ਨਵੀਂ ਦਿੱਲੀ: ਭਾਰਤ ਤੇ ਪਾਕਿਸਤਾਨ ਵਿਚ ਟਕਰਾਅ ਲਗਤਾਰ ਵਧਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵੱਲੋਂ ਇਕ ਦੂਜੇ ਦੀਆਂ ਸਰਹੱਦੀ ਚੌਂਕੀਆਂ ਤਬਾਹ ਕਰਨ ਦੇ ਦਾਅਵੇ ਕੀਤਾ ਜਾ ਰਹੀ ਹੇ। ਭਾਰਤ ਨੇ ਦਾਅਵਾ ਕੀਤਾ ਕਿ ਉਸ ਨੇ ਕੰਟਰੋਲ ਰੇਖਾ ਦੇ ਪਾਕਿਸਤਾਨੀ ਪਾਸੇ ਜਮ੍ਹਾ ਹੋਏ ਦਹਿਸ਼ਤਗਰਦਾਂ ਦੇ ਮਨਸੂਬੇ ਨਾਕਾਮ ਬਣਾਉਣ ਲਈ ਪਾਕਿਸਤਾਨੀ ਫੌਜੀ ਚੌਕੀਆਂ ਉਤੇ ਜ਼ੋਰਦਾਰ ਗੋਲਾਬਾਰੀ ਕੀਤੀ ਅਤੇ ਕਈ ਚੌਕੀਆਂ ਤਬਾਹ ਕਰ ਦਿੱਤੀਆਂ। ਇਸ ਦੇ ਚੌਵੀ ਘੰਟਿਆਂ ਬਾਅਦ ਹੀ ਪਾਕਿਸਤਾਨ ਫੌਜ ਦੇ ਲੜਾਕੂ ਜਹਾਜ਼ਾਂ ਨੇ ਸਿਆਚਿਨ ਤੱਕ ਉਡਾਰੀ ਭਰੀ ਤੇ ਭਾਰਤ ਨੂੰ ਸਬਕ ਸਿਖਾਉਣ ਦੀ ਗੱਲ ਆਖੀ।
ਦੋਵਾਂ ਦੇਸ਼ਾਂ ਨੇ ਇਕ-ਦੂਜੇ ਦੀਆਂ ਚੌਂਕੀਆਂ ‘ਤੇ ਹਮਲਿਆਂ ਦੀਆਂ ਸਬੂਤ ਵਜੋਂ ਵੀਡੀਓ ਵੀ ਜਾਰੀ ਕੀਤੀਆਂ। ਇਹ ਵੀਡੀਓ ਨੌਸ਼ਹਿਰਾ ਸੈਕਟਰ ਦੇ ਸਾਹਮਣੇ ਪੈਂਦੇ ਖੇਤਰ ਵਿਚ ਇਕ ਪਾਕਿਸਤਾਨੀ ਚੌਕੀ ਦੀ ਤਬਾਹੀ ਦਾ ਮੰਜ਼ਰ ਪੇਸ਼ ਕਰਦੀ ਹੈ। ਇਸ ਕਾਰਵਾਈ ਵਿਚ ਟੈਂਕ-ਭੇਦਕ ਮਿਸਾਈਲਾਂ ਤੇ ਰਾਕੇਟ ਲਾਂਚਰਾਂ ਦੀ ਵਰਤੋਂ ਕੀਤੀ ਗਈ।
ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਅਨੁਸਾਰ ਜੇ ਭਾਰਤੀ ਫੌਜ ਨੇ ਸਚਮੁੱਚ ਹੀ ਟੈਂਕ-ਭੇਦਕ ਮਿਸਾਈਲਾਂ ਦੀ ਵਰਤੋਂ ਕੀਤੀ ਤਾਂ ਇਹ ਆਪਣੇ ਆਪ ਵਿਚ 2003 ਦੇ ਗੋਲੀਬੰਦੀ ਸਮਝੌਤੇ ਦੀ ਸਿੱਧੀ ਉਲੰਘਣਾ ਹੈ ਅਤੇ ਪਾਕਿਸਤਾਨ ਨੂੰ ਅਜਿਹਾ ਮਾਮਲਾ ਸੰਯੁਕਤ ਰਾਸ਼ਟਰ ਵਿਚ ਉਠਾਉਣ ਦਾ ਹੱਕ ਹਾਸਲ ਹੈ। ਭਾਰਤੀ ਦਾਅਵੇ ਦੇ ਅਗਲੇ ਦਿਨ ਪਾਕਿਸਤਾਨੀ ਹਵਾਈ ਸੈਨਾ ਦੇ ਮਿਰਾਜ ਜਹਾਜ਼ਾਂ ਵੱਲੋਂ ਸਿਆਚਿਨ ਨੇੜੇ ਉਡਾਣਾਂ ਭਰਨ ਦਾ ਜਵਾਬੀ ਦਾਅਵਾ ਸਾਹਮਣੇ ਆ ਗਿਆ। ਸਾਲ 2011 ਤੋਂ ਦੋਵਾਂ ਦੇਸ਼ਾਂ ਦਰਮਿਆਨ ਕੰਟਰੋਲ ਰੇਖਾ ਦੇ ਆਰ-ਪਾਰ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਆ ਰਿਹਾ ਹੈ। ਫਰਕ ਇਹ ਹੈ ਕਿ ਜਦੋਂ ਤੋਂ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਭਾਰਤੀ ਪਹੁੰਚ ਵੱਧ ਜਾਰਿਹਾਨਾ ਹੋ ਗਈ ਹੈ। ਪਹਿਲਾਂ ਗੋਲੀਬਾਰੀ ਦੀ ਹਰ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਮੁਕਾਮੀ ਕਮਾਂਡਰਾਂ ਦੀ ਮੀਟਿੰਗ ਸਿਰੇ ਚੜ੍ਹ ਜਾਂਦੀ ਸੀ ਅਤੇ ਸਬੰਧਤ ਸੈਕਟਰ ਕੁਝ ਦਿਨਾਂ ਲਈ ਸ਼ਾਂਤ ਹੋ ਜਾਂਦਾ ਸੀ। ਹੁਣ ਅਜਿਹਾ ਨਹੀਂ ਹੋ ਰਿਹਾ। ਜ਼ਾਹਿਰ ਹੈ ਕਿ ਸਰਕਾਰ ਨੇ ਮਾਮਲਾ ਛੇਤੀ ਨਾ ਮੁਕਾਉਣ ਦੀ ਖੁੱਲ੍ਹ, ਥਲ ਸੈਨਾ ਨੂੰ ਦੇ ਰੱਖੀ ਹੈ।
_____________________________________
ਸੰਯੁਕਤ ਰਾਸ਼ਟਰ ਵੱਲੋਂ ਭਾਰਤ-ਪਾਕਿ ਨੂੰ ਸਹਿਯੋਗ ਦੀ ਪੇਸ਼ਕਸ਼
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਨੇ ਦੁਹਰਾਇਆ ਹੈ ਕਿ ਜੇਕਰ ਭਾਰਤ ਤੇ ਪਾਕਿਸਤਾਨ ਨੂੰ ਮਨਜ਼ੂਰ ਹੋਵੇ ਤਾਂ ਦੋਵਾਂ ਮੁਲਕਾਂ ਨੂੰ ਆਪਸੀ ਮਤਭੇਦ ਦੂਰ ਕਰਨ ਲਈ ਇਕੱਠਿਆਂ ਲਿਆਉਣ ਵਾਸਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਤਨੀਓ ਗੁਟੇਰੇਜ਼ ਵੱਲੋਂ ਸਹਿਯੋਗ ਦਿੱਤਾ ਜਾ ਸਕਦਾ ਹੈ। ਗੁਟੇਰੇਜ਼ ਦੇ ਬੁਲਾਰੇ ਫਰਹਾਨ ਹੱਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਦਿੱਤੇ ਜਾਂਦੇ ਸਹਿਯੋਗ ਬਾਰੇ ਸਭ ਨੂੰ ਪਤਾ ਹੈ। ਜੇਕਰ ਆਪਸੀ ਰਜ਼ਾਮੰਦੀ ਹੋਵੇ ਤਾਂ ਸਾਰੀਆਂ ਧਿਰਾਂ ਨੂੰ ਆਪਸੀ ਮਤਭੇਦ ਸੁਲਝਾਉਣ ਲਈ ਸਹਿਯੋਗ ਦਿੱਤਾ ਜਾ ਸਕਦਾ ਹੈ। ਇਸ ਮਾਮਲੇ ‘ਚ ਸਥਿਤੀ ਵੀ ਹੋਰਨਾਂ ਮਾਮਲਿਆਂ ਵਾਲੀ ਹੈ।
_____________________________________
ਸਬਜ਼ਾਰ ਭੱਟ ਦੀ ਹੱਤਿਆ ਮਗਰੋਂ ਕਸ਼ਮੀਰ ‘ਚ ਤਣਾਅ
ਸ੍ਰੀਨਗਰ: ਹਿਜ਼ਬੁਲ ਮੁਜਾਹਿਦੀਨ ਕਮਾਂਡਰ ਸਬਜ਼ਾਰ ਭੱਟ ਦੀ ਹੱਤਿਆ ਤੋਂ ਬਾਅਦ ਵਾਦੀ ਵਿਚ ਸਥਿਤੀ ਤਣਾਅਪੂਰਨ ਹੈ, ਪਰ ਅਧਿਕਾਰੀਆਂ ਵੱਲੋਂ ਜ਼ਿਆਦਾਤਰ ਹਿੱਸਿਆਂ ਵਿਚ ਕਰਫਿਊ ਵਰਗੀਆਂ ਪਾਬੰਦੀਆਂ ਲਾਗੂ ਕਰਨ ਨਾਲ ਹਾਲਾਤ ਕਾਬੂ ਹੇਠ ਹਨ। ਪੁਲਵਾਮਾ, ਕੁਲਗਾਮ, ਸ਼ੋਪੀਆਂ ਅਤੇ ਸੋਪੋਰ ਵਿਚ ਪਥਰਾਅ ਦੀਆਂ ਘਟਨਾਵਾਂ ਵਾਪਰੀਆਂ। ਸ੍ਰੀਨਗਰ ਦੇ ਸੱਤ ਥਾਣਾ ਖੇਤਰਾਂ ਖਨਿਆਰ, ਨੌਹੱਟਾ, ਸਫਕਦਲ, ਐਮæਆਰæ ਗੰਜ, ਰੈਨਾਵਾੜੀ, ਕਰਾਲਖੱਡ ਅਤੇ ਮੈਸੂਮਾ ਵਿਚ ਇਹਤਿਆਤ ਵਜੋਂ ਪਾਬੰਦੀਆਂ ਲਾਈਆਂ ਗਈਆਂ ਹਨ।
ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਕਸ਼ਮੀਰ ਦੇ ਅਨੰਤਨਾਗ, ਪੁਲਵਾਮਾ ਤੇ ਸ਼ੋਪੀਆਂ ਜ਼ਿਲ੍ਹਿਆਂ ਅਤੇ ਸੋਪੋਰ ਸ਼ਹਿਰ ਵਿਚ ਵੀ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ। ਕੇਂਦਰੀ ਕਸ਼ਮੀਰ ਦੇ ਬੜਗਾਮ ਤੇ ਗੰਦਰਬਲ ਜ਼ਿਲ੍ਹਿਆਂ ਵਿਚ ਫੌਜਦਾਰੀ ਜ਼ਾਬਤੇ ਦੀ ਧਾਰਾ 144 ਅਧੀਨ ਚਾਰ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਉਤੇ ਪਾਬੰਦੀ ਲਾ ਦਿੱਤੀ ਹੈ। ਇਸ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਥਰਾਅ ਦੀਆਂ ਘਟਨਾਵਾਂ ਰੁਕਣ ਤੱਕ ਕਸ਼ਮੀਰ ਮਸਲੇ ਬਾਰੇ ਗੱਲਬਾਤ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਕ ਵਾਰ ਹਿੰਸਾ ਖਤਮ ਹੋਣ ਮਗਰੋਂ ਸਰਕਾਰ ਹਰੇਕ ਨਾਲ ਗੱਲਬਾਤ ਕਰੇਗੀ। ਦੂਜੇ ਪਾਸੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਸ਼ਮੀਰ ਵਿਚ ਫੌਰੀ ਰਾਜਪਾਲ ਰਾਜ ਲਾਉਣ ਦਾ ਸੱਦਾ ਦਿੱਤਾ।
__________________________________
ਪਾਕਿ ਨੂੰ ਸਬਕ ਸਿਖਾਉਣ ਦੀ ਤਿਆਰੀ ‘ਚ ਭਾਰਤ: ਅਮਰੀਕਾ
ਵਾਸ਼ਿੰਗਟਨ: ਇਕ ਸੀਨੀਅਰ ਅਮਰੀਕੀ ਅਧਿਕਾਰੀ ਦਾ ਕਹਿਣਾ ਹੈ ਕਿ ਭਾਰਤ ਰਾਜਨੀਤਕ ਤੌਰ ‘ਤੇ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਦੇ ਨਾਲ-ਨਾਲ ਸਰਹੱਦ ਪਾਰੋਂ ਉਸ ਵੱਲੋਂ ਅਤਿਵਾਦ ਨੂੰ ਦਿੱਤੇ ਜਾ ਰਹੇ ਸਮਰਥਨ ਲਈ ਉਸ ਨੂੰ ਸਬਕ ਸਿਖਾਉਣ ਲਈ ਕਾਰਵਾਈ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਅਮਰੀਕੀ ਉਚ ਅਧਿਕਾਰੀ ਤੇ ਰੱਖਿਆ ਖੁਫੀਆ ਏਜੰਸੀ ਦੇ ਨਿਰਦੇਸ਼ਕ ਲੈਫ਼ਜਨਰਲ ਵਿੰਸੇਂਟ ਸਟੀਵਾਰਟ ਨੇ ਸੈਨੇਟ ਦੀ ਸ਼ਕਤੀਸ਼ਾਲੀ ਹਥਿਆਰਾਂ ਵਾਲੀ ਕਮੇਟੀ ਨੂੰ ਵਿਸ਼ਵ-ਵਿਆਪੀ ਖਤਰਿਆਂ ‘ਤੇ ਹੋਈ ਸੁਣਵਾਈ ਦੌਰਾਨ ਦੱਸਿਆ ਕਿ ਭਾਰਤ ਹਿੰਦ ਮਹਾਂਸਾਗਰ ਖੇਤਰ ‘ਚ ਆਪਣੇ ਹਿੱਤਾਂ ਦੀ ਰੱਖਿਆ ਲਈ ਖੁਦ ਨੂੰ ਬੇਹਤਰ ਸਥਿਤੀ ‘ਚ ਰੱਖਣ ਲਈ ਆਪਣੀ ਸੈਨਾ ਦਾ ਆਧੁਨਿਕੀਕਰਨ ਕਰਨ ਵਿਚ ਲੱਗਾ ਹੋਇਆ ਹੈ ਤੇ ਆਪਣੀ ਰਾਜਨੀਤਕ ਤੇ ਆਰਥਿਕ ਪਹੁੰਚ ਨੂੰ ਮਜ਼ਬੂਤ ਬਣਾ ਰਿਹਾ ਹੈ।