣ ਲਈ ਜੱਦੋ-ਜਹਿਦ ਕਰ ਰਹੇ ਐ।”
“ਭਾਅ ਠੰਢੀ ਠੰਢੀ ਹਵਾ ਨਾਲ ਮੈਨੂੰ ਸਾਹ ਸੌਖਾ ਜਿਹਾ ਆਉਣ ਲੱਗਾ। ਦੇਖਿਆ, ਜਿਸ ਰੁੱਖ ਕੋਲ ਮੈਂ ਬੈਠਾ ਸੀ, ਉਸ ਦੀਆਂ ਜੜ੍ਹਾਂ ਉਖੜਨ ਉਖੜਨ ਕਰਦੀਆਂ। ਫਿਰ ਵੀ ਫੁੱਲਾਂ ਨਾਲ ਲੱਦਿਆ ਹੋਇਆ। ਮੈਂ ਸੋਚਿਆ, ਯਾਰ ਇਹ ਰੁੱਖ ਪਤਾ ਨਈਂ ਹੁਣ ਡਿਗ ਪਏ ਕਿ ਕੱਲ੍ਹ ਨੂੰ, ਪਰ ਇਹਨੇ ਆਸ ਨਈਂ ਛੱਡੀ, ਕਿੱਦਾਂ ਫੁੱਲਾਂ ਨਾਲ ਭਰਿਆ ਪਿਐ। ਲੱਗਾ ਜਿੱਦਾਂ ਰੁੱਖ ਡੁੱਬ ਨਹੀਂ ਰਿਹਾ, ਨੀਵਾਂ ਹੋ ਹੋ ਕੇ ਨਦੀ ਤੋਂ ਆਬੇ-ਹਯਾਤ ਦੀ ਚੂਲੀ ਭਰਨੀ ਚਾਹੁੰਦੈ। ਹਵਾ ਨਾਲ ਹਿਲਦੀਆਂ ਫੁੱਲਾਂ ਦੀਆਂ ਪੱਤੀਆਂ ਵਾਂਗ ਮੇਰੇ ਦਿਮਾਗ ਵਿਚ ਖਿਆਲਾਂ ਦੀ ਕਿਤਾਬ ਦੇ ਵਰਕੇ ਥੱਲ ਹੋਣ ਲੱਗ ਪਏ। ਮੈਨੂੰ ਯਾਦ ਆਇਆ, ਇਕ ਦਿਨ ਸਵਾਰੀ ਕਿਤਾਬ ਪੜ੍ਹ ਰਹੀ ਸੀ। ਮੈਂ ਪੁੱਛਿਆ, ਕਾਹਦੇ ਬਾਰੇ ਕਿਤਾਬ ਐ। ਕਹਿੰਦੀ, ‘ਇਹ ਇਕ ਡਰਾਈਵਰ ਦੀ ਕਹਾਣੀ ਐ, ਡਰਾਈਵਰ ਨੇ ਜ਼ਿੰਦਗੀ ਦੀ ਫਿਲਾਸਫੀ ਦੱਸੀ ਐ ਬਈ ਗੱਡੀ ਓਸੇ ਪਾਸੇ ਨੂੰ ਜਾਂਦੀ ਐ, ਜਿਸ ਪਾਸੇ ਸਾਡੀ ਨਿਗਾਹ ਹੁੰਦੀ ਐ।’ ਮੈਂ ਸੋਚਿਆ, ਜ਼ਿੰਦਗੀ ਵੀ ਤਾਂ ਗੱਡੀ ਵਾਂਗ ਈ ਐ, ਮਾੜੇ ਪਾਸੇ ਨਿਗਾਹ ਕਰ ਲਉ ਬੰਦਾ ਹਨੇਰੇ ਵਿਚ ਚਲਿਆ ਜਾਂਦੈ, ਚੰਗੇ ਪਾਸੇ ਨਿਗਾਹ ਕਰ ਲਓ ਤਾਂ ਰੌਸ਼ਨੀ ਵੱਲ। ਆਖਰ ਬੰਦੇ ਨੇ ਪਹਿਲਾਂ ਕਦੇ ਨਿਗਾਹ ਚੰਨ ਵੱਲ ਕੀਤੀ ਹੋਊ, ਤਾਂ ਹੀ ਉਥੇ ਪਹੁੰਚਾ। ਕੀ ਪਤਾ ਚੰਨ ‘ਤੇ ਖੜ੍ਹਾ ਹੋ ਕੇ ਬੰਦੇ ਨੇ ਮੰਗਲ ਵੱਲ ਨਿਗਾਹ ਕੀਤੀ ਹੋਵੇ, ਰਾਕਟ ਮੰਗਲ ‘ਤੇ ਪਹੁੰਚ ਗਿਆ। ਮੇਰੇ ਸਾਹਮਣੇ ਜਿੱਦਾਂ ਰਾਹ ਲਿਸ਼ਕਣ ਲੱਗ ਪਿਆ। ਮੈਂ ਦੁਆਲੇ ਨਿਗਾਹ ਘੁੰਮਾਈ। ਖਲਾਅ ਵਿਚ ਲਟਕਦਾ ਕੁਈਨਜ਼ ਬ੍ਰਿਜ ਦੇਖ ਕੇ ਮੈਨੂੰ ਖਿਆਲ ਆਇਆ ਬਈ ਕਿਸੇ ਦੀਆਂ ਅੱਖਾਂ ਨੇ ਇਹ ਸੁਪਨਾ ਵੀ ਤਾਂ ਦੇਖਿਆ ਹੋਊ। ਖਾਲੀ ਥਾਂ ਭਰਨ ਲਈ, ਮਨਹਾਟਨ ਜਾਣ ਲਈ ਏਨਾ ਉਚਾ ਪੁਲ ਬਣਾਉਣ ਦਾ ਖਿਆਲ। ਰਾਮ-ਸੇਤੁ ਵਰਗਾ ਪੁਲ। ਜਿੱਦਾਂ ਸਿਆਣੇ ਕਹਿੰਦੇ ਐ ਪਈ ਦੂਰ-ਅੰਦੇਸ਼ ਨੂੰ ਖੇਤ ‘ਚ ਖੜ੍ਹੇ ਗੰਨੇ ਨਈਂ ਦੀਹਦੇ, ਸ਼ੱਕਰ ਦੇ ਢੇਰ ਨਜ਼ਰ ਆਉਂਦੈ ਐ।”
“ਮੈਂ ਫਿਰ ਨਦੀ ਕਿਨਾਰੇ ਡਿਗੂੰ ਡਿਗੂੰ ਕਰਦੇ ਰੁੱਖ ਵੱਲ ਦੇਖਿਆ, ਕਿੱਦਾਂ ਜ਼ਿੰਦਗੀ ਦਾ ਜਸ਼ਨ ਮਨਾ ਰਿਹਾ ਸੀ। ਭਾਅ ਏਥੇ ਤਾਂ ਪੱਤੇ ਵੀ ਝੜਨ ਲੱਗੇ ਰੰਗ-ਬਰੰਗੇ ਹੋ ਜਾਂਦੇ ਐ ਤੇ ਮੈਂæææ। ਭਲਾ ਮੈਂ ਕੀ ਲੈ ਕੇ ਆਇਆ ਸੀ ਅਮਰੀਕਾ, ਖਾਲੀ ਹੱਥ।”
ਉਸ ਨੇ ਦੋਵੇਂ ਖਾਲੀ ਹੱਥ ਮੇਜ਼ ‘ਤੇ ਵਿਛਾਉਂਦੇ ਹੋਏ ਗੱਲ ਜਾਰੀ ਰੱਖੀ, “ਚਲੋ ਕਾਰਪੋਰੇਸ਼ਨ ਨਾ ਸਹੀ, ਮਡਾਲੀਅਨ ਈ ਸਹੀ। ਮਡਾਲੀਅਨ ਨੂੰ ਹੱਥ ਨਾ ਪਵੇ ਤਾਂ ਲੀਜ਼ ਦੀ ਟੈਕਸੀ ਹੀ ਸਹੀ, ਘੱਟੋ-ਘੱਟ ਆਪਣੇ ਅੰਦਰ ਕੁਛ ਕਰਨ ਦੀ ਤਾਂਘ ਤਾਂ ਜਾਗਦੀ ਰੱਖਾਂ। ਮੈਂ ਅਜੇ ਓਥੇ ਬੈਠਾ ਈ ਸੀ, ਅਚਾਨਕ ਢੋਲ ਦੀ ਆਵਾਜ ਆਈ, ਜਿੱਦਾਂ ਭਾਅ ਗਗਨ ਦਮਾਮਾ ਬਜਿਆ ਹੁੰਦੈ। ਜਿੱਦਾਂ ਮੈਨੂੰ ਕਿਸੇ ਨੇ ਵਾਜ ਮਾਰੀ ਹੁੰਦੀ ਐ। ਮੈਂ ‘ਵਾਜ ਦੀ ਪੈੜ ‘ਤੇ ਤੁਰਿਆ ਗਿਆ। ਮੇਲਾ ਲੱਗਾ ਹੋਇਆ। ਰੰਗ-ਬਰੰਗੇ ਲੋਕ। ਮੈਨੂੰ ਸਾਰਾ ਕੁਝ ਚੰਗਾ ਚੰਗਾ ਲੱਗਣ ਲੱਗਾ। ਸਮਝ ਲੈ ਮੈਂ ਮੌਤ ਵੱਲ ਜਾਂਦੇ ਰਸਤੇ ਤੋਂ ਜ਼ਿੰਦਗੀ ਵੱਲ ਨੂੰ ਕੱਟ ਮਾਰ ਲਿਆ। ਭਾਅ ਆਰਿਫ ਲੁਹਾਰ ਦੇ ਚਿਮਟੇ ਨੇ ਮੇਰੇ ਅੰਦਰੋਂ ਉਦਾਸੀ ਦੇ ਜਾਲੇ ਲਾਹ ਕੇ ਜਿੱਦਾਂ ਆਪਣੀ ਟੁਣਕਾਰ ਨਾਲ ਮੈਨੂੰ ਵਜਦ ਵਿਚ ਲੈ ਆਂਦਾ। ਨਾਲੇ ਈਸਟ ਰਿਵਰ, ਸੋਚ ਤੂੰ ਪੂਰਬ ਵਾਲੇ ਪਾਸਿਓਂ ਸੂਰਜ ਚੜ੍ਹਦੈ, ਡੁੱਬਦਾ ਥੋੜ੍ਹੀ ਐ।”
ਉਸ ਨੇ ਏਨਾ ਲੰਬਾ ਸਾਹ ਅੰਦਰ ਖਿੱਚਿਆ ਤੇ ਫਿਰ ਬਾਹਰ ਸੁੱਟਿਆ, ਜਿੱਦਾਂ ਸਿਰ ‘ਤੋਂ ਭਾਰੀ ਪੰਡ ਸੁੱਟ ਕੇ ਕੋਈ, ਡੂੰਘੇ ਸਾਹ ਨਾਲ ਮਨ ਦਾ ਭਾਰ ਵੀ ਲਾਹ ਦਿੰਦਾ ਹੈ।
“ਵਾਹ!” ਮੇਰੀ ਪਤਨੀ ਨੇ ਤਾੜੀ ਮਾਰੀ, “ਤੇਰੀਆਂ ਗੱਲਾਂ ਤਾਂ ਕਿਸੇ ਨੂੰ ਵੀ ਉਦਾਸੀ ਦੇ ਹਨੇਰੇ ‘ਚੋਂ ਕੱਢ ਸਕਦੀਆਂ। ਤੇਰਾ ਨਾਂ ਈ ਪ੍ਰਕਾਸ਼ ਨਈਂ ਤੂੰ ਤਾਂ ਸੱਚਮੁਚ ਦਾ ਪ੍ਰਕਾਸ਼ ਐਂ।”
ਉਹ ਬਹੁਤ ਜਜ਼ਬਾਤੀ ਹੋ ਗਿਆ ਲੱਗਦਾ ਸੀ। ਉਸ ਦਾ ਚਿਹਰਾ ਭਾਵੁਕਤਾ ਦੀ ਲੋਅ ਨਾਲ ਭਖਣ ਲੱਗ ਪਿਆ, “ਫਿਰ ਭੀੜ ‘ਚ ਮੈਨੂੰ ਭਾਅ ਤੂੰ ਦਿਸ ਪਿਆ। ਭਾਅ ਮੈਨੂੰ ਪਤਾ, ਤੂੰ ਮੇਰੇ ਨਾਲ ਬਹੁਤੀ ਗੱਲ ਕਰਨੀ ਨਈਂ ਚਾਹੁੰਦਾ ਸੀ, ਮੇਰੀ ਸ਼ਕਲ ਤੇ ਕਪੜਾ-ਲੱਤਾ ਈ ਏਦਾਂ ਦਾ ਸੀ, ਪਰ ਮੇਰੇ ਅੰਦਰੋਂ ਆਵਾਜ ਆ ਰਹੀ ਸੀ ਬਈ ਇਹ ਬੰਦਾ ਠੀਕ ਐ, ਗੱਲ ਤੋਰ ਇਦ੍ਹੇ ਨਾਲ।”
