ਰਾਣੇ ਨੇ ਮਹਾਰਾਜੇ ਨੂੰ ਕਸੂਤਾ ਫਸਾਇਆ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਰੇਤ ਦੀਆਂ ਖੱਡਾਂ ਦੀ ਬੋਲੀ ਵਿਚ ਸਾਹਮਣੇ ਆਏ ਘਪਲਿਆਂ ਨੇ ਸਾਫ-ਸੁਥਰੇ ਪ੍ਰਸ਼ਾਸਨ ਦੇ ਦਾਅਵੇ ਨਾਲ ਸੱਤਾ ਵਿਚ ਆਈ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਗੋਰਖਧੰਦੇ ਵਿਚ ਸਰਕਾਰ ਦੇ ਮੰਤਰੀਆਂ ਦੀ ਸ਼ਮੂਲੀਅਤ ਕੈਪਟਨ ਸਰਕਾਰ ਲਈ ਨਮੋਸ਼ੀ ਵਾਲੀ ਗੱਲ ਬਣ ਗਈ ਹੈ। ਕੈਪਟਨ ਨੇ ਭਾਵੇਂ ਬਹੁ-ਕਰੋੜੀ ਰੇਤਾ ਖਣਨ ਨਿਲਾਮੀ ਵਿਚ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ਼ ਦੋਸ਼ਾਂ ਦੀ ਜਾਂਚ ਲਈ ਇਕ ਮੈਂਬਰੀ ਜੁਡੀਸ਼ੀਅਲ ਕਮਿਸ਼ਨ ਕਾਇਮ ਕਰਨ ਦੇ ਹੁਕਮ ਦਿੱਤੇ ਹਨ,

ਪਰ ਵਿਰੋਧੀ ਧਿਰ ਸਮੇਤ ਆਮ ਜਨਤਾ ਸਵਾਲ ਪੁੱਛ ਰਹੀ ਹੈ ਕਿ ਮੰਤਰੀ ਦੇ ਨੌਕਰ ਦੇ ਖਾਤੇ ਵਿਚ ਸਿਰਫ 4 ਹਜ਼ਾਰ ਰੁਪਏ ਹਨ, ਉਹ ਈ-ਨਿਲਾਮੀ ਰਾਹੀਂ 26 ਕਰੋੜ ਰੁਪਏ ਦੀ ਬੋਲੀ ਦੇ ਕੇ ਰੇਤ ਦੀ ਖੱਡ ਕਿਵੇਂ ਹਾਸਲ ਕਰ ਗਿਆ?
ਰਾਣਾ ਗੁਰਜੀਤ ਸਿੰਘ ਦੇ ਇਸ ‘ਕਰੋੜਪਤੀ’ ਨੌਕਰ ਅਮਿਤ ਬਹਾਦੁਰ ਵੱਲੋਂ ਪਿਛਲੇ ਸਾਲ ਦੀ ਦਾਖਲ ਆਮਦਨ ਕਰ ਰਿਟਰਨ ਤੋਂ ਪਤਾ ਲਗਦਾ ਹੈ ਕਿ ਉਸ ਦੀ ਸਾਲਾਨਾ ਆਮਦਨ ਤਕਰੀਬਨ 90 ਹਜ਼ਾਰ ਰੁਪਏ ਹੈ ਅਤੇ ਉਸ ਦੇ ਖਾਤੇ ਵਿਚ ਚਾਰ ਹਜ਼ਾਰ ਰੁਪਏ ਬਕਾਇਆ ਹਨ। ਇਹ ਵੀ ਪਤਾ ਲੱਗਾ ਹੈ ਕਿ ਈ-ਬੋਲੀ ਰਾਹੀਂ ਘੱਟੋ ਘੱਟ ਚਾਰ ਖੱਡਾਂ ਦੇ ਠੇਕੇ ਇਸ ਮੰਤਰੀ ਦੀ ਕੰਪਨੀ ਦੇ ਮੁਲਾਜ਼ਮਾਂ ਨੇ ਹਾਸਲ ਕੀਤੇ ਹਨ। ਅਮਿਤ ਬਹਾਦੁਰ ਨੇ 26æ51 ਕਰੋੜ ਰੁਪਏ ਵਿਚ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਚ ਪਿੰਡ ਸੈਦਪੁਰ ਖੁਰਦ ਦੀ ਖੱਡ ਹਾਸਲ ਕੀਤੀ। ਨੇਪਾਲੀ ਮੂਲ ਦਾ ਅਮਿਤ ਬਹਾਦੁਰ ਰਾਣਾ ਸ਼ੂਗਰਜ਼ ਵਿਚ ਖਾਨਸਾਮੇ ਵਜੋਂ ਕੰਮ ਕਰਦਾ ਹੈ। ਉਸ ਦੀ ਵਫਾਦਾਰੀ ਕਾਰਨ ਉਸ ਨੂੰ ਨਿੱਜੀ ਸਹਾਇਕ ਬਣਾਇਆ ਗਿਆ ਸੀ। ਰਾਣਾ ਸ਼ੂਗਰਜ਼ ਦੇ ਇਕ ਹੋਰ ਮੁਲਾਜ਼ਮ ਕੁਲਵਿੰਦਰ ਪਾਲ ਸਿੰਘ ਨੇ ਨਵਾਂਸ਼ਹਿਰ ਦੀ ਮਹਿਦੀਪੁਰ ਖੱਡ 9æ21 ਕਰੋੜ ਰੁਪਏ ਵਿਚ ਖਰੀਦੀ। ਇਸੇ ਕੰਪਨੀ ਦੇ ਮੁਲਾਜ਼ਮ ਬਲਰਾਜ ਸਿੰਘ ਨੂੰ 10æ58 ਕਰੋੜ ਰੁਪਏ ਵਿਚ ਪਿੰਡ ਬੈਰਸਾਲ ਦੀ ਖੱਡ ਮਿਲੀ ਹੈ। ਇਹੀ ਨਹੀਂ, ਪੰਜਾਬ ਵਿਚ ਟਰਾਂਸਪੋਰਟ ਦੇ ਕਾਰੋਬਾਰ ਵਿਚ ਸਿਆਸੀ ਅਜਾਰੇਦਾਰੀ ਤੋੜਨਾ ਵੀ ਸਰਕਾਰ ਲਈ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਅਕਾਲੀ ਅਤੇ ਕਾਂਗਰਸੀ, ਕੈਪਟਨ ਸਰਕਾਰ ‘ਤੇ ਲਗਭਗ ਪੰਜ ਹਜ਼ਾਰ ਗੈਰਕਾਨੂੰਨੀ ਰੂਟ ਜਾਰੀ ਰੱਖਣ ਲਈ ਦਬਾਅ ਪਾ ਰਹੇ ਹਨ।
ਕਾਂਗਰਸ ਸਰਕਾਰ ਰੇਤ-ਬਜਰੀ ਦੀ ਨਿਕਾਸੀ ਤੋਂ ਸਿਆਸੀ ਅਜਾਰੇਦਾਰੀ ਤੋੜਨ, ਪੰਜਾਬ ਨੂੰ ਇਕ ਮਹੀਨੇ ਵਿਚ ਨਸ਼ਾ ਮੁਕਤ ਕਰਨ, ਕਿਸਾਨ ਦੀ ਕਰਜ਼ ਮੁਆਫੀ ਤੇ ਬੇਰੁਜ਼ਗਾਰੀ ਖਤਮ ਕਰਨ ਦੇ ਵਾਅਦਿਆਂ ਨਾਲ ਸੱਤਾ ਦੀ ਪੌੜੀ ਚੜ੍ਹੀ ਸੀ। ਨਵੀਂ ਬਣੀ ਸਰਕਾਰ ਦੇ ਮੰਤਰੀ ਮੰਡਲ ਦੀ ਪਲੇਠੀ ਮੀਟਿੰਗ ਵਿਚ ਹੀ ਕੁਝ ਅਹਿਮ ਫੈਸਲੇ ਲੈ ਕੇ ਲੋਕਾਂ ਨੂੰ ਜਚਾ ਦਿੱਤਾ ਸੀ ਕਿ ਉਨ੍ਹਾਂ ਨੇ ਕੈਪਟਨ ਸਰਕਾਰ ਚੁਣ ਕੇ ਕੋਈ ਗਲਤੀ ਨਹੀਂ ਕੀਤੀ, ਪਰ ਹੌਲੀ-ਹੌਲੀ ਕਾਂਗਰਸ ਦੇ ਆਪਣੇ ਹੀ ਸੀਨੀਅਰ ਆਗੂ ਲੋਕਾਂ ਭਲਾਈ ਦੇ ਇਨ੍ਹਾਂ ਕੰਮਾਂ ਅੱਗੇ ਅੜਿੱਕਾ ਡਾਹੁਣ ਲੱਗੇ। ਕੈਪਟਨ ਸਰਕਾਰ ਨੇ ਜ਼ਿਲ੍ਹਾ ਜਥੇਦਾਰੀ ਪ੍ਰਥਾ ਦਾ ਖਾਤਮਾ ਤੇ ਵੀæਵੀæਆਈæ ਸਭਿਆਚਾਰ ਖਤਮ ਕਰਨ ਨੂੰ ਆਪਣੇ ਮੁੱਖ ਏਜੰਡੇ ‘ਤੇ ਰੱਖਿਆ, ਪਰ ਕਾਂਗਰਸ ਆਗੂ ਹੱਥ ਆਈ ਸੱਤਾ ਦਾ ਸੁੱਖ ਭੋਗਣ ਵਿਚ ਇੰਨੇ ਮਸਤ ਹੋਏ ਕਿ ਇਨ੍ਹਾਂ ਨੇ ਆਪਣੀ ਹੀ ਸਰਕਾਰ ਦੇ ਫੈਸਲਿਆਂ ਨੂੰ ਅਣਗੌਲਿਆਂ ਕਰ ਦਿੱਤਾ। ਕਾਂਗਰਸੀ ਆਗੂਆਂ ਨੇ ਅਕਾਲੀ ਸਰਪੰਚਾਂ ਸਮੇਤ ਤਕਰੀਬਨ ਅੱਧੀ ਦਰਜਨ ਅਕਾਲੀਆਂ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ। ਇਸ ਪਿੱਛੋਂ ਪੰਜਾਬ ਵਿਚ ਕਾਨੂੰਨ ਵਿਵਸਥਾ ‘ਤੇ ਵੀ ਕੈਪਟਨ ਸਰਕਾਰ ਵਿਰੋਧੀ ਧਿਰ ਤੇ ਆਮ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਲੱਗੀ।
ਰੇਤ ਦੀਆਂ 50 ਖੱਡਾਂ ਦੀ ਦੋ-ਦਿਨਾ ਨਿਲਾਮੀ ਦੌਰਾਨ ਸਰਕਾਰ ਕੋਲ ਪਹਿਲਾਂ ਹੀ 300 ਕਰੋੜ ਰੁਪਏ ਮਾਲੀਆ ਇਕੱਤਰ ਹੋ ਚੁੱਕਾ ਹੈ। ਇਹ ਸਰਕਾਰ ਦੀ ਖਣਨ ਸੈਕਟਰ ਤੋਂ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਹੈ। ਸਰਕਾਰ ਵੱਲੋਂ 56 ਹੋਰ ਖੱਡਾਂ ਦੀ ਨਿਲਾਮੀ 11 ਜੂਨ ਨੂੰ ਕੀਤੀ ਜਾਵੇਗੀ ਜਿਸ ਤੋਂ 300 ਕਰੋੜ ਰੁਪਏ ਹੋਰ ਕਮਾਈ ਦੀ ਆਸ ਹੈ। ਪਿਛਲੇ ਸਾਲ ਰੇਤ ਦੀ ਨਿਲਾਮੀ ਤੋਂ ਅਕਾਲੀ ਸਰਕਾਰ ਨੂੰ 40 ਕਰੋੜ ਰੁਪਏ ਹੀ ਹਾਸਲ ਹੋਏ ਸਨ। ਸਰਕਾਰ ਨੇ ਭਾਵੇਂ ਚੋਖੇ ਪੈਸੇ ਵੱਟ ਲਏ ਹਨ, ਪਰ ਦੋ ਮਹੀਨਿਆਂ ਵਿਚ ਰੇਤ ਦੀਆਂ ਕੀਮਤਾਂ ਨਾ ਸਿਰਫ ਦੁੱਗਣੀਆਂ ਹੋਈਆਂ ਹਨ, ਸਗੋਂ ਕਾਲਾਬਾਜ਼ਾਰੀ ਵੀ ਵਧੀ ਹੈ। ਰੇਤ-ਬਜਰੀ ਦੀ ਖੁਦਾਈ ਦੇ ਮੁੱਦੇ ‘ਤੇ ਪਿਛਲੀ ਸਰਕਾਰ ਦੇ ਸਮੇਂ ਵੀ ਰਾਜਨੀਤਕ-ਤੰਤਰ ਅਧੀਨ ਰੇਤ ਮਾਫੀਆ ਦੇ ਸਰਗਰਮ ਹੋਣ ਦੇ ਦੋਸ਼ ਲਗਦੇ ਰਹੇ ਹਨ। ਮੌਜੂਦਾ ਸਮੇਂ ਵਿਚ ਵੀ ਰੇਤ-ਬਜਰੀ ਦੀਆਂ ਖੱਡਾਂ ਦੀ ਨਿਲਾਮੀ ਤੋਂ ਬਾਅਦ ਅਜਿਹੇ ਹੀ ਦੋਸ਼ ਲੱਗੇ ਹਨ। ਦੋ ਮਹੀਨੇ ਪਹਿਲਾਂ 10-12 ਹਜ਼ਾਰ ਰੁਪਏ ਵਾਲੇ ਰੇਤ ਦੇ ਟਰੱਕ ਦੀ ਕੀਮਤ ਅੱਜ ਕਾਲਾ ਬਾਜ਼ਾਰ ਵਿਚ 40 ਹਜ਼ਾਰ ਰੁਪਏ ਤੋਂ ਉਪਰ ਚਲੀ ਗਈ ਹੈ। ਇਸ ਤੋਂ ਪਹਿਲਾਂ ਜਨਵਰੀ-ਫਰਵਰੀ ਵਿਚ ਇੰਨੀ ਹੀ ਰੇਤ ਦੇ ਇਕ ਟਰੱਕ ਦੀ ਕੀਮਤ ਲਗਭਗ 7-8 ਹਜ਼ਾਰ ਰੁਪਏ ਹੁੰਦੀ ਸੀ ਅਤੇ ਰੇਤ ਬਾਜ਼ਾਰ ਵਿਚੋਂ ਮਿਲ ਵੀ ਸੌਖਿਆਂ ਜਾਂਦੀ ਸੀ, ਪਰ ਅੱਜ ਰੇਤ-ਬਜਰੀ ਦਾ ਬਾਜ਼ਾਰ ਵਿਚ ਇਕ ਗੈਰ-ਕੁਦਰਤੀ ਸੰਕਟ ਪੈਦਾ ਹੋ ਗਿਆ ਭਾਸਦਾ ਹੈ।
__________________________________________
ਸਰਕਾਰ ਨੂੰ ਪਿਆ ਚੁਫੇਰਿਉਂ ਘੇਰਾ
ਚੰਡੀਗੜ੍ਹ: ਰੇਤ ਦੀਆਂ ਖੱਡਾਂ ਦੀ ਨਿਲਾਮੀ ਵਿਚ ਹੋਈ ਘਪਲੇਬਾਜ਼ੀ ਦੇ ਮੁੱਦੇ ‘ਤੇ ਕੈਪਟਨ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਅਕਾਲੀ ਦਲ ਤੇ ਆਮ ਆਦਮੀ ਪਾਰਟੀ (ਆਪ) ਰਾਣਾ ਗੁਰਜੀਤ ਦੇ ਅਸਤੀਫੇ ‘ਤੇ ਅੜ ਗਏ ਹਨ। ਆਪ ਆਗੂ ਭਾਵੇਂ ਅਮਰਿੰਦਰ ਸਿੰਘ ਦੀ ਕੋਠੀ ਘੇਰਨ ਵਿਚ ਨਾਕਾਮ ਰਹੇ, ਪਰ ਪ੍ਰਭਾਵਸ਼ਾਲੀ ਤੇ ਸ਼ਕਤੀਸ਼ਾਲੀ ਰੋਸ ਵਿਖਾਵਾ ਕਰਨ ਵਿਚ ਸਫਲ ਹੋ ਗਏ। ਵੱਡੀ ਗੱਲ ਇਹ ਹੈ ਕਿ ਇਸ ਰੋਸ ਵਿਖਾਵੇ ਵਿਚ ਸਮੂਹ ਆਪ ਆਗੂਆਂ ਨੇ ਇਕਜੁਟ ਹੋ ਕੇ ਹਿੱਸਾ ਲਿਆ। ਵਿਰੋਧੀ ਧਿਰ ਦੇ ਆਗੂ ਐਚæਐਸ਼ ਫੂਲਕਾ ਤੇ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਪੁਲਿਸ ਨੇ ਭਾਵੇਂ ਤਾਕਤ ਨਾਲ ਉਨ੍ਹਾਂ ਦਾ ਰਾਹ ਰੋਕ ਲਿਆ, ਪਰ ਉਹ ਬੇਨੇਮੀਆਂ ਤੋਂ ਪਰਦਾ ਚੁੱਕਣ ਲਈ ਸੰਘਰਸ਼ ਜਾਰੀ ਰੱਖਣਗੇ।