ਚਮਨ ਚਹਿਕਦਾ ਰਹੇ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਦੇ ਸ਼ੁਦਾਈ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਘਰ ਦੀਆਂ ਨਿਆਮਤਾਂ ਦੀ ਵਾਰਤਾ ਸੁਣਾ ਚੁਕੇ ਹਨ ਕਿ ਘਰ ਦਾ ਕੇਂਦਰ ਮਾਂ ਹੁੰਦੀ ਹੈ, ਬੁਢਾਪਾ ਉਹ ਅਵਸਥਾ ਏ ਜਦੋਂ ਜ਼ਿੰਦਗੀ, ਸਰੀਰਕ ਸਮਰੱਥਾ ਤੋਂ ਆਤਮਿਕ ਸੰਤੁਸ਼ਟੀ ਅਤੇ ਸਕੂਨ ਦੇ ਸਫਰ ਦੀ ਹਮਰਾਜ਼ ਬਣਦੀ ਏ।

ਧੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਡਾæ ਭੰਡਾਲ ਦਾ ਸਵਾਲ ਸੀ, ਜੇ ਧੀਆਂ ਨਾ ਹੁੰਦੀਆਂ ਤਾਂ ਕੀ ਮਨੁੱਖ ਦੀ ਹੋਂਦ ਸੰਭਵ ਹੁੰਦੀ? ਵਿਛੋੜੇ ਦੇ ਸੱਲ੍ਹ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਵਿਛੋੜਾ ਕੋਈ ਵੀ ਹੋਵੇ, ਵਿਛੋੜਾ ਹੀ ਹੁੰਦਾ ਏ। ‘ਕੱਲੀ ਕੂੰਜ ਵਿਛੜ ਗਈ ਡਾਰੋਂ’ ਦਾ ਦਰਦ। ਉਨ੍ਹਾਂ ਅਜੋਕੇ ਸਮਿਆਂ ਵਿਚ ਰਿਸ਼ਤਿਆਂ ਦੀ ਟੁੱਟ-ਭੱਜ ‘ਤੇ ਗਿਲ੍ਹਾ ਕੀਤਾ ਸੀ ਕਿ ਕੇਹੇ ਵਕਤ ਆ ਗਏ ਨੇ, ਅਸੀਂ ਖੁਸ਼ੀ ਦੇ ਪਲ ਸਾਂਝੇ ਕਰਨਾ ਵੀ ਮੁਨਾਸਬ ਨਹੀਂ ਸਮਝਦੇ ਜਦ ਕਿ ਖੁਸ਼ੀ ਵੰਡਿਆਂ ਦੂਣ ਸਵਾਈ ਹੁੰਦੀ ਏ। ਪਿਛਲੇ ਲੇਖ ਵਿਚ ਡਾæ ਭੰਡਾਲ ਨੇ ਅਜੋਕੇ ਯੁਗ ਵਿਚ ਪੰਜਾਬ ਦੇ ਵਾਤਾਵਰਣ, ਸਮਾਜਕ ਕਦਰਾਂ-ਕੀਮਤਾਂ, ਮਨੁੱਖੀ ਰਿਸ਼ਤਿਆਂ ਤੇ ਜ਼ਿੰਦਗੀ ਦੇ ਹਰ ਮੁਰਾਤਬੇ ਵਿਚ ਆਈ ਮਲੀਨਤਾ ਦੀ ਗੱਲ ਕਰਦਿਆਂ ਸਵਾਲ ਖੜ੍ਹਾ ਕੀਤਾ ਸੀ ਕਿ ਦੁਨੀਆਂ ਨੂੰ ਸੰਗੀਤ ਦੇਣ ਵਾਲੇ ਜਦੋਂ ਸ਼ੋਰ ‘ਚ ਡੁੱਬ ਜਾਣ ਤਾਂ ਅਸੀਂ ਕਿਹੜੇ ਦਮਗਜ਼ਿਆਂ ਦੇ ਵਾਰਸ ਕਹਿਲਾਉਣ ਦੀ ਹਾਮੀ ਭਰਾਂਗੇ? ਹਥਲੇ ਲੇਖ ਵਿਚ ਉਨ੍ਹਾਂ ਚਮਨ ‘ਤੇ ਆਈ ਬਹਾਰ ਅਤੇ ਪੱਤਝੜ ਦੀ ਗੱਲ ਕਰਦਿਆਂ ਕਿਹਾ ਹੈ ਕਿ ਚਮਨ ਜਦ ਉਦਾਸ ਹੋ ਜਾਵੇ ਤਾਂ ਮਹਿਕਾਂ ਰੁੱਸ ਜਾਂਦੀਆਂ ਨੇ, ਖੇੜੇ ਵੈਰਾਗੇ ਜਾਂਦੇ ਨੇ। ਭੁੱਲ ਜਾਂਦੀ ਏ ਬਹਾਰਾਂ ਦੀ ਦਸਤਕ। ਚੇਤਿਆਂ ‘ਚੋਂ ਖੁਰ ਜਾਂਦਾ ਏ ਡੋਡੀ ਤੋਂ ਫੁੱਲ ਬਣਨ ਤੀਕ ਦਾ ਸਫਰ। ਅਸਲ ‘ਚ ਉਨ੍ਹਾਂ ਦਾ ਇਸ਼ਾਰਾ ਮਨੁੱਖੀ ਜਜ਼ਬਾਤ ਵੱਲ ਵੀ ਹੈ ਕਿ ਜੇ ਜਜ਼ਬਾਤ ਦੀ ਕਦਰ ਨਾ ਹੋਵੇ ਤਾਂ ਮਨੁੱਖ ਦੀ ਹਾਲਤ ਪੱਤਝੜ ਮਾਰੇ ਚਮਨ ਜਿਹੀ ਹੀ ਹੋ ਜਾਂਦੀ ਹੈ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਦੂਰ ਤੀਕ ਫੈਲਿਆ ਬਾਗ। ਚਾਰੇ ਪਾਸੇ ਛਾਈ ਹੋਈ ਵੀਰਾਨੀ। ਉਦਾਸ ਫਿਜ਼ਾ। ਪੱਤਝੜ ਦੀ ਰੁੱਤ ਦਾ ਪਹਿਰਾ। ਪੀਲੇ ਪੱਤਿਆਂ ਨਾਲ ਢਕੀ ਹੋਈ ਧਰਤ। ਬਿਰਖ ਦੇ ਦੀਦਿਆਂ ‘ਚ ਕਰੂੰਬਲਾਂ ਦੀ ਲੋਚਾ। ਹਰ ਪੌਦੇ ਉਪਰ ਉਕਰੇ ਹੋਏ ਪੀੜਾ ਦੇ ਨਕਸ਼। ਚਮਨ ਨੂੰ ਭੁੱਲ ਚੁਕਾ ਸੰਵਰਨਾ ਤੇ ਸਜਣਾ। ਚਾਰੇ ਪਾਸੇ ਉਪਰਾਮਤਾ ਦਾ ਬੋਲ-ਬਾਲਾ। ਬਹਾਰਾਂ ਮਾਣਨ ਵਾਲੇ ਚਮਨ ਦੀ ਹਿੱਕ ‘ਚ ਧੁਖਦਾ ਸੋਗ ਤੇ ਚਿਰਾਂ ਬਾਅਦ ਸੈਰ ਕਰਨ ਆਏ ਵਿਅਕਤੀ ਦੀ ਤਿੜਕੀ ਸੋਚ ਮੁੱਖ ‘ਤੇ ਉਦਾਸੀ ਚਿਪਕਾ ਗਈ।