ਉਸ ਨੇ ਮੇਰੇ ਵੱਲ ਦੇਖ ਕੇ ਕਿਹਾ, “ਪਹਿਲਾਂ ਮੈਂ ਬਹੁਤ ਛੁੱਟੀਆਂ ਕਰਦਾ ਹੁੰਦਾ ਸੀ, ਜਦੋਂ ਦੀ ਭਰਾ ਨਾਲ ਵਿਗੜੀ ਐ, ਹੋਰ ਕਿਸੇ ਦਿਨ ਤਾਂ ਮੈਂ ਕੰਮ ਭਾਵੇਂ ਨਾ ਕਰਾਂ, ਪਰ ‘ਟਰਕੀ ਡੇਅ’ ਆਲੇ ਦਿਨ ਜਰੂਰ ਕਰਦਾਂ। ਮੈਂ ਜਿੱਦਾਂ ਉਨ੍ਹਾਂ ਲੋਕਾਂ ਨਾਲ ਰਲ ਕੇ ਜਸ਼ਨ ਨਈਂ ਮਨਾ ਸਕਦਾ, ਜਿਨ੍ਹਾਂ ਨੇ ਇਸ ਮੁਲਕ ਦੇ ਮੂਲ ਵਾਸੀਆਂ ਨਾਲ ਧੋਖਾ ਕੀਤਾ, ਉਨ੍ਹਾਂ ਮੂਲ ਵਾਸੀਆਂ ਨਾਲ ਜਿਨ੍ਹਾਂ ਨੇ ਭੁੱਖ, ਬੀਮਾਰੀ ਨਾਲ ਮਰਦੇ ਮਜਬੂਰ ਯਾਤਰੀਆਂ ਦੀ ਤਨੋ-ਮਨੋ ਮਦਦ ਕਰਕੇ ਉਨ੍ਹਾਂ ਦੀ ਜਾਨ ਬਚਾਈ ਸੀ। ਮੇਰੇ ਭਰਾ ਨੇ ਵੀ ਤਾਂ ਮੇਰੇ ਨਾਲ ਉਹੋ ਕੁਝ ਈ ਕੀਤੈ। ਇਕ ਗੱਲ ਕਹਾਂ, ਬੁਰਾ ਤਾਂ ਨਈਂ ਮਨਾਏਂਗਾ?”
“ਮੈਨੂੰ ਪਤਾ ਤੂੰ ਬੁਰਾ ਲੱਗਣ ਵਾਲੀ ਗੱਲ ਕਰਨੀ ਈ ਨਈਂ!” ਮੈਂ ਮੋਹ ਨਾਲ ਕਿਹਾ।
“ਭਾਅ ਮੈਂ ਕਾਰਪੋਰੇਸ਼ਨ ਦਾ ਮਾਲਕ ਰਿਹਾਂ। ਦੋ ਦੋ ਮਡਾਲੀਅਨਾਂ ਦਾ ਮਾਲਕ। ਸਮਝ ਲੈ ਮੈਨੂੰ ਮਾਲਕੀ ਚੜ੍ਹ ਗਈ ਸੀ। ਭਰਾ ਤੋਂ ਵੱਖ ਹੋਣ ਮਗਰੋਂ ਮੈਂ ਕਿਸੇ ਨਾਲ ਟਿਕ ਕੇ ਟੈਕਸੀ ਨਈਂ ਚਲਾ ਸਕਿਆ। ਅਗਲੇ ਨੇ ਮਾੜੀ ਜਿਹੀ ਗੱਲ ਕਹੀ ਨਹੀਂ, ਮੈਂ ਚਾਬੀ ਚੁੱਕ ਕੇ ਉਦ੍ਹੇ ਮੋਹਰੇ ਸੁੱਟੀ ਨਹੀਂ। ਮਾਲਕ ਤੋਂ ਬਾਅਦ ਨੌਕਰ ਬਣਨਾ ਬੜਾ ਔਖਾ ਈ ਭਾਅ। ਇਹ ਦਿਨ ਤਾਂ ਵੈਰੀ-ਦੁਸ਼ਮਣ ਨੂੰ ਵੀ ਦੇਖਣੇ ਨਸੀਬ ਨਾ ਹੋਣ। ਤੇਰੇ ਨਾਲ ਏਨਾ ਚਿਰ ਮੈਂ ਤਾਂ ਕੱਢ ਗਿਆਂ ਭਾਅæææ।” ਉਹ ਕੁਝ ਦੇਰ ਰੁਕਿਆ। ਉਸ ਨੇ ਕੂਹਣੀਆਂ ਮੇਜ਼ ‘ਤੇ ਰੱਖ ਲਈਆਂ। ਦੋਹਾਂ ਹੱਥਾਂ ਵਿਚ ਸਿਰ ਫੜ੍ਹ ਕੇ ਨੀਵੀਂ ਪਾ ਲਈ, “ਭਾਅ ਅਸਲ ਵਿਚ ਮੈਂ ਇਹ ਨਈਂ ਸਮਝਦਾ, ਤੂੰ ਮੈਨੂੰ ਦਿਨ ਦਾ ਡਰਾਈਵਰ ਰੱਖਿਆ ਹੋਇਐ, ਮੈਂ ਸਮਝਦਾਂ ਮੈਂ ਤੈਨੂੰ ਰਾਤ ਦਾ ਡਰਾਈਵਰ ਰੱਖਿਆ ਹੋਇਐ।” ਉਹ ਚੁੱਪ ਕਰ ਗਿਆ। ਕੁਝ ਦੇਰ ਬਾਅਦ ਉਸ ਦੇ ਮੋਢੇ ਥਿਰਕਣ ਲੱਗੇ, ਜਿਵੇਂ ਹੱਸਦੇ ਬੰਦੇ ਦੇ ਥਿਰਕਦੇ ਹਨ, ਪਰ ਪਲ ਕੁ ਬਾਅਦ ਪਤਾ ਲੱਗਾ ਉਹ ਤਾਂ ਡੁਸਕ ਰਿਹਾ ਸੀ।
ਮੈਂ ਉਸ ਦੀ ਪਿੱਠ ਥਾਪੜੀ, “ਪ੍ਰਕਾਸ਼, ਤੂੰ ਈ ਮਾਲਕ ਐਂ। ਕਮਲਿਆ ਆਪਣੀ ਤਾਂ ਗੱਡੀ ਦਾ ਨੰਬਰ ਈ ਬਾਬੇ ਨਾਨਕ ਵਾਲੈ ‘ਤੇਰਾਂ’, ਇਹ ‘ਤੇਰਾਂ’ ਨਈਂ ‘ਤੇਰਾ’ ਈ ਐ।”
ਉਸ ਨੇ ਸਿਰ ਉਤਾਂਹ ਚੁੱਕਿਆ। ਨੈਪਕਿਨ ਨਾਲ ਹੰਝੂ ਪੂੰਝੇ। ਨੱਕ ਰਾਹੀਂ ਹਲਕੇ ਹਲਕੇ ਸਾਹ ਅੰਦਰ ਨੂੰ ਖਿੱਚ ਕੇ ਨੱਕ ਸਾਫ ਕੀਤਾ।
ਦੂਜੀ ਵਾਰ ਭਰਿਆ ਚਾਹ ਦਾ ਕੱਪ, ਅੱਧਾ ਛੱਡ ਕੇ ਉਹ ਉਠ ਪਿਆ। ਉਸ ਨੇ ਲੰਬੇ ਲੰਬੇ ਸਾਹ ਲੈ ਕੇ ਆਪਣੇ ਆਪ ਨੂੰ ਸਥਿਰ ਕੀਤਾ ਤੇ ਝੋਲਾ ਚੁੱਕਿਆ, “ਮੂਡ ਈ ਖਰਾਬ ਹੋ ਗਿਆ ਭਾਅ। ਹੁਣ ਨਈਂ ਕੰਮ ‘ਤੇ ਜਾਣ ਨੂੰ ਜੀਅ ਕਰਦਾ। ਅੱਜ ਸ਼ਹਿਰ ਕੀ ਹੋਣਾ। ਸਾਰਿਆਂ ਨੇ ਅੰਦਰ ਵੜੇ ਰਹਿਣਾ। ਨਾਲੇ ਭੁੰਨੀ ਟਰਕੀ ਨਾਲ ਭਰੀਆਂ ਟਰੇਆਂ ਵਾਲੇ ਲੋਕਾਂ ਅੱਲ ਦੇਖ ਕੇ, ਮੈਨੂੰ ਲੱਗਣਾ, ਜਿੱਦਾਂ ਮੈਨੂੰ ਈ ਭੁੰਨ ਕੇ ਟਰੇਅ ਵਿਚ ਪਾਇਆ ਹੋਇਐ।”
