ਕੋਠੀ ਲੱਗੇ ਐਨ ਆਰ ਆਈ ਬਜ਼ੁਰਗ (ਭਾਗ ਦੂਜਾ)

ਚੰਗੇਰੇ ਭਵਿੱਖ ਲਈ ਪਰਦੇਸੀਂ ਜਾ ਵੱਸਣਾ ਪੰਜਾਬ ਦੀ ਨਵੀਂ ਪੀੜ੍ਹੀ ਦਾ ਸੁਪਨਾ ਵੀ ਹੈ ਅਤੇ ਚੰਗੇ ਭਾਗਾਂ ਦੇ ਦਰ ਖੁਲ੍ਹਣਾ ਵੀ। ਪਰਦੇਸਾਂ ਵਿਚ ਖਾਸ ਕਰਕੇ ਅਮਰੀਕਾ, ਕੈਨੇਡਾ ਜਿਹੇ ਵਿਕਸਿਤ ਮੁਲਕਾਂ ਵਿਚ ਸਾਡੀ ਨਵੀਂ ਪੀੜ੍ਹੀ ਨੇ ਮੱਲਾਂ ਵੀ ਬਥੇਰੀਆਂ ਮਾਰੀਆਂ ਹਨ, ਪਰ ਸਾਡੀ ਪਿਛਲੇਰੀ ਪੀੜ੍ਹੀ ਲਈ ਕਈ ਵਾਰ ਪਰਦੇਸ ਇਕ ਅਜੀਬ ਕੁੜਿੱਕੀ ਬਣ ਜਾਂਦੇ ਹਨ-ਨਾ ਉਹ ਏਧਰਲੇ ਰਹਿ ਜਾਂਦੇ ਹਨ ਤੇ ਨਾ ਉਧਰਲੇ।

ਇਹੋ ਜੀਵਨ ਹੈ ਜਿਸ ਨੂੰ ਪ੍ਰਿੰæ ਬਲਕਾਰ ਸਿੰਘ ਬਾਜਵਾ ਨੇ ਕੋਠੀ ਲੱਗਣਾ ਕਿਹਾ ਹੈ। ਇਸ ਲੇਖ ਲੜੀ ਵਿਚ ਉਨ੍ਹਾਂ ਕੋਠੀ ਲੱਗੇ ਬਜ਼ੁਰਗਾਂ ਦੀ ਪੀੜਾ ਦੀ ਸਾਰ ਲਈ ਹੈ। -ਸੰਪਾਦਕ

ਪ੍ਰਿੰæ ਬਲਕਾਰ ਸਿੰਘ ਬਾਜਵਾ
ਬਅਲਕਅਰਬਅਜੱਅ1935@ਗਮਅਲਿ।ਚੋਮ
ਫੋਨ: 647-402-2170

ਇੱਕ ਦਿਨ ਗੁਰਦੀਪ ਨੂੰ ਮਿਲਣ ਉਹਦੀ ਕੋਠੀ ਚਲਾ ਗਿਆ। ਗੱਲਾਂ ਕਰਦਿਆਂ ਸਕਾਚ ਲਿਆ ਰੱਖੀ। Ḕਮੈਂ ਮੱਛੀ ਮਸਾਲਾ ਲਾ ਰੱਖੀ ਐ, ਜਦੋਂ ਕਹੋ, ਗਰਮ ਕਰਲਾਂਗੇ।Ḕ ਕੋਠੀ ਸੋਹਣੀ ਬਣੀ ਹੋਈ ਸੀ। ਗੱਲਾਂ ਛਿੜ ਪਈਆਂ। ਕਹਿੰਦਾ, “ਵੱਡਾ ਮੁੰਡਾ ਤਾਂ ਪਹਿਲਾਂ ਹੀ ਅਮਰੀਕਾ ਚਲਾ ਗਿਆ ਸੀ। ਛੋਟਾ ਸਰਪੰਚ ਬਣ ਗਿਆ। ਐਥੇ ਨੇੜੇ ਹੀ ਉਹਦੀ ਘਰ ਵਾਲੀ ਕਿਸੇ ਸਕੂਲ ਵਿਚ ਪੜ੍ਹਾਉਂਦੀ ਸੀ। ਗਵਾਂਢ ‘ਚ ਬਣੇ ਮੰਦਿਰ ਦੇ ਪੰਡਿਤ ਨਾਲ ਉਚੀ ਡੀæਜੇæ ਲਾਉਣ ਤੋਂ ਖਹਿਬੜ ਪਿਆ। ਸ਼ਾਮ ਵੇਲਾ। ਮਿੱਤਰ ਮੰਡਲੀ ਜੁੜੀ ਹੋਈ ਸੀ। ਜਟਕੀ ਮੱਤ ਭੜਕ ਪਈ। ਪੁਲਿਸ ਕੇਸ ਬਣ ਗਿਆ। ਪ੍ਰੋਫੈਸਰ ਸਾਹਿਬ ਕੀ ਦੱਸਾਂ! ਇੱਕ ਦਮ ਆਉਣਾ ਪਿਆ। ਸਿਆਸੀ ਪਹੁੰਚ ਤੇ ਪੈਸੇ ਦੇ ਜ਼ੋਰ ਨਾਲ ਝਗੜਾ ਮਸੀਂ ਨਿਬੇੜਿਆ। ਉਹਦਾ ਕੈਨੇਡੀਅਨ ਪੀæਆਰæ ਕਾਰਡ ਪਹਿਲਾਂ ਹੀ ਬਣਿਆ ਹੋਇਆ ਸੀ, ਬੱਸ ਇਥੋਂ ਭਜਾਉਣ ਦੀ ਕੀਤੀ। ਹੁਣ ਉਹ ਤਾਂ ਓਧਰ ਕੰਮਾਂ-ਕਾਰਾਂ ‘ਚ ਰੁੱਝੇ ਹੋਏ ਨੇ, ਮੈਂ ਇਥੇ ਕੋਠੀ ਦੀ ਸਾਂਭ-ਸੰਭਾਲ ਤੇ ਵੇਚਣ-ਵੂਚਣ ਦੇ ਚੱਕਰ ‘ਚ ਬੈਠਾਂ। ਓਦਣ ਦੀ ਉਡੀਕ ‘ਚ ਆਂ ਜਿੱਦਣ ਇਹ ਕੰਮ ਸਮੇਟਿਆ ਗਿਆ। ਗਾਹਕ ਕੋਈ ਲੱਗਦਾ ਨਹੀਂ। ਪਿੰਡ ਵਾਲੀ ਜ਼ਮੀਨ ਚੰਗੇ ਟਿਕਾਣੇ ‘ਤੇ ਹੈ। ਰਾਏਪੁਰ ਕੋਲੋਂ ਦੀ ਲੰਘਦੀ ਰੇਲ ਦੇ ਨਾਲ ਹੀ ਸਾਡਾ ਪਿੰਡ ਹੈ। ਦੋਹਾਂ ਪਿੰਡਾਂ ਵਿਚਾਲੇ ਹੀ ਕੇਂਦਰ ਸਰਕਾਰ ਇੱਕ ਡਰਾਈ ਪੋਰਟ ਬਣਾ ਰਹੀ ਹੈ। ਜ਼ਮੀਨ ਦੇ ਮੁੱਲ ਕੱਖਾਂ ਤੋਂ ਹੁਣ ਲੱਖਾਂ-ਕਰੋੜਾਂ ਹੋ ਗਏ ਹਨ। ਉਹਦੇ ਨਿਬੇੜੇ ਦਾ ਵੀ ਇੰਤਜ਼ਾਰ ਹੈ। ਕੱਲ-ਮੁਕੱਲਾ, ਭਈਆਣੀ ਸਫਾਈਆਂ, ਭਾਂਡਾ ਟੀਂਡਾ ਕਰ ਜਾਂਦੀ ਐ, ਦਾਲ ਸਬਜ਼ੀ, ਰੋਟੀਆਂ ਬਣਾ ਜਾਂਦੀ ਐ, ਬਾਕੀ ਮੈਂ ਆਪæææ।”
“ਬਈ ਗੁਰਦੀਪ ਫਿਰ ਤੂੰ ਵੀ ਤਾਂ ਮੇਰੇ ਵਾਂਗ Ḕਕੋਠੀ ਈ ਲੱਗਾ ਹੋਇਐਂ, ਮੈਂ ਵੀ ਇਸੇ ਚੱਕਰ ‘ਚ ਹਾਂ। ਅਸੀਂ ਹੋਏ Ḕਕੋਠੀ ਲੱਗੇḔ ਸਾਂਢੂ। ਬਈ ਬੜੀਆਂ ਮੁਸ਼ਕਿਲਾਂ, ਕਿਰਸਾਂ ਨਾਲ ਇਹ ਆਲ੍ਹਣੇ ਬਣਾਏ ਸੀ। ਇੱਕ ਬਾਈ ਆਉਂਦਿਆਂ ਜਹਾਜ਼ ਵਿਚ ਮਿਲਿਆ ਸੀ। ਉਹ ਵੀ ਸਾਡੇ ਵਾਂਗ ਹੀ ਇਸੇ ਭਵਜਲ ‘ਚ ਡੁਬਕਣੀਆਂ ਖਾਂਦਾ ਜਾਪਿਆ।”
ਫਿਰ ਦੱਸਣ ਲੱਗਾ, “ਕੋਠੀ ਵਿਚਲੀ ‘ਕੱਲੀ ‘ਕੱਲੀ ਚੀਜ਼ ਬਣਾਉਣ ਪਿੱਛੇ ਇੱਕ ਕਹਾਣੀ ਏ। ਸਾਨੂੰ ਭੁੱਲ ਨਹੀਂ ਸਕਦੇ ਉਹ ਕਿੱਸੇ! ਪਲਾਟ ਕਿਵੇਂ ਲਏ? ਬਣਾਉਣ ਵੇਲੇ ਇੱਕੋ ਸਾਧਨ ਤਨਖਾਹ ਹੀ ਸੀ। ਪ੍ਰਾਵੀਡੈਂਟ ਫੰਡ, ਯਾਰਾਂ ਬੇਲੀਆਂ ਤੋਂ ਫੜ-ਫੜਾ ਕੰਮ ਤੋਰੀ ਗਏ। ਲੈਂਟਰ ਪਿੱਛੋਂ ਅਗਲੇ ਕੰਮਾਂ ਲਈ ਪੈਸਾ ਚਾਹੀਦਾ ਸੀ। ਮੁੰਡਿਆਂ ਨੂੰ ਵੰਗਾਰਿਆ। Ḕਓਏ ਸ਼ੇਰੋ! ਜਾਣਦਾ ਆਂ, ਤੁਸੀਂ ਵੀ ਪਹਿਲੇ ਸਾਲਾਂ ‘ਚ ਓਧਰ, ਕੋਈ ਸੌਖੇ ਨਹੀਂ, ਪਰ ਏਧਰ ਤੁਹਾਡੇ ਬਾਪੂ ਦਾ ਗੱਡਾ ਫਸ ਗਿਆ, ਇਹਨੂੰ ਕੱਢੋ, ਕੰਮ ਸਿਰੇ ਲੱਗੇ, ਦੋ ਢਾਈ ਲੱਖ ਦਾ ਜੁਗਾੜ ਕਰੋ ਛੇਤੀ।