ਚਮਨ ਤੇ ਮਨੁੱਖ ਇਕ ਦੂਜੇ ਦੇ ਸਮਰੂਪ। ਇਕ ਦੂਜੇ ਦੀ ਆਸਥਾ। ਇਕ ਦੂਜੇ ਦੇ ਚਾਅ, ਸਦਾਅ, ਦਵਾ ਤੇ ਦੁਆ। ਤੁਹਾਨੂੰ ਜਿੰਨੀ ਚਮਨ ਦੀ ਲੋੜ ਹੁੰਦੀ ਹੈ, ਉਸ ਤੋਂ ਜ਼ਿਆਦਾ ਚਮਨ ਨੂੰ ਤੁਹਾਡੀ ਲੋੜ ਹੁੰਦੀ ਹੈ।
ਜੇ ਮਨੁੱਖ ਹੀ ਮਨੁੱਖ ਦੀ ਮੌਤ ਦਾ ਕਾਰਨ ਬਣ ਜਾਵੇ ਤਾਂ ਚਮਨ ਵੱਲੋਂ ਮਨੁੱਖ ਤੋਂ ਰਹਿਮ ਦੀ ਆਸ ਇਕ ਖੁਸ਼ਫਹਿਮੀ ਹੀ ਹੋ ਸਕਦੀ ਹੈ।
ਚਮਨ, ਚਾਅ ਹੈ ਮਾਨਵਤਾ ਦੇ ਪੈਗਾਮ ਦਾ। ਧਰਮ ਹੈ ਇਨਸਾਨ ਦਾ ਅਤੇ ਹੋਂਦ ਹੈ ਮਨੁੱਖ ਦੀ। ਆਪਣੇ ਹੱਥੀਂ ਆਪਣੇ ਚਮਨ ਦੀ ਬਰਬਾਦੀ ਦਾ ਸਿਰਨਾਵਾਂ ਹੈ-ਸਾਡੀ ਬੇਖੁਦੀ ਦਾ ਬੇਪਰਦ ਹੋਣਾ, ਸਾਡੀ ਸੁਚਾਰੂ ਸੋਚ ਦਾ ਹਉਕੇ ਦੀ ਜੂਨੇ ਪੈਣਾ ਅਤੇ ਆਪਣੇ ਆਪ ਤੀਕ ਸੀਮਤ ਹੋ ਜਾਣਾ।
ਚਮਨ ਦੀ ਚੀਸ ਹੁੰਦੀ ਏ-ਪਰਿੰਦਿਆਂ ਦਾ ਪਰਵਾਸ ਕਰ ਜਾਣਾ, ਬੱਚਿਆਂ ਦਾ ਰੁਸ ਜਾਣਾ ਅਤੇ ਬਜ਼ੁਰਗਾਂ ਨੂੰ ਅਣਗੌਲੇ ਖੂੰਜੇ ਦੇ ਨਾਮ ਕਰ ਦਿੱਤੇ ਜਾਣਾ।
ਸਨਕੀ ਸੋਚਾਂ, ਚਮਨ ਲਈ ਸਰਾਪ ਉਸ ਦੀ ਹੋਂਦ ਲਈ ਹਉਕਾ, ਉਸ ਦੀ ਅਉਧ ਲਈ ਇਨਕਾਰ। ਫੈਲ ਰਹੇ ਰੱਕੜ ਕਾਰਨ ਚਮਨ ਦੀ ਸੁੰਗੜਦੀ ਹੋਂਦ, ਬਿਰਖਾਂ ਤੋਂ ਸੱਖਣੀ ਧਰਤੀ ਅਤੇ ਆਲ੍ਹਣਿਆਂ ‘ਤੇ ਪਸਰੀ ਮਾਤਮੀ ਚੁੱਪ, ਸਾਡੇ ਹੀ ਸਮਿਆਂ ਦਾ ਕਹਿਰ।
ਚਮਨ ਜਦ ਉਦਾਸ ਹੋ ਜਾਵੇ ਤਾਂ ਮਹਿਕਾਂ ਰੁੱਸ ਜਾਂਦੀਆਂ ਨੇ, ਖੇੜੇ ਵੈਰਾਗੇ ਜਾਂਦੇ ਨੇ। ਭੁੱਲ ਜਾਂਦੀ ਏ ਬਹਾਰਾਂ ਦੀ ਦਸਤਕ। ਚੇਤਿਆਂ ‘ਚੋਂ ਖੁਰ ਜਾਂਦਾ ਏ ਡੋਡੀ ਤੋਂ ਫੁੱਲ ਬਣਨ ਤੀਕ ਦਾ ਸਫਰ।
