ਬਿੱਲੀ ਦੀ ਪੂਛ

ਵੈਸੇ ਤਾਂ ਦੁਨੀਆਂ ਭਰ ਦੇ ਸਿਆਸਤਦਾਨਾਂ ਬਾਰੇ ਇਹ ਗੱਲ ਕਾਫੀ ਹੱਦ ਤੱਕ ਸਹੀ ਹੈ ਕਿ ਉਹ ਆਪਣੀ ਲੋੜ ਅਨੁਸਾਰ ਰੰਗ ਬਦਲਦੇ ਰਹਿੰਦੇ ਹਨ ਪਰ ਭਾਰਤੀ ਸਿਆਸਤਦਾਨਾਂ ਬਾਰੇ ਇਹ ਗੱਲ ਵਧੇਰੇ ਢੁਕਦੀ ਹੈ। ਪੰਜਾਬ ਦੇ ਅਕਾਲੀ, ਕਾਂਗਰਸੀ ਤੇ ਕਮਿਊਨਿਸਟ ਵੀ ਇਸ ਵਰਤਾਰੇ ਤੋਂ ਬਾਹਰ ਨਹੀਂ ਹਨ। ਇਸ ਲੇਖ ਵਿਚ ਲੇਖਕ ਨੇ ਪੰਜਾਬ ਦੇ ਵੱਖ ਵੱਖ ਰੰਗਾਂ ਦੇ ਸਿਆਸਤਦਾਨਾਂ ਦੇ ਹਵਾਲੇ ਨਾਲ ਉਪਰੋਕਤ ਵਿਚਾਰ ਨੂੰ ਸਾਬਤ ਕੀਤਾ ਹੈ।

-ਸੰਪਾਦਕ

ਅਵਤਾਰ ਗੋਂਦਾਰਾ
ਫੋਨ: 559-375-2589

ਦੁਨੀਆਂ ਦੇ ਸਾਰੇ ਜੁੱਗ ਪੁਰਸ਼ਾਂ ਜਾਂ ਪੀਰਾਂ-ਗੁਰੂਆਂ ਦੀ ਇੱਕ ਗੱਲ ਸਾਂਝੀ ਹੈ। ਗਲਤ ਜਾਂ ਸਹੀ, ਜਿਉਂਦੇ ਜੀਅ ਉਨ੍ਹਾਂ ਨੇ ਆਪਣੀ ਆਸਥਾ ਜਾਂ ਵਿਚਾਰਧਾਰਾ ਨਹੀਂ ਬਦਲੀ। ਨਾ ਇਸ ਵਿਚ ਝੋਲ ਆਉਣ ਦਿੱਤੀ, ਨਾ ਉਮਰ ਵਧਣ ਨਾਲ ਪੈਂਤੜਾ ਬਦਲਿਆ। ਆਮ ਬੰਦਾ ਇਉਂ ਨਹੀਂ ਕਰਦਾ, ਉਮਰ ਦੇ ਵਧਣ ਨਾਲ ਕਈ ਰੰਗ ਬਦਲਦਾ ਹੈ, ਬਲਕਿ ਇੱਕੋ ਵੇਲੇ ਹੀ ਉਹ ਕਈ ਜ਼ਿੰਦਗੀਆਂ ਭੋਗਦਾ ਹੈ। ਇੱਕ ਸੁਣਿਆ ਸੁਣਾਇਆ ਟੋਟਕਾ ਯਾਦ ਆਉਂਦਾ ਹੈ। ਕਹਿੰਦੇ, ਬੰਦਾ ਜਦੋਂ ਜਵਾਨ ਹੁੰਦਾ ਹੈ, ਉਹ ਰਵਾਇਤਨ ਬਾਗੀ ਹੁੰਦਾ ਹੈ ਤੇ ਕਾਮਰੇਡਾਂ ਨਾਲ ਜਾ ਰਲਦਾ ਹੈ, ਫਿਰ ਜਦੋਂ ਵਿਆਹਿਆ ਜਾਂਦਾ ਹੈ, ਉਹ ਅਕਾਲੀ, ਕਾਂਗਰਸੀ ਜਾਂ ਮੁੱਖ ਧਾਰਾ ਦੀ ਕਿਸੇ ਪਾਰਟੀ ਨਾਲ ਜਾ ਖੜਦਾ ਹੈ। ਜੁਆਕ ਜਦੋਂ ਆਖਾ ਮੰਨਣੋਂ ਹਟ ਜਾਣ ਤਾਂ ਉਹ ਅਧਿਆਤਮ ਵੱਲ ਮੂੰਹ ਕਰ ਲੈਂਦਾ ਹੈ। ਆਪਣੀ ਇਹ ਮੌਕਾਪ੍ਰਸਤੀ ਉਸ ਨੂੰ ਬੜੀ ਰਾਸ ਆਉਂਦੀ ਹੈ।
ਦੁਨੀਆਂਦਾਰੀ ਵਿਚ ਵਿਚਰਦਿਆਂ ਕਈ ਆਗੂਆਂ ਨਾਲ ਵਾਹ ਪਿਆ। ਇਹ ਸਤਰੰਗੀ ਪੀਂਘ ਦੇਖਣ ਵਾਂਗ ਹੈ। ਅਕਾਲੀ, ਕਾਂਗਰਸੀ, ਜਨਤਾ ਦਲੀਏ, ਦਲਿਤਾਂ ਦੇ ਮਸੀਹਾ ਤੇ ਬਹੁਤੇ ਕਮਿਊਨਿਸਟ-ਆਪੋ ਆਪਣੇ ਪੈਰੋਕਾਰਾਂ ਨੂੰ ਸੁਫਨੇ ਵੇਚਣ ਦੇ ਮਾਹਰ। ਕਦੇ ਉਨ੍ਹਾਂ ਦਾ ਆਪਸ ਵਿਚ ਜਾਬਾਂ ਦਾ ਭੇੜ ਵੀ ਹੁੰਦਾ। ਅਸੀਂ ਵੀ ਵਿਚ ਰਲ ਜਾਂਦੇ। ਪੈਂਤੜੇ ਬਦਲਣ ਵਿਚ, ਪੰਜਾਬ ਵਿਚਲੇ ਬਹੁਤੇ ਕਾਮਰੇਡਾਂ ਨੇ ਬਾਜੀਗਰਾਂ ਨੂੰ ਵੀ ਮਾਤ ਪਾਈ ਹੈ। ਬਹੁਤੇ ਖਾਂਦੇ ਪੀਂਦੇ ਸਿੱਖ ਘਰਾਂ ਦੇ ਜੰਮਪਲ। ਉਨ੍ਹਾਂ ਵਿਚ ਨਿਹੰਗਪੁਣਾ ਵੀ ਹੈ। ਗੱਲ ਸਮਝਾਉਣ ਦੀ ਬਜਾਏ, ਉਹ ਮਨਾਉਣ ‘ਚ ਜ਼ਿਆਦਾ ਯਕੀਨ ਕਰਦੇ ਹਨ। ਸ਼ਾਇਦ ਕਦੇ ਕੋਈ, ਇਸ ਬਾਰੇ ਸੋਧ-ਪ੍ਰਬੰਧ (ਥੀਸਿਸ) ਲਿਖੇ ਕਿ ਪੰਜਾਬੀ ਕਾਮਰੇਡ ਕਿਰਤੀ/ਕਿਰਤ ਦੀ ਮੁਕਤੀ ਦਾ ਔਖਾ ਰਾਹ ਛੱਡ ਕੇ ‘ਪਰਿਵਾਰਕ ਮੁਕਤੀ’ ਜਾਂ ‘ਆਤਮਕ ਮੁਕਤੀ’ ਲਈ ਇੱਧਰ-ਉਧਰ ਦੀਆਂ ਪਾਰਟੀਆਂ, ਸ਼ੋਭਿਆਂ ਦੇ ਬਣੇ ਬਣਾਏ ਗਾਡੀ ਰਾਹਾਂ ‘ਤੇ ਕਿਉਂ ਚੜ੍ਹ ਗਏ?
ਇੱਕ ਦਿਨ ਮੇਰੇ ਕਚਹਿਰੀ ਵਾਲੇ ਚੈਂਬਰ ‘ਤੇ ਬਹਿਸ ਹੋ ਰਹੀ ਸੀ। ਇੱਕ ਪਾਸੇ ਫਰੀਦਕੋਟ ਏਰੀਏ ਦਾ ਕਾਮਰੇਡ, ਦੂਜੇ ਪਾਸੇ ਕਮਿਊਨਿਸਟਾਂ ਨਾਲੋਂ ਵਿਚਾਰਧਾਰਕ ਤੋੜ ਵਿਛੋੜਾ ਕਰ ਚੁਕੇ ਆਗੂ ਸਰਾਫ ਦੇ ਪੈਰੋਕਾਰ। ਮੁੱਦਾ ਸੀ, ਰੂਸੀ ਫੌਜ ਦੀ ਅਫਗਾਨਿਸਤਾਨ ਵਿਚ ਮੌਜੂਦਗੀ। ਸਰਾਫ ਦੇ ਸਮਰਥਕ ਕਹਿ ਰਹੇ ਸਨ ਕਿ ਫੌਜ ਦਾ ਉਥੇ ਹੋਣਾ ਗਲਤ ਹੈ। ਇਹ ਇੱਕ ਮੁਲਕ ਦੀ ਦੂਜੇ ਮੁਲਕ ਵਿਚ ਦਖਲਅੰਦਾਜ਼ੀ ਹੈ। ਰੂਸ ਵੀ ਅਮਰੀਕਾ ਨਾਲੋਂ ਘੱਟ ਧੱਕੜ ਨਹੀਂ ਕਿ ਰੂਸ ਸੋਸ਼ਲ ਇੰਪੀਰੀਏਲਿਸਟ ਹੈ। ਬਹਿਸ ਲੰਮਾ ਸਮਾਂ ਚੱਲੀ। ਇਸ ਦੌਰਾਨ ਕਈ ਵਾਰ ਚਾਹ ਮੰਗਵਾਉਣੀ ਪਈ। ਕੁੜਿੱਤਣ ਵਧਦੀ ਦੇਖ ਕੇ ਮੈਂ ਦੋਹਾਂ ਧਿਰਾਂ ਨੂੰ ਗੱਲ ਨਿਬੇੜਨ ਲਈ ਕਿਹਾ। ਪਰ ਸਰਾਫ ਵਾਲੀ ਧਿਰ ਕਾਮਰੇਡ ਨੂੰ ਹਰਾਉਣ ਲਈ ਬਜਿੱਦ ਸੀ। ਗੱਲ ਸਿਰੇ ਨਾ ਲਗਦੀ ਵੇਖ ਕੇ ਕਾਮਰੇਡ ਕਹਿੰਦਾ, “ਯਾਰ ਰੂਸੀ ਫੌਜਾਂ ਤਾਂ ਉਥੇ ਹੀ ਰਹਿਣਗੀਆਂ, ਤੁਸੀਂ ਜਿਹੜੀ ਪੂਛ ਪੱਟਣੀ ਹੈ, ਪੱਟ ਲਵੋ।” ਗੱਲ ਹਾਸੇ ‘ਚ ਪੈ ਗਈ। ਬਹਿਸ ਯੱਕ ਦਮ ਖਤਮ ਹੋ ਗਈ। ਝੋਲੇ ਚੁੱਕ ਕੇ ਸਾਰੇ ਆਪੋ ਆਪਣੇ ਘਰਾਂ ਨੂੰ ਪਰਤ ਗਏ।