Ḕ ਇੱਕ ਵੇਲੇ ਵਾਸ਼ਰੂਮ ਦੀਆਂ ਟਾਈਲਾਂ ਲਵਾਉਣ ਵਾਸਤੇ 20 ਕੁ ਹਜ਼ਾਰ ਦੀ ਲੋੜ ਸੀ। ਨੰਗਲ ਵਾਲੇ ਇੱਕ ਸਨੇਹੀ ਐਕਸੀਅਨ ਨੂੰ ਵੰਗਾਰਿਆ। ਚੰਡੀਗੜ੍ਹੋਂ ਮੀਟਿੰਗ ਅਟੈਂਡ ਕਰਕੇ ਸ਼ਾਮੀਂ ਸਿੱਧਾ ਨੰਗਲ ਪਹੁੰਚਿਆ। ਅਗਲੇ ਦਿਨ ਪੈਸੇ ਲੈ ਵਾਪਸੀ ‘ਤੇ ਟਾਈਲਾਂ ਵਾਲੇ ਨੂੰ ਦਿਤੇ। ਰੁਕਿਆ ਕੰਮ ਚਾਲੂ ਹੋਇਆ। ‘ਕੇਰਾਂ ਰਿਸ਼ਤੇਦਾਰਾਂ ਨੇ 25 ਹਜ਼ਾਰ ਦੇ ਕੇ ਮੁੰਡਾ ਭੇਜਿਆ। ਉਹਨੂੰ ਅੱਡੇ ਤੋਂ ਲੈਣ ਗਿਆ। ਰਸਤੇ ‘ਚ ਅਗਰਵਾਲ ਟਿੰਬਰ ਵਾਲਿਆਂ ਦਾ ਹੀ ਮਸੀਂ ਸਰਿਆ। ਬਾਕੀ ਕੰਮ ਫਿਰ ਹੌਲੀ ਹੌਲੀ ਹੁੰਦੇ-ਹਵਾਂਦੇ ਰਹੇ। ਰਗੜਾਈ ਚੱਲਦੀ ‘ਤੇ ਹੀ ਕਾਲਜ ਕੁਆਟਰਾਂ ‘ਚੋਂ ਡੇਰਾ ਡੰਡਾ ਚੁੱਕ ਅਕਤੂਬਰ 1992 ‘ਚ ਇਸ ਸੁਪਨਈ ਆਲ੍ਹਣੇ ‘ਚ ਆ ਬੈਠੇ। ਰਹਿੰਦੀ ਸਰਵਿਸ ਇਥੋਂ ਹੀ ਕਾਲਜ ਜਾਂਦਾ ਰਿਹਾ। ਕਈ ਕੰਮ ਵਿਚ ਰਹਿੰਦਿਆਂ ਹੀ ਨੇਪਰੇ ਚੜ੍ਹੇ। ਆਪਣੇ ਇਸ ਆਲ੍ਹਣੇ ਨੂੰ ਆਪਣੀ ਦ੍ਰਿਸ਼ਟੀ, ਜੀਵਨ ਸ਼ੈਲੀ ਦੀਆਂ ਜ਼ਰੂਰਤਾਂ ਅਨੁਸਾਰ ਲੈਸ ਕੀਤਾ। ਕਿਚਨ ਗਾਰਡਨ ਲਈ ਥਾਂ ਰੱਖਿਆ। ਪਿਛਲੇ ਤੇ ਅਗਲੇ ਪਾਸੇ ਦੀ ਖੁੱਲ੍ਹੀ ਵਿਉਂਤਬੰਦੀ ਕੀਤੀ। ਮੋਹਰਲੇ ਲਾਅਨ ‘ਚ ਰੀਝ ਨਾਲ ਪੀæਏæ ਯੂæ ‘ਚੋਂ ਲਿਆ ਫੁੱਲ ਬੂਟੇ ਲਾਏ। ਚਾਹਤ ਸੀ, ਸੇਵਾ ਮੁਕਤੀ ਪਿੱਛੋਂ ਇਸ ਖੁੱਲ੍ਹੀ-ਡੁੱਲ੍ਹੀ ਫਿਜ਼ਾ ਵਿਚ ਆਖਰੀ ਵਕਤ ਲੰਘੇਗਾ ਅਤੇ ਨੌਕਰੀ ਦੇ ਝਮੇਲਿਆਂ ਤੋਂ ਮੁਕਤ ਇੱਕ ਅਨੰਦ ਵਾਦੀ ਮਾਣਾਂਗੇ, ਕਾਲਜ ਵਾਲੇ ਦੋਗਲੇ, ਟੀਰੇ, ਦੰਭੀ ਵਰਤਾਰੇ ਤੋਂ ਮੁਕਤ। ਪਰ ਪਰਿਵਾਰਕ ਦਬਾਅ ਹੇਠ ਪਰਵਾਸ ਕਰਨਾ ਪਿਆ। ਹੁਣ ਬਿਜੜੇ ਵਾਂਗ ਆਪਣੇ ਕਰ ਕਮਲਾਂ ਨਾਲ ਬੁਣੇ ਆਲ੍ਹਣੇ ਨੂੰ ਛੱਡਣ ਨੂੰ ਚਿੱਤ ਨਹੀਂ ਕਰਦਾ। ਮੁੰਡਿਆਂ ਨੇ ਤਾਂ ਇਹਨੂੰ ਸੁੱਟ-ਸੁਟਾ ਜਾਣੈ। ਇੱਛਾ ਹੈ, ਇਹਨੂੰ ਆਪਣੇ ਹੱਥੀਂ ਹੀ ਸਮੇਟ ਜਾਵਾਂ। ਆਪਣੇ ਹੱਥੀਂ ਬਣਾਏ ਰੇਤ ਦੇ ਘਰ ਨੂੰ ਵੀ ਢਾਹੁਣਾ ਔਖੈ।”
“ਗੁਰਦੀਪ! ਮੈਂ ਵੀ ਏਸੇ ਦੌਰ ‘ਚੋਂ ਲੰਘ ਰਿਹਾਂ। ਦਿਲਗੀਰੀ ਦੇ ਵਹਿਣਾਂ ‘ਚ ਦੋਵੇਂ ਰੁੜ ਰਹੇ ਹਾਂ। ਨਿਰਾਸ਼ਾ ਭਰੀ ਅਵਸਥਾ!”
ਗੁਰਦੀਪ ਬੈਠਾ ਬੈਠਾ ਇੱਕ ਹੌਕੇ ਭਰੇ ਹੰਭਲੇ ਨਾਲ ਉਠਿਆ, ਅਲਮਾਰੀ ਜਾ ਖੋਲ੍ਹੀ, “ਚਲੋ ਜੋ ਹੋਊ ਵੇਖੀ ਜਾਊ! ਮਰ ਥੋੜ੍ਹਾ ਜਾਣੈ! ਦੁੱਖ ਘਟਾਉਣ ਲਈ ਇਹਦਾ ਹੀ ਆਸਰਾ ਲਈਏ! ਖੁਸ਼ੀ ਹੋਵੇ ਜਾਂ ਗਮੀ, ਲੋਕ ਇਸ ਨੌ ਰਤਨੀ ਦਾ ਪੱਲਾ ਈ ਫੜਦੇ ਆਏ ਨੇ।”
ਇੱਕ ਦਿਨ ਅਸੀਂ ਦੋਵੇਂ ਆਪਣੇ ਕੈਨੇਡੀਅਨ ਮਿੱਤਰ ਡੀæਐਸ਼ਪੀæ ਨੂੰ ਮਿਲਣ ਚਲੇ ਗਏ। ਬੈਠੇ ਦੇਸ਼-ਵਿਦੇਸ਼ ਦੇ ਹਾਣ ਲਾਭ, ਸੁਖ-ਸਹੂਲਤਾਂ ਤੇ ਔਕੜਾਂ ਦਾ ਚੀਨਣ-ਮੀਨਣ ਕਰਦੇ ਰਹੇ। ਮਹਿਫਿਲ ਬਰਖਾਸਤ ਹੋਈ। ਵਾਪਸ ਆਉਂਦਿਆਂ ਸਾਡੀ ਦੋਹਾਂ ਦੀ ਰਾਏ ਸੀ, ਇਹ ਵੀ Ḕਕੋਠੀ ਲੱਗਾ ਐਨæਆਰæਆਈæ ਈ ਏ, ਐਨ ਸਾਡੇ ਵਾਂਗ!Ḕ ਸੋਚਦੇ ਸੀ, ਜੇ ਇੱਕ ਮੁੰਡਾ ਏਥੇ ਰਹਿੰਦਾ ਹੁੰਦਾ ਤਾਂ ਇਸ ਰਿਹਾਇਸ਼ ਦੀ ਇਹ ਦੁਰਦਸ਼ਾ ਨਾ ਹੁੰਦੀ, ਨਾ ਸਾਡੀ ਇਹ ਹਾਲਤ!
ਆਪਣੇ ਸੰਧੂ ਦੋਸਤ ਦੀ ਗੱਲ ਸੁਣਾਉਣੋ ਰਹਿ ਨਾ ਹੋਇਆ, “ਯਾਰਾ, ਸੰਧੂ ਸਾਡੇ ਨਾਲੋਂ ਬਾਹਲਾ ਈ ਚੰਗੈ। ਇੱਕ ਬੇਟਾ ਇਥੇ ਰਹਿੰਦਾ, ਦੂਜਾ ਕੈਨੇਡਾ। ਰੀਝਾਂ ਨਾਲ ਬਣਾਏ ਘਰ ਨੂੰ ਭੰਗ ਦੇ ਭਾੜੇ ਸੁੱਟਣਾ ਨਹੀਂ ਪੈਣਾ, ਉਹਨੂੰ। ਉਹਦਾ ਆਲ੍ਹਣਾ ਲਾਵਾਰਸ ਨਹੀਂ ਹੋਵੇਗਾ। ਇਹ ਘਰ ਉਹਦਾ ਉਦੋਂ ਤੱਕ ਆਪਣਾ ਰਹੇਗਾ, ਜਦੋਂ ਤੱਕ ਉਹ ਇਸ ਦੁਨੀਆਂ ਤੋਂ ਰੁਖਸਤ ਨਹੀਂ ਹੁੰਦਾ। ਖੁਸ਼ਕਿਸਮਤ ਏ ਉਹ! ਸਾਡੇ ਤੋਂ ਐਨ ਓਲਟ! ਅਸੀਂ ਜਦੋਂ ਪੰਜ ਛੇ ਮਹੀਨੇ ਰਹਿ ਕੇ ਜਾਣ ਲੱਗਦੇ ਹਾਂ ਤਾਂ ਇਸ ਘਰ ਦਾ ਪੂਰਾ ਮਾਹੌਲ ਹੀ ਉਦਾਸਿਆ, ਉਦਾਸਿਆ ਹੋ ਜਾਂਦੈ। ਭਾਰੇ ਮਨ ਨਾਲ ਘਰ ਦੇ ਸਮਾਨ ਦੀਆਂ ਮੁਸ਼ਕਾਂ ਬੰਨ੍ਹਦੇ ਹਾਂ, ਦਵਾਈਆਂ ਪਾਉਂਦੇ ਹਾਂ। ਕਿਤੇ ਘੱਟੇ-ਮਿੱਟੀ ਤੇ ਸਿਉਂਕ ਨਾਲ ਖਰਾਬ ਨਾ ਹੋ ਜਾਣ। ਪਰ ਦੂਜੇ ਪਾਸੇ ਸਿਉਂਕ ਵੀ ਇੰਤਜ਼ਾਰ ‘ਚ ਹੁੰਦੀ ਹੈ, Ḕਨਿਕਲੋ ਸਹੀ, ਵੇਖੋ ਫਿਰ ਸਾਡੇ ਹੱਥ, ਦਵਾਈਆਂ ਨੂੰ ਅਸੀਂ ਕੀ ਸਮਝਦੀਆਂ ਹਾਂ!Ḕ ਰੀਝ ਤੇ ਸ਼ੌਕ ਨਾਲ ਬਣਾਈਆਂ ਚੀਜ਼ਾਂ ਦੀਆਂ ਹਰ ਸਾਲ ਆਪਣੇ ਹੱਥੀਂ ਮੁਸ਼ਕਾਂ ਬੰਨ੍ਹਦੇ ਹਾਂ। ਫਿਰ ਆਪ ਹੀ ਆ ਖੋਲ੍ਹਦੇ ਹਾਂ। ਪਰ ਉਦੋਂ ਤੱਕ ਸਿਉਂਕ ਨੇ ਵੀ ਕਾਫੀ ਖੇਹ-ਖਰਾਬੀ ਕਰ ਦਿੱਤੀ ਹੁੰਦੀ ਹੈ। ਰੋਣ ਆਉਂਦੈ। ਹੈ ਨਾ ਇੱਕ ਤੜਪਾਵੀਂ ਵਿਡੰਬਨਾ, ਤ੍ਰਾਸਦੀ! ਕੋਠੀ ਦੀ ਦੇਖ-ਭਾਲ ਲਈ ਰਹਿੰਦਾ ਸਾਰਾ ਪਰਿਵਾਰ ਦਿਲਗੀਰ ਹੋ ਜਾਂਦੈ। ਸਭ ਦੀਆਂ ਅੱਖਾਂ ‘ਚ ਹੰਝੂ ਛਲਕਣ ਲੱਗ ਪੈਂਦੇ ਹਨ। ਇਸ ਘਰ ਨੂੰ, ਉਨ੍ਹਾਂ ਵਿਚਾਰਿਆਂ ਨੂੰ ਇੱਕ ਨਾ ਇੱਕ ਦਿਨ ਛੱਡਣਾ ਪਏਗਾ। ਇਹ ਹੋਣੀ ਉਨ੍ਹਾਂ ਦੇ ਮਨ ‘ਚ ਆਉਂਦੀ ਹੋਵੇਗੀ। ਸਾਡੇ ਇਸ ਗ੍ਰਹਿ ਨਾਲ ਵਸਲ ਦੇ ਸਮੇਂ ‘ਤੇ ਘੱਟਦੀ ਦਾ ਪਹਿਰਾ! ਲੋੜਵੰਦ ਪਰਿਵਾਰ ਆਪਣੇ ਅਨਿਸ਼ਚਤ ਭਵਿੱਖ ਤੋਂ ਜ਼ਰੂਰ ਭੈਅ ਖਾਂਦਾ ਹੋਵੇਗਾ, ਪਤਾ ਨਹੀਂ ਪਿੱਛੋਂ ਕਿੱਦਾਂ ਦਾ ਆਸਰਾ ਮਿਲੇ!”