ਜਦੋਂ ਆਲ੍ਹਣਾ ਡਰਾਇੰਗ ਰੂਮ ਵਿਚ ਪਹੁੰਚ ਜਾਵੇ, ਤਿਤਲੀਆਂ ਸ਼ੋਅ-ਕੇਸਾਂ ‘ਚ ਕੈਦ ਹੋ ਜਾਣ, ਕਣਕ ਦੇ ਛਿੱਟੇ, ਛੱਤਾਂ ‘ਤੇ ਲਟਕਣਾ ਸ਼ੁਰੂ ਕਰ ਦੇਣ, ਚਿੜੀਆਂ ਨੂੰ ਪਿੰਜਰੇ ‘ਚ ਬੰਦ ਕਰਦੇ ਹੋਈਏ ਤਾਂ ਫਿਰ ਅਸੀਂ ਚਮਨ ਦੇ ਚਾਰੇ ਪਾਸੇ ਫੈਲੀ ਉਪਰਾਮਤਾ ਦਾ ਹਿੱਸਾ ਬਣਨ ਤੋਂ ਕਿਵੇਂ ਮੁਨਕਰ ਹੋ ਸਕਦੇ ਹਾਂ।
ਬੂਟੇ ਨੂੰ ਧਰਤੀ ‘ਤੇ ਹੱਥੀਂ ਲਾਉਣ ਵਾਲਾ, ਪਾਣੀ ਪਾਉਣ ਵਾਲਾ, ਲਾਡ ਲਡਾਉਣ ਵਾਲਾ ਤੇ ਪੌਦਿਆਂ ਨਾਲ ਗੱਲਾਂ ਕਰਨ ਵਾਲਾ ਚਮਨ ਦੀ ਲੰਮੇਰੀ ਉਮਰ ਦੀ ਅਰਦਾਸ ਹੁੰਦਾ ਏ।
ਚਮਨ ਜਦ ਪੱਤਝੜ ਹੰਢਾਉਣ ਲਈ ਮਜਬੂਰ ਹੋ ਜਾਵੇ ਤਾਂ ਡਿਗਦੇ ਪੱਤੇ ਵੀ ਚਮਨ ਨੂੰ ਨਸੀਬ ਨਹੀਂ ਹੁੰਦੇ। ਪਤਾ ਨਹੀਂ ਹਵਾ ਕਿਧਰ ਉਡਾ ਕੇ ਲੈ ਜਾਂਦੀ ਏ। ਉਸ ਦੀਆਂ ਸ਼ਾਖਾਵਾਂ ‘ਤੇ ਕਰੂੰਬਲਾਂ ਦੀ ਕੁਰਬਲ-ਕੁਰਬਲ ਖਾਮੋਸ਼ੀ ‘ਚ ਡੁੱਬ ਜਾਂਦੀ ਹੈ। ਨੰਗੀਆਂ ਸ਼ਾਖਾਵਾਂ ਕੱਜਣ ਲਈ ਤਰਸਦੀਆਂ ਨੇ। ਟਾਹਣੀਆਂ ‘ਤੇ ਆਲ੍ਹਣਿਆਂ ਦੀ ਖੁਦਕੁਸ਼ੀ ਦੇ ਨਿਸ਼ਾਨ ਉਭਰਦੇ ਨੇ। ਪਰਿੰਦੇ ਪਤਾ ਨਹੀਂ ਕਿਧਰ ਉਡਾਰੀ ਮਾਰ ਜਾਂਦੇ ਨੇ। ਉਨ੍ਹਾਂ ਦੀ ਗੁਟਕਣੀ ਤੇ ਬੋਟਾਂ ਦੇ ਤੋਤਲੇ ਬੋਲ, ਹਵਾ ‘ਚ ਗੁੰਮ ਜਾਂਦੇ ਨੇ। ਬਿਰਖਾਂ ਦਾ ਜਿਉਣਾ ਤੇ ਮੌਲਣਾ ਸਰਾਪਿਆ ਜਾਂਦਾ ਹੈ। ਹਉਕੇ ਦਾ ਪਸਾਰਾ ਚਮਨ ਦੀ ਹੋਣੀ ਬਣ ਜਾਂਦਾ ਏ।