ਮੇਰਾ ਕੁਲੀਗ ਐਡਵੋਕੇਟ ਕਰਮਜੀਤ ਧਾਲੀਵਾਲ ਕਾਮਰੇਡਾਂ ਦਾ ਪੱਖ ਬਾਖੂਬੀ ਪੂਰ ਸਕਦਾ ਹੈ। ਇੱਕ ਦਿਨ ਉਸ ਨੂੰ ਇੱਕ ਕਾਂਗਰਸੀ ਕਹਿੰਦਾ, “ਥੋਡੀ ਪਾਰਟੀ ਨੂੰ ਸਦੀ ਹੋ’ਗੀ ਕੰਮ ਕਰਦਿਆਂ, ਇਨਕਲਾਬ ਤਾਂ ਕੀ, ਉਸ ਦਾ ਦੂਰ ਕਿਧਰੇ ਧੂੰਆਂ ਵੀ ਨਜ਼ਰ ਨਹੀਂ ਪੈਂਦਾ। ਕੀ ਫਾਇਦਾ ਅਜਿਹੀ ਪਾਰਟੀ ਦਾ?” ਉਹ ਉਸ ਨੂੰ ਕਾਂਗਰਸ ਵਿਚ ਰਲਣ ਲਈ ਮਨਾ ਰਿਹਾ ਸੀ। ਉਹ ਚੁਣੌਤੀ ਦਿੰਦਿਆਂ ਕਹਿਣ ਲੱਗਾ, “ਸਾਡੇ ਮੂਹਰੇ ਹਿੰਦੁਸਤਾਨ ਦੀ ਕੋਈ ਪਾਰਟੀ ਨ੍ਹੀਂ ਬੋਲ ਸਕਦੀ, ਤੁਸੀਂ ਵੀ ਨਹੀਂ। ਸਾਰੀਆਂ ਪਾਰਟੀਆਂ ਕਮਿਊਨਿਸਟਾਂ ਦੀਆਂ ਦੇਣਦਾਰ ਆ।”
ਉਹ ਇੱਕ ਇੱਕ ਕਰਕੇ ਉਦਾਹਰਣਾਂ ਦੇਣ ਲੱਗਾ, “ਦੇਖੋ, ਪੰਜਾਬ ਦੇ ਪਹਿਲੇ ਮੁੱਖ ਮੰਤਰੀਆਂ ‘ਚੋਂ ਭੀਮ ਚੰਦ ਸੱਚਰ, ਕਾਮਰੇਡ ਜੈ ਕਿਸ਼ਨ, ਪੈਪਸੂ ਦਾ ਕਾਮਰੇਡ ਬ੍ਰਿਸ਼ਭਾਨ ਕਾਮਰੇਡਾਂ ਦੀ ਸਥਾਪਤੀ ਨੂੰ ਦੇਣ ਹੈ। ਗੁਰਚਰਨ ਸਿੰਘ ਟੌਹੜਾ ਦੇ ਰੂਪ ‘ਚ ਸਿੱਖਾਂ ਨੂੰ ਮਹਾਨ ਲੀਡਰ ਦਿੱਤਾ ਤੇ ਫਿਰ ਉਸ ਦੇ ਦੋ ਸਲਾਹਕਾਰ ਪ੍ਰੋæ ਚੰਦੂਮਾਜਰਾ ਅਤੇ ਮਾਲਵਿੰਦਰ ਸਿੰਘ ਮਾਲੀ ਸਾਡੇ ‘ਚੋਂ ਗਏ ਆ। ਇੱਕ ਵਾਰ ਵਿਧਾਇਕ ਤੇ ਐਮæਪੀæ ਦੀ ਚੋਣ ਲੜਿਆ ਕਾਮਰੇਡ ਮੱਖਣ ਸਿੰਘ, ਅਸੀਂ ਪਹਿਲਾਂ ਅਕਾਲੀਆਂ ਨੂੰ ਦਿੱਤਾ, ਫਿਰ ਉਸ ਨੇ ਕਾਂਗਰਸ ਪਾਰਟੀ ਦੀ ਸੇਵਾ ਕੀਤੀ। ਬਲਮਗੜ੍ਹ ਤੇ ਪ੍ਰੋæ ਬਲਵੰਤ ਬਾਰੇ ਤੈਨੂੰ ਪਤਾ ਈ ਐ।”
ਇਹ ਤਾਂ ਪੰਜਾਬ ਦਾ ਹਾਲ ਹੈ, ਬਾਕੀ ਸੂਬਿਆਂ ‘ਚ ਵੀ ਵੱਖ ਵੱਖ ਪਾਰਟੀਆਂ, ਇਸ ਪੱਖ ਤੋਂ ਖੱਬੀ ਲਹਿਰ ਦੀਆਂ ਕਰਜਈ ਹਨ।
ਸਾਦਕ ਵੱਲ ਦਾ ਇਕ ਕਾਮਰੇਡ ਮੇਰੇ ਕੋਲ ਆਉਂਦਾ ਸੀ, ਉਹ ਹਮੇਸ਼ਾ ਚਿੱਟੇ ਕੱਪੜੇ ਪਾਉਂਦਾ। ਉਸ ਦਾ ਚੂੜੀਦਾਰ ਪਜਾਮਾ ਹੁੰਦਾ। ਹੱਥ ਵਿਚ ਸੋਟੀ। ਉਹ ਕਿਸਾਨ ਫਰੰਟ ‘ਤੇ ਕੰਮ ਕਰਦਾ ਸੀ। ਸਾਹਿਬੇ ਜਾਇਦਾਦ ਸੀ। ਉਸ ਨਾਲ ‘ਮਜਦੂਰ ਫਰੰਟ’ ਦਾ ਇਕ ਮੈਂਬਰ ਜਰੂਰ ਹੁੰਦਾ ਜਿਸ ਨੇ ਉਸ ਦਾ ਝੋਲਾ ਚੁੱਕਿਆ ਹੁੰਦਾ। ਇੱਕ ਦਿਨ ਉਸ ਦੇ ਅਕਾਲੀ ਰਿਸ਼ਤੇਦਾਰ ਤੇ ਉਸ ਦਰਮਿਆਨ ਹੁੰਦੀ ਗੱਲਬਾਤ ਸੁਣੀ। ਰਿਸ਼ਤੇਦਾਰ ਕਹਿੰਦਾ, “ਤੂੰ ਇਹ ਨੰਗਾਂ ਦੀ ਪਾਰਟੀ ਦਾ ਖਹਿੜਾ ਕਿਉਂ ਨ੍ਹੀਂ ਛੱਡਦਾ। ਮੈਂ ਤਾਂ ਬੜਾ ਬਚਿਆæææਅਕਾਲੀ ਪਾਰਟੀ ਜੁਆਇਨ ਕਰ’ਲੀ ਤੇ ਪਿੰਡ ਦਾ ਸਰਪੰਚ ਹਾਂ। ਪੂਰੀ ਟੌਹਰ ਐ। ਤੇਰੇ ਮਗਰ ਲੱਗ ਕੇ ਮੈਂ ਐਂਵੇ ਵਿਹੜਿਆਂ ਦੀ ਧੂੜ ਫੱਕਦਾ ਰਿਹਾ।” ਪਹਿਲਾਂ ਉਹ ਵੀ ਕਾਮਰੇਡ ਹੁੰਦਾ ਸੀ। ਉਸ ਨੇ ਸਮਝੌਤੀ ਦਿੰਦਿਆਂ ਕਿਹਾ, “ਪੰਜਾਬ ਵਿਚ ਮਜਦੂਰ ਹੈ ਹੀ ਕਿਹੜੇ। ਬਾਹਲੇ ਪੂਰਬੀਏ ਆ। ਉਹ ਥੋਡੇ ਮਗਰ ਨ੍ਹੀਂ ਲੱਗਣੇ। ਪਿੰਡਾਂ ਦੇ ਵਿਹੜੇ ਵਾਲਿਆਂ ਦੀਆਂ ਆਪਣੀਆਂ ਪਾਰਟੀਆਂ ਹਨ, ਉਹ ਜੱਟ ਕਾਮਰੇਡਾਂ ਦਾ ਊਂ ਹੀ ਵਿਸਾਹ ਨ੍ਹੀਂ ਖਾਂਦੇ। ਲੈ ਦੇ ਕੇ ਜ਼ਿਮੀਂਦਾਰ ਹੀ ਰਹਿ ਗਏ ਹਨ। ਉਹ ਕਾਮਰੇਡਾਂ ਮਗਰ ਲਗਦੇ ਨ੍ਹੀਂ। ਮੁਜਾਹਰਾ ਲਹਿਰ ਦੀ ਦੇਖ ਲੈ। ਜਦੋਂ ਜ਼ਮੀਨਾਂ ਮਿਲ ਗਈਆਂ, ਉਹ ਕਾਮਰੇਡਾਂ ਦਾ ਖਹਿੜਾ ਛੱਡ ਗਏ। ਕੋਈ ਅਕਾਲੀਆਂ ਨਾਲ ਜਾ ਰਲਿਆ, ਕੋਈ ਕਾਂਗਰਸੀ ਬਣ ਗਿਆ। ਇਹ ਥੋਡੇ ‘ਕਿਰਤ ਦੀ ਮੁਕਤੀ’ ਦੇ ਸਿਧਾਂਤ ਨਾਲ ਕੱਠੇ ਨ੍ਹੀਂ ਹੁੰਦੇ। ਕੁਝ ਆਵਦੀ ਕਰ ਕੇ ਖਾਂਦੇ ਆ, ਕੁਝ ਵਿਹੜੇ ਵਾਲਿਆਂ ਜਾਂ ਭੱਈਆਂ ਦੇ ਸਿਰ ‘ਤੇ ਐਸ਼ ਕਰਦੇ ਆ। ਇਨ੍ਹਾਂ ਨੂੰ ‘ਕਿਰਤ ਦੀ ਲੁੱਟ’ ਦਾ ਹੇਰਵਾ ਨਹੀਂ। ਇਹ ‘ਮੁੱਛ’ ਜਾਂ ‘ਪਛਾਣ’ ਪਿੱਛੇ ਮਰ ਸਕਦੇ ਆ। ਇਸ ਦੇ ਖੁੱਸਣ ਦਾ ਡਰ ਦਿਖਾ ਕੇ ਜਿਵੇਂ ਮਰਜੀ ਮਗਰ ਲਾ ਲੋ। ਇਹੀ ਹੈ ਪੰਜਾਬ ਦੀ ਰਣਨੀਤੀ।”
ਗੱਲ ਨੂੰ ਵਿਸਥਾਰ ਦਿੰਦਿਆਂ ਕਹਿਣ ਲੱਗਾ, “ਬਾਈ, ਨਾਲੇ ਇਲਾਕਾਈ ਸਿਆਸਤ ਕਰਨ ਵਾਲੇ ਕੇਂਦਰ ਵਾਲਿਆਂ ਨੂੰ ਵੀ ਬੜੇ ਰਾਸ ਆਉਂਦੇ ਆ। ਜਿੰਨੇ ਮਰਜੀ ਮਿਲੀਟੈਂਟ ਬਣ ਜਾਣ। ਕੱਲਿਆਂ ਕੱਲਿਆਂ ਨੂੰ ਕੁੱਟਣਾ ਸੌਖੈ। ਦੇਖ ਲੈ ਭਾਵੇਂ ਅਸਾਮੀ ਹੋਣ, ਭਾਵੇਂ ਬੋਡੋ, ਭਾਵੇਂ ਨਾਗੇ, ਭਾਵੇਂ ਖਾਲਿਸਤਾਨੀ। ਹਿੰਦੂ ਨੇ ਸਾਨੂੰ (ਅਕਾਲੀਆਂ) ਕਿਵੇਂ ਗਲ ਲਾ ਕੇ ਰੱਖਿਐ।”
ਪਰ ਕਾਮਰੇਡ ਵੀ ਹੱਥਿਆਰ ਸੁੱਟਣ ਵਾਲਾ ਨਹੀਂ ਸੀ। ਕਹਿੰਦਾ, “ਤੇਰੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆਂ। ਮੈਂ ਮੂਰਖ ਆਂ ਕਿਤੇ। ਤੈਨੂੰ ਕੀ ਲਗਦੈ, ਮੈਂ ‘ਕਿਰਤ ਦੀ ਮੁਕਤੀ’ ਲਈ ਪਾਰਟੀ ਮੈਂਬਰ ਬਣਿਆਂ। ਸਾਲ ‘ਚ ਪੰਜ ਚਾਰ ਸੌ ਫੰਡ ਦੇ ਦਈਦੈ। ਵਾੜੇ ਦੀ ਬੈਠਕ ‘ਚ ਕਾਮਰੇਡ ਮੀਟਿੰਗ ਕਰ ਲੈਂਦੇ ਆ। ਚਾਹ ਪਿਆ ਦਈਦੀ ਐ। ਦੱਸ ਮੇਰਾ ਇਸ ਵਿਚ ਕੀ ਗੁਆਚਦੈ। ਨਾਲੇ ਅਕਾਲੀਆਂ-ਕਾਂਗਰਸੀਆਂ ‘ਚ ਲੀਡਰਾਂ ਦੇ ਪਹਿਲਾਂ ਹੀ ਵੱਗ ਫਿਰਦੇ ਆ। ਦੇਖ, ਸੁੱਖ ਨਾਲ ਆਪਣੇ ਕੋਲ ਚੰਗੀ ਜ਼ਮੀਨ ਆ। ਦਿਹਾੜੀਆਂ ਦਾ ਬੜਾ ਤੋੜਾ ਐ ਸਾਡੇ ਪਿੰਡਾਂ ਵਿਚ। ਝੋਨਾ ਲਾਉਣ ਵੇਲੇ ਬੰਦਾ ਨ੍ਹੀਂ ਮਿਲਦਾ। ਜਦੋਂ ਕਦੇ ਲੋੜ ਹੁੰਦੀ ਆ ‘ਖੇਤ ਮਜਦੂਰ ਸਭਾ’ ਦੇ ਅਹੁਦੇਦਾਰ ਨੂੰ ਕਹਿ ਦਈਦਾ ਕਿ ਐਨੇ ਦਿਹਾੜੀਏ ਚਾਹੀਦੇ ਹਨ। ਲੱਤਾਂ ਨ੍ਹੀਂ ਕਢਾਉਣੀਆਂ ਪੈਂਦੀਆਂ। ਦੂਜਿਆਂ ਨਾਲੋਂ ਸਸਤੇ ਤੇ ਕੱਠੇ ਬਾਰ ‘ਚ ਆ ਖੜਦੇ ਆ। ਕੀ ਮਾੜਾ ਸੌਦਾ ਹੈ! ਨਾਲੇ ਥਾਣੇ ਕਚਹਿਰੀਆਂ ਵਿਚ ਵੀ ਪੁੱਛ ਦੱਸ ਹੈ, ਬਈ ਕਾਮਰੇਡ ਆਇਐ।” ਕਾਮਰੇਡ ਨੇ ਭੇਤ ਸਾਂਝਾ ਕਰਦਿਆਂ ਗੱਲ ਮੁਕਾਈ।
ਕਮਿਊਨਿਸਟ ਸਾਥ ਦੇ ‘ਕੱਠੇ ਕੀਤੇ ਅਨੁਭਵ ਦਾ ਲਾਹਾ ਲੈਣ ਵਾਲਿਆਂ ਦੀ ਸੂਚੀ ਲੰਮੀ ਹੈ। ਇਨ੍ਹਾਂ ‘ਚੋਂ ਦੋ ਸਮਕਾਲੀ ਹਨ-ਇਕ ਕਾਮਰੇਡ ਮੱਖਣ ਸਿੰਘ ਸਰਾਵਾਂ ਤੇ ਦੂਜਾ ਅਜਮੇਰ ਸਿੰਘ। ਦੋਨੋਂ ਲਗਭਗ ਅੱਧੀ ਸਦੀ ਕਾਮਰੇਡਾਂ ਨਾਲ ਫਿਰਦੇ ਰਹੇ। ਫਿਰ ਅਚਾਨਕ ਸੋਝੀ ਆਈ ਤੇ ਯੂ ਕੱਟ ਮਾਰਿਆ। ਇੱਕ ਬੈਂਕਰ ਬਣ ਗਿਆ; ਦੂਜਾ ਚਿੰਤਕ, ਪ੍ਰਚਾਰਕ ਅਤੇ ਇਤਿਹਾਸਕਾਰ।
ਛੇਵੇਂ ਦਹਾਕੇ ‘ਚ ਮੱਖਣ ਸਰਾਵਾਂ ਨੂੰ ਮੈਂ ਝੱਗੇ-ਪਜਾਮੇ ‘ਚ ਫਿਰਦੇ ਦੇਖਿਆ ਸੀ। ਉਦੋਂ ਮੈਂ ਕਾਲਜ ‘ਚ ਪੜ੍ਹਦਾ ਸਾਂ। ਦੁਵਰਕੀਆਂ ਤੇ ਰਸਾਲਿਆਂ ਦਾ ਝੋਲਾ ਭਰੀ ਉਹ ਨਕਸਲੀ ਪਾਰਟੀ ਲਈ ਕੰਮ ਕਰਦਾ ਸੀ। ਉਹ ਜਿਸ ਘਰੇ ਵੀ ਜਾਂਦਾ, ਉਸ ਦਾ ਜੀਆਂ ਵਰਗਾ ਮਾਣ-ਸਤਿਕਾਰ ਹੁੰਦਾ। ਉਸ ਦਾ ਜੀਵਨ ਤਿਆਗੀਆਂ ਵਾਲਾ ਸੀ। ਸ਼ਾਇਦ ਹੀ ਕਦੇ, ਉਸ ਨੇ ਪੈਂਟ-ਕੋਟ ਪਾਇਆ ਹੋਵੇ, ਰੱਜ ਕੇ ਰੋਟੀ ਖਾਧੀ ਹੋਵੇ ਤੇ ਕਾਰ ਦਾ ਹੂਟਾ ਲਿਆ ਹੋਵੇ। ਉਸ ਨੇ ਕਾਮਰੇਡੀ ਕੀ ਛੱਡੀ, ਉਸ ਦੀ ਤਾਂ ਕਾਇਆ ਕਲਪ ਹੋ ਗਈ। ਉਸ ਨੇ ਫਾਈਨੈਂਸ ਦਾ ਕੰਮ ਵਿੱਢ ਲਿਆ। ਬਹੁਤੇ ਵਿਆਜ ਦਾ ਲਾਲਚ ਦੇ ਕੇ, ਪੰਜਾਬ ਦੇ ਸਾਰੇ ਖੱਬੇ ਪੱਖੀ ਜਾਣੂੰਆਂ ਦੀ ਜੋੜੀ ਹੋਈ ਮਾਇਆ ਆਵਦੇ ਹੱਥਾਂ ਵਿਚ ਕਰ ਲਈ। ਕੁਝ ਸਾਲ ਵਧੀਆ ਜੁਗਾੜ ਚੱਲਿਆ। ਉਸ ਨੇ ਜ਼ੈਨ ਕਾਰ ਲੈ ਲਈ। ਡਰਾਈਵਰ ਰੱਖ ਲਿਆ। ਕੋਟ ਪੈਂਟ ਪਾਉਣਾ ਸ਼ੁਰੂ ਕੀਤਾ। ਜਦੋਂ ਵੀ ਕੋਈ ਉਸ ਨੂੰ ਮਿਲਦਾ, ਬਿਨਾ ਗੱਲੋਂ ਉਸ ਦਾ ਹਾਸਾ ਨਿਕਲਦਾ ਰਹਿੰਦਾ। ਦੋ ਜਾਂ ਤਿੰਨ ਵਿਆਹ ਵੀ ਕਰਾਏ। ਜਦੋਂ ਕੋਈ ਉਸ ਦੀ ਬਦਲੀ ਤਰਜ-ਏ-ਜ਼ਿੰਦਗੀ ਬਾਰੇ ਉਜਰ ਕਰਦਾ, ਜੁਆਬ ਹੁੰਦਾ, ‘ਉਹ ਹੁਣ ਵੀ ਅੜਿਆਂ-ਥੁੜਿਆਂ ਬਾਰੇ ਹੀ ਕੰਮ ਕਰਦੈ। ਜਿਨ੍ਹਾਂ ਨੂੰ ਬੈਂਕ ਥੜੇ ਨ੍ਹੀਂ ਚੜ੍ਹਨ ਦਿੰਦੇ, ਉਨ੍ਹਾਂ ਰਿਕਸ਼ੇ ਵਾਲਿਆਂ, ਰੇੜੀ ਵਾਲਿਆਂ ਨੂੰ ਰੁਜਗਾਰ ਲਈ ਬਿਨਾ ਜ਼ਮਾਨਤ ਲਿਆਂ ਵਿਆਜੂ ਪੈਸੇ ਦਿੰਦੈ। ਪੈਸੇ ਵਾਲਿਆਂ ਨੂੰ ਚੌਵੀ ਪ੍ਰਤੀਸ਼ਤ ਵਿਆਜ। ਏਦੂੰ ਹੋਰ ਲੋਕ ਭਲਾਈ ਕਿਹੜੀ ਹੋਊ?Ḕ ਉਹ ਮੋੜਵਾਂ ਸੁਆਲ ਕਰਦਾ। ਫਿਰ ‘ਕੱਠਾ ਕੀਤਾ ਕਰੋੜਾਂ ਰੁਪਇਆ ਲੈ ਕੇ ਅਲੋਪ ਹੋ ਗਿਆ। ਜਿਹੜਾ ਲੁੱਟ ਖਸੁੱਟ ਦੇ ਖਿਲਾਫ ਖੁਦ ਮੁਜਾਹਰੇ ਵਿਚ ਝੰਡਾ ਲੈ ਕੇ ਤੁਰਦਾ ਸੀ, ਉਸ ਖਿਲਾਫ ਰੈਲੀਆਂ ਹੋਣ ਲੱਗੀਆਂ। ਪੁਲਿਸ ਨੇ ਪਰਚਾ ਤਾਂ ਦਰਜ ਕਰ ਲਿਆ, ਪਰ ਕਾਰਵਾਈ ਨਾ ਕੀਤੀ। ਉਹ ‘ਕਿਰਤੀਆਂ ਦੀ ਮੁਕਤੀ’ ‘ਚ ਯੋਗਦਾਨ ਤਾਂ ਨਾ ਪਾ ਸਕਿਆ, ਪਰ ‘ਨਿਜੀ ਮੁਕਤੀ’ ਵਿਚ ਉਸ ਨੇ ਕੀਰਤੀਮਾਨ ਸਥਾਪਤ ਕਰ ਦਿੱਤੇ। ਸੁਣਿਐਂ, ਕੁਝ ਦਿਨ ਹੋਏ ਉਹ ਕੈਂਸਰ ਨਾਲ ਮਰ ਗਿਆ। ਉਸ ਦਾ ਬਚਪਨ ਤੇ ਜੁਆਨੀ ਤਾਂ ਤੰਗੀ ਦਸਤੀ ਵਿਚ ਬੀਤੇ ਪਰ ਮਗਰਲੀ ਉਮਰੇ ਵਾਰੇ ਨਿਆਰੇ ਰਹੇ।
ਸਿੱਖ ਚਿੰਤਕ/ਇਤਿਹਾਸਕਾਰ ਵਜੋਂ ਹੁਣੇ ਹੁਣੇ ਪ੍ਰਸਿੱਧ ਹੋਏ ਅਜਮੇਰ ਸਿੰਘ ਨਾਲ ਨਾਟਕੀ ਮੇਲ ਬਹੁਤ ਵਰ੍ਹੇ ਪਹਿਲਾਂ ਹੋਇਆ ਸੀ। ਅਗਿਆਤ ‘ਚ ਰਹਿੰਦੇ ਕੁਲਵਕਤੀ ਤੋਂ, ਉਸ ਨੇ ਕੌਮਾਂਤਰੀ ਪਛਾਣ ਦਾ ਔਝੜ ਸਫਰ ਤੈਅ ਕੀਤਾ ਹੈ। ਉਨ੍ਹੀਂ ਦਿਨੀਂ ਉਹ ਇੱਕ ਨਕਸਲੀ ਜਥੇਬੰਦੀ ਦੀ ਆਗੂ ਕਮੇਟੀ ਦਾ ਮੈਂਬਰ ਸੀ। ਮੇਰੇ ਰਾਹੀਂ ਕੋਟਕਪੂਰੇ ਵਿਖੇ ਉਹ ਕਮਰਾ ਕਿਰਾਏ ‘ਤੇ ਲੈਣ ਲਈ ਆਇਆ ਸੀ। ਮੇਰੇ ਵਾਂਗ ਸਹਿਜਧਾਰੀ ਸੀ। ਮੈਂ ਆਪਣੇ ਮਿੱਤਰ ਸੰਤੋਖ ਮਿਨਹਾਸ ਦੀ ਜਾਮਨੀ ‘ਤੇ ਆਪਣੇ ਨਾਂ ਉਤੇ ਕਮਰਾ ਲੈ ਲਿਆ ਅਤੇ ਉਹ ਦੋ ਬਿਸਤਰੇ ਦੇ ਗਿਆ। ਕੁਝ ਮਹੀਨਿਆਂ ਬਾਅਦ ਕਮਰਾ ਛੱਡ ਦਿੱਤਾ। ਫਿਰ ਪਤਾ ਲੱਗਾ, ਉਸ ਨੇ ਕਮਿਊਨਿਸਟ ਸਿਧਾਂਤ ਨੂੰ ਵੀ ਅਲਵਿਦਾ ਆਖ ਦਿੱਤੀ। ‘ਨਾਨਕ ਨਾਮ ਜਹਾਜ’ ਦੀ ਕਿਰਪਾ ਨਾਲ ਉਸ ਨੇ ਹੁਣ ਦੁਨੀਆਂ ਗਾਹ ਲੈਣੀ ਹੈ।
ਕਿਸੇ ਸਿਆਣੇ ਦਾ ਕਹਿਣਾ ਹੈ, ਸਫਾਂ ਟਰਾਲੀ ਵਾਂਗ ਹੁੰਦੀਆਂ ਹਨ, ਜਿਸ ਆਗੂ ਨੂੰ ਮਗਰ ਜੋੜਨਾ ਆਉਂਦੈ, ਉਹ ਆਵਦੇ ‘ਸਿਧਾਂਤ ਦੇ ਟਰੈਕਟਰ’ ਨਾਲ ਟੋਚਨ ਕਰ ਕੇ ਲੈ ਜਾਂਦਾ ਹੈ। ਧਰਮੀਆਂ ਵਾਂਗ ਭਾਰਤੀ ਸਫਾਂ ਨੂੰ ‘ਸੋਚਣਾ’ ਨਹੀਂ ‘ਮੰਨਣਾ’ ਸਿਖਾਇਆ ਜਾਂਦਾ ਹੈ। ਜਿਵੇਂ ‘ਸਿਧਾਂਤ’ ਕੋਈ ‘ਭਾਣੇ’ ਵਰਗੀ ਚੀਜ ਹੋਵੇ। ਖਾਲਿਸਤਾਨੀ ਉਭਾਰ ਸਮੇਂ ਕਈ ਸਿੱਖ ਕਾਮਰੇਡ ਕੁਲਵਕਤੀਆਂ ਨੇ ਕਾਮਰੇਡੀ ਝੱਗਾ ਲਾਹ ਕੇ ਕੇਸਰੀ ਬਾਣਾ ਪਾ ਲਿਆ ਸੀ।
ਯੁਗਪੁਰਸ਼ਾਂ ਤੇ ਮਹਾਤੜਾਂ ‘ਚ ਇਹੀ ਫਰਕ ਹੈ। ਯੁਗਪੁਰਸ਼ਾਂ ਦਾ ਨਜ਼ਰੀਆ, ਉਨ੍ਹਾਂ ਦੀ ਕਾਇਆ ਦਾ ਹਿੱਸਾ ਬਣ ਜਾਂਦਾ ਹੈ। ਉਹ ਉਮਰ ਭਰ, ਅੰਦਰੋਂ ਬਾਹਰੋਂ ਇੱਕ ਰੰਗ ‘ਚ ਰੰਗੇ ਰਹਿੰਦੇ ਹਨ। ਉਹ ਲਹਿਰ ਪੈਦਾ ਕਰਦੇ ਹਨ। ਉਠੇ ਹੋਏ ਉਭਾਰਾਂ ‘ਚ ਨਹੀਂ ਵਹਿੰਦੇ।
ਸਾਬਕਾ ਕਾਮਰੇਡ ਕਿਸੇ ਦੇ ਬੋਲਣ ਤੋਂ ਪਹਿਲਾਂ ਹੀ, ਅਗਲੇ ਨੂੰ ਕੱਚਾ ਕਰਨ ਦੀ ਮਤੰਡਾ ਵਿਧੀ ਬਹੁਤ ਵਰਤਦੇ ਹਨ। ਮੈਨੂੰ ਇੱਕ ਵਾਕਿਆ ਯਾਦ ਰਿਹਾ ਹੈ। ਮੈਂ ਕੋਟਕਪੂਰੇ ਆਪਣੇ ਅਜੀਜ ਰਾਜੁ ਕੁਮਾਰ ਦੀ ਤੇਲ ਦੀ ਦੁਕਾਨ ‘ਤੇ ਬੈਠਾ ਸਾਂ। ਮੜਾਸੇ ਨਾਲ ਸਿਰ ਵਲੇਟੀ ਜਾਂਦੇ ਇੱਕ ਕਰਜਈ ਜ਼ਿਮੀਂਦਾਰ ਨੂੰ ਉਸ ਨੇ ਆਵਾਜ਼ ਮਾਰੀ, ‘ਫਲਾਣਾ ਸਿਆਂ, ਕਿਵੇਂ ਮੂੰਹ ਸਿਰ ਲੁਕੋ ਕੇ ਤੁਰਿਆ ਜਾਨੈਂ, ਕਦੇ ਦਰਸ਼ਨ ਨ੍ਹੀਂ ਦਿਤੇ?’ ਉਹ ਮਲਕੜੇ ਦੁਕਾਨ ‘ਚ ਆਇਆ ਤੇ ਸਹਿਜ ਭਾਅ ਬੋਲਿਆ, ‘ਸੇਠਾ ਮੂੰਹ ਹੀ ਲੁਕੋਣੈ, ਦੇਖ ਲੈਂਦਾ ਤਾਂ ਪੈਸੇ ਹੀ ਮੰਗਣੇ ਸੀ।’ ਜ਼ਿਮੀਂਦਾਰ ਨੂੰ ਕੱਚਾ ਕਰਨ ਦੀ ਥਾਂ ਰਾਜ ਕੁਮਾਰ ਖੁਦ ਹੀ ਕੱਚਾ ਹੋ ਗਿਆ। ਕਹਿੰਦਾ, ‘ਛੱਡ ਯਾਰ, ਪੈਸੇ ਚੰਗੇ ਆ ਤੇਰੇ ਨਾਲੋਂ, ਪਾਣੀ ਧਾਣੀ ਪੀ।’