ਸਬੱਬੀਂ ਮੇਰਾ ਇੱਕ ਹੋਰ ਵਿਦਿਆਰਥੀ ਉਸੇ ਏਰੀਏ ਦੇ ਪਾਰਕ ‘ਚ ਸੈਰ ਕਰਦੇ ਨੂੰ ਮਿਲ ਪਿਆ। ਉਹ ਮੇਰਾ 1978-79 ਸੈਸ਼ਨ ਦਾ ਵਿਦਿਆਰਥੀ ਸੀ, ਬਲਬੀਰ ਸਿੰਘ ਚੌਕੀਮਾਨ। ਸਤਿਕਾਰ ਨਾਲ ਮਿਲਿਆ। ਕੁਝ ਕਾਹਲੀ ‘ਚ ਸੀ। ਕਿਸੇ ਪ੍ਰੀਖਿਆ ਸੈਂਟਰ ‘ਚ ਸੁਪਰਡੈਂਟੀ ਕਰਨ ਜਾ ਰਿਹਾ ਸੀ। ਪਰ ਕਾਹਲੀ ‘ਚ ਹੀ ਆਪਣੀ ਦੁਬਿਧਾ ਭਰੀ ਕਹਾਣੀ ਦਸ ਗਿਆ। ਉਹਦੀ ਸਾਥਣ ਵੀ ਲੈਕਚਰਾਰ ਹੈ। ਬੱਚੇ ਦੋਵੇਂ ਵਿਆਹੇ ਹੋਏ ਨੇ। ਛੋਟਾ ਜਿਹਾ ਪਰਿਵਾਰ, ਚੰਗਾ ਸੈਟ। ਲੜਕੀ ਅਮਰੀਕਾ ਚਲੀ ਗਈ ਹੈ। ਪਿੰਡ ਉਹਦੀ 12 ਕਿੱਲੇ ਜ਼ਮੀਨ ਵੀ ਹੈ। ਠੇਕਾ ਅਗਲੇ ਘਰ ਆ ਦੇ ਜਾਂਦੇ ਹਨ। ਦੋ ਕਾਰਾਂ ਹਨ ਤੇ ਕੋਠੀ ਵਧੀਆ ਬਣੀ ਹੋਈ ਹੈ। ਮੁੰਡੇ ਨੇ ਐਮæਟੈਕæ ਤੇ ਐਮæਬੀæਏæ ਕੀਤੀ ਹੋਈ ਐ। ਨੂੰਹ ਵੀ ਚੰਗੀ ਪੜ੍ਹੀ-ਲਿਖੀ ਏ। ਦੋਵੇਂ ਲੁਧਿਆਣੇ ‘ਚ ਹੀ ਚੰਗੇ ਰੁਜ਼ਗਾਰ ‘ਤੇ ਲੱਗੇ ਹੋਏ ਹਨ। ਮੁੰਡਾ ਪਹਿਲਾਂ ਹੀ ਪੜ੍ਹਾਈ ਦੇ ਆਧਾਰ ‘ਤੇ ਕੈਨੇਡੀਅਨ ਪੀæਆਰæ ਕਾਰਡ ਹੋਲਡਰ ਹੈ। ਹੁਣ ਉਹ ਨੌਜਵਾਨ ਜੋੜੀ ਦੁਚਿੱਤੀ ‘ਚ ਹੈ। ਇਥੇ ਸੈਟ ਹੋਈਏ ਜਾਂ ਕੈਨੇਡਾ। ਕੀ ਉਨ੍ਹਾਂ ਨੂੰ ਬਾਹਰ ਜਾਣਾ ਚਾਹੀਦੈ ਜਾਂ ਇਥੇ ਹੀ ਪੱਕੇ ਤੌਰ ‘ਤੇ ਸਥਾਪਤ ਹੋਣ? ਉਨ੍ਹਾਂ ਦੋਹਾਂ ਜੀਆਂ ਦੀ ਸਰਵਿਸ ਹਾਲੀ ਪੰਜ ਛੇ ਸਾਲ ਰਹਿੰਦੀ ਹੈ।
ਇੱਕ ਦੇਰ ਸ਼ਾਮ ਉਹਦਾ ਪੁੱਤ-ਨੂੰਹ ਮੈਨੂੰ ਘਰੇ ਹੀ ਆ ਮਿਲੇ। ਪਤਾ ਲੱਗਾ ਕਿ ਉਹ ਬਾਹਰ ਹੀ ਸੈਟਲ ਹੋਣਾ ਚਾਹੁੰਦੇ ਹਨ। ਕੁਝ ਦਿਨ ਬਾਅਦ ਬਲਬੀਰ ਫਿਰ ਮੈਨੂੰ ਉਥੇ ਹੀ ਸੈਰ ਕਰਦੇ ਨੂੰ ਆ ਮਿਲਿਆ। ਪਹਿਲਾਂ ਵਾਂਗ ਹੀ ਕਾਹਲੀ ‘ਚ ਸੀ। ਸ਼ਾਮ ਨੂੰ ਦੇਰੀ ਨਾਲ ਘਰ ਆਉਂਦੈ। ਪੁੱਛਿਆ ਕੀ ਸਲਾਹ ਦਿੰਦੇ ਹੋ। ਮੈਂ ਕਿਹਾ, ਉਹ ਭਾਈ ਦੋਵੇਂ ਮੈਨੂੰ ਘਰੇ ਮਿਲਣ ਆ ਗਏ ਸੀ। ਚਾਹ ਪੀਂਦਿਆਂ ਵਾਹਵਾ ਦੇਰ ਗੱਲਾਂ ਕਰਦੇ ਰਹੇ। ਤੇਰੇ ਬੱਚੇ ਬੜੇ ਸੋਹਣੇ ਸੁਨੱਖੇ, ਸੁਲੱਗ ਤੇ ਸਮਝਦਾਰ ਨੇ। ਉਨ੍ਹਾਂ ਨੂੰ ਆਪ ਹੀ ਫੈਸਲਾ ਲੈਣ ਦੇਹ। ਚੰਗੇ ਪੜ੍ਹੇ ਲਿਖੇ ਨੇ। “ਠੀਕ।” ਕਹਿ ਉਹ ਫਿਰ ਛੋਹਲੇ ਪੈਰੀਂ ਭੱਜ ਗਿਆ।
ਸੈਰ ਮੁਕਾ ਘਰ ਆਉਂਦਿਆਂ ਮੇਰੇ ਚਿੱਤ ਵਿਚ ਉਸ ਪਰਿਵਾਰ ਦੀ ਵਰਤਮਾਨ ਸਥਿਤੀ ਜ਼ਿਹਨ ‘ਚ ਗੇੜੇ ਦੇ ਰਹੀ ਸੀ। ਸਾਫ ਸੀ ਕਿ ਇਹ ਮੇਰਾ ਅਜ਼ੀਜ਼ ਵੀ ਸਾਡੇ ਵਾਲੀ ਦਿਸ਼ਾ ਵੱਲ ਵਧ ਰਿਹੈ ਜਿਸ ‘ਚੋਂ ਅੱਜ ਅਸੀਂ ਲੰਘ ਰਹੇ ਆਂ। ਦੋ ਬੇੜੀਆਂ ‘ਚ ਪੈਰ ਰੱਖੇ ਨਹੀਂ ਜਾ ਸਕਦੇ। ਜੇ ਅਗਾਂਹ ਨੂੰ ਪੈਰ ਪੁੱਟਣੈ ਤਾਂ ਪਿਛਲਾ ਪੈਰ ਧਰਤੀ ਤੋਂ ਚੁੱਕਣਾ ਹੀ ਪੈਣਾ।
ਦਿੱਲੀ ਤੋਂ ਆਈ ਲੁਫਥਾਨਸਾ ਫਲਾਈਟ ਫਰੈਂਕਫਰਟ ਏਅਰਪੋਰਟ ‘ਤੇ ਬਹੁਤੇ ਤਿੰਨ ਟਿਕਾਣਿਆਂ ਵੱਲ ਜਾਣ ਵਾਲੇ ਮੁਸਾਫਿਰ ਹੁੰਦੇ ਹਨ-ਟੋਰਾਂਟੋ, ਵੈਨਕੁਵਰ ਅਤੇ ਕੈਲੀਫੋਰਨੀਆ। ਇਨ੍ਹਾਂ ਤਿੰਨਾਂ ਮੰਜ਼ਿਲਾਂ ਵਾਲੀਆਂ ਪੰਜਾਬੀ ਸਵਾਰੀਆਂ ਵਿਚ ਬਹੁਤੇ ਮੇਰੇ ਹਮਉਮਰੇ ਬਜ਼ੁਰਗ ਹੀ ਸਨ। ਮਾਰਚ/ਅਪਰੈਲ ਮਹੀਨੇ ਵਾਪਸੀ ਵਾਲਿਆਂ ਦੇ ਹੁੰਦੇ ਹਨ। ਸਹਿਜ ਮਤੇ ਗੱਲਾਂ ਚੱਲ ਰਹੀਆਂ ਸਨ। ਬਹੁਤਿਆਂ ਦੇ ਮਸਲੇ ਇਕੋ ਜਿਹੇ ਸਨ। ਰਤਾ ਹਟਵਾਂ ਬੈਠੇ ਇੱਕ ਬਾਈ ਨੇ ਕੱਛ ‘ਚੋਂ ਮੁੰਗਲੀ ਕੱਢ ਮਾਰੀ, ਜੋ ਇੱਕ ਹੂਕ ਭਰੇ ਹਨੋਰੇ ਵਾਲਾ ਤੁਕਾਂਤ ਸੀ:
ਸੌਖਾ ਕਦੇ ਨਹੀਂ ਬਣਦਾ ਘਰ ਜਾਂ ਆਲ੍ਹਣਾ,
ਤੀਲਾ ਤੀਲਾ ਜੋੜ ਕੇ ਬਣਾਉਣਾ ਪੈਂਦਾ ਹੈ।
ਉਠ ਕੇ ਨੇੜੇ ਆ ਗਿਆ, ਕਹਿੰਦਾ, “ਵੀਰੋ! ਤੁਹਾਡੀਆਂ ਗੱਲਾਂ ਸੁਣ ਰਿਹਾ ਸੀ। ਮਹਿਸੂਸ ਹੁੰਦੈ, ਦੁੱਖ ਸੁੱਖ ਸਾਂਝੇ ਕਰਦਿਆਂ, ਪਿੱਛੇ ਦਾ ਮਿੱਟੀ ਮੋਹ, ਹੱਥੀਂ ਬਣਾਏ ਆਲ੍ਹਣੇ, ਪਿੰਡਿਆਂ ‘ਤੇ ਹੰਢਾਏ ਵੇਲੇ ਯਾਦ ਕਰਦਿਆਂ ਮਨ ਹੌਲੇ ਹੋ ਜਾਂਦੇ ਹਨ। ਸਾਡੇ ਪਰਦੇਸੀਂ ਵਸਦੇ ਬੱਚਿਆਂ ਦੀਆਂ ਅਲੋਕਾਰੀਆਂ ਕਈ ਨੇ। ਇੱਕ ਸੁਣੋ। ਕੇਰਾਂ ਮੇਰੇ ਪੋਤੇ ਨੂੰ ਕਿਸੇ ਬੀਬੀ ਨੇ ਪੁੱਛਿਆ ਤੁਹਾਡਾ ਪਿਛਲਾ ਪਿੰਡ ਕਿਹੜਾ? ਕਹਿੰਦਾ, Ḕਲੁਧਿਆਣਾ।