ਪੈਰੀਂ ਜੁੱਤੀ ਫਸਾ ਕੇ ਉਹ ਤੁਰ ਪਿਆ। ਸਾਡੇ ਰੋਕਣ ‘ਤੇ ਵੀ ਨਾ ਰੁਕਿਆ ਤੇ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲ ਗਿਆ। ਮੈਂ ਵੀ ਉਸ ਨੂੰ ਤੁਰੇ ਜਾਂਦੇ ਨੂੰ ਦੇਖਦਾ ਰਿਹਾ। ਉਹ ਡਰਾਈਵ-ਵੇਅ ‘ਚ ਖੜ੍ਹੀ ਕੈਬ ਵੱਲ ਦੇਖੇ ਬਿਨਾ ਹੀ ਕੋਲ ਦੀ ਲੰਘ ਗਿਆ।
“ਬਾਹਲਾ ਈ ਟੁੱਟ ਗਿਐ।” ਮੈਂ ਅੰਦਰ ਮੁੜਦੇ ਹੋਏ ਆਖਿਆ।
“ਆਖਿਰ ਬੰਦਾ ਈ ਐ, ਹਿੰਮਤ ਹਾਰ ਈ ਜਾਂਦੈ।” ਮੇਰੀ ਪਤਨੀ ਭਾਂਡੇ ਸਮੇਟਦੀ ਬੋਲੀ, “ਚਲੋ ਆਪਾਂ ਪੱਤੇ ‘ਕੱਠੇ ਕਰ ਲਈਏ।”
ਮੈਂ ਝਾੜੂ ਅਤੇ ਤੰਗਲੀ ਚੁੱਕੀ ਬੈਕ ਯਾਰਡ ਵੱਲ ਨੂੰ ਜਾ ਹੀ ਰਿਹਾ ਸੀ, ਸੂਰਜ ਅੱਗੇ ਆਈ ਬੱਦਲੀ ਪਰ੍ਹਾਂ ਹੱਟ ਗਈ ਸੀ। ਧੁੱਪ ਦੀ ਚਮਕੀਲੀ ਚਾਦਰ ਹੰਸ ਦੇ ਸਫੈਦ ਖੰਭਾਂ ਵਾਂਗ ਫੈਲ ਗਈ। ਸੁੱਕੇ ਪੱਤਿਆਂ ਦੀ ਚੁਰ ਚੁਰ ਸੁਣ ਕੇ ਮੈਂ ਬੈਕ ਯਾਰਡ ਵੱਲ ਜਾਂਦੇ ਜਾਂਦੇ ਨੇ ਪਿਛਾਂਹ ਮੁੜ ਕੇ ਦੇਖਿਆ, ਪ੍ਰਕਾਸ਼ ਪਾਣੀ ਦੀ ਬੋਤਲ ਝੋਲੇ ਵਿਚ ਪਾ ਕੇ ਜੇਬ ਟਟੋਲ ਰਿਹਾ ਸੀ। ਜਦੋਂ ਜੇਬ ਵਿਚੋਂ ਚਾਬੀ ਕੱਢ ਕੇ ਗੱਡੀ ਦਾ ਦਰਵਾਜ਼ਾ ਖੋਲ੍ਹਣ ਲੱਗਾ ਤਾਂ ਮੇਰੇ ਨਾਲ ਉਸ ਦੀਆਂ ਨਜ਼ਰਾਂ ਮਿਲ ਗਈਆਂ। ਉਸ ਦੇ ਬੋਲ ਲਿਸ਼ਕੇ, “ਭਾਅ ਮੈਂ ਜਾ ਈ ਆਉਨਾ, ਸ਼ਹਿਰ ਕੰਮ ਤਾਂ ਬਥੇਰਾ ਹੋਣਾ।”
ਤਾਜ਼ਾ-ਤਾਜ਼ਾ ਧੋਤਾ ਪ੍ਰਕਾਸ਼ ਦਾ ਚਿਹਰਾ ਇਸ ਤਰ੍ਹਾਂ ਦਗ ਦਗ ਕਰ ਰਿਹਾ ਸੀ ਜਿਵੇਂ ਸੂਰਜ ਨੇ ਆਪਣੀ ਨਿਗਾਹ ਉਸ ਦੇ ਚਿਹਰੇ ‘ਤੇ ਟਿਕਾ ਦਿੱਤੀ ਹੋਵੇ।