ਕਾਮਰੇਡੀ ਛੱਡ ਕੇ ਅਕਾਲੀਆਂ ‘ਚ ਰਲੇ ਇੱਕ ਹੋਰ ਸਾਥੀ ਦਾ ਕਹਿਣਾ ਹੈ ਕਿ ਜਾਤਾਂ, ਨਸਲਾਂ ਤੇ ਬੋਲੀਆਂ ‘ਚ ਵੰਡੇ ਕਿਰਤੀਆਂ ਨੂੰ ਕਿਹੜਾ ਲਾਮਬੰਦ ਕਰਦਾ ਫਿਰੇ। ਕੌਮੀ ਭਾਈਚਾਰਕ ਪੈਂਤੜੇ ਦੇ ਬੜੇ ਫਾਇਦੇ ਹਨ। ਇਸ ਵਿਚ ਬਾਦਲ ਵੀ ਮਿਹਰਬਾਨ, ਉਸ ਦਾ ਸਿੱਖ ਰਸੋਈਆ ਤੇ ਸਿੱਖ ਕਾਮਾ ਵੀ ਖੁਸ਼।
ਕਈ ਬੰਦੇ ਇਸ ਨੁਕਤਾ ਨਿਗਾਹ ‘ਤੇ ਇਤਰਾਜ ਕਰਦੇ ਹਨ ਕਿ ਅਜੋਕੇ ਆਗੂ ਰੰਗ ਬਹੁਤ ਬਦਲਦੇ ਹਨ। ਤਬਦੀਲੀ ਕੁਦਰਤ ਦਾ ਅਸੂਲ ਹੈ। ਮੇਰਾ ਇੱਕ ਛੜਾ ਤਾਇਆ ਕਹਿੰਦਾ ਹੁੰਦਾ ਸੀ, ਬੰਦੇ ਨੂੰ ਇੱਕੋ ਜ਼ਿੰਦਗੀ ਮਿਲੀ ਹੈ ਤੇ ਉਸ ਨੂੰ ਇਸ ਵਿਚ ਸਾਰੇ ਰੰਗ ਤੇ ਸੁਆਦ ਮਾਣ ਲੈਣੇ ਚਾਹੀਦੇ ਹਨ। ਕਾਮਰੇਡ ਬਣ ਕੇ ਬਾਗੀ ਵੀ ਅਖਵਾ ਲਵੋ, ਵਿਆਹ ਕਰਵਾ ਕੇ ਗ੍ਰਹਿਸਥ ਵੀ ਮਾਣੋ, ਫਿਰ ਸਾਰਾ ਕੁਝ ਛੱਡ ਛੁਡਾ ਕੇ ‘ਰੱਬ’ ਵੀ ਖੁਸ਼ ਕਰ ਲਵੋ।
ਅਜਿਹੇ ਨੁਕਤਾਚੀਨਾਂ ਲਈ ਸਤਿਕਾਰਯੋਗ ਸੰਤ ਮੱਖਣ ਸਿੰਘ ਦਾ ਪ੍ਰਸੰਗ ਸਾਂਝਾ ਕਰਨਾ ਕੁਥਾਂ ਨਹੀਂ ਹੋਵੇਗਾ। ਉਹ ਜੁਆਨੀ ਵਿਚ ਕਾਮਰੇਡ ਸੀ। ਫਿਰ ਸੋਝੀ ਆਈ, ਉਹ ਦੁਨੀਆਂਦਾਰੀ ਤਿਆਗ ਕੇ ਸੰਤ ਬਣ ਗਏ। ਇੱਕ ਵਾਰ ਕਿਸੇ ਪਿੰਡ ਸਤਿਸੰਗ ਕਰਨ ਆਏ। ਉਨ੍ਹਾਂ ਨੇ ਸੰਗਤ ਨੂੰ ਮਾੜੇ ਕੰਮ ਛੱਡ ਕੇ ਚੰਗੇ ਕਰਨ, ਸਾਦਗੀ, ਸਹਿਜ, ਸੰਜਮ ਰੱਖਣ ਦੀ ਨਸੀਹਤ ਦਿੱਤੀ। ਸਾਰੀਆਂ ਬੀਮਾਰੀਆਂ ਦਾ ਇਲਾਜ, ਇਸੇ ਜੀਵਨ ਜਾਚ ਵਿਚ ਹੈ। ਉਸ ਨੇ ਕਿਹਾ ਕਿ ਧਰਮ ਦੇ ਰਾਹ ‘ਤੇ ਕਿਸੇ ਵੀ ਦਿਨ, ਕਿਸੇ ਵੀ ਵੇਲੇ ਪਿਆ ਜਾ ਸਕਦਾ ਹੈ। ਨਿੰਦਕਾਂ ਨੂੰ ਚੁੱਪ ਕਰਾਉਣ ਲਈ ਉਸ ਨੇ ਆਪਣੀ ਉਦਾਹਰਣ ਦਿੱਤੀ। ਕਹਿੰਦੇ, “ਮੈਨੂੰ ਕਈ ਕਹਿਣਗੇ ਪਹਿਲਾਂ ਨਾਸਤਕ ਹੁੰਦਾ ਸੀ, ਹੁਣ ਧਰਮੀ ਬਣਿਆ ਫਿਰਦੈ। ਅਖੇ, ਬਿੱਲੀ ਸੌ ਚੂਹਾ ਖਾ ਕੇ ਹੱਜ ਨੂੰ ਚੱਲੀ। ਮੈਂ ਭਲੇ ਮਾਣਸਾਂ ਨੂੰ ਪੁਛਨਾਂ ਕਿ ਜੇ ਬਿੱਲੀ ਹੁਣ ਵੀ ਹੱਜ ਨੂੰ ਨਾ ਜਾਵੇ, ਤਾਂ ਦੱਸੋ ਤੁਸੀਂ ਬਿੱਲੀ ਦੀ ਕੀ ਪੂਛ ਪੱਟ ਲੋ’ਗੇ।”