Ḕ ਦੱਸੋ ਬਾਈ ਇਹ ਜੇ ਹਾਲ ਸਾਡੀ ਅਗਲੀ ਪੁਸ਼ਤ ਦਾ। ਉਨ੍ਹਾਂ ਨੂੰ ਪਿੰਡ ਤੇ ਸ਼ਹਿਰ ਦਾ ਫਰਕ ਹੀ ਨਹੀਂ ਪਤਾ। ਬੱਸ ਪੀਜ਼ਾ, ਬਰਗਰਾਂ, ਹਾਟ ਡਾਗਾਂ, ਕੋਕਾਂ ਬਾਰੇ ਹੀ ਗਿਟ-ਮਿਟ ਕਰ ਸਕਦੇ ਨੇ। ਅਗਲੀਆਂ ਪੁੱਠੀ ਟੋਪੀ ਪੀੜ੍ਹੀਆਂ ਦੇ ਮਨਾਂ ‘ਚ ਪਿਛੋਕੜ ਨਾਲ ਬਿਗਾਨਗੀ ਹੈ। ਏਧਰਲੇ ਪਰਿਵਾਰ ਮੁੜ ਮੁੜ ਰੱਟੀ ਜਾਂਦੇ ਨੇ, Ḕਉਨ੍ਹਾਂ ਨੂੰ ਵੇਚੋ ਪਰ੍ਹੇ, ਫਾਹਾ ਵੱਢੋ, ਕੁਝ ਨਈਂ ਹੱਥ ਲੱਗਣਾ ਉਥੋਂ, ਬੇਕਾਨੂੰਨੀ ਦਾ ਰਾਜ ਏ, ਗੈਂਗ ਖਰੂਦ ਮਚਾ ਰਹੇ ਹਨ, ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ, ਭੀੜ ਖਰੂਦੀਆਂ ਦੀ ਚੜ੍ਹੀ ਫਿਰਦੀ, ਸਰਦਾਰ, ਥਾਣੇਦਾਰ, ਨਿਆਂਦਾਰ ਲੁਕਦੇ ਫਿਰਦੇ ਨੇ, ਧੱਕੇ ਨਾਲ ਜਾਇਦਾਦਾਂ ਖੋਹੀਆਂ ਜਾ ਰਹੀਆਂ ਨੇ, ਇਹ ਜੇ ਵਰਤਾਰਾ। ਇਹ ਹੀ ਸਾਨੂੰ ਕੰਢੇ ਉਤਲੇ ਰੁਖੜਿਆਂ ਨੂੰ ਡੂੰਘੇ ਵਹਿਣਾਂ ‘ਚ ਗੋਤੇ ਦੇ ਰਿਹਾ।”
ਬਹੁਤੇ ਉਦਾਸੀ ਰੋਗ ਪੀੜਤ ਲੱਗੇ। ਸਭ ਦਾ ਇਹੋ ਤਵਾ Ḕਹਿਜ਼ ਮਾਸਟਰਜ਼ ਵਾਇਸḔ ਵਾਂਗ ਚੱਲੀ ਜਾਂਦਾ ਏ। ਇੱਕ ਹੋਰ ਬੋਲਿਆ, “ਘਰਾਂ, ਜ਼ਮੀਨਾਂ ਦੀ ਮਾਰਕਿਟ ਮੰਦੇ ‘ਚ ਐ, ਗਾਹਕ ਕੋਈ ਨੀਂ। ਹਮਾਂ ਤੁਮਾਂ ਸਭ ਈ ਵੇਚਣ ਵਾਲੇ ਹਾਂ, ਡੀਲਰ ਬੈਠੇ ਮੱਖੀਆਂ ਮਾਰ ਰਹੇ ਨੇ।”
ਚੱਲਦੀ ਗੱਲ ਨੂੰ ਵਿਚੋਂ ਹੀ ਕੱਟਦਾ ਇੱਕ ਹੋਰ ਦੁਖਿਆਰਾ ਬੋਲਿਆ, “ਕਾਰਪੋਰੇਸ਼ਨ ਦਫਤਰਾਂ Ḕਚ ਸ਼ਰ੍ਹੇਆਮ ਪੈਸਾ ਚੱਲ ਰਿਹੈ, ਸਧਾਰਨ ਕੰਮਾਂ ਲਈ। ਸਲਾਹ ਮਿਲਦੀ ਹੈ, ਕੁਝ ਦੇ ਦਿਵਾ ਕੇ ਨਬੇੜ ਬਾਪੂ, ਕਿੱਥੇ ਧੱਕੇ ਖਾਂਦਾ ਫਿਰੇਂਗਾ ਇਸ ਉਮਰੇ। ਹੇਠਾਂ ਤੋਂ ਉਪਰ ਤੱਕ, ਹਿੱਸੇ ਪੱਤੀਆਂ ਨੇ, ਸਭ ਦਾ ਵੱਡਾ ਪਿਉ ਜੇ ਪੈਸਾ। ਪੰਜ ਮਹੀਨੇ ਤੌਬਾ ਤੌਬਾ ਕਰਦਿਆਂ ਕੋਠੀ ਦਾ ਚੌਕੀਦਾਰਾ ਕਰਕੇ ਆਇਆਂ, ਕਦੀ ਸੋਚਿਆ ਨਹੀਂ ਸੀ, ਇਹ ਦਿਨ ਵੀ ਵੇਖਣੇ ਪੈਣਗੇ!”