ਉਦਾਸ ਚਮਨ ਦੁਆ ਕਰਦਾ ਹੈ ਕਿ ਰੁੱਤਾਂ ਦਾ ਗੇੜ ਚਲਦਾ ਰਹੇ। ਰੁੱਤਾਂ ਬਦਲਣ, ਬਹਾਰਾਂ ਦੀ ਦਸਤਕ ਦਰਾਂ ਦੀ ਕਿਸਮਤ ਬਣੇ। ਬੂਹਿਆਂ ਨੂੰ ਸ਼ਗਨਾਂ ਦਾ ਤੇਲ ਤੇ ਡੋਲ੍ਹੇ ਪਾਣੀ ਦੀ ਛੋਹ ਨਸੀਬ ਹੋਵੇ। ਉਸ ਦੀ ਰੂਹ, ਖੁਸ਼ੀਆਂ, ਖੇੜਿਆਂ ਦੀ ਮਹਿਫਿਲ ‘ਚ ਸ਼ਰੀਕ ਹੋਵੇ, ਉਸ ਦੀਆਂ ਰੀਝਾਂ ਦੀ ਝੋਲੀ ਫਿਰ ਭਰ ਜਾਵੇ। ਉਸ ਦੀਆਂ ਰਹਿਮਤਾਂ ਦਾ ਭੰਡਾਰ, ਹਰ ਇਕ ਦੀ ਕਾਮਨਾ ਪੂਰੀ ਕਰੇ।
ਚਮਨ, ਚਾਵਾਂ ਦਾ ਨਿਉਂਦਾ, ਥਿਰਕਦੀ ਲੋਰ, ਚੌਫੇਰੇ ਦਾ ਸੰਗੀਤਕ ਫੈਲਾਅ ਅਤੇ ਵਿਹੜਿਆਂ ਨੂੰ ਚੜ੍ਹਿਆ ਚਾਅ। ਚਮਨ ਚਾਹੁੰਦਾ ਹੈ ਕਿ ਉਸ ਦੇ ਪਿੰਡੇ ‘ਤੇ ਬਹਾਰਾਂ ਦੀ ਸਾਰਥਕਤਾ ਦਾ ਸਿਰਲੇਖ ਬਣਨ ਵਾਲੇ ਹਸਤਾਖਰ ਆਪਣੀਆਂ ਪੈੜਾਂ ਦੀ ਨਿਸ਼ਾਨਦੇਹੀ ਕਰਦੇ ਰਹਿਣ।
ਚਮਨ, ਚੋਗੇ ਦੀ ਧਰਾਤਲ। ਆਪੋ-ਆਪਣੇ ਹਿੱਸੇ ‘ਚੋਂ ਜਿਉਣ ਦਾ ਸਬੱਬ ਤੇ ਸਬਰ। ਘਰ ਦੇ ਵਿਹੜੇ ‘ਚ ਨਿੱਕਾ ਜਿਹਾ ਬਾਗ-ਬਗੀਚਾ। ਖਿੜੇ ਹੋਏ ਫੁੱਲਾਂ ‘ਚ ਫੁੱਲ ਬਣਿਆ ਨਿੱਕਾ ਜਿਹਾ ਬੱਚਾ। ਫੁੱਲਾਂ ਨੂੰ ਨਿਹਾਰਦਾ ਤੇ ਪਲੋਸਦਾ। ਤਿੱਤਲੀਆਂ ਫੜਨ ਦੀ ਕੋਸ਼ਿਸ਼ ਵੀ ਕਰਦਾ। ਵੱਡੇ-ਵੱਡੇ ਅਰਥਾਂ ਵਾਲੇ ਨਿੱਕੇ-ਨਿੱਕੇ ਚਾਅ। ਮਾਨਵੀ ਸਰੋਕਾਰਾਂ ਵਾਲੀ ਸੰਵੇਦਨਾ। ਚੰਗੇਰੇ ਸੰਸਕਾਰਾਂ ਦੀ ਕਰਮਯੋਗਤਾ।
