ਮੋਦੀ ਦੀਆਂ ਫਿਰਕੂ ਨੀਤੀਆਂ ਖਿਲਾਫ ਆਵਾਜ਼ ਬੁਲੰਦ

ਨਵੀਂ ਦਿੱਲੀ: ਨਰੇਂਦਰ ਮੋਦੀ ਸਰਕਾਰ ਵੱਲੋਂ ਕੱਟੜ ਹਿੰਦੂ ਜਥੇਬੰਦੀਆਂ ਨੂੰ ਖੁਸ਼ ਕਰਨ ਲਈ ਇਕ ਤੋਂ ਬਾਅਦ ਇਕ ਕੀਤੇ ਜਾ ਰਹੇ ਫੈਸਲਿਆਂ ਖਿਲਾਫ ਦੇਸ਼ ਵਿਚ ਰੋਹ ਭਖ ਰਿਹਾ ਹੈ। ਮੰਡੀਆਂ ਵਿਚ ਪਸ਼ੂ ਵੇਚਣ ਅਤੇ ਖਰੀਦਣ ‘ਤੇ ਪਾਬੰਦੀ ਪਿੱਛੋਂ ਆਮ ਲੋਕਾਂ ਨੇ ਨਾਲ-ਨਾਲ ਕੁਝ ਸੂਬਿਆਂ ਦੀਆਂ ਸਰਕਾਰਾਂ ਨੇ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਖੁੱਲ੍ਹ ਕੇ ਅਲੋਚਨਾ ਕੀਤੀ ਹੈ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਕੇਰਲਾ ਦੇ ਮੁੱਖ ਮੰਤਰੀ ਪੀਨਾਰਾਈ ਵਿਜਿਅਨ ਨੇ ਇਸ ਪਾਬੰਦੀ ਨੂੰ ਸੂਬਾਈ ਸਰਕਾਰਾਂ ਦੇ ਹੱਕਾਂ ਉਤੇ ਛਾਪਾ ਦੱਸਿਆ ਹੈ। ਇਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਨੇ ਇਹ ਹੁਕਮ ਮੰਨਣ ਤੋਂ ਸਾਫ ਨਾਂਹ ਕਰ ਦਿੱਤੀ ਹੈ। ਕੇਰਲ ਤੇ ਤਾਮਿਲਨਾਡੂ ਵਿਚ ਇਸ ਦਾ ਇੰਨਾ ਸਖਤ ਵਿਰੋਧ ਹੋਇਆ ਹੈ ਕਿ ਕੁਝ ਲੋਕਾਂ ਨੇ ਸ਼ਰੇਆਮ ਮਾਸ ਪਾਰਟੀਆਂ ਦਿੱਤੀਆਂ ਹਨ। ਇਸ ਤੋਂ ਇਲਾਵਾ ਮੇਘਾਲਿਆ ਦੇ ਕੁਝ ਭਾਜਪਾ ਆਗੂਆਂ ਨੇ ਵੀ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਬੇਲੋੜਾ ਦੱਸਦਿਆਂ ਪਸ਼ੂ ਮੰਡੀਆਂ ਜਾਰੀ ਰੱਖੇ ਜਾਣ ਦਾ ਸੱਦਾ ਦਿੱਤਾ ਹੈ।
ਉਧਰ, ਪਸ਼ੂਆਂ ਦੀ ਖਰੀਦ-ਵਿਕਰੀ ‘ਤੇ ਲਾਈ ਰੋਕ ਦੇ ਫੈਸਲੇ ਨੂੰ ਮਦਰਾਸ ਹਾਈ ਕੋਰਟ ਨੇ ਝਟਕਾ ਦੇ ਦਿੱਤਾ ਹੈ। ਇਸ ਮੁੱਦੇ ਉਤੇ ਹਾਈ ਕੋਰਟ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਚਾਰ ਹਫਤਿਆਂ ‘ਚ ਜਵਾਬ ਮੰਗਿਆ ਹੈ। ਹਾਈ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਆਖਿਆ ਗਿਆ ਹੈ ਕਿ ਕਿਸ ਨੇ ਕੀ ਖਾਣਾ ਹੈ, ਇਹ ਤੈਅ ਕਰਨਾ ਹਰ ਸ਼ਖਸ ਦਾ ਅਧਿਕਾਰ ਹੈ। ਇਸ ਨੂੰ ਕੋਈ ਦੂਜਾ ਬੰਦਾ ਤੈਅ ਨਹੀਂ ਕਰ ਸਕਦਾ। ਯਾਦ ਰਹੇ ਕਿ ਭਾਰਤ ਵਿਚ ਮੀਟ ਸਨਅਤ ਦਾ ਇਕ ਲੱਖ ਕਰੋੜ ਰੁਪਏ ਦਾ ਕਾਰੋਬਾਰ ਹੈ। ਮੀਟ ਦੀ ਬਰਾਮਦ, ਖਾਸ ਤੌਰ ‘ਤੇ ਮੱਝਾਂ ਅਤੇ ਕੱਟਿਆਂ ਦੇ ਮਾਸ ਦੀ ਸਾਲਾਨਾ ਬਰਾਮਦ ਹੀ ਅਠਾਈ ਹਜ਼ਾਰ ਕਰੋੜ ਰੁਪਏ ਦੇ ਆਸ-ਪਾਸ ਦੱਸੀ ਜਾਂਦੀ ਹੈ। ਅਸਲ ਵਿਚ, ਜਦੋਂ ਤੋਂ ਕੇਂਦਰ ਵਿਚ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਬਣੀ ਹੈ, ਉਦੋਂ ਤੋਂ ਕੁਝ ਮੂਲਵਾਦੀ ਜਥੇਬੰਦੀਆਂ ਆਪਣੇ ਏਜੰਡੇ ਲਾਗੂ ਕਰਨ ਲਈ ਤਤਪਰ ਹੋਈਆਂ ਵਿਖਾਈ ਦੇ ਰਹੀਆਂ ਹਨ।
ਉਤਰ ਪ੍ਰਦੇਸ਼ ਵਿਚ ਯੋਗੀ ਆਦਿਤਿਆਨਾਥ ਨੂੰ ਮੁੱਖ ਮੰਤਰੀ ਬਣਾਉਣਾ ਵੀ ਇਸੇ ਏਜੰਡੇ ਨੂੰ ਅੱਗੇ ਤੋਰਨ ਦੀ ਕੜੀ ਕਿਹਾ ਜਾ ਸਕਦਾ ਹੈ। ਆਪਣੇ ਢੰਗ-ਤਰੀਕੇ ਨਾਲ ਆਦਿਤਿਆਨਾਥ ਇਸ ਮਕਸਦ ਲਈ ਯਤਨਸ਼ੀਲ ਵੀ ਜਾਪਦੇ ਹਨ। ਉਤਰ ਪ੍ਰਦੇਸ਼ ਵਿਚ ਇਸ ਦਾ ਵੱਡਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਹੈ। ਪਿਛਲੇ ਕੁਝ ਸਾਲਾਂ ਤੋਂ ਗਊ ਰੱਖਿਅਕਾਂ ਦੇ ਨਾਂ ਹੇਠ ਜਿਸ ਤਰ੍ਹਾਂ ਸਮਾਜ ਵਿਚ ਗੁੰਡਾ ਅਨਸਰਾਂ ਨੇ ਆਪਣੀਆਂ ਚੰਮ ਦੀਆਂ ਚਲਾਈਆਂ ਹਨ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਸਰਕਾਰੀ ਸ਼ਹਿ ਪ੍ਰਾਪਤ ਇਹ ਅਨਸਰ ਸਮਾਜ ਨੂੰ ਬੁਰੀ ਤਰ੍ਹਾਂ ਤੋੜਨ ਲੱਗੇ ਹੋਏ ਹਨ। ਇਨ੍ਹਾਂ ਗੈਰ ਜ਼ਿੰਮੇਵਾਰ ਅਤੇ ਆਪੇ ਬਣੇ ਸੰਗਠਨਾਂ ਨੇ ਕਿਸਾਨਾਂ ਦੇ ਨੱਕ ਵਿਚ ਦਮ ਕਰ ਦਿੱਤਾ ਹੈ।
_________________________
ਮਾਸ ਦੇ ਬਹਾਨੇ ਪਾੜ੍ਹੇ ਦੀ ਕੁੱਟਮਾਰ
ਚੇਨਈ: ਇਥੇ ਆਈæਆਈæਟੀæ ਵਿਚ ‘ਗਾਂ ਮਾਸ ਮੇਲਾ’ ਲਾਉਣ ਦੀ ਮੁਖ਼ਾਲਫ਼ਤ ਕਰ ਰਹੇ ਵਿਦਿਆਰਥੀਆਂ ਨੇ ਪੀਐਚæਡੀæ ਵਿਦਿਆਰਥੀ ਸੂਰਜ ਦੀ ਕੁੱਟਮਾਰ ਕੀਤੀ। ਸੰਸਥਾ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਜਿਸ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ, ਉਹ ਅੰਬੇਦਕਰ ਪੇਰੀਆਰ ਸਟੱਡੀ ਸਰਕਲ ਨਾਲ ਸਬੰਧਤ ਹੈ ਅਤੇ ਉਸ ਉਤੇ ਹਮਲਾ ਆਰæਐਸ਼ਐਸ਼ ਨਾਲ ਜੁੜੇ ਵਿਦਿਆਰਥੀਆਂ ਨੇ ਕੀਤਾ। ਸੂਰਜ ਦੇ ਸਾਥੀਆਂ ਮੁਤਾਬਕ, ਉਸ ਉਤੇ ਹਮਲਾ ਉਸ ਵਕਤ ਕੀਤਾ ਗਿਆ ਜਦੋਂ ਉਹ ਮੈੱਸ ਵਿਚ ਖਾਣਾ ਖਾ ਰਿਹਾ ਸੀ। ਉਸ ਦੀ ਅੱਖ ਉਤੇ ਗਹਿਰੀ ਸੱਟ ਲੱਗੀ ਹੈ। ਯਾਦ ਰਹੇ ਕਿ ਸੰਸਥਾ ਦੇ ਕੁਝ ਵਿਦਿਆਰਥੀਆਂ ਨੇ ਕੇਂਦਰ ਸਰਕਾਰ ਵੱਲੋਂ ਮਾਸ ਲਈ ਪਸ਼ੂਆਂ ਦੀ ਵਿਕਰੀ ਖ਼ਿਲਾਫ਼ ਕੀਤੇ ਫੈਸਲੇ ਵਿਰੁਧ ਕੁਝ ਦਿਨ ਪਹਿਲਾਂ ‘ਗਾਂ ਮਾਸ ਮੇਲਾ’ ਲਾਇਆ ਸੀ।