ਬਜ਼ੁਰਗਾਂ ਦੇ ਤਜਰਬਿਆਂ ‘ਚੋਂ ਉਪਜੀ ਕਹਾਵਤ Ḕਜ਼ਮੀਨ ਬੰਜਰ, ਪੁੱਤ ਕੰਜਰ, ਕਚਹਿਰੀਆਂ ‘ਚ ਮੁਨਸ਼ੀ, ਮੁਨੀਮ, ਲੰਬੜ, ਥਾਣੇਦਾਰ ਮਾੜੇ ਹੀ, ਮਾੜੇ ਸਿੱਧ ਹੁੰਦੇ ਨੇ।Ḕ ਦਿਨ ‘ਚ ਕਈ ਵਾਰ ਸੋਚ ਵਿਚ ਇਹ ਸ਼ਬਦ ਗੂੰਜਦੇ।
ਬੋਰਡਿੰਗ ਲਈ ਲਾਈਨ ਲੱਗ ਗਈ ਤੇ ਜਹਾਜ਼ ਉਡ ਪਏ। ਆਕਾਸ਼ ‘ਚ ਉਡਦਾ ਇਸ ਵਰਤਾਰੇ ਬਾਰੇ ਸੋਚਦਾ ਆਇਆ। ਅਸੀਂ ਏਦਾਂ ਯੋਜਨਾ ਬਣਾਈ ਗਏ, ਜਿਵੇਂ ਅਸੀਂ ਬੁੱਢੇ ਹੀ ਨਹੀਂ ਹੋਣਾ। ਦਲਾਈ ਲਾਮਾ ਦੀ ਗੱਲ ਯਾਦ ਆਈ। ਉਹਨੂੰ ਪੁੱਛਿਆ ਗਿਆ, ਮਨੁੱਖਤਾ ਦੀ ਕਿਹੜੀ ਗੱਲ ਉਹਨੂੰ ਸਭ ਤੋਂ ਜ਼ਿਆਦਾ ਹੈਰਾਨ ਕਰਦੀ ਹੈ? ਉਹਨੇ ਕਿਹਾ, “ਆਦਮੀ। ਕਿਉਂਕਿ ਉਹ ਪੈਸਾ ਬਣਾਉਣ ਲਈ ਆਪਣੀ ਸਿਹਤ ਨੂੰ ਕੁਰਬਾਨ ਕਰ ਦਿੰਦਾ ਹੈ ਅਤੇ ਫਿਰ ਆਪਣੀ ਸਿਹਤ ਬਹਾਲੀ ਲਈ ਆਪਣਾ ਪੈਸਾ ਕੁਰਬਾਨ ਕਰ ਦਿੰਦਾ ਹੈ। ਉਹ ਇਸ ਤਰ੍ਹਾਂ ਜਿਉਂਦਾ ਹੈ ਜਿਵੇਂ ਉਸ ਮਰਨਾ ਹੀ ਨਹੀਂ ਅਤੇ ਫਿਰ ਉਹ ਬਿਨਾ ਚੰਗੀ ਤਰ੍ਹਾਂ ਜਿਊਣ ਦੇ ਮਰ ਜਾਂਦਾ ਹੈ।”
ਗੱਲ ਤਾਂ ਚਾਲੀ ਸਿਰੀ ਐ। ਅਸੀਂ ਘਰ, ਜਾਇਦਾਦਾਂ ਬਣਾਉਂਦੇ ਕੁੱਤੇ ਚਾਲ ਭੱਜੇ ਫਿਰੇ, ਹੁਣ ਵਡੇਰੀ ਉਮਰੇ ਉਨ੍ਹਾਂ ਨੂੰ ਬਿਲੇ ਲਾਉਣ ਲਈ ਉਸੇ ਦੌਰ ‘ਚ ਹਾਂ।
ਪਤਨੀ ਨੇ ਕੂਹਣੀ ਮਾਰੀ, “ਸੰਭਲੋ ਜੀ ਖਾਣੇ ਵਾਲੀ ਟਰਾਲੀ ਆ ਗਈ ਜੇ।”
ਖਿਝ ਭਰੇ ਸ਼ਬਦ ਜ਼ਬਾਨੋਂ ਨਿਕਲੇ, “ਇਨ੍ਹਾਂ ਨੇ ਕਿਹੜਾ ਦੁੱਖ ਭੁਲਾਉਣਾ ਕੋਈ ਚੱਜ ਹਾਲ ਦਾ ਚਾਹ, ਦਾਰੂ ਪਾਣੀ ਦੇਣੈ।”
ਕੰਪਨੀਆਂ ਆਪਣੇ ਮੁਨਾਫੇ ਵਧਾਉਣ ਦੇ ਚੱਕਰਾਂ ‘ਚ ਨੇ। ਟਿਕਟਾਂ ਮਹਿੰਗੀਆਂ, ਸਹੂਲਤਾਂ ਮਾੜੀਆਂ। ਪੈਸੇ ਬਟੋਰੀ ਜਾਂਦੇ ਨੇ, ਪਰ ਰੋਟੀ, ਚਾਹ ਪਾਣੀ ‘ਚ ਮਾਈ ਵਾਂਗ ਸਾਧ ਦੀ ਲੱਸੀ ‘ਚ ਪਾਣੀ ਦੇ ਬਗੌੜ ਚੁਕੀ ਜਾ ਰਹੀਆਂ ਨੇ। ਆਹ ਮੱਥੇ ਮਾਰ ਗਈਆਂ ਨੇ ਸਾਡੇ ਹੰਝੂਆਂ ਦੇ ਨੀਰ ਤੇ ਕਾਗਜ਼ਾਂ ‘ਚ ਲਪੇਟਿਆ ਨਿੱਕ-ਸੁੱਕ ਦਾ ਤੋਸਾ! ਅੱਕਿਆ ਸਾਧ ਤਾਂ ਅਗਲੇ ਦਰ ਜਾ ਖਲੋਤਾ। ਅਸੀਂ ਕਿੱਥੇ ਜਾਈਏ। ਕੰਪਨੀਆਂ ਸਭ ਮਿਲ ਕੇ ਕੀਮਤਾਂ ਵਧਾਉਂਦੀਆਂ ਨੇ। ਕਿੱਥੇ ਜਾਓਗੇ ਭੱਜ ਕੇ! ਆਉਣ ਜਾਣ ਵਾਸਤੇ ਹਾਲੀ ਪਤਾ ਨਹੀਂ ਕਿੰਨੀ ਵਾਰ ਇਨ੍ਹਾਂ ਦੇ ਟੇਟੇ ਚੜ੍ਹਨਾ! ਲੱਗਦੈ! ਮੁਕਤੀ ਕੋਠੀ ਤੋਂ ਛੁਟਕਾਰੇ ਨਾਲ ਹੋਊ! ਕੋਠੀ ਦੇ ਇੰਤਕਾਲ ਹੋਣ ਤੱਕ ਅੰਤਕਾਲ ਨੇੜੇ ਹੋਵੇਗਾ। ਕੀ ਪਤੈ, ਕਿਤੇ ਪਹਿਲਾਂ ਹੀ ਨਾ ਰੂਹ ਉਡਾਰੀ ਮਾਰ ਜਾਏ!