ਔੜ ਮਾਰੇ ਵਕਤਾਂ ਦਾ ਕਹਿਰ। ਲੂਆਂ ਨਾਲ ਝੰਬੀ ਹਰ ਡਾਲੀ ਆਪਣੀ ਨਾਜ਼ੁਕਤਾ ਦਾ ਵਿਰਲਾਪ ਬਣੀ ਦੀਦੇ ਗਾਲਦੀ, ਵਾਸ਼ਪ ਹੋ ਚੁਕੇ ਰੰਗਾਂ ਤੇ ਮਹਿਕਾਂ ਦੀ ਰੰਗਤ ‘ਚੋਂ ਝਲਕਦਾ ਪੀੜਾਂ ਭਰੇ ਪਲਾਂ ਦਾ ਸਫਰ। ਆਪਣੀ ਹੋਣੀ ਨਾਲ ਮੱਥਾ ਲਾਉਂਦੀ ਤਕਦੀਰ ਅਤੇ ਹੋਣੀ ਦੇ ਧਰਾਤਲ ‘ਤੇ ਮੁੜ ਵਿਗਸਣ ਤੇ ਮੌਲਣ ਦਾ ਸੰਕਲਪ। ਫਿਰ ਬਾਰਸ਼-ਬੂੰਦਾਂ, ਆਸ-ਕਰੂੰਬਲਾਂ ਬਣ, ਚਮਨ ਦੇ ਨਾਵੇਂ ਬਹਾਰ ਕਰਦੀਆਂ। ਫੁੱਲ ਖਿੜਦੇ ਅਤੇ ਰੰਗਾਂ ਦੀ ਪਟਾਰੀ ਫਿਜ਼ਾ ਨੂੰ ਰੰਗੀਨੀ ਬਖਸ਼ਦੀ। ਫੁੱਲਾਂ ਦੀ ਤਿਤਲੀਆਂ ਲਈ ਉਡੀਕ ਸੰਪੂਰਨ ਹੁੰਦੀ, ਤਿਤਲੀਆਂ ਫੁੱਲ ਤੇ ਬੱਚੇ ਨਵੀਂ-ਨਰੋਈ ਸਾਂਝ ਦਾ ਸੁਖਨ ਬਣਦੇ। ਚਮਨ ਨਵੇਂ ਨਕਸ਼ਾਂ ਦੀ ਆਰਤੀ ਉਤਾਰਦਾ ਸਮਾਂ ਆਪਣੇ ਧੰਨ-ਭਾਗ ‘ਚੋਂ ਚਿਰੰਜੀਵਤਾ ਦੀ ਹਾਮੀ ਭਰਦਾ।
ਜਦ ਚਮਨ ਦੇ ਚੌਗਿਰਦੇ ‘ਚ ਪੰਛੀ ਚਹਿਕਦੇ ਨੇ ਆਲ੍ਹਣਿਆਂ ਦੀ ਗੁਟਕਣੀ ਸੰਗੀਤ ਛੇੜਦੀ ਹੈ, ਬੋਟਾਂ ਦਾ ਲਾਡ ਬਿਰਖਾਂ ਦੀ ਅਮਾਨਤ ਬਣਦਾ ਹੈ ਤਾਂ ਆਪਸ ਵਿਚ ਚੁੰਝ ਲੜਾਉਂਦੇ ਪੰਖੇਰੂ ਚਮਨ ਦੇ ਨਕਸ਼ ਉਘਾੜਦੇ ਨੇ।
ਭਰ ਸਰਦੀ ਦਾ ਸਮਾਂ, ਚਾਰੇ ਪਾਸੇ ਧੁੰਦ ਦਾ ਪਸਾਰਾ, ਕੋਹਰੇ ਨਾਲ ਮਧੋਲੇ ਹੋਏ ਬੂਟਿਆਂ ਦੇ ਰੁਕੇ ਹੋਏ ਸਾਹ। ਵਿਰਲੇ-ਵਿਰਲੇ ਸਾਹਾਂ ਦੀ ਧੜਕਣ ਨਾਲ ਜਿਉਣ ਦਾ ਆਹਰ ਕਰਦਾ ਚਮਨ। ਚਾਰੇ ਪਾਸੇ ਬੇਰੌਣਕੀ ਦਾ ਆਲਮ। ਆਪਣੀ ਹੋਂਦ ਨੂੰ ਬਚਾਉਣ ਲਈ ਯਤਨਸ਼ੀਲ। ਇਕ ਦੂਜੇ ਲਈ ਠਾਹਰ ਬਣਦੇ ਬਿਰਖ ਇਕ ਦੂਜੇ ਲਈ ਜਿਉਣ ਦਾ ਸਾਧਨ ਬਣਦੇ। ਦਿਨ ਪਰਤਦੇ। ਸੂਰਜ ਹੰਭਲਾ ਮਾਰਦਾ। ਧੁੰਦ ਦੀ ਪਰਤ ਉਤਾਰਦਾ ਅਤੇ ਠੰਢ ‘ਚ ਸੁੰਗੜੇ ਪੌਦਿਆਂ ਦੀ ਤਲੀ ‘ਤੇ ਜਿਉਣ ਦੀ ਆਸ ਧਰਦਾ। ਪੌਦਿਆਂ ਉਪਰ ਖੇੜਾ ਪਰਤਦਾ। ਫੁੱਲਾਂ ਲੱਦੀ ਬਹਾਰ ਚਮਨ ਦੀ ਅਰਦਾਸ ਦੀ ਕਬੂਲਤਾ ਦਾ ਸੁਖਨ ਬਣਦੀ। ਚਮਨ ਜਿਊਂਦਾ, ਜਾਗਦਾ, ਧੜਕਦਾ ਤੇ ਧੜਕਣ ਦਾ ਅਹਿਸਾਸ ਹਰ ਜੀਵ ਦੇ ਨਾਮ ਕਰਦਾ। ਚਮਨ ਦੀ ਜ਼ਿੰਦਗੀ ਨਾਲ ਜੁੜੀ ਹੋਈ ਹਰ ਜ਼ਿੰਦਗੀ ਉਸ ਦੀ ਸਦੀਵਤਾ ਦਾ ਨਗਮਾ ਗੁਣਗੁਣਾAੁਂਦੀ। ਚਮਨ ਇਕ ਮਹਿਕ, ਸੰਦਲੀ ਸਮਿਆਂ ਦੀ ਬਹਿਕ। ਚਮਨ ਇਕ ਸਬਜ-ਰੰਗ, ਇਕ ਮਜੀਠੀ ਤਰੰਗ। ਇਕ ਸੂਖਮ-ਅਹਿਸਾਸੀ ਮਲੰਗ।
ਚਮਨ ਚਹਿਕਦਾ ਰਹੇ ਤਾਂ ਕਿ ਹਰ ਵਿਹੜਾ ਵਸਦਾ ਰਹੇ। ਚੌਂਕੇ ਦਾ ਸੰਸਾਰ ਰੰਗ ‘ਚ ਵਸੇ। ਹਰ ਚੁੱਲ੍ਹਾ ਬਲਦਾ ਰਹੇ। ਹਰ ਮੂੰਹ ਨੂੰ ਬੁਰਕੀ ਨਸੀਬ ਹੋਵੇ। ਹਰ ਪੀੜਾ ਹਰਨ ਹੋਵੇ। ਹਰ ਹਿਰਦਾ ਖਿੜੇ ਹੋਏ ਕਮਲ ਦੀ ਤਸ਼ਬੀਹ ਬਣੇ।
ਚਮਨ ਦੀ ਬੀਹੀ ‘ਚ ਸਦ ਸੋਚ ਦਾ ਹੋਕਾ, ਸਦ-ਚਿੰਤਨ ਦੀ ਜਗਦੀ ਜੋਤ ਤੇ ਸਦ-ਕਰਮ ਦੀ ਸਦੀਵੀ ਰੀਤ ਦੇ ਹੋਠਾਂ ਉਪਰ ਜ਼ਿੰਦਗੀ ਦਾ ਗੀਤ ਗੁਣਗੁਣਾਉਂਦਾ ਰਹੇ।
ਜਦ ਬਹਾਰ ਆਉਂਦੀ ਕੋਮਲ ਪੱਤੀਆਂ ਤੇ ਨਿੱਕੀਆਂ-ਨਿੱਕੀਆਂ ਡੋਡੀਆਂ ਸ਼ਾਖ ਦੀ ਆਭਾ ਬਣਦੀਆਂ। ਫੁੱਲ ਜੋਬਨਵੰਤਾ ਮੌਸਮ ਮਾਣਦਾ। ਰੰਗਾਂ ਤੇ ਮਹਿਕਾਂ ਦਾ ਸ਼ਗੂਫਾ। ਹੁਸਨ ਤੇ ਜਵਾਨੀ ਦਾ ਸੁੰਦਰ ਸੁਯੋਗ। ਸੁੰਦਰਤਾ ਦਾ ਭਰ ਵਗਦਾ ਦਰਿਆ। ਹਰ ਸੋਚ ਵਿਚ ਸ਼ੋਖ ਰੰਗਾਂ ਦੀ ਚਿੱਤਰਕਾਰੀ।
