ਚੰਡੀਗੜ੍ਹ: ਕੈਪਟਨ ਸਰਕਾਰ ਨੇ ਜਨਤਾ ਨਾਲ ਵਾਅਦੇ ਤਾਂ ਵੱਡੇ-ਵੱਡੇ ਕਰ ਲਏ ਹਨ, ਪਰ ਇਨ੍ਹਾਂ ਨੂੰ ਪੂਰੇ ਕਰਨ ਲਈ ਕੋਈ ਪੁਖਤਾ ਯੋਜਨਾ ਨਹੀਂ ਹੈ। ਇਸ ਲਈ ਕੈਪਟਨ ਉਤੇ ਭਰੋਸਾ ਪ੍ਰਗਟਾਉਣ ਵਾਲੇ ਵੀ ਹੁਣ ਸਰਕਾਰ ਵੱਲ ਸ਼ੱਕ ਦੀ ਨਿਗ੍ਹਾ ਨਾਲ ਵੇਖਣ ਲੱਗੇ ਹਨ। ਪਹਿਲਾਂ ਮਸਲਾ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਬਾਰੇ ਹੈ। ਕੈਪਟਨ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਪੂਰਾ ਕਰਜ਼ ਮੁਆਫ ਕਰਨ ਦਾ ਐਲਾਨ ਕੀਤਾ ਸੀ, ਪਰ ਹੁਣ ਸਰਕਾਰ ਨੇ ਯੂ-ਟਰਨ ਲੈਂਦਿਆਂ ਕਰਜ਼ ਮੁਆਫੀ ਲਈ ਕਈ ਸ਼ਰਤਾਂ ਜੋੜਨ ਦੀ ਤਿਆਰੀ ਕਰ ਲਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੇ ਕਰਜ਼ੇ ਦਾ ਬੋਝ ਘਟਾਏਗੀ ਤੇ ਕਿਸੇ ਕਿਸਾਨ ਦੀ ਜ਼ਮੀਨ ਕਰਜ਼ੇ ਕਾਰਨ ਕੁਰਕ ਨਹੀਂ ਹੋਣ ਦੇਵੇਗੀ। ਉਨ੍ਹਾਂ ਦੇ ਕਰਜ਼ੇ ਬਾਰੇ ਬਿਆਨ ਤੋਂ ਸਪੱਸ਼ਟ ਹੈ ਕਿ ਰਾਜ ਸਰਕਾਰ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫੀ ਲਈ ਉਚ ਪੱਧਰੀ ਕਮੇਟੀ ਸਥਾਪਤ ਕਰ ਦਿੱਤੀ ਗਈ ਹੈ ਜੋ ਇਸ ਕੰਮ ਵਿਚ ਲੱਗੀ ਹੋਈ ਹੈ।
ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਪਿਛਲੇ 10 ਸਾਲ ਵਿਰੋਧੀ ਧਿਰ ਰਹੀ ਕਾਂਗਰਸ ਨੂੰ ਕਿਸਾਨਾਂ ਦੇ ਕਰਜ਼ਿਆਂ ਬਾਰੇ ਪਤਾ ਹੀ ਨਹੀਂ। ਹੁਣ ਕਮੇਟੀ ਬਣਾ ਕੇ ਜਾਇਜ਼ੇ ਲਏ ਜਾ ਰਹੇ ਹਨ ਜਦੋਂਕਿ ਇਹ ਕੰਮ ਪਹਿਲਾਂ ਹੀ ਕਰ ਕੇ ਪੁਖਤਾ ਯੋਜਨਾ ਬਣਾਉਣੀ ਚਾਹੀਦੀ ਸੀ। ਇਸੇ ਤਰ੍ਹਾਂ ਦੂਜਾ ਵਾਅਦਾ ਰੇਤ-ਬਜਰੀ ਮਾਫੀਆ ਨੂੰ ਨੱਥ ਪਾਉਣ ਦਾ ਕੀਤਾ ਗਿਆ ਸੀ। ਇਸ ਬਾਰੇ ਵੀ ਸਰਕਾਰ ਕੋਲ ਕੋਈ ਪੁਖਤਾ ਨੀਤੀ ਨਹੀਂ। ਹੋਰ ਤਾਂ ਹੋਰ ਸਰਕਾਰ ਵੱਲੋਂ ਮਾਈਨਿੰਗ ਦੀਆਂ 89 ਖੱਡਾਂ ਦੀ 1026 ਕਰੋੜ ਰੁਪਏ ਦੀ ਅੱਜ ਤੱਕ ਦੀ ਸਭ ਤੋਂ ਵੱਡੀ ਬੋਲੀ ਲਾਉਣ ਦੀ ਫੂਕ ਵੀ ਨਿਕਲ ਗਈ ਹੈ। ਨਿਲਾਮ ਹੋਈਆਂ 89 ਖੱਡਾਂ ਵਿਚੋਂ 46 ਦੇ ਬੋਲੀਕਾਰਾਂ ਨੇ ਸਕਿਓਰਟੀ ਦੀ ਰਾਸ਼ੀ ਜਮ੍ਹਾਂ ਨਹੀਂ ਕਰਵਾਈ। ਭਾਵ ਇਨ੍ਹਾਂ ਖੱਡਾਂ ਵਿਚ ਕਿਸੇ ਦਿਲਚਸਪੀ ਨਹੀਂ ਵਿਖਾਈ।
ਸੂਤਰਾਂ ਮੁਤਾਬਕ ਸਰਕਾਰ ਨੂੰ ਕੁੱਲ 89 ਖੱਡਾਂ ਦੀ ਹੋਈ ਰਿਕਾਰਡ ਬੋਲੀ ਨਾਲ ਜਿਥੇ ਸਰਕਾਰੀ ਖਜ਼ਾਨਾ ਭਰਨ ਦੀਆਂ ਵੱਡੀਆਂ ਆਸਾਂ ਸਨ, ਉਥੇ ਮਾਰਕੀਟ ਵਿਚ ਰੇਤਾ ਤੇ ਬਜਰੀ ਦੀ ਕਿੱਲਤ ਵੀ ਦੂਰ ਹੋਣ ਦੀ ਆਸ ਸੀ। ਹੁਣ 46 ਦੇ ਕਰੀਬ ਬੋਲੀਕਾਰਾਂ ਦੇ ਭੱਜਣ ਕਾਰਨ ਸਰਕਾਰ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ ਕੋਲ ਯੋਜਨਾ ਦੀ ਘਾਟ ਕਾਰਨ ਇਹ ਸਮੱਸਿਆਵਾਂ ਆ ਰਹੀਆਂ ਹਨ।
ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਘੱਟ ਰੇਟ ‘ਤੇ ਰੇਤਾ ਬਜਰੀ ਵੇਚਣ ਲਈ ਤੇ ਆਪਣਾ ਮੁਨਾਫਾ ਕਮਾਉਣ ਲਈ ਇਸ ਪਾਲਿਸੀ ਅਨੁਸਾਰ ਠੇਕਦਾਰ ਵੱਲੋਂ ਵੱਧ ਤੋਂ ਵੱਧ ਨਾਜਾਇਜ਼ ਮਾਇਨਿੰਗ ਕਰਵਾਉਣੀ ਸੁਭਾਵਕ ਹੈ। ਉਹ ਬੋਲੀ ਵਾਲੇ ਰਕਬੇ ਤੋਂ ਇਲਾਵਾ ਹੋਰ ਵਾਧੂ ਰਕਬੇ ਵਿਚੋਂ ਮਾਇਨਿੰਗ ਕਰਵਾ ਕੇ ਆਪਣੇ ਇਸ ਕੰਮ ਵਿਚੋਂ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਚਾਹੁਣਗੇ। ਉਹ ਕਾਨੂੰਨ ਅਨੁਸਾਰ ਮਾਇਨਿੰਗ ਕਰ ਕੇ ਠੇਕੇਦਾਰ 40 ਹਜ਼ਾਰ ਰੁਪਏ ਪ੍ਰਤੀ ਟਰੱਕ ਬਜਰੀ ਨੂੰ ਆਪਣੇ ਪੱਲਿਉਂ ਪੈਸੇ ਪਾ ਕੇ ਇਸ ਤੋਂ ਘੱਟ ਰੇਟ ‘ਤੇ ਕਿਵੇਂ ਵੇਚ ਸਕਣਗੇ। ਇਸ ਨੀਤੀ ਅਨੁਸਾਰ ਜਿਥੇ ਇਕ ਪਾਸੇ ਲੋਕਾਂ ਨੂੰ ਰੇਤਾ ਬਜਰੀ ਮਹਿੰਗਾ ਮਿਲੇਗਾ, ਉਥੇ ਨਾਲ ਹੀ ਗੈਰ ਵਿਗਿਆਨਕ ਤਰੀਕੇ ਨਾਲ ਨਾਜਾਇਜ਼ ਮਾਇਨਿੰਗ ਹੋ ਕੇ ਕੁਦਰਤੀ ਸਰੋਤਾਂ ਦੀ ਤਬਾਹੀ ਹੋਵੇਗੀ ਤੇ ਮਾਇਨਿੰਗ ਖੇਤਰਾਂ ਦੇ ਨੇੜਲੇ ਵਸਨੀਕਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
_____________________________________
ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ ਧਰਵਾਸ
ਚੰਡੀਗੜ੍ਹ: ਕਿਸਾਨਾਂ ਦਾ ਕਰਜ਼ਾ ਛੇਤੀ ਤੋਂ ਛੇਤੀ ਮੁਆਫ ਕਰਨ ਦਾ ਵਾਅਦਾ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀ ਸਰਕਾਰ ਕਰਜ਼ਾ ਮੁਆਫੀ ਕਰਨ ਦੇ ਆਪਣੇ ਵਾਅਦੇ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਖੁਦਕੁਸ਼ੀਆਂ ਨਾ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਕਰਜ਼ਾ ਮੁਆਫ ਕਰਨ ਲਈ ਰੂਪ ਰੇਖਾ ਤਿਆਰ ਕਰਨ ਵਾਸਤੇ ਉਚ ਪੱਧਰੀ ਕਮੇਟੀ ਪਹਿਲਾਂ ਹੀ ਬਣੀ ਹੋਈ ਹੈ ਜੋ ਜ਼ੋਰ-ਸ਼ੋਰ ਨਾਲ ਇਸ ਕਾਰਜ ਵਿਚ ਲੱਗੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨਾਲ ਕੀਤੇ ਗਏ ਕਿਸੇ ਵੀ ਵਾਅਦੇ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
__________________________________
ਲਗਜ਼ਰੀ ਬੱਸਾਂ ਨੂੰ ਖੂੰਜੇ ਲਾਉਣਗੀਆਂ ਸਰਕਾਰੀ ਲਾਰੀਆਂ
ਚੰਡੀਗੜ੍ਹ: ਪ੍ਰਾਈਵੇਟ ਟਰਾਂਸਪੋਟਰਾਂ ਦੀਆਂ ਲਗਜ਼ਰੀ ਬੱਸਾਂ ਨੂੰ ਟੱਕਰ ਦੇਣ ਲਈ ਸਰਕਾਰ ਵੱਲੋਂ 50 ਲਗਜ਼ਰੀ ਬੱਸਾਂ ਲਿਆਂਦੀਆਂ ਜਾ ਰਹੀਆਂ ਹਨ। ਪੰਜਾਬ ਵਿਚ ਸਭ ਤੋਂ ਜ਼ਿਆਦਾ ਲਗਜ਼ਰੀ ਬੱਸਾਂ ਬਾਦਲ ਪਰਿਵਾਰ ਦੀਆਂ ਹੀ ਹਨ। ਸਰਕਾਰੀ ਅਧਿਕਾਰੀ ਮੁਤਾਬਕ ਪੰਜਾਬ ਦੀਆਂ ਸੜਕਾਂ ‘ਤੇ ਛੇਤੀ 600 ਨਵੀਆਂ ਬੱਸਾਂ ਆਉਣਗੀਆਂ। ਇਨ੍ਹਾਂ ਵਿਚੋਂ 50 ਦੇ ਕਰੀਬ ਲਗਜ਼ਰੀ ਬੱਸਾਂ ਹੋਣਗੀਆਂ। ਇਹ ਬੱਸਾਂ ਦਿੱਲੀ ਸਮੇਤ ਪੰਜਾਬ ਦੇ ਸਾਰੇ ਅਹਿਮ ਰੂਟਾਂ ‘ਤੇ ਚੱਲਣਗੀਆਂ। ਇਨ੍ਹਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਨਾਲੋਂ ਬੇਹੱਦ ਘੱਟ ਹੋਵੇਗਾ। ਕਾਬਲੇਗੌਰ ਹੈ ਕਿ ਪ੍ਰਾਈਵੇਟ ਲਗਜ਼ਰੀ ਬੱਸਾਂ ਹਮੇਸ਼ਾਂ ਵਿਵਾਦਾਂ ਵਿਚ ਰਹੀਆਂ ਹਨ। ਇਹ ਮਨਮਾਨੀ ਨਾਲ ਕਰਾਇਆ ਵਸੂਲਦੀਆਂ ਹਨ। ਇਨ੍ਹਾਂ ਦਾ ਸਮਾਂ ਵੀ ਕੋਈ ਪੱਕਾ ਨਹੀਂ। ਕਈ ਬੱਸਾਂ ਤਾਂ ਅੱਡਿਆਂ ਤੋਂ ਚੱਲਣ ਦੀ ਬਜਾਏ ਆਪਣੇ ਟਿਕਾਣਿਆਂ ਤੋਂ ਹੀ ਚੱਲਦੀਆਂ ਹਨ। ਸਿਆਸੀ ਲੀਡਰਾਂ ਦੀਆਂ ਬੱਸਾਂ ਹੋਣ ਕਾਰਨ ਅਫਸਰ ਵੀ ਇਨ੍ਹਾਂ ਨੂੰ ਹੱਥ ਪਾਉਣ ਦੀ ਜੁਰਅਤ ਨਹੀਂ ਕਰਦੇ।