ਚਮਨ ਦੀ ਫਿੱਕੀ ਰੰਗਤ ਦਾ ਕੁਝ ਤਾਂ ਇਲਾਜ ਕਰੀਏ। ਸਿਰ ਜੋੜ ਕੇ ਬੈਠੀਏ। ਕੋਈ ਜਰੀਆ ਬਣੀਏ। ਕੋਈ ਹੀਲਾ ਤਾਂ ਕਰੀਏ। ਸਬੱਬ ਬਣਾਈਏ ਅਤੇ ਬੇਮੌਸਮੀ ਰੁੱਤ ਦੇ ਬੂਹੇ ਸੰਦਲੀ ਸਮਿਆਂ ਦਾ ਪੈਗਾਮ ਲਟਕਾਈਏ।
ਜੇ ਚਮਨ ਦੀ ਉਦਾਸੀ ਦਾ ਹੱਲ ਨਾ ਤਲਾਸ਼ ਸਕੇ ਤਾਂ ਅਸੀਂ ਸਾਹਾਂ ਲਈ ਤਰਸ ਜਾਵਾਂਗੇ। ਸਾਡੀ ਅਉਧ ਪ੍ਰਸ਼ਨ ਬਣ ਜਾਵੇਗੀ। ਫੁੱਲਾਂ ਤੇ ਪਰਿੰਦਿਆਂ ਦੀ ਦੁਨੀਆਂ ਧਰਤੀ ਤੋਂ ਮਨਫੀ ਹੋ ਜਾਵੇਗੀ। ਤਿੱਤਲੀਆਂ ਤੋਂ ਵਿਰਵੇ ਬੱਚੇ ਬੰਦੂਕਾਂ ਮਗਰ ਭੱਜਣਗੇ।
ਫੁੱਲਾਂ ਦੇ ਸੁਹਜ ਤੋਂ ਵਿਰਵੇ ਲੋਕ ਪੱਤਝੜਾਂ ਨੂੰ ਆਪਣੇ ਤੇ ਹੋਰਨਾਂ ਦੇ ਨਾਂਵੇਂ ਕਰਨਗੇ। ਇਹ ਰੁੱਖਾਂ ਦੀਆਂ ਛਾਂਵਾਂ, ਪੱਤਿਆਂ ਦਾ ਸੰਗੀਤ, ਪਰਿੰਦਿਆਂ ਦਾ ਰਾਗ ਆਦਿ ਦੀ ਸਮੁੱਚੀ ਅਣਹੋਂਦ ਫਿਜ਼ਾ ਵਿਚ ਸੋਗ ਧਰ ਜਾਵੇਗੀ ਅਤੇ ਫਿਰ ਸਭ ਦੀ ਜਿਉਣ-ਆਸ ਮਰ ਜਾਵੇਗੀ।
ਖਿੜਿਆ ਹੋਇਆ ਚਮਨ, ਸੋਚਾਂ ‘ਚ ਉਗਮਦੇ ਸੂਰਜ ਦੀ ਗਵਾਹੀ। ਬੀਤ ਰਹੇ ਪਲਾਂ ਤੇ ਨਕਸ਼ ਉਘਾੜਦੇ ਰੰਗ। ਸੁਰਖ ਰਾਹਾਂ ਦਾ ਰਾਹੀ। ਕੋਮਲਤਾ ਦਾ ਸੂਖਮ ਅੰਦਾਜ਼। ਜੀਵਨ ਜਾਚ ਦਾ ਰਾਜ਼ ਅਤੇ ਉਸ ਰਾਜ਼ ਦੇ ਨਾਂਵੇਂ ਸ਼ੁਭ-ਕਰਮਨ ਦਾ ਆਗਾਜ਼।
ਚਮਨ, ਫੁੱਲਾਂ ਦਾ ਹਮਜੋਲੀ, ਇਕ ਧੜਕਣ ਦਾ ਜਿਊਂਦਾ ਅਹਿਸਾਸ, ਮਨੁੱਖ ਦੀ ਜਿਊਂਦੀ ਆਸ ਤੇ ਅਟੁੱਟ ਵਿਸ਼ਵਾਸ। ਚਮਨ ਵਿਹੂਣੇ ਲੋਕ ਪੱਥਰਾਂ ਦੀ ਸੰਤਾਨ। ਬੇਜ਼ੁਬਾਨ ਭਾਵਨਾਵਾਂ ਦੀ ਕਤਲ ਹੋਈ ਜ਼ੁਬਾਨ ਅਤੇ ਗੁੰਗੀ ਆਜ਼